Skip to content

Skip to table of contents

ਯਹੋਵਾਹ ਦਾ ਭੈ “ਬੁੱਧ ਦੀ ਸਿੱਖਿਆ ਹੈ”

ਯਹੋਵਾਹ ਦਾ ਭੈ “ਬੁੱਧ ਦੀ ਸਿੱਖਿਆ ਹੈ”

ਯਹੋਵਾਹ ਦਾ ਭੈ “ਬੁੱਧ ਦੀ ਸਿੱਖਿਆ ਹੈ”

ਕਹਾਉਤਾਂ ਦੇ 9ਵੇਂ ਅਧਿਆਇ ਦੀਆਂ ਪਹਿਲੀਆਂ ਕੁਝ ਆਇਤਾਂ ਵਿਚ ਪਰਮੇਸ਼ੁਰ ਤੋਂ ਮਿਲੀ ਬੁੱਧ ਨੂੰ ਇਨਸਾਨ ਦੇ ਰੂਪ ਵਿਚ ਦਰਸਾਇਆ ਗਿਆ ਹੈ। ਇਸ ਅਧਿਆਇ ਵਿਚ ਦੱਸਿਆ ਹੈ ਕਿ ਬੁੱਧ ਨੇ ਇਕ ਵੱਡੀ ਦਾਅਵਤ ਦਾ ਪ੍ਰਬੰਧ ਕੀਤਾ ਹੈ। ਉਸ ਨੇ “ਆਪਣੀਆਂ ਛੋਕਰੀਆਂ ਨੂੰ ਘੱਲਿਆ ਹੈ, ਉਹ ਨਗਰ ਦਿਆਂ ਉੱਚਿਆਂ ਥਾਵਾਂ ਤੋਂ ਪੁਕਾਰਦੀ ਹੈ,—ਜੋ ਕੋਈ ਭੋਲਾ ਹੈ ਉਹ ਉਰੇ ਆ ਜਾਵੇ! ਅਤੇ ਜਿਹੜਾ ਨਿਰਬੁੱਧ ਹੈ ਉਸ ਨੂੰ ਉਹ ਏਹ ਆਖਦੀ ਹੈ,—ਆਓ, ਮੇਰੀ ਰੋਟੀ ਵਿੱਚੋਂ ਖਾਓ, ਤੇ ਮੇਰੀ ਰਲਾਈ ਹੋਈ ਮੈ ਵਿੱਚੋਂ ਪੀਓ! ਭੋਲੇਪਣ ਨੂੰ ਛੱਡੋ ਤੇ ਜੀਉਂਦੇ ਰਹੋ, ਅਤੇ ਸਮਝ ਦੇ ਰਾਹ ਸਿੱਧੇ ਤੁਰੋ!”—ਕਹਾਉਤਾਂ 9:1-6.

ਬੁੱਧ ਵੱਲੋਂ ਦਿੱਤੀ ਇਸ ਦਾਅਵਤ ਵਿਚ ਖਾਣ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਪਰਮੇਸ਼ੁਰ ਵੱਲੋਂ ਪ੍ਰੇਰਿਤ ਕਹਾਵਤਾਂ ਪੜ੍ਹ ਕੇ ਉਸ ਦਾ ਫ਼ਾਇਦਾ ਹੀ ਹੋਵੇਗਾ ਤੇ ਉਹ ਬੁੱਧੀਮਾਨ ਬਣੇਗਾ। ਕਹਾਉਤਾਂ 15:16-33 ਵਿਚ ਦਿੱਤੀਆਂ ਕਹਾਵਤਾਂ ਵੀ ਸਾਡੇ ਲਈ ਫ਼ਾਇਦੇਮੰਦ ਹਨ। * ਇਨ੍ਹਾਂ ਕਹਾਵਤਾਂ ਵਿਚ ਦਿੱਤੀਆਂ ਸਲਾਹਾਂ ਉੱਤੇ ਚੱਲ ਕੇ ਅਸੀਂ ਥੋੜ੍ਹੇ ਵਿਚ ਖ਼ੁਸ਼ ਰਹਿ ਸਕਦੇ ਹਾਂ, ਤਰੱਕੀ ਕਰ ਸਕਦੇ ਹਾਂ ਅਤੇ ਜ਼ਿੰਦਗੀ ਦਾ ਮਜ਼ਾ ਲੈ ਸਕਦੇ ਹਾਂ। ਇਨ੍ਹਾਂ ਤੋਂ ਸਾਨੂੰ ਸਹੀ ਫ਼ੈਸਲੇ ਕਰਨ ਅਤੇ ਜ਼ਿੰਦਗੀ ਦੇ ਰਾਹ ਉੱਤੇ ਚੱਲਦੇ ਰਹਿਣ ਵਿਚ ਵੀ ਮਦਦ ਮਿਲੇਗੀ।

ਥੋੜ੍ਹੇ ਵਿਚ ਖ਼ੁਸ਼ ਰਹਿਣਾ ਚੰਗਾ

ਇਸਰਾਏਲ ਦੇ ਰਾਜਾ ਸੁਲੇਮਾਨ ਨੇ ਕਿਹਾ: “ਉਹ ਥੋੜਾ ਜਿਹਾ ਜੋ ਯਹੋਵਾਹ ਦੇ ਭੈ ਨਾਲ ਹੋਵੇ, ਉਸ ਵੱਡੇ ਖ਼ਜ਼ਾਨੇ ਨਾਲੋਂ ਚੰਗਾ ਹੈ ਜਿਹਦੇ ਨਾਲ ਘਬਰਾਹਟ ਹੋਵੇ।” (ਕਹਾਉਤਾਂ 15:16) ਪਰਮੇਸ਼ੁਰ ਨੂੰ ਭੁੱਲ ਕੇ ਧਨ-ਦੌਲਤ ਪਿੱਛੇ ਭੱਜਣਾ ਮੂਰਖਤਾ ਹੈ। ਇਸ ਤਰ੍ਹਾਂ ਕਰਨ ਵਾਲੇ ਇਨਸਾਨ ਦੀ ਜ਼ਿੰਦਗੀ ਚਿੰਤਾ ਤੇ ਦੁੱਖਾਂ ਨਾਲ ਭਰੀ ਹੁੰਦੀ ਹੈ। ਉਸ ਨੂੰ ਬੁਢਾਪੇ ਵਿਚ ਇਹ ਸੋਚ ਕੇ ਕਿੰਨਾ ਅਫ਼ਸੋਸ ਹੋਵੇਗਾ ਕਿ ਸਾਰੀ ਜ਼ਿੰਦਗੀ ਐਵੇਂ ਹੀ ਨਿਕਲ ਗਈ! “ਘਬਰਾਹਟ” ਦੇ ਨਾਲ ਧਨ-ਦੌਲਤ ਇਕੱਠੀ ਕਰਨੀ ਸਮਝਦਾਰੀ ਨਹੀਂ ਹੈ। ਜੋ ਕੋਲ ਹੈ, ਉਸੇ ਵਿਚ ਖ਼ੁਸ਼ ਰਹਿਣਾ ਕਿੰਨਾ ਚੰਗਾ ਹੈ! ਜ਼ਿੰਦਗੀ ਵਿਚ ਸੰਤੁਸ਼ਟੀ ਧਨ-ਦੌਲਤ ਤੋਂ ਨਹੀਂ, ਸਗੋਂ ਪਰਮੇਸ਼ੁਰ ਦਾ ਭੈ ਰੱਖਣ ਅਤੇ ਉਸ ਨਾਲ ਚੰਗਾ ਰਿਸ਼ਤਾ ਰੱਖਣ ਨਾਲ ਮਿਲਦੀ ਹੈ।—1 ਤਿਮੋਥਿਉਸ 6:6-8.

ਸੁਲੇਮਾਨ ਨੇ ਧਨ-ਦੌਲਤ ਦੀ ਥਾਂ ਚੰਗੇ ਸੰਬੰਧਾਂ ਉੱਤੇ ਜ਼ੋਰ ਦਿੰਦਿਆਂ ਕਿਹਾ: “ਸਾਗ ਪੱਤ ਦਾ ਖਾਣਾ ਜਿੱਥੇ ਪ੍ਰੇਮ ਹੈ, ਪਲੇ ਹੋਏ ਬਲਦ ਨਾਲੋਂ ਜਿੱਥੇ ਵੈਰ ਹੈ, ਚੰਗਾ ਹੈ।” (ਕਹਾਉਤਾਂ 15:17) ਜੀ ਹਾਂ, ਘਰ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਹੋਣ ਨਾਲੋਂ ਪ੍ਰੇਮ ਭਰਿਆ ਮਾਹੌਲ ਹੋਣਾ ਜ਼ਿਆਦਾ ਜ਼ਰੂਰੀ ਹੈ। ਕਈ ਪਰਿਵਾਰਾਂ ਵਿਚ ਪਿਤਾ ਦਾ ਸਾਇਆ ਨਾ ਹੋਣ ਕਰਕੇ ਘਰ ਦਾ ਗੁਜ਼ਾਰਾ ਤੋਰਨਾ ਔਖਾ ਹੋ ਸਕਦਾ ਹੈ। ਇਸ ਤੋਂ ਇਲਾਵਾ, ਕਈ ਗ਼ਰੀਬ ਦੇਸ਼ਾਂ ਵਿਚ ਜ਼ਿਆਦਾਤਰ ਲੋਕ ਦਾਲ-ਫੁਲਕੇ ਨਾਲ ਹੀ ਕੰਮ ਚਲਾਉਂਦੇ ਹਨ। ਫਿਰ ਵੀ ਘਰ ਵਿਚ ਪ੍ਰੇਮ ਹੋਣ ਕਰਕੇ ਉਹ ਬਹੁਤ ਖ਼ੁਸ਼ ਹੁੰਦੇ ਹਨ।

ਇਕ ਗੱਲ ਯਾਦ ਰੱਖੋ ਕਿ ਉਨ੍ਹਾਂ ਘਰਾਂ ਵਿਚ ਵੀ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ ਜਿਨ੍ਹਾਂ ਵਿਚ ਪ੍ਰੇਮ ਹੋਵੇ। ਘਰ ਦਾ ਕੋਈ ਜੀਅ ਸ਼ਾਇਦ ਅਜਿਹਾ ਕੁਝ ਕਹਿ ਜਾਂ ਕਰ ਦੇਵੇ ਜਿਹਦੇ ਕਰਕੇ ਦੂਸਰੇ ਨਾਰਾਜ਼ ਹੋ ਜਾਣ। ਉਦੋਂ ਨਾਰਾਜ਼ ਜੀਆਂ ਨੂੰ ਕੀ ਕਰਨਾ ਚਾਹੀਦਾ ਹੈ? ਕਹਾਉਤਾਂ 15:18 ਵਿਚ ਲਿਖਿਆ ਹੈ: “ਗਰਮ ਸੁਭਾ ਵਾਲਾ ਮਨੁੱਖ ਝਗੜਾ ਸ਼ੁਰੂ ਕਰਦਾ ਹੈ, ਪਰ ਠੰਡੇ ਸੁਭਾ ਵਾਲਾ ਸ਼ਾਂਤੀ ਸਥਾਪਿਤ ਕਰਦਾ ਹੈ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਗੁੱਸੇ ਵਿਚ ਜਵਾਬ ਦੇਣ ਨਾਲ ਗੱਲ ਹੋਰ ਵਿਗੜਦੀ ਹੈ, ਪਰ ਨਰਮਾਈ ਨਾਲ ਜਵਾਬ ਦੇਣ ਨਾਲ ਘਰ ਦੀ ਸ਼ਾਂਤੀ ਬਣੀ ਰਹਿੰਦੀ ਹੈ। ਇਹ ਸਲਾਹ ਕਲੀਸਿਯਾ ਵਿਚ, ਦੂਸਰਿਆਂ ਨੂੰ ਪ੍ਰਚਾਰ ਕਰਨ ਵੇਲੇ ਤੇ ਹੋਰ ਮਾਮਲਿਆਂ ਵਿਚ ਵੀ ਲਾਗੂ ਕੀਤੀ ਜਾ ਸਕਦੀ ਹੈ।

‘ਪੱਧਰੇ ਰਾਹ ਤੁਰੋ’

ਅਗਲੀ ਕਹਾਵਤ ਵਿਚ ਬੁੱਧ ਦੀਆਂ ਗੱਲਾਂ ਵੱਲ ਧਿਆਨ ਦੇਣ ਵਾਲੇ ਅਤੇ ਨਾ ਦੇਣ ਵਾਲੇ ਵਿਅਕਤੀ ਵਿਚ ਫ਼ਰਕ ਦੱਸਿਆ ਗਿਆ ਹੈ। ਰਾਜਾ ਸੁਲੇਮਾਨ ਨੇ ਕਿਹਾ: “ਆਲਸੀ ਦਾ ਰਾਹ ਕੰਡਿਆਂ ਦੀ ਬਾੜ ਜਿਹਾ ਹੈ, ਪਰ ਸਚਿਆਰਾਂ ਦਾ ਮਾਰਗ ਸ਼ਾਹ ਰਾਹ [“ਪੱਧਰਾ,” ਪਵਿੱਤਰ ਬਾਈਬਲ ਨਵਾਂ ਅਨੁਵਾਦ] ਹੈ।”ਕਹਾਉਤਾਂ 15:19.

ਆਲਸੀ ਬੰਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਬਹਾਨੇ ਬਣਾਉਣ ਵਾਸਤੇ ਮੁਸ਼ਕਲਾਂ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ। ਪਰ ਮਿਹਨਤੀ ਬੰਦਾ ਰੁਕਾਵਟਾਂ ਦੀ ਪਰਵਾਹ ਨਹੀਂ ਕਰਦਾ। ਉਹ ਮਨ ਲਾ ਕੇ ਆਪਣਾ ਕੰਮ ਕਰਦਾ ਹੈ। ਇਸ ਤਰ੍ਹਾਂ ਉਹ ਕੰਡਿਆਂ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਰਹਿੰਦਾ ਹੈ ਜੋ ਕੰਮ ਵਿਚ ਲਾਪਰਵਾਹੀ ਵਰਤਣ ਨਾਲ ਖੜ੍ਹੀਆਂ ਹੋ ਸਕਦੀਆਂ ਹਨ। ਉਸ ਦਾ ਰਾਹ ਪੱਧਰਾ ਹੁੰਦਾ ਹੈ ਯਾਨੀ ਉਹ ਬਿਨਾਂ ਕਿਸੇ ਰੁਕਾਵਟ ਦੇ ਅੱਗੇ ਵਧਦਾ ਹੈ। ਕੰਮ ਪੂਰਾ ਹੋਣ ਨਾਲ ਉਸ ਨੂੰ ਖ਼ੁਸ਼ੀ ਹੁੰਦੀ ਹੈ।

ਮਿਸਾਲ ਲਈ, ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਲੈਣ ਅਤੇ ਯਹੋਵਾਹ ਦੇ ਸਮਝਦਾਰ ਸੇਵਕ ਬਣਨ ਬਾਰੇ ਸੋਚੋ। ਇਸ ਕੰਮ ਲਈ ਮਿਹਨਤ ਕਰਨ ਦੀ ਲੋੜ ਹੈ। ਆਲਸੀ ਬੰਦਾ ਬਾਈਬਲ ਦਾ ਧਿਆਨ ਨਾਲ ਅਧਿਐਨ ਨਾ ਕਰਨ ਲਈ ਬਹਾਨੇ ਬਣਾ ਸਕਦਾ ਹੈ ਕਿ ਉਹ ਜ਼ਿਆਦਾ ਪੜ੍ਹਿਆ-ਲਿਖਿਆ ਨਹੀਂ, ਉਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਨਹੀਂ ਆਉਂਦਾ ਜਾਂ ਉਸ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ। ਚੰਗਾ ਹੋਵੇਗਾ ਜੇ ਉਹ ਪਰਮੇਸ਼ੁਰ ਦਾ ਗਿਆਨ ਲੈਣ ਵੇਲੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਰੁਕਾਵਟਾਂ ਨਾ ਬਣਨ ਦੇਵੇ। ਜੇ ਸਾਡੇ ਵਿਚ ਅਜਿਹੀਆਂ ਕਮੀਆਂ ਹਨ, ਤਾਂ ਵੀ ਅਸੀਂ ਮਿਹਨਤ ਕਰ ਕੇ ਚੰਗੀ ਤਰ੍ਹਾਂ ਪੜ੍ਹਨਾ-ਲਿਖਣਾ ਸਿੱਖ ਸਕਦੇ ਹਾਂ ਤੇ ਪੜ੍ਹੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਰਵੱਈਏ ਵਿਚ ਤਬਦੀਲੀ ਕਰ ਕੇ ਗਿਆਨ ਵਧਾ ਸਕਦੇ ਹਾਂ ਅਤੇ ਅਧਿਆਤਮਿਕ ਤੌਰ ਤੇ ਤਰੱਕੀ ਕਰ ਸਕਦੇ ਹਾਂ।

ਪਿਉ ਦੇ ਦਿਲ ਨੂੰ ਖ਼ੁਸ਼ ਕਰੋ

ਰਾਜਾ ਸੁਲੇਮਾਨ ਨੇ ਕਿਹਾ: “ਬੁੱਧਵਾਨ ਪੁੱਤ੍ਰ ਆਪਣੇ ਪਿਉ ਨੂੰ ਅਨੰਦ ਰੱਖਦਾ ਹੈ, ਪਰ ਮੂਰਖ ਆਦਮੀ ਆਪਣੀ ਮਾਂ ਨੂੰ ਨੀਚ ਸਮਝਦਾ ਹੈ।” (ਕਹਾਉਤਾਂ 15:20) ਕੀ ਮਾਂ-ਪਿਓ ਨੂੰ ਖ਼ੁਸ਼ੀ ਨਹੀਂ ਹੁੰਦੀ ਜਦੋਂ ਉਨ੍ਹਾਂ ਦੇ ਬੱਚੇ ਸਮਝਦਾਰੀ ਨਾਲ ਚੱਲਦੇ ਹਨ? ਪਰ ਬੱਚੇ ਆਪੇ ਹੀ ਸਮਝਦਾਰ ਨਹੀਂ ਬਣ ਜਾਂਦੇ, ਸਗੋਂ ਮਾਂ-ਬਾਪ ਨੂੰ ਉਨ੍ਹਾਂ ਨੂੰ ਚੰਗੀ ਸਿੱਖਿਆ ਅਤੇ ਅਨੁਸ਼ਾਸਨ ਦੇਣਾ ਪੈਂਦਾ ਹੈ। (ਕਹਾਉਤਾਂ 22:6) ਬੁੱਧਵਾਨ ਪੁੱਤਰ ਆਪਣੇ ਮਾਂ-ਪਿਓ ਦੀ ਸਿੱਖਿਆ ਕਬੂਲ ਕਰ ਕੇ ਉਨ੍ਹਾਂ ਦੇ ਦਿਲ ਨੂੰ ਖ਼ੁਸ਼ ਕਰਦਾ ਹੈ। ਪਰ ਮੂਰਖ ਆਪਣੇ ਮਾਂ-ਪਿਓ ਦੀਆਂ ਆਂਦਰਾਂ ਸਾੜਦਾ ਹੈ।

ਸੁਲੇਮਾਨ ਨੇ ਅੱਗੇ ਕਿਹਾ: “ਨਿਰਬੁੱਧ ਮੂਰਖਤਾਈ ਤੋਂ ਅਨੰਦ ਹੁੰਦਾ ਹੈ, ਅਤੇ ਸਮਝ ਵਾਲਾ ਪੁਰਸ਼ ਸਿੱਧੀ ਚਾਲ ਚੱਲਦਾ ਹੈ।” (ਕਹਾਉਤਾਂ 15:21) ਮੂਰਖ ਬੰਦੇ ਨੂੰ ਬੇਵਕੂਫ਼ੀਆਂ ਕਰਨ ਵਿਚ ਖ਼ੁਸ਼ੀ ਮਿਲਦੀ ਹੈ। ਪਰ ਸਮਝਦਾਰ ਬੰਦੇ ਨੂੰ ਪਤਾ ਹੁੰਦਾ ਹੈ ਕਿ ‘ਪਰਮੇਸ਼ੁਰ ਨਾਲੋਂ ਭੋਗ ਬਿਲਾਸ ਦੇ ਪ੍ਰੇਮੀ ਬਣਨਾ’ ਮੂਰਖਤਾ ਹੈ। (2 ਤਿਮੋਥਿਉਸ 3:1, 4) ਪਰਮੇਸ਼ੁਰ ਦੇ ਸਿਧਾਂਤਾਂ ਤੇ ਚੱਲ ਕੇ ਉਹ ਖਰਾ ਰਹਿੰਦਾ ਹੈ ਤੇ ਗ਼ਲਤ ਕੰਮ ਨਹੀਂ ਕਰਦਾ।

ਕੰਮ ਸਿਰੇ ਚਾੜ੍ਹਨ ਦਾ ਰਾਜ਼

ਪਰਮੇਸ਼ੁਰ ਦੇ ਸਿਧਾਂਤਾਂ ਉੱਤੇ ਚੱਲਣ ਨਾਲ ਸਾਨੂੰ ਹੋਰ ਕਈ ਫ਼ਾਇਦੇ ਹੁੰਦੇ ਹਨ। ਕਹਾਉਤਾਂ 15:22 ਵਿਚ ਲਿਖਿਆ ਹੈ: “ਜੇ ਸਲਾਹ ਨਾ ਮਿਲੇ ਤਾਂ ਪਰੋਜਨ ਰੁੱਕ ਜਾਂਦੇ ਹਨ, ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ ਤਾਂ ਓਹ ਕਾਇਮ ਹੋ ਜਾਂਦੇ ਹਨ।”

ਦੂਸਰਿਆਂ ਨਾਲ ਸਲਾਹ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਲ ਦੀ ਗੱਲ ਸਾਫ਼-ਸਾਫ਼ ਦੱਸੀਏ। ਕਹਾਉਤਾਂ 15:22 ਵਿਚ “ਸਲਾਹ” ਤਰਜਮਾ ਕੀਤੇ ਗਏ ਇਬਰਾਨੀ ਸ਼ਬਦ ਨੂੰ ਜ਼ਬੂਰ 89:7 ਵਿਚ “ਗੋਸ਼ਟੀ” ਅਨੁਵਾਦ ਕੀਤਾ ਗਿਆ ਹੈ। ਗੋਸ਼ਟੀ ਵਿਚ ਲੋਕ ਆਪਸ ਵਿਚ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕਰਦੇ ਹਨ। ਇਸੇ ਤਰ੍ਹਾਂ ਕਿਸੇ ਤੋਂ ਸਲਾਹ ਲੈਣ ਵੇਲੇ ਸਾਨੂੰ ਓਪਰੀ-ਓਪਰੀ ਗੱਲ ਕਰਨ ਦੀ ਬਜਾਇ ਦਿਲੋਂ ਗੱਲ ਕਰਨੀ ਚਾਹੀਦੀ ਹੈ। ਜਦੋਂ ਘਰ ਵਿਚ ਪਤੀ-ਪਤਨੀ ਤੇ ਬੱਚੇ ਆਪਸ ਵਿਚ ਖੁੱਲ੍ਹ ਕੇ ਗੱਲ ਕਰਦੇ ਹਨ, ਤਾਂ ਘਰ ਵਿਚ ਸ਼ਾਂਤੀ ਤੇ ਏਕਤਾ ਬਣੀ ਰਹਿੰਦੀ ਹੈ। ਪਰ ਜੇ ਉਹ ਇਸ ਤਰ੍ਹਾਂ ਗੱਲ ਨਹੀਂ ਕਰਦੇ, ਤਾਂ ਘਰ ਵਿਚ ਸਮੱਸਿਆਵਾਂ ਪੈਦਾ ਹੋਣਗੀਆਂ ਤੇ ਕੋਈ ਕੰਮ ਸਿਰੇ ਨਹੀਂ ਚੜ੍ਹੇਗਾ।

ਜ਼ਰੂਰੀ ਫ਼ੈਸਲੇ ਲੈਣ ਤੋਂ ਪਹਿਲਾਂ ਸਾਨੂੰ ਇਸ ਮਸ਼ਵਰੇ ਵੱਲ ਧਿਆਨ ਦੇਣਾ ਚਾਹੀਦਾ ਹੈ: “ਜੇ ਸਲਾਹ ਦੇਣ ਵਾਲੇ ਬਹੁਤੇ ਹੋਣ ਤਾਂ ਓਹ ਕਾਇਮ ਹੋ ਜਾਂਦੇ ਹਨ।” ਉਦਾਹਰਣ ਲਈ, ਕਿਸੇ ਬੀਮਾਰੀ ਦਾ ਇਲਾਜ ਕਰਾਉਣ ਤੋਂ ਪਹਿਲਾਂ, ਖ਼ਾਸਕਰ ਗੰਭੀਰ ਬੀਮਾਰੀ ਦੀ ਹਾਲਤ ਵਿਚ ਦੋ-ਤਿੰਨ ਡਾਕਟਰਾਂ ਦੀ ਸਲਾਹ ਲੈ ਲੈਣੀ ਚਾਹੀਦੀ ਹੈ।

ਕਲੀਸਿਯਾ ਦੇ ਮਾਮਲਿਆਂ ਵਿਚ ਫ਼ੈਸਲੇ ਕਰਨ ਵੇਲੇ ਜ਼ਿਆਦਾ ਸਲਾਹਕਾਰਾਂ ਦੀ ਹੋਰ ਵੀ ਲੋੜ ਹੁੰਦੀ ਹੈ। ਜਦੋਂ ਬਜ਼ੁਰਗ ਇਕ-ਦੂਸਰੇ ਨਾਲ ਸਲਾਹ ਕਰ ਕੇ ਕੋਈ ਕੰਮ ਕਰਦੇ ਹਨ, ਤਾਂ ਕੰਮ ਸਿਰੇ ਚੜ੍ਹਦਾ ਹੈ। ਇਸ ਤੋਂ ਇਲਾਵਾ, ਨਵੇਂ ਬਜ਼ੁਰਗਾਂ ਨੂੰ ਤਜਰਬੇਕਾਰ ਬਜ਼ੁਰਗਾਂ ਨਾਲ ਸਲਾਹ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ, ਖ਼ਾਸ ਕਰਕੇ ਜੇ ਉਹ ਕਿਸੇ ਗੰਭੀਰ ਮਾਮਲੇ ਨਾਲ ਨਜਿੱਠ ਰਹੇ ਹੋਣ।

‘ਆਪਣੇ ਮੂੰਹ ਦੇ ਉੱਤਰ ਤੋਂ ਪਰਸੰਨ ਹੋਵੋ’

ਸਮਝਦਾਰੀ ਨਾਲ ਗੱਲ ਕਰਨ ਦੇ ਕੀ ਫ਼ਾਇਦੇ ਹੋ ਸਕਦੇ ਹਨ? ਰਾਜਾ ਸੁਲੇਮਾਨ ਨੇ ਕਿਹਾ: “ਮਨੁੱਖ ਆਪਣੇ ਮੂੰਹ ਦੇ ਉੱਤਰ ਤੋਂ ਪਰਸੰਨ ਹੁੰਦਾ ਹੈ, ਅਤੇ ਜਿਹੜਾ ਬਚਨ ਵੇਲੇ ਸਿਰ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ!” (ਕਹਾਉਤਾਂ 15:23) ਕੀ ਸਾਨੂੰ ਇਹ ਦੇਖ ਕੇ ਖ਼ੁਸ਼ੀ ਨਹੀਂ ਹੁੰਦੀ ਜਦ ਕਿਸੇ ਨੂੰ ਸਾਡੀ ਸਲਾਹ ਤੇ ਚੱਲ ਕੇ ਫ਼ਾਇਦਾ ਹੁੰਦਾ ਹੈ? ਚੰਗੀ ਸਲਾਹ ਦੇਣ ਲਈ ਸਾਨੂੰ ਦੋ ਜ਼ਰੂਰੀ ਗੱਲਾਂ ਧਿਆਨ ਵਿਚ ਰੱਖਣੀਆਂ ਪੈਣਗੀਆਂ।

ਪਹਿਲੀ ਕਿ ਸਾਨੂੰ ਪਰਮੇਸ਼ੁਰ ਦੇ ਬਚਨ ਬਾਈਬਲ ਵਿੱਚੋਂ ਸਲਾਹ ਦੇਣੀ ਚਾਹੀਦੀ ਹੈ। (ਜ਼ਬੂਰਾਂ ਦੀ ਪੋਥੀ 119:105; 2 ਤਿਮੋਥਿਉਸ 3:16, 17) ਦੂਸਰੀ ਕਿ ਅਸੀਂ ਸਹੀ ਸਮੇਂ ਤੇ ਸਲਾਹ ਦੇਈਏ। ਕਈ ਵਾਰ ਗ਼ਲਤ ਸਮੇਂ ਤੇ ਦਿੱਤੀ ਸਹੀ ਸਲਾਹ ਦਾ ਵੀ ਨੁਕਸਾਨ ਹੋ ਸਕਦਾ ਹੈ। ਉਦਾਹਰਣ ਲਈ, ਕਿਸੇ ਦੀ ਪੂਰੀ ਗੱਲ ਸੁਣੇ ਬਿਨਾਂ ਉਸ ਨੂੰ ਸਲਾਹ ਦੇਣੀ ਨਾ ਤਾਂ ਸਮਝਦਾਰੀ ਹੈ ਤੇ ਨਾ ਹੀ ਇਸ ਦਾ ਉਸ ਨੂੰ ਫ਼ਾਇਦਾ ਹੋਵੇਗਾ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ‘ਸੁਣਨ ਵਿੱਚ ਕਾਹਲੇ ਅਤੇ ਬੋਲਣ ਵਿੱਚ ਧੀਰੇ’ ਬਣੀਏ।—ਯਾਕੂਬ 1:19.

“ਸਿਆਣੇ ਦੇ ਲਈ ਜੀਉਣ ਦਾ ਰਾਹ ਉਤਾਹਾਂ ਹੋ ਜਾਂਦਾ ਹੈ”

ਕਹਾਉਤਾਂ 15:24 ਕਹਿੰਦਾ ਹੈ: “ਸਿਆਣੇ ਦੇ ਲਈ ਜੀਉਣ ਦਾ ਰਾਹ ਉਤਾਹਾਂ ਹੋ ਜਾਂਦਾ ਹੈ, ਤਾਂ ਜੋ ਉਹ ਪਤਾਲ ਦੇ ਹੇਠੋਂ ਪਰੇ ਰਹੇ।” ਸਮਝਦਾਰੀ ਤੋਂ ਕੰਮ ਲੈਣ ਵਾਲਾ ਉਸ ਰਾਹ ਤੇ ਚੱਲਦਾ ਹੈ ਜੋ ਪਤਾਲ ਯਾਨੀ ਮੌਤ ਤੋਂ ਦੂਰ ਜਾਂਦਾ ਹੈ। ਉਹ ਅਨੈਤਿਕ ਜਿਨਸੀ ਸੰਬੰਧ ਨਹੀਂ ਬਣਾਉਂਦਾ, ਨਸ਼ੇ ਨਹੀਂ ਕਰਦਾ, ਸ਼ਰਾਬ ਵਿਚ ਡੁੱਬਿਆ ਨਹੀਂ ਰਹਿੰਦਾ ਤੇ ਇੱਦਾਂ ਦੇ ਹੋਰ ਗ਼ਲਤ ਕੰਮ ਨਹੀਂ ਕਰਦਾ। ਇਸ ਕਰਕੇ ਉਹ ਅਣਿਆਈ ਮੌਤ ਨਹੀਂ ਮਰਦਾ। ਉਹ ਜ਼ਿੰਦਗੀ ਦੇ ਰਾਹ ਤੇ ਚੱਲਦਾ ਹੈ।

ਹੁਣ ਧਿਆਨ ਦਿਓ ਕਿ ਸਮਝਦਾਰੀ ਤੋਂ ਕੰਮ ਨਾ ਲੈਣ ਵਾਲੇ ਦਾ ਕੀ ਅੰਤ ਹੁੰਦਾ ਹੈ: “ਹੰਕਾਰੀਆਂ ਦੇ ਘਰ ਨੂੰ ਯਹੋਵਾਹ ਢਾਹ ਦਿੰਦਾ ਹੈ, ਪਰ ਵਿਧਵਾ ਦੇ ਬੰਨਿਆਂ ਨੂੰ ਕਾਇਮ ਕਰਦਾ ਹੈ। ਬੁਰਿਆਰ ਦੇ ਖਿਆਲ ਯਹੋਵਾਹ ਨੂੰ ਘਿਣਾਉਣੇ ਲੱਗਦੇ ਹਨ, ਪਰ ਸ਼ੁਭ ਬਚਨ ਸੁੱਧ ਹਨ। ਨਫ਼ੇ ਦਾ ਲੋਭੀ ਆਪਣੇ ਹੀ ਟੱਬਰ ਨੂੰ ਦੁਖ ਦਿੰਦਾ ਹੈ, ਪਰ ਜਿਹੜਾ ਵੱਢੀ ਤੋਂ ਘਿਣ ਕਰਦਾ ਹੈ ਉਹ ਜੀਉਂਦਾ ਰਹੇਗਾ।”ਕਹਾਉਤਾਂ 15:25-27.

ਰਾਜਾ ਸੁਲੇਮਾਨ ਇਨਸਾਨਾਂ ਦੁਆਰਾ ਕੀਤੀ ਜਾਂਦੀ ਇਕ ਆਮ ਗ਼ਲਤੀ ਤੋਂ ਬਚਣ ਦਾ ਤਰੀਕਾ ਦੱਸਦਾ ਹੈ: “ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ, ਪਰ ਦੁਸ਼ਟ ਦੇ ਮੂੰਹੋਂ ਬੁਰੀਆਂ ਗੱਪਾਂ ਉੱਛਲਦੀਆਂ ਹਨ।” (ਕਹਾਉਤਾਂ 15:28) ਕਿੰਨੀ ਵਧੀਆ ਸਲਾਹ ਹੈ ਇਹ! ਮੂਰਖ ਜੋ ਮੂੰਹ ਵਿਚ ਆਇਆ ਕਹਿ ਦਿੰਦਾ ਹੈ ਤੇ ਇਸ ਦਾ ਕਿਸੇ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ। ਜੇ ਅਸੀਂ ਕਿਸੇ ਮਸਲੇ ਨਾਲ ਨਜਿੱਠਦੇ ਵੇਲੇ ਦੂਸਰਿਆਂ ਦੇ ਹਾਲਾਤ ਅਤੇ ਭਾਵਨਾਵਾਂ ਨੂੰ ਧਿਆਨ ਵਿਚ ਰੱਖਾਂਗੇ, ਤਾਂ ਅਸੀਂ ਕੋਈ ਅਜਿਹੀ ਗੱਲ ਨਹੀਂ ਕਹਾਂਗੇ ਜਿਸ ਕਰਕੇ ਸਾਨੂੰ ਬਾਅਦ ਵਿਚ ਪਛਤਾਉਣਾ ਪਵੇ।

ਪਰਮੇਸ਼ੁਰ ਤੋਂ ਡਰਨ ਅਤੇ ਉਸ ਦੀ ਤਾੜਨਾ ਨੂੰ ਸਵੀਕਾਰ ਕਰਨ ਦਾ ਕੀ ਫ਼ਾਇਦਾ ਹੁੰਦਾ ਹੈ? ਰਾਜਾ ਸੁਲੇਮਾਨ ਦੱਸਦਾ ਹੈ: “ਦੁਸ਼ਟਾਂ ਕੋਲੋਂ ਯਹੋਵਾਹ ਦੂਰ ਹੈ, ਪਰ ਉਹ ਧਰਮੀਆਂ ਦੀ ਪ੍ਰਾਰਥਨਾ ਸੁਣਦਾ ਹੈ।” (ਕਹਾਉਤਾਂ 15:29) ਸੱਚਾ ਪਰਮੇਸ਼ੁਰ ਦੁਸ਼ਟ ਲੋਕਾਂ ਦੇ ਨੇੜੇ ਨਹੀਂ ਹੈ। ਬਾਈਬਲ ਵਿਚ ਦੱਸਿਆ ਹੈ: “ਜਿਹੜਾ ਬਿਵਸਥਾ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ, ਉਹ ਦੀ ਪ੍ਰਾਰਥਨਾ ਵੀ ਘਿਣਾਉਣੀ ਹੁੰਦੀ ਹੈ।” (ਕਹਾਉਤਾਂ 28:9) ਜੋ ਲੋਕ ਪਰਮੇਸ਼ੁਰ ਦਾ ਭੈ ਰੱਖਦੇ ਹਨ ਅਤੇ ਸਹੀ ਕੰਮ ਕਰਦੇ ਹਨ, ਉਹ ਬਿਨਾਂ ਝਿਜਕੇ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਨ ਤੇ ਭਰੋਸਾ ਰੱਖ ਸਕਦੇ ਹਨ ਕਿ ਉਹ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੇਗਾ।

“ਦਿਲ ਨੂੰ ਖੁਸ਼” ਕਰਨ ਵਾਲੀ ਚੀਜ਼

ਸੁਲੇਮਾਨ ਨੇ ਦੋ ਚੰਗੀਆਂ ਚੀਜ਼ਾਂ ਬਾਰੇ ਕਿਹਾ: “ਅੱਖਾਂ ਦਾ ਚਾਨਣ ਦਿਲ ਨੂੰ ਖੁਸ਼ ਕਰਦਾ ਹੈ, ਅਤੇ ਚੰਗੀ ਖਬਰ ਹੱਡੀਆਂ ਨੂੰ ਪੁਸ਼ਟ ਕਰਦੀ ਹੈ।” (ਕਹਾਉਤਾਂ 15:30) ਹੱਡੀਆਂ “ਪੁਸ਼ਟ” ਹੁੰਦੀਆਂ ਹਨ ਜਦੋਂ ਇਹ ਮਿੱਝ ਨਾਲ ਭਰੀਆਂ ਹੁੰਦੀਆਂ ਹਨ। ਇਸ ਨਾਲ ਪੂਰਾ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਦਿਲ ਖ਼ੁਸ਼ ਹੁੰਦਾ ਹੈ। ਦਿਲ ਦੇ ਖ਼ੁਸ਼ ਹੋਣ ਨਾਲ ਅੱਖਾਂ ਵਿਚ ਵੀ ਚਮਕ ਆਉਂਦੀ ਹੈ। ਚੰਗੀ ਖ਼ਬਰ ਦਾ ਇੰਨਾ ਵਧੀਆ ਅਸਰ ਪੈਂਦਾ ਹੈ।

ਕੀ ਇਹ ਖ਼ਬਰ ਸੁਣ ਕੇ ਸਾਡਾ ਦਿਲ ਖ਼ੁਸ਼ ਨਹੀਂ ਹੁੰਦਾ ਕਿ ਦੁਨੀਆਂ ਭਰ ਵਿਚ ਕਿੰਨੇ ਸਾਰੇ ਲੋਕ ਯਹੋਵਾਹ ਦੇ ਸੇਵਕ ਬਣ ਰਹੇ ਹਨ? ਪ੍ਰਚਾਰ ਤੇ ਚੇਲੇ ਬਣਾਉਣ ਦੇ ਕੰਮ ਦੀਆਂ ਚੰਗੀਆਂ ਰਿਪੋਰਟਾਂ ਸੁਣ ਕੇ ਸਾਡਾ ਵੀ ਮਨ ਕਰਦਾ ਹੈ ਕਿ ਅਸੀਂ ਵੀ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰੀਏ। (ਮੱਤੀ 24:14; 28:19, 20) ਯਹੋਵਾਹ ਨੂੰ ਆਪਣਾ ਪਰਮੇਸ਼ੁਰ ਮੰਨ ਕੇ ਸੱਚੀ ਭਗਤੀ ਕਰਨ ਵਾਲੇ ਲੋਕਾਂ ਦੇ ਤਜਰਬੇ ਸੁਣ ਕੇ ਸਾਡਾ ਦਿਲ ਬਾਗ਼-ਬਾਗ਼ ਹੋ ਜਾਂਦਾ ਹੈ। ‘ਦੂਰ ਦੇਸੋਂ ਆਏ ਹੋਏ ਚੰਗੇ ਸਮਾਚਾਰ’ ਦਾ ਬਹੁਤ ਚੰਗਾ ਅਸਰ ਪੈਂਦਾ ਹੈ, ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਪ੍ਰਚਾਰ ਦੇ ਕੰਮ ਦੀ ਸਹੀ ਰਿਪੋਰਟ ਦੇਈਏ।—ਕਹਾਉਤਾਂ 25:25.

“ਮਹਿਮਾ ਤੋਂ ਪਹਿਲਾਂ ਅਧੀਨਗੀ”

ਤਾੜਨਾ ਤੇ ਸਿੱਖਿਆ ਨੂੰ ਸਵੀਕਾਰ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿੰਦਿਆਂ ਰਾਜਾ ਸੁਲੇਮਾਨ ਨੇ ਕਿਹਾ: “ਜਿਹੜਾ ਜੀਉਣ ਦਾਇਕ ਤਾੜ ਨੂੰ ਕੰਨ ਲਾ ਕੇ ਸੁਣਦਾ ਹੈ, ਉਹ ਬੁੱਧਵਾਨਾਂ ਦੇ ਵਿਚਕਾਰ ਵੱਸੇਗਾ। ਸਿੱਖਿਆ ਨੂੰ ਰੱਦ ਕਰਨ ਵਾਲਾ ਆਪਣੀ ਹੀ ਜਾਨ ਨੂੰ ਤੁੱਛ ਜਾਣਦਾ ਹੈ, ਪਰ ਜੋ ਤਾੜ ਵੱਲ ਕੰਨ ਲਾਉਂਦਾ ਹੈ ਉਹ ਸਮਝ ਪ੍ਰਾਪਤ ਕਰਦਾ ਹੈ।” (ਕਹਾਉਤਾਂ 15:31, 32) ਤਾੜਨਾ ਤੇ ਸਿੱਖਿਆ ਦਾ ਵਿਅਕਤੀ ਦੇ ਮਨ ਤੇ ਅਸਰ ਪੈਂਦਾ ਹੈ ਜਿਸ ਕਰਕੇ ਉਹ ਆਪਣੇ ਅੰਦਰ ਸੁਧਾਰ ਕਰਦਾ ਤੇ ਸਮਝਦਾਰ ਬਣਦਾ ਹੈ। ਇਸੇ ਲਈ “ਤਾੜ ਦੀ ਛਿਟੀ” ਹੀ ‘ਬਾਲਕ ਦੇ ਮਨ ਵਿੱਚ ਬੱਧੀ ਮੂਰਖਤਾਈ ਨੂੰ ਦੂਰ ਕਰ ਦਿੰਦੀ ਹੈ।’ (ਕਹਾਉਤਾਂ 22:15) ਜਿਹੜਾ ਤਾੜਨਾ ਨੂੰ ਸਵੀਕਾਰ ਨਹੀਂ ਕਰਦਾ, ਉਹ ਜ਼ਿੰਦਗੀ ਦੇ ਰਾਹ ਤੇ ਨਹੀਂ ਚੱਲਦਾ।

ਨਿਮਰਤਾ ਨਾਲ ਤਾੜਨਾ ਨੂੰ ਸਵੀਕਾਰ ਕਰਨ ਦਾ ਬਹੁਤ ਫ਼ਾਇਦਾ ਹੈ। ਇਸ ਤੋਂ ਸਾਨੂੰ ਸਿਰਫ਼ ਸੰਤੁਸ਼ਟੀ ਤੇ ਖ਼ੁਸ਼ੀ ਹੀ ਨਹੀਂ ਮਿਲੇਗੀ ਜਾਂ ਅਸੀਂ ਆਪਣੇ ਕੰਮ ਨੂੰ ਪੂਰਾ ਹੀ ਨਹੀਂ ਕਰ ਪਾਵਾਂਗੇ, ਸਗੋਂ ਸਾਨੂੰ ਮਹਿਮਾ ਤੇ ਜ਼ਿੰਦਗੀ ਵੀ ਮਿਲੇਗੀ। ਕਹਾਉਤਾਂ 15:33 ਵਿਚ ਕਿਹਾ ਗਿਆ ਹੈ: “ਯਹੋਵਾਹ ਦਾ ਭੈ ਬੁੱਧ ਦੀ ਸਿੱਖਿਆ ਹੈ, ਅਤੇ ਮਹਿਮਾ ਤੋਂ ਪਹਿਲਾਂ ਅਧੀਨਗੀ ਹੁੰਦੀ ਹੈ।”

[ਫੁਟਨੋਟ]

[ਸਫ਼ਾ 17 ਉੱਤੇ ਤਸਵੀਰ]

ਘਰ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਹੋਣ ਨਾਲੋਂ ਪ੍ਰੇਮ ਭਰਿਆ ਮਾਹੌਲ ਹੋਣ ਨਾਲ ਜ਼ਿਆਦਾ ਖ਼ੁਸ਼ੀ ਮਿਲਦੀ ਹੈ

[ਸਫ਼ਾ 18 ਉੱਤੇ ਤਸਵੀਰ]

ਜੇ ਅਸੀਂ ਜ਼ਿਆਦਾ ਪੜ੍ਹੇ-ਲਿਖੇ ਨਹੀਂ ਵੀ ਹਾਂ, ਤਾਂ ਵੀ ਅਸੀਂ ਆਪਣੇ ਰਵੱਈਏ ਵਿਚ ਤਬਦੀਲੀ ਕਰ ਕੇ ਪਰਮੇਸ਼ੁਰ ਦਾ ਗਿਆਨ ਲੈ ਸਕਦੇ ਹਾਂ

[ਸਫ਼ਾ 19 ਉੱਤੇ ਤਸਵੀਰ]

ਆਪਸ ਵਿਚ ਸਲਾਹ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਖੁੱਲ੍ਹ ਕੇ ਆਪਣੇ ਦਿਲ ਦੀ ਗੱਲ ਕਹੀਏ

[ਸਫ਼ਾ 20 ਉੱਤੇ ਤਸਵੀਰ]

ਕੀ ਤੁਸੀਂ ਜਾਣਦੇ ਹੋ ਕਿ “ਚੰਗੀ ਖਬਰ ਹੱਡੀਆਂ ਨੂੰ ਪੁਸ਼ਟ ਕਰਦੀ ਹੈ”?