Skip to content

Skip to table of contents

ਜ਼ਬੂਰਾਂ ਦੀ ਪੋਥੀ ਦੇ ਪੰਜਵੇਂ ਭਾਗ ਦੇ ਕੁਝ ਖ਼ਾਸ ਨੁਕਤੇ

ਜ਼ਬੂਰਾਂ ਦੀ ਪੋਥੀ ਦੇ ਪੰਜਵੇਂ ਭਾਗ ਦੇ ਕੁਝ ਖ਼ਾਸ ਨੁਕਤੇ

ਯਹੋਵਾਹ ਦਾ ਬਚਨ ਜੀਉਂਦਾ ਹੈ

ਜ਼ਬੂਰਾਂ ਦੀ ਪੋਥੀ ਦੇ ਪੰਜਵੇਂ ਭਾਗ ਦੇ ਕੁਝ ਖ਼ਾਸ ਨੁਕਤੇ

ਦੌਲਤਮੰਦ ਲੋਕ ਸ਼ਾਇਦ ਕਹਿਣ: “ਸਾਡੇ ਪੁੱਤ੍ਰ ਆਪਣੀ ਜੁਆਨੀ ਵਿੱਚ ਬੂਟਿਆਂ ਵਾਂਙੁ ਵਧਣ, ਅਤੇ ਸਾਡੀਆਂ ਧੀਆਂ ਖੂੰਜੇ ਦੇ ਪੱਥਰਾਂ ਦੀ ਨਿਆਈਂ ਹੋਣ, ਜਿਹੜੇ ਮਹਿਲ ਲਈ ਘੜੇ ਹੋਏ ਹੋਣ। ਸਾਡੇ ਖਾਤੇ ਭਾਂਤ ਭਾਂਤ ਦੇ ਅਨਾਜ ਨਾਲ ਭਰੇ ਹੋਏ ਹੋਣ, ਅਤੇ ਸਾਡੇ ਵਾੜੇ ਹਜ਼ਾਰਾਂ ਲੱਖਾਂ ਭੇਡਾਂ ਨਾਲ।” ਇਸ ਤੋਂ ਇਲਾਵਾ ਉਹ ਸ਼ਾਇਦ ਕਹਿਣ: “ਧੰਨ ਓਹ ਲੋਕ ਜਿਨ੍ਹਾਂ ਦਾ ਇਹ ਹਾਲ ਹੋਵੇ!” ਪਰ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!” (ਜ਼ਬੂਰਾਂ ਦੀ ਪੋਥੀ 144:12-15) ਯਹੋਵਾਹ ਦੇ ਲੋਕਾਂ ਨੇ ਤਾਂ ਧੰਨ ਹੋਣਾ ਹੀ ਹੈ ਕਿਉਂਕਿ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਖ਼ੁਸ਼ਦਿਲ ਹੈ। (1 ਤਿਮੋਥਿਉਸ 1:11) ਇਹ ਗੱਲ ਜ਼ਬੂਰ 107 ਤੋਂ 150 ਵਿਚ ਦੇਖੀ ਜਾ ਸਕਦੀ ਹੈ।

ਜ਼ਬੂਰਾਂ ਦੀ ਪੋਥੀ ਦੇ ਪੰਜਵੇਂ ਭਾਗ ਵਿਚ ਯਹੋਵਾਹ ਦੀ ਦਇਆ, ਵਫ਼ਾਦਾਰੀ ਅਤੇ ਭਲਾਈ ਵਰਗੇ ਗੁਣਾਂ ਤੇ ਜ਼ੋਰ ਦਿੱਤਾ ਗਿਆ ਹੈ। ਅਸੀਂ ਜਿੰਨਾ ਜ਼ਿਆਦਾ ਯਹੋਵਾਹ ਨੂੰ ਜਾਣਾਂਗੇ ਉੱਨਾ ਹੀ ਜ਼ਿਆਦਾ ਅਸੀਂ ਉਸ ਨਾਲ ਪਿਆਰ ਕਰਾਂਗੇ ਤੇ ਉਸ ਦੀ ਗੱਲ ਸੁਣਨੀ ਚਾਹਾਂਗੇ। ਇਸ ਤਰ੍ਹਾਂ ਕਰਨ ਨਾਲ ਸਾਨੂੰ ਖ਼ੁਸ਼ੀ ਮਿਲੇਗੀ। ਤਾਂ ਫਿਰ ਆਓ ਆਪਾਂ ਦੇਖੀਏ ਕਿ ਜ਼ਬੂਰਾਂ ਦੀ ਪੋਥੀ ਦਾ ਆਖ਼ਰੀ ਭਾਗ ਸਾਡੇ ਲਈ ਕਿੰਨਾ ਗੁਣਕਾਰ ਹੈ।—ਇਬਰਾਨੀਆਂ 4:12.

ਯਹੋਵਾਹ ਦੀ ਦਇਆ ਕਾਰਨ ਖ਼ੁਸ਼

(ਜ਼ਬੂਰਾਂ ਦੀ ਪੋਥੀ 107:1–119:176)

ਬਾਬਲ ਤੋਂ ਵਾਪਸ ਆਏ ਯਹੂਦੀਆਂ ਨੇ ਭਜਨ ਗਾਇਆ: ‘ਯਹੋਵਾਹ ਦੀ ਦਯਾ ਦਾ ਧੰਨਵਾਦ ਕਰੋ ਅਤੇ ਆਦਮ ਵੰਸੀਆਂ ਲਈ ਉਹ ਦੇ ਅਚਰਜ ਕੰਮਾਂ ਦਾ!’ (ਜ਼ਬੂਰਾਂ ਦੀ ਪੋਥੀ 107:8, 15, 21, 31) ਦਾਊਦ ਨੇ ਯਹੋਵਾਹ ਦੇ ਜਸ ਇਸ ਤਰ੍ਹਾਂ ਗਾਏ: “ਤੇਰੀ ਵਫ਼ਾਦਾਰੀ ਬੱਦਲਾਂ ਤੀਕ ਹੈ।” (ਜ਼ਬੂਰਾਂ ਦੀ ਪੋਥੀ 108:4) ਅਗਲੇ ਜ਼ਬੂਰ ਵਿਚ ਉਸ ਨੇ ਦੁਆ ਕੀਤੀ: “ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੇਰੀ ਸਹਾਇਤਾ ਕਰ! ਆਪਣੀ ਦਯਾ ਅਨੁਸਾਰ ਮੈਨੂੰ ਬਚਾ।” (ਜ਼ਬੂਰਾਂ ਦੀ ਪੋਥੀ 109:18, 19, 26) 110ਵੇਂ ਜ਼ਬੂਰ ਵਿਚ ਪਰਮੇਸ਼ੁਰ ਦੇ ਸਵਰਗੀ ਰਾਜ ਦੇ ਬਾਦਸ਼ਾਹ ਬਾਰੇ ਭਵਿੱਖਬਾਣੀ ਕੀਤੀ ਗਈ ਹੈ। ਜ਼ਬੂਰ 111:10 ਵਿਚ ਦੱਸਿਆ ਗਿਆ ਕਿ “ਯਹੋਵਾਹ ਦਾ ਡਰ ਬੁੱਧ ਦਾ ਮੂਲ ਹੈ” ਅਤੇ ਜ਼ਬੂਰ 112:1 ਕਹਿੰਦਾ ਹੈ: “ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਦਾ ਭੈ ਮੰਨਦਾ ਹੈ।”

ਜ਼ਬੂਰ 113-118 ਨੂੰ ਹਾਲੇਲ ਭਜਨ ਕਿਹਾ ਗਿਆ ਹੈ ਕਿਉਂਕਿ ਇਨ੍ਹਾਂ ਵਿਚ ਵਾਰ-ਵਾਰ “ਹਲਲੂਯਾਹ” ਜਾਂ “ਯਹੋਵਾਹ ਦੀ ਉਸਤਤ ਕਰੋ” ਕਿਹਾ ਗਿਆ ਹੈ। ਮਿਸ਼ਨਾ ਦੇ ਮੁਤਾਬਕ ਯਹੂਦੀ ਲੋਕ ਹਾਲੇਲ ਭਜਨ ਉਸ ਸਮੇਂ ਗਾਇਆ ਕਰਦੇ ਸਨ ਜਦ ਉਹ ਪਸਾਹ ਅਤੇ ਤਿੰਨ ਸਾਲਾਨਾ ਤਿਉਹਾਰ ਮਨਾਉਂਦੇ ਸਨ। (ਮਿਸ਼ਨਾ ਤੀਜੀ ਸਦੀ ਵਿਚ ਲਿਖੀ ਯਹੂਦੀਆਂ ਦੀ ਧਰਮ ਪੋਥੀ ਹੈ, ਜਿਸ ਵਿਚ ਉਨ੍ਹਾਂ ਦੀਆਂ ਜ਼ਬਾਨੀ ਰੀਤਾਂ ਲਿਖੀਆਂ ਗਈਆਂ ਹਨ।) 119ਵਾਂ ਜ਼ਬੂਰ ਬਾਈਬਲ ਦਾ ਸਭ ਤੋਂ ਲੰਬਾ ਅਧਿਆਇ ਹੈ ਜਿਸ ਵਿਚ ਯਹੋਵਾਹ ਦੇ ਬਚਨ ਦੀ ਵਡਿਆਈ ਕੀਤੀ ਗਈ ਹੈ।

ਕੁਝ ਸਵਾਲਾਂ ਦੇ ਜਵਾਬ:

109:23—ਦਾਊਦ ਨੇ ਇਸ ਤਰ੍ਹਾਂ ਕਿਉਂ ਕਿਹਾ ਸੀ: “ਮੈਂ ਢਲਦੀ ਛਾਂ ਵਾਂਙੁ ਜਾਂਦਾ ਰਿਹਾ”? ਉਹ ਸ਼ਾਇਰਾਨਾ ਅੰਦਾਜ਼ ਵਿਚ ਕਹਿ ਰਿਹਾ ਸੀ ਕਿ ਉਹ ਮੌਤ ਦੇ ਦਰ ਤੇ ਖੜ੍ਹਾ ਸੀ।—ਜ਼ਬੂਰਾਂ ਦੀ ਪੋਥੀ 102:11.

110:1, 2—ਦਾਊਦ ਦੇ “ਪ੍ਰਭੁ” ਯਿਸੂ ਮਸੀਹ ਨੇ ਪਰਮੇਸ਼ੁਰ ਦੇ ਸੱਜੇ ਪਾਸੇ ਬੈਠ ਕੇ ਕੀ ਕੀਤਾ ਸੀ? ਸਵਰਗ ਨੂੰ ਜੀ ਉਠਾਏ ਜਾਣ ਤੋਂ ਬਾਅਦ ਯਿਸੂ ਨੇ 1914 ਤਕ ਪਰਮੇਸ਼ੁਰ ਦੇ ਸੱਜੇ ਹੱਥ ਬੈਠ ਕੇ ਇੰਤਜ਼ਾਰ ਕੀਤਾ ਜਦੋਂ ਉਸ ਨੂੰ ਸਵਰਗੀ ਰਾਜ ਦਾ ਰਾਜਾ ਬਣਾਇਆ ਗਿਆ। ਇਸ ਸਮੇਂ ਦੌਰਾਨ ਉਹ ਆਪਣੇ ਮਸਹ ਕੀਤੇ ਹੋਏ ਚੇਲਿਆਂ ਤੇ ਰਾਜ ਕਰ ਰਿਹਾ ਸੀ ਅਤੇ ਪ੍ਰਚਾਰ ਦੇ ਕੰਮ ਵਿਚ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ। ਇਸ ਤੋਂ ਇਲਾਵਾ ਯਿਸੂ ਉਨ੍ਹਾਂ ਨੂੰ ਆਪਣੇ ਨਾਲ ਰਾਜ ਕਰਨ ਲਈ ਤਿਆਰ ਵੀ ਕਰ ਰਿਹਾ ਸੀ।—ਮੱਤੀ 24:14; 28:18-20; ਲੂਕਾ 22:28-30.

110:4—ਯਹੋਵਾਹ ਨੇ ਕਿਸ ਗੱਲ ਦੀ ‘ਸੌਂਹ ਖਾਧੀ ਹੈ ਜਿਸ ਤੋਂ ਉਹ ਮੁਕਰੇਗਾ ਨਹੀਂ’? ਯਹੋਵਾਹ ਨੇ ਯਿਸੂ ਮਸੀਹ ਨਾਲ ਵਾਅਦਾ ਕੀਤਾ ਸੀ ਕਿ ਉਹ ਬਾਦਸ਼ਾਹ ਅਤੇ ਪ੍ਰਧਾਨ ਜਾਜਕ ਬਣੇਗਾ।—ਲੂਕਾ 22:29.

113:3—ਯਹੋਵਾਹ ਦੇ ਨਾਮ ਦੀ ਉਸਤਤ “ਸੂਰਜ ਦੇ ਚੜ੍ਹਨ ਤੋਂ ਉਹ ਦੇ ਲਹਿਣ ਤੀਕ” ਕਿਵੇਂ ਹੁੰਦੀ ਹੈ? ਜਿਵੇਂ ਪੂਰਬ ਵਿਚ ਸੂਰਜ ਚੜ੍ਹ ਕੇ ਤੇ ਪੱਛਮ ਵਿਚ ਲਹਿ ਕੇ ਸਾਰੀ ਧਰਤੀ ਤੇ ਰੌਸ਼ਨੀ ਕਰਦਾ ਹੈ ਉਸੇ ਤਰ੍ਹਾਂ ਸੰਸਾਰ ਭਰ ਵਿਚ ਯਹੋਵਾਹ ਦੇ ਨਾਮ ਦੀ ਦਿਨ-ਰਾਤ ਉਸਤਤ ਹੁੰਦੀ ਹੈ। ਇਹ ਕੰਮ ਇਕ-ਦੋ ਜਣੇ ਨਹੀਂ ਕਰ ਸਕਦੇ। ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿਚ ਰਹਿਣ ਦੇ ਬਾਵਜੂਦ ਵੀ ਇਕ ਹੋ ਕੇ ਯਹੋਵਾਹ ਦੀ ਭਗਤੀ ਕਰਦੇ ਹਾਂ ਅਤੇ ਉਸ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ।

116:15—“ਯਹੋਵਾਹ ਦੀ ਨਿਗਾਹ ਵਿੱਚ ਉਹ ਦੇ ਸੰਤਾਂ ਦੀ ਮੌਤ” ਕਿੰਨੀ “ਬਹੁਮੁੱਲੀ ਹੈ”? ਯਹੋਵਾਹ ਨੂੰ ਆਪਣੇ ਭਗਤ ਇੰਨੇ ਪਿਆਰੇ ਹਨ ਕਿ ਉਹ ਕਦੇ ਵੀ ਉਨ੍ਹਾਂ ਸਾਰਿਆਂ ਨੂੰ ਮਰਨ ਨਹੀਂ ਦੇਵੇਗਾ। ਜੇ ਉਸ ਨੇ ਇਸ ਤਰ੍ਹਾਂ ਹੋ ਲੈਣ ਦਿੱਤਾ, ਤਾਂ ਫਿਰ ਲੱਗੇਗਾ ਕਿ ਯਹੋਵਾਹ ਦੇ ਦੁਸ਼ਮਣ ਉਸ ਨਾਲੋਂ ਜ਼ਿਆਦਾ ਤਾਕਤਵਰ ਹਨ। ਇਸ ਤੋਂ ਇਲਾਵਾ ਜੇ ਯਹੋਵਾਹ ਦੇ ਸਾਰੇ ਲੋਕ ਮਾਰੇ ਗਏ, ਤਾਂ ਨਵੀਂ ਦੁਨੀਆਂ ਵਸਾਉਣ ਲਈ ਕੋਈ ਨਹੀਂ ਹੋਵੇਗਾ।

119:71—ਦੁਖੀ ਹੋਣ ਵਿਚ ਕੀ ਭਲਾ ਹੈ? ਜਦ ਅਸੀਂ ਕੋਈ ਦੁੱਖ ਝੱਲਦੇ ਹਾਂ, ਤਾਂ ਅਸੀਂ ਯਹੋਵਾਹ ਦਾ ਹੋਰ ਆਸਰਾ ਭਾਲਦੇ ਹਾਂ, ਉਸ ਅੱਗੇ ਰੋ-ਰੋ ਕੇ ਪ੍ਰਾਰਥਨਾ ਕਰਦੇ ਹਾਂ ਅਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਾਈਬਲ ਪੜਦੇ ਤੇ ਉਸ ਤੇ ਅਮਲ ਕਰਦੇ ਹਾਂ। ਦੁੱਖ ਸਹਿੰਦੇ ਸਮੇਂ ਸਾਨੂੰ ਆਪਣੇ ਆਪ ਬਾਰੇ ਵੀ ਪਤਾ ਲੱਗਦਾ ਹੈ ਕਿ ਸਾਡੇ ਵਿਚ ਕਿਨ੍ਹਾਂ ਗੁਣਾਂ ਦੀ ਕਮੀ ਹੈ ਤੇ ਸਾਨੂੰ ਕਿਨ੍ਹਾਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ। ਜੇ ਅਸੀਂ ਦੁੱਖ ਦੀਆਂ ਘੜੀਆਂ ਨੂੰ ਚੰਗੇ ਇਨਸਾਨ ਬਣਨ ਦਾ ਮੌਕਾ ਸਮਝੀਏ, ਤਾਂ ਸਾਡੇ ਦਿਲ ਵਿਚ ਨਫ਼ਰਤ ਦਾ ਜ਼ਹਿਰ ਕਦੇ ਨਹੀਂ ਘੁਲੇਗਾ।

119:96—“ਸਾਰੇ ਕਮਾਲ ਦਾ ਅੰਤ” ਕਿਵੇਂ ਹੋ ਸਕਦਾ ਹੈ? ਇਨਸਾਨ ਦੀ ਨਜ਼ਰ ਵਿਚ ਕੋਈ ਚੀਜ਼ ਭਾਵੇਂ ਕਮਾਲ ਦੀ ਹੋਵੇ ਫਿਰ ਵੀ ਉਸ ਦਾ ਅੰਤ ਹੋ ਜਾਂਦਾ ਹੈ। ਪਰ ਯਹੋਵਾਹ ਦੇ ਹੁਕਮਨਾਮਿਆਂ ਦਾ ਕੋਈ ਅੰਤ ਨਹੀਂ ਹੋਵੇਗਾ ਅਤੇ ਉਨ੍ਹਾਂ ਦੀ ਸੇਧ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਤੇ ਲਾਗੂ ਹੁੰਦੀ ਹੈ। ਪਵਿੱਤਰ ਬਾਈਬਲ ਨਵਾਂ ਅਨੁਵਾਦ ਵਿਚ ਇਸੇ ਆਇਤ ਦਾ ਤਰਜਮਾ ਇਸ ਤਰ੍ਹਾਂ ਕੀਤਾ ਗਿਆ ਹੈ: “ਮੈਂ ਜਾਣ ਗਿਆ ਹਾਂ ਕਿ ਕੋਈ ਚੀਜ਼ ਪੂਰਨ ਨਹੀਂ; ਪਰ ਤੇਰੇ ਹੁਕਮਾਂ ਦੀ ਕੋਈ ਹੱਦ ਨਹੀਂ ਹੈ।”

119:164—‘ਦਿਨ ਵਿੱਚ ਸੱਤ ਵਾਰ ਪਰਮੇਸ਼ੁਰ ਦੀ ਉਸਤਤ ਕਰਨ’ ਦਾ ਕੀ ਭਾਵ ਹੈ? ਬਾਈਬਲ ਵਿਚ ਆਮ ਤੌਰ ਤੇ ਸੱਤ ਨੰਬਰ ਸੰਪੂਰਣ, ਪੂਰੀ ਤੇ ਮੁਕੰਮਲ ਚੀਜ਼ ਲਈ ਵਰਤਿਆ ਜਾਂਦਾ ਹੈ। ਇਸ ਲਈ ਜ਼ਬੂਰਾਂ ਦੇ ਲਿਖਾਰੀ ਦਾ ਮਤਲਬ ਸੀ ਕਿ ਯਹੋਵਾਹ ਸਾਰਿਆਂ ਦੀ ਉਸਤਤ ਦੇ ਲਾਇਕ ਹੈ।

ਸਾਡੇ ਲਈ ਸਬਕ:

107:27-31. ਆਰਮਾਗੇਡਨ ਦੀ ਜੰਗ ਵੇਲੇ ਦੁਨੀਆਂ ਦੀ “ਮੱਤ ਮਾਰੀ” ਜਾਵੇਗੀ। (ਪਰਕਾਸ਼ ਦੀ ਪੋਥੀ 16:14, 16) ਉਹ ਆਪਣਾ ਜਿੰਨਾ ਮਰਜ਼ੀ ਸਿਰ ਖਪਾ ਲੈਣ, ਪਰ ਉਹ ਆਪਣੇ ਆਪ ਨੂੰ ਬਚਾ ਨਹੀਂ ਸਕਣਗੇ। ਯਹੋਵਾਹ ਤੇ ਆਸ ਰੱਖਣ ਵਾਲੇ ਹੀ “ਉਹ ਦੀ ਦਯਾ ਦਾ ਧੰਨਵਾਦ” ਕਰਨ ਲਈ ਬਚਾਏ ਜਾਣਗੇ।

109:30, 31; 110:5. ਇਕ ਫ਼ੌਜੀ ਆਪਣੀ ਢਾਲ ਨਾਲ ਆਪਣੇ ਖੱਬੇ ਪਾਸੇ ਦੀ ਤਾਂ ਰਾਖੀ ਕਰ ਸਕਦਾ ਸੀ, ਪਰ ਉਸ ਦੇ ਸੱਜੇ ਪਾਸੇ ਕੋਈ ਵੀ ਆਸਾਨੀ ਨਾਲ ਵਾਰ ਕਰ ਸਕਦਾ ਸੀ। ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਆਪਣੇ ਸੇਵਕਾਂ ਦੇ “ਸੱਜੇ ਹੱਥ” ਤੇ ਹੈ ਤੇ ਉਨ੍ਹਾਂ ਲਈ ਲੜਦਾ ਹੈ। ਉਹ ਸਾਡੀ ਰਾਖੀ ਤੇ ਮਦਦ ਕਰਦਾ ਹੈ ਜਿਸ ਕਰਕੇ ਸਾਨੂੰ “ਯਹੋਵਾਹ ਦਾ ਬਹੁਤ ਧੰਨਵਾਦ” ਕਰਨਾ ਚਾਹੀਦਾ ਹੈ।

113:4-9. ਯਹੋਵਾਹ ਇੰਨਾ ਉੱਚਾ ਤੇ ਮਹਾਨ ਹੈ ਕਿ ‘ਅਕਾਸ਼ ਉੱਤੇ ਨਿਗਾਹ ਮਾਰਨ’ ਲਈ ਉਸ ਨੂੰ ਨੀਵਾਂ ਹੋਣਾ ਪੈਂਦਾ ਹੈ। ਇਸ ਦੇ ਬਾਵਜੂਦ ਉਹ ਗ਼ਰੀਬਾਂ, ਕੰਗਾਲਾਂ ਅਤੇ ਬੇਔਲਾਦ ਤੀਵੀਆਂ ਦੀ ਦੁਆ ਸੁਣਨ ਲਈ ਤਿਆਰ ਹੈ। ਭਾਵੇਂ ਯਹੋਵਾਹ ਸਰਬਸ਼ਕਤੀਮਾਨ ਹੈ, ਪਰ ਉਹ ਫਿਰ ਵੀ ਹਲੀਮ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਵੀ ਹਲੀਮ ਬਣੀਏ।—ਯਾਕੂਬ 4:6.

114:3-7. ਯਹੋਵਾਹ ਨੇ ਲਾਲ ਸਮੁੰਦਰ, ਯਰਦਨ ਨਦੀ ਅਤੇ ਸੀਨਈ ਪਹਾੜ ਤੇ ਚਮਤਕਾਰ ਕੀਤੇ। ਯਹੋਵਾਹ ਦੇ ਇਨ੍ਹਾਂ ਮਹਾਨ ਕੰਮਾਂ ਬਾਰੇ ਸਿੱਖ ਕੇ ਸਾਡੇ ਦਿਲ-ਦਿਮਾਗ਼ ਤੇ ਗਹਿਰਾ ਅਸਰ ਪੈਣਾ ਚਾਹੀਦਾ ਹੈ। ਇਨ੍ਹਾਂ ਆਇਤਾਂ ਵਿਚ ‘ਧਰਤੀ ਨੂੰ ਕੰਬਣ’ ਲਈ ਕਿਹਾ ਗਿਆ ਹੈ ਯਾਨੀ ਯਹੋਵਾਹ ਦੇ ਜਲਾਲ ਕਰਕੇ ਇਨਸਾਨਾਂ ਦਾ ਦਿਲ ਸ਼ਰਧਾ ਨਾਲ ਭਰ ਜਾਣਾ ਚਾਹੀਦਾ ਹੈ।

119:97-101. ਬਾਈਬਲ ਤੋਂ ਬੁੱਧ, ਗਿਆਨ ਤੇ ਸਮਝ ਪ੍ਰਾਪਤ ਕਰ ਕੇ ਅਸੀਂ ਗ਼ਲਤ ਰਾਹ ਤੇ ਤੁਰਨ ਤੋਂ ਬਚਾਂਗੇ।

119:105. ਪਰਮੇਸ਼ੁਰ ਦਾ ਬਚਨ ਸਾਡੇ ਪੈਰਾਂ ਲਈ ਦੀਪਕ ਹੈ। ਇਸ ਦਾ ਮਤਲਬ ਹੈ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਸਮੇਂ ਸਹੀ ਕਦਮ ਚੁੱਕਣ ਵਿਚ ਬਾਈਬਲ ਤੋਂ ਸਾਨੂੰ ਮਦਦ ਮਿਲ ਸਕਦੀ ਹੈ। ਬਾਈਬਲ ਸਾਡੇ “ਰਾਹ ਦਾ ਚਾਨਣ” ਵੀ ਹੈ ਕਿਉਂਕਿ ਇਸ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਭਵਿੱਖ ਵਿਚ ਕੀ ਕਰੇਗਾ।

ਮੁਸ਼ਕਲਾਂ ਦੇ ਬਾਵਜੂਦ ਖ਼ੁਸ਼

(ਜ਼ਬੂਰਾਂ ਦੀ ਪੋਥੀ 120:1–145:21)

ਅਸੀਂ ਔਖੀਆਂ ਘੜੀਆਂ ਤੇ ਮੁਸ਼ਕਲ ਸਮਿਆਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ? ਜ਼ਬੂਰ 120-134 ਵਿਚ ਸਾਨੂੰ ਇਸ ਸਵਾਲ ਦਾ ਵਧੀਆ ਜਵਾਬ ਮਿਲਦਾ ਹੈ। ਯਹੋਵਾਹ ਦੀ ਮਦਦ ਨਾਲ ਅਸੀਂ ਸਿਰਫ਼ ਬਿਪਤਾਵਾਂ ਦਾ ਸਾਮ੍ਹਣਾ ਹੀ ਨਹੀਂ ਕਰ ਸਕਦੇ, ਪਰ ਅਸੀਂ ਖ਼ੁਸ਼ ਵੀ ਰਹਿ ਸਕਦੇ ਹਾਂ। ਇਨ੍ਹਾਂ ਜ਼ਬੂਰਾਂ ਨੂੰ ਯਾਤਰਾ ਦੇ ਗੀਤ ਕਿਹਾ ਜਾਂਦਾ ਸੀ ਕਿਉਂਕਿ ਯਹੂਦੀ ਲੋਕ ਹਰ ਸਾਲ ਯਰੂਸ਼ਲਮ ਨੂੰ ਤਿਉਹਾਰ ਮਨਾਉਣ ਜਾਂਦੇ ਸਮੇਂ ਇਹ ਜ਼ਬੂਰ ਗਾਇਆ ਕਰਦੇ ਸਨ।

ਜ਼ਬੂਰ 135-136 ਵਿਚ ਯਹੋਵਾਹ ਅਤੇ ਬੇਜਾਨ ਮੂਰਤੀਆਂ ਵਿਚਲਾ ਫ਼ਰਕ ਦੱਸਿਆ ਗਿਆ ਹੈ। ਯਹੋਵਾਹ ਆਪਣੀ ਮਰਜ਼ੀ ਅਨੁਸਾਰ ਸਭ ਕੁਝ ਕਰ ਸਕਦਾ ਹੈ ਤੇ ਮੂਰਤੀਆਂ ਕੁਝ ਵੀ ਨਹੀਂ। ਜ਼ਬੂਰ 136 ਇਸ ਤਰ੍ਹਾਂ ਲਿਖਿਆ ਗਿਆ ਹੈ ਕਿ ਪਹਿਲੇ ਹਿੱਸੇ ਦੇ ਹੁੰਗਾਰੇ ਵਿਚ ਦੂਜਾ ਹਿੱਸਾ ਗਾਇਆ ਜਾਂਦਾ ਸੀ। ਜ਼ਬੂਰ 137 ਵਿਚ ਉਨ੍ਹਾਂ ਯਹੂਦੀਆਂ ਦੀ ਮੰਦੀ ਹਾਲਤ ਬਾਰੇ ਦੱਸਿਆ ਗਿਆ ਹੈ ਜੋ ਬਾਬਲ ਵਿਚ ਬੈਠੇ ਰੋ ਰਹੇ ਸਨ ਕਿਉਂਕਿ ਉਹ ਯਰੂਸ਼ਲਮ ਜਾ ਕੇ ਯਹੋਵਾਹ ਦੀ ਭਗਤੀ ਨਹੀਂ ਕਰ ਸਕਦੇ ਸਨ। ਦਾਊਦ ਨੇ ਜ਼ਬੂਰ 138-145 ਲਿਖੇ ਸਨ। ਉਹ ‘ਆਪਣੇ ਸਾਰੇ ਦਿਲ ਤੋਂ ਯਹੋਵਾਹ ਦਾ ਧੰਨਵਾਦ ਕਰਨਾ’ ਚਾਹੁੰਦਾ ਸੀ। ਕਿਉਂ? ਉਸ ਨੇ ਕਿਹਾ: “ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ।” (ਜ਼ਬੂਰਾਂ ਦੀ ਪੋਥੀ 138:1; 139:14) ਜ਼ਬੂਰ 140-144 ਵਿਚ ਦਾਊਦ ਨੇ ਯਹੋਵਾਹ ਨੂੰ ਦੁਆ ਕੀਤੀ ਕਿ ਉਹ ਉਸ ਨੂੰ ਬੁਰੇ ਆਦਮੀਆਂ ਤੇ ਉਸ ਦਾ ਪਿੱਛਾ ਕਰਨ ਵਾਲਿਆਂ ਤੋਂ ਬਚਾਵੇ ਅਤੇ ਉਸ ਨੂੰ ਉਸ ਦੀ ਮਰਜ਼ੀ ਪੂਰੀ ਕਰਨੀ ਸਿਖਲਾਵੇ। ਉਸ ਨੇ ਇਨ੍ਹਾਂ ਆਇਤਾਂ ਵਿਚ ਯਹੋਵਾਹ ਦੇ ਲੋਕਾਂ ਦੀ ਖ਼ੁਸ਼ੀ ਬਾਰੇ ਲਿਖਿਆ। (ਜ਼ਬੂਰਾਂ ਦੀ ਪੋਥੀ 144:15) ਯਹੋਵਾਹ ਦੀ ਮਹਾਨਤਾ ਅਤੇ ਭਲਿਆਈ ਦੀ ਗੱਲ ਕਰਨ ਮਗਰੋਂ ਦਾਊਦ ਨੇ ਕਿਹਾ: “ਮੇਰਾ ਮੂੰਹ ਯਹੋਵਾਹ ਦੀ ਉਸਤਤ ਕਰੇ, ਅਤੇ ਸਾਰੇ ਬਸ਼ਰ ਉਹ ਦੇ ਪਵਿੱਤਰ ਨਾਮ ਨੂੰ ਜੁੱਗੋ ਜੁੱਗ ਮੁਬਾਰਕ ਆਖਣ!”—ਜ਼ਬੂਰਾਂ ਦੀ ਪੋਥੀ 145:21.

ਕੁਝ ਸਵਾਲਾਂ ਦੇ ਜਵਾਬ:

122:3—ਯਰੂਸ਼ਲਮ ਇਕ “ਸੰਘਣੇ ਸ਼ਹਿਰ” ਵਰਗਾ ਕਿਵੇਂ ਸੀ? ਪੁਰਾਣੇ ਜ਼ਮਾਨੇ ਦੇ ਸ਼ਹਿਰਾਂ ਵਾਂਗ ਯਰੂਸ਼ਲਮ ਵਿਚਲੇ ਘਰ ਲਾਗੇ-ਲਾਗੇ ਬਣੇ ਹੋਏ ਸਨ। ਇਸ ਲਈ ਸ਼ਹਿਰ ਦੀ ਰਾਖੀ ਕਰਨੀ ਆਸਾਨ ਸੀ। ਇਸ ਤੋਂ ਇਲਾਵਾ ਲਾਗੇ-ਲਾਗੇ ਰਹਿਣ ਵਾਲੇ ਗੁਆਂਢੀ ਇਕ-ਦੂਜੇ ਦੀ ਮਦਦ ਕਰ ਸਕਦੇ ਸਨ। ਇਹ ਨੇੜਤਾ ਇਸਰਾਏਲ ਦੇ 12 ਗੋਤਾਂ ਵਿਚਲੀ ਏਕਤਾ ਨੂੰ ਦਰਸਾਉਂਦੀ ਹੈ ਜਦ ਉਹ ਇਕੱਠੇ ਮਿਲ ਕੇ ਯਹੋਵਾਹ ਦੀ ਉਪਾਸਨਾ ਕਰਦੇ ਹਨ।

123:2—ਇਸ ਦ੍ਰਿਸ਼ਟਾਂਤ ਵਿਚ ਦਾਸਾਂ ਦੀਆਂ ਅੱਖਾਂ ਦਾ ਕੀ ਭਾਵ ਹੈ? ਨੌਕਰ-ਚਾਕਰ ਆਪਣੇ ਮਾਲਕ ਵੱਲ ਦੋ ਕਾਰਨਾਂ ਕਰਕੇ ਤੱਕਦੇ ਸਨ: ਇਕ ਉਹ ਆਪਣੇ ਮਾਲਕ ਦੀ ਇੱਛਾ ਜਾਣਨੀ ਚਾਹੁੰਦੇ ਸੀ ਅਤੇ ਦੂਜਾ ਉਹ ਮਾਲਕ ਵੱਲੋਂ ਸੁੱਰਖਿਆ ਅਤੇ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਮਦਦ ਚਾਹੁੰਦੇ ਸਨ। ਇਸੇ ਤਰ੍ਹਾਂ ਅਸੀਂ ਵੀ ਜਾਣਨਾ ਚਾਹੁੰਦੇ ਹਾਂ ਕਿ ਯਹੋਵਾਹ ਦੀ ਸਾਡੇ ਲਈ ਕੀ ਇੱਛਾ ਹੈ ਅਤੇ ਅਸੀਂ ਉਸ ਦੀ ਮਿਹਰ ਕਿਵੇਂ ਪ੍ਰਾਪਤ ਕਰ ਸਕਦੇ ਹਾਂ।

131:1-3—ਦਾਊਦ ਨੇ ‘ਦੁੱਧ ਛੁਡਾਏ ਹੋਏ ਬਾਲਕ ਵਾਂਗ ਆਪਣੀ ਜਾਨ ਨੂੰ ਠੰਡਾ ਤੇ ਚੁੱਪ’ ਕਿਵੇਂ ਕੀਤਾ ਸੀ? ਜਿਵੇਂ ਇਕ ਬੱਚੇ ਨੂੰ ਆਪਣੀ ਮਾਂ ਦੀ ਗੋਦੀ ਵਿਚ ਤਸੱਲੀ ਮਿਲਦੀ ਹੈ, ਉਸੇ ਤਰ੍ਹਾਂ ਦਾਊਦ ਨੇ ਆਪਣੇ ਜੀਅ ਵਿਚ ਰਾਹਤ ਪਾਈ। ਇਹ ਉਸ ਨੇ ਕਿਵੇਂ ਕੀਤਾ ਸੀ? ਇਕ ਬੱਚੇ ਵਾਂਗ ਹਲੀਮ ਬਣ ਕੇ ਉਸ ਨੇ ਨਾ ਤਾਂ ਘਮੰਡ ਕੀਤਾ ਤੇ ਨਾ ਹੀ ਉਹ ਅਜਿਹੀਆਂ ਚੀਜ਼ਾਂ ਮਗਰ ਭੱਜਿਆ ਜੋ ਉਸ ਦੇ ਹੱਥ ਨਹੀਂ ਲੱਗ ਸਕਦੀਆਂ ਸਨ। ਮਸ਼ਹੂਰੀ ਭਾਲਣ ਦੀ ਬਜਾਇ ਆਮ ਤੌਰ ਤੇ ਦਾਊਦ ਨੇ ਆਪਣੀਆਂ ਕਮੀਆਂ ਪਛਾਣੀਆਂ ਤੇ ਉਹ ਹਲੀਮ ਬਣਿਆ। ਸਾਨੂੰ ਵੀ ਉਸ ਦੀ ਰੀਸ ਕਰਨੀ ਚਾਹੀਦੀ ਹੈ, ਖ਼ਾਸਕਰ ਜਦੋਂ ਕਲੀਸਿਯਾ ਵਿਚ ਅਸੀਂ ਕੋਈ ਜ਼ਿੰਮੇਵਾਰੀ ਸੰਭਾਲਣੀ ਚਾਹੁੰਦੇ ਹਾਂ।

ਸਾਡੇ ਲਈ ਸਬਕ:

120:1, 2, 6, 7. ਦੂਸਰਿਆਂ ਬਾਰੇ ਝੂਠੀਆਂ ਗੱਲਾਂ ਫੈਲਾ ਕੇ ਜਾਂ ਉਨ੍ਹਾਂ ਨੂੰ ਚੁਭਵੀਆਂ ਗੱਲਾਂ ਕਹਿ ਕੇ ਅਸੀਂ ਉਨ੍ਹਾਂ ਦੇ ਦਿਲ ਨੂੰ ਠੇਸ ਪਹੁੰਚਾਉਂਦੇ ਹਾਂ। ਆਪਣੀ ਜ਼ਬਾਨ ਨੂੰ ਕਾਬੂ ਵਿਚ ਰੱਖ ਕੇ ਅਸੀਂ ਦੂਸਰਿਆਂ ਨਾਲ ਸੁਲ੍ਹਾ ਬਣਾਈ ਰੱਖ ਸਕਦੇ ਹਾਂ।

120:3, 4. ਜੇ ਕੋਈ ਸਾਡੇ ਨਾਲ ਛਲ ਕਪਟ ਕਰੇ, ਤਾਂ ਅਸੀਂ ਮਾਮਲਾ ਯਹੋਵਾਹ ਤੇ ਛੱਡ ਸਕਦੇ ਹਾਂ ਕਿਉਂਕਿ ਸਭ ਨੇ ਉਸ ਨੂੰ ਲੇਖਾ ਦੇਣਾ ਹੈ। ਬਾਈਬਲ ਕਹਿੰਦੀ ਹੈ ਕਿ ਅਜਿਹੇ ਲੋਕ “ਸੂਰਮੇ” ਯਾਨੀ ਯਹੋਵਾਹ ਪਰਮੇਸ਼ੁਰ ਦੇ ਹੱਥੋਂ ਸਜ਼ਾ ਭੋਗਣਗੇ। ਯਕੀਨਨ ਉਨ੍ਹਾਂ ਨੂੰ ਯਹੋਵਾਹ ਤੋਂ ਸਜ਼ਾ ਮਿਲੇਗੀ ਜਿਸ ਨੂੰ ਇਸ ਆਇਤ ਵਿਚ “ਰਥਮੇ ਦੇ ਅੰਗਿਆਰੇ” ਕਿਹਾ ਗਿਆ ਹੈ।

127:1, 2. ਸਾਨੂੰ ਹਰ ਕੰਮ ਵਿਚ ਯਹੋਵਾਹ ਦੀ ਅਗਵਾਈ ਭਾਲਣੀ ਚਾਹੀਦੀ ਹੈ।

133:1-3. ਏਕਤਾ ਸਦਕਾ ਯਹੋਵਾਹ ਦੇ ਲੋਕਾਂ ਵਿਚ ਸ਼ਾਂਤੀ, ਤਾਜ਼ਗੀ ਤੇ ਸੰਜਮ ਹੈ। ਸਾਨੂੰ ਦੂਸਰਿਆਂ ਵਿਚ ਨੁਕਸ ਕੱਢ ਕੇ, ਲੜਾਈ-ਝਗੜੇ ਕਰ ਕੇ ਜਾਂ ਉਲਾਹਮੇ ਦੇ ਕੇ ਇਸ ਏਕਤਾ ਨੂੰ ਨਸ਼ਟ ਨਹੀਂ ਕਰਨਾ ਚਾਹੀਦਾ।

137:1, 5, 6. ਗ਼ੁਲਾਮੀ ਵਿਚ ਰਹਿੰਦੇ ਇਸਰਾਏਲੀ ਲੋਕ ਸੀਯੋਨ ਨੂੰ ਬਹੁਤ ਚੇਤੇ ਕਰਦੇ ਸਨ ਕਿਉਂਕਿ ਉਹ ਯਹੋਵਾਹ ਦਾ ਧਰਮ-ਅਸਥਾਨ ਸੀ। ਸਾਡੇ ਬਾਰੇ ਕੀ? ਕੀ ਅਸੀਂ ਯਹੋਵਾਹ ਦੀ ਆਗਿਆ ਪਾਲਣਾ ਕਰਦੇ ਹੋਏ ਉਨ੍ਹਾਂ ਵੱਲ ਦੇਖਦੇ ਹਾਂ ਜਿਨ੍ਹਾਂ ਨੂੰ ਯਹੋਵਾਹ ਅੱਜ ਸਾਡੀ ਅਗਵਾਈ ਕਰਨ ਲਈ ਵਰਤ ਰਿਹਾ ਹੈ?

138:2. ਯਹੋਵਾਹ ਨੇ ‘ਸਭ ਦੇ ਉੱਤੇ ਆਪਣੇ ਨਾਮ ਨੂੰ ਅਤੇ ਆਪਣੇ ਬਚਨ ਨੂੰ ਵਡਿਆਇਆ’ ਹੈ। ਉਸ ਨੇ ਆਪਣੇ ਨਾਂ ਦੀ ਗਾਰੰਟੀ ਦੇ ਕੇ ਵਾਅਦੇ ਕੀਤੇ ਹਨ ਇਸ ਲਈ ਉਹ ਪੂਰੇ ਹੋ ਕੇ ਹੀ ਰਹਿਣਗੇ। ਉਸ ਸੁਨਿਹਰੇ ਭਵਿੱਖ ਲਈ ਅਸੀਂ ਕਿੰਨੇ ਉਤਾਵਲੇ ਹਾਂ।

139:1-6, 15, 16. ਸਾਡੇ ਕੁਝ ਕਰਨ ਜਾਂ ਕਹਿਣ ਤੋਂ ਪਹਿਲਾਂ ਹੀ ਯਹੋਵਾਹ ਸਾਡੇ ਦਿਲ ਦੀ ਗੱਲ ਜਾਣ ਲੈਂਦਾ ਹੈ। ਯਹੋਵਾਹ ਤਾਂ ਸਾਨੂੰ ਉਦੋਂ ਤੋਂ ਹੀ ਜਾਣਦਾ ਹੈ ਜਦੋਂ ਅਸੀਂ ਅਜੇ ਆਪਣੀ ਮਾਂ ਦੀ ਕੁੱਖ ਵਿਚ ਸੀ। ਸਾਡੇ ਬਾਰੇ ਉਹ ਜੋ ਕੁਝ ਜਾਣਦਾ ਉਹ ਇੰਨਾ “ਅਚਰਜ” ਹੈ ਕਿ ਅਸੀਂ ਸਮਝ ਵੀ ਨਹੀਂ ਸਕਦੇ। ਇਸ ਤੋਂ ਸਾਨੂੰ ਹੌਸਲਾ ਮਿਲਣਾ ਚਾਹੀਦਾ ਹੈ ਕਿ ਉਹ ਸਿਰਫ਼ ਸਾਡੇ ਦੁੱਖਾਂ ਨੂੰ ਦੇਖਦਾ ਹੀ ਨਹੀਂ, ਸਗੋਂ ਉਹ ਇਹ ਵੀ ਸਮਝਦਾ ਹੈ ਕਿ ਇਨ੍ਹਾਂ ਕਾਰਨ ਸਾਡੇ ਦਿਲ ਤੇ ਕੀ ਬੀਤਦੀ ਹੈ।

139:7-12. ਅਸੀਂ ਦੁਨੀਆਂ ਦੇ ਭਾਵੇਂ ਜਿਹੜੇ ਮਰਜ਼ੀ ਕੋਨੇ ਵਿਚ ਹੋਈਏ ਯਹੋਵਾਹ ਸਾਡੀ ਮਦਦ ਕਰ ਸਕਦਾ ਹੈ।

139:17, 18. ਕੀ ਯਹੋਵਾਹ ਦਾ ਗਿਆਨ ਸਾਨੂੰ ਪਿਆਰਾ ਲੱਗਣ ਲੱਗਾ ਹੈ? (ਕਹਾਉਤਾਂ 2:10) ਜੇ ਹਾਂ ਤਾਂ ਅਸੀਂ ਜੁਗੋ-ਜੁਗ ਖ਼ੁਸ਼ ਰਹਿ ਸਕਾਂਗੇ। ਯਹੋਵਾਹ ਦੇ ਵਿਚਾਰ “ਰੇਤ ਦੇ ਦਾਣਿਆਂ ਨਾਲੋਂ ਵੀ ਵੱਧ ਹਨ।” ਉਸ ਬਾਰੇ ਅਸੀਂ ਹਮੇਸ਼ਾ ਕੁਝ-ਨ-ਕੁਝ ਨਵਾਂ ਸਿੱਖਦੇ ਰਹਾਂਗੇ।

139:23, 24. ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੇ ਅੰਦਰਲੀ ਹਰ “ਭੈੜੀ ਚਾਲ” ਯਾਨੀ ਮੰਦੇ ਖ਼ਿਆਲ ਅਤੇ ਇੱਛਾ ਨੂੰ ਦੇਖੇ ਅਤੇ ਇਨ੍ਹਾਂ ਨੂੰ ਦਿਲੋਂ ਕੱਢਣ ਵਿਚ ਸਾਡੀ ਮਦਦ ਕਰੇ।

143:4-7. ਅਸੀਂ ਘੋਰ ਮੁਸੀਬਤਾਂ ਨੂੰ ਕਿਵੇਂ ਸਹਿ ਸਕਦੇ ਹਾਂ? ਇਨ੍ਹਾਂ ਆਇਤਾਂ ਵਿਚ ਇਹ ਸੁਝਾਅ ਦਿੱਤਾ ਗਿਆ ਹੈ: ਯਹੋਵਾਹ ਦੀਆਂ ਕਰਨੀਆਂ ਤੇ ਮਨਨ ਕਰੋ, ਉਸ ਦੇ ਕੰਮਾਂ ਵੱਲ ਧਿਆਨ ਦਿਓ ਅਤੇ ਮਦਦ ਲਈ ਉਸ ਨੂੰ ਪ੍ਰਾਰਥਨਾ ਕਰੋ।

“ਯਹੋਵਾਹ ਦੀ ਉਸਤਤ ਕਰੋ”

ਜ਼ਬੂਰਾਂ ਦੀ ਪੋਥੀ ਦੇ ਪਹਿਲੇ ਚਾਰ ਭਾਗਾਂ ਦੇ ਅੰਤ ਵਿਚ ਯਹੋਵਾਹ ਦੀ ਪ੍ਰਸ਼ੰਸਾ ਦੇ ਵਾਕ ਹਨ। (ਜ਼ਬੂਰਾਂ ਦੀ ਪੋਥੀ 41:13; 72:19, 20; 89:52; 106:48) ਆਖ਼ਰੀ ਭਾਗ ਦੇ ਅੰਤ ਵਿਚ ਵੀ ਉਸ ਦੇ ਜਸ ਗਾਏ ਗਏ ਹਨ। ਜ਼ਬੂਰ 150:6 ਵਿਚ ਲਿਖਿਆ ਹੈ: “ਸਾਰੇ ਪ੍ਰਾਣੀਓ, ਯਹੋਵਾਹ ਦੀ ਉਸਤਤ ਕਰੋ! ਹਲਲੂਯਾਹ!” ਹਾਂ, ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਸਾਰੇ ਪ੍ਰਾਣੀ ਸੱਚ-ਮੁੱਚ ਯਹੋਵਾਹ ਦੀ ਉਸਤਤ ਕਰਨਗੇ।

ਅਸੀਂ ਨਵੀਂ ਦੁਨੀਆਂ ਦਾ ਬੜੀ ਬੇਤਾਬੀ ਨਾਲ ਇੰਤਜ਼ਾਰ ਕਰਦੇ ਹਾਂ, ਪਰ ਅੱਜ ਵੀ ਸਾਡੇ ਕੋਲ ਯਹੋਵਾਹ ਦੇ ਜਸ ਗਾਉਣ ਦੇ ਕਈ ਕਾਰਨ ਹਨ। ਸਾਡੇ ਕੋਲ ਹੁਣ ਯਹੋਵਾਹ ਦਾ ਗਿਆਨ ਹੈ ਤੇ ਅਸੀਂ ਉਸ ਦੇ ਨਜ਼ਦੀਕ ਮਹਿਸੂਸ ਕਰ ਸਕਦੇ ਹਾਂ। ਕੀ ਇਨ੍ਹਾਂ ਗੱਲਾਂ ਬਾਰੇ ਸੋਚ ਕੇ ਸਾਡਾ ਦਿਲ ਉਸ ਦੀ ਉਸਤਤ ਕਰਨ ਲਈ ਨਹੀਂ ਉੱਛਲਦਾ?

[ਸਫ਼ਾ 15 ਉੱਤੇ ਤਸਵੀਰ]

ਯਹੋਵਾਹ ਦੇ ਮਹਾਨ ਕੰਮਾਂ ਕਰਕੇ ਸਾਡੇ ਦਿਲ ਸ਼ਰਧਾ ਨਾਲ ਭਰ ਜਾਂਦੇ ਹਨ

[ਸਫ਼ਾ 16 ਉੱਤੇ ਤਸਵੀਰ]

ਯਹੋਵਾਹ ਦੇ ਵਿਚਾਰ “ਰੇਤ ਦੇ ਦਾਣਿਆਂ ਨਾਲੋਂ ਵੀ ਵੱਧ ਹਨ”