ਜਦ ਸਾਡੇ ਘਰ ਦਾ ਕੋਈ ਜੀਅ ਯਹੋਵਾਹ ਨੂੰ ਛੱਡ ਕੇ ਚਲਿਆ ਜਾਂਦਾ
ਜਦ ਸਾਡੇ ਘਰ ਦਾ ਕੋਈ ਜੀਅ ਯਹੋਵਾਹ ਨੂੰ ਛੱਡ ਕੇ ਚਲਿਆ ਜਾਂਦਾ
ਪਰਦੀਪ ਤੇ ਰਾਣੀ ਦੋਵੇਂ ਯਹੋਵਾਹ ਦੇ ਗਵਾਹ ਹਨ। * ਉਨ੍ਹਾਂ ਨੇ ਆਪਣੇ ਫ਼ਰਜ਼ ਨੂੰ ਚੰਗੀ ਤਰ੍ਹਾਂ ਨਿਭਾ ਕੇ ਬੜੀ ਮਿਹਨਤ ਤੇ ਪਿਆਰ ਨਾਲ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੀ ਸਿੱਖਿਆ ਦਿੱਤੀ। (ਕਹਾਉਤਾਂ 22:6; 2 ਤਿਮੋਥਿਉਸ 3:15) ਪਰ ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਦੇ ਕੁਝ ਬੱਚਿਆਂ ਨੇ ਵੱਡੇ ਹੋ ਕੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ। ਰਾਣੀ ਕਹਿੰਦੀ ਹੈ: “ਉਨ੍ਹਾਂ ਬਾਰੇ ਸੋਚ ਕੇ ਮੇਰਾ ਦਿਲ ਤੜਫ਼ ਉੱਠਦਾ ਹੈ। ਮੈਨੂੰ ਉਨ੍ਹਾਂ ਦੀ ਕਮੀ ਬਹੁਤ ਹੀ ਮਹਿਸੂਸ ਹੁੰਦੀ ਹੈ। ਜਦ ਕੋਈ ਆਪਣੇ ਲੜਕਿਆਂ ਦੀ ਗੱਲ ਕਰਦਾ ਹੈ, ਤਾਂ ਮੇਰਾ ਗਲ਼ ਭਰ ਆਉਂਦਾ ਤੇ ਮੈਂ ਮਸੀਂ-ਮਸੀਂ ਆਪਣੇ ਆਪ ਨੂੰ ਸੰਭਾਲਦੀ ਹਾਂ।”
ਹਾਂ ਜਦ ਕੋਈ ਯਹੋਵਾਹ ਨੂੰ ਛੱਡ ਜਾਂਦਾ ਹੈ, ਤਾਂ ਉਸ ਦੇ ਘਰਦਿਆਂ ਦਾ ਦਿਲ ਚੀਰਿਆ ਜਾਂਦਾ ਹੈ। ਆਇਰੀਨ ਕਹਿੰਦੀ ਹੈ: “ਮੈਂ ਆਪਣੀ ਭੈਣ ਨੂੰ ਬਹੁਤ ਹੀ ਪਿਆਰ ਕਰਦੀ ਹਾਂ ਤੇ ਮੇਰੀ ਯਹੋਵਾਹ ਅੱਗੇ ਇਹੋ ਦੁਆ ਹੈ ਕਿ ਉਹ ਕਲੀਸਿਯਾ ਵਿਚ ਵਾਪਸ ਆ ਜਾਵੇ।” ਮਰਿਯਾ ਦੇ ਭਰਾ ਨੇ ਪੁੱਠੇ ਰਾਹ ਪੈ ਕੇ ਯਹੋਵਾਹ ਨੂੰ ਛੱਡ ਦਿੱਤਾ ਸੀ। ਉਹ ਕਹਿੰਦੀ ਹੈ: “ਉਸ ਦੀ ਜੁਦਾਈ ਨੂੰ ਸਹਿਣਾ ਮੇਰੇ ਲਈ ਬਹੁਤ ਔਖਾ ਹੈ ਕਿਉਂਕਿ ਮੇਰੀ ਉਸ ਨਾਲ ਬਹੁਤ ਬਣਦੀ ਸੀ। ਮੈਨੂੰ ਉਸ ਦੀ ਬਹੁਤ ਯਾਦ ਆਉਂਦੀ ਹੈ ਖ਼ਾਸਕਰ ਜਦੋਂ ਸਾਰਾ ਪਰਿਵਾਰ ਕਿਸੇ ਖ਼ੁਸ਼ੀ ਦੇ ਮੌਕੇ ਤੇ ਇਕੱਠਾ ਹੁੰਦਾ ਹੈ।”
ਇੰਨਾ ਔਖਾ ਕਿਉਂ?
ਜਦ ਸਾਡੇ ਘਰ ਦਾ ਕੋਈ ਜੀਅ ਯਹੋਵਾਹ ਨੂੰ ਛੱਡ ਜਾਂਦਾ ਹੈ, ਤਾਂ ਅਸੀਂ ਇੰਨੇ ਦੁਖੀ ਕਿਉਂ ਹੁੰਦੇ ਹਾਂ ਜਿਵੇਂ ਕਿਤੇ ਸਾਡਾ ਜਹਾਨ ਹੀ ਲੁੱਟਿਆ ਗਿਆ ਹੋਵੇ? ਕਿਉਂਕਿ ਅਸੀਂ ਬਾਈਬਲ ਦੀਆਂ ਭਵਿੱਖਬਾਣੀਆਂ ਬਾਰੇ ਜਾਣਦੇ ਹਾਂ ਕਿ ਨਵੀਂ ਦੁਨੀਆਂ ਵਿਚ ਯਹੋਵਾਹ ਦੇ ਵਫ਼ਾਦਾਰ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। (ਜ਼ਬੂਰਾਂ ਦੀ ਪੋਥੀ 37:29; 2 ਪਤਰਸ 3:13; ਪਰਕਾਸ਼ ਦੀ ਪੋਥੀ 21:3-5) ਅਸੀਂ ਚਾਹੁੰਦੇ ਹਾਂ ਕਿ ਸਾਡੇ ਘਰ ਦੇ ਸਾਰੇ ਜੀਅ—ਸਾਡਾ ਜੀਵਨ-ਸਾਥੀ, ਬੱਚੇ, ਮਾਪੇ, ਭੈਣ-ਭਰਾ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ—ਸਾਡੇ ਨਾਲ ਉਸ ਨਵੀਂ ਦੁਨੀਆਂ ਵਿਚ ਹੋਣ। ਇਸ ਲਈ ਜਦ ਕੋਈ ਸੱਚਾਈ ਛੱਡ ਕੇ ਚਲਿਆ ਜਾਂਦਾ, ਤਾਂ ਇਹ ਸੋਚ ਕੇ ਸਾਡਾ ਕਲੇਜਾ ਫੱਟਦਾ ਹੈ ਕਿ ਉਹ ਕਿਤੇ ਨਵੀਂ ਦੁਨੀਆਂ ਦੀਆਂ ਬਰਕਤਾਂ ਤੋਂ ਵਾਂਝੇ ਨਾ ਰਹਿ ਜਾਣ। ਇਸ ਤੋਂ ਇਲਾਵਾ, ਅਸੀਂ ਜਾਣਦੇ ਹਾਂ ਕਿ ਯਹੋਵਾਹ ਦੇ ਹੁਕਮਾਂ ਨੂੰ ਮੰਨ ਕੇ ਸਾਨੂੰ ਹੁਣ ਵੀ ਲਾਭ ਹੁੰਦਾ ਹੈ। ਸਾਨੂੰ ਕਿੰਨਾ ਦੁੱਖ ਹੁੰਦਾ ਹੈ ਜਦ ਸਾਡੇ ਘਰ ਦਾ ਕੋਈ ਜੀਅ ਕੁਰਾਹੇ ਪੈ ਜਾਂਦਾ ਹੈ ਕਿਉਂਕਿ ਸਾਨੂੰ ਪਤਾ ਹੈ ਇਸ ਦਾ ਅੰਜਾਮ ਬੁਰਾ ਹੀ ਹੁੰਦਾ ਹੈ।—ਯਸਾਯਾਹ 48:17, 18; ਗਲਾਤੀਆਂ 6:7, 8.
ਦੂਸਰਿਆਂ ਲਈ ਇਹ ਸਮਝਣਾ ਸ਼ਾਇਦ ਔਖਾ ਹੋਵੇ ਕਿ ਉਨ੍ਹਾਂ ਭੈਣ-ਭਾਈਆਂ ਦੇ ਦਿਲ ਤੇ ਕੀ ਬੀਤਦੀ ਹੈ ਜਿਨ੍ਹਾਂ ਦੇ ਘਰ
ਦਾ ਕੋਈ ਜੀਅ ਯਹੋਵਾਹ ਨੂੰ ਛੱਡ ਦਿੰਦਾ ਹੈ। ਉਸ ਜੀਅ ਦੀ ਯਾਦ ਉਨ੍ਹਾਂ ਨੂੰ ਵਾਰ-ਵਾਰ ਸਤਾਉਂਦੀ ਹੈ। ਰਾਣੀ ਕਹਿੰਦੀ ਹੈ: “ਮੀਟਿੰਗਾਂ ਵਿਚ ਜਾਣ ਦਾ ਮੇਰਾ ਜੀਅ ਉੱਕਾ ਨਹੀਂ ਕਰਦਾ ਕਿਉਂਕਿ ਉੱਥੇ ਜਾ ਕੇ ਦੂਜੇ ਪਰਿਵਾਰਾਂ ਨੂੰ ਹੱਸਦੇ-ਖੇਡਦੇ ਦੇਖ ਕੇ ਮੈਨੂੰ ਆਪਣੇ ਬੱਚਿਆਂ ਦੀ ਯਾਦ ਆ ਜਾਂਦੀ ਹੈ। ਭਾਵੇਂ ਸਾਰੇ ਪਾਸੇ ਰੌਣਕ ਹੁੰਦੀ ਹੈ, ਪਰ ਮੈਨੂੰ ਲੱਗਦਾ ਹੈ ਜਿਵੇਂ ਮੇਰੇ ਚਾਰੇ ਪਾਸੇ ਹਨੇਰਾ ਛਾਇਆ ਹੋਵੇ।” ਇਕ ਭਰਾ ਉਨ੍ਹਾਂ ਚਾਰ ਸਾਲਾਂ ਬਾਰੇ ਚੇਤੇ ਕਰਦਾ ਹੈ ਜਿਨ੍ਹਾਂ ਦੌਰਾਨ ਉਸ ਦੀ ਮਤਰੇਈ ਧੀ ਸੱਚਾਈ ਛੱਡ ਕੇ ਚਲੀ ਗਈ ਸੀ: “ਕਈ ਮੌਕਿਆਂ ਤੇ ਸਾਡੀ ਖ਼ੁਸ਼ੀ ਉਦਾਸੀ ਵਿਚ ਬਦਲ ਜਾਂਦੀ ਸੀ। ਜੇ ਕਿਤੇ ਮੈਂ ਆਪਣੀ ਪਤਨੀ ਨੂੰ ਕੋਈ ਤੋਹਫ਼ਾ ਦਿੰਦਾ ਜਾਂ ਬਾਹਰ ਕਿਤੇ ਘੁਮਾਉਣ ਲੈ ਜਾਂਦਾ, ਤਾਂ ਉਹ ਆਪਣੀ ਕੁੜੀ ਨੂੰ ਯਾਦ ਕਰ ਕੇ ਫੁੱਟ-ਫੁੱਟ ਕੇ ਰੋਣ ਲੱਗ ਪੈਂਦੀ ਸੀ ਕਿਉਂਕਿ ਉਸ ਦੀ ਬੇਟੀ ਸਾਡੀ ਖ਼ੁਸ਼ੀ ਵਿਚ ਸ਼ਾਮਲ ਨਹੀਂ ਹੋ ਸਕਦੀ ਸੀ।”ਕੀ ਇਸ ਤਰ੍ਹਾਂ ਉਦਾਸੀ ਮਹਿਸੂਸ ਕਰਨੀ ਜਾਂ ਦੁਖੀ ਹੋਣਾ ਸਾਡੇ ਲਈ ਗ਼ਲਤ ਹੈ? ਜ਼ਰੂਰੀ ਨਹੀਂ। ਦਰਅਸਲ ਅਸੀਂ ਯਹੋਵਾਹ ਦੇ ਸਰੂਪ ਤੇ ਬਣਾਏ ਗਏ ਹਾਂ ਤੇ ਕੁਝ ਹੱਦ ਤਕ ਉਸ ਵਾਂਗ ਮਹਿਸੂਸ ਕਰਦੇ ਹਾਂ। (ਉਤਪਤ 1:26, 27) ਇਸ ਦਾ ਕੀ ਮਤਲਬ ਹੈ? ਜ਼ਰਾ ਸੋਚੋ ਯਹੋਵਾਹ ਤੇ ਕੀ ਬੀਤੀ ਸੀ ਜਦ ਇਸਰਾਏਲੀਆਂ ਨੇ ਉਸ ਤੋਂ ਮੂੰਹ ਮੋੜ ਲਿਆ ਸੀ। ਜ਼ਬੂਰਾਂ ਦੀ ਪੋਥੀ 78:38-41 ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਯਹੋਵਾਹ ਦੇ ਦਿਲ ਨੂੰ ਦੁਖਾਇਆ। ਪਰ ਫਿਰ ਵੀ ਯਹੋਵਾਹ ਨੇ ਉਨ੍ਹਾਂ ਨੂੰ ਪਿਆਰ ਨਾਲ ਵਾਰ-ਵਾਰ ਸਮਝਾਇਆ ਜਿਸ ਕਰਕੇ ਜਦ ਉਨ੍ਹਾਂ ਨੇ ਦਿਲੋਂ ਪਛਤਾਵਾ ਕੀਤਾ, ਤਾਂ ਯਹੋਵਾਹ ਉਨ੍ਹਾਂ ਨੂੰ ਮਾਫ਼ ਕਰਨ ਲਈ ਵੀ ਤਿਆਰ ਸੀ। ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਯਹੋਵਾਹ “ਆਪਣੇ ਹੱਥਾਂ ਦੇ ਕੰਮ” ਨੂੰ ਯਾਨੀ ਹਰੇਕ ਇਨਸਾਨ ਨੂੰ ਬਹੁਤ ਪਿਆਰ ਕਰਦਾ ਹੈ ਤੇ ਇਹੋ ਚਾਹੁੰਦਾ ਹੈ ਕਿ ਉਹ ਉਸ ਕੋਲ ਵਾਪਸ ਮੁੜ ਆਉਣ। (ਅੱਯੂਬ 14:15; ਯੂਨਾਹ 4:10, 11) ਯਹੋਵਾਹ ਨੇ ਇਨਸਾਨਾਂ ਵਿਚ ਪਿਆਰ ਦਾ ਜਜ਼ਬਾ ਪਾਇਆ ਹੈ ਅਤੇ ਪਰਿਵਾਰ ਦੇ ਮੈਂਬਰਾਂ ਵਿਚ ਪਿਆਰ ਦਾ ਇਹ ਬੰਧਨ ਬੜਾ ਮਜ਼ਬੂਤ ਹੁੰਦਾ ਹੈ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਜਦ ਘਰ ਦਾ ਕੋਈ ਜੀਅ ਸੱਚਾਈ ਛੱਡਣ ਤੇ ਆਪਣੀ ਮਨ-ਮਰਜ਼ੀ ਕਰਦਾ ਹੈ, ਤਾਂ ਇੰਨਾ ਦੁੱਖ ਕਿਉਂ ਹੁੰਦਾ ਹੈ।
ਜਦ ਸਾਡੇ ਘਰ ਦਾ ਕੋਈ ਜੀਅ ਯਹੋਵਾਹ ਤੋਂ ਬੇਮੁੱਖ ਹੋ ਜਾਂਦਾ ਹੈ, ਤਾਂ ਇਸ ਦੁੱਖ ਨੂੰ ਸਹਿਣਾ ਸਾਡੇ ਲਈ ਬਹੁਤ ਔਖਾ ਹੋ ਸਕਦਾ ਹੈ। (ਰਸੂਲਾਂ ਦੇ ਕਰਤੱਬ 14:22) ਯਿਸੂ ਨੇ ਕਿਹਾ ਸੀ ਕਿ ਉਸ ਦੀ ਸਿੱਖਿਆ ਨੂੰ ਮੰਨਣ ਕਰਕੇ ਕੁਝ ਪਰਿਵਾਰਾਂ ਵਿਚ ਫੁੱਟ ਪੈ ਜਾਵੇਗੀ। (ਮੱਤੀ 10:34-38) ਪਰ ਇਹ ਫੁੱਟਾਂ ਬਾਈਬਲ ਦੀ ਸਿੱਖਿਆ ਮੰਨਣ ਕਰਕੇ ਨਹੀਂ ਪੈਂਦੀਆਂ। ਘਰ ਵਿਚ ਫੁੱਟ ਉਹ ਪਾ ਦਿੰਦੇ ਹਨ ਜੋ ਬਾਈਬਲ ਦੀ ਸਿੱਖਿਆ ਨੂੰ ਠੁਕਰਾ ਕੇ ਘਰ ਦੇ ਹੋਰਨਾਂ ਜੀਆਂ ਦਾ ਵਿਰੋਧ ਕਰਦੇ ਹਨ। ਸਾਨੂੰ ਯਹੋਵਾਹ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਬਿਪਤਾ ਭਰੇ ਸਮਿਆਂ ਵਿਚ ਉਹ ਸਾਨੂੰ ਇਕੱਲੇ ਨਹੀਂ ਛੱਡਦਾ। ਜੇ ਤੁਸੀਂ ਇਹੋ ਜਿਹੇ ਹਾਲਾਤ ਵਿੱਚੋਂ ਗੁਜ਼ਰ ਰਹੇ ਹੋ, ਤਾਂ ਬਾਈਬਲ ਦੇ ਕਿਹੜੇ ਸਿਧਾਂਤਾਂ ਨੂੰ ਲਾਗੂ ਕਰ ਕੇ ਤੁਸੀਂ ਆਪਣੇ ਦਿਲ ਵਿਚ ਸਕੂਨ ਪਾ ਸਕਦੇ ਹੋ?
ਆਪਣੇ ਆਪ ਨੂੰ ਸੰਭਾਲੋ
‘ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਵਿਚ ਤਾਕਤਵਰ ਬਣਾਈ ਜਾਓ।’ (ਯਹੂਦਾਹ 20, 21, ਈਜ਼ੀ ਟੂ ਰੀਡ ਵਰਯਨ) ਹੋ ਸਕਦਾ ਕਿ ਇਸ ਵੇਲੇ ਤੁਹਾਡੇ ਹਾਲਾਤ ਕੁਝ ਇਹੋ ਜਿਹੇ ਹੋਣ ਕਿ ਤੁਸੀਂ ਆਪਣੇ ਘਰ ਦੇ ਉਸ ਜੀਅ ਦੀ ਮਦਦ ਕਰ ਹੀ ਨਹੀਂ ਸਕਦੇ ਜਿਸ ਨੇ ਯਹੋਵਾਹ ਨੂੰ ਛੱਡ ਦਿੱਤਾ ਹੈ। ਫਿਰ ਵੀ ਤੁਸੀਂ ਆਪਣੇ ਆਪ ਨੂੰ ਅਤੇ ਘਰ ਦੇ ਬਾਕੀ ਜੀਆਂ ਨੂੰ ਯਹੋਵਾਹ ਦੀ ਸੇਵਾ ਕਰਦੇ ਰਹਿਣ ਲਈ ਮਜ਼ਬੂਤ ਕਰ ਸਕਦੇ ਹੋ। ਵਰੌਨਿਕਾ ਦੇ ਤਿੰਨਾਂ ਲੜਕਿਆਂ ਵਿੱਚੋਂ ਦੋ ਸੱਚਾਈ ਛੱਡ ਗਏ। ਉਹ ਕਹਿੰਦੀ ਹੈ: “ਮੈਨੂੰ ਤੇ ਉਨ੍ਹਾਂ ਦੇ ਡੈਡੀ ਨੂੰ ਇਹ ਸਲਾਹ ਦਿੱਤੀ ਗਈ ਕਿ ਸਾਨੂੰ ਆਪਣੇ ਆਪ ਨੂੰ ਸੱਚਾਈ ਵਿਚ ਤਕੜੇ ਰੱਖਣ ਦੀ ਲੋੜ ਹੈ ਤਾਂਕਿ ਜਦ ਸਾਡੇ ਮੁੰਡੇ ਸੱਚਾਈ ਵਿਚ ਵਾਪਸ ਆਉਣਗੇ ਅਸੀਂ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੋਵਾਂਗੇ। ਯਿਸੂ ਦੇ ਦ੍ਰਿਸ਼ਟਾਂਤ ਦੇ ਉਜਾੜੂ ਪੁੱਤਰ ਦੀ ਗੱਲ ਲੈ ਲਓ। ਜੇ ਪਿਤਾ ਹਿੰਮਤ ਹਾਰ ਬੈਠਦਾ, ਤਾਂ ਪੁੱਤਰ ਕਿਹ ਦੇ ਕੋਲ ਵਾਪਸ ਮੁੜਦਾ?”
ਆਪਣੇ ਆਪ ਨੂੰ ਸੱਚਾਈ ਵਿਚ ਤਕੜਿਆਂ ਬਣਾਈ ਰੱਖਣ ਲਈ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿਣ ਦੀ ਜ਼ਰੂਰਤ ਹੈ। ਇਸ ਦਾ ਮਤਲਬ ਹੈ ਕਿ ਮੀਟਿੰਗਾਂ ਵਿਚ ਬਾਕਾਇਦਾ ਜਾਂਦੇ ਰਹੋ ਅਤੇ ਮਨ ਲਾ ਕੇ ਬਾਈਬਲ ਦਾ ਅਧਿਐਨ ਕਰਦੇ ਰਹੋ। ਇਸ ਤੋਂ ਇਲਾਵਾ, ਕਲੀਸਿਯਾ ਵਿਚ ਜੇ ਕਿਸੇ ਨੂੰ ਮਦਦ ਦੀ ਲੋੜ ਹੈ, ਤਾਂ ਜਿੰਨਾ ਤੁਹਾਡੇ ਤੋਂ ਹੁੰਦਾ ਉਸ ਦੀ ਮਦਦ ਕਰੋ। ਮੰਨਿਆ ਕਿ ਇਹ ਸਭ ਕੁਝ ਕਰਨਾ ਪਹਿਲਾਂ-ਪਹਿਲਾਂ ਸ਼ਾਇਦ ਤੁਹਾਡੇ ਲਈ ਔਖਾ ਹੋਵੇ ਪਰ ਇਸ ਵਿਚ ਤੁਹਾਡਾ ਹੀ ਫ਼ਾਇਦਾ ਹੈ। ਵਰੌਨਿਕਾ ਕਹਿੰਦੀ ਹੈ: “ਪਹਿਲਾਂ-ਪਹਿਲਾਂ ਤਾਂ ਮੇਰਾ ਕਿਸੇ ਨੂੰ ਮਿਲਣ ਦਾ ਜੀ ਨਹੀਂ ਸੀ ਕਰਦਾ। ਪਰ ਮੇਰੇ ਪਤੀ ਨੇ ਮੈਨੂੰ ਹੌਸਲਾ ਦਿੱਤਾ ਤੇ ਅਸੀਂ ਦੋਨਾਂ ਨੇ ਪੱਕਾ ਕੀਤਾ ਕਿ ਅਸੀਂ ਮੀਟਿੰਗਾਂ ਮਿੱਸ ਨਹੀਂ ਕਰਾਂਗੇ। ਜਦੋਂ ਸੰਮੇਲਨ ਜਾਣ ਦਾ ਸਮਾਂ ਆਇਆ, ਤਾਂ ਭੈਣਾਂ-ਭਰਾਵਾਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਗੱਲਾਂ ਕਰਨ ਲਈ ਮੈਨੂੰ ਹਿੰਮਤ ਜੁਟਾਉਣ ਲਈ ਬਹੁਤ ਜੱਦੋ-ਜਹਿਦ ਕਰਨੀ ਪਈ। ਪਰ ਸੰਮੇਲਨ ਦਾ ਪ੍ਰੋਗ੍ਰਾਮ ਸੁਣ ਕੇ ਸਾਨੂੰ ਇੰਜ ਲੱਗਾ ਜਿਵੇਂ ਯਹੋਵਾਹ ਨੇ ਸਾਡੇ ਲਈ ਇਹ ਖ਼ਾਸ ਤੌਰ ਤੇ ਤਿਆਰ ਕੀਤਾ ਸੀ। ਪ੍ਰੋਗ੍ਰਾਮ ਤੋਂ ਸਾਨੂੰ ਅਤੇ ਸਾਡੇ ਮੁੰਡੇ ਨੂੰ ਸੱਚਾਈ ਵਿਚ ਮਜ਼ਬੂਤ ਰਹਿਣ ਦਾ ਹੌਸਲਾ ਮਿਲਿਆ।”
ਮਰਿਯਾ (ਜਿਸ ਦੀ ਪਹਿਲਾਂ ਗੱਲ ਕੀਤੀ ਗਈ ਹੈ) ਆਪਣੇ ਆਪ ਨੂੰ ਪ੍ਰਚਾਰ ਦੇ ਕੰਮ ਵਿਚ ਰੁਝਾਈ ਰੱਖਦੀ ਹੈ ਤੇ ਹੁਣ ਉਹ ਚਾਰ ਜਣਿਆਂ ਨਾਲ ਬਾਈਬਲ ਦੀ ਸਟੱਡੀ ਕਰ ਰਹੀ ਹੈ। ਲੌਰਾ ਆਪਣੇ ਬਾਰੇ ਕਹਿੰਦੀ ਹੈ: “ਅਜੇ ਵੀ ਆਪਣੇ ਬੱਚਿਆਂ ਬਾਰੇ ਸੋਚ ਕੇ ਮੇਰੀਆਂ ਅੱਖਾਂ ਭਰ ਆਉਂਦੀਆਂ ਹਨ। ਭਾਵੇਂ ਕਿ ਮੇਰੇ ਬੱਚਿਆਂ ਨੇ ਯਹੋਵਾਹ ਦੇ ਰਾਹਾਂ ਤੇ ਚੱਲਣਾ ਛੱਡ ਦਿੱਤਾ, ਪਰ ਮੈਂ ਯਹੋਵਾਹ ਦੀ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਬਾਈਬਲ ਰਾਹੀਂ ਮੈਨੂੰ ਉਹ ਉੱਤਮ ਸਿੱਖਿਆ ਦਿੱਤੀ ਹੈ ਜਿਸ ਦੀ ਮਦਦ ਨਾਲ ਮੈਂ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਦੂਸਰੇ ਪਰਿਵਾਰਾਂ ਦੀ ਮਦਦ ਕਰ ਸਕਦੀ ਹਾਂ।” ਕੈੱਨ ਤੇ ਐਲੇਨਰ ਦੇ ਬੱਚਿਆਂ ਨੇ ਵੱਡੇ ਹੋ ਕੇ ਯਹੋਵਾਹ ਦਾ ਲੜ ਛੱਡ ਦਿੱਤਾ ਸੀ। ਇਨ੍ਹਾਂ ਨੇ ਕੀ ਕੀਤਾ? ਇਹ ਅਜਿਹੇ ਇਲਾਕੇ ਵਿਚ ਰਹਿਣ ਲਈ ਚਲੇ ਗਏ ਜਿੱਥੇ ਪ੍ਰਚਾਰ ਕਰਨ
ਵਾਲਿਆਂ ਦੀ ਲੋੜ ਸੀ ਤੇ ਹੁਣ ਇਹ ਦੋਵੇਂ ਪਾਇਨੀਅਰੀ ਕਰ ਰਹੇ ਹਨ। ਇਸ ਤਰ੍ਹਾਂ ਕਰਨ ਨਾਲ ਇਨ੍ਹਾਂ ਨੂੰ ਸਹੀ ਨਜ਼ਰੀਆ ਰੱਖਣ ਅਤੇ ਆਪਣੇ ਗਮ ਨੂੰ ਭੁਲਾਉਣ ਵਿਚ ਮਦਦ ਮਿਲੀ ਹੈ।ਆਸ ਨਾ ਛੱਡੋ। ਪ੍ਰੇਮ “ਸਭਨਾਂ ਗੱਲਾਂ ਦੀ ਪਰਤੀਤ ਕਰਦਾ।” (1 ਕੁਰਿੰਥੀਆਂ 13:7) ਕੈੱਨ ਕਹਿੰਦਾ ਹੈ: “ਜਦ ਸਾਡੇ ਬੱਚਿਆਂ ਨੇ ਸੱਚਾਈ ਦਾ ਰਾਹ ਛੱਡ ਦਿੱਤਾ, ਤਾਂ ਮੈਨੂੰ ਲੱਗਾ ਜਿਵੇਂ ਉਨ੍ਹਾਂ ਦੀ ਮੌਤ ਹੀ ਹੋ ਗਈ। ਪਰ ਜਦ ਮੇਰੀ ਭੈਣ ਅਸਲ ਵਿਚ ਮੌਤ ਦੀ ਨੀਂਦ ਸੌਂ ਗਈ, ਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੌਤ ਹੁੰਦੀ ਕੀ ਹੈ। ਮੈਂ ਸ਼ੁਕਰ ਕਰਦਾ ਹਾਂ ਕਿ ਮੇਰੇ ਬੱਚੇ ਜ਼ਿੰਦਾ ਹਨ ਤੇ ਯਹੋਵਾਹ ਨੇ ਉਨ੍ਹਾਂ ਦੀ ਵਾਪਸੀ ਲਈ ਦਰਵਾਜ਼ਾ ਖੁੱਲ੍ਹਾ ਛੱਡਿਆ ਹੈ।” ਯਕੀਨਨ, ਕਈ ਲੋਕ ਜੋ ਯਹੋਵਾਹ ਨੂੰ ਛੱਡ ਗਏ ਸਨ, ਵਾਪਸ ਵੀ ਮੁੜ ਆਏ ਹਨ।—ਲੂਕਾ 15:11-24.
ਆਪਣੇ ਆਪ ਨੂੰ ਕੋਸਦੇ ਨਾ ਰਹੋ। ਮਾਂ-ਬਾਪ ਸ਼ਾਇਦ ਸੋਚਣ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਵਿਚ ਕੋਈ ਕਮੀ ਛੱਡ ਦਿੱਤੀ। ਹਿਜ਼ਕੀਏਲ 18:20 ਵਿਚ ਲਿਖਿਆ ਹੈ ਕਿ ਯਹੋਵਾਹ ਮਾਪਿਆਂ ਨੂੰ ਨਹੀਂ ਸਗੋਂ ਗ਼ਲਤੀ ਕਰਨ ਵਾਲੇ ਨੂੰ ਕਸੂਰਵਾਰ ਸਮਝਦਾ ਹੈ। ਇਹ ਸੱਚ ਹੈ ਕਿ ਕਹਾਉਤਾਂ ਦੀ ਪੋਥੀ ਵਿਚ ਬੱਚਿਆਂ ਦੀ ਸਹੀ ਤਰੀਕੇ ਨਾਲ ਪਰਵਰਿਸ਼ ਕਰਨ ਬਾਰੇ ਕਾਫ਼ੀ ਕੁਝ ਲਿਖਿਆ ਹੈ, ਪਰ ਉਸ ਤੋਂ ਚਾਰ ਗੁਣਾਂ ਜ਼ਿਆਦਾ ਸਲਾਹ ਬੱਚਿਆਂ ਨੂੰ ਦਿੱਤੀ ਗਈ ਹੈ ਕਿ ਉਹ ਆਪਣੇ ਮਾਂ-ਪਿਉ ਦੀ ਸੁਣਨ। ਇਸ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਮਾਪਿਆਂ ਦੀ ਸਿਖਲਾਈ ਤੇ ਚੱਲਣ। ਮਾਪੇ ਹੋਣ ਦੇ ਨਾਤੇ ਤੁਸੀਂ ਉਨ੍ਹਾਂ ਨੂੰ ਸਹੀ ਸਿੱਖਿਆ ਦੇਣ ਵਿਚ ਆਪਣੀ ਪੂਰੀ ਵਾਹ ਲਾਈ ਹੋਣੀ। ਪਰ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਬਹੁਤੇ ਲਾਡ-ਪਿਆਰ ਕਾਰਨ ਬੱਚਾ ਵਿਗੜ ਗਿਆ ਜਾਂ ਤੁਸੀਂ ਕਈ ਮੌਕਿਆਂ ਤੇ ਉਸ ਨਾਲ ਪਿਆਰ ਤੇ ਧੀਰਜ ਨਾਲ ਪੇਸ਼ ਨਹੀਂ ਆਏ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੁਹਾਡੀਆਂ ਇਨ੍ਹਾਂ ਗ਼ਲਤੀਆਂ ਕਰਕੇ ਬੱਚੇ ਨੇ ਸੱਚਾਈ ਦਾ ਰਾਹ ਛੱਡ ਦਿੱਤਾ। ਜੋ ਬੀਤ ਗਿਆ ਸੋ ਬੀਤ ਗਿਆ। ਇਨ੍ਹਾਂ ਗੱਲਾਂ ਬਾਰੇ ਸੋਚ-ਸੋਚ ਕੇ ਆਪਣੇ ਆਪ ਨੂੰ ਕੋਸਦੇ ਰਹਿਣ ਦਾ ਕੋਈ ਫ਼ਾਇਦਾ ਨਹੀਂ। ਜੇ ਤੁਸੀਂ ਕੋਈ ਗ਼ਲਤੀ ਕੀਤੀ ਵੀ ਹੈ, ਤਾਂ ਠਾਣ ਲਓ ਕਿ ਤੁਸੀਂ ਮੁੜ ਕੇ ਉਸ ਨੂੰ ਦੁਹਰਾਓਗੇ ਨਹੀਂ। ਯਹੋਵਾਹ ਤੋਂ ਆਪਣੀ ਗ਼ਲਤੀ ਲਈ ਮਾਫ਼ੀ ਮੰਗੋ ਅਤੇ ਅਤੀਤ ਨੂੰ ਛੱਡ ਕੇ ਅੱਗੇ ਵਧੋ।—ਜ਼ਬੂਰਾਂ ਦੀ ਪੋਥੀ 103:8-14; ਯਸਾਯਾਹ 55:7.
ਦੂਸਰਿਆਂ ਦੀਆਂ ਗੱਲਾਂ ਦਾ ਛੇਤੀ ਬੁਰਾ ਨਾ ਮਨਾਓ। ਜੋ ਭੈਣ ਜਾਂ ਭਰਾ ਤੁਹਾਡੇ ਵਰਗੇ ਹਾਲਾਤਾਂ ਵਿੱਚੋਂ ਨਹੀਂ ਗੁਜ਼ਰੇ ਹਨ, ਉਨ੍ਹਾਂ ਨੂੰ ਸ਼ਾਇਦ ਸਮਝ ਨਾ ਆਵੇ ਕਿ ਹੌਸਲਾ ਦੇਣ ਲਈ ਉਹ ਤੁਹਾਨੂੰ ਕੀ ਕਹਿਣ। ਇਸ ਤੋਂ ਇਲਾਵਾ ਹਰ ਕਿਸੇ ਦਾ ਦੂਜਿਆਂ ਨੂੰ ਦਿਲਾਸਾ ਦੇਣ ਦਾ ਆਪਣਾ ਹੀ ਤਰੀਕਾ ਹੁੰਦਾ ਹੈ। ਇਸ ਲਈ ਜੇ ਕਿਸੇ ਦੀ ਗੱਲ ਤੇ ਤੁਹਾਨੂੰ ਗੁੱਸਾ ਆਉਂਦਾ ਹੈ, ਤਾਂ ਕੁਲੁੱਸੀਆਂ 3:13 ਵਿਚ ਪੌਲੁਸ ਰਸੂਲ ਦੀ ਸਲਾਹ ਨੂੰ ਚੇਤੇ ਰੱਖਣਾ ਚੰਗਾ ਹੋਵੇਗਾ: “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ।”
ਯਹੋਵਾਹ ਦੇ ਪ੍ਰਬੰਧਾਂ ਦੀ ਕਦਰ ਕਰੋ। ਜੇ ਸਾਡੇ ਕਿਸੇ ਸਾਕ-ਸੰਬੰਧੀ ਨੂੰ ਕਲੀਸਿਯਾ ਦੇ ਬਜ਼ੁਰਗਾਂ ਵੱਲੋਂ ਤਾੜਨਾ ਮਿਲਦੀ ਹੈ, ਤਾਂ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਕਲੀਸਿਯਾ ਦੀ ਅਗਵਾਈ ਕਰਨ ਲਈ ਬਜ਼ੁਰਗ ਯਹੋਵਾਹ ਵੱਲੋਂ ਥਾਪੇ ਗਏ ਹਨ। ਇਹ ਯਹੋਵਾਹ ਦਾ ਪ੍ਰਬੰਧ ਹੈ ਕਿ ਇਹ ਬਜ਼ੁਰਗ ਕਲੀਸਿਯਾ ਨੂੰ ਸ਼ੁੱਧ ਰੱਖਣ ਅਤੇ ਗ਼ਲਤ ਕੰਮ ਕਰਨ ਵਾਲੇ ਨੂੰ ਸਹੀ ਰਾਹ ਤੇ ਲਿਆਉਣ ਲਈ ਉਸ ਨੂੰ ਤਾੜਨਾ ਦੇਣ। (ਇਬਰਾਨੀਆਂ 12:11) ਇਸ ਕਰਕੇ ਸਾਨੂੰ ਬਜ਼ੁਰਗਾਂ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ। ਭਾਵੇਂ ਸਾਨੂੰ ਉਨ੍ਹਾਂ ਦਾ ਫ਼ੈਸਲਾ ਚੰਗਾ ਨਾ ਵੀ ਲੱਗਿਆ ਹੋਵੇ, ਪਰ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਯਹੋਵਾਹ ਦੇ ਪ੍ਰਬੰਧਾਂ ਦੀ ਕਦਰ ਕਰਨ ਦੇ ਚੰਗੇ ਨਤੀਜੇ ਨਿਕਲਦੇ ਹਨ, ਪਰ ਉਨ੍ਹਾਂ ਦੇ ਵਿਰੁੱਧ ਜਾਣ ਦੇ ਮਾੜੇ ਨਤੀਜੇ ਹੁੰਦੇ ਹਨ।
ਮਿਸਰ ਦੀ ਗ਼ੁਲਾਮੀ ਤੋਂ ਛੁੱਟਣ ਮਗਰੋਂ ਮੂਸਾ ਇਸਰਾਏਲੀਆਂ ਦਾ ਨਿਆਂਕਾਰ ਠਹਿਰਾਇਆ ਗਿਆ ਸੀ। (ਕੂਚ 18:13-16) ਲੋਕ ਆਪਣੀਆਂ ਸ਼ਿਕਾਇਤਾਂ ਉਸ ਅੱਗੇ ਪੇਸ਼ ਕਰਦੇ ਸਨ ਤੇ ਮੂਸਾ ਉਨ੍ਹਾਂ ਦਾ ਨਿਆਂ ਕਰਦਾ ਸੀ। ਜੇ ਫ਼ੈਸਲਾ ਇਕ ਧਿਰ ਦੇ ਪੱਖ ਵਿਚ ਕੀਤਾ ਜਾਂਦਾ ਸੀ, ਤਾਂ ਵਿਰੋਧੀ ਧਿਰ ਨਾਰਾਜ਼ ਹੋ ਜਾਂਦਾ ਸੀ। ਹੋ ਸਕਦਾ ਹੈ ਕਿ ਮੂਸਾ ਦੇ ਫ਼ੈਸਲਿਆਂ ਤੋਂ ਨਾਰਾਜ਼ ਹੋਏ ਲੋਕਾਂ ਨੇ ਹੀ ਕਈ ਮੌਕਿਆਂ ਤੇ ਦੂਸਰਿਆਂ ਨੂੰ ਮੂਸਾ ਦੇ ਖ਼ਿਲਾਫ਼ ਭੜਕਾਇਆ ਸੀ। ਪਰ ਯਾਦ ਰਹੇ ਕਿ ਯਹੋਵਾਹ ਨੇ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਮੂਸਾ ਨੂੰ ਚੁਣਿਆ ਸੀ ਜਿਸ ਕਰਕੇ ਯਹੋਵਾਹ ਦਾ ਕਹਿਰ ਮੂਸਾ ਤੇ ਨਹੀਂ, ਸਗੋਂ ਬਾਗੀਆਂ ਅਤੇ ਉਨ੍ਹਾਂ ਦੇ ਘਰਦਿਆਂ ਤੇ ਭੜਕਿਆ ਜਿਨ੍ਹਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ। (ਗਿਣਤੀ 16:31-35) ਇਸ ਉਦਾਹਰਣ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਕਲੀਸਿਯਾ ਵਿਚ ਅਗਵਾਈ ਕਰਨ ਵਾਲੇ ਜ਼ਿੰਮੇਵਾਰ ਭਰਾਵਾਂ ਦਾ ਆਦਰ ਕਰਨਾ ਚਾਹੀਦਾ ਹੈ ਤੇ ਸਾਨੂੰ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦੀ ਲੋੜ ਹੈ।
ਜਦੋਂ ਡਲੋਰਸ ਦੀ ਧੀ ਨੂੰ ਕਲੀਸਿਯਾ ਦੇ ਬਜ਼ੁਰਗਾਂ ਦੁਆਰਾ ਤਾੜਿਆ ਗਿਆ ਸੀ, ਤਾਂ ਡਲੋਰਸ ਦੇ ਦਿਲ ਨੂੰ ਗਹਿਰੀ ਸੱਟ ਵੱਜੀ। ਉਹ ਦੱਸਦੀ ਹੈ: “ਮੈਂ ਵਾਰ-ਵਾਰ ਉਨ੍ਹਾਂ ਰਸਾਲਿਆਂ ਨੂੰ ਪੜ੍ਹਿਆ ਜਿਨ੍ਹਾਂ ਵਿਚ ਦੱਸਿਆ ਗਿਆ ਸੀ ਕਿ ਯਹੋਵਾਹ ਨੇ ਕਿੰਨੇ ਪਿਆਰ ਨਾਲ ਸਾਡੀ ਰਾਖੀ ਕਰਨ ਲਈ ਪ੍ਰਬੰਧ ਕੀਤੇ ਹਨ। ਜਦੋਂ ਮੈਂ ਕੋਈ ਭਾਸ਼ਣ ਸੁਣਦੀ ਜਾਂ ਲੇਖ ਪੜ੍ਹਦੀ, ਤਾਂ ਮੈਂ ਉਨ੍ਹਾਂ ਵਿੱਚੋਂ ਉਹ ਗੱਲਾਂ ਇਕ ਕਾਪੀ ਵਿਚ ਲਿਖ ਲੈਂਦੀ ਸੀ ਜੋ ਯਹੋਵਾਹ ਦੀ ਸੇਵਾ ਕਰਦੇ ਰਹਿਣ ਵਿਚ ਤੇ ਉਸ ਦਾ ਲੜ ਫੜੀ ਰੱਖਣ ਵਿਚ ਮੇਰੀ ਮਦਦ ਕਰਨਗੀਆਂ।” ਇਸ ਤੋਂ ਇਕ ਹੋਰ ਗੱਲ ਜ਼ਾਹਰ ਹੁੰਦੀ ਹੈ ਜੋ ਗਮ ਨੂੰ ਸਹਿਣ ਵਿਚ ਸਾਡੀ ਮਦਦ ਕਰ ਸਕਦੀ ਹੈ।
ਆਪਣੇ ਗਮ ਨੂੰ ਦਬਾਈ ਨਾ ਰੱਖੋ। ਆਪਣੇ ਇਕ-ਦੋ ਹਮਦਰਦ ਦੋਸਤਾਂ ਨਾਲ ਆਪਣਾ ਦੁੱਖ ਸਾਂਝਾ ਕਰੋ ਜੋ ਬਲਦੀ ਤੇ ਤੇਲ ਨਹੀਂ ਪਾਉਣਗੇ, ਸਗੋਂ ਸਹੀ ਨਜ਼ਰੀਆ ਅਪਣਾਉਣ ਵਿਚ ਤੁਹਾਡੀ ਮਦਦ ਕਰਨਗੇ। ਪਰ ਆਪਣੇ ਗਮ ਨਾਲ ਸਿੱਝਣ ਦਾ ਸਭ ਤੋਂ ਵਧੀਆ ਤਰੀਕਾ ਹੈ ‘ਆਪਣਾ ਮਨ ਯਹੋਵਾਹ ਦੇ ਅੱਗੇ ਖੋਲ੍ਹਣਾ।’ * (ਜ਼ਬੂਰਾਂ ਦੀ ਪੋਥੀ 62:7, 8) ਇਸ ਦਾ ਕੀ ਫ਼ਾਇਦਾ ਹੋਵੇਗਾ? ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੁਹਾਡੇ ਦਿਲ ਤੇ ਕੀ ਬੀਤ ਰਹੀ ਹੈ। ਮਿਸਾਲ ਲਈ, ਤੁਹਾਨੂੰ ਸ਼ਾਇਦ ਇਸ ਗੱਲ ਦਾ ਗੁੱਸਾ ਹੋਵੇ ਕਿ ਤੁਹਾਡੇ ਉੱਤੇ ਹੀ ਦੁੱਖਾਂ ਦਾ ਇਹ ਪਹਾੜ ਕਿਉਂ ਟੁੱਟਿਆ। ਤੁਹਾਡੇ ਮਨ ਵਿਚ ਇਹ ਖ਼ਿਆਲ ਆ ਸਕਦਾ ਹੈ ਕਿ ਯਹੋਵਾਹ ਦੇ ਵਫ਼ਾਦਾਰ ਰਹਿਣ ਦੇ ਬਾਵਜੂਦ ਵੀ ਤੁਹਾਨੂੰ ਇਹ ਦਿਨ ਕਿਉਂ ਦੇਖਣਾ ਪੈ ਰਿਹਾ ਹੈ। ਸੋ ਆਪਣੇ ਦਿਲ ਦੀ ਗੱਲ ਯਹੋਵਾਹ ਨੂੰ ਦੱਸੋ ਤੇ ਉਸ ਅੱਗੇ ਦੁਆ ਕਰੋ ਕਿ ਉਹ ਤੁਹਾਨੂੰ ਹਿੰਮਤ ਬਖ਼ਸ਼ੇ।—ਜ਼ਬੂਰਾਂ ਦੀ ਪੋਥੀ 37:5.
ਸਮੇਂ ਦੇ ਬੀਤਣ ਨਾਲ ਤੁਹਾਡੇ ਜ਼ਖ਼ਮ ਹੌਲੀ-ਹੌਲੀ ਭਰ ਜਾਣਗੇ। ਲੇਕਿਨ ਦੁੱਖ ਦੀ ਇਸ ਘੜੀ ਵਿਚ ਯਹੋਵਾਹ ਪਰਮੇਸ਼ੁਰ ਦਾ ਪੱਲਾ ਨਾ ਛੱਡੋ ਤੇ ਨਾ ਹੀ ਇਸ ਤਰ੍ਹਾਂ ਮਹਿਸੂਸ ਕਰੋ ਕਿ ਯਹੋਵਾਹ ਦੀ ਸੇਵਾ ਕਰਨ ਦਾ ਕੋਈ ਫ਼ਾਇਦਾ ਨਹੀਂ ਹੈ। (ਗਲਾਤੀਆਂ 6:9) ਯਾਦ ਰੱਖੋ ਕਿ ਜੇ ਅਸੀਂ ਯਹੋਵਾਹ ਨੂੰ ਛੱਡ ਦੇਈਏ, ਤਾਂ ਸਾਡੀਆਂ ਮੁਸ਼ਕਲਾਂ ਫਿਰ ਵੀ ਉੱਥੇ ਦੀਆਂ ਉੱਥੇ ਹੀ ਰਹਿਣਗੀਆਂ। ਪਰ ਜੇ ਅਸੀਂ ਯਹੋਵਾਹ ਦੇ ਵਫ਼ਾਦਾਰ ਰਹੀਏ, ਤਾਂ ਉਹ ਦੁੱਖਾਂ ਨੂੰ ਸਹਿਣ ਵਿਚ ਸਾਡੀ ਮਦਦ ਕਰੇਗਾ। ਇਸ ਗੱਲ ਨੂੰ ਕਦੇ ਨਾ ਭੁੱਲੋ ਕਿ ਯਹੋਵਾਹ ਨੂੰ ਤੁਹਾਡੇ ਦੁੱਖ-ਦਰਦ ਦਾ ਪੂਰਾ ਅਹਿਸਾਸ ਹੈ ਅਤੇ ਉਹ ਵੇਲੇ ਸਿਰ ਤੁਹਾਡੀ ਮਦਦ ਕਰੇਗਾ।—2 ਕੁਰਿੰਥੀਆਂ 4:7; ਫ਼ਿਲਿੱਪੀਆਂ 4:13; ਇਬਰਾਨੀਆਂ 4:16.
[ਫੁਟਨੋਟ]
^ ਪੈਰਾ 2 ਕੁਝ ਨਾਂ ਬਦਲੇ ਗਏ ਹਨ।
^ ਪੈਰਾ 19 ਕਲੀਸਿਯਾ ਵਿੱਚੋਂ ਕੱਢੇ ਗਏ ਰਿਸ਼ਤੇਦਾਰਾਂ ਲਈ ਪ੍ਰਾਰਥਨਾ ਕਰਨ ਦੇ ਸੰਬੰਧ ਵਿਚ 1 ਦਸੰਬਰ 2001 ਦੇ ਪਹਿਰਾਬੁਰਜ ਦੇ 30 ਤੇ 31 ਸਫ਼ੇ ਦੇਖੋ।
[ਸਫ਼ਾ 19 ਉੱਤੇ ਡੱਬੀ]
ਦੁੱਖ ਦੀ ਘੜੀ ਵਿਚ ਇਨ੍ਹਾਂ ਗੱਲਾਂ ਨੂੰ ਚੇਤੇ ਰੱਖੋ
◆ ‘ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਵਿਚ ਤਾਕਤਵਰ ਬਣਾਈ ਜਾਓ।’—ਯਹੂਦਾਹ 20, 21.
◆ ਆਸ ਨਾ ਛੱਡੋ।—1 ਕੁਰਿੰਥੀਆਂ 13:7.
◆ ਆਪਣੇ ਆਪ ਨੂੰ ਕੋਸਦੇ ਨਾ ਰਹੋ।—ਹਿਜ਼ਕੀਏਲ 18:20.
◆ ਦੂਸਰਿਆਂ ਦੀਆਂ ਗੱਲਾਂ ਦਾ ਛੇਤੀ ਬੁਰਾ ਨਾ ਮਨਾਓ।—ਕੁਲੁੱਸੀਆਂ 3:13.
◆ ਯਹੋਵਾਹ ਦੇ ਪ੍ਰਬੰਧਾਂ ਦੀ ਕਦਰ ਕਰੋ।—ਇਬਰਾਨੀਆਂ 12:11.
◆ ਆਪਣੇ ਗਮ ਨੂੰ ਦਬਾਈ ਨਾ ਰੱਖੋ।—ਜ਼ਬੂਰਾਂ ਦੀ ਪੋਥੀ 62:7, 8.
[ਸਫ਼ਾ 21 ਉੱਤੇ ਡੱਬੀ/ਤਸਵੀਰ]
ਕੀ ਤੁਸੀਂ ਯਹੋਵਾਹ ਤੋਂ ਦੂਰ ਚਲੇ ਗਏ ਹੋ?
ਯਹੋਵਾਹ ਤੋਂ ਦੂਰ ਜਾ ਕੇ ਤੁਹਾਡੀ ਜ਼ਿੰਦਗੀ ਖ਼ਤਰੇ ਵਿਚ ਹੈ। ਹੋ ਸਕਦਾ ਹੈ ਕਿ ਤੁਸੀਂ ਸੋਚਿਆ ਹੋਵੇ ਕਿ ਇਕ-ਨ-ਇਕ ਦਿਨ ਤੁਸੀਂ ਸੱਚਾਈ ਵਿਚ ਮੁੜ ਆਓਗੇ। ਕੀ ਹੁਣ ਤੁਸੀਂ ਇਸ ਤਰ੍ਹਾਂ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹੋ? ਜਾਂ ਕੀ ਤੁਸੀਂ ਸੋਚ ਰਹੇ ਹੋ ਕਿ ਦੁਨੀਆਂ ਵਿਚ ਮਜ਼ੇ ਲੁੱਟਣ ਲਈ ਅਜੇ ਬਥੇਰਾ ਸਮਾਂ ਹੈ? ਯਾਦ ਰੱਖੋ ਕਿ ਆਰਮਾਗੇਡਨ ਦੇ ਕਾਲੇ ਬੱਦਲ ਮੰਡਲਾ ਰਹੇ ਹਨ। ਨਾਲੇ ਇਹ ਵੀ ਯਾਦ ਰਹੇ ਕਿ ਕੱਲ੍ਹ ਕਿਸੇ ਨੇ ਨਹੀਂ ਦੇਖਿਆ ਹੈ। ਸਾਨੂੰ ਨਹੀਂ ਪਤਾ ਕਿ ਅਸੀਂ ਕੱਲ ਨੂੰ ਜ਼ਿੰਦਾ ਹੋਣਾ ਕਿ ਨਹੀਂ। (ਜ਼ਬੂਰਾਂ ਦੀ ਪੋਥੀ 102:3; ਯਾਕੂਬ 4:13, 14) ਇਕ ਭਰਾ ਨੂੰ ਜਦੋਂ ਪਤਾ ਲੱਗਾ ਕਿ ਉਸ ਨੂੰ ਜਾਨਲੇਵਾ ਬੀਮਾਰੀ ਹੈ, ਤਾਂ ਉਸ ਨੇ ਕਿਹਾ: “ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਮੈਂ ਯਹੋਵਾਹ ਦੀ ਦਿਲੋ-ਜਾਨ ਨਾਲ ਸੇਵਾ ਕੀਤੀ ਹੈ। ਮੈਂ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਕਰਕੇ ਮੈਨੂੰ ਆਪਣੇ ਪਰਮੇਸ਼ੁਰ ਅੱਗੇ ਸ਼ਰਮਿੰਦਾ ਹੋਣਾ ਪਵੇ।” ਜੀ ਹਾਂ, ਇਹ ਨਾ ਸੋਚੋ ਕਿ “ਯਹੋਵਾਹ ਵੱਲ ਮੁੜਨ ਲਈ ਅਜੇ ਸਮਾਂ ਪਿਆ ਹੈ” ਕਿਉਂਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੁੰਦਾ। ਜੇ ਤੁਸੀਂ ਯਹੋਵਾਹ ਤੋਂ ਦੂਰ ਚਲੇ ਗਏ ਹੋ, ਤਾਂ ਉਸ ਕੋਲ ਵਾਪਸ ਆਉਣ ਦਾ ਇਹੋ ਸਮਾਂ ਹੈ।
[ਸਫ਼ਾ 18 ਉੱਤੇ ਤਸਵੀਰਾਂ]
ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿ ਕੇ ਤੁਸੀਂ ਸਹੀ ਨਜ਼ਰੀਆ ਰੱਖ ਸਕੋਗੇ