Skip to content

Skip to table of contents

‘ਤੁਹਾਡੀਆਂ ਅਰਦਾਸਾਂ ਬੇਨਤੀ ਨਾਲ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ’

‘ਤੁਹਾਡੀਆਂ ਅਰਦਾਸਾਂ ਬੇਨਤੀ ਨਾਲ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ’

‘ਤੁਹਾਡੀਆਂ ਅਰਦਾਸਾਂ ਬੇਨਤੀ ਨਾਲ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ’

“ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ।”—ਫ਼ਿਲਿੱਪੀਆਂ 4:6.

1. ਸਾਨੂੰ ਕਿਸ ਨਾਲ ਗੱਲ ਕਰਨ ਦਾ ਸਨਮਾਨ ਮਿਲਿਆ ਹੈ ਤੇ ਇਹ ਇੰਨੀ ਵਧੀਆ ਗੱਲ ਕਿਉਂ ਹੈ?

ਜੇ ਤੁਸੀਂ ਆਪਣੇ ਦੇਸ਼ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਫ਼ਰਮਾਇਸ਼ ਕਰੋ, ਤਾਂ ਤੁਹਾਨੂੰ ਕੀ ਜਵਾਬ ਮਿਲੇਗਾ? ਭਾਵੇਂ ਤੁਹਾਨੂੰ ਉਸ ਦੇ ਦਫ਼ਤਰ ਤੋਂ ਸ਼ਾਇਦ ਜਵਾਬ ਆਵੇ, ਪਰ ਤੁਹਾਨੂੰ ਉਸ ਨਾਲ ਸਿੱਧੀ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਰ ਪੂਰੇ ਵਿਸ਼ਵ ਦੇ ਬਾਦਸ਼ਾਹ ਯਹੋਵਾਹ ਪਰਮੇਸ਼ੁਰ ਨਾਲ ਗੱਲ ਕਰਨ ਬਾਰੇ ਕੀ? ਅਸੀਂ ਜਦ ਜੀ ਚਾਹੇ ਉਸ ਨਾਲ ਗੱਲ ਕਰ ਸਕਦੇ ਹਾਂ। ਉਹ ਸਹੀ ਤਰੀਕੇ ਨਾਲ ਕੀਤੀਆਂ ਪ੍ਰਾਰਥਨਾਵਾਂ ਹਮੇਸ਼ਾ ਸੁਣਦਾ ਹੈ। (ਕਹਾਉਤਾਂ 15:29) ਸਾਡੇ ਲਈ ਇਹ ਕਿੰਨਾ ਵੱਡਾ ਸਨਮਾਨ ਹੈ! ਇਸ ਗੱਲ ਦੀ ਕਦਰ ਕਰਦੇ ਹੋਏ ਕੀ ਸਾਨੂੰ “ਪ੍ਰਾਰਥਨਾ ਦੇ ਸੁਣਨ ਵਾਲੇ” ਨੂੰ ਹਮੇਸ਼ਾ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ?—ਜ਼ਬੂਰਾਂ ਦੀ ਪੋਥੀ 65:2.

2. ਸਾਡੀਆਂ ਪ੍ਰਾਰਥਨਾਵਾਂ ਕਬੂਲ ਹੋਣ ਲਈ ਕੀ ਜ਼ਰੂਰੀ ਹੈ?

2 ਪਰ ਸ਼ਾਇਦ ਕੋਈ ਪੁੱਛੇ, ‘ਪਰਮੇਸ਼ੁਰ ਕਿਹੋ ਜਿਹੀਆਂ ਪ੍ਰਾਰਥਨਾਵਾਂ ਸੁਣਦਾ ਹੈ?’ ਬਾਈਬਲ ਸਮਝਾਉਂਦੀ ਹੈ ਕਿ ਸਾਡੀਆਂ ਪ੍ਰਾਰਥਨਾਵਾਂ ਕਬੂਲ ਹੋਣ ਲਈ ਕੀ ਜ਼ਰੂਰੀ ਹੈ: “ਨਿਹਚਾ ਬਾਝੋਂ ਉਹ ਦੇ ਮਨ ਨੂੰ ਭਾਉਣਾ ਅਣਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਜੀ ਹਾਂ, ਜਿਵੇਂ ਅਸੀਂ ਪਿੱਛਲੇ ਲੇਖ ਵਿਚ ਦੇਖਿਆ ਸੀ, ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਲਈ ਨਿਹਚਾ ਜ਼ਰੂਰੀ ਹੈ। ਨਾਲੇ ਪਰਮੇਸ਼ੁਰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ ਜੋ ਸਹੀ ਕੰਮ ਕਰਦੇ ਹਨ ਅਤੇ ਨਿਹਚਾ ਤੇ ਸਾਫ਼ ਦਿਲ ਨਾਲ ਉਸ ਅੱਗੇ ਆਉਂਦੇ ਹਨ।

3. (ੳ) ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਅਨੁਸਾਰ ਅਸੀਂ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ? (ਅ) ਪ੍ਰਾਰਥਨਾਵਾਂ ਕਿਸ-ਕਿਸ ਤਰ੍ਹਾਂ ਦੀਆਂ ਹੁੰਦੀਆਂ ਹਨ?

3 ਪੌਲੁਸ ਰਸੂਲ ਨੇ ਮਸੀਹੀਆਂ ਨੂੰ ਲਿਖਿਆ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ।” (ਫ਼ਿਲਿੱਪੀਆਂ 4:6, 7) ਬਾਈਬਲ ਵਿਚ ਉਨ੍ਹਾਂ ਲੋਕਾਂ ਦੀਆਂ ਕਈ ਮਿਸਾਲਾਂ ਹਨ ਜਿਨ੍ਹਾਂ ਨੇ ਆਪਣੀਆਂ ਚਿੰਤਾਵਾਂ ਪਰਮੇਸ਼ੁਰ ਨੂੰ ਦੱਸੀਆਂ, ਜਿਵੇਂ ਹੰਨਾਹ, ਏਲੀਯਾਹ, ਹਿਜ਼ਕੀਯਾਹ ਅਤੇ ਦਾਨੀਏਲ। (1 ਸਮੂਏਲ 2:1-10; 1 ਰਾਜਿਆਂ 18:36, 37; 2 ਰਾਜਿਆਂ 19:15-19; ਦਾਨੀਏਲ 9:3-21) ਸਾਨੂੰ ਉਨ੍ਹਾਂ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ। ਪੌਲੁਸ ਦੇ ਸ਼ਬਦਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪ੍ਰਾਰਥਨਾਵਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ। ਉਸ ਨੇ ਸਾਨੂੰ ਧੰਨਵਾਦ ਕਰਨ ਲਈ ਕਿਹਾ, ਮਤਲਬ ਕਿ ਅਸੀਂ ਪ੍ਰਾਰਥਨਾ ਰਾਹੀਂ ਉਨ੍ਹਾਂ ਕੰਮਾਂ ਲਈ ਪਰਮੇਸ਼ੁਰ ਦਾ ਧੰਨਵਾਦ ਕਰੀਏ ਜੋ ਉਹ ਸਾਡੇ ਭਲੇ ਲਈ ਕਰਦਾ ਹੈ। ਇਸ ਦੇ ਨਾਲ-ਨਾਲ ਅਸੀਂ ਉਸ ਦੀ ਵਡਿਆਈ ਵੀ ਕਰ ਸਕਦੇ ਹਾਂ। ਅਰਦਾਸ ਕਰਨ ਦਾ ਮਤਲਬ ਹੈ ਨਿਮਰਤਾ ਨਾਲ ਪਰਮੇਸ਼ੁਰ ਅੱਗੇ ਆਪਣਾ ਦਿਲ ਖੋਲ੍ਹਣਾ। ਅਸੀਂ ਖ਼ਾਸ ਚੀਜ਼ਾਂ ਲਈ ਬੇਨਤੀ ਵੀ ਕਰ ਸਕਦੇ ਹਾਂ। (ਲੂਕਾ 11:2, 3) ਯਹੋਵਾਹ ਪਰਮੇਸ਼ੁਰ ਸਾਡੀਆਂ ਅਜਿਹੀਆਂ ਪ੍ਰਾਰਥਨਾਵਾਂ ਸੁਣ ਕੇ ਖ਼ੁਸ਼ ਹੁੰਦਾ ਹੈ।

4. ਭਾਵੇਂ ਯਹੋਵਾਹ ਸਾਡੀਆਂ ਜ਼ਰੂਰਤਾਂ ਜਾਣਦਾ ਹੈ, ਫਿਰ ਵੀ ਅਸੀਂ ਆਪਣੀਆਂ ਜ਼ਰੂਰਤਾਂ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਿਉਂ ਕਰਦੇ ਹਾਂ?

4 ਸ਼ਾਇਦ ਕੋਈ ਕਹੇ, ‘ਯਹੋਵਾਹ ਤਾਂ ਪਹਿਲਾਂ ਤੋਂ ਹੀ ਸਾਡੀਆਂ ਜ਼ਰੂਰਤਾਂ ਜਾਣਦਾ ਹੈ।’ ਇਹ ਗੱਲ ਸੱਚ ਹੈ। (ਮੱਤੀ 6:8, 32) ਤਾਂ ਫਿਰ, ਉਹ ਕਿਉਂ ਚਾਹੁੰਦਾ ਹੈ ਕਿ ਅਸੀਂ ਆਪਣੀਆਂ ਜ਼ਰੂਰਤਾਂ ਬਾਰੇ ਉਸ ਨੂੰ ਪ੍ਰਾਰਥਨਾ ਕਰੀਏ? ਇਸ ਮਿਸਾਲ ਵੱਲ ਧਿਆਨ ਦਿਓ: ਇਕ ਦੁਕਾਨਦਾਰ ਆਪਣੇ ਗਾਹਕਾਂ ਨੂੰ ਮੁਫ਼ਤ ਵਿਚ ਤੋਹਫ਼ਾ ਪੇਸ਼ ਕਰ ਰਿਹਾ ਹੈ। ਪਰ ਇਹ ਤੋਹਫ਼ਾ ਲੈਣ ਲਈ ਗਾਹਕਾਂ ਨੂੰ ਦੁਕਾਨਦਾਰ ਦੇ ਕੋਲ ਜਾਣਾ ਪਵੇਗਾ। ਜਿਹੜੇ ਗਾਹਕ ਖੇਚਲ ਨਹੀਂ ਕਰਨੀ ਚਾਹੁੰਦੇ, ਉਹ ਦਿਖਾਉਂਦੇ ਹਨ ਕਿ ਉਹ ਇਸ ਤੋਹਫ਼ੇ ਦੀ ਕਦਰ ਨਹੀਂ ਕਰਦੇ। ਇਸੇ ਤਰ੍ਹਾਂ ਜੇ ਅਸੀਂ ਯਹੋਵਾਹ ਨਾਲ ਆਪਣੀਆਂ ਜ਼ਰੂਰਤਾਂ ਬਾਰੇ ਗੱਲ ਨਾ ਕਰੀਏ, ਤਾਂ ਇਹ ਦਿਖਾਵੇਗਾ ਕਿ ਅਸੀਂ ਉਸ ਦੀ ਮਦਦ ਦੀ ਕਦਰ ਨਹੀਂ ਕਰਦੇ। ਯਿਸੂ ਨੇ ਕਿਹਾ: “ਮੰਗੋ ਤਾਂ ਤੁਸੀਂ ਲਓਗੇ।” (ਯੂਹੰਨਾ 16:24) ਮੰਗਣ ਨਾਲ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੀਆਂ ਲੋੜਾਂ ਦੀ ਪੂਰਤੀ ਲਈ ਪਰਮੇਸ਼ੁਰ ਉੱਤੇ ਨਿਰਭਰ ਹਾਂ।

ਕਿਸ ਤਰੀਕੇ ਨਾਲ ਪ੍ਰਾਰਥਨਾ ਕਰੀਏ?

5. ਸਾਨੂੰ ਯਿਸੂ ਦੇ ਨਾਮ ਵਿਚ ਕਿਉਂ ਪ੍ਰਾਰਥਨਾ ਕਰਨੀ ਚਾਹੀਦੀ ਹੈ?

5 ਯਹੋਵਾਹ ਪਰਮੇਸ਼ੁਰ ਨੇ ਬਾਈਬਲ ਵਿਚ ਸਾਨੂੰ ਪ੍ਰਾਰਥਨਾ ਸੰਬੰਧੀ ਨਿਯਮਾਂ ਦੀ ਲੰਬੀ-ਚੌੜੀ ਸੂਚੀ ਨਹੀਂ ਦਿੱਤੀ। ਫਿਰ ਵੀ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਉਸ ਨੂੰ ਪ੍ਰਾਰਥਨਾ ਕਰਨ ਦਾ ਸਹੀ ਤਰੀਕਾ ਕੀ ਹੈ। ਇਹ ਜਾਣਕਾਰੀ ਬਾਈਬਲ ਵਿਚ ਦਿੱਤੀ ਗਈ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: ‘ਜੇ ਤੁਸੀਂ ਪਿਤਾ ਕੋਲੋਂ ਕੁਝ ਮੰਗੋ ਤਾਂ ਉਹ ਮੇਰੇ ਨਾਮ ਕਰਕੇ ਤੁਹਾਨੂੰ ਦੇਵੇਗਾ।’ (ਯੂਹੰਨਾ 16:23) ਇਹ ਜਾਣਦੇ ਹੋਏ ਕਿ ਸਿਰਫ਼ ਯਿਸੂ ਰਾਹੀਂ ਪਰਮੇਸ਼ੁਰ ਮਨੁੱਖਜਾਤੀ ਨੂੰ ਬਰਕਤਾਂ ਦੇਵੇਗਾ, ਸਾਨੂੰ ਯਿਸੂ ਦੇ ਨਾਮ ਵਿਚ ਪ੍ਰਾਰਥਨਾ ਕਰਨੀ ਚਾਹੀਦੀ ਹੈ।

6. ਕੀ ਪ੍ਰਾਰਥਨਾ ਕਰਨ ਵੇਲੇ ਸਾਨੂੰ ਕਿਸੇ ਖ਼ਾਸ ਢੰਗ ਨਾਲ ਬੈਠਣਾ ਜਾਂ ਖੜ੍ਹਨਾ ਪੈਂਦਾ ਹੈ?

6 ਕੀ ਪ੍ਰਾਰਥਨਾ ਕਰਨ ਵੇਲੇ ਸਾਨੂੰ ਕਿਸੇ ਖ਼ਾਸ ਢੰਗ ਨਾਲ ਬੈਠਣਾ ਜਾਂ ਖੜ੍ਹਨਾ ਪੈਂਦਾ ਹੈ? ਬਾਈਬਲ ਅਨੁਸਾਰ ਇਸ ਤਰ੍ਹਾਂ ਕਰਨਾ ਜ਼ਰੂਰੀ ਨਹੀਂ ਹੈ। (1 ਰਾਜਿਆਂ 8:22; ਨਹਮਯਾਹ 8:6; ਮਰਕੁਸ 11:25; ਲੂਕਾ 22:41) ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਨਿਮਰਤਾ ਨਾਲ ਸੱਚੇ ਦਿਲੋਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੀਏ।—ਯੋਏਲ 2:12, 13.

7. (ੳ) “ਆਮੀਨ” ਸ਼ਬਦ ਦਾ ਕੀ ਮਤਲਬ ਹੈ? (ਅ) ਪ੍ਰਾਰਥਨਾ ਦੇ ਅੰਤ ਵਿਚ “ਆਮੀਨ” ਕਿਉਂ ਕਿਹਾ ਜਾਂਦਾ ਹੈ?

7 “ਆਮੀਨ” ਕਹਿਣ ਬਾਰੇ ਕੀ? ਬਾਈਬਲ ਦਿਖਾਉਂਦੀ ਹੈ ਕਿ ਇਹ ਪ੍ਰਾਰਥਨਾ ਦੇ ਅੰਤ ਵਿਚ ਕਿਹਾ ਜਾਂਦਾ ਹੈ, ਖ਼ਾਸ ਕਰਕੇ ਜਦ ਅਸੀਂ ਹੋਰਨਾਂ ਲੋਕਾਂ ਨਾਲ ਇਕੱਠੇ ਪ੍ਰਾਰਥਨਾ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 72:19; 89:52) ਇਬਰਾਨੀ ਭਾਸ਼ਾ ਵਿਚ “ਆਮੀਨ” ਸ਼ਬਦ ਦਾ ਮਤਲਬ ਹੈ “ਇਸੇ ਤਰ੍ਹਾਂ ਹੋਵੇ।” ਇਕ ਕੋਸ਼ ਸਮਝਾਉਂਦਾ ਹੈ ਕਿ ਜਦ ਅਸੀਂ ਪ੍ਰਾਰਥਨਾ ਕਰ ਕੇ “ਆਮੀਨ” ਕਹਿੰਦੇ ਹਾਂ, ਤਾਂ ਇਸ ਦਾ ਭਾਵ ਹੈ ਕਿ “ਅਸੀਂ ਕਹੀਆਂ ਗੱਲਾਂ ਨਾਲ ਸਹਿਮਤ ਹਾਂ ਅਤੇ ਉਨ੍ਹਾਂ ਨੂੰ ਪੂਰਾ ਹੁੰਦਾ ਦੇਖਣਾ ਚਾਹੁੰਦੇ ਹਾਂ।” ਇਸ ਲਈ ਜਦ ਕੋਈ ਪ੍ਰਾਰਥਨਾ ਕਰਨ ਤੋਂ ਬਾਅਦ “ਆਮੀਨ” ਕਹਿੰਦਾ ਹੈ, ਤਾਂ ਉਹ ਦਿਖਾਉਂਦਾ ਹੈ ਕਿ ਉਸ ਨੇ ਦਿਲੋਂ ਪ੍ਰਾਰਥਨਾ ਕੀਤੀ ਹੈ। ਜਦੋਂ ਅਸੀਂ ਕਲੀਸਿਯਾ ਵਿਚ ਪ੍ਰਾਰਥਨਾ ਤੋਂ ਬਾਅਦ ਭਾਵੇਂ ਉੱਚੀ ਆਵਾਜ਼ ਵਿਚ ਜਾਂ ਦਿਲ ਵਿਚ “ਆਮੀਨ” ਕਹਿੰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਭਰਾ ਦੀਆਂ ਕਹੀਆਂ ਗੱਲਾਂ ਨਾਲ ਸਹਿਮਤ ਹਾਂ।—1 ਕੁਰਿੰਥੀਆਂ 14:16.

8. ਅਸੀਂ ਯਾਕੂਬ ਜਾਂ ਅਬਰਾਹਾਮ ਵਾਂਗ ਕਿਵੇਂ ਪ੍ਰਾਰਥਨਾ ਕਰ ਸਕਦੇ ਹਾਂ ਅਤੇ ਇਹ ਸਾਨੂੰ ਕੀ ਦਿਖਾਉਣ ਦਾ ਮੌਕਾ ਦੇਵੇਗਾ?

8 ਕਦੀ-ਕਦਾਈਂ ਪਰਮੇਸ਼ੁਰ ਸਾਨੂੰ ਇਹ ਦਿਖਾਉਣ ਦਾ ਮੌਕਾ ਦਿੰਦਾ ਹੈ ਕਿ ਜਿਨ੍ਹਾਂ ਗੱਲਾਂ ਬਾਰੇ ਅਸੀਂ ਪ੍ਰਾਰਥਨਾ ਕਰਦੇ ਹਾਂ, ਉਹ ਸਾਡੇ ਲਈ ਕਿੰਨੀਆਂ ਕੁ ਅਹਿਮੀਅਤ ਰੱਖਦੀਆਂ ਹਨ। ਸ਼ਾਇਦ ਸਾਨੂੰ ਯਾਕੂਬ ਵਰਗੇ ਬਣਨ ਦੀ ਲੋੜ ਹੋਵੇ ਜੋ ਬਰਕਤ ਹਾਸਲ ਕਰਨ ਲਈ ਸਾਰੀ ਰਾਤ ਦੂਤ ਨਾਲ ਘੁਲਦਾ ਰਿਹਾ। (ਉਤਪਤ 32:24-26) ਜਾਂ ਸ਼ਾਇਦ ਸਾਨੂੰ ਅਬਰਾਹਾਮ ਵਰਗੇ ਬਣਨਾ ਪਵੇ ਜਿਸ ਨੇ ਸਦੂਮ ਸ਼ਹਿਰ ਵਿਚ ਰਹਿ ਰਹੇ ਲੂਤ ਅਤੇ ਹੋਰਨਾਂ ਧਰਮੀ ਲੋਕਾਂ ਦੀ ਖ਼ਾਤਰ ਵਾਰ-ਵਾਰ ਯਹੋਵਾਹ ਅੱਗੇ ਬੇਨਤੀ ਕੀਤੀ ਸੀ। (ਉਤਪਤ 18:22-33) ਅਸੀਂ ਵੀ ਯਹੋਵਾਹ ਅੱਗੇ ਉਨ੍ਹਾਂ ਗੱਲਾਂ ਬਾਰੇ ਬੇਨਤੀ ਕਰ ਸਕਦੇ ਹਾਂ ਜੋ ਸਾਡੇ ਲਈ ਬਹੁਤ ਅਹਿਮੀਅਤ ਰੱਖਦੀਆਂ ਹਨ। ਅਸੀਂ ਯਹੋਵਾਹ ਦੇ ਨਿਆਂ, ਪਿਆਰ ਤੇ ਦਇਆ ਦੀ ਦੁਹਾਈ ਦੇ ਸਕਦੇ ਹਾਂ।

ਅਸੀਂ ਕਿਨ੍ਹਾਂ ਚੀਜ਼ਾਂ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ?

9. ਸਾਡੀਆਂ ਪ੍ਰਾਰਥਨਾਵਾਂ ਵਿਚ ਕਿਹੜੀਆਂ ਗੱਲਾਂ ਸਭ ਤੋਂ ਜ਼ਰੂਰੀ ਹੋਣੀਆਂ ਚਾਹੀਦੀਆਂ ਹਨ?

9 ਯਾਦ ਰੱਖੋ ਕਿ ਪੌਲੁਸ ਨੇ ਕਿਹਾ ਸੀ: ‘ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ।’ (ਫ਼ਿਲਿੱਪੀਆਂ 4:6) ਇਸ ਲਈ ਅਸੀਂ ਜ਼ਿੰਦਗੀ ਵਿਚ ਹੋ ਰਹੀ ਤਕਰੀਬਨ ਹਰ ਗੱਲ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ। ਪਰ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਪਹਿਲਾਂ ਯਹੋਵਾਹ ਅਤੇ ਉਸ ਦੇ ਨਾਂ ਨੂੰ ਮਹੱਤਤਾ ਦੇਣੀ ਚਾਹੀਦੀ ਹੈ। ਦਾਨੀਏਲ ਨੇ ਇਸ ਮਾਮਲੇ ਵਿਚ ਚੰਗੀ ਮਿਸਾਲ ਕਾਇਮ ਕੀਤੀ ਸੀ। ਜਦ ਇਸਰਾਏਲੀ ਆਪਣੇ ਪਾਪਾਂ ਦੀ ਸਜ਼ਾ ਭੁਗਤ ਰਹੇ ਸਨ, ਤਾਂ ਦਾਨੀਏਲ ਨੇ ਮਿੰਨਤਾਂ ਕੀਤੀਆਂ ਕਿ ਯਹੋਵਾਹ ਆਪਣੇ ਲੋਕਾਂ ਉੱਤੇ ਦਇਆ ਕਰੇ। ਉਸ ਨੇ ਪ੍ਰਾਰਥਨਾ ਕੀਤੀ: “ਹੇ ਮੇਰੇ ਪਰਮੇਸ਼ੁਰ, ਆਪਣੇ ਹੀ ਲਈ ਢਿਲ ਨਾ ਲਾ ਇਸ ਲਈ ਜੋ ਤੇਰਾ ਸ਼ਹਿਰ ਅਤੇ ਤੇਰੀ ਪਰਜਾ ਤੇਰੇ ਨਾਮ ਦੀ ਸਦਾਉਂਦੀ ਹੈ।” (ਦਾਨੀਏਲ 9:15-19) ਕੀ ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਯਹੋਵਾਹ ਦੇ ਨਾਂ ਅਤੇ ਉਸ ਦੀ ਮਰਜ਼ੀ ਨੂੰ ਪਹਿਲ ਦਿੰਦੇ ਹਾਂ?

10. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਨਿੱਜੀ ਮਾਮਲਿਆਂ ਬਾਰੇ ਪ੍ਰਾਰਥਨਾ ਕਰਨੀ ਗ਼ਲਤ ਨਹੀਂ ਹੈ?

10 ਪਰ ਨਿੱਜੀ ਮਾਮਲਿਆਂ ਬਾਰੇ ਪ੍ਰਾਰਥਨਾ ਕਰਨੀ ਵੀ ਗ਼ਲਤ ਨਹੀਂ ਹੈ। ਮਿਸਾਲ ਲਈ, ਅਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਪਰਮੇਸ਼ੁਰ ਦੇ ਬਚਨ ਦੀ ਹੋਰ ਗਹਿਰੀ ਸਮਝ ਹਾਸਲ ਕਰਨ ਲਈ ਪ੍ਰਾਰਥਨਾ ਕਰ ਸਕਦੇ ਹਾਂ। ਉਸ ਨੇ ਪ੍ਰਾਰਥਨਾ ਕੀਤੀ: “ਮੈਨੂੰ ਸਮਝ ਦੇਹ ਅਤੇ ਮੈਂ ਤੇਰੀ ਬਿਵਸਥਾ ਨੂੰ ਸਾਂਭਾਂਗਾ, ਸਗੋਂ ਆਪਣੇ ਸਾਰੇ ਮਨ ਨਾਲ ਉਹ ਦੀ ਪਾਲਨਾ ਕਰਾਂਗਾ।” (ਜ਼ਬੂਰਾਂ ਦੀ ਪੋਥੀ 119:33, 34; ਕੁਲੁੱਸੀਆਂ 1:9, 10) ਯਿਸੂ ਨੇ “ਉਸ ਦੇ ਅੱਗੇ ਜਿਹੜਾ ਉਹ ਨੂੰ ਮੌਤ ਤੋਂ ਬਚਾ ਸੱਕਦਾ ਸੀ ਬੇਨਤੀਆਂ ਅਤੇ ਮਿੰਨਤਾਂ ਕੀਤੀਆਂ।” (ਇਬਰਾਨੀਆਂ 5:7) ਇਸ ਤਰ੍ਹਾਂ ਉਸ ਨੇ ਦਿਖਾਇਆ ਕਿ ਖ਼ਤਰਿਆਂ ਦਾ ਸਾਮ੍ਹਣਾ ਕਰਦੇ ਵੇਲੇ ਜਾਂ ਦੁੱਖ ਸਹਿੰਦੇ ਸਮੇਂ ਅਸੀਂ ਪਰਮੇਸ਼ੁਰ ਤੋਂ ਤਾਕਤ ਮੰਗ ਸਕਦੇ ਹਾਂ। ਜਦ ਯਿਸੂ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾ ਰਿਹਾ ਸੀ, ਤਾਂ ਉਸ ਨੇ ਨਿੱਜੀ ਗੱਲਾਂ ਵੀ ਸ਼ਾਮਲ ਕੀਤੀਆਂ ਸਨ। ਉਸ ਨੇ ਦੂਸਰਿਆਂ ਦੀਆਂ ਗ਼ਲਤੀਆਂ ਮਾਫ਼ ਕਰਨ ਅਤੇ ਰੋਟੀ ਲਈ ਦੁਆਵਾਂ ਕੀਤੀਆਂ ਸਨ।

11. ਪ੍ਰਾਰਥਨਾ ਸਾਨੂੰ ਪਰਤਾਵੇ ਵਿਚ ਪੈਣ ਤੋਂ ਕਿਵੇਂ ਬਚਾ ਸਕਦੀ ਹੈ?

11 ਯਿਸੂ ਨੇ ਆਪਣੀ ਪ੍ਰਾਰਥਨਾ ਵਿਚ ਇਹ ਵੀ ਕਿਹਾ ਸੀ: “ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਿਆਈ ਤੋਂ ਬਚਾ।” (ਮੱਤੀ 6:9-13) ਬਾਅਦ ਵਿਚ ਉਸ ਨੇ ਸਲਾਹ ਦਿੱਤੀ: “ਜਾਗੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ।” (ਮੱਤੀ 26:41) ਪਰਤਾਵਿਆਂ ਦਾ ਸਾਮ੍ਹਣਾ ਕਰਦੇ ਵਕਤ ਪ੍ਰਾਰਥਨਾ ਕਰਨੀ ਜ਼ਰੂਰੀ ਹੈ। ਕੰਮ ਤੇ ਜਾਂ ਸਕੂਲ ਵਿਚ ਲੋਕ ਸਾਨੂੰ ਸ਼ਾਇਦ ਬਾਈਬਲ ਦੇ ਅਸੂਲਾਂ ਨੂੰ ਅਣਗੌਲਿਆ ਕਰਨ ਲਈ ਉਕਸਾਉਣ। ਉਹ ਸ਼ਾਇਦ ਸਾਨੂੰ ਅਜਿਹੇ ਕੰਮ ਕਰਨ ਲਈ ਕਹਿਣ ਜੋ ਮਸੀਹੀਆਂ ਲਈ ਠੀਕ ਨਹੀਂ ਹਨ। ਆਪਣੇ ਉੱਤੇ ਇਹੋ ਜਿਹੇ ਪਰਤਾਵੇ ਆਉਣ ਤੋਂ ਪਹਿਲਾਂ ਅਤੇ ਪਰਤਾਵੇ ਦੌਰਾਨ ਵੀ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਕਮਜ਼ੋਰ ਨਾ ਪੈ ਜਾਈਏ।

12. ਅਸੀਂ ਕਿਨ੍ਹਾਂ ਚਿੰਤਾਵਾਂ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ ਅਤੇ ਅਸੀਂ ਯਹੋਵਾਹ ਤੋਂ ਕੀ ਉਮੀਦ ਰੱਖ ਸਕਦੇ ਹਾਂ?

12 ਅੱਜ ਪਰਮੇਸ਼ੁਰ ਦੇ ਸੇਵਕਾਂ ਦੀਆਂ ਜ਼ਿੰਦਗੀਆਂ ਵਿਚ ਕਈ ਮੁਸ਼ਕਲਾਂ ਤੇ ਚਿੰਤਾਵਾਂ ਹੁੰਦੀਆਂ ਹਨ। ਕਈ ਬੀਮਾਰੀ ਜਾਂ ਮਾਨਸਿਕ ਬੋਝ ਕਰਕੇ ਪਰੇਸ਼ਾਨ ਰਹਿੰਦੇ ਹਨ। ਦੁਨੀਆਂ ਵਿਚ ਹਿੰਸਾ ਦੇ ਵਧਣ ਕਰਕੇ ਸਾਰਿਆਂ ਨੂੰ ਆਪਣੀ ਤੇ ਆਪਣੇ ਪਿਆਰਿਆਂ ਦੀ ਚਿੰਤਾ ਰਹਿੰਦੀ ਹੈ। ਮਹਿੰਗਾਈ ਕਰਕੇ ਬਹੁਤਿਆਂ ਲਈ ਪਰਿਵਾਰ ਦਾ ਗੁਜ਼ਾਰਾ ਤੋਰਨਾ ਔਖਾ ਹੁੰਦਾ ਜਾ ਰਿਹਾ ਹੈ। ਇਹ ਜਾਣ ਕੇ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਉਨ੍ਹਾਂ ਦੀ ਸੁਣਦਾ ਹੈ ਜੋ ਇਨ੍ਹਾਂ ਚੀਜ਼ਾਂ ਬਾਰੇ ਉਸ ਨੂੰ ਪ੍ਰਾਰਥਨਾ ਕਰਦੇ ਹਨ! ਜ਼ਬੂਰ 102:17 ਵਿਚ ਯਹੋਵਾਹ ਬਾਰੇ ਲਿਖਿਆ ਹੈ: “ਉਸ ਨੇ ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕੀਤਾ, ਅਤੇ ਉਨ੍ਹਾਂ ਦੀ ਪ੍ਰਾਰਥਨਾ ਨੂੰ ਤੁੱਛ ਨਾ ਜਾਤਾ।”

13. (ੳ) ਅਸੀਂ ਕਿਨ੍ਹਾਂ ਨਿੱਜੀ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ? (ਅ) ਅਜਿਹੀ ਇਕ ਪ੍ਰਾਰਥਨਾ ਦੀ ਮਿਸਾਲ ਦਿਓ।

13 ਅਸਲ ਵਿਚ ਜੋ ਵੀ ਗੱਲ ਸਾਡੀ ਸੇਵਕਾਈ ਉੱਤੇ ਜਾਂ ਯਹੋਵਾਹ ਨਾਲ ਸਾਡੇ ਰਿਸ਼ਤੇ ਉੱਤੇ ਅਸਰ ਪਾਉਂਦੀ ਹੈ, ਅਸੀਂ ਉਸ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ। (1 ਯੂਹੰਨਾ 5:14) ਜੇ ਤੁਸੀਂ ਵਿਆਹ ਕਰਨ, ਹੋਰ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰਨ ਜਾਂ ਕੋਈ ਨੌਕਰੀ ਕਰਨ ਬਾਰੇ ਫ਼ੈਸਲੇ ਕਰਨੇ ਹਨ, ਤਾਂ ਯਹੋਵਾਹ ਨਾਲ ਇਸ ਬਾਰੇ ਗੱਲ ਕਰੋ ਅਤੇ ਉਸ ਦੀ ਅਗਵਾਈ ਭਾਲੋ। ਮਿਸਾਲ ਲਈ, ਫ਼ਿਲਪੀਨ ਵਿਚ ਰਹਿਣ ਵਾਲੀ ਇਕ ਗਵਾਹ ਪਾਇਨੀਅਰ ਬਣਨਾ ਚਾਹੁੰਦੀ ਸੀ। ਪਰ ਆਪਣਾ ਗੁਜ਼ਾਰਾ ਤੋਰਨ ਲਈ ਉਸ ਕੋਲ ਨੌਕਰੀ ਨਹੀਂ ਸੀ। ਉਸ ਨੇ ਕਿਹਾ: “ਸ਼ਨੀਵਾਰ ਨੂੰ ਮੈਂ ਪਾਇਨੀਅਰੀ ਕਰਨ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਫਿਰ ਮੈਂ ਪ੍ਰਚਾਰ ਕਰਨ ਚਲੀ ਗਈ ਅਤੇ ਇਕ ਕੁੜੀ ਨੂੰ ਮਿਲੀ। ਅਚਾਨਕ ਉਸ ਕੁੜੀ ਨੇ ਕਿਹਾ: ‘ਤੁਸੀਂ ਸੋਮਵਾਰ ਸਵੇਰ ਨੂੰ ਮੇਰੇ ਸਕੂਲ ਆ ਜਾਓ।’ ਮੈਂ ਪੁੱਛਿਆ, ‘ਕਿਉਂ?’ ਉਸ ਨੇ ਦੱਸਿਆ ਕਿ ਉਸ ਦੇ ਸਕੂਲ ਵਿਚ ਨੌਕਰੀ ਵਾਸਤੇ ਇਕ ਜਗ੍ਹਾ ਖਾਲੀ ਸੀ। ਜਦ ਮੈਂ ਸੋਮਵਾਰ ਉਸ ਦੇ ਸਕੂਲ ਗਈ, ਤਾਂ ਮੈਨੂੰ ਇਕਦਮ ਨੌਕਰੀ ਦੇ ਦਿੱਤੀ ਗਈ। ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੈਨੂੰ ਇੰਨੀ ਜਲਦੀ ਕੰਮ ਮਿਲ ਗਿਆ।” ਦੁਨੀਆਂ ਭਰ ਵਿਚ ਕਈ ਗਵਾਹਾਂ ਨਾਲ ਅਜਿਹਾ ਹੋਇਆ ਹੈ। ਸੋ ਪਰਮੇਸ਼ੁਰ ਅੱਗੇ ਬੇਨਤੀ ਕਰਨ ਤੋਂ ਹਿਚਕਿਚਾਓ ਨਾ!

ਜੇ ਅਸੀਂ ਪਾਪ ਕੀਤਾ ਹੈ, ਤਾਂ ਕੀ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ?

14, 15. (ੳ) ਪਾਪ ਕਰਨ ਤੋਂ ਬਾਅਦ ਵਿਅਕਤੀ ਨੂੰ ਪ੍ਰਾਰਥਨਾ ਕਰਨ ਤੋਂ ਕਿਉਂ ਨਹੀਂ ਹਿਚਕਿਚਾਉਣਾ ਚਾਹੀਦਾ? (ਅ) ਆਪ ਪ੍ਰਾਰਥਨਾ ਕਰਨ ਤੋਂ ਇਲਾਵਾ, ਪਾਪ ਕਰਨ ਵਾਲੇ ਨੂੰ ਕਿਸ ਦੀ ਮਦਦ ਲੈਣੀ ਚਾਹੀਦੀ ਹੈ?

14 ਜੇ ਕਿਸੇ ਨੇ ਪਾਪ ਕੀਤਾ ਹੈ, ਤਾਂ ਪ੍ਰਾਰਥਨਾ ਉਸ ਦੀ ਮਦਦ ਕਿਵੇਂ ਕਰ ਸਕਦੀ ਹੈ? ਸ਼ਰਮ ਦੇ ਮਾਰੇ ਕਈ ਲੋਕ ਪ੍ਰਾਰਥਨਾ ਕਰਨੀ ਛੱਡ ਦਿੰਦੇ ਹਨ। ਪਰ ਇਹ ਅਕਲਮੰਦੀ ਦੀ ਗੱਲ ਨਹੀਂ ਹੈ। ਮਿਸਾਲ ਲਈ: ਹਵਾਈ ਜਹਾਜ਼ ਦੇ ਪਾਇਲਟ ਜਾਣਦੇ ਹਨ ਕਿ ਜੇ ਉਹ ਸਹੀ ਰਾਹ ਤੋਂ ਭਟਕ ਜਾਣ, ਤਾਂ ਉਹ ਕੰਟ੍ਰੋਲ ਟਾਵਰ ਨਾਲ ਸੰਪਰਕ ਕਰ ਸਕਦੇ ਹਨ। ਪਰ ਜੇ ਪਾਇਲਟ ਸ਼ਰਮ ਦੇ ਮਾਰੇ ਮਦਦ ਨਹੀਂ ਮੰਗਦਾ, ਤਾਂ ਉਸ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ! ਇਸੇ ਤਰ੍ਹਾਂ ਜੇ ਇਕ ਵਿਅਕਤੀ ਪਾਪ ਕਰ ਕੇ ਪ੍ਰਾਰਥਨਾ ਕਰਨ ਤੋਂ ਹਿਚਕਿਚਾਉਂਦਾ ਹੈ, ਤਾਂ ਉਸ ਦਾ ਹੋਰ ਨੁਕਸਾਨ ਹੋ ਸਕਦਾ ਹੈ। ਸ਼ਰਮਿੰਦਗੀ ਦੇ ਮਾਰੇ ਸਾਨੂੰ ਯਹੋਵਾਹ ਨਾਲ ਗੱਲ ਕਰਨ ਤੋਂ ਹਿਚਕਿਚਾਉਣਾ ਨਹੀਂ ਚਾਹੀਦਾ। ਦਰਅਸਲ ਪਰਮੇਸ਼ੁਰ ਚਾਹੁੰਦਾ ਹੈ ਕਿ ਗੰਭੀਰ ਪਾਪ ਕਰਨ ਤੇ ਅਸੀਂ ਉਸ ਨੂੰ ਪ੍ਰਾਰਥਨਾ ਕਰੀਏ। ਯਸਾਯਾਹ ਨਬੀ ਨੇ ਪਾਪੀਆਂ ਨੂੰ ਯਹੋਵਾਹ ਵੱਲ ਮੁੜਨ ਦੀ ਤਾਕੀਦ ਕੀਤੀ ਕਿਉਂਕਿ ਉਹ “ਅੱਤ ਦਿਆਲੂ ਹੈ।” (ਯਸਾਯਾਹ 55:6, 7) ਪਰ “ਪਰਮੇਸ਼ੁਰ ਦੇ ਅੱਗੇ ਅਰਦਾਸ” ਕਰਨ ਤੋਂ ਪਹਿਲਾਂ ਸਾਨੂੰ ਦਿਲੋਂ ਤੋਬਾ ਕਰਨੀ ਚਾਹੀਦੀ ਹੈ ਅਤੇ ਆਪਣੇ ਗ਼ਲਤ ਰਾਹ ਨੂੰ ਛੱਡ ਦੇਣਾ ਚਾਹੀਦਾ ਹੈ।—ਜ਼ਬੂਰਾਂ ਦੀ ਪੋਥੀ 119:58; ਦਾਨੀਏਲ 9:13.

15 ਜਿੱਥੇ ਪਾਪ ਦੀ ਗੱਲ ਆਉਂਦੀ ਹੈ, ਇਕ ਹੋਰ ਕਾਰਨ ਲਈ ਵੀ ਪ੍ਰਾਰਥਨਾ ਕਰਨੀ ਜ਼ਰੂਰੀ ਹੈ। ਯਿਸੂ ਦੇ ਚੇਲੇ ਯਾਕੂਬ ਨੇ ਪਾਪ ਕਰਨ ਵਾਲੇ ਵਿਅਕਤੀ ਬਾਰੇ ਕਿਹਾ: ‘ਉਹ ਕਲੀਸਿਯਾ ਦੇ ਬਜ਼ੁਰਗਾਂ ਨੂੰ ਸੱਦ ਘੱਲੇ ਅਤੇ ਓਹ ਉਹ ਦੇ ਲਈ ਪ੍ਰਾਰਥਨਾ ਕਰਨ ਅਤੇ ਪ੍ਰਭੁ ਉਹ ਨੂੰ ਉਠਾ ਖੜਾ ਕਰੇਗਾ।’ (ਯਾਕੂਬ 5:14, 15) ਜੀ ਹਾਂ, ਉਸ ਨੂੰ ਯਹੋਵਾਹ ਅੱਗੇ ਆਪਣਾ ਪਾਪ ਕਬੂਲ ਕਰਨਾ ਚਾਹੀਦਾ ਹੈ, ਪਰ ਉਹ ਬਜ਼ੁਰਗਾਂ ਨੂੰ ਵੀ ਉਸ ਲਈ ਪ੍ਰਾਰਥਨਾ ਕਰਨ ਲਈ ਕਹਿ ਸਕਦਾ ਹੈ। ਇਸ ਤਰ੍ਹਾਂ ਯਹੋਵਾਹ ਨਾਲ ਉਸ ਦਾ ਰਿਸ਼ਤਾ ਫਿਰ ਤੋਂ ਮਜ਼ਬੂਤ ਹੋ ਸਕਦਾ ਹੈ।

ਪ੍ਰਾਰਥਨਾਵਾਂ ਦਾ ਜਵਾਬ

16, 17. (ੳ) ਯਹੋਵਾਹ ਪ੍ਰਾਰਥਨਾਵਾਂ ਦਾ ਜਵਾਬ ਕਿਸ ਤਰ੍ਹਾਂ ਦਿੰਦਾ ਹੈ? (ਅ) ਇਹ ਸਮਝਾਉਣ ਲਈ ਮਿਸਾਲਾਂ ਦਿਓ ਕਿ ਪ੍ਰਚਾਰ ਰਾਹੀਂ ਯਹੋਵਾਹ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ।

16 ਯਹੋਵਾਹ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ? ਕਈ ਪ੍ਰਾਰਥਨਾਵਾਂ ਦਾ ਜਵਾਬ ਝੱਟ ਮਿਲ ਜਾਂਦਾ ਹੈ ਤੇ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਨੇ ਸਾਡੀ ਸੁਣ ਲਈ। (2 ਰਾਜਿਆਂ 20:1-6) ਪਰ ਕਈ ਪ੍ਰਾਰਥਨਾਵਾਂ ਦਾ ਜਵਾਬ ਝੱਟ ਨਹੀਂ ਮਿਲਦਾ ਹੈ ਜਾਂ ਸਾਨੂੰ ਉਹ ਜਵਾਬ ਨਹੀਂ ਮਿਲਦਾ ਜਿਸ ਦੀ ਸਾਨੂੰ ਆਸ ਹੁੰਦੀ ਹੈ। ਯਿਸੂ ਨੇ ਇਕ ਵਿਧਵਾ ਦੀ ਕਹਾਣੀ ਦੱਸੀ ਸੀ ਜੋ ਨਿਆਂ ਮੰਗਣ ਲਈ ਵਾਰ-ਵਾਰ ਜੱਜ ਦੇ ਕੋਲ ਜਾਂਦੀ ਸੀ। ਸਾਨੂੰ ਵੀ ਸ਼ਾਇਦ ਵਾਰ-ਵਾਰ ਯਹੋਵਾਹ ਅੱਗੇ ਤਰਲੇ ਕਰਨੇ ਪੈਣ। (ਲੂਕਾ 18:1-8) ਪਰ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਜਦ ਅਸੀਂ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਪ੍ਰਾਰਥਨਾ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਕਦੀ ਨਹੀਂ ਕਹੇਗਾ: “ਮੈਨੂੰ ਔਖਾ ਨਾ ਕਰ।”—ਲੂਕਾ 11:5-9.

17 ਯਹੋਵਾਹ ਦੇ ਲੋਕਾਂ ਨੇ ਕਈ ਵਾਰ ਦੇਖਿਆ ਹੈ ਕਿ ਯਹੋਵਾਹ ਵਾਕਈ ਪ੍ਰਾਰਥਨਾਵਾਂ ਸੁਣਦਾ ਹੈ। ਇਹ ਖ਼ਾਸ ਕਰਕੇ ਪ੍ਰਚਾਰ ਦੇ ਕੰਮ ਵਿਚ ਦੇਖਿਆ ਗਿਆ ਹੈ। ਮਿਸਾਲ ਲਈ, ਦੋ ਮਸੀਹੀ ਭੈਣਾਂ ਫ਼ਿਲਪੀਨ ਦੇ ਦੂਰ-ਦੁਰੇਡੇ ਇਲਾਕਿਆਂ ਵਿਚ ਬਾਈਬਲ ਸਾਹਿੱਤ ਵੰਡ ਰਹੀਆਂ ਸਨ। ਜਦ ਉਨ੍ਹਾਂ ਨੇ ਇਕ ਔਰਤ ਨੂੰ ਇਕ ਟ੍ਰੈਕਟ ਦਿੱਤਾ, ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਸ ਨੇ ਕਿਹਾ: “ਰਾਤੀਂ ਮੈਂ ਰੱਬ ਨੂੰ ਪ੍ਰਾਰਥਨਾ ਕੀਤੀ ਸੀ ਕਿ ਉਹ ਮੈਨੂੰ ਬਾਈਬਲ ਦੀ ਸਿੱਖਿਆ ਦੇਣ ਲਈ ਕਿਸੇ ਨੂੰ ਭੇਜੇ। ਮੈਨੂੰ ਲੱਗਦਾ ਹੈ ਕਿ ਰੱਬ ਨੇ ਮੇਰੀ ਸੁਣ ਲਈ।” ਇਸ ਤੋਂ ਥੋੜ੍ਹੀ ਦੇਰ ਬਾਅਦ ਇਹ ਔਰਤ ਕਿੰਗਡਮ ਹਾਲ ਵਿਚ ਸਭਾਵਾਂ ਵਿਚ ਆਉਣ ਲੱਗ ਪਈ। ਦੱਖਣ-ਪੂਰਬੀ ਏਸ਼ੀਆ ਦੇ ਇਕ ਹੋਰ ਦੇਸ਼ ਵਿਚ ਇਕ ਮਸੀਹੀ ਭਰਾ ਅਮੀਰ ਲੋਕਾਂ ਦੀ ਅਪਾਰਟਮੈਂਟ ਬਿਲਡਿੰਗ ਵਿਚ ਪ੍ਰਚਾਰ ਕਰਨ ਤੋਂ ਘਬਰਾਉਂਦਾ ਸੀ। ਪਰ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਹਿੰਮਤ ਕਰ ਕੇ ਅੰਦਰ ਗਿਆ। ਉਸ ਨੇ ਪਹਿਲੇ ਦਰਵਾਜ਼ੇ ਤੇ ਦਸਤਕ ਦਿੱਤੀ ਅਤੇ ਇਕ ਮੁਟਿਆਰ ਬਾਹਰ ਆਈ। ਜਦ ਭਰਾ ਨੇ ਸਮਝਾਇਆ ਕਿ ਉਹ ਕਿਉਂ ਆਇਆ ਸੀ, ਤਾਂ ਇਹ ਮੁਟਿਆਰ ਰੋਣ ਲੱਗ ਪਈ। ਉਸ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਯਹੋਵਾਹ ਦੇ ਗਵਾਹਾਂ ਨੂੰ ਲੱਭ ਰਹੀ ਸੀ ਅਤੇ ਉਸ ਨੇ ਪ੍ਰਾਰਥਨਾ ਕੀਤੀ ਸੀ ਕਿ ਰੱਬ ਉਸ ਦੀ ਮਦਦ ਕਰੇ। ਭਰਾ ਨੇ ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ ਨਾਲ ਸੰਪਰਕ ਕਰਨ ਵਿਚ ਉਸ ਦੀ ਮਦਦ ਕੀਤੀ।

18. (ੳ) ਜਦ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਂਦੀਆਂ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? (ਅ) ਜੇ ਅਸੀਂ ਹਰ ਮੌਕੇ ਤੇ ਪ੍ਰਾਰਥਨਾ ਕਰਾਂਗੇ, ਤਾਂ ਅਸੀਂ ਕੀ ਅਨੁਭਵ ਕਰਾਂਗੇ?

18 ਪ੍ਰਾਰਥਨਾ ਕਰਨੀ ਇਕ ਵੱਡਾ ਸਨਮਾਨ ਹੈ। ਯਹੋਵਾਹ ਸਾਡੀ ਸੁਣਨ ਅਤੇ ਸਾਡੀ ਮਦਦ ਕਰਨ ਲਈ ਤਿਆਰ ਹੈ। (ਯਸਾਯਾਹ 30:18, 19) ਪਰ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ। ਸ਼ਾਇਦ ਸਾਡੀ ਉਮੀਦ ਤੋਂ ਉਲਟ ਯਹੋਵਾਹ ਕਿਸੇ ਹੋਰ ਤਰੀਕੇ ਨਾਲ ਜਵਾਬ ਦੇਵੇ। ਫਿਰ ਵੀ, ਜਦ ਅਸੀਂ ਦੇਖਦੇ ਹਾਂ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਵਿਚ ਸਾਡੀ ਅਗਵਾਈ ਕਰ ਰਿਹਾ ਹੈ, ਤਾਂ ਸਾਨੂੰ ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਉਸ ਦੀ ਵਡਿਆਈ ਕਰਨੀ ਚਾਹੀਦੀ ਹੈ। (1 ਥੱਸਲੁਨੀਕੀਆਂ 5:18) ਇਸ ਤੋਂ ਇਲਾਵਾ ਪੌਲੁਸ ਰਸੂਲ ਦੀ ਸਲਾਹ ਹਮੇਸ਼ਾ ਯਾਦ ਰੱਖੋ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ।” ਜੀ ਹਾਂ, ਹਰ ਮੌਕੇ ਤੇ ਪਰਮੇਸ਼ੁਰ ਨਾਲ ਗੱਲ ਕਰੋ। ਇਸ ਤਰ੍ਹਾਂ ਤੁਸੀਂ ਪ੍ਰਾਰਥਨਾ ਦੇ ਸੰਬੰਧ ਵਿਚ ਪੌਲੁਸ ਦੇ ਸ਼ਬਦਾਂ ਦੀ ਸੱਚਾਈ ਅਨੁਭਵ ਕਰੋਗੇ: “ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।”—ਫ਼ਿਲਿੱਪੀਆਂ 4:6, 7.

ਕੀ ਤੁਸੀਂ ਜਵਾਬ ਦੇ ਸਕਦੇ ਹੋ?

• ਪ੍ਰਾਰਥਨਾਵਾਂ ਕਿਸ-ਕਿਸ ਤਰ੍ਹਾਂ ਦੀਆਂ ਹੁੰਦੀਆਂ ਹਨ?

• ਸਾਨੂੰ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ?

• ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਕਿਹੜੀਆਂ ਗੱਲਾਂ ਸ਼ਾਮਲ ਕਰ ਸਕਦੇ ਹਾਂ?

• ਜੇ ਕਿਸੇ ਨੇ ਪਾਪ ਕੀਤਾ ਹੈ, ਤਾਂ ਉਸ ਲਈ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ?

[ਸਵਾਲ]

[ਸਫ਼ਾ 29 ਉੱਤੇ ਤਸਵੀਰਾਂ]

ਦਿਲੋਂ ਪ੍ਰਾਰਥਨਾ ਕਰਨ ਨਾਲ ਅਸੀਂ ਪਰਤਾਵਿਆਂ ਵਿਚ ਪੈਣ ਤੋਂ ਬਚੇ ਰਹਾਂਗੇ

[ਸਫ਼ਾ 31 ਉੱਤੇ ਤਸਵੀਰਾਂ]

ਪ੍ਰਾਰਥਨਾ ਰਾਹੀਂ ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ, ਉਸ ਨੂੰ ਆਪਣੇ ਦਿਲ ਦੀ ਗੱਲ ਦੱਸਦੇ ਹਾਂ ਅਤੇ ਬੇਨਤੀ ਕਰਦੇ ਹਾਂ