Skip to content

Skip to table of contents

ਮੇਰਾ ਪੂਰਾ ਪਰਿਵਾਰ ਯਹੋਵਾਹ ਦੀ ਭਗਤੀ ਕਰਨ ਲੱਗ ਪਿਆ

ਮੇਰਾ ਪੂਰਾ ਪਰਿਵਾਰ ਯਹੋਵਾਹ ਦੀ ਭਗਤੀ ਕਰਨ ਲੱਗ ਪਿਆ

ਜੀਵਨੀ

ਮੇਰਾ ਪੂਰਾ ਪਰਿਵਾਰ ਯਹੋਵਾਹ ਦੀ ਭਗਤੀ ਕਰਨ ਲੱਗ ਪਿਆ

ਸੂਮੀਕੋ ਹੀਰਾਨੋ ਦੀ ਜ਼ਬਾਨੀ

ਮੈਨੂੰ ਜ਼ਿੰਦਗੀ ਦਾ ਬਿਹਤਰੀਨ ਰਾਹ ਲੱਭ ਗਿਆ ਸੀ ਤੇ ਮੈਂ ਚਾਹੁੰਦੀ ਸੀ ਕਿ ਮੇਰਾ ਪਤੀ ਇਸ ਰਾਹ ਤੇ ਮੇਰੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲੇ। ਪਰ ਮੇਰੀ ਇਹ ਮੁਰਾਦ 42 ਸਾਲ ਬਾਅਦ ਪੂਰੀ ਹੋਈ।

ਮੇਰਾ ਵਿਆਹ 1951 ਵਿਚ 21 ਸਾਲਾਂ ਦੀ ਉਮਰ ਵਿਚ ਹੋਇਆ। ਚੌਹਾਂ ਸਾਲਾਂ ਦੇ ਅੰਦਰ-ਅੰਦਰ ਮੇਰੇ ਦੋ ਮੁੰਡੇ ਹੋ ਗਏ ਅਤੇ ਰੱਬ ਨੇ ਮੇਰੀ ਝੋਲੀ ਖ਼ੁਸ਼ੀਆਂ ਨਾਲ ਭਰ ਦਿੱਤੀ।

ਸਾਲ 1957 ਦੀ ਗੱਲ ਹੈ। ਮੇਰੀ ਵੱਡੀ ਭੈਣ ਨੇ ਮੈਨੂੰ ਦੱਸਿਆ ਕਿ ਯਹੋਵਾਹ ਦੇ ਗਵਾਹਾਂ ਦੀ ਇਕ ਮਿਸ਼ਨਰੀ ਉਸ ਨਾਲ ਬਾਈਬਲ ਬਾਰੇ ਗੱਲਬਾਤ ਕਰਨ ਆਉਂਦੀ ਸੀ। ਭਾਵੇਂ ਕਿ ਮੇਰੀ ਭੈਣ ਬੁੱਧ ਧਰਮ ਨੂੰ ਮੰਨਦੀ ਸੀ, ਪਰ ਉਹ ਬਾਈਬਲ ਦੀ ਸਟੱਡੀ ਕਰਨ ਲੱਗ ਪਈ। ਉਸ ਨੇ ਮੈਨੂੰ ਵੀ ਸਟੱਡੀ ਕਰਨ ਦੀ ਹੱਲਾਸ਼ੇਰੀ ਦਿੱਤੀ ਅਤੇ ਮੈਂ ਹਾਮੀ ਭਰ ਦਿੱਤੀ। ਪ੍ਰੋਟੈਸਟੈਂਟ ਚਰਚ ਜਾਂਦੀ ਹੋਣ ਕਰਕੇ ਮੈਂ ਮਨ ਹੀ ਮਨ ਸੋਚਿਆ ਕਿ ਮੈਨੂੰ ਬਾਈਬਲ ਦਾ ਵਾਹਵਾ ਗਿਆਨ ਹੈ ਤੇ ਮੈਂ ਯਹੋਵਾਹ ਦੇ ਗਵਾਹਾਂ ਨੂੰ ਝੂਠਾ ਸਾਬਤ ਕਰ ਦਿਖਾਵਾਂਗੀ। ਪਰ ਹੋਇਆ ਬਿਲਕੁਲ ਉਲਟ।

ਜਲਦ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਬਾਈਬਲ ਬਾਰੇ ਕਿੰਨਾ ਘੱਟ ਜਾਣਦੀ ਸਾਂ। ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਯਹੋਵਾਹ ਕੌਣ ਹੈ। ਪਹਿਲਾਂ ਕਦੇ ਵੀ ਮੈਂ ਇਹ ਨਾਮ ਚਰਚ ਵਿਚ ਨਹੀਂ ਸੁਣਿਆ ਸੀ। ਮਿਸ਼ਨਰੀ ਭੈਣ ਡੈਫ਼ਨੀ ਕੁਕ (ਵਿਆਹੁਤਾ ਨਾਂ ਪਟਿੱਟ) ਨੇ ਮੈਨੂੰ ਯਸਾਯਾਹ 42:8 ਖੋਲ੍ਹ ਕੇ ਦਿਖਾਇਆ ਜਿੱਥੇ ਸਾਫ਼-ਸਾਫ਼ ਲਿਖਿਆ ਸੀ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਦਾ ਨਾਮ ਯਹੋਵਾਹ ਹੈ। ਡੈਫ਼ਨੀ ਨੇ ਮੇਰੇ ਹਰ ਸਵਾਲ ਦਾ ਜਵਾਬ ਬਾਈਬਲ ਵਿੱਚੋਂ ਦਿੱਤਾ।

ਇਹੀ ਸਵਾਲ ਮੈਂ ਜਾ ਕੇ ਆਪਣੇ ਚਰਚ ਦੇ ਪਾਦਰੀ ਤੋਂ ਪੁੱਛੇ। ਜਵਾਬ ਦੇਣ ਦੀ ਬਜਾਇ ਉਹ ਮੈਨੂੰ ਅੱਗੋਂ ਕਹਿਣ ਲੱਗਾ, “ਸਵਾਲ ਪੁੱਛਣਾ ਪਾਪ ਹੈ। ਤੈਨੂੰ ਜੋ ਦੱਸਿਆ ਜਾਂਦਾ, ਉਸੇ ਨੂੰ ਮੰਨ।” ਇਹ ਤਾਂ ਮੈਨੂੰ ਪਤਾ ਸੀ ਕਿ ਸਵਾਲ ਪੁੱਛਣੇ ਗ਼ਲਤ ਨਹੀਂ ਸਨ, ਪਰ ਇਸ ਦੇ ਬਾਵਜੂਦ ਮੈਂ ਛੇ ਮਹੀਨੇ ਸਵੇਰੇ ਚਰਚ ਜਾਂਦੀ ਰਹੀ ਅਤੇ ਦੁਪਹਿਰ ਨੂੰ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ।

ਮੇਰੇ ਵਿਆਹੁਤਾ ਜੀਵਨ ਤੇ ਅਸਰ

ਬਾਈਬਲ ਵਿੱਚੋਂ ਨਵੀਆਂ ਗੱਲਾਂ ਸਿੱਖ ਕੇ ਮੈਨੂੰ ਚਾਅ ਚੜ੍ਹ ਜਾਂਦਾ ਸੀ ਤੇ ਮੈਂ ਹਰ ਗੱਲ ਆਪਣੇ ਪਤੀ ਕਾਜ਼ੁਹੀਕੋ ਨਾਲ ਸਾਂਝੀ ਕਰਨੀ ਚਾਹੁੰਦੀ ਸੀ। ਇਸ ਲਈ ਸਟੱਡੀ ਅਤੇ ਮੀਟਿੰਗਾਂ ਵਿਚ ਜੋ ਕੁਝ ਵੀ ਮੈਂ ਸਿੱਖਦੀ, ਘਰ ਆ ਕੇ ਉਨ੍ਹਾਂ ਨੂੰ ਦੱਸ ਦਿੰਦੀ। ਇਸੇ ਗੱਲ ਪਿੱਛੇ ਸਾਡੇ ਰਿਸ਼ਤੇ ਵਿਚ ਦਰਾੜ ਪੈ ਗਈ। ਉਹ ਨਹੀਂ ਸਨ ਚਾਹੁੰਦੇ ਕਿ ਮੈਂ ਯਹੋਵਾਹ ਦੀ ਗਵਾਹ ਬਣ ਜਾਵਾਂ। ਪਰ ਮੈਨੂੰ ਬਾਈਬਲ ਦੀ ਸਟੱਡੀ ਕਰ ਕੇ ਇੰਨੀ ਖ਼ੁਸ਼ੀ ਮਿਲਦੀ ਸੀ ਕਿ ਮੈਂ ਸਟੱਡੀ ਬੰਦ ਕਰਨ ਜਾਂ ਮੀਟਿੰਗਾਂ ਵਿਚ ਨਾ ਜਾਣ ਬਾਰੇ ਸੋਚ ਵੀ ਨਹੀਂ ਸਕਦੀ ਸੀ।

ਮੀਟਿੰਗ ਜਾਣ ਤੋਂ ਪਹਿਲਾਂ ਮੈਂ ਕਾਜ਼ੁਹੀਕੋ ਦਾ ਮਨਪਸੰਦ ਖਾਣਾ ਤਿਆਰ ਕਰਿਆ ਕਰਦੀ ਸੀ। ਪਰ ਉਹ ਮੇਰੇ ਹੱਥ ਦੀ ਪਕਾਈ ਰੋਟੀ ਖਾਣ ਦੀ ਬਜਾਇ ਬਾਹਰ ਖਾਣਾ ਖਾਣ ਚਲੇ ਜਾਂਦੇ ਸਨ। ਜਦੋਂ ਮੈਂ ਮੀਟਿੰਗ ਤੋਂ ਘਰ ਆਉਂਦੀ, ਤਾਂ ਉਹ ਮੂੰਹ ਫੁਲਾ ਕੇ ਅਤੇ ਪਾਸਾ ਵੱਟ ਕੇ ਬੈਠ ਜਾਂਦੇ ਸਨ। ਦੋ-ਤਿੰਨ ਦਿਨ ਬਾਅਦ ਉਨ੍ਹਾਂ ਦਾ ਮੂਡ ਥੋੜ੍ਹਾ-ਬਹੁਤ ਠੀਕ ਹੋ ਜਾਂਦਾ ਸੀ। ਪਰ ਮੀਟਿੰਗ ਤਾਂ ਹਰ ਹਫ਼ਤੇ ਹੁੰਦੀ ਸੀ, ਇਸ ਕਰਕੇ ਇਹ ਸਿਲਸਿਲਾ ਇੱਦਾਂ ਹੀ ਚੱਲਦਾ ਰਿਹਾ।

ਉਨ੍ਹੀਂ ਦਿਨੀਂ ਮੈਨੂੰ ਟੀ. ਬੀ. ਹੋ ਗਈ। ਇਹ ਨਾਮੁਰਾਦ ਬੀਮਾਰੀ ਪਹਿਲਾਂ ਹੀ ਮੇਰੇ ਪਤੀ ਦੇ ਪਰਿਵਾਰ ਦੇ ਕਈ ਮੈਂਬਰਾਂ ਦੀ ਜਾਨ ਲੈ ਚੁੱਕੀ ਸੀ। ਇਸ ਲਈ ਉਹ ਬਹੁਤ ਘਾਬਰ ਗਏ। ਉਨ੍ਹਾਂ ਮੈਨੂੰ ਆਖਿਆ ਕਿ ‘ਇਕ ਵਾਰ ਠੀਕ ਹੋ ਜਾ ਤੇ ਫਿਰ ਤੂੰ ਜੋ ਚਾਹੁੰਦੀ ਹੈਂ ਕਰੀਂ।’ ਮੈਂ ਉਨ੍ਹਾਂ ਨੂੰ ਇੱਕੋ ਅਰਜ਼ ਕੀਤੀ ਕਿ ਉਹ ਮੇਰੇ ਮੀਟਿੰਗਾਂ ਵਿਚ ਜਾਣ ਤੇ ਇਤਰਾਜ਼ ਨਾ ਕਰਨ। ਉਨ੍ਹਾਂ ਨੇ ਮੇਰੀ ਗੱਲ ਮੰਨ ਲਈ।

ਮੈਨੂੰ ਠੀਕ ਹੋਣ ਵਿਚ ਪੂਰੇ ਛੇ ਮਹੀਨੇ ਲੱਗੇ। ਇਸ ਸਮੇਂ ਦੌਰਾਨ ਮੈਂ ਬੜੀ ਲਗਨ ਨਾਲ ਬਾਈਬਲ ਦੀ ਸਟੱਡੀ ਕੀਤੀ। ਮੈਂ ਸੋਚਿਆ ਕਿ ਜੇ ਮੈਂ ਯਹੋਵਾਹ ਦੇ ਗਵਾਹ ਦੀਆਂ ਸਿੱਖਿਆਵਾਂ ਵਿਚ ਇਕ ਵੀ ਗ਼ਲਤੀ ਲੱਭ ਲਈ, ਤਾਂ ਮੈਂ ਸਟੱਡੀ ਕਰਨੀ ਛੱਡ ਦਿਆਂਗੀ। ਪਰ ਮੈਨੂੰ ਕੋਈ ਗ਼ਲਤੀ ਨਾ ਲੱਭੀ। ਉਲਟਾ ਪ੍ਰੋਟੈਸਟੈਂਟ ਚਰਚ ਦੀਆਂ ਕਈ ਗ਼ਲਤ ਸਿੱਖਿਆਵਾਂ ਮੈਨੂੰ ਪਤਾ ਲੱਗੀਆਂ। ਸਟੱਡੀ ਰਾਹੀਂ ਮੈਨੂੰ ਪਤਾ ਲੱਗਾ ਕਿ ਯਹੋਵਾਹ ਕਿੰਨਾ ਪਿਆਰ ਕਰਨ ਵਾਲਾ ਤੇ ਇਨਸਾਫ਼-ਪਸੰਦ ਪਰਮੇਸ਼ੁਰ ਹੈ। ਮੈਂ ਇਹ ਵੀ ਦੇਖਿਆ ਕਿ ਉਸ ਦੇ ਹੁਕਮ ਮੰਨਣ ਨਾਲ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਜਾਂਦੀ ਹੈ।

ਮੇਰੇ ਠੀਕ ਹੋਣ ਦੇ ਬਾਅਦ ਮੇਰੇ ਪਤੀ ਆਪਣੇ ਵਾਅਦੇ ਦੇ ਪੱਕੇ ਰਹੇ। ਉਨ੍ਹਾਂ ਨੇ ਮੈਨੂੰ ਮੀਟਿੰਗਾਂ ਵਿਚ ਜਾਣ ਦੀ ਪੂਰੀ ਛੁੱਟ ਦੇ ਦਿੱਤੀ। ਯਹੋਵਾਹ ਲਈ ਮੇਰਾ ਪਿਆਰ ਵਧਦਾ ਗਿਆ ਅਤੇ ਮਈ 1958 ਵਿਚ ਮੈਂ ਬਪਤਿਸਮਾ ਲੈ ਕੇ ਯਹੋਵਾਹ ਦੀ ਗਵਾਹ ਬਣ ਗਈ। ਹੁਣ ਮੇਰੇ ਦਿਲ ਵਿਚ ਇੱਕੋ ਖ਼ਾਹਸ਼ ਸੀ ਕਿ ਮੇਰਾ ਸਾਰਾ ਪਰਿਵਾਰ ਰਲ ਕੇ ਯਹੋਵਾਹ ਦੀ ਉਪਾਸਨਾ ਕਰੇ।

ਆਪਣੇ ਬੱਚਿਆਂ ਨੂੰ ਪਰਮੇਸ਼ੁਰ ਬਾਰੇ ਸਿਖਾਇਆ

ਮੇਰੇ ਦੋਵੇਂ ਮੁੰਡੇ ਮੇਰੇ ਨਾਲ ਹਮੇਸ਼ਾ ਮੀਟਿੰਗਾਂ ਵਿਚ ਅਤੇ ਪ੍ਰਚਾਰ ਕਰਨ ਜਾਂਦੇ ਸੀ। ਦੋ ਗੱਲਾਂ ਤੋਂ ਮੈਨੂੰ ਸਾਫ਼ ਪਤਾ ਚੱਲਿਆ ਕਿ ਬਾਈਬਲ ਦਾ ਗਿਆਨ ਉਨ੍ਹਾਂ ਦੇ ਦਿਲਾਂ ਵਿਚ ਘਰ ਕਰ ਰਿਹਾ ਸੀ। ਹੋਇਆ ਇੰਜ ਕਿ ਇਕ ਦਿਨ ਮੇਰਾ ਛੇਆਂ ਸਾਲਾਂ ਦਾ ਮੁੰਡਾ ਮਾਸਾਹੀਕੋ ਘਰ ਦੇ ਬਾਹਰ ਖੇਡ ਰਿਹਾ ਸੀ। ਮੇਰੇ ਕੰਨਾਂ ਵਿਚ ਚੀਕ ਦੀ ਆਵਾਜ਼ ਪਈ। ਇੰਨੇ ਵਿਚ ਹੀ ਮੇਰੀ ਗੁਆਂਢਣ ਭੱਜੀ-ਭੱਜੀ ਆਈ ਤੇ ਘਰ ਵਿਚ ਵੜਦਿਆਂ ਹੀ ਉੱਚੀ-ਉੱਚੀ ਕਹਿਣ ਲੱਗੀ ‘ਭੈਣ ਜੀ, ਤੁਹਾਡੇ ਮੁੰਡੇ ਦਾ ਕਾਰ ਨਾਲ ਐਕਸੀਡੈਂਟ ਹੋ ਗਿਆ।’ ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੈਂ ਆਪਣੇ ਆਪ ਨੂੰ ਮਸਾਂ ਸੰਭਾਲਿਆ ਅਤੇ ਬਾਹਰ ਨੂੰ ਦੌੜੀ। ਉਸ ਦਾ ਟੁੱਟਿਆ-ਭੱਜਿਆ ਸਾਈਕਲ ਦੇਖ ਕੇ ਮੇਰਾ ਦਿਲ ਕੰਬ ਉੱਠਿਆ। ਪਰ ਫਿਰ ਮੇਰੇ ਸਾਹ ਵਿਚ ਸਾਹ ਪਿਆ ਜਦ ਮੈਂ ਉਸ ਨੂੰ ਆਪਣੇ ਵੱਲ ਆਉਂਦਾ ਦੇਖਿਆ। ਉਸ ਦੇ ਥੋੜ੍ਹੀਆਂ ਸੱਟਾਂ ਲੱਗੀਆਂ ਸਨ। ਮੈਨੂੰ ਜੱਫੀ ਪਾਉਂਦਿਆਂ ਉਸ ਨੇ ਕਿਹਾ, “ਮੰਮੀ ਜੀ, ਮੈਨੂੰ ਯਹੋਵਾਹ ਨੇ ਬਚਾ ਲਿਆ, ਹੈ ਨਾ?” ਉਸ ਨੂੰ ਠੀਕ-ਠਾਕ ਦੇਖ ਕੇ ਤੇ ਮੂੰਹੋਂ ਇਹ ਮਾਸੂਮੀਅਤ ਭਰੇ ਸ਼ਬਦ ਸੁਣ ਕੇ ਮੇਰੀਆਂ ਅੱਖਾਂ ਭਰ ਆਈਆਂ।

ਇਕ ਹੋਰ ਦਿਨ ਦੀ ਗੱਲ ਹੈ ਜਦ ਮੈਂ ਤੇ ਮੇਰਾ ਵੱਡਾ ਮੁੰਡਾ ਟੋਮੋਯੋਸ਼ੀ ਪ੍ਰਚਾਰ ਕਰ ਰਹੇ ਸੀ। ਉਦੋਂ ਇਕ ਬਜ਼ੁਰਗ ਆਦਮੀ ਮੈਨੂੰ ਉੱਚੀ-ਉੱਚੀ ਕਹਿਣ ਲੱਗਾ, “ਤੂੰ ਨਿਆਣੇ ਨੂੰ ਲਈ ਕਿੱਥੇ ਤੁਰੀ-ਫਿਰਦੀ ਏਂ? ਮੈਨੂੰ ਬੜਾ ਤਰਸ ਆ ਰਿਹਾ ਮੁੰਡੇ ਤੇ।” ਮੇਰੇ ਜਵਾਬ ਦੇਣ ਤੋਂ ਪਹਿਲਾਂ ਹੀ ਟੋਮੋਯੋਸ਼ੀ ਨੇ ਉਸ ਨੂੰ ਕਿਹਾ, “ਅੰਕਲ ਜੀ, ਮੰਮੀ ਜੀ ਮੈਨੂੰ ਜ਼ਬਰਦਸਤੀ ਪ੍ਰਚਾਰ ਤੇ ਨਹੀਂ ਲੈ ਕੇ ਆਏ। ਮੈਂ ਪ੍ਰਚਾਰ ਕਰਦਾ ਹਾਂ ਕਿਉਂਕਿ ਮੈਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦਾ ਹਾਂ।” ਮੁੰਡੇ ਦੀ ਗੱਲ ਸੁਣ ਕੇ ਉਹ ਬਜ਼ੁਰਗ ਡੋਰ-ਭੋਰ ਹੋਇਆ ਸਾਡੇ ਮੂੰਹਾਂ ਵੱਲ ਦੇਖੀ ਜਾਵੇ ਤੇ ਉਸ ਨੂੰ ਮੂੰਹੋਂ ਕੁਝ ਨਾ ਸੁੱਝੇ।

ਬੱਚਿਆਂ ਨੂੰ ਪਰਮੇਸ਼ੁਰ ਦੀ ਸਿੱਖਿਆ ਦੇਣ ਵਿਚ ਮੇਰੇ ਪਤੀ ਮੇਰੀ ਮਦਦ ਨਹੀਂ ਕਰ ਸਕਦੇ ਸਨ। ਇਸ ਲਈ ਮੈਨੂੰ ਆਪ ਹੀ ਇਹ ਕੰਮ ਕਰਨਾ ਪਿਆ। ਪਰ ਪਹਿਲਾਂ ਮੈਨੂੰ ਖ਼ੁਦ ਬਹੁਤ ਕੁਝ ਸਿੱਖਣ ਦੀ ਲੋੜ ਸੀ। ਮੈਂ ਆਪਣੇ ਅੰਦਰ ਯਹੋਵਾਹ ਲਈ ਪਿਆਰ, ਨਿਹਚਾ ਅਤੇ ਉਸ ਦੇ ਕੰਮ ਲਈ ਜੋਸ਼ ਪੈਦਾ ਕੀਤਾ ਤਾਂਕਿ ਮੈਂ ਆਪਣੇ ਨਿਆਣਿਆਂ ਲਈ ਇਕ ਵਧੀਆ ਮਿਸਾਲ ਬਣ ਸਕਾਂ। ਰੋਜ਼ ਮੈਂ ਆਪਣੇ ਬੱਚਿਆਂ ਸਾਮ੍ਹਣੇ ਯਹੋਵਾਹ ਦਾ ਦਿਲੋਂ ਧੰਨਵਾਦ ਕਰਦੀ ਹੁੰਦੀ ਸੀ। ਮੈਂ ਉਨ੍ਹਾਂ ਨਾਲ ਪ੍ਰਚਾਰ ਵਿਚ ਹੋਏ ਤਜਰਬੇ ਵੀ ਸਾਂਝੇ ਕੀਤੇ। ਇਸ ਨਾਲ ਉਨ੍ਹਾਂ ਨੂੰ ਕਾਫ਼ੀ ਉਤਸ਼ਾਹ ਮਿਲਿਆ। ਜਦ ਇਕ ਵਾਰ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਪਾਇਨੀਅਰੀ ਕਰਨੀ ਕਿਉਂ ਸ਼ੁਰੂ ਕੀਤੀ, ਤਾਂ ਉਨ੍ਹਾਂ ਨੇ ਦੱਸਿਆ, “ਅਸੀਂ ਦੇਖਿਆ ਕਿ ਮੰਮੀ ਜੀ ਪਾਇਨੀਅਰੀ ਕਰ ਕੇ ਕਿੰਨੇ ਖ਼ੁਸ਼ ਸਨ ਅਤੇ ਅਸੀਂ ਵੀ ਆਪਣੀ ਜ਼ਿੰਦਗੀ ਵਿਚ ਇਹ ਖ਼ੁਸ਼ੀ ਪਾਉਣੀ ਚਾਹੁੰਦੇ ਸਾਂ।”

ਮੈਂ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਿਆ ਕਿ ਮੈਂ ਮੁੰਡਿਆਂ ਦੇ ਸਾਮ੍ਹਣੇ ਨਾ ਤਾਂ ਉਨ੍ਹਾਂ ਦੇ ਪਿਤਾ ਦੀ ਤੇ ਨਾ ਹੀ ਕਲੀਸਿਯਾ ਦੇ ਕਿਸੇ ਭੈਣ ਜਾਂ ਭਰਾ ਦੀ ਨੁਕਤਾਚੀਨੀ ਕਰਾਂ। ਮੈਂ ਜਾਣਦੀ ਸੀ ਕਿ ਇਸ ਦਾ ਉਨ੍ਹਾਂ ਤੇ ਮਾੜਾ ਅਸਰ ਪਏਗਾ। ਨਾ ਤਾਂ ਉਨ੍ਹਾਂ ਦੇ ਦਿਲਾਂ ਵਿਚ ਮੇਰੇ ਲਈ ਕੋਈ ਇੱਜ਼ਤ ਰਹਿਣੀ ਸੀ ਤੇ ਨਾ ਹੀ ਉਨ੍ਹਾਂ ਲਈ ਜਿਨ੍ਹਾਂ ਦੀ ਮੈਂ ਨੁਕਤਾਚੀਨੀ ਕਰਦੀ।

ਮੁਸ਼ਕਲਾਂ ਮੈਨੂੰ ਹਰਾ ਨਾ ਸਕੀਆਂ

ਸਾਲ 1963 ਵਿਚ ਮੇਰੇ ਪਤੀ ਦਾ ਤਬਾਦਲਾ ਤਾਈਵਾਨ ਵਿਚ ਹੋ ਗਿਆ। ਉਨ੍ਹਾਂ ਮੈਨੂੰ ਆਖਿਆ ਕਿ ਜੇ ਮੈਂ ਉੱਥੇ ਜਾ ਕੇ ਵੀ ਜਪਾਨੀ ਲੋਕਾਂ ਨੂੰ ਪ੍ਰਚਾਰ ਕੀਤਾ, ਤਾਂ ਮੈਂ ਉਸ ਲਈ ਮੁਸ਼ਕਲਾਂ ਖੜ੍ਹੀਆਂ ਕਰ ਦੇਵਾਂਗੀ। ਸਾਨੂੰ ਵਾਪਸ ਜਪਾਨ ਭੇਜ ਦਿੱਤਾ ਜਾਵੇਗਾ ਅਤੇ ਇਸ ਨਾਲ ਉਨ੍ਹਾਂ ਦੀ ਕੰਪਨੀ ਦਾ ਬਹੁਤ ਨੁਕਸਾਨ ਹੋਵੇਗਾ। ਅਸਲ ਵਿਚ ਉਹ ਚਾਹੁੰਦੇ ਸਨ ਕਿ ਗਵਾਹਾਂ ਨਾਲੋਂ ਸਾਡਾ ਨਾਤਾ ਟੁੱਟ ਜਾਵੇ।

ਤਾਈਵਾਨ ਦੇ ਗਵਾਹਾਂ ਨੇ ਸਾਡਾ ਨਿੱਘਾ ਸੁਆਗਤ ਕੀਤਾ। ਉੱਥੇ ਸਾਰੀਆਂ ਮੀਟਿੰਗਾਂ ਚੀਨੀ ਭਾਸ਼ਾ ਵਿਚ ਕੀਤੀਆਂ ਜਾਂਦੀਆਂ ਸਨ। ਮੈਂ ਚੀਨੀ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ ਤਾਂਕਿ ਮੈਂ ਜਪਾਨੀ ਲੋਕਾਂ ਦੀ ਬਜਾਇ ਚੀਨੀ ਲੋਕਾਂ ਨੂੰ ਪ੍ਰਚਾਰ ਕਰ ਪਾਵਾਂ। ਇਸ ਤਰ੍ਹਾਂ ਮੈਂ ਪ੍ਰਚਾਰ ਵੀ ਕਰ ਸਕਦੀ ਸੀ ਤੇ ਆਪਣੇ ਪਤੀ ਦੀ ਗੱਲ ਵੀ ਰੱਖ ਸਕਦੀ ਸੀ।

ਤਾਈਵਾਨ ਵਿਚ ਭੈਣ-ਭਰਾਵਾਂ ਦੀ ਸੰਗਤ ਸਾਨੂੰ ਯਹੋਵਾਹ ਦੇ ਹੋਰ ਨੇੜੇ ਲੈ ਗਈ। ਮਿਸ਼ਨਰੀ ਜੋੜੇ ਹਾਰਵੀ ਅਤੇ ਕੈਥੀ ਲੋਗਨ ਨੇ ਸਾਡੀ ਬੇਹੱਦ ਮਦਦ ਕੀਤੀ। ਭਰਾ ਲੋਗਨ ਨੇ ਇਕ ਬਾਪ ਦੀ ਤਰ੍ਹਾਂ ਮੇਰੇ ਮੁੰਡਿਆਂ ਨੂੰ ਯਹੋਵਾਹ ਬਾਰੇ ਸਿਖਾਇਆ। ਉਸ ਨੇ ਉਨ੍ਹਾਂ ਨੂੰ ਸਿਖਾਇਆ ਕਿ ਯਹੋਵਾਹ ਦੀ ਭਗਤੀ ਕਰਨੀ ਕੋਈ ਤਪੱਸਿਆ ਜਾਂ ਦੁਖਦਾਈ ਕੰਮ ਨਹੀਂ। ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਮੇਰੇ ਬੱਚਿਆਂ ਨੇ ਤਾਈਵਾਨ ਵਿਚ ਰਹਿੰਦਿਆਂ ਯਹੋਵਾਹ ਦੀ ਭਗਤੀ ਕਰਨ ਦਾ ਇਰਾਦਾ ਕਰ ਲਿਆ ਸੀ।

ਤਾਈਵਾਨ ਵਿਚ ਮੇਰੇ ਦੋਵੇਂ ਮੁੰਡੇ ਅਮਰੀਕਨ ਸਕੂਲੇ ਪੜ੍ਹੇ ਸਨ ਜਿੱਥੇ ਉਨ੍ਹਾਂ ਨੂੰ ਅੰਗ੍ਰੇਜ਼ੀ ਅਤੇ ਚੀਨੀ ਦੋਵੇਂ ਭਾਸ਼ਾਵਾਂ ਸਿਖਾਈਆਂ ਗਈਆਂ ਸਨ। ਇਸ ਪੜ੍ਹਾਈ ਸਦਕਾ ਉਹ ਅੱਗੇ ਜਾ ਕੇ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਹੋਰ ਬਿਹਤਰ ਤਰੀਕੇ ਨਾਲ ਕਰ ਪਾਏ। ਮੈਂ ਯਹੋਵਾਹ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਕਿ ਉਸ ਨੇ ਸਾਡੇ ਉਸ ਮੁਸ਼ਕਲ ਸਮੇਂ ਨੂੰ ਖ਼ੁਸ਼ੀਆਂ ਭਰਿਆ ਬਣਾ ਦਿੱਤਾ। ਤਾਈਵਾਨ ਵਿਚ ਸਾਢੇ ਤਿੰਨ ਸਾਲ ਰਹਿਣ ਤੋਂ ਬਾਅਦ ਅਸੀਂ ਸਾਰੇ ਜਪਾਨ ਵਾਪਸ ਪਰਤ ਆਏ।

ਹੁਣ ਮੇਰੇ ਮੁੰਡਿਆਂ ਨੇ ਜਵਾਨੀ ਵਿਚ ਪੈਰ ਪਾ ਲਿਆ ਸੀ ਅਤੇ ਉਹ ਆਪਣੀ ਮਨ-ਮਰਜ਼ੀ ਕਰਨੀ ਚਾਹੁੰਦੇ ਸਨ। ਉਨ੍ਹਾਂ ਨਾਲ ਬੈਠ ਕੇ ਪਰਮੇਸ਼ੁਰ ਦੇ ਅਸੂਲਾਂ ਤੇ ਗੱਲ ਕਰਦੇ ਹੋਏ ਕਈ-ਕਈ ਘੰਟੇ ਬੀਤ ਜਾਂਦੇ ਸਨ। ਯਹੋਵਾਹ ਨੇ ਹੀ ਇਸ ਔਖੇ ਦੌਰ ਵਿਚ ਉਨ੍ਹਾਂ ਦੀ ਮਦਦ ਕੀਤੀ। ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਟੋਮੋਯੋਸ਼ੀ ਨੇ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਪਾਇਨੀਅਰੀ ਦੇ ਪਹਿਲੇ ਹੀ ਕੁਝ ਸਾਲਾਂ ਦੌਰਾਨ ਟੋਮੋਯੋਸ਼ੀ ਨੇ ਚੋਹਾਂ ਜਣਿਆਂ ਦੀ ਯਹੋਵਾਹ ਨੂੰ ਜਾਣਨ ਅਤੇ ਬਪਤਿਸਮਾ ਲੈਣ ਵਿਚ ਮਦਦ ਕੀਤੀ। ਮਾਸਾਹੀਕੋ ਨੇ ਵੀ ਆਪਣੇ ਭਰਾ ਦੇ ਨਕਸ਼ੇ-ਕਦਮ ਤੇ ਚੱਲਦੇ ਹੋਏ ਸੈਕੰਡਰੀ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਪਾਇਨੀਅਰੀ ਸ਼ੁਰੂ ਕਰ ਦਿੱਤੀ। ਉਹ ਨੇ ਵੀ ਪਾਇਨੀਅਰੀ ਦੇ ਪਹਿਲੇ ਚਾਰ ਸਾਲਾਂ ਵਿਚ ਚਾਰ ਨੌਜਵਾਨਾਂ ਦੀ ਸੱਚਾਈ ਵਿਚ ਆਉਣ ਵਿਚ ਮਦਦ ਕੀਤੀ।

ਯਹੋਵਾਹ ਨੇ ਮੇਰੇ ਬੱਚਿਆਂ ਨੂੰ ਕਈ ਹੋਰ ਬਰਕਤਾਂ ਦਿੱਤੀਆਂ। ਮੈਂ ਇਕ ਔਰਤ ਨਾਲ ਬਾਈਬਲ ਸਟੱਡੀ ਕੀਤੀ ਸੀ ਜਿਸ ਦੀਆਂ ਦੋ ਕੁੜੀਆਂ ਸਨ। ਟੋਮੋਯੋਸ਼ੀ ਨੇ ਉਸ ਦੇ ਪਤੀ ਨਾਲ ਸਟੱਡੀ ਕੀਤੀ ਸੀ। ਦੋਵੇਂ ਕੁੜੀਆਂ ਨੇ ਵੀ ਸੱਚਾਈ ਅਪਣਾ ਲਈ। ਫਿਰ ਟੋਮੋਯੋਸ਼ੀ ਨੇ ਵੱਡੀ ਕੁੜੀ ਨੋਬੁਕੋ ਨਾਲ ਵਿਆਹ ਕਰਵਾ ਲਿਆ ਅਤੇ ਮਾਸਾਹੀਕੋ ਨੇ ਛੋਟੀ ਕੁੜੀ ਮਾਸਾਕੋ ਨਾਲ ਵਿਆਹ ਕਰਵਾ ਲਿਆ। ਟੋਮੋਯੋਸ਼ੀ ਅਤੇ ਨੋਬੁਕੋ ਅੱਜ ਅਮਰੀਕਾ ਵਿਚ ਬਰੁਕਲਿਨ, ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਵਿਚ ਸੇਵਾ ਕਰ ਰਹੇ ਹਨ। ਮਾਸਾਹੀਕੋ ਅਤੇ ਮਾਸਾਕੋ ਪੈਰਾਗੂਵਾਏ ਵਿਚ ਮਿਸ਼ਨਰੀ ਸੇਵਾ ਕਰ ਰਹੇ ਹਨ।

ਪਤੀ ਦੇ ਰਵੱਈਏ ਵਿਚ ਤਬਦੀਲੀ

ਸਾਲਾਂ ਦੌਰਾਨ ਅਸੀਂ ਇਹ ਸੋਚਦੇ ਰਹੇ ਕਿ ਮੇਰੇ ਪਤੀ ਨੂੰ ਸੱਚਾਈ ਵਿਚ ਕੋਈ ਦਿਲਚਸਪੀ ਨਹੀਂ ਸੀ। ਪਰ ਕਈ ਵਾਰ ਲੱਗਦਾ ਸੀ ਕਿ ਉਹ ਬਦਲ ਰਹੇ ਸਨ। ਜਦ ਵੀ ਕੋਈ ਮੇਰੇ ਬਾਰੇ ਜਾਂ ਸੱਚਾਈ ਬਾਰੇ ਕੁਝ ਬੁਰਾ-ਭਲਾ ਕਹਿੰਦਾ ਸੀ, ਤਾਂ ਉਹ ਹਮੇਸ਼ਾ ਮੇਰਾ ਅਤੇ ਸੱਚਾਈ ਦਾ ਪੱਖ ਪੂਰਦੇ ਸਨ। ਉਨ੍ਹਾਂ ਨੇ ਲੋੜਵੰਦ ਭੈਣ-ਭਰਾਵਾਂ ਦੀ ਮਦਦ ਕੀਤੀ। ਸਾਡੇ ਮੁੰਡੇ ਦੇ ਵਿਆਹ ਤੇ ਉਨ੍ਹਾਂ ਨੇ ਇਕ ਸਪੀਚ ਵਿਚ ਕਿਹਾ: “ਲੋਕਾਂ ਨੂੰ ਜ਼ਿੰਦਗੀ ਦਾ ਸਹੀ ਰਾਹ ਦਿਖਾਉਣ ਵਰਗਾ ਮਹਾਨ ਕੰਮ ਹੋਰ ਕੋਈ ਨਹੀਂ। ਪਰ ਇਹ ਕੰਮ ਆਸਾਨ ਵੀ ਨਹੀਂ ਹੈ। ਮੇਰੀ ਪਤਨੀ ਤੇ ਮੁੰਡਿਆਂ ਨੇ ਇਸ ਸਭ ਤੋਂ ਔਖੇ ਕੰਮ ਨੂੰ ਹੱਥ ਪਾਇਆ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਉਨ੍ਹਾਂ ਦੀ ਮਦਦ ਕਰਨੀ।” ਇੱਦਾਂ ਦੀਆਂ ਗੱਲਾਂ ਕਰਕੇ ਮੇਰਾ ਦਿਲ ਕਹਿੰਦਾ ਸੀ ਕਿ ਉਹ ਜ਼ਰੂਰ ਇਕ ਦਿਨ ਸਾਡੇ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨਗੇ।

ਮੈਂ ਭੈਣ-ਭਰਾਵਾਂ ਨੂੰ ਘਰ ਬੁਲਾਇਆ ਕਰਦੀ ਸੀ ਤਾਂਕਿ ਮੇਰੇ ਪਤੀ ਉਨ੍ਹਾਂ ਨਾਲ ਮਿਲ-ਵਰਤ ਸਕਣ। ਮੈਂ ਉਨ੍ਹਾਂ ਨੂੰ ਮੀਟਿੰਗਾਂ, ਸੰਮੇਲਨਾਂ ਅਤੇ ਮਸੀਹ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਆਉਣ ਨੂੰ ਵੀ ਕਹਿੰਦੀ ਸੀ। ਜਦ ਵੀ ਕਦੇ ਉਨ੍ਹਾਂ ਨੂੰ ਕੰਮ ਤੋਂ ਵਿਹਲ ਮਿਲਦਾ ਸੀ, ਤਾਂ ਉਹ ਇਨ੍ਹਾਂ ਵਿਚ ਆਇਆ ਕਰਦੇ ਸਨ, ਪਰ ਖ਼ੁਸ਼ੀ ਨਾਲ ਨਹੀਂ। ਕਈ ਵਾਰ ਮੈਨੂੰ ਲੱਗਾ ਕਿ ਉਹ ਸ਼ਾਇਦ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦੇਣਗੇ। ਇਸੇ ਖ਼ਿਆਲ ਨਾਲ ਮੈਂ ਕਲੀਸਿਯਾ ਦੇ ਬਜ਼ੁਰਗਾਂ ਨੂੰ ਘਰ ਬੁਲਾਇਆ ਕਰਦੀ ਸੀ। ਪਰ ਕਾਜ਼ੁਹੀਕੋ ਨੇ ਸਟੱਡੀ ਤੋਂ ਸਾਫ਼ ਇਨਕਾਰ ਕਰ ਦਿੱਤਾ। ਮੇਰੀ ਸਮਝ ਵਿਚ ਨਹੀਂ ਆਉਂਦਾ ਸੀ ਕਿ ਉਹ ਕਿਉਂ ਸਟੱਡੀ ਤੋਂ ਇੰਨਾ ਕਤਰਾਉਂਦੇ ਸਨ।

ਫਿਰ ਪਤਰਸ ਰਸੂਲ ਦੇ ਸ਼ਬਦ ਮੇਰੇ ਮਨ ਵਿਚ ਆਏ: “ਹੇ ਪਤਨੀਓ, ਆਪਣਿਆਂ ਪਤੀਆਂ ਦੇ ਅਧੀਨ ਹੋਵੋ ਭਈ ਜੇ ਕੋਈ ਬਚਨ ਨਾ ਵੀ ਮੰਨਦੇ ਹੋਣ ਤਾਂ ਓਹ ਬਚਨ ਤੋਂ ਬਿਨਾ ਆਪਣੀਆਂ ਪਤਨੀਆਂ ਦੀ ਚਾਲ ਢਾਲ ਦੇ ਕਾਰਨ ਖਿੱਚੇ ਜਾਣ। ਜਿਸ ਵੇਲੇ ਓਹ ਤੁਹਾਡੀ ਪਵਿੱਤਰ ਚਾਲ ਢਾਲ ਨੂੰ ਜੋ ਅਦਬ ਦੇ ਨਾਲ ਹੋਵੇ ਵੇਖ ਲੈਣ।” (1 ਪਤਰਸ 3:1, 2) ਮੈਨੂੰ ਅਹਿਸਾਸ ਹੋਇਆ ਕਿ ਮੈਂ ਪੂਰੀ ਤਰ੍ਹਾਂ ਇਨ੍ਹਾਂ ਸ਼ਬਦਾਂ ਤੇ ਨਹੀਂ ਚੱਲ ਰਹੀ ਸੀ। ਇਨ੍ਹਾਂ ਸ਼ਬਦਾਂ ਤੇ ਪੂਰਾ ਉਤਰਨ ਲਈ ਮੈਨੂੰ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਸੀ।

ਇੰਜ ਕਰਨ ਲਈ ਮੈਂ 1970 ਵਿਚ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਦੇਖਦੇ-ਦੇਖਦੇ ਦਸ ਤੋਂ ਬਾਅਦ 20 ਸਾਲ ਬੀਤ ਗਏ, ਪਰ ਮੇਰੇ ਪਤੀ ਨੇ ਬਾਈਬਲ ਵਿਚ ਕੋਈ ਦਿਲਚਸਪੀ ਨਾ ਲਈ। ਇਕ ਵਾਰ ਇਕ ਬਾਈਬਲ ਵਿਦਿਆਰਥੀ ਨੇ ਮੈਨੂੰ ਕਿਹਾ, “ਕਿੰਨਾ ਔਖਾ ਹਨਾ, ਤੁਸੀਂ ਲੋਕਾਂ ਨੂੰ ਤਾਂ ਸਿਖਾਉਂਦੇ ਹੋ, ਪਰ ਆਪਣੇ ਪਤੀ ਨੂੰ ਸਿਖਾ ਨਹੀਂ ਪਾ ਰਹੇ।” ਉਸ ਦੇ ਇਨ੍ਹਾਂ ਸ਼ਬਦਾਂ ਨੇ ਮੇਰਾ ਦਿਲ ਤਾਂ ਬਹੁਤ ਦੁਖਾਇਆ, ਪਰ ਮੈਂ ਹਾਰ ਨਾ ਮੰਨੀ।

ਸੰਨ 1980 ਦੇ ਦਹਾਕੇ ਵਿਚ ਸਾਡੇ ਦੋਵਾਂ ਦੇ ਮਾਤਾ-ਪਿਤਾ ਜ਼ਿੰਦਗੀ ਦੇ ਅਖ਼ੀਰੀ ਦਿਨਾਂ ਵਿਚ ਸਨ। ਉਨ੍ਹਾਂ ਦੀ ਦੇਖ-ਭਾਲ ਕਰਨ ਦੇ ਨਾਲ-ਨਾਲ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਮੇਰੇ ਲਈ ਬਹੁਤ ਮੁਸ਼ਕਲ ਸੀ। ਮੈਂ ਕਾਫ਼ੀ ਤਣਾਅ ਵਿਚ ਰਹਿੰਦੀ ਸੀ। ਕਈ ਸਾਲ ਮੇਰੇ ਮਾਤਾ-ਪਿਤਾ ਅਤੇ ਸੱਸ-ਸਹੁਰੇ ਨੇ ਮੈਨੂੰ ਬੁਰਾ-ਭਲਾ ਕਿਹਾ ਕਿਉਂਕਿ ਮੈਂ ਯਹੋਵਾਹ ਪਰਮੇਸ਼ੁਰ ਨੂੰ ਮੰਨਦੀ ਸੀ। ਪਰ ਮੈਂ ਇਨ੍ਹਾਂ ਗੱਲਾਂ ਕਰਕੇ ਉਨ੍ਹਾਂ ਨੂੰ ਪਿਆਰ ਕਰਨੋਂ ਨਾ ਹਟੀ। ਮੇਰੇ 96 ਸਾਲਾਂ ਦੇ ਮਾਤਾ ਜੀ ਨੇ ਆਪਣੀ ਮੌਤ ਤੋਂ ਕੁਝ ਚਿਰ ਪਹਿਲਾਂ ਮੈਨੂੰ ਕਿਹਾ, “ਸੂਮੀਕੋ, ਜੇ ਮੈਨੂੰ ਜ਼ਿੰਦਾ ਕੀਤਾ ਗਿਆ ਤਾਂ ਮੈਂ ਤੇਰੇ ਧਰਮ ਨੂੰ ਹੀ ਮੰਨਾਂਗੀ।” ਇਸ ਤੋਂ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਮਿਹਨਤ ਜ਼ਾਇਆ ਨਹੀਂ ਗਈ।

ਸਾਡੇ ਦੋਵਾਂ ਦੇ ਮਾਪਿਆਂ ਲਈ ਮੈਂ ਜੋ ਕੁਝ ਕੀਤਾ ਸੀ, ਉਹ ਮੇਰੇ ਪਤੀ ਤੋਂ ਲੁਕਿਆ ਨਹੀਂ ਸੀ। ਮੇਰਾ ਸ਼ੁਕਰੀਆ ਅਦਾ ਕਰਨ ਲਈ ਉਹ ਸਾਰੀਆਂ ਮੀਟਿੰਗਾਂ ਵਿਚ ਆਉਣ ਲੱਗ ਪਏ। ਉਹ ਕਈ ਸਾਲ ਮੀਟਿੰਗਾਂ ਵਿਚ ਤਾਂ ਆਉਂਦੇ ਰਹੇ, ਪਰ ਉਨ੍ਹਾਂ ਨੇ ਸੱਚਾਈ ਵਿਚ ਕੋਈ ਤਰੱਕੀ ਨਹੀਂ ਕੀਤੀ। ਮੈਂ ਹਮੇਸ਼ਾ ਉਨ੍ਹਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਉਨ੍ਹਾਂ ਦੇ ਦੋਸਤਾਂ ਅਤੇ ਨਾਲ ਕੰਮ ਕਰਨ ਵਾਲਿਆਂ ਨੂੰ ਘਰ ਖਾਣੇ ਤੇ ਸੱਦਿਆ। ਮੈਂ ਉਨ੍ਹਾਂ ਨਾਲ ਮਿਲ ਕੇ ਵੀ ਮਨੋਰੰਜਨ ਕੀਤਾ। ਜਦ ਪਾਇਨੀਅਰ ਸੇਵਾ ਦੇ ਘੰਟੇ ਘਟਾ ਕੇ ਮਹੀਨੇ ਦੇ 70 ਕਰ ਦਿੱਤੇ ਗਏ, ਤਾਂ ਮੈਂ ਬਚਿਆ ਸਮਾਂ ਆਪਣੇ ਪਤੀ ਨਾਲ ਗੁਜ਼ਾਰਨ ਲੱਗ ਪਈ।

ਰੀਟਾਇਰਮੈਂਟ ਕਰਕੇ ਤਬਦੀਲੀਆਂ

ਮੇਰੇ ਪਤੀ 1993 ਵਿਚ ਰੀਟਾਇਰ ਹੋ ਗਏ। ਮੈਂ ਸੋਚਿਆ ਹੁਣ ਤਾਂ ਇਨ੍ਹਾਂ ਕੋਲ ਸਟੱਡੀ ਕਰਨ ਲਈ ਕਾਫ਼ੀ ਸਮਾਂ ਹੋਵੇਗਾ। ਪਰ ਉਨ੍ਹਾਂ ਮੈਨੂੰ ਕਿਹਾ, ‘ਜੇ ਮੈਂ ਸਿਰਫ਼ ਇਸ ਲਈ ਪਰਮੇਸ਼ੁਰ ਦੀ ਸੇਵਾ ਕਰਾਂ ਕਿਉਂਕਿ ਮੇਰੇ ਕੋਲ ਵਿਹਲਾ ਸਮਾਂ ਹੈ, ਤਾਂ ਇਹ ਭਗਤੀ ਦਾ ਮਖੌਲ ਹੋਵੇਗਾ।’ ਉਨ੍ਹਾਂ ਮੈਨੂੰ ਸਾਫ਼ ਕਹਿ ਦਿੱਤਾ ਕਿ ਪਰਮੇਸ਼ੁਰ ਦੀ ਸੇਵਾ ਉਹ ਉਦੋਂ ਹੀ ਕਰਨਗੇ ਜਦ ਉਨ੍ਹਾਂ ਦਾ ਦਿਲ ਕਰੇਗਾ। ਮੈਂ ਵੀ ਫਿਰ ਉਨ੍ਹਾਂ ਤੇ ਜ਼ੋਰ ਨਹੀਂ ਪਾਇਆ।

ਇਕ ਦਿਨ ਕਾਜ਼ੂਹੀਕੋ ਨੇ ਮੈਨੂੰ ਕਿਹਾ ਕਿ ਹੁਣ ਮੈਂ ਬਾਕੀ ਦੀ ਜ਼ਿੰਦਗੀ ਉਸ ਲਈ ਜੀਵਾਂ। ਇਹ ਸੁਣ ਕੇ ਮੈਨੂੰ ਬੜਾ ਦੁੱਖ ਹੋਇਆ ਕਿਉਂਕਿ ਜਿੱਦਣ ਦੀ ਮੈਂ ਵਿਆਹੀ ਆਈ ਹਾਂ, ਮੈਂ ਤਾਂ ਉਨ੍ਹਾਂ ਨੂੰ ਹੀ ਖ਼ੁਸ਼ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਮੈਂ ਉਨ੍ਹਾਂ ਨੂੰ ਖ਼ੁਸ਼ ਰੱਖਣ ਲਈ ਆਪਣੀ ਪੂਰੀ ਵਾਹ ਲਾਈ, ਪਰ ਉਨ੍ਹਾਂ ਨੂੰ ਇਹੋ ਲੱਗਦਾ ਸੀ ਕਿ ਮੈਂ ਉਨ੍ਹਾਂ ਤੋਂ ਜ਼ਿਆਦਾ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੀ ਸੀ। ਥੋੜ੍ਹਾ ਚਿਰ ਸੋਚਣ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਜਿੰਨਾ ਕਰ ਰਹੀ ਹਾਂ, ਉਸ ਤੋਂ ਵੱਧ ਮੈਂ ਹੋਰ ਉਨ੍ਹਾਂ ਲਈ ਨਹੀਂ ਕਰ ਸਕਦੀ। ਪਰ ਜੇ ਉਹ ਮੇਰੇ ਨਾਲ ਰਲ਼ ਕੇ ਯਹੋਵਾਹ ਦੀ ਭਗਤੀ ਕਰਨਗੇ, ਤਾਂ ਅਸੀਂ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਾਂਗੇ। ਅਜਿਹੀ ਜ਼ਿੰਦਗੀ ਜੋ ਕੁਝ ਹੀ ਸਾਲਾਂ ਦੀ ਨਹੀਂ ਹੋਵੇਗੀ, ਬਲਕਿ ਹਮੇਸ਼ਾ-ਹਮੇਸ਼ਾ ਲਈ ਹੋਵੇਗੀ। ਉਨ੍ਹਾਂ ਨੇ ਮੈਨੂੰ ਕਈ ਦਿਨ ਕੋਈ ਜਵਾਬ ਨਾ ਦਿੱਤਾ। ਆਖ਼ਰ ਇਕ ਦਿਨ ਉਨ੍ਹਾਂ ਮੈਨੂੰ ਕਿਹਾ, “ਤਾਂ ਫਿਰ ਤੂੰ ਮੇਰੇ ਨਾਲ ਸਟੱਡੀ ਕਰੇਂਗੀ?” ਅੱਜ ਵੀ ਜਦ ਇਹ ਸ਼ਬਦ ਮੈਨੂੰ ਯਾਦ ਆਉਂਦੇ ਹਨ, ਤਾਂ ਮੇਰਾ ਦਿਲ ਖ਼ੁਸ਼ੀ ਨਾਲ ਉੱਛਲ ਉੱਠਦਾ ਹੈ।

ਮੈਂ ਕਲੀਸਿਯਾ ਦੇ ਇਕ ਬਜ਼ੁਰਗ ਨੂੰ ਆਪਣੇ ਪਤੀ ਨਾਲ ਸਟੱਡੀ ਕਰਨ ਲਈ ਕਿਹਾ, ਪਰ ਮੇਰੇ ਪਤੀ ਮੈਨੂੰ ਕਹਿਣ ਲੱਗੇ, “ਜੇ ਮੈਂ ਸਟੱਡੀ ਕਰਨੀ ਹੈ ਤਾਂ ਸਿਰਫ਼ ਤੇਰੇ ਨਾਲ।” ਇਸ ਲਈ ਅਸੀਂ ਰੋਜ਼ਾਨਾ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਚੀਨੀ ਭਾਸ਼ਾ ਵਿਚ ਸਟੱਡੀ ਕਰਦੇ ਸੀ ਕਿਉਂਕਿ ਮੈਂ ਚੀਨੀ ਭਾਸ਼ਾ ਦੀ ਕਲੀਸਿਯਾ ਵਿਚ ਸੀ ਅਤੇ ਮੇਰੇ ਪਤੀ ਚੀਨੀ ਭਾਸ਼ਾ ਜਾਣਦੇ ਸਨ। ਇਸ ਦੇ ਨਾਲ-ਨਾਲ ਅਸੀਂ ਦੋਵਾਂ ਨੇ ਰਲ਼ ਕੇ ਸਾਲ ਦੇ ਅੰਦਰ-ਅੰਦਰ ਪੂਰੀ ਬਾਈਬਲ ਵੀ ਪੜ੍ਹ ਲਈ।

ਇਸ ਸਮੇਂ ਦੌਰਾਨ ਚੀਨੀ ਕਲੀਸਿਯਾ ਦੇ ਇਕ ਬਜ਼ੁਰਗ ਤੇ ਉਸ ਦੀ ਪਤਨੀ ਨੇ ਸਾਡੇ ਵਿਚ ਦਿਲਚਸਪੀ ਲਈ। ਭਾਵੇਂ ਉਨ੍ਹਾਂ ਦੀ ਉਮਰ ਸਾਡੇ ਨਿਆਣਿਆਂ ਤੋਂ ਵੀ ਘੱਟ ਸੀ, ਪਰ ਫਿਰ ਵੀ ਉਹ ਸਾਡੇ ਬਹੁਤ ਹੀ ਚੰਗੇ ਦੋਸਤ ਬਣ ਗਏ। ਕਈ ਹੋਰ ਗਵਾਹਾਂ ਨੇ ਵੀ ਮੇਰੇ ਪਤੀ ਵਿਚ ਗਹਿਰੀ ਦਿਲਚਸਪੀ ਲਈ। ਉਨ੍ਹਾਂ ਨੇ ਸਾਨੂੰ ਪਰਾਹੁਣਚਾਰੀ ਦਿਖਾਈ ਅਤੇ ਮੇਰੇ ਪਤੀ ਨੂੰ ਪਿਤਾ ਦਾ ਦਰਜਾ ਦਿੱਤਾ। ਇਨ੍ਹਾਂ ਗੱਲਾਂ ਨੇ ਮੇਰੇ ਪਤੀ ਦਾ ਦਿਲ ਜਿੱਤ ਲਿਆ।

ਇਕ ਦਿਨ ਕਲੀਸਿਯਾ ਦੇ ਇਕ ਮੈਂਬਰ ਵੱਲੋਂ ਸਾਨੂੰ ਵਿਆਹ ਦਾ ਨਿਉਤਾ ਮਿਲਿਆ। ਇਹ ਨਿਉਤਾ ਮੇਰੇ ਪਤੀ ਦੇ ਨਾਮ ਤੇ ਆਇਆ ਸੀ। ਇਹ ਦੇਖ ਕੇ ਉਹ ਬਹੁਤ ਖ਼ੁਸ਼ ਹੋਏ ਕਿ ਕਲੀਸਿਯਾ ਨੇ ਉਨ੍ਹਾਂ ਨੂੰ ਘਰ ਦਾ ਮੁਖੀ ਮੰਨਿਆ ਜਿਸ ਕਰਕੇ ਉਨ੍ਹਾਂ ਨੇ ਵਿਆਹ ਤੇ ਜਾਣ ਦਾ ਫ਼ੈਸਲਾ ਕਰ ਲਿਆ। ਇੱਦਾਂ ਹੀ ਉਨ੍ਹਾਂ ਦੀ ਦੋਸਤੀ ਕਲੀਸਿਯਾ ਦੇ ਭੈਣਾਂ-ਭਰਾਵਾਂ ਨਾਲ ਹੋ ਗਈ। ਅਤੇ ਉਹ ਇਕ ਬਜ਼ੁਰਗ ਨਾਲ ਸਟੱਡੀ ਕਰਨ ਲੱਗ ਪਏ। ਬਾਈਬਲ ਸਟੱਡੀ ਕਰਨ ਅਤੇ ਮੀਟਿੰਗਾਂ ਵਿਚ ਜਾਣ ਦੁਆਰਾ ਅਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਦਾ ਪਿਆਰ ਦੇਖ ਕੇ ਉਨ੍ਹਾਂ ਨੇ ਸੱਚਾਈ ਵਿਚ ਤੇਜ਼ੀ ਨਾਲ ਤਰੱਕੀ ਕੀਤੀ।

ਆਖ਼ਰ ਸਾਡਾ ਪਰਿਵਾਰ ਇਕੱਠਾ ਹੋ ਹੀ ਗਿਆ

ਦਸੰਬਰ 2000 ਵਿਚ ਉਨ੍ਹਾਂ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪ ਕੇ ਬਪਤਿਸਮਾ ਲੈ ਲਿਆ। ਮੇਰੇ ਦੋਵੇਂ ਮੁੰਡੇ ਅਤੇ ਉਨ੍ਹਾਂ ਦੀਆਂ ਪਤਨੀਆਂ ਦੂਰ-ਦੁਰੇਡਿਓਂ ਇਹ “ਚਮਤਕਾਰ” ਦੇਖਣ ਆਏ। ਭਾਵੇਂ ਇਹ ਦਿਨ ਦੇਖਣ ਲਈ ਸਾਨੂੰ 42 ਸਾਲ ਉਡੀਕ ਕਰਨੀ ਪਈ, ਪਰ ਅੱਜ ਸਾਡਾ ਪੂਰਾ ਪਰਿਵਾਰ ਮਿਲ ਕੇ ਯਹੋਵਾਹ ਦੀ ਸੇਵਾ ਕਰ ਰਿਹਾ ਹੈ।

ਮੈਂ ਅਤੇ ਮੇਰੇ ਪਤੀ ਰੋਜ਼ ਸਵੇਰੇ “ਬਾਈਬਲ ਦੀ ਜਾਂਚ ਕਰੋ” ਕਿਤਾਬ ਵਿੱਚੋਂ ਦੈਨਿਕ ਪਾਠ ਦੇ ਨਾਲ-ਨਾਲ ਬਾਈਬਲ ਵੀ ਪੜ੍ਹਦੇ ਹਾਂ। ਅਸੀਂ ਹਰ ਰੋਜ਼ ਰੂਹਾਨੀ ਵਿਸ਼ਿਆਂ ਉੱਤੇ ਗੱਲਾਂ ਕਰਦੇ ਹਾਂ ਅਤੇ ਯਹੋਵਾਹ ਦੇ ਕੰਮਾਂ ਵਿਚ ਇਕੱਠੇ ਹਿੱਸਾ ਲੈਂਦੇ ਹਾਂ। ਮੇਰੇ ਪਤੀ ਹੁਣ ਕਲੀਸਿਯਾ ਵਿਚ ਇਕ ਸਹਾਇਕ ਸੇਵਕ ਵਜੋਂ ਸੇਵਾ ਕਰਦੇ ਹਨ ਅਤੇ ਹਾਲ ਹੀ ਵਿਚ ਉਨ੍ਹਾਂ ਨੇ ਚੀਨੀ ਭਾਸ਼ਾ ਵਿਚ ਪਬਲਿਕ ਭਾਸ਼ਣ ਵੀ ਦਿੱਤਾ ਹੈ। ਮੇਰਾ ਰੋਮ-ਰੋਮ ਯਹੋਵਾਹ ਦਾ ਸ਼ੁਕਰਗੁਜ਼ਾਰ ਹੈ ਕਿਉਂਕਿ ਉਸ ਦੀ ਮਦਦ ਸਦਕਾ ਹੀ ਅੱਜ ਮੇਰਾ ਸਾਰਾ ਪਰਿਵਾਰ ਉਸ ਦੀ ਭਗਤੀ ਕਰ ਰਿਹਾ ਹੈ। ਮੈਂ ਆਪਣੇ ਪਰਿਵਾਰ ਅਤੇ ਦੋਸਤ-ਮਿੱਤਰਾਂ ਨਾਲ ਰਲ਼ ਕੇ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਦਾ ਨਾਮ ਉੱਚਾ ਕਰਦੀ ਰਹਾਂਗੀ।

[ਸਫ਼ਾ 13 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਚੀਨ

ਕੋਰੀਆ ਲੋਕਤੰਤਰੀ ਗਣਰਾਜ

ਕੋਰੀਆ ਗਣਰਾਜ

ਜਪਾਨ ਦਾ ਸਾਗਰ

ਜਪਾਨ

ਟੋਕੀਓ

ਪੂਰਬੀ ਚੀਨ ਸਾਗਰ

ਤਾਈਵਾਨ

ਤਾਈਪੇ

[ਸਫ਼ਾ 12 ਉੱਤੇ ਤਸਵੀਰ]

ਸਾਲ 1958 ਵਿਚ ਬਪਤਿਸਮੇ ਵਾਲੇ ਦਿਨ ਆਪਣੇ ਪਰਿਵਾਰ ਨਾਲ

[ਸਫ਼ਾ 13 ਉੱਤੇ ਤਸਵੀਰਾਂ]

ਜਦ ਅਸੀਂ ਟੋਕੀਓ ਤੋਂ ਤਾਈਪੇ ਆਏ, ਤਾਂ ਹਾਰਵੀ ਅਤੇ ਕੈਥੀ ਲੋਗਨ ਵਰਗੇ ਭੈਣਾਂ-ਭਰਾਵਾਂ ਨੇ ਸਾਡੀ ਪਰਮੇਸ਼ੁਰ ਬਾਰੇ ਸਿੱਖਦੇ ਰਹਿਣ ਵਿਚ ਮਦਦ ਕੀਤੀ

[ਸਫ਼ਾ 15 ਉੱਤੇ ਤਸਵੀਰ]

ਅੱਜ ਮੇਰਾ ਸਾਰਾ ਪਰਿਵਾਰ ਰਲ਼ ਕੇ ਸੱਚੇ ਪਰਮੇਸ਼ੁਰ ਦੀ ਭਗਤੀ ਕਰਦਾ ਹੈ