Skip to content

Skip to table of contents

ਬੁੱਧੀਮਾਨ ਬਣੋ—ਪਰਮੇਸ਼ੁਰ ਦਾ ਭੈ ਰੱਖੋ!

ਬੁੱਧੀਮਾਨ ਬਣੋ—ਪਰਮੇਸ਼ੁਰ ਦਾ ਭੈ ਰੱਖੋ!

ਬੁੱਧੀਮਾਨ ਬਣੋ—ਪਰਮੇਸ਼ੁਰ ਦਾ ਭੈ ਰੱਖੋ!

“ਯਹੋਵਾਹ ਦਾ ਭੈ ਬੁੱਧ ਦਾ ਮੁੱਢ ਹੈ।”—ਕਹਾਉਤਾਂ 9:10.

1. ਕਈ ਲੋਕਾਂ ਨੂੰ ਰੱਬ ਦਾ ਭੈ ਰੱਖਣ ਦਾ ਵਿਚਾਰ ਕਿਉਂ ਅਜੀਬ ਲੱਗਦਾ ਹੈ?

ਇਕ ਜ਼ਮਾਨਾ ਸੀ ਜਦੋਂ ਕਿਸੇ ਧਰਮੀ ਵਿਅਕਤੀ ਦੀ ਤਾਰੀਫ਼ ਕਰਨ ਲਈ ਲੋਕ ਉਸ ਨੂੰ ਰੱਬ ਦਾ ਭੈ ਰੱਖਣ ਵਾਲਾ ਬੰਦਾ ਕਹਿੰਦੇ ਸਨ। ਪਰ ਅੱਜ ਜੇ ਕਿਸੇ ਨੂੰ ਕਿਹਾ ਜਾਵੇ ਕਿ ਰੱਬ ਦਾ ਭੈ ਰੱਖ, ਤਾਂ ਉਸ ਨੂੰ ਇਹ ਗੱਲ ਬੜੀ ਅਜੀਬ ਲੱਗੇਗੀ। ਉਹ ਸ਼ਾਇਦ ਕਹੇ: ‘ਜੇ ਪਰਮੇਸ਼ੁਰ ਪ੍ਰੇਮ ਹੈ, ਤਾਂ ਉਸ ਤੋਂ ਡਰਨ ਦੀ ਕੀ ਲੋੜ ਹੈ?’ ਲੋਕ ਸੋਚਦੇ ਹਨ ਕਿ ਡਰ ਬੁਰੀ ਭਾਵਨਾ ਹੈ ਅਤੇ ਡਰਿਆ ਵਿਅਕਤੀ ਕੁਝ ਨਹੀਂ ਕਰ ਪਾਉਂਦਾ। ਲੇਕਿਨ ਪਰਮੇਸ਼ੁਰ ਦਾ ਭੈ ਰੱਖਣ ਦਾ ਮਤਲਬ ਸਿਰਫ਼ ਉਸ ਤੋਂ ਡਰਨਾ ਹੀ ਨਹੀਂ ਹੈ। ਇਸ ਵਿਚ ਹੋਰ ਕਈ ਗੱਲਾਂ ਸ਼ਾਮਲ ਹਨ ਜਿਵੇਂ ਅਸੀਂ ਅੱਗੇ ਦੇਖਾਂਗੇ।

2, 3. ਪਰਮੇਸ਼ੁਰ ਦਾ ਭੈ ਰੱਖਣ ਵਿਚ ਕੀ-ਕੀ ਸ਼ਾਮਲ ਹੈ?

2 ਬਾਈਬਲ ਅਨੁਸਾਰ ਪਰਮੇਸ਼ੁਰ ਦਾ ਭੈ ਰੱਖਣਾ ਚੰਗੀ ਗੱਲ ਹੈ। (ਯਸਾਯਾਹ 11:3) ਇਸ ਦਾ ਮਤਲਬ ਹੈ ਪਰਮੇਸ਼ੁਰ ਲਈ ਗਹਿਰੀ ਸ਼ਰਧਾ ਰੱਖਣੀ ਜਿਸ ਕਾਰਨ ਅਸੀਂ ਉਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। (ਜ਼ਬੂਰਾਂ ਦੀ ਪੋਥੀ 115:11) ਪਰਮੇਸ਼ੁਰ ਦਾ ਭੈ ਰੱਖਣ ਕਰਕੇ ਅਸੀਂ ਉਸ ਦੇ ਨੈਤਿਕ ਮਿਆਰਾਂ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰਦੇ ਹਾਂ ਅਤੇ ਉਨ੍ਹਾਂ ਅਨੁਸਾਰ ਚੱਲਦੇ ਹਾਂ। ਬਾਈਬਲ ਦੀ ਇਕ ਡਿਕਸ਼ਨਰੀ ਮੁਤਾਬਕ ਪਰਮੇਸ਼ੁਰ ਦਾ ਭੈ ਰੱਖਣ ਦਾ ਮਤਲਬ ਹੈ ਕਿ ਇਨਸਾਨ ‘ਪਰਮੇਸ਼ੁਰ ਦਾ ਇੰਨਾ ਆਦਰ ਕਰਦਾ ਹੈ ਕਿ ਉਹ ਬੁੱਧੀਮਤਾ ਨਾਲ ਚੱਲ ਕੇ ਆਪਣੇ ਆਚਰਣ ਨੂੰ ਸ਼ੁੱਧ ਰੱਖਦਾ ਹੈ ਅਤੇ ਹਰ ਕਿਸਮ ਦੇ ਭੈੜੇ ਕੰਮ ਤੋਂ ਦੂਰ ਰਹਿੰਦਾ ਹੈ।’ ਇਸੇ ਲਈ ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਯਹੋਵਾਹ ਦਾ ਭੈ ਬੁੱਧ ਦਾ ਮੁੱਢ ਹੈ।”—ਕਹਾਉਤਾਂ 9:10.

3 ਪਰਮੇਸ਼ੁਰ ਦਾ ਭੈ ਰੱਖਣ ਵਿਚ ਕਈ ਗੱਲਾਂ ਸ਼ਾਮਲ ਹਨ। ਇਹ ਸਿਰਫ਼ ਬੁੱਧ ਨਾਲ ਹੀ ਨਹੀਂ, ਸਗੋਂ ਖ਼ੁਸ਼ੀ, ਸ਼ਾਂਤੀ, ਲੰਬੀ ਉਮਰ, ਆਸ ਅਤੇ ਭਰੋਸੇ ਨਾਲ ਵੀ ਜੁੜਿਆ ਹੋਇਆ ਹੈ। (ਜ਼ਬੂਰਾਂ ਦੀ ਪੋਥੀ 2:11; ਕਹਾਉਤਾਂ 1:7; 10:27; 14:26; 22:4; 23:17, 18; ਰਸੂਲਾਂ ਦੇ ਕਰਤੱਬ 9:31) ਇਸ ਦਾ ਪਿਆਰ ਅਤੇ ਨਿਹਚਾ ਨਾਲ ਵੀ ਗਹਿਰਾ ਸੰਬੰਧ ਹੈ। ਦਰਅਸਲ ਪਰਮੇਸ਼ੁਰ ਨਾਲ ਅਤੇ ਹੋਰਨਾਂ ਇਨਸਾਨਾਂ ਨਾਲ ਚੰਗੇ ਸੰਬੰਧ ਬਣਾਈ ਰੱਖਣ ਲਈ ਵੀ ਪਰਮੇਸ਼ੁਰ ਦਾ ਭੈ ਰੱਖਣਾ ਜ਼ਰੂਰੀ ਹੈ। (ਬਿਵਸਥਾ ਸਾਰ 10:12; ਅੱਯੂਬ 6:14; ਇਬਰਾਨੀਆਂ 11:7) ਪਰਮੇਸ਼ੁਰ ਦਾ ਭੈ ਰੱਖਣ ਲਈ ਇਹ ਮੰਨਣਾ ਜ਼ਰੂਰੀ ਹੈ ਕਿ ਸਾਡੇ ਸਵਰਗੀ ਪਿਤਾ ਯਹੋਵਾਹ ਨੂੰ ਸਾਡਾ ਫ਼ਿਕਰ ਹੈ ਅਤੇ ਉਹ ਸਾਡੀਆਂ ਗ਼ਲਤੀਆਂ ਨੂੰ ਮਾਫ਼ ਕਰੇਗਾ। (ਜ਼ਬੂਰਾਂ ਦੀ ਪੋਥੀ 130:4) ਸਿਰਫ਼ ਉਨ੍ਹਾਂ ਦੁਸ਼ਟ ਲੋਕਾਂ ਨੂੰ ਪਰਮੇਸ਼ੁਰ ਦਾ ਖ਼ੌਫ਼ ਖਾਣ ਦੀ ਲੋੜ ਹੈ ਜਿਨ੍ਹਾਂ ਨੂੰ ਆਪਣੇ ਬੁਰੇ ਕੰਮਾਂ ਤੇ ਕੋਈ ਪਛਤਾਵਾ ਨਹੀਂ ਹੁੰਦਾ। *ਇਬਰਾਨੀਆਂ 10:26-31.

ਯਹੋਵਾਹ ਦਾ ਭੈ ਰੱਖਣਾ ਸਿੱਖੋ

4. ਅਸੀਂ ਕਿਵੇਂ ‘ਪਰਮੇਸ਼ੁਰ ਦਾ ਡਰ ਰੱਖਣਾ ਸਿੱਖ’ ਸਕਦੇ ਹਾਂ?

4 ਸਹੀ ਫ਼ੈਸਲੇ ਕਰਨ ਅਤੇ ਪਰਮੇਸ਼ੁਰ ਦੀਆਂ ਬਰਕਤਾਂ ਪਾਉਣ ਲਈ ਉਸ ਦਾ ਭੈ ਰੱਖਣਾ ਜ਼ਰੂਰੀ ਹੈ। ਸੋ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਕਿਵੇਂ ‘ਪਰਮੇਸ਼ੁਰ ਦਾ ਡਰ ਰੱਖਣਾ ਸਿੱਖ’ ਸਕਦੇ ਹਾਂ? (ਬਿਵਸਥਾ ਸਾਰ 17:19) ਬਾਈਬਲ ਵਿਚ “ਸਾਡੀ ਸਿੱਖਿਆ ਦੇ ਲਈ” ਅਜਿਹੇ ਲੋਕਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਜਿਨ੍ਹਾਂ ਨੇ ਰੱਬ ਦਾ ਡਰ ਰੱਖਿਆ ਸੀ। (ਰੋਮੀਆਂ 15:4) ਇਹ ਸਮਝਣ ਲਈ ਕਿ ਪਰਮੇਸ਼ੁਰ ਦਾ ਭੈ ਰੱਖਣ ਦਾ ਕੀ ਅਰਥ ਹੈ, ਆਓ ਆਪਾਂ ਪ੍ਰਾਚੀਨ ਇਸਰਾਏਲ ਦੇ ਰਾਜਾ ਦਾਊਦ ਦੀ ਮਿਸਾਲ ਵੱਲ ਧਿਆਨ ਦੇਈਏ।

5. ਭੇਡਾਂ ਚਾਰਦੇ ਹੋਏ ਦਾਊਦ ਨੇ ਯਹੋਵਾਹ ਦਾ ਭੈ ਰੱਖਣਾ ਕਿਵੇਂ ਸਿੱਖਿਆ ਸੀ?

5 ਯਹੋਵਾਹ ਨੇ ਇਸਰਾਏਲ ਦੇ ਪਹਿਲੇ ਰਾਜੇ ਸ਼ਾਊਲ ਤੋਂ ਬਾਦਸ਼ਾਹੀ ਇਸ ਲਈ ਲੈ ਲਈ ਸੀ ਕਿਉਂਕਿ ਉਹ ਪਰਮੇਸ਼ੁਰ ਤੋਂ ਡਰਨ ਦੀ ਬਜਾਇ ਲੋਕਾਂ ਤੋਂ ਡਰਦਾ ਸੀ। (1 ਸਮੂਏਲ 15:24-26) ਦੂਜੇ ਪਾਸੇ, ਦਾਊਦ ਦੀ ਜ਼ਿੰਦਗੀ ਅਤੇ ਯਹੋਵਾਹ ਨਾਲ ਉਸ ਦੇ ਗੂੜ੍ਹੇ ਰਿਸ਼ਤੇ ਤੋਂ ਪਤਾ ਲੱਗਦਾ ਹੈ ਕਿ ਉਹ ਰੱਬ ਦਾ ਭੈ ਰੱਖਣ ਵਾਲਾ ਬੰਦਾ ਸੀ। ਬਚਪਨ ਤੋਂ ਦਾਊਦ ਆਪਣੇ ਪਿਤਾ ਦੀਆਂ ਭੇਡਾਂ ਚਾਰਦਾ ਹੁੰਦਾ ਸੀ। (1 ਸਮੂਏਲ 16:11) ਦਾਊਦ ਨੇ ਕਈ ਰਾਤਾਂ ਖੁੱਲ੍ਹੇ ਆਸਮਾਨ ਦੇ ਹੇਠਾਂ ਗੁਜ਼ਾਰੀਆਂ ਤੇ ਆਕਾਸ਼ ਵਿਚ ਟਿਮਟਿਮਾਉਂਦੇ ਲੱਖਾਂ ਤਾਰੇ ਦੇਖ ਕੇ ਉਸ ਨੇ ਪਰਮੇਸ਼ੁਰ ਦਾ ਭੈ ਰੱਖਣਾ ਸਿੱਖਿਆ। ਭਾਵੇਂ ਦਾਊਦ ਬ੍ਰਹਿਮੰਡ ਦਾ ਛੋਟਾ ਜਿਹਾ ਹਿੱਸਾ ਹੀ ਦੇਖ ਸਕਦਾ ਸੀ, ਫਿਰ ਵੀ ਉਸ ਨੇ ਇਹ ਸਿੱਟਾ ਕੱਢਿਆ ਕਿ ਪਰਮੇਸ਼ੁਰ ਸਾਡੇ ਪਿਆਰ ਤੇ ਸ਼ਰਧਾ ਦੇ ਲਾਇਕ ਹੈ। ਬਾਅਦ ਵਿਚ ਉਸ ਨੇ ਲਿਖਿਆ: “ਜਦ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਰ ਤਾਰਿਆਂ ਨੂੰ ਜਿਹੜੇ ਤੈਂ ਕਾਇਮ ਕੀਤੇ ਹਨ, ਤਾਂ ਇਨਸਾਨ ਕੀ ਹੈ, ਜੋ ਤੂੰ ਉਸ ਨੂੰ ਚੇਤੇ ਵਿੱਚ ਲਿਆਵੇਂ, ਅਤੇ ਆਦਮੀ ਜਾਇਆ ਕੀ, ਜੋ ਤੂੰ ਉਸ ਦੀ ਸੁੱਧ ਲਵੇਂ?”—ਜ਼ਬੂਰਾਂ ਦੀ ਪੋਥੀ 8:3, 4.

6. ਯਹੋਵਾਹ ਦੀ ਮਹਾਨਤਾ ਦਾ ਅਹਿਸਾਸ ਹੋਣ ਤੇ ਦਾਊਦ ਨੇ ਕਿਵੇਂ ਮਹਿਸੂਸ ਕੀਤਾ ਸੀ?

6 ਤਾਰਿਆਂ ਨਾਲ ਭਰੇ ਵਿਸ਼ਾਲ ਆਕਾਸ਼ ਨੇ ਦਾਊਦ ਨੂੰ ਆਪਣੇ ਛੋਟੇਪਣ ਦਾ ਅਹਿਸਾਸ ਦਿਲਾਇਆ। ਇਸ ਗਿਆਨ ਨੇ ਉਸ ਨੂੰ ਨਿਰਾਸ਼ ਕਰਨ ਦੀ ਬਜਾਇ ਯਹੋਵਾਹ ਦੇ ਜਸ ਗਾਉਣ ਲਈ ਪ੍ਰੇਰਿਆ: “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ।” (ਜ਼ਬੂਰਾਂ ਦੀ ਪੋਥੀ 19:1) ਪਰਮੇਸ਼ੁਰ ਲਈ ਇਸ ਸ਼ਰਧਾ ਭਾਵ ਨੇ ਦਾਊਦ ਨੂੰ ਯਹੋਵਾਹ ਦੇ ਹੋਰ ਨੇੜੇ ਲਿਆਂਦਾ ਅਤੇ ਦਾਊਦ ਵਿਚ ਪਰਮੇਸ਼ੁਰ ਦੇ ਰਾਹਾਂ ਬਾਰੇ ਸਿੱਖਣ ਅਤੇ ਉਨ੍ਹਾਂ ਉੱਤੇ ਚੱਲਣ ਦੀ ਇੱਛਾ ਪੈਦਾ ਕੀਤੀ। ਦਾਊਦ ਨੇ ਇਕ ਗੀਤ ਵਿਚ ਯਹੋਵਾਹ ਦੀ ਤਹਿ ਦਿਲੋਂ ਮਹਿਮਾ ਕੀਤੀ: “ਤੂੰ ਤਾਂ ਮਹਾਨ ਹੈਂ ਅਤੇ ਅਚਰਜ ਕਰਤੱਬ ਕਰਦਾ ਹੈਂ, ਤੂੰ ਹੀ ਪਰਮੇਸ਼ੁਰ ਹੈਂ! ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਲਾ, ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ, ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾਂ।”—ਜ਼ਬੂਰਾਂ ਦੀ ਪੋਥੀ 86:10, 11.

7. ਪਰਮੇਸ਼ੁਰ ਦੇ ਭੈ ਨੇ ਦਾਊਦ ਦੀ ਗੋਲਿਅਥ ਨਾਲ ਲੜਨ ਵਿਚ ਕਿਵੇਂ ਮਦਦ ਕੀਤੀ?

7 ਜਦ ਫਿਲਿਸਤੀਆਂ ਨੇ ਇਸਰਾਏਲ ਦੇਸ਼ ਉੱਤੇ ਚੜ੍ਹਾਈ ਕੀਤੀ, ਤਾਂ ਉਨ੍ਹਾਂ ਦੇ ਨੌਂ ਫੁੱਟ ਲੰਬੇ ਸੂਰਬੀਰ ਗੋਲਿਅਥ ਨੇ ਇਸਰਾਏਲੀਆਂ ਨੂੰ ਮਿਹਣੇ ਮਾਰਦਿਆਂ ਕਿਹਾ: ‘ਮੇਰੇ ਲਈ ਕੋਈ ਮਨੁੱਖ ਚੁਣੋ ਜੋ ਅਸੀਂ ਆਪੋ ਵਿੱਚ ਜੁੱਧ ਕਰੀਏ! ਜੇ ਉਹ ਜਿੱਤ ਜਾਵੇ, ਤਾਂ ਅਸੀਂ ਤੁਹਾਡੇ ਗ਼ੁਲਾਮ ਹੋਵਾਂਗੇ।’ (1 ਸਮੂਏਲ 17:4-10) ਸ਼ਾਊਲ ਅਤੇ ਉਸ ਦੀ ਪੂਰੀ ਫ਼ੌਜ ਬਹੁਤ ਹੀ ਡਰੀ ਹੋਈ ਸੀ, ਪਰ ਦਾਊਦ ਨਹੀਂ ਡਰਿਆ। ਉਹ ਜਾਣਦਾ ਸੀ ਕਿ ਯਹੋਵਾਹ ਤੋਂ ਡਰਨ ਵਾਲਿਆਂ ਨੂੰ ਕਿਸੇ ਇਨਸਾਨ ਤੋਂ ਡਰਨ ਦੀ ਲੋੜ ਨਹੀਂ, ਭਾਵੇਂ ਉਹ ਕਿੰਨਾ ਹੀ ਤਾਕਤਵਰ ਕਿਉਂ ਨਾ ਹੋਵੇ। ਦਾਊਦ ਨੇ ਗੋਲਿਅਥ ਨੂੰ ਕਿਹਾ: ‘ਮੈਂ ਸੈਨਾਂ ਦੇ ਯਹੋਵਾਹ ਦੇ ਨਾਮ ਉੱਤੇ ਤੇਰੇ ਕੋਲ ਆਉਂਦਾ ਹਾਂ ਅਤੇ ਇਸ ਸਾਰੇ ਕਟਕ ਨੂੰ ਵੀ ਖਬਰ ਹੋਵੇਗੀ ਜੋ ਯਹੋਵਾਹ ਤਲਵਾਰ ਅਤੇ ਬਰਛੀ ਨਾਲ ਨਹੀਂ ਬਚਾਉਂਦਾ ਕਿਉਂ ਜੋ ਜੁੱਧ ਦਾ ਸੁਆਮੀ ਯਹੋਵਾਹ ਹੈ।’ ਭਾਵੇਂ ਦਾਊਦ ਦੇ ਹੱਥ ਵਿਚ ਸਿਰਫ਼ ਗੋਪੀਆ ਤੇ ਵੱਟੇ ਸਨ, ਪਰ ਯਹੋਵਾਹ ਦੀ ਮਦਦ ਨਾਲ ਉਸ ਨੇ ਉਸ ਦੈਂਤ ਨੂੰ ਮਾਰ ਸੁੱਟਿਆ।—1 ਸਮੂਏਲ 17:45-47.

8. ਬਾਈਬਲ ਵਿਚ ਯਹੋਵਾਹ ਦਾ ਡਰ ਰੱਖਣ ਵਾਲਿਆਂ ਦੀਆਂ ਮਿਸਾਲਾਂ ਤੋਂ ਅਸੀਂ ਕੀ ਸਿੱਖਦੇ ਹਾਂ?

8 ਦਾਊਦ ਵਾਂਗ ਅਸੀਂ ਵੀ ਸ਼ਾਇਦ ਵੱਡੀਆਂ ਮੁਸ਼ਕਲਾਂ ਜਾਂ ਦੁਸ਼ਮਣਾਂ ਦਾ ਸਾਮ੍ਹਣਾ ਕਰ ਰਹੇ ਹੋਈਏ। ਅਜਿਹੀ ਹਾਲਤ ਵਿਚ ਅਸੀਂ ਕੀ ਕਰ ਸਕਦੇ ਹਾਂ? ਅਸੀਂ ਦਾਊਦ ਅਤੇ ਹੋਰਨਾਂ ਵਫ਼ਾਦਾਰ ਭਗਤਾਂ ਵਾਂਗ ਪਰਮੇਸ਼ੁਰ ਦਾ ਡਰ ਰੱਖ ਕੇ ਇਨ੍ਹਾਂ ਦਾ ਸਾਮ੍ਹਣਾ ਕਰ ਸਕਦੇ ਹਾਂ। ਪਰਮੇਸ਼ੁਰ ਦਾ ਡਰ ਇਨਸਾਨਾਂ ਦੇ ਡਰ ਨੂੰ ਦਬਾ ਦਿੰਦਾ ਹੈ। ਜਦ ਦੁਸ਼ਮਣ ਕੌਮਾਂ ਇਸਰਾਏਲੀਆਂ ਉੱਤੇ ਦਬਾਅ ਪਾ ਰਹੀਆਂ ਸਨ, ਤਾਂ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਨਹਮਯਾਹ ਨੇ ਉਨ੍ਹਾਂ ਨੂੰ ਤਾਕੀਦ ਕੀਤੀ: “ਉਨ੍ਹਾਂ ਕੋਲੋਂ ਨਾ ਡਰੋ, ਪ੍ਰਭੁ ਨੂੰ ਜਿਹੜਾ ਵੱਡਾ ਤੇ ਭੈ ਦਾਇਕ ਹੈ ਯਾਦ ਰੱਖੋ।” (ਨਹਮਯਾਹ 4:14) ਯਹੋਵਾਹ ਦੀ ਮਦਦ ਨਾਲ ਦਾਊਦ, ਨਹਮਯਾਹ ਅਤੇ ਪਰਮੇਸ਼ੁਰ ਦੇ ਹੋਰ ਵਫ਼ਾਦਾਰ ਸੇਵਕ ਉਸ ਦੀ ਮਰਜ਼ੀ ਪੂਰੀ ਕਰ ਸਕੇ। ਯਹੋਵਾਹ ਦੀ ਮਦਦ ਨਾਲ ਅਸੀਂ ਵੀ ਇਸ ਤਰ੍ਹਾਂ ਕਰ ਸਕਦੇ ਹਾਂ।

ਪਰਮੇਸ਼ੁਰ ਦਾ ਭੈ ਰੱਖਦੇ ਹੋਏ ਮੁਸ਼ਕਲਾਂ ਦਾ ਸਾਮ੍ਹਣਾ ਕਰੋ

9. ਦਾਊਦ ਨੇ ਕਿਨ੍ਹਾਂ ਹਾਲਾਤਾਂ ਵਿਚ ਪਰਮੇਸ਼ੁਰ ਦਾ ਭੈ ਰੱਖਿਆ ਸੀ?

9 ਗੋਲਿਅਥ ਨੂੰ ਮਾਰਨ ਤੋਂ ਬਾਅਦ ਯਹੋਵਾਹ ਨੇ ਦਾਊਦ ਨੂੰ ਹੋਰ ਵੀ ਜਿੱਤਾਂ ਦਿੱਤੀਆਂ। ਇਸ ਕਰਕੇ ਸ਼ਾਊਲ ਦਾਊਦ ਤੋਂ ਇੰਨਾ ਜਲਣ ਲੱਗ ਪਿਆ ਕਿ ਗੁੱਸੇ ਵਿਚ ਆ ਕੇ ਉਸ ਨੇ ਕਈ ਵਾਰ ਦਾਊਦ ਨੂੰ ਬਰਛੇ ਨਾਲ ਵਿੰਨ੍ਹਣ ਦੀ ਕੋਸ਼ਿਸ਼ ਕੀਤੀ। ਇਸ ਵਿਚ ਨਾਕਾਮ ਹੋਣ ਤੇ ਸ਼ਾਊਲ ਨੇ ਉਸ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਘੜੀ। ਜਦ ਇਹ ਸਕੀਮ ਵੀ ਕਾਮਯਾਬ ਨਾ ਹੋਈ, ਤਾਂ ਉਸ ਨੇ ਆਪਣੀ ਫ਼ੌਜ ਦਾਊਦ ਦੇ ਮਗਰ ਲਾ ਦਿੱਤੀ। ਭਾਵੇਂ ਯਹੋਵਾਹ ਨੇ ਦਾਊਦ ਨੂੰ ਭਰੋਸਾ ਦਿਲਾਇਆ ਸੀ ਕਿ ਉਹ ਇਸਰਾਏਲ ਦਾ ਅਗਲਾ ਰਾਜਾ ਬਣੇਗਾ, ਪਰ ਸ਼ਾਊਲ ਦੀ ਖੁਣਸ ਕਰਕੇ ਉਸ ਨੂੰ ਕਈ ਸਾਲ ਪਹਾੜਾਂ ਵਿਚ ਲੁੱਕਣਾ ਪਿਆ ਅਤੇ ਉਹ ਦੁਸ਼ਮਣਾਂ ਨਾਲ ਲੜਦਾ ਰਿਹਾ। ਪਰ ਦਾਊਦ ਨੇ ਯਹੋਵਾਹ ਉੱਤੇ ਭਰੋਸਾ ਰੱਖਿਆ ਕਿ ਸਮਾਂ ਆਉਣ ਤੇ ਉਹੋ ਉਸ ਨੂੰ ਰਾਜਾ ਬਣਾਏਗਾ। ਇਸ ਤਰ੍ਹਾਂ ਦਾਊਦ ਨੇ ਦਿਖਾਇਆ ਕਿ ਉਹ ਰੱਬ ਦਾ ਭੈ ਰੱਖਦਾ ਸੀ।—1 ਸਮੂਏਲ 18:9, 11, 17; 24:2.

10. ਦਾਊਦ ਨੇ ਖ਼ਤਰਨਾਕ ਸਥਿਤੀ ਵਿਚ ਰੱਬ ਦਾ ਭੈ ਕਿਵੇਂ ਰੱਖਿਆ ਸੀ?

10 ਇਕ ਵਾਰ ਦਾਊਦ ਗਥ ਨਾਂ ਦੇ ਫਲਿਸਤੀ ਸ਼ਹਿਰ ਵਿਚ ਰਾਜਾ ਆਕੀਸ਼ ਕੋਲ ਪਨਾਹ ਲੈਣ ਗਿਆ। ਇਹ ਉਹ ਸ਼ਹਿਰ ਸੀ ਜਿੱਥੇ ਪਹਿਲਾਂ ਗੋਲਿਅਥ ਰਹਿੰਦਾ ਹੁੰਦਾ ਸੀ। (1 ਸਮੂਏਲ 21:10-15) ਰਾਜੇ ਦੇ ਸੇਵਕਾਂ ਨੇ ਉਸ ਨੂੰ ਦੱਸਿਆ ਕਿ ਦਾਊਦ ਉਨ੍ਹਾਂ ਦੇ ਦੇਸ਼ ਦਾ ਵੈਰੀ ਸੀ। ਦਾਊਦ ਨੇ ਇਸ ਖ਼ਤਰਨਾਕ ਸਥਿਤੀ ਵਿਚ ਕੀ ਕੀਤਾ? ਉਸ ਨੇ ਮਦਦ ਲਈ ਯਹੋਵਾਹ ਅੱਗੇ ਤਰਲੇ ਕੀਤੇ। (ਜ਼ਬੂਰਾਂ ਦੀ ਪੋਥੀ 56:1-4, 11-13) ਭਾਵੇਂ ਦਾਊਦ ਨੂੰ ਆਪਣੀ ਜਾਨ ਬਚਾਉਣ ਲਈ ਪਾਗਲਪਣ ਦਾ ਨਾਟਕ ਕਰਨਾ ਪਿਆ, ਪਰ ਉਹ ਜਾਣਦਾ ਸੀ ਕਿ ਅਸਲ ਵਿਚ ਯਹੋਵਾਹ ਨੇ ਉਸ ਦੇ ਜਤਨਾਂ ਤੇ ਬਰਕਤ ਪਾ ਕੇ ਉਸ ਦੀ ਜਾਨ ਬਚਾਈ ਸੀ। ਦਾਊਦ ਨੇ ਯਹੋਵਾਹ ਉੱਤੇ ਪੱਕਾ ਭਰੋਸਾ ਰੱਖਿਆ ਤੇ ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਉਹ ਰੱਬ ਦਾ ਭੈ ਰੱਖਣ ਵਾਲਾ ਇਨਸਾਨ ਸੀ।—ਜ਼ਬੂਰਾਂ ਦੀ ਪੋਥੀ 34:4-6, 9-11.

11. ਅਸੀਂ ਦਾਊਦ ਵਾਂਗ ਮੁਸ਼ਕਲ ਸਮਿਆਂ ਦੌਰਾਨ ਰੱਬ ਦਾ ਭੈ ਕਿਵੇਂ ਰੱਖ ਸਕਦੇ ਹਾਂ?

11 ਦਾਊਦ ਵਾਂਗ ਅਸੀਂ ਰੱਬ ਦਾ ਭੈ ਕਿਵੇਂ ਰੱਖ ਸਕਦੇ ਹਾਂ? ਯਹੋਵਾਹ ਦੇ ਵਾਅਦੇ ਉੱਤੇ ਭਰੋਸਾ ਰੱਖ ਕੇ ਕਿ ਮੁਸ਼ਕਲਾਂ ਨਾਲ ਸਿੱਝਣ ਵਿਚ ਉਹ ਸਾਡੀ ਮਦਦ ਕਰੇਗਾ। ਦਾਊਦ ਨੇ ਕਿਹਾ: “ਆਪਣਾ ਰਾਹ ਯਹੋਵਾਹ ਦੇ ਗੋਚਰਾ ਕਰ, ਅਤੇ ਉਸ ਉੱਤੇ ਭਰੋਸਾ ਰੱਖ ਅਤੇ ਉਹ ਪੂਰਿਆਂ ਕਰੇਗਾ।” (ਜ਼ਬੂਰਾਂ ਦੀ ਪੋਥੀ 37:5) ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੀਆਂ ਸਮੱਸਿਆਵਾਂ ਯਹੋਵਾਹ ਉੱਤੇ ਛੱਡ ਦੇਈਏ ਤੇ ਹੱਥ ਤੇ ਹੱਥ ਧਰ ਕੇ ਬੈਠ ਜਾਈਏ ਕਿ ਉਹੋ ਹੁਣ ਸਾਡੇ ਮਸਲੇ ਹੱਲ ਕਰੂ। ਦਾਊਦ ਨੇ ਇੱਦਾਂ ਨਹੀਂ ਕੀਤਾ ਸੀ। ਉਸ ਨੇ ਆਪਣੀ ਤਾਕਤ ਅਤੇ ਬੁੱਧੀ ਵਰਤਦੇ ਹੋਏ ਆਪਣੇ ਵੱਲੋਂ ਸਮੱਸਿਆ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਫਿਰ ਵੀ ਦਾਊਦ ਜਾਣਦਾ ਸੀ ਕਿ ਇਨਸਾਨ ਸਿਰਫ਼ ਆਪਣੀਆਂ ਕੋਸ਼ਿਸ਼ਾਂ ਕਰਕੇ ਸਫ਼ਲ ਨਹੀਂ ਹੋ ਸਕਦਾ। ਸਾਨੂੰ ਵੀ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ। ਮਸਲੇ ਨੂੰ ਹੱਲ ਕਰਨ ਲਈ ਆਪਣੇ ਵੱਲੋਂ ਪੂਰਾ ਜਤਨ ਕਰਨ ਤੋਂ ਬਾਅਦ ਸਾਨੂੰ ਬਾਕੀ ਯਹੋਵਾਹ ਦੇ ਹੱਥਾਂ ਵਿਚ ਛੱਡ ਦੇਣਾ ਚਾਹੀਦਾ ਹੈ। ਦਰਅਸਲ ਕਈ ਵਾਰ ਯਹੋਵਾਹ ਉੱਤੇ ਭਰੋਸਾ ਰੱਖਣ ਤੋਂ ਇਲਾਵਾ ਅਸੀਂ ਹੋਰ ਕੁਝ ਕਰ ਵੀ ਨਹੀਂ ਸਕਦੇ। ਇਨ੍ਹਾਂ ਮੌਕਿਆਂ ਤੇ ਯਹੋਵਾਹ ਦਾ ਭੈ ਰੱਖਣਾ ਅਕਲਮੰਦੀ ਹੈ। ਦਾਊਦ ਵਾਂਗ ਅਸੀਂ ਵੀ ਮੁਸ਼ਕਲਾਂ ਵਿਚ ਯਹੋਵਾਹ ਦੇ ਨਜ਼ਦੀਕ ਰਹਿ ਸਕਦੇ ਹਾਂ।

12. ਸਾਨੂੰ ਆਪਣੀਆਂ ਪ੍ਰਾਰਥਨਾਵਾਂ ਨੂੰ ਗੰਭੀਰਤਾ ਨਾਲ ਕਿਉਂ ਲੈਣਾ ਚਾਹੀਦਾ ਹੈ ਤੇ ਅਸੀਂ ਕਿਨ੍ਹਾਂ ਲੋਕਾਂ ਵਰਗੇ ਨਹੀਂ ਬਣਨਾ ਚਾਹੁੰਦੇ?

12 ਇਸ ਲਈ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਅਤੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜਦ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਸਾਨੂੰ “ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6; ਯਾਕੂਬ 1:5-8) ਜਦ ਉਹ ਸਾਡੀ ਮਦਦ ਕਰਦਾ ਹੈ, ਤਾਂ ਸਾਨੂੰ ਪੌਲੁਸ ਦੀ ਸਲਾਹ ਅਨੁਸਾਰ ਉਸ ਦਾ ‘ਧੰਨਵਾਦ ਕਰਨਾ’ ਚਾਹੀਦਾ ਹੈ। (ਕੁਲੁੱਸੀਆਂ 3:15, 17) ਸਾਨੂੰ ਉਨ੍ਹਾਂ ਲੋਕਾਂ ਵਾਂਗ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਬਾਰੇ ਇਕ ਮਸਹ ਕੀਤੇ ਹੋਏ ਤਜਰਬੇਕਾਰ ਮਸੀਹੀ ਨੇ ਕਿਹਾ ਸੀ: “ਉਹ ਪਰਮੇਸ਼ੁਰ ਨੂੰ ਸਵਰਗ ਵਿਚ ਬੈਠਾ ਵੇਟਰ ਸਮਝਦੇ ਹਨ। ਜਦੋਂ ਉਨ੍ਹਾਂ ਨੂੰ ਕੁਝ ਚਾਹੀਦਾ ਹੁੰਦਾ, ਤਾਂ ਉਹ ਚੁਟਕੀ ਵਜਾ ਕੇ ਉਸ ਨੂੰ ਸੱਦ ਲੈਂਦੇ ਹਨ। ਅਤੇ ਜਦ ਉਨ੍ਹਾਂ ਦੀ ਲੋੜ ਪੂਰੀ ਹੋ ਜਾਂਦੀ ਹੈ, ਤਾਂ ਉਹ ਉਸ ਨੂੰ ਭੁਲਾ ਦਿੰਦੇ ਹਨ ਮਾਨੋ ਉਹ ਹੈ ਹੀ ਨਹੀਂ।” ਅਜਿਹਾ ਕਰਨ ਵਾਲੇ ਲੋਕ ਪਰਮੇਸ਼ੁਰ ਦਾ ਭੈ ਨਹੀਂ ਰੱਖਦੇ।

ਪਰਮੇਸ਼ੁਰ ਦਾ ਭੈ ਨਾ ਰੱਖਣ ਦੇ ਨਤੀਜੇ

13. ਦਾਊਦ ਨੇ ਪਰਮੇਸ਼ੁਰ ਦੀ ਬਿਵਸਥਾ ਕਦੋਂ ਤੋੜੀ ਸੀ?

13 ਮੁਸ਼ਕਲਾਂ ਵਿਚ ਯਹੋਵਾਹ ਦੀ ਮਦਦ ਮਿਲਣ ਕਰਕੇ ਯਹੋਵਾਹ ਉੱਤੇ ਦਾਊਦ ਦਾ ਭਰੋਸਾ ਅਤੇ ਉਸ ਨਾਲ ਉਸ ਦਾ ਰਿਸ਼ਤਾ ਹੋਰ ਵੀ ਪੱਕਾ ਹੋਇਆ। (ਜ਼ਬੂਰਾਂ ਦੀ ਪੋਥੀ 31:22-24) ਲੇਕਿਨ ਤਿੰਨ ਖ਼ਾਸ ਮੌਕਿਆਂ ਤੇ ਦਾਊਦ ਨੇ ਪਰਮੇਸ਼ੁਰ ਦਾ ਭੈ ਨਹੀਂ ਰੱਖਿਆ ਅਤੇ ਉਸ ਨੂੰ ਆਪਣੀ ਕਰਨੀ ਦਾ ਫਲ ਭੁਗਤਣਾ ਪਿਆ। ਪਹਿਲਾ ਮੌਕਾ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਯਰੂਸ਼ਲਮ ਲਿਆਉਣ ਦਾ ਸੀ। ਉਸ ਵੇਲੇ ਪਰਮੇਸ਼ੁਰ ਦੇ ਹੁਕਮ ਅਨੁਸਾਰ ਲੇਵੀਆਂ ਦੁਆਰਾ ਸੰਦੂਕ ਨੂੰ ਆਪਣੇ ਮੋਢਿਆਂ ਉੱਤੇ ਚੁੱਕਣ ਦੀ ਬਜਾਇ ਦਾਊਦ ਨੇ ਇਸ ਨੂੰ ਗੱਡੇ ਉੱਤੇ ਲੱਦ ਕੇ ਯਰੂਸ਼ਲਮ ਲਿਆਉਣ ਦੀ ਕੋਸ਼ਿਸ਼ ਕੀਤੀ। ਜਦ ਊਜ਼ਾਹ ਨੇ ਸੰਦੂਕ ਨੂੰ ਡਿਗਣ ਤੋਂ ਬਚਾਉਣ ਲਈ ਉਸ ਨੂੰ ਹੱਥ ਲਾਇਆ, ਤਾਂ ਪਰਮੇਸ਼ੁਰ ਨੇ “ਉਹ ਦੇ ਦੋਸ਼ ਦੇ ਕਾਰਨ” ਉਹ ਨੂੰ ਜਾਨੋਂ ਮਾਰ ਦਿੱਤਾ। ਜੀ ਹਾਂ, ਊਜ਼ਾਹ ਨੇ ਵੱਡਾ ਪਾਪ ਕੀਤਾ, ਪਰ ਇਹ ਦਾਊਦ ਦੀ ਗ਼ਲਤੀ ਸੀ ਕਿ ਉਹ ਪਰਮੇਸ਼ੁਰ ਦੀ ਬਿਵਸਥਾ ਅਨੁਸਾਰ ਨਹੀਂ ਚੱਲਿਆ ਜਿਸ ਦਾ ਇੰਨਾ ਦੁਖਦਾਈ ਨਤੀਜਾ ਨਿਕਲਿਆ। ਪਰਮੇਸ਼ੁਰ ਦਾ ਭੈ ਰੱਖਣ ਦਾ ਮਤਲਬ ਹੈ ਕਿ ਅਸੀਂ ਹਰ ਕੰਮ ਉਸ ਦੇ ਦੱਸੇ ਤਰੀਕੇ ਅਨੁਸਾਰ ਕਰੀਏ।—2 ਸਮੂਏਲ 6:2-9; ਗਿਣਤੀ 4:15; 7:9.

14. ਇਸਰਾਏਲੀਆਂ ਦੀ ਗਿਣਤੀ ਕਰਨ ਦਾ ਕੀ ਨਤੀਜਾ ਨਿਕਲਿਆ?

14 ਬਾਅਦ ਵਿਚ ਸ਼ਤਾਨ ਨੇ ਦਾਊਦ ਨੂੰ ਫ਼ੌਜ ਵਿਚ ਭਰਤੀ ਇਸਰਾਏਲੀਆਂ ਦੀ ਗਿਣਤੀ ਕਰਨ ਲਈ ਉਕਸਾਇਆ। (1 ਇਤਹਾਸ 21:1) ਫ਼ੌਜੀਆਂ ਦੀ ਗਿਣਤੀ ਕਰ ਕੇ ਦਾਊਦ ਨੇ ਪਰਮੇਸ਼ੁਰ ਦਾ ਭੈ ਨਾ ਰੱਖਣ ਦੀ ਗ਼ਲਤੀ ਕੀਤੀ ਤੇ ਨਤੀਜੇ ਵਜੋਂ 70,000 ਇਸਰਾਏਲੀਆਂ ਦੀਆਂ ਜਾਨਾਂ ਗਈਆਂ। ਭਾਵੇਂ ਦਾਊਦ ਨੇ ਆਪਣੀ ਗ਼ਲਤੀ ਉੱਤੇ ਪਛਤਾਵਾ ਕੀਤਾ, ਫਿਰ ਵੀ ਉਸ ਨੂੰ ਅਤੇ ਲੋਕਾਂ ਨੂੰ ਬਹੁਤ ਦੁੱਖ ਸਹਿਣਾ ਪਿਆ।—2 ਸਮੂਏਲ 24:1-16.

15. ਦਾਊਦ ਜ਼ਨਾਹ ਕਰਨ ਦੇ ਪਾਪ ਵਿਚ ਕਿਉਂ ਫਸ ਗਿਆ ਸੀ?

15 ਦਾਊਦ ਨੇ ਉਦੋਂ ਵੀ ਪਰਮੇਸ਼ੁਰ ਦਾ ਭੈ ਨਹੀਂ ਰੱਖਿਆ ਸੀ ਜਦ ਉਸ ਨੇ ਊਰਿੱਯਾਹ ਦੀ ਪਤਨੀ ਬਥ-ਸ਼ਬਾ ਨਾਲ ਜ਼ਨਾਹ ਕੀਤਾ ਸੀ। ਦਾਊਦ ਜਾਣਦਾ ਸੀ ਕਿ ਜ਼ਨਾਹ ਕਰਨਾ ਜਾਂ ਕਿਸੇ ਹੋਰ ਦੀ ਤੀਵੀਂ ਨੂੰ ਗ਼ਲਤ ਨਜ਼ਰ ਨਾਲ ਦੇਖਣਾ ਪਾਪ ਸੀ। (ਕੂਚ 20:14, 17) ਮੁਸੀਬਤ ਉਦੋਂ ਸ਼ੁਰੂ ਹੋਈ ਜਦੋਂ ਦਾਊਦ ਨੇ ਬਥ-ਸ਼ਬਾ ਨੂੰ ਨਹਾਉਂਦੀ ਦੇਖਿਆ ਸੀ। ਰੱਬ ਦਾ ਭੈ ਰੱਖਦੇ ਹੋਏ ਉਸ ਨੂੰ ਆਪਣੀਆਂ ਅੱਖਾਂ ਮੋੜ ਲੈਣੀਆਂ ਚਾਹੀਦੀਆਂ ਸਨ ਅਤੇ ਬਥ-ਸ਼ਬਾ ਬਾਰੇ ਸੋਚਦੇ ਨਹੀਂ ਰਹਿਣਾ ਚਾਹੀਦਾ ਸੀ। ਇਸ ਦੀ ਬਜਾਇ ਦਾਊਦ ਉਸ ਵੱਲ ਦੇਖਦਾ ਰਿਹਾ ਜਿਸ ਕਰਕੇ ਉਹ ਉਸ ਨੂੰ ਬਹੁਤ ਚਾਹੁਣ ਲੱਗਾ। (ਮੱਤੀ 5:28; 2 ਸਮੂਏਲ 11:1-4) ਉਸ ਮੌਕੇ ਤੇ ਦਾਊਦ ਭੁੱਲ ਗਿਆ ਸੀ ਕਿ ਯਹੋਵਾਹ ਉਸ ਦੇ ਹਰ ਕੰਮ ਨੂੰ ਦੇਖ ਰਿਹਾ ਸੀ।—ਜ਼ਬੂਰਾਂ ਦੀ ਪੋਥੀ 139:1-7.

16. ਦਾਊਦ ਨੂੰ ਆਪਣੀ ਕਰਨੀ ਦਾ ਕੀ ਫਲ ਭੁਗਤਣਾ ਪਿਆ?

16 ਦਾਊਦ ਤੇ ਬਥ-ਸ਼ਬਾ ਦੇ ਨਾਜਾਇਜ਼ ਸੰਬੰਧ ਕਾਰਨ ਇਕ ਮੁੰਡਾ ਪੈਦਾ ਹੋਇਆ। ਇਸ ਤੋਂ ਥੋੜ੍ਹੀ ਦੇਰ ਬਾਅਦ ਯਹੋਵਾਹ ਨੇ ਦਾਊਦ ਦੇ ਪਾਪ ਦਾ ਪਰਦਾ ਫ਼ਾਸ਼ ਕਰਨ ਲਈ ਆਪਣੇ ਨਬੀ ਨਾਥਾਨ ਨੂੰ ਉਸ ਕੋਲ ਭੇਜਿਆ। ਦਾਊਦ ਨੂੰ ਆਪਣੇ ਪਾਪ ਦਾ ਅਹਿਸਾਸ ਹੋਇਆ ਤੇ ਉਸ ਨੇ ਪਰਮੇਸ਼ੁਰ ਦਾ ਭੈ ਰੱਖਦੇ ਹੋਏ ਤੋਬਾ ਕੀਤੀ। ਉਸ ਨੇ ਯਹੋਵਾਹ ਅੱਗੇ ਤਰਲੇ ਕੀਤੇ ਕਿ ਉਹ ਆਪਣੀ ਪਵਿੱਤਰ ਆਤਮਾ ਉਸ ਤੋਂ ਨਾ ਹਟਾ ਲਵੇ। (ਜ਼ਬੂਰਾਂ ਦੀ ਪੋਥੀ 51:7, 11) ਯਹੋਵਾਹ ਨੇ ਦਾਊਦ ਨੂੰ ਮਾਫ਼ ਕੀਤਾ ਅਤੇ ਉਸ ਦੀ ਸਜ਼ਾ ਨੂੰ ਵੀ ਘਟਾਇਆ, ਪਰ ਫਿਰ ਵੀ ਦਾਊਦ ਨੂੰ ਆਪਣੀ ਕਰਨੀ ਦਾ ਫਲ ਭੁਗਤਣਾ ਪਿਆ। ਦਾਊਦ ਦਾ ਪੁੱਤਰ ਮਰ ਗਿਆ ਅਤੇ ਉਸ ਸਮੇਂ ਤੋਂ ਉਸ ਦੇ ਘਰ ਵਿਚ ਕਲੇਸ਼ ਹੀ ਰਿਹਾ। ਪਰਮੇਸ਼ੁਰ ਦਾ ਭੈ ਨਾ ਰੱਖਣ ਦੀ ਉਸ ਨੂੰ ਕਿੰਨੀ ਵੱਡੀ ਕੀਮਤ ਚੁਕਾਉਣੀ ਪਈ!—2 ਸਮੂਏਲ 12:10-14; 13:10-14; 15:14.

17. ਪਾਪ ਕਰਨ ਦੇ ਦੁਖਦਾਈ ਨਤੀਜਿਆਂ ਦੀ ਇਕ ਮਿਸਾਲ ਦਿਓ।

17 ਅੱਜ ਜੇ ਅਸੀਂ ਰੱਬ ਦਾ ਭੈ ਨਾ ਰੱਖੀਏ, ਤਾਂ ਸਾਨੂੰ ਵੀ ਆਪਣੀ ਕਰਨੀ ਦੇ ਬੁਰੇ ਨਤੀਜੇ ਭੁਗਤਣੇ ਪੈਣਗੇ। ਜ਼ਰਾ ਉਸ ਪਤਨੀ ਦੇ ਦਰਦ ਦਾ ਅੰਦਾਜ਼ਾ ਲਾਓ ਜਿਸ ਨੂੰ ਪਤਾ ਲੱਗਾ ਕਿ ਵਿਦੇਸ਼ ਵਿਚ ਕੰਮ ਕਰਦੇ ਵਕਤ ਉਸ ਦੇ ਪਤੀ ਦੇ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਸਨ। ਪਤੀ ਦੀ ਬੇਵਫ਼ਾਈ ਕਰਕੇ ਉਸ ਨੂੰ ਇੰਨਾ ਧੱਕਾ ਲੱਗਾ ਕਿ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ। ਕੀ ਉਹ ਫਿਰ ਕਦੇ ਆਪਣੇ ਪਤੀ ਦੀ ਇੱਜ਼ਤ ਕਰ ਸਕੇਗੀ ਜਾਂ ਉਸ ਉੱਤੇ ਭਰੋਸਾ ਰੱਖ ਸਕੇਗੀ? ਰੱਬ ਦਾ ਭੈ ਰੱਖਣ ਕਰਕੇ ਅਸੀਂ ਅਜਿਹੇ ਦੁਖਦਾਈ ਨਤੀਜਿਆਂ ਤੋਂ ਬਚ ਸਕਦੇ ਹਾਂ।—1 ਕੁਰਿੰਥੀਆਂ 6:18.

ਪਰਮੇਸ਼ੁਰ ਦਾ ਭੈ ਸਾਨੂੰ ਪਾਪ ਕਰਨ ਤੋਂ ਰੋਕਦਾ ਹੈ

18. ਸ਼ਤਾਨ ਕੀ ਚਾਹੁੰਦਾ ਹੈ ਅਤੇ ਉਹ ਕਿਨ੍ਹਾਂ ਗੱਲਾਂ ਨੂੰ ਵਰਤਦਾ ਹੈ?

18 ਦੁਨੀਆਂ ਵਿਚ ਲੋਕਾਂ ਦਾ ਚਾਲ-ਚਲਣ ਵਿਗੜਦਾ ਜਾ ਰਿਹਾ ਹੈ ਤੇ ਸ਼ਤਾਨ ਸੱਚੇ ਮਸੀਹੀਆਂ ਨੂੰ ਵੀ ਵਿਗਾੜਨਾ ਚਾਹੁੰਦਾ ਹੈ। ਸਾਡੇ ਦਿਲਾਂ ਅਤੇ ਮਨਾਂ ਨੂੰ ਭ੍ਰਿਸ਼ਟ ਕਰਨ ਲਈ ਉਹ ਸਾਡੀਆਂ ਅੱਖਾਂ ਅਤੇ ਕੰਨਾਂ ਦੁਆਰਾ ਦੇਖੀਆਂ ਤੇ ਸੁਣੀਆਂ ਗੱਲਾਂ ਨੂੰ ਵਰਤਦਾ ਹੈ। (ਅਫ਼ਸੀਆਂ 4:17-19) ਤੁਸੀਂ ਕੀ ਕਰੋਗੇ ਜਦ ਅਚਾਨਕ ਤੁਹਾਡੀ ਨਜ਼ਰ ਗੰਦੀਆਂ ਤਸਵੀਰਾਂ ਤੇ ਪੈ ਜਾਂਦੀ ਹੈ, ਤੁਹਾਡਾ ਵਾਹ ਅਜਿਹੇ ਲੋਕਾਂ ਨਾਲ ਪੈਂਦਾ ਹੈ ਜੋ ਗੰਦੀਆਂ ਗੱਲਾਂ ਕਰਦੇ ਹਨ ਜਾਂ ਤੁਹਾਨੂੰ ਅਨੈਤਿਕ ਕੰਮ ਕਰਨ ਲਈ ਉਕਸਾਉਂਦੇ ਹਨ?

19. ਪਰਮੇਸ਼ੁਰ ਦਾ ਭੈ ਰੱਖਣ ਕਰਕੇ ਇਕ ਮਸੀਹੀ ਨੇ ਕੀ ਕੀਤਾ ਸੀ?

19 ਆਂਡਰੇ * ਦੀ ਮਿਸਾਲ ਵੱਲ ਧਿਆਨ ਦਿਓ ਜੋ ਯੂਰਪ ਵਿਚ ਇਕ ਡਾਕਟਰ ਹੈ। ਉਹ ਕਲੀਸਿਯਾ ਵਿਚ ਇਕ ਬਜ਼ੁਰਗ ਹੋਣ ਦੇ ਨਾਲ-ਨਾਲ ਇਕ ਪਿਤਾ ਵੀ ਹੈ। ਜਦ ਆਂਡਰੇ ਹਸਪਤਾਲ ਵਿਚ ਰਾਤ ਦੀ ਡਿਊਟੀ ਤੇ ਹੁੰਦਾ ਸੀ, ਤਾਂ ਉਸ ਨਾਲ ਕੰਮ ਕਰਦੀਆਂ ਔਰਤਾਂ ਉਸ ਨੂੰ ਉਨ੍ਹਾਂ ਨਾਲ ਜਿਨਸੀ ਸੰਬੰਧ ਬਣਾਉਣ ਲਈ ਕਹਿੰਦੀਆਂ ਸਨ। ਉਹ ਨੋਟ ਲਿਖ ਕੇ ਉਸ ਦੇ ਸਿਰਹਾਣੇ ਉੱਤੇ ਲਾ ਜਾਂਦੀਆਂ ਸਨ ਜਿਸ ਉੱਤੇ ਦਿਲ ਬਣਾਏ ਹੁੰਦੇ ਸਨ। ਪਰ ਆਂਡਰੇ ਨੇ ਉਨ੍ਹਾਂ ਵੱਲ ਕੋਈ ਧਿਆਨ ਨਾ ਦਿੱਤਾ। ਇਸ ਤੋਂ ਇਲਾਵਾ, ਉਸ ਨੇ ਇਹ ਨੌਕਰੀ ਛੱਡ ਕੇ ਹੋਰ ਕਿਤੇ ਕੰਮ ਲੱਭਿਆ। ਆਂਡਰੇ ਨੇ ਪਰਮੇਸ਼ੁਰ ਦਾ ਭੈ ਰੱਖਦਿਆਂ ਸਹੀ ਕਦਮ ਚੁੱਕਿਆ ਸੀ ਅਤੇ ਉਸ ਨੂੰ ਕਈ ਬਰਕਤਾਂ ਮਿਲੀਆਂ। ਅੱਜ ਆਂਡਰੇ ਕਦੀ-ਕਦਾਈਂ ਆਪਣੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਨ ਜਾਂਦਾ ਹੈ।

20, 21. (ੳ) ਪਰਮੇਸ਼ੁਰ ਦਾ ਭੈ ਰੱਖਣ ਨਾਲ ਅਸੀਂ ਪਾਪ ਕਰਨ ਤੋਂ ਕਿਵੇਂ ਬਚ ਸਕਦੇ ਹਾਂ? (ਅ) ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?

20 ਜੇ ਅਸੀਂ ਗ਼ਲਤ ਗੱਲਾਂ ਉੱਤੇ ਸੋਚ-ਵਿਚਾਰ ਕਰਦੇ ਰਹੀਏ, ਤਾਂ ਅਸੀਂ ਉਸ ਮੁਕਾਮ ਤੇ ਪਹੁੰਚ ਜਾਵਾਂਗੇ ਜਿੱਥੇ ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਦੀ ਪਰਵਾਹ ਨਾ ਕਰਦੇ ਹੋਏ ਗ਼ਲਤ ਇੱਛਾਵਾਂ ਨੂੰ ਪੂਰਾ ਕਰਾਂਗੇ। (ਯਾਕੂਬ 1:14, 15) ਦੂਜੇ ਪਾਸੇ, ਜੇ ਅਸੀਂ ਯਹੋਵਾਹ ਦਾ ਭੈ ਰੱਖਦੇ ਹਾਂ, ਤਾਂ ਅਸੀਂ ਉਨ੍ਹਾਂ ਲੋਕਾਂ, ਥਾਵਾਂ, ਕੰਮਾਂ ਜਾਂ ਮਨੋਰੰਜਨ ਤੋਂ ਦੂਰ ਰਹਾਂਗੇ ਜੋ ਸਾਡੇ ਨੇਕ-ਚਲਣ ਨੂੰ ਵਿਗਾੜ ਸਕਦੇ ਹਨ। (ਕਹਾਉਤਾਂ 22:3) ਜੇ ਲੋੜ ਪਵੇ, ਤਾਂ ਅਸੀਂ ਉੱਥੋਂ ਉੱਠ ਕੇ ਵੀ ਚਲੇ ਜਾਵਾਂਗੇ ਭਾਵੇਂ ਇੱਦਾਂ ਕਰਨਾ ਸਾਡੇ ਲਈ ਔਖਾ ਹੋਵੇ। ਅਜਿਹਾ ਕਦਮ ਚੁੱਕਣਾ ਪਰਮੇਸ਼ੁਰ ਦੀ ਮਿਹਰ ਗੁਆਉਣ ਨਾਲੋਂ ਬਿਹਤਰ ਹੈ। (ਮੱਤੀ 5:29, 30) ਪਰਮੇਸ਼ੁਰ ਦਾ ਭੈ ਰੱਖਣ ਦਾ ਮਤਲਬ ਹੈ ਕਿ ਅਸੀਂ ਜਾਣ-ਬੁੱਝ ਕੇ ਅਸ਼ਲੀਲ ਗੱਲਾਂ ਜਾਂ ਚੀਜ਼ਾਂ ਵੱਲ ਧਿਆਨ ਨਹੀਂ ਦਿਆਂਗੇ, ਸਗੋਂ ਅਸੀਂ ਆਪਣੀਆਂ ਅੱਖਾਂ ਨੂੰ “ਵਿਅਰਥ ਵੇਖਣ ਤੋਂ ਮੋੜ” ਲਵਾਂਗੇ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ਪੱਕਾ ਭਰੋਸਾ ਰੱਖ ਸਕਾਂਗੇ ਕਿ ਯਹੋਵਾਹ ਸਾਨੂੰ ਜੀਉਂਦਾ ਰੱਖੇਗਾ ਅਤੇ ਸਾਡੀ ਹਰ ਲੋੜ ਪੂਰੀ ਕਰੇਗਾ।—ਜ਼ਬੂਰਾਂ ਦੀ ਪੋਥੀ 84:11; 119:37.

21 ਜੀ ਹਾਂ, ਹਰ ਗੱਲ ਵਿਚ ਪਰਮੇਸ਼ੁਰ ਦਾ ਭੈ ਰੱਖਣਾ ਹੀ ਅਕਲਮੰਦੀ ਹੈ। ਇਸ ਤੋਂ ਸਾਨੂੰ ਸੱਚੀ ਖ਼ੁਸ਼ੀ ਵੀ ਮਿਲਦੀ ਹੈ। (ਜ਼ਬੂਰਾਂ ਦੀ ਪੋਥੀ 34:9) ਅਗਲੇ ਲੇਖ ਵਿਚ ਇਸ ਬਾਰੇ ਹੋਰ ਸਮਝਾਇਆ ਜਾਵੇਗਾ।

[ਫੁਟਨੋਟ]

^ ਪੈਰਾ 3 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਜਾਗਰੂਕ ਬਣੋ! ਜਨਵਰੀ-ਮਾਰਚ 1998 ਦੇ ਅੰਕ ਵਿਚ “ਬਾਈਬਲ ਦਾ ਦ੍ਰਿਸ਼ਟੀਕੋਣ: ਤੁਸੀਂ ਇਕ ਪ੍ਰੇਮ ਦੇ ਪਰਮੇਸ਼ੁਰ ਤੋਂ ਕਿਵੇਂ ਡਰ ਸਕਦੇ ਹੋ?” ਨਾਂ ਦਾ ਲੇਖ ਦੇਖੋ।

^ ਪੈਰਾ 19 ਅਸਲੀ ਨਾਂ ਨਹੀਂ।

ਕੀ ਤੁਸੀਂ ਸਮਝਾ ਸਕਦੇ ਹੋ?

• ਪਰਮੇਸ਼ੁਰ ਦਾ ਭੈ ਰੱਖਣ ਵਿਚ ਕਿਹੜੀਆਂ ਗੱਲਾਂ ਸ਼ਾਮਲ ਹਨ?

• ਪਰਮੇਸ਼ੁਰ ਦਾ ਭੈ ਰੱਖਣ ਨਾਲ ਅਸੀਂ ਇਨਸਾਨਾਂ ਤੋਂ ਕਿਉਂ ਨਹੀਂ ਡਰਾਂਗੇ?

• ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪ੍ਰਾਰਥਨਾ ਦੀ ਅਹਿਮੀਅਤ ਸਮਝਦੇ ਹਾਂ?

• ਪਰਮੇਸ਼ੁਰ ਦਾ ਭੈ ਸਾਨੂੰ ਪਾਪ ਕਰਨ ਤੋਂ ਕਿਵੇਂ ਰੋਕ ਸਕਦਾ ਹੈ?

[ਸਵਾਲ]

[ਸਫ਼ਾ 23 ਉੱਤੇ ਤਸਵੀਰ]

ਦਾਊਦ ਨੇ ਯਹੋਵਾਹ ਦੀ ਰਚਨਾ ਵੱਲ ਦੇਖ ਕੇ ਉਸ ਦਾ ਭੈ ਰੱਖਣਾ ਸਿੱਖਿਆ

[ਸਫ਼ਾ 24 ਉੱਤੇ ਤਸਵੀਰਾਂ]

ਤੁਸੀਂ ਕੀ ਕਰੋਗੇ ਜੇ ਤੁਹਾਡੀ ਨਜ਼ਰ ਕਿਸੇ ਗ਼ਲਤ ਚੀਜ਼ ਉੱਤੇ ਪੈ ਜਾਵੇ?