ਯਹੋਵਾਹ ਦਾ ਭੈ ਰੱਖੋ ਤੇ ਖ਼ੁਸ਼ੀ ਪਾਓ!
ਯਹੋਵਾਹ ਦਾ ਭੈ ਰੱਖੋ ਤੇ ਖ਼ੁਸ਼ੀ ਪਾਓ!
“ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਦਾ ਭੈ ਮੰਨਦਾ ਹੈ।”—ਜ਼ਬੂਰਾਂ ਦੀ ਪੋਥੀ 112:1.
1, 2. ਯਹੋਵਾਹ ਦਾ ਭੈ ਰੱਖਣ ਨਾਲ ਸਾਨੂੰ ਕੀ ਫ਼ਾਇਦੇ ਹੁੰਦੇ ਹਨ?
ਖ਼ੁਸ਼ੀ ਮਿਲਣੀ ਇੰਨੀ ਸੌਖੀ ਨਹੀਂ ਹੈ। ਸੱਚੀ ਖ਼ੁਸ਼ੀ ਪਾਉਣ ਲਈ ਸਾਨੂੰ ਸਹੀ ਫ਼ੈਸਲੇ ਕਰਨ, ਸਹੀ ਕੰਮ ਕਰਨ ਅਤੇ ਗ਼ਲਤ ਕੰਮਾਂ ਤੋਂ ਦੂਰ ਰਹਿਣ ਦੀ ਲੋੜ ਹੁੰਦੀ ਹੈ। ਸਾਡੇ ਸਿਰਜਣਹਾਰ ਨੇ ਸਾਨੂੰ ਆਪਣਾ ਬਚਨ ਬਾਈਬਲ ਦਿੱਤਾ ਹੈ ਜਿਸ ਵਿਚ ਸਭ ਤੋਂ ਵਧੀਆ ਜ਼ਿੰਦਗੀ ਜੀਣ ਦਾ ਰਾਜ਼ ਦੱਸਿਆ ਗਿਆ ਹੈ। ਯਹੋਵਾਹ ਦੀ ਅਗਵਾਈ ਵਿਚ ਚੱਲ ਕੇ ਅਸੀਂ ਉਸ ਦਾ ਭੈ ਰੱਖ ਸਕਦੇ ਹਾਂ ਅਤੇ ਸੰਤੁਸ਼ਟੀ ਤੇ ਖ਼ੁਸ਼ੀ ਪਾ ਸਕਦੇ ਹਾਂ।—ਜ਼ਬੂਰਾਂ ਦੀ ਪੋਥੀ 23:1; ਕਹਾਉਤਾਂ 14:26.
2 ਇਸ ਲੇਖ ਵਿਚ ਅਸੀਂ ਪੁਰਾਣੇ ਅਤੇ ਆਧੁਨਿਕ ਸਮਿਆਂ ਦੇ ਉਨ੍ਹਾਂ ਲੋਕਾਂ ਦੀਆਂ ਮਿਸਾਲਾਂ ਦੇਖਾਂਗੇ ਜਿਨ੍ਹਾਂ ਨੂੰ ਰੱਬ ਦਾ ਭੈ ਰੱਖ ਕੇ ਗ਼ਲਤ ਕੰਮ ਨਾ ਕਰਨ ਅਤੇ ਸਹੀ ਕੰਮ ਕਰਨ ਦੀ ਹਿੰਮਤ ਮਿਲੀ ਸੀ। ਅਸੀਂ ਦੇਖਾਂਗੇ ਕਿ ਰੱਬ ਦਾ ਭੈ ਰੱਖਦੇ ਹੋਏ ਅਸੀਂ ਦਾਊਦ ਵਾਂਗ ਗ਼ਲਤ ਰਾਹ ਛੱਡ ਕੇ ਖ਼ੁਸ਼ੀ ਕਿਵੇਂ ਹਾਸਲ ਕਰ ਸਕਦੇ ਹਾਂ। ਅਸੀਂ ਇਹ ਵੀ ਦੇਖਾਂਗੇ ਕਿ ਮਾਪੇ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦਾ ਭੈ ਰੱਖਣਾ ਸਿਖਾ ਕੇ ਉਨ੍ਹਾਂ ਨੂੰ ਬਹੁਮੁੱਲਾ ਵਿਰਸਾ ਕਿਵੇਂ ਦੇ ਸਕਦੇ ਹਨ। ਪਰਮੇਸ਼ੁਰ ਦਾ ਬਚਨ ਸਾਨੂੰ ਭਰੋਸਾ ਦਿਲਾਉਂਦਾ ਹੈ ਕਿ “ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਦਾ ਭੈ ਮੰਨਦਾ ਹੈ।”—ਜ਼ਬੂਰਾਂ ਦੀ ਪੋਥੀ 112:1.
ਗ਼ਲਤ ਰਾਹ ਛੱਡ ਕੇ ਖ਼ੁਸ਼ੀ ਪਾਓ
3. ਕਿਸ ਗੱਲ ਨੇ ਗ਼ਲਤ ਰਾਹ ਛੱਡਣ ਵਿਚ ਦਾਊਦ ਦੀ ਮਦਦ ਕੀਤੀ?
3 ਜਿਸ ਤਰ੍ਹਾਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ, ਦਾਊਦ ਨੇ ਤਿੰਨ ਮੌਕਿਆਂ ਤੇ ਪਰਮੇਸ਼ੁਰ ਦਾ ਭੈ ਨਾ ਰੱਖਣ ਕਰਕੇ ਪਾਪ ਕੀਤਾ ਸੀ। ਪਰ ਗਹਿਰੀ ਸ਼ਰਧਾ ਹੋਣ ਕਰਕੇ ਉਸ ਨੇ ਆਪਣਾ ਪਾਪ ਕਬੂਲ ਕੀਤਾ, ਗ਼ਲਤ ਰਾਹ ਛੱਡਿਆ ਅਤੇ ਮੁੜ ਯਹੋਵਾਹ ਦੀ ਮਿਹਰ ਹਾਸਲ ਕੀਤੀ। ਭਾਵੇਂ ਉਸ ਦੀਆਂ ਗ਼ਲਤੀਆਂ ਕਰਕੇ ਉਸ ਉੱਤੇ ਅਤੇ ਹੋਰਨਾਂ ਉੱਤੇ ਬਹੁਤ ਦੁੱਖ ਆਏ, ਪਰ ਉਸ ਨੇ ਦਿਲੋਂ ਤੋਬਾ ਕੀਤੀ ਜਿਸ ਕਰਕੇ ਯਹੋਵਾਹ ਨੇ ਉਸ ਦਾ ਸਾਥ ਨਹੀਂ ਛੱਡਿਆ ਅਤੇ ਉਸ ਨੂੰ ਬਰਕਤਾਂ ਦਿੱਤੀਆਂ। ਦਾਊਦ ਦੀ ਮਿਸਾਲ ਤੋਂ ਉਨ੍ਹਾਂ ਮਸੀਹੀਆਂ ਨੂੰ ਕਾਫ਼ੀ ਹੌਸਲਾ ਮਿਲ ਸਕਦਾ ਹੈ ਜੋ ਵੱਡਾ ਪਾਪ ਕਰ ਬੈਠਦੇ ਹਨ।
4. ਪਰਮੇਸ਼ੁਰ ਦਾ ਭੈ ਦੁਬਾਰਾ ਖ਼ੁਸ਼ੀ ਪਾਉਣ ਵਿਚ ਸਾਡੀ ਮਦਦ ਕਿਵੇਂ ਕਰ ਸਕਦਾ ਹੈ?
* ਭਾਵੇਂ ਉਹ ਪਾਇਨੀਅਰ ਵਜੋਂ ਪ੍ਰਚਾਰ ਕਰਨ ਵਿਚ ਪੂਰਾ ਸਮਾਂ ਲਾ ਰਹੀ ਸੀ, ਫਿਰ ਵੀ ਉਹ ਬੁਰੀ ਸੰਗਤ ਵਿਚ ਪੈ ਗਈ। ਉਹ ਗ਼ਲਤ ਕੰਮ ਕਰ ਬੈਠੀ ਜਿਸ ਕਾਰਨ ਉਸ ਨੂੰ ਕਲੀਸਿਯਾ ਵਿੱਚੋਂ ਕੱਢਣਾ ਪਿਆ। ਪਰ ਫਿਰ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤੇ ਉਸ ਨੇ ਯਹੋਵਾਹ ਨਾਲ ਦੁਬਾਰਾ ਰਿਸ਼ਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਸਮੇਂ ਦੇ ਬੀਤਣ ਨਾਲ ਉਹ ਫਿਰ ਤੋਂ ਕਲੀਸਿਯਾ ਦੀ ਮੈਂਬਰ ਬਣ ਗਈ। ਕਲੀਸਿਯਾ ਤੋਂ ਅੱਡ ਹੋ ਕੇ ਵੀ ਜ਼ੌਨਯਾ ਦੇ ਦਿਲ ਵਿਚ ਯਹੋਵਾਹ ਦੀ ਸੇਵਾ ਕਰਨ ਦੀ ਇੱਛਾ ਬਰਕਰਾਰ ਰਹੀ। ਬਾਅਦ ਵਿਚ ਉਹ ਫਿਰ ਪਾਇਨੀਅਰੀ ਕਰਨ ਲੱਗ ਪਈ। ਉਸ ਨੇ ਕਲੀਸਿਯਾ ਦੇ ਇਕ ਬਜ਼ੁਰਗ ਨਾਲ ਸ਼ਾਦੀ ਕੀਤੀ ਅਤੇ ਉਹ ਦੋਵੇਂ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। ਜ਼ੌਨਯਾ ਨੂੰ ਅਫ਼ਸੋਸ ਹੈ ਕਿ ਉਹ ਕੁਝ ਸਮੇਂ ਲਈ ਸੱਚਾਈ ਦਾ ਰਾਹ ਛੱਡ ਗਈ ਸੀ, ਪਰ ਉਹ ਖ਼ੁਸ਼ ਹੈ ਕਿ ਪਰਮੇਸ਼ੁਰ ਦਾ ਭੈ ਰੱਖਣ ਕਰਕੇ ਉਹ ਫਿਰ ਤੋਂ ਯਹੋਵਾਹ ਦੀ ਸੇਵਾ ਕਰ ਰਹੀ ਹੈ।
4 ਜ਼ੌਨਯਾ ਦੀ ਮਿਸਾਲ ਉੱਤੇ ਗੌਰ ਕਰੋ।ਪਾਪ ਕਰਨ ਨਾਲੋਂ ਦੁੱਖ ਝੱਲਣਾ ਚੰਗਾ
5, 6. ਸਮਝਾਓ ਕਿ ਦਾਊਦ ਨੇ ਦੋ ਵਾਰ ਸ਼ਾਊਲ ਦੀ ਜਾਨ ਕਿਸ ਤਰ੍ਹਾਂ ਅਤੇ ਕਿਉਂ ਬਖ਼ਸ਼ ਦਿੱਤੀ ਸੀ।
5 ਪਾਪ ਕਰ ਕੇ ਤੋਬਾ ਕਰਨ ਨਾਲੋਂ ਬਿਹਤਰ ਹੈ ਕਿ ਅਸੀਂ ਪਰਮੇਸ਼ੁਰ ਦਾ ਭੈ ਰੱਖਦੇ ਹੋਏ ਪਾਪ ਹੀ ਨਾ ਕਰੀਏ। ਦਾਊਦ ਦੀ ਮਿਸਾਲ ਵੱਲ ਧਿਆਨ ਦਿਓ। ਇਕ ਵਾਰ ਸ਼ਾਊਲ ਆਪਣੇ 3,000 ਫ਼ੌਜੀਆਂ ਨਾਲ ਦਾਊਦ ਦਾ ਪਿੱਛਾ ਕਰ ਰਿਹਾ ਸੀ। ਸ਼ਾਊਲ ਅਣਜਾਣੇ ਵਿਚ ਉਸੇ ਗੁਫ਼ਾ ਅੰਦਰ ਵੜ ਗਿਆ ਜਿੱਥੇ ਦਾਊਦ ਅਤੇ ਉਸ ਦੇ ਆਦਮੀ ਲੁਕੇ ਹੋਏ ਸਨ। ਦਾਊਦ ਦੇ ਸਾਥੀਆਂ ਨੇ ਉਸ ਨੂੰ ਸ਼ਾਊਲ ਦੀ ਜਾਨ ਲੈਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਯਹੋਵਾਹ ਦਾਊਦ ਦਾ ਵੈਰੀ ਉਸ ਦੇ ਹੱਥ ਵਿਚ ਦੇ ਰਿਹਾ ਸੀ। ਦਾਊਦ ਮਲਕੜੇ ਸ਼ਾਊਲ ਕੋਲ ਗਿਆ ਤੇ ਉਸ ਦੀ ਚਾਦਰ ਦਾ ਪੱਲਾ ਕੱਟ ਲਿਆ। ਪਰ ਪਰਮੇਸ਼ੁਰ ਦਾ ਡਰ ਰੱਖਣ ਵਾਲੇ ਦਾਊਦ ਨੂੰ ਆਪਣੀ ਇਸ ਹਰਕਤ ਤੇ ਵੀ ਬਹੁਤ ਪਛਤਾਵਾ ਹੋਇਆ। ਦਾਊਦ ਨੇ ਆਪਣੇ ਨਾਰਾਜ਼ ਸਾਥੀਆਂ ਨੂੰ ਸ਼ਾਊਲ ਨੂੰ ਹੱਥ ਨਾ ਪਾਉਣ ਦਾ ਹੁਕਮ ਦਿੰਦੇ ਹੋਏ ਕਿਹਾ: “ਯਹੋਵਾਹ ਨਾ ਕਰੇ ਭਈ ਮੈਂ ਆਪਣੇ ਸੁਆਮੀ ਨਾਲ ਜੋ ਯਹੋਵਾਹ ਵੱਲੋਂ ਮਸਹ ਹੋਇਆ ਹੈ ਅਜਿਹਾ ਕੰਮ ਕਰਾਂ ਜੋ ਆਪਣਾ ਹੱਥ ਉਹ ਦੇ ਵਿਰੁੱਧ ਚਲਾਵਾਂ।” *—1 ਸਮੂਏਲ 24:1-7.
6 ਇਕ ਹੋਰ ਮੌਕੇ ਤੇ ਸ਼ਾਊਲ ਤੇ ਉਸ ਦੀ ਫ਼ੌਜ ਨੇ ਰਾਤ ਵੇਲੇ ਡੇਰਾ ਲਾਇਆ ਹੋਇਆ ਸੀ ਅਤੇ “ਯਹੋਵਾਹ ਵੱਲੋਂ ਉਨ੍ਹਾਂ ਉੱਤੇ ਘੂਕ ਨੀਂਦ੍ਰ ਆਈ ਹੋਈ ਸੀ।” ਦਾਊਦ ਅਤੇ ਉਸ ਦਾ ਬਹਾਦਰ ਭਾਣਜਾ ਅਬੀਸ਼ਈ ਡੇਰੇ ਵਿਚ ਗਏ ਅਤੇ ਸੁੱਤੇ ਹੋਏ ਸ਼ਾਊਲ ਦੇ ਕੋਲ ਖੜ੍ਹ ਗਏ। ਅਬੀਸ਼ਈ ਉਸ ਨੂੰ ਉੱਥੇ ਹੀ ਖ਼ਤਮ ਕਰ ਦੇਣਾ ਚਾਹੁੰਦਾ ਸੀ, ਪਰ ਦਾਊਦ ਨੇ ਉਸ ਨੂੰ ਰੋਕਦਿਆਂ ਕਿਹਾ: “ਯਹੋਵਾਹ ਦੇ ਮਸਹ ਹੋਏ ਉੱਤੇ ਕਿਹੜਾ ਹੈ ਜੋ ਹੱਥ ਚੁੱਕੇ ਅਤੇ ਬੇਦੋਸ਼ਾ ਠਹਿਰੇ?”—1 ਸਮੂਏਲ 26:9, 12.
7. ਕਿਸ ਗੱਲ ਨੇ ਦਾਊਦ ਨੂੰ ਪਾਪ ਕਰਨ ਤੋਂ ਰੋਕਿਆ?
7 ਦਾਊਦ ਨੇ ਇਨ੍ਹਾਂ ਦੋ ਮੌਕਿਆਂ ਤੇ ਸ਼ਾਊਲ ਨੂੰ ਜਾਨੋਂ ਕਿਉਂ ਨਹੀਂ ਮਾਰ ਦਿੱਤਾ ਸੀ? ਕਿਉਂਕਿ ਉਹ ਸ਼ਾਊਲ ਨਾਲੋਂ ਯਹੋਵਾਹ ਦਾ ਜ਼ਿਆਦਾ ਭੈ ਰੱਖਦਾ ਸੀ। ਇਸ ਲਈ ਉਹ ਇਹ ਪਾਪ ਕਰਨ ਦੀ ਬਜਾਇ ਦੁੱਖ ਭੋਗਣ ਲਈ ਤਿਆਰ ਸੀ। (ਇਬਰਾਨੀਆਂ 11:25) ਉਸ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਆਪਣੇ ਲੋਕਾਂ ਦੀ ਅਤੇ ਉਸ ਦੀ ਵੀ ਦੇਖ-ਭਾਲ ਕਰੇਗਾ। ਦਾਊਦ ਜਾਣਦਾ ਸੀ ਕਿ ਯਹੋਵਾਹ ਉੱਤੇ ਭਰੋਸਾ ਰੱਖ ਕੇ ਉਸ ਦਾ ਕਹਿਣਾ ਮੰਨਣ ਨਾਲ ਉਸ ਨੂੰ ਖ਼ੁਸ਼ੀ ਅਤੇ ਬਰਕਤਾਂ ਮਿਲਣਗੀਆਂ। ਪਰ ਜੇ ਉਹ ਪਰਮੇਸ਼ੁਰ ਦੀ ਨਾ ਸੁਣੇ, ਤਾਂ ਯਹੋਵਾਹ ਦੀ ਮਿਹਰ ਉਸ ਉੱਤੇ ਨਹੀਂ ਰਹਿਣੀ ਸੀ। (ਜ਼ਬੂਰਾਂ ਦੀ ਪੋਥੀ 65:4) ਉਸ ਨੂੰ ਇਹ ਵੀ ਪਤਾ ਸੀ ਕਿ ਪਰਮੇਸ਼ੁਰ ਦਾਊਦ ਨੂੰ ਰਾਜਾ ਬਣਾਉਣ ਦਾ ਆਪਣਾ ਵਾਅਦਾ ਪੂਰਾ ਕਰੇਗਾ ਅਤੇ ਸਮਾਂ ਆਉਣ ਤੇ ਉਹ ਆਪ ਸ਼ਾਊਲ ਨੂੰ ਗੱਦੀਓਂ ਲਾਹ ਸੁੱਟੇਗਾ।—1 ਸਮੂਏਲ 26:10.
ਪਰਮੇਸ਼ੁਰ ਦਾ ਭੈ ਰੱਖਣ ਨਾਲ ਖ਼ੁਸ਼ੀ ਮਿਲਦੀ ਹੈ
8. ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਦਾਊਦ ਨੇ ਕਿਹੜੀ ਚੰਗੀ ਮਿਸਾਲ ਕਾਇਮ ਕੀਤੀ ਸੀ?
8 ਮਸੀਹੀ ਹੋਣ ਤੇ ਨਾਤੇ ਅਸੀਂ ਜਾਣਦੇ ਹਾਂ ਕਿ ਲੋਕ ਸਾਡਾ ਮਜ਼ਾਕ ਉਡਾਉਣਗੇ, ਸਾਡੇ ਤੇ ਜ਼ੁਲਮ ਕਰਨਗੇ ਅਤੇ ਸਾਨੂੰ ਹੋਰ ਕਈ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਵੇਗਾ। (ਮੱਤੀ 24:9; 2 ਪਤਰਸ 3:3) ਕਦੇ-ਕਦੇ ਸਾਡੇ ਧਰਮ ਭੈਣ-ਭਾਈ ਵੀ ਸਾਡੇ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੇ ਹਨ। ਪਰ ਅਸੀਂ ਜਾਣਦੇ ਹਾਂ ਕਿ ਯਹੋਵਾਹ ਸਭ ਕੁਝ ਦੇਖਦਾ ਹੈ, ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਉਹ ਸਮਾਂ ਆਉਣ ਤੇ ਆਪਣੀ ਮਰਜ਼ੀ ਦੇ ਮੁਤਾਬਕ ਸਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਕਰੇਗਾ। (ਰੋਮੀਆਂ 12:17-21; ਇਬਰਾਨੀਆਂ 4:16) ਇਸ ਲਈ ਆਪਣੇ ਵਿਰੋਧੀਆਂ ਤੋਂ ਡਰਨ ਦੀ ਬਜਾਇ ਆਓ ਆਪਾਂ ਯਹੋਵਾਹ ਦਾ ਡਰ ਰੱਖੀਏ ਅਤੇ ਆਪਣੇ ਛੁਟਕਾਰੇ ਲਈ ਉਸ ਉੱਤੇ ਉਮੀਦ ਲਾਈਏ। ਦਾਊਦ ਦੀ ਤਰ੍ਹਾਂ ਅਸੀਂ ਬਦਲਾ ਨਹੀਂ ਲੈਂਦੇ ਤੇ ਨਾ ਹੀ ਦੁੱਖਾਂ ਤੋਂ ਬਚਣ ਲਈ ਪਰਮੇਸ਼ੁਰ ਦੇ ਧਰਮੀ ਅਸੂਲਾਂ ਨੂੰ ਤੋੜਦੇ ਹਾਂ। ਇਸ ਤਰ੍ਹਾਂ ਪਰਮੇਸ਼ੁਰ ਦਾ ਭੈ ਰੱਖ ਕੇ ਸਾਨੂੰ ਅੰਤ ਵਿਚ ਖ਼ੁਸ਼ੀ ਮਿਲੇਗੀ। ਪਰ ਕਿਸ ਤਰ੍ਹਾਂ?
9. ਮਿਸਾਲ ਦੇ ਕੇ ਸਮਝਾਓ ਕਿ ਜ਼ੁਲਮ ਸਹਿਣ ਦੇ ਬਾਵਜੂਦ ਰੱਬ ਦਾ ਭੈ ਰੱਖਣ ਨਾਲ ਸਾਨੂੰ ਖ਼ੁਸ਼ੀ ਮਿਲ ਸਕਦੀ ਹੈ।
9 ਅਫ਼ਰੀਕਾ ਵਿਚ ਮਿਸ਼ਨਰੀ ਵਜੋਂ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ ਭਰਾ ਦੱਸਦਾ ਹੈ: “ਮੈਨੂੰ ਇਕ ਮਾਂ ਤੇ ਉਸ ਦੀ ਜਵਾਨ ਧੀ ਯਾਦ ਹਨ। ਯਹੋਵਾਹ ਦੀਆਂ ਗਵਾਹਾਂ ਹੋਣ ਦੇ ਨਾਤੇ ਇਨ੍ਹਾਂ ਨੇ ਕਿਸੇ ਸਿਆਸੀ ਪਾਰਟੀ ਦਾ ਕਾਰਡ ਖ਼ਰੀਦਣ ਤੋਂ ਇਨਕਾਰ ਕਰ ਦਿੱਤਾ ਸੀ। ਭੀੜ ਨੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਤੇ ਫਿਰ ਉਨ੍ਹਾਂ ਨੂੰ ਘਰ ਜਾਣ ਲਈ ਕਿਹਾ। ਜਦ ਉਹ ਘਰ ਤੁਰੀਆਂ ਜਾ ਰਹੀਆਂ ਸਨ, ਤਾਂ ਮਾਂ ਨੇ ਆਪਣੀ ਧੀ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ। ਧੀ ਇਸ ਬੇਇਨਸਾਫ਼ੀ ਕਰਕੇ ਬਹੁਤ ਪਰੇਸ਼ਾਨ ਸੀ ਤੇ ਬਹੁਤ ਰੋ ਰਹੀ ਸੀ। ਉਹ ਉਸ ਸਮੇਂ ਖ਼ੁਸ਼ ਨਹੀਂ ਸਨ, ਪਰ ਉਨ੍ਹਾਂ ਦੀ ਜ਼ਮੀਰ ਸਾਫ਼ ਸੀ। ਬਾਅਦ ਵਿਚ ਉਹ ਇਹ ਸੋਚ ਕੇ ਬਹੁਤ ਖ਼ੁਸ਼ ਹੋਈਆਂ ਕਿ ਉਨ੍ਹਾਂ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ ਸੀ। ਜੇ ਉਨ੍ਹਾਂ ਨੇ ਪਾਰਟੀ ਕਾਰਡ ਖ਼ਰੀਦ ਲਏ ਹੁੰਦੇ, ਤਾਂ ਭੀੜ ਨੇ ਖ਼ੁਸ਼ੀ ਦੇ ਮਾਰੇ ਉਨ੍ਹਾਂ ਨੂੰ ਠੰਢਾ ਪਿਲਾ ਕੇ ਨੱਚਦੇ-ਗਾਉਂਦੇ ਹੋਏ ਘਰ ਤਕ ਲੈ ਜਾਣਾ ਸੀ। ਪਰ ਇਸ ਮਾਂ-ਧੀ ਨੇ ਇਹ ਜਾਣ ਕੇ ਬਹੁਤ ਉਦਾਸ ਹੋਣਾ ਸੀ ਕਿ ਉਨ੍ਹਾਂ ਨੇ ਆਪਣੇ ਵਿਸ਼ਵਾਸਾਂ ਦਾ ਸਮਝੌਤਾ ਕੀਤਾ ਸੀ।” ਜੀ ਹਾਂ, ਰੱਬ ਦਾ ਭੈ ਰੱਖਣ ਕਰਕੇ ਉਹ ਆਪਣੇ ਆਪ ਤੇ ਮਾਣ ਕਰ ਸਕਦੀਆਂ ਸਨ।
10, 11. ਮੈਰੀ ਲਈ ਪਰਮੇਸ਼ੁਰ ਦਾ ਭੈ ਰੱਖਣ ਦੇ ਕਿਹੜੇ ਚੰਗੇ ਨਤੀਜੇ ਨਿਕਲੇ?
10 ਜਦੋਂ ਸਾਨੂੰ ਜੀਵਨ ਦੀ ਪਵਿੱਤਰਤਾ ਨਾਲ ਜੁੜੇ ਮਸਲਿਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਉਦੋਂ ਵੀ ਪਰਮੇਸ਼ੁਰ ਦਾ ਭੈ ਰੱਖਣ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ। ਜਦ ਮੈਰੀ ਤੀਜੀ ਵਾਰ ਮਾਂ ਬਣਨ ਵਾਲੀ ਸੀ, ਤਾਂ ਡਾਕਟਰ ਨੇ ਗਰਭਪਾਤ ਕਰਾਉਣ ਲਈ ਉਸ ਉੱਤੇ ਜ਼ੋਰ ਪਾਇਆ। ਡਾਕਟਰ ਨੇ ਕਿਹਾ: “ਤੁਹਾਡੀ ਹਾਲਤ ਬਹੁਤ ਨਾਜ਼ੁਕ ਹੈ। ਕਿਸੇ ਵੀ ਵਕਤ ਤੁਹਾਡੀ ਸਿਹਤ ਵਿਗੜ ਸਕਦੀ ਹੈ ਤੇ ਤੁਸੀਂ 24 ਘੰਟਿਆਂ ਦੇ ਅੰਦਰ-ਅੰਦਰ ਮਰ ਸਕਦੇ ਹੋ। ਫਿਰ ਬੱਚਾ ਵੀ ਮਰ ਜਾਵੇਗਾ। ਜੇ ਐਸਾ ਨਾ ਵੀ ਹੋਇਆ, ਤਾਂ ਵੀ ਕੋਈ ਭਰੋਸਾ ਨਹੀਂ ਕਿ ਤੁਹਾਡਾ ਬੱਚਾ ਠੀਕ-ਠਾਕ ਪੈਦਾ ਹੋਵੇਗਾ।” ਮੈਰੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਰਹੀ ਸੀ, ਪਰ ਉਸ ਨੇ ਅਜੇ ਬਪਤਿਸਮਾ ਨਹੀਂ ਲਿਆ ਸੀ। “ਫਿਰ ਵੀ,” ਮੈਰੀ ਕਹਿੰਦੀ ਹੈ, “ਮੈਂ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰ ਲਿਆ ਸੀ ਅਤੇ ਮੈਂ ਹਰ ਕੀਮਤ ਤੇ ਉਸ ਦਾ ਕਹਿਣਾ ਮੰਨਣਾ ਚਾਹੁੰਦੀ ਸੀ।”—ਕੂਚ 21:22, 23.
11 ਆਪਣੇ ਗਰਭ-ਕਾਲ ਦੌਰਾਨ ਮੈਰੀ ਬਾਈਬਲ ਸਟੱਡੀ ਕਰਨ ਦੇ ਨਾਲ-ਨਾਲ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਵਿਚ ਰੁੱਝੀ ਰਹੀ। ਅਖ਼ੀਰ ਵਿਚ ਉਸ ਦਾ ਬੱਚਾ ਪੈਦਾ ਹੋਇਆ। ਮੈਰੀ ਦੱਸਦੀ ਹੈ: “ਪਹਿਲੇ ਦੋ ਬੱਚਿਆਂ ਦੇ ਜਨਮ ਨਾਲੋਂ ਇਸ ਵਾਰ ਜਣੇਪਾ ਕੁਝ ਔਖਾ ਸੀ, ਪਰ ਕੋਈ ਖ਼ਾਸ ਮੁਸ਼ਕਲ ਨਹੀਂ ਖੜ੍ਹੀ ਹੋਈ।” ਰੱਬ ਦਾ ਭੈ ਰੱਖ ਕੇ ਮੈਰੀ ਨੇ ਉਹ ਕੀਤਾ ਜੋ ਸਹੀ ਸੀ। ਤੰਦਰੁਸਤ ਬੱਚੇ ਨੂੰ ਜਨਮ ਦੇਣ ਤੋਂ ਥੋੜ੍ਹੀ ਦੇਰ ਬਾਅਦ ਉਸ ਨੇ ਬਪਤਿਸਮਾ ਲੈ ਲਿਆ। ਬੱਚੇ ਨੇ ਵੱਡਾ ਹੋ ਕੇ ਯਹੋਵਾਹ ਦਾ ਭੈ ਰੱਖਣਾ ਸਿੱਖਿਆ ਤੇ ਹੁਣ ਉਹ ਯਹੋਵਾਹ ਦੇ ਗਵਾਹਾਂ ਦੇ ਇਕ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦਾ ਹੈ।
‘ਯਹੋਵਾਹ ਵੱਲ ਆਪਣਾ ਮਨ ਤਕੜਾ ਕਰੋ’
12. ਪਰਮੇਸ਼ੁਰ ਦਾ ਭੈ ਰੱਖ ਕੇ ਦਾਊਦ ਨੇ ਆਪਣੇ ਆਪ ਨੂੰ ਕਿਵੇਂ ਤਕੜਾ ਕੀਤਾ ਸੀ?
12 ਯਹੋਵਾਹ ਦਾ ਭੈ ਰੱਖਣ ਕਰਕੇ ਦਾਊਦ ਸਿਰਫ਼ ਬੁਰੇ ਕੰਮਾਂ ਤੋਂ ਹੀ ਬਚਿਆ ਨਹੀਂ ਰਿਹਾ, ਸਗੋਂ ਉਸ ਨੂੰ ਮੁਸ਼ਕਲ ਹਾਲਾਤਾਂ ਵਿਚ ਦ੍ਰਿੜ੍ਹਤਾ ਅਤੇ ਬੁੱਧੀਮਤਾ ਨਾਲ ਕੰਮ ਕਰਨ ਦੀ ਤਾਕਤ ਵੀ ਮਿਲੀ। ਇਕ ਸਾਲ ਤੇ ਚਾਰ ਮਹੀਨੇ ਦਾਊਦ ਅਤੇ ਉਸ ਦੇ ਆਦਮੀਆਂ ਨੇ ਸ਼ਾਊਲ ਤੋਂ ਬਚਣ ਲਈ ਫਿਲਿਸਤੀਆਂ ਦੇ ਦੇਸ਼ ਵਿਚ ਸਿਕਲਗ ਸ਼ਹਿਰ ਵਿਚ ਪਨਾਹ ਲਈ। (1 ਸਮੂਏਲ 27:5-7) ਇਕ ਵਾਰ ਜਦ ਦਾਊਦ ਅਤੇ ਉਸ ਦੇ ਆਦਮੀ ਸ਼ਹਿਰ ਵਿਚ ਨਹੀਂ ਸਨ, ਤਾਂ ਅਮਾਲੇਕੀ ਲੋਕਾਂ ਨੇ ਲੁੱਟ-ਮਾਰ ਕਰ ਕੇ ਸ਼ਹਿਰ ਨੂੰ ਅੱਗ ਲਾ ਦਿੱਤੀ ਤੇ ਤੀਵੀਆਂ, ਬੱਚਿਆਂ ਅਤੇ ਇੱਜੜਾਂ ਨੂੰ ਲੈ ਗਏ। ਜਦ ਦਾਊਦ ਅਤੇ ਉਸ ਦੇ ਆਦਮੀ ਵਾਪਸ ਆਏ, ਤਾਂ ਉਹ ਸ਼ਹਿਰ ਦੀ ਹਾਲਤ ਦੇਖ ਕੇ ਬਹੁਤ ਰੋਏ। ਫਿਰ ਦਾਊਦ ਦੇ ਆਦਮੀ ਉਸ ਉੱਤੇ ਇੰਨੇ ਗੁੱਸੇ ਹੋਏ ਕਿ ਉਹ ਉਸ ਨੂੰ ਪੱਥਰ ਮਾਰ-ਮਾਰ ਕੇ ਉਸ ਦੀ ਜਾਨ ਲੈਣੀ ਚਾਹੁੰਦੇ ਸਨ। ਭਾਵੇਂ ਦਾਊਦ ਆਪ ਵੀ ਬਹੁਤ ਦੁਖੀ ਸੀ, ਪਰ ਉਸ ਨੇ ਹਿੰਮਤ ਨਹੀਂ ਹਾਰੀ। (ਕਹਾਉਤਾਂ 24:10) ਯਹੋਵਾਹ ਦਾ ਭੈ ਰੱਖਦੇ ਹੋਏ ਉਸ ਨੇ ਪ੍ਰਾਰਥਨਾ ਕੀਤੀ ਅਤੇ “ਯਹੋਵਾਹ ਆਪਣੇ ਪਰਮੇਸ਼ੁਰ ਵੱਲ ਆਪਣੇ ਮਨ ਨੂੰ ਤਕੜਾ ਕੀਤਾ।” ਪਰਮੇਸ਼ੁਰ ਦੀ ਮਦਦ ਨਾਲ ਦਾਊਦ ਅਤੇ ਉਸ ਦੇ ਆਦਮੀਆਂ ਨੇ ਅਮਾਲੇਕੀਆਂ ਦਾ ਪਿੱਛਾ ਕੀਤਾ ਤੇ ਸਭ ਕੁਝ ਮੋੜ ਲਿਆਂਦਾ।—1 ਸਮੂਏਲ 30:1-20.
13, 14. ਪਰਮੇਸ਼ੁਰ ਦਾ ਭੈ ਰੱਖਣ ਕਰਕੇ ਇਕ ਮਸੀਹੀ ਨੇ ਸਹੀ ਫ਼ੈਸਲੇ ਕਿਵੇਂ ਕੀਤੇ ਸਨ?
13 ਅੱਜ ਪਰਮੇਸ਼ੁਰ ਦੇ ਸੇਵਕ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰਦੇ ਹਨ ਜਿਨ੍ਹਾਂ ਵਿਚ ਉਨ੍ਹਾਂ ਨੂੰ ਯਹੋਵਾਹ ਉੱਤੇ ਭਰੋਸਾ ਰੱਖਣ ਅਤੇ ਦਲੇਰੀ ਨਾਲ ਸਹੀ ਕਦਮ ਚੁੱਕਣ ਦੀ ਵੀ ਲੋੜ ਹੁੰਦੀ ਹੈ। ਕ੍ਰਿਸਟੀਨਾ ਦੀ ਮਿਸਾਲ ਲੈ ਲਓ। ਬਚਪਨ ਵਿਚ ਕ੍ਰਿਸਟੀਨਾ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕੀਤੀ ਸੀ। ਪਰ ਉਹ ਪਿਆਨੋਵਾਦਕ ਬਣਨਾ ਚਾਹੁੰਦੀ ਸੀ ਅਤੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੇ ਦਿਨ-ਰਾਤ ਮਿਹਨਤ ਕੀਤੀ। ਇਸ ਤੋਂ ਇਲਾਵਾ ਉਹ ਪ੍ਰਚਾਰ ਕਰਨ ਤੋਂ ਹਿਚਕਿਚਾਉਂਦੀ ਸੀ ਅਤੇ ਮਰਕੁਸ 12:30) ਇਸ ਕਰਕੇ ਉਸ ਨੇ ਯਹੋਵਾਹ ਨੂੰ ਆਪਣਾ ਜੀਵਨ ਸੌਂਪਿਆ ਤੇ ਬਪਤਿਸਮਾ ਲੈ ਲਿਆ।
ਬਪਤਿਸਮੇ ਨਾਲ ਜੁੜੀਆਂ ਜ਼ਿੰਮੇਵਾਰੀਆਂ ਉਠਾਉਣ ਤੋਂ ਡਰਦੀ ਸੀ। ਪਰ ਕ੍ਰਿਸਟੀਨਾ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੀ ਰਹੀ ਤੇ ਹੌਲੀ-ਹੌਲੀ ਉਸ ਉੱਤੇ ਇਸ ਦਾ ਅਸਰ ਪੈਣ ਲੱਗਾ। ਉਸ ਨੇ ਪਰਮੇਸ਼ੁਰ ਦਾ ਭੈ ਰੱਖਣਾ ਸਿੱਖਿਆ ਤੇ ਉਸ ਨੂੰ ਪਤਾ ਲੱਗਾ ਕਿ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਉਸ ਨੂੰ ਆਪਣੇ ਸਾਰੇ ਦਿਲ, ਜਾਨ, ਬੁੱਧ ਤੇ ਸ਼ਕਤੀ ਨਾਲ ਪਿਆਰ ਕਰਨ। (14 ਕ੍ਰਿਸਟੀਨਾ ਨੇ ਸੱਚਾਈ ਵਿਚ ਅੱਗੇ ਵਧਣ ਲਈ ਯਹੋਵਾਹ ਤੋਂ ਮਦਦ ਮੰਗੀ। ਉਹ ਕਹਿੰਦੀ ਹੈ: “ਮੈਂ ਜਾਣਦੀ ਸੀ ਕਿ ਪਿਆਨੋਵਾਦਕ ਦੇ ਤੌਰ ਤੇ ਸੰਗੀਤ-ਸਮਾਰੋਹਾਂ ਵਿਚ ਹਿੱਸਾ ਲੈਣ ਦਾ ਮਤਲਬ ਸੀ ਥਾਂ-ਥਾਂ ਸਫ਼ਰ ਕਰਨਾ ਅਤੇ ਸਾਲ ਵਿਚ ਲਗਭਗ 400 ਸ਼ੋਅ ਕਰਨ ਦਾ ਕਾਨਟ੍ਰੈਕਟ ਲੈਣਾ। ਇਸ ਲਈ ਮੈਂ ਇਹ ਰਾਹ ਅਪਣਾਉਣ ਦੀ ਬਜਾਇ ਆਪਣਾ ਗੁਜ਼ਾਰਾ ਤੋਰਨ ਲਈ ਦੂਸਰਿਆਂ ਨੂੰ ਪਿਆਨੋ ਸਿਖਾਉਣ ਦਾ ਫ਼ੈਸਲਾ ਕੀਤਾ ਤਾਂਕਿ ਮੈਂ ਪਾਇਨੀਅਰੀ ਕਰ ਕੇ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਾ ਸਕਾਂ।” ਉਦੋਂ ਕ੍ਰਿਸਟੀਨਾ ਨੂੰ ਆਪਣੇ ਦੇਸ਼ ਦੇ ਸਭ ਤੋਂ ਮਸ਼ਹੂਰ ਸੰਗੀਤ-ਸਮਾਰੋਹ ਹਾਲ ਵਿਚ ਆਪਣਾ ਪਹਿਲਾ ਸ਼ੋਅ ਪੇਸ਼ ਕਰਨ ਦਾ ਮੌਕਾ ਮਿਲਿਆ ਸੀ। ਉਹ ਦੱਸਦੀ ਹੈ: “ਉਹ ਮੇਰਾ ਪਹਿਲਾ ਅਤੇ ਆਖ਼ਰੀ ਸ਼ੋਅ ਸੀ।” ਕ੍ਰਿਸਟੀਨਾ ਹੁਣ ਕਲੀਸਿਯਾ ਦੇ ਇਕ ਬਜ਼ੁਰਗ ਨਾਲ ਵਿਆਹੀ ਹੈ। ਉਹ ਦੋਨੋਂ ਯਹੋਵਾਹ ਦੇ ਗਵਾਹਾਂ ਦੇ ਇਕ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦੇ ਹਨ। ਕ੍ਰਿਸਟੀਨਾ ਖ਼ੁਸ਼ ਹੈ ਕਿ ਯਹੋਵਾਹ ਨੇ ਉਸ ਨੂੰ ਸਹੀ ਫ਼ੈਸਲੇ ਕਰਨ ਦੀ ਤਾਕਤ ਦਿੱਤੀ ਤਾਂਕਿ ਉਹ ਆਪਣਾ ਸਮਾਂ ਤੇ ਬਲ ਉਸ ਦੀ ਸੇਵਾ ਵਿਚ ਲਾ ਸਕੇ।
ਬਹੁਮੁੱਲਾ ਵਿਰਸਾ
15. ਦਾਊਦ ਆਪਣੇ ਬੱਚਿਆਂ ਨੂੰ ਕਿਹੜਾ ਬਹੁਮੁੱਲਾ ਵਿਰਸਾ ਦੇਣਾ ਚਾਹੁੰਦਾ ਸੀ ਤੇ ਉਸ ਨੇ ਇਹ ਕਿਵੇਂ ਦਿੱਤਾ?
15 ਦਾਊਦ ਨੇ ਲਿਖਿਆ: “ਬੱਚਿਓ, ਆਓ, ਮੇਰੀ ਸੁਣੋ, ਅਤੇ ਮੈਂ ਤੁਹਾਨੂੰ ਯਹੋਵਾਹ ਦਾ ਭੈ ਸਿਖਾਵਾਂਗਾ।” (ਜ਼ਬੂਰਾਂ ਦੀ ਪੋਥੀ 34:11) ਇਕ ਪਿਤਾ ਹੋਣ ਦੇ ਨਾਤੇ ਦਾਊਦ ਆਪਣੇ ਬੱਚਿਆਂ ਨੂੰ ਯਹੋਵਾਹ ਦਾ ਭੈ ਰੱਖਣਾ ਸਿਖਾ ਕੇ ਉਨ੍ਹਾਂ ਨੂੰ ਬਹੁਮੁੱਲਾ ਵਿਰਸਾ ਦੇਣਾ ਚਾਹੁੰਦਾ ਸੀ। ਆਪਣੀ ਕਹਿਣੀ ਤੇ ਕਰਨੀ ਰਾਹੀਂ ਦਾਊਦ ਨੇ ਸਿਖਾਇਆ ਕਿ ਯਹੋਵਾਹ ਡਰਾਉਣਾ ਤੇ ਖੁਣਸੀ ਪਰਮੇਸ਼ੁਰ ਨਹੀਂ ਜੋ ਗ਼ਲਤੀ ਕਰਨ ਵਾਲਿਆਂ ਨੂੰ ਝੱਟ ਸਜ਼ਾ ਦਿੰਦਾ ਹੈ। ਇਸ ਦੀ ਬਜਾਇ ਉਹ ਪਿਆਰ ਤੇ ਮਾਫ਼ ਕਰਨ ਵਾਲਾ ਦਿਆਲੂ ਪਿਤਾ ਹੈ। ਦਾਊਦ ਨੂੰ ਪੱਕਾ ਭਰੋਸਾ ਸੀ ਕਿ ਯਹੋਵਾਹ ਸਾਡੇ ਵਿਚ ਗ਼ਲਤੀਆਂ ਨਹੀਂ ਲੱਭਦਾ ਰਹਿੰਦਾ। ਉਸ ਨੇ ਕਿਹਾ: “ਤੂੰ ਮੈਨੂੰ ਗੁੱਝੇ ਪਾਪਾਂ ਤੋਂ ਬਰੀ ਕਰ।” ਦਾਊਦ ਨੂੰ ਯਕੀਨ ਸੀ ਕਿ ਜੇ ਉਹ ਪੂਰੀ ਕੋਸ਼ਿਸ਼ ਕਰੇ, ਤਾਂ ਉਸ ਦੀਆਂ ਸੋਚਾਂ ਤੇ ਗੱਲਾਂ ਯਹੋਵਾਹ ਨੂੰ ਖ਼ੁਸ਼ ਕਰ ਸਕਦੀਆਂ ਸਨ।—ਜ਼ਬੂਰਾਂ ਦੀ ਪੋਥੀ 19:12, 14.
16, 17. ਮਾਪੇ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦਾ ਭੈ ਰੱਖਣਾ ਕਿਵੇਂ ਸਿਖਾ ਸਕਦੇ ਹਨ?
16 ਅੱਜ ਮਾਪੇ ਦਾਊਦ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਰਾਲਫ਼ ਆਪਣੇ ਭਰਾ ਦੇ ਨਾਲ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦਾ ਹੈ। ਉਹ ਕਹਿੰਦਾ ਹੈ: “ਸਾਡੇ ਮਾਂ-ਬਾਪ ਨੇ ਸਾਨੂੰ ਇਸ ਤਰ੍ਹਾਂ ਪਾਲਿਆ ਕਿ ਯਹੋਵਾਹ ਦੀ ਸੇਵਾ ਕਰ ਕੇ ਸਾਨੂੰ ਬਹੁਤ ਮਜ਼ਾ ਆਇਆ। ਅਸੀਂ ਇਕੱਠੇ ਬੈਠ ਕੇ ਕਲੀਸਿਯਾ ਦੇ ਕੰਮਾਂ ਬਾਰੇ ਗੱਲਬਾਤ ਕਰਦੇ ਸਾਂ ਜਿਸ ਕਰਕੇ ਸਾਡੇ ਵਿਚ ਵੀ ਯਹੋਵਾਹ ਦੀ ਵਧ-ਚੜ੍ਹ ਕੇ ਸੇਵਾ ਕਰਨ ਦੀ ਇੱਛਾ ਜਾਗੀ। ਉਨ੍ਹਾਂ ਨੇ ਸਾਨੂੰ ਸਿਖਾਇਆ ਕਿ ਯਹੋਵਾਹ ਦੀ ਸੇਵਾ ਵਿਚ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਕਈ ਸਾਲ ਤਾਂ ਸਾਡਾ ਪਰਿਵਾਰ ਅਜਿਹੇ ਦੇਸ਼ ਵਿਚ ਵੀ ਰਿਹਾ ਜਿੱਥੇ ਪ੍ਰਚਾਰਕਾਂ ਦੀ ਬਹੁਤ ਜ਼ਰੂਰਤ ਸੀ ਤੇ ਉੱਥੇ ਅਸੀਂ ਨਵੀਆਂ ਕਲੀਸਿਯਾਵਾਂ ਸਥਾਪਿਤ ਕਰਨ ਵਿਚ ਮਦਦ ਕੀਤੀ।
17 “ਅਸੀਂ ਯਹੋਵਾਹ ਦੇ ਰਾਹਾਂ ਤੇ ਇਸ ਲਈ ਨਹੀਂ ਚੱਲੇ ਕਿਉਂਕਿ ਸਾਨੂੰ ਹੁਕਮਾਂ ਦੀ ਲੰਬੀ ਸੂਚੀ ਦਿੱਤੀ ਗਈ ਸੀ, ਸਗੋਂ ਅਸੀਂ ਆਪਣੇ ਮਾਂ-ਬਾਪ ਦੀ ਮਿਸਾਲ ਤੋਂ ਦੇਖ ਸਕਦੇ ਸੀ ਕਿ ਯਹੋਵਾਹ ਰਹਿਮਦਿਲ ਤੇ ਪਿਆਰ ਕਰਨ ਵਾਲਾ ਪਰਮੇਸ਼ੁਰ ਸੀ। ਉਨ੍ਹਾਂ ਨੇ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਤੇ ਖ਼ੁਸ਼ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਅਤੇ ਇਸ ਤੋਂ ਅਸੀਂ ਵੀ ਪਰਮੇਸ਼ੁਰ ਦਾ ਭੈ ਰੱਖਣਾ ਤੇ ਉਸ ਨੂੰ ਪਿਆਰ ਕਰਨਾ ਸਿੱਖਿਆ। ਜਦ ਅਸੀਂ ਕੋਈ ਗ਼ਲਤੀ ਵੀ ਕਰ ਬੈਠਦੇ ਸਾਂ, ਤਾਂ ਮੰਮੀ-ਡੈਡੀ ਨੇ ਇਹ ਅਹਿਸਾਸ ਨਹੀਂ ਦਿਲਾਇਆ ਕਿ ਯਹੋਵਾਹ ਹੁਣ ਸਾਨੂੰ ਪਿਆਰ ਨਹੀਂ ਕਰਦਾ ਤੇ ਨਾ ਹੀ ਉਨ੍ਹਾਂ ਨੇ ਗੁੱਸੇ ਵਿਚ ਆ ਕੇ ਸਾਡੇ ਉੱਤੇ ਪਾਬੰਦੀਆਂ ਲਾਈਆਂ। ਉਨ੍ਹਾਂ ਨੇ ਸਾਨੂੰ ਬਿਠਾ ਕੇ ਸਾਡੇ ਨਾਲ ਗੱਲਬਾਤ ਕੀਤੀ। ਕਈ ਵਾਰ ਮੰਮੀ ਰੋ-ਰੋ ਕੇ ਸਾਡੇ ਦਿਲਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰਦੀ ਸੀ। ਸਾਡੇ ਉੱਤੇ ਇਸ ਦਾ ਬਹੁਤ ਅਸਰ ਪਿਆ। ਅਸੀਂ ਮੰਮੀ-ਡੈਡੀ ਦੀ ਕਹਿਣੀ ਤੇ ਕਰਨੀ ਤੋਂ ਸਿੱਖਿਆ ਕਿ ਯਹੋਵਾਹ ਦਾ ਭੈ ਰੱਖਣਾ ਵਧੀਆ ਗੱਲ ਹੈ ਅਤੇ ਉਸ ਦੀ ਸੇਵਾ ਕਰਨੀ ਔਖੀ ਨਹੀਂ ਹੈ, ਸਗੋਂ ਇਸ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ।”—1 ਯੂਹੰਨਾ 5:3.
18. ਪਰਮੇਸ਼ੁਰ ਦਾ ਭੈ ਰੱਖਣ ਦੇ ਫ਼ਾਇਦੇ ਕੀ ਹਨ?
18 ਦਾਊਦ ਦੇ ਛੇਕੜਲੇ ਬਚਨ ਵਿਚ ਅਸੀਂ ਪੜ੍ਹਦੇ ਹਾਂ: “ਜਿਹੜਾ ਆਦਮੀਆਂ ਉੱਤੇ ਧਰਮ ਨਾਲ ਰਾਜ ਕਰਦਾ ਹੈ, ਜੋ ਪਰਮੇਸ਼ੁਰ ਦੇ ਭੌ ਨਾਲ ਰਾਜ ਕਰਦਾ ਹੈ, ਉਹ ਸਵੇਰ ਦੇ ਚਾਨਣ ਵਰਗਾ ਹੋਵੇਗਾ ਜਦ ਸੂਰਜ ਨਿੱਕਲਦਾ ਹੀ ਹੈ।” (2 ਸਮੂਏਲ 23:1, 3, 4) ਦਾਊਦ ਦਾ ਪੁੱਤਰ ਸੁਲੇਮਾਨ ਇਸਰਾਏਲ ਦਾ ਅਗਲਾ ਰਾਜਾ ਬਣਿਆ ਸੀ। ਅਸੀਂ ਕਹਿ ਸਕਦੇ ਹਾਂ ਕਿ ਉਹ ਆਪਣੇ ਪਿਤਾ ਦੀ ਸਿੱਖਿਆ ਅਨੁਸਾਰ ਚੱਲਿਆ ਕਿਉਂਕਿ ਉਸ ਨੇ ਯਹੋਵਾਹ ਤੋਂ “ਸੁਣਨ ਵਾਲਾ ਮਨ” ਮੰਗਿਆ ਤਾਂਕਿ ਉਹ ‘ਅੱਛੇ ਅਤੇ ਬੁਰੇ ਨੂੰ ਸਮਝ’ ਸਕੇ। (1 ਰਾਜਿਆਂ 3:9) ਸੁਲੇਮਾਨ ਜਾਣਦਾ ਸੀ ਕਿ ਯਹੋਵਾਹ ਦਾ ਭੈ ਰੱਖਣਾ ਬੁੱਧੀਮਤਾ ਦੀ ਗੱਲ ਸੀ ਤੇ ਇਸ ਨਾਲ ਖ਼ੁਸ਼ੀ ਮਿਲਦੀ ਹੈ। ਬਾਅਦ ਵਿਚ ਉਸ ਨੇ ਉਪਦੇਸ਼ਕ ਦੀ ਪੋਥੀ ਦਾ ਸਾਰ ਕੱਢਦਿਆਂ ਲਿਖਿਆ: “ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ,—ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ। ਪਰਮੇਸ਼ੁਰ ਤਾਂ ਇੱਕ ਇੱਕ ਕੰਮ ਦਾ ਅਤੇ ਇੱਕ ਇੱਕ ਗੁੱਝੀ ਗੱਲ ਦਾ ਨਿਆਉਂ ਕਰੇਗਾ ਭਾਵੇਂ ਚੰਗੀ ਹੋਵੇ ਭਾਵੇਂ ਮਾੜੀ।” (ਉਪਦੇਸ਼ਕ ਦੀ ਪੋਥੀ 12:13, 14) ਜੇ ਅਸੀਂ ਇਸ ਸਲਾਹ ਉੱਤੇ ਚੱਲੀਏ, ਤਾਂ ਸਾਨੂੰ ਪਤਾ ਲੱਗੇਗਾ ਕਿ “ਅਧੀਨਗੀ ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ” ਸਿਰਫ਼ ਬੁੱਧ ਅਤੇ ਖ਼ੁਸ਼ੀ ਹੀ ਨਹੀਂ, ਸਗੋਂ “ਧਨ, ਆਦਰ ਅਤੇ ਜੀਉਣ” ਵੀ ਹੈ।—ਕਹਾਉਤਾਂ 22:4.
19. ਅਸੀਂ “ਯਹੋਵਾਹ ਦੇ ਭੈ” ਨੂੰ ਕਿਵੇਂ ਸਮਝ ਸਕਦੇ ਹਾਂ?
19 ਅਸੀਂ ਇਸ ਲੇਖ ਵਿਚ ਦਿੱਤੀਆਂ ਮਿਸਾਲਾਂ ਤੋਂ ਦੇਖ ਸਕਦੇ ਹਾਂ ਕਿ ਯਹੋਵਾਹ ਦਾ ਭੈ ਰੱਖਣ ਨਾਲ ਉਸ ਦੇ ਸੇਵਕਾਂ ਨੂੰ ਕਈ ਫ਼ਾਇਦੇ ਹੁੰਦੇ ਹਨ। ਇਹ ਸਾਨੂੰ ਗ਼ਲਤ ਕੰਮਾਂ ਤੇ ਯਹੋਵਾਹ ਨੂੰ ਨਾਰਾਜ਼ ਕਰਨ ਤੋਂ ਰੋਕ ਸਕਦਾ ਹੈ ਅਤੇ ਮੁਸ਼ਕਲਾਂ ਤੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਦੀ ਹਿੰਮਤ ਦੇ ਸਕਦਾ ਹੈ। ਇਸ ਲਈ ਆਓ ਆਪਾਂ ਤਨ-ਮਨ ਲਾ ਕੇ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰੀਏ, ਇਸ ਉੱਤੇ ਮਨਨ ਕਰੀਏ ਅਤੇ ਬਾਕਾਇਦਾ ਦਿਲੋਂ ਪ੍ਰਾਰਥਨਾ ਕਰ ਕੇ ਯਹੋਵਾਹ ਦੇ ਨਜ਼ਦੀਕ ਰਹੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਨਾ ਸਿਰਫ਼ “ਪਰਮੇਸ਼ੁਰ ਦੇ ਗਿਆਨ” ਨੂੰ ਪ੍ਰਾਪਤ ਕਰਾਂਗੇ, ਪਰ “ਯਹੋਵਾਹ ਦੇ ਭੈ” ਨੂੰ ਵੀ ਸਮਝ ਸਕਾਂਗੇ।—ਕਹਾਉਤਾਂ 2:1-5.
[ਫੁਟਨੋਟ]
^ ਪੈਰਾ 4 ਅਸਲੀ ਨਾਂ ਨਹੀਂ।
^ ਪੈਰਾ 5 ਹੋ ਸਕਦਾ ਹੈ ਕਿ ਇਸ ਘਟਨਾ ਤੋਂ ਬਾਅਦ ਦਾਊਦ ਨੇ ਜ਼ਬੂਰ 57 ਅਤੇ 142 ਲਿਖੇ ਸਨ।
ਕੀ ਤੁਸੀਂ ਸਮਝਾ ਸਕਦੇ ਹੋ?
• ਵੱਡਾ ਪਾਪ ਕਰਨ ਤੋਂ ਬਾਅਦ ਵੀ ਪਰਮੇਸ਼ੁਰ ਦਾ ਭੈ ਸਾਨੂੰ ਮੁੜ ਸਹੀ ਰਾਹ ਤੇ ਆਉਣ ਵਿਚ ਕਿਵੇਂ ਮਦਦ ਕਰ ਸਕਦਾ ਹੈ?
• ਮੁਸ਼ਕਲਾਂ ਤੇ ਜ਼ੁਲਮ ਦੇ ਬਾਵਜੂਦ ਪਰਮੇਸ਼ੁਰ ਦਾ ਭੈ ਰੱਖਣ ਨਾਲ ਸਾਨੂੰ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ?
• ਪਰਮੇਸ਼ੁਰ ਦਾ ਭੈ ਸਾਨੂੰ ਉਸ ਦੀ ਮਰਜ਼ੀ ਪੂਰੀ ਕਰਨ ਦੀ ਸ਼ਕਤੀ ਕਿਵੇਂ ਦੇ ਸਕਦਾ ਹੈ?
• ਅਸੀਂ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦਾ ਭੈ ਰੱਖਣਾ ਕਿਵੇਂ ਸਿਖਾ ਸਕਦੇ ਹਾਂ?
[ਸਵਾਲ]
[ਸਫ਼ਾ 26 ਉੱਤੇ ਤਸਵੀਰ]
ਪਰਮੇਸ਼ੁਰ ਦੇ ਭੈ ਨੇ ਦਾਊਦ ਨੂੰ ਸ਼ਾਊਲ ਨੂੰ ਜਾਨੋਂ ਮਾਰਨ ਤੋਂ ਰੋਕਿਆ
[ਸਫ਼ਾ 29 ਉੱਤੇ ਤਸਵੀਰਾਂ]
ਮਾਪੇ ਆਪਣੇ ਬੱਚਿਆਂ ਨੂੰ ਰੱਬ ਦਾ ਭੈ ਰੱਖਣਾ ਸਿਖਾ ਕੇ ਉਨ੍ਹਾਂ ਨੂੰ ਬਹੁਮੁੱਲਾ ਵਿਰਸਾ ਦੇ ਸਕਦੇ ਹਨ