Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਕਹਾਉਤਾਂ 8:22-31 ਵਿਚ ਜ਼ਿਕਰ ਕੀਤੀ ਬੁੱਧ ਯਿਸੂ ਨੂੰ ਦਰਸਾਉਂਦੀ ਹੈ?

ਕਹਾਉਤਾਂ ਦੀ ਕਿਤਾਬ ਵਿਚ ਬੁੱਧੀ ਦਾ ਵਰਣਨ ਇਸ ਤਰ੍ਹਾਂ ਕੀਤਾ ਗਿਆ ਹੈ: “ਯਹੋਵਾਹ ਨੇ ਆਪਣੇ ਕੰਮ ਦੇ ਅਰੰਭ ਵਿੱਚ, ਸਗੋਂ ਆਪਣੇ ਪਰਾਚੀਨ ਕਾਲ ਦੇ ਕੰਮਾਂ ਤੋਂ ਵੀ ਪਹਿਲਾਂ ਮੈਨੂੰ ਰਚਿਆ। . . . ਪਹਾੜਾਂ ਦੇ ਰੱਖਣ ਤੋਂ ਪਹਿਲਾਂ, ਅਤੇ ਪਹਾੜੀਆਂ ਤੋਂ ਪਹਿਲਾਂ ਮੈਂ ਪੈਦਾ ਹੋਈ। . . . ਜਦ ਉਹ ਨੇ ਅਕਾਸ਼ ਕਾਇਮ ਕੀਤੇ, ਮੈਂ ਉੱਥੇ ਸਾਂ, . . . ਤਦ ਮੈਂ ਰਾਜ ਮਿਸਤਰੀ ਦੇ ਸਮਾਨ ਉਹ ਦੇ ਨਾਲ ਹੈਸਾਂ, ਮੈਂ ਨਿੱਤ ਉਹ ਨੂੰ ਰਿਝਾਉਂਦੀ ਤੇ ਸਦਾ ਉਹ ਦੇ ਅੱਗੇ ਖੇਡਦੀ ਰਹਿੰਦੀ, . . . ਅਤੇ ਆਦਮ ਵੰਸੀਆਂ ਨਾਲ ਪਰਸੰਨ ਹੁੰਦੀ ਸਾਂ।”

ਉੱਪਰਲੀਆਂ ਆਇਤਾਂ ਬੁੱਧ ਦੇ ਗੁਣ ਜਾਂ ਯਹੋਵਾਹ ਦੀ ਬੁੱਧ ਬਾਰੇ ਗੱਲ ਨਹੀਂ ਕਰ ਰਹੀਆਂ। ਕਿਉਂ ਨਹੀਂ? ਕਿਉਂਕਿ ਬੁੱਧ ਬਾਰੇ ਕਿਹਾ ਗਿਆ ਹੈ ਕਿ ਉਸ ਨੂੰ ਯਹੋਵਾਹ ਨੇ ਆਪਣੇ ਕੰਮ ਦੇ ਆਰੰਭ ਵਿਚ ਯਾਨੀ ਸ੍ਰਿਸ਼ਟੀ ਦੇ ਸ਼ੁਰੂ ਵਿਚ “ਰਚਿਆ।” ਅਸੀਂ ਜਾਣਦੇ ਹਾਂ ਕਿ ਯਹੋਵਾਹ ਤਾਂ ਹਮੇਸ਼ਾ ਤੋਂ ਹੈ ਅਤੇ ਹਮੇਸ਼ਾ ਹੀ ਸਰਬਬੁੱਧੀਮਾਨ ਰਿਹਾ ਹੈ। (ਜ਼ਬੂਰਾਂ ਦੀ ਪੋਥੀ 90:1, 2) ਉਸ ਦੀ ਬੁੱਧ ਦੀ ਨਾ ਤਾਂ ਕੋਈ ਸ਼ੁਰੂਆਤ ਸੀ ਅਤੇ ਨਾ ਹੀ ਉਹ “ਪੈਦਾ” ਕੀਤੀ ਗਈ ਸੀ। ਲੇਕਿਨ ਕਹਾਉਤਾਂ ਵਿਚ ਜ਼ਿਕਰ ਕੀਤੀ ਗਈ ਬੁੱਧ ਨੂੰ ਇਕ ਵਿਅਕਤੀ ਵਾਂਗ ਬੋਲਦੇ-ਚੱਲਦੇ ਦੱਸਿਆ ਗਿਆ ਹੈ।—ਕਹਾਉਤਾਂ 8:1.

ਕਹਾਉਤਾਂ ਦੀ ਕਿਤਾਬ ਵਿਚ ਦੱਸਿਆ ਹੈ ਕਿ ਪ੍ਰਾਚੀਨ ਕਾਲ ਤੋਂ ਬੁੱਧ “ਰਾਜ ਮਿਸਤਰੀ” ਵਜੋਂ ਯਹੋਵਾਹ ਨਾਲ ਸੀ। ਇਹ ਰਾਜ ਮਿਸਤਰੀ ਕੌਣ ਸੀ? ਇਹ ਕੇਵਲ ਯਿਸੂ ਹੀ ਹੋ ਸਕਦਾ ਹੈ ਕਿਉਂਕਿ ਧਰਤੀ ਤੇ ਆਉਣ ਤੋਂ ਅਰਬਾਂ ਸਾਲ ਪਹਿਲਾਂ ਯਿਸੂ ਨੇ ਯਹੋਵਾਹ ਨਾਲ ਮਿਲ ਕੇ ਵਿਸ਼ਵ ਦੀ ਸਿਰਜਣਾ ਕੀਤੀ ਸੀ। ਬਾਈਬਲ ਕਹਿੰਦੀ ਹੈ: ‘ਕੋਈ ਵੀ ਚੀਜ਼ ਸਾਜੇ ਜਾਣ ਤੋਂ ਪਹਿਲਾਂ ਮਸੀਹ ਸੀ। ਅਤੇ ਉਸੇ ਦੇ ਕਾਰਣ ਸਾਰੀਆਂ ਚੀਜ਼ਾਂ ਦੀ ਹੋਂਦ ਹੈ।’—ਕੁਲੁੱਸੀਆਂ 1:17, ਈਜ਼ੀ ਟੂ ਰੀਡ ਵਰਯਨ; ਪਰਕਾਸ਼ ਦੀ ਪੋਥੀ 3:14.

ਇਹ ਕਿੰਨਾ ਢੁਕਵਾਂ ਹੈ ਕਿ ਪਰਮੇਸ਼ੁਰ ਦੇ ਪੁੱਤਰ ਨੂੰ ਬੁੱਧ ਵਜੋਂ ਦਰਸਾਇਆ ਗਿਆ ਹੈ! ਧਰਤੀ ਤੇ ਆਉਣ ਤੋਂ ਪਹਿਲਾਂ ਯਿਸੂ ਪਰਮੇਸ਼ੁਰ ਦਾ “ਸ਼ਬਦ” ਸੀ ਯਾਨੀ ਉਹ ਯਹੋਵਾਹ ਦੇ ਫ਼ਰਮਾਨ ਅਤੇ ਆਦੇਸ਼ ਲੋਕਾਂ ਤਕ ਪਹੁੰਚਾਉਂਦਾ ਹੁੰਦਾ ਸੀ। (ਯੂਹੰਨਾ 1:1) ਹਾਂ, ਯਿਸੂ ਨੇ ਹੀ ਪਰਮੇਸ਼ੁਰ ਦੇ ਮਕਸਦ ਨੂੰ ਪ੍ਰਗਟ ਕੀਤਾ ਹੈ। ਉਹੀ “ਪਰਮੇਸ਼ੁਰ ਦੀ ਸ਼ਕਤੀ ਅਤੇ ਪਰਮੇਸ਼ੁਰ ਦਾ ਗਿਆਨ” ਹੈ। (1 ਕੁਰਿੰਥੀਆਂ 1:24, 30) ਉਸ ਨੇ ਇਨਸਾਨਾਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਪਾਪ ਤੇ ਮੌਤ ਦੇ ਚੁੰਗਲ ਵਿੱਚੋਂ ਛੁਡਾਉਣ ਦੀ ਖ਼ਾਤਰ ਆਪਣੀ ਜਾਨ ਤਕ ਕੁਰਬਾਨ ਕਰ ਦਿੱਤੀ।—ਯੂਹੰਨਾ 3:16.

[ਸਫ਼ਾ 31 ਉੱਤੇ ਤਸਵੀਰ]

“ਪਹਾੜਾਂ ਦੇ ਰੱਖਣ ਤੋਂ ਪਹਿਲਾਂ, . . . ਮੈਂ ਪੈਦਾ ਹੋਈ”