Skip to content

Skip to table of contents

ਧਰਮ ਨੂੰ ਮੰਨਣ ਦਾ ਕੀ ਫ਼ਾਇਦਾ ਹੈ?

ਧਰਮ ਨੂੰ ਮੰਨਣ ਦਾ ਕੀ ਫ਼ਾਇਦਾ ਹੈ?

ਧਰਮ ਨੂੰ ਮੰਨਣ ਦਾ ਕੀ ਫ਼ਾਇਦਾ ਹੈ?

ਕਈ ਲੋਕਾਂ ਦਾ ਵਿਚਾਰ ਹੈ ਕਿ ਧਰਮ ਨੂੰ ਮੰਨੇ ਬਗੈਰ ਵੀ ਉਹ ਚੰਗੇ ਇਨਸਾਨ ਬਣ ਸਕਦੇ ਹਨ। ਅੱਜ-ਕੱਲ੍ਹ ਬਹੁਤ ਸਾਰੇ ਈਮਾਨਦਾਰ, ਦਇਆਵਾਨ ਤੇ ਭਰੋਸੇਯੋਗ ਲੋਕਾਂ ਨੂੰ ਧਰਮ ਵਿਚ ਕੋਈ ਰੁਚੀ ਨਹੀਂ ਹੈ। ਮਿਸਾਲ ਲਈ, ਪੱਛਮੀ ਯੂਰਪ ਦੇ ਜ਼ਿਆਦਾਤਰ ਲੋਕ ਬਾਕਾਇਦਾ ਚਰਚ ਨਹੀਂ ਜਾਂਦੇ ਭਾਵੇਂ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਰੱਬ ਨੂੰ ਮੰਨਦੇ ਹਨ। * ਲਾਤੀਨੀ ਅਮਰੀਕਾ ਵਿਚ ਵੀ ਸਿਰਫ਼ 15 ਤੋਂ 20 ਫੀ ਸਦੀ ਕੈਥੋਲਿਕ ਲੋਕ ਹੀ ਬਾਕਾਇਦਾ ਚਰਚ ਜਾਂਦੇ ਹਨ।

ਹੋਰਨਾਂ ਕਈ ਲੋਕਾਂ ਦੀ ਤਰ੍ਹਾਂ ਤੁਸੀਂ ਵੀ ਸ਼ਾਇਦ ਸੋਚੋ ਕਿ ਚੰਗੀ ਜ਼ਿੰਦਗੀ ਜੀਣ ਲਈ ਧਰਮ ਨੂੰ ਮੰਨਣਾ ਜ਼ਰੂਰੀ ਨਹੀਂ ਹੈ। ਪਰ ਇਹ ਗੱਲ ਤੁਹਾਡੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਦੇ ਜ਼ਮਾਨੇ ਬਾਰੇ ਸੱਚ ਨਹੀਂ ਸੀ ਜਦੋਂ ਲੋਕ ਰੱਬ ਨੂੰ ਬਹੁਤ ਮੰਨਦੇ ਹੁੰਦੇ ਸਨ। ਇਸ ਲਈ ਸਵਾਲ ਇਹ ਉੱਠਦਾ ਹੈ ਕਿ ਹੁਣ ਜ਼ਿਆਦਾਤਰ ਲੋਕਾਂ ਦਾ ਧਰਮ ਉੱਤੋਂ ਵਿਸ਼ਵਾਸ ਕਿਉਂ ਉੱਠ ਗਿਆ ਹੈ? ਕੀ ਧਰਮ ਤੋਂ ਬਿਨਾਂ ਚੰਗਾ ਇਨਸਾਨ ਬਣਿਆ ਜਾ ਸਕਦਾ ਹੈ? ਕੀ ਕੋਈ ਅਜਿਹਾ ਧਰਮ ਹੈ ਜਿਸ ਨੂੰ ਮੰਨਣ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ?

ਕਈਆਂ ਨੇ ਧਰਮ ਵੱਲ ਪਿੱਠ ਕਿਉਂ ਮੋੜ ਲਈ

ਸਦੀਆਂ ਤੋਂ ਬਹੁਤ ਸਾਰੇ ਲੋਕ ਮੰਨਦੇ ਆਏ ਹਨ ਕਿ ਰੱਬ ਦੀ ਆਗਿਆ ਮੰਨਣੀ ਲਾਜ਼ਮੀ ਹੈ। ਉਹ ਰੱਬ ਦੀ ਮਿਹਰ ਪਾਉਣ ਵਾਸਤੇ ਧਾਰਮਿਕ ਆਗੂਆਂ ਦੁਆਰਾ ਦੱਸੀਆਂ ਰੀਤਾਂ ਜਾਂ ਉਨ੍ਹਾਂ ਦੇ ਦੱਸੇ ਮਾਰਗ ਅਨੁਸਾਰ ਮੰਦਰ-ਮਸਜਿਦਾਂ ਤੇ ਚਰਚਾਂ ਵਿਚ ਜਾਂਦੇ ਸਨ। ਪਰ ਕਈਆਂ ਨੂੰ ਧਰਮਾਂ ਵਿਚ ਹੁੰਦੇ ਪਖੰਡ ਦਾ ਵੀ ਪਤਾ ਸੀ। ਉਹ ਜਾਣਦੇ ਸਨ ਕਿ ਧਰਮ ਵਧ-ਚੜ੍ਹ ਕੇ ਯੁੱਧਾਂ ਵਿਚ ਹਿੱਸਾ ਪਾਉਂਦੇ ਸਨ ਤੇ ਕੁਝ ਧਾਰਮਿਕ ਆਗੂਆਂ ਦਾ ਤਾਂ ਚਾਲ-ਚਲਣ ਵੀ ਖ਼ਰਾਬ ਸੀ। ਇਨ੍ਹਾਂ ਗੱਲਾਂ ਦੇ ਬਾਵਜੂਦ ਬਹੁਤ ਸਾਰੇ ਲੋਕ ਮੰਨਦੇ ਸਨ ਕਿ ਧਰਮ ਆਪਣੇ ਆਪ ਵਿਚ ਗ਼ਲਤ ਨਹੀਂ ਹੈ। ਕਈ ਪੂਜਾ-ਪਾਠ, ਰਸਮਾਂ-ਰੀਤਾਂ ਅਤੇ ਭਜਨ-ਕੀਰਤਨ ਕਰਕੇ ਧਰਮ ਵੱਲ ਖਿੱਚੇ ਜਾਂਦੇ ਸਨ। ਕੁਝ ਲੋਕ ਮੰਨਦੇ ਸਨ ਕਿ ਨਰਕ ਦੀ ਸਿੱਖਿਆ (ਇਹ ਸਿੱਖਿਆ ਬਾਈਬਲ ਵਿਚ ਨਹੀਂ ਪਾਈ ਜਾਂਦੀ) ਵਧੀਆ ਹੈ ਕਿਉਂਕਿ ਨਰਕ ਵਿਚ ਤਸੀਹੇ ਭੋਗਣ ਦੇ ਡਰੋਂ ਲੋਕ ਗ਼ਲਤ ਕੰਮ ਕਰਨ ਤੋਂ ਦੂਰ ਰਹਿਣਗੇ। ਪਰ ਸਮੇਂ ਦੇ ਬੀਤਣ ਨਾਲ ਕਈ ਗੱਲਾਂ ਨੇ ਧਰਮਾਂ ਪ੍ਰਤੀ ਲੋਕਾਂ ਦਾ ਨਜ਼ਰੀਆ ਹੀ ਬਦਲ ਦਿੱਤਾ।

ਮਿਸਾਲ ਲਈ, ਵਿਕਾਸਵਾਦ ਦੀ ਥਿਊਰੀ ਦੇ ਆ ਜਾਣ ਕਰਕੇ ਲੋਕ ਇਸ ਵੱਲ ਖਿੱਚੇ ਚਲੇ ਗਏ। ਕਈ ਵਿਸ਼ਵਾਸ ਕਰਨ ਲੱਗ ਪਏ ਕਿ ਦੁਨੀਆਂ ਵਿਚ ਸਾਰਾ ਕੁਝ ਆਪਣੇ ਆਪ ਹੀ ਹੋਂਦ ਵਿਚ ਆਇਆ, ਨਾ ਕਿ ਰੱਬ ਨੇ ਇਸ ਨੂੰ ਬਣਾਇਆ। ਅਫ਼ਸੋਸ ਦੀ ਗੱਲ ਹੈ ਕਿ ਸੰਸਾਰ ਦੇ ਧਰਮ ਇਹ ਸਾਬਤ ਨਾ ਕਰ ਪਾਏ ਕਿ ਰੱਬ ਹੀ ਜੀਵਨਦਾਤਾ ਹੈ। (ਜ਼ਬੂਰਾਂ ਦੀ ਪੋਥੀ 36:9) ਇਸ ਤੋਂ ਇਲਾਵਾ, ਤਕਨਾਲੋਜੀ, ਡਾਕਟਰੀ ਇਲਾਜ, ਆਵਾਜਾਈ ਅਤੇ ਸੰਚਾਰ-ਸਾਧਨਾਂ ਵਿਚ ਤਰੱਕੀ ਹੋਣ ਨਾਲ ਲੋਕਾਂ ਦੀ ਧਾਰਣਾ ਬਣ ਗਈ ਕਿ ਵਿਗਿਆਨ ਦੀ ਸਹਾਇਤਾ ਨਾਲ ਕੋਈ ਵੀ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ। ਨਾਲੇ ਲੋਕਾਂ ਦੇ ਮਨਾਂ ਵਿਚ ਇਹ ਖ਼ਿਆਲ ਵੀ ਘਰ ਕਰ ਗਿਆ ਕਿ ਸਮਾਜ-ਵਿਗਿਆਨੀ ਅਤੇ ਮਨੋਵਿਗਿਆਨੀ ਧਰਮਾਂ ਨਾਲੋਂ ਬਿਹਤਰ ਸੇਧ ਦੇ ਸਕਦੇ ਹਨ। ਧਰਮ ਲੋਕਾਂ ਨੂੰ ਇਹ ਸਿਖਾਉਣ ਵਿਚ ਅਸਫ਼ਲ ਰਹੇ ਹਨ ਕਿ ਖ਼ੁਸ਼ਹਾਲ ਜ਼ਿੰਦਗੀ ਜੀਣ ਲਈ ਰੱਬ ਦੇ ਕਾਇਦੇ-ਕਾਨੂੰਨਾਂ ਨੂੰ ਮੰਨਣਾ ਜ਼ਰੂਰੀ ਹੈ।—ਯਾਕੂਬ 1:25.

ਕਈ ਧਰਮਾਂ ਨੇ ਲੋਕਾਂ ਦੇ ਬਦਲਦੇ ਵਿਚਾਰਾਂ ਮੁਤਾਬਕ ਆਪਣੀਆਂ ਸਿੱਖਿਆਵਾਂ ਨੂੰ ਬਦਲ ਲਿਆ। ਧਾਰਮਿਕ ਆਗੂਆਂ ਅਤੇ ਪ੍ਰਚਾਰਕਾਂ ਨੇ ਸਿਖਾਉਣਾ ਹੀ ਛੱਡ ਦਿੱਤਾ ਕਿ ਰੱਬ ਦੀ ਆਗਿਆ ਮੰਨਣੀ ਜ਼ਰੂਰੀ ਹੈ। ਇਸ ਦੀ ਬਜਾਇ, ਉਹ ਸਿਖਾਉਣ ਲੱਗ ਪਏ ਕਿ ਹਰ ਇਨਸਾਨ ਨੂੰ ਖ਼ੁਦ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਸ ਲਈ ਕੀ ਸਹੀ ਹੈ ਤੇ ਕੀ ਗ਼ਲਤ। ਕੁਝ ਧਾਰਮਿਕ ਆਗੂ ਆਪਣੇ ਆਪ ਨੂੰ ਹਰਮਨ-ਪਿਆਰਾ ਬਣਾਉਣ ਲਈ ਕਹਿੰਦੇ ਹਨ ਕਿ ਰੱਬ ਤੁਹਾਡੀ ਭਗਤੀ ਨੂੰ ਕਬੂਲ ਕਰਦਾ ਹੈ ਭਾਵੇਂ ਤੁਸੀਂ ਜਿੱਦਾਂ ਦੀ ਮਰਜ਼ੀ ਜ਼ਿੰਦਗੀ ਜੀਓ। ਇਹ ਸਿੱਖਿਆ ਸਾਨੂੰ ਬਾਈਬਲ ਦੇ ਇਹ ਸ਼ਬਦ ਚੇਤੇ ਕਰਾਉਂਦੀ ਹੈ: “ਇਕ ਸਮਾਂ ਆਵੇਗਾ ਜਦੋਂ ਲੋਕ ਸੱਚੇ ਉਪਦੇਸ਼ ਨੂੰ ਨਹੀਂ ਸੁਣਨਗੇ। ਪਰ ਲੋਕਾਂ ਨੂੰ ਬਹੁਤ ਸਾਰੇ ਗੁਰੂ ਮਿਲਣਗੇ ਜੋ ਉਨ੍ਹਾਂ ਨੂੰ ਖੁਸ਼ ਕਰਨਗੇ। ਲੋਕਾਂ ਨੂੰ ਅਜਿਹੇ ਗੁਰੂ ਮਿਲਣਗੇ ਜਿਹੜੇ ਉਹੀ ਗੱਲਾਂ ਆਖਣਗੇ ਜਿਹੜੀਆਂ ਉਹ ਲੋਕ ਸੁਣਨਾ ਚਾਹੁੰਦੇ ਹਨ।”—2 ਤਿਮੋਥਿਉਸ 4:3, ਈਜ਼ੀ ਟੂ ਰੀਡ ਵਰਯਨ।

ਇਸ ਸਿੱਖਿਆ ਨੇ ਲੋਕਾਂ ਨੂੰ ਰੱਬ ਵੱਲ ਖਿੱਚਣ ਦੀ ਬਜਾਇ ਉਨ੍ਹਾਂ ਨੂੰ ਉਸ ਤੋਂ ਦੂਰ ਹੀ ਕੀਤਾ ਹੈ। ਤਾਂ ਫਿਰ ਇਹ ਕੋਈ ਅਨੋਖੀ ਗੱਲ ਨਹੀਂ ਕਿ ਕਈਆਂ ਲੋਕਾਂ ਦੇ ਮਨ ਵਿਚ ਅਜਿਹੇ ਸਵਾਲ ਖੜ੍ਹੇ ਹੁੰਦੇ ਹਨ: ‘ਜੇ ਧਰਮਾਂ ਨੂੰ ਖ਼ੁਦ ਇਸ ਗੱਲ ਦਾ ਵਿਸ਼ਵਾਸ ਨਹੀਂ ਹੈ ਕਿ ਰੱਬ ਨੇ ਆਪਣੀ ਤਾਕਤ ਨਾਲ ਇਸ ਜਹਾਨ ਨੂੰ ਰਚਿਆ ਹੈ ਅਤੇ ਉਸ ਦੇ ਕਾਇਦੇ-ਕਾਨੂੰਨ ਸਾਡੇ ਭਲੇ ਲਈ ਹਨ, ਤਾਂ ਮੈਂ ਅਜਿਹੇ ਧਰਮਾਂ ਨੂੰ ਮੰਨ ਕੇ ਕੀ ਲੈਣਾ? ਆਪਣੇ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣ ਦਾ ਕੀ ਫ਼ਾਇਦਾ?’ ਸਾਫ਼-ਸੁਥਰੀ ਜ਼ਿੰਦਗੀ ਜੀਣ ਵਾਲੇ ਬਹੁਤ ਸਾਰੇ ਲੋਕ ਸੋਚਣ ਲੱਗ ਪਏ ਕਿ ਧਰਮ ਨੂੰ ਮੰਨਣ ਦਾ ਕੋਈ ਫ਼ਾਇਦਾ ਨਹੀਂ। ਉਨ੍ਹਾਂ ਨੇ ਮੰਦਰਾਂ-ਮਸਜਿਦਾਂ, ਗੁਰਦੁਆਰਿਆਂ ਤੇ ਚਰਚਾਂ ਵਿਚ ਜਾਣਾ ਛੱਡ ਦਿੱਤਾ ਅਤੇ ਉਨ੍ਹਾਂ ਦੀਆਂ ਨਜ਼ਰਾਂ ਵਿਚ ਧਰਮ ਦੀ ਕੋਈ ਅਹਿਮੀਅਤ ਨਹੀਂ ਰਹਿ ਗਈ। ਇੱਦਾਂ ਦੀ ਕਿਹੜੀ ਗੱਲ ਹੋ ਗਈ ਕਿ ਧਰਮ ਲੋਕਾਂ ਨੂੰ ਸਹੀ ਰਾਹ ਦਿਖਾਉਣ ਦੀ ਬਜਾਇ ਕੁਰਾਹੇ ਪਾ ਰਿਹਾ ਹੈ? ਬਾਈਬਲ ਇਸ ਸਵਾਲ ਦਾ ਜਵਾਬ ਦਿੰਦੀ ਹੈ।

ਬੁਰੇ ਮਨੋਰਥਾਂ ਦੀ ਪੂਰਤੀ ਲਈ ਧਰਮਾਂ ਦਾ ਸਹਾਰਾ

ਪੌਲੁਸ ਰਸੂਲ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਸਾਵਧਾਨ ਕੀਤਾ ਸੀ ਕਿ ਕੁਝ ਲੋਕ ਆਪਣੇ ਬੁਰੇ ਮਨੋਰਥ ਪੂਰੇ ਕਰਨ ਲਈ ਮਸੀਹੀ ਧਰਮ ਦਾ ਸਹਾਰਾ ਲੈਣਗੇ। ਉਸ ਨੇ ਕਿਹਾ: “ਬੁਰੇ ਬੁਰੇ ਬਘਿਆੜ ਤੁਹਾਡੇ ਵਿੱਚ ਆ ਵੜਨਗੇ ਜੋ ਇੱਜੜ ਨੂੰ ਨਾ ਛੱਡਣਗੇ ਅਤੇ ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਭਈ ਚੇਲਿਆਂ ਨੂੰ ਆਪਣੀ ਵੱਲ ਖਿੱਚ ਲੈ ਜਾਣ।” (ਰਸੂਲਾਂ ਦੇ ਕਰਤੱਬ 20:29, 30) “ਉਲਟੀਆਂ ਗੱਲਾਂ” ਕਰਨ ਵਾਲਾ ਇਕ ਸੀ ਰੋਮਨ ਕੈਥੋਲਿਕ ਧਰਮ-ਸ਼ਾਸਤਰੀ ਅਗਸਟੀਨ। ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਸੀ ਕਿ ਉਹ ਬਾਈਬਲ ਵਿੱਚੋਂ ਗੱਲਾਂ ਦਾ ਪ੍ਰਮਾਣ ਦੇ ਕੇ ਲੋਕਾਂ ਵਿਚ ਵਿਸ਼ਵਾਸ ਪੈਦਾ ਕਰਨ। ਪਰ ਅਗਸਟੀਨ ਨੇ ਲੂਕਾ 14:23 (ਈਜ਼ੀ ਟੂ ਰੀਡ) ਵਿਚ ਦਰਜ ਯਿਸੂ ਦੇ ਸ਼ਬਦਾਂ “ਲੋਕਾਂ ਨੂੰ ਆਉਣ ਲਈ ਮਜ਼ਬੂਰ ਕਰ” ਦੇ ਅਰਥ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ। ਉਸ ਨੇ ਕਿਹਾ ਕਿ ਲੋਕਾਂ ਨੂੰ ਧਰਮ ਬਦਲਣ ਲਈ ਮਜਬੂਰ ਕਰਨਾ ਸਹੀ ਸੀ। (ਮੱਤੀ 28:19, 20; ਰਸੂਲਾਂ ਦੇ ਕਰਤੱਬ 28:23, 24) ਲੋਕਾਂ ਨੂੰ ਆਪਣੇ ਵੱਸ ਵਿਚ ਕਰਨ ਲਈ ਅਗਸਟੀਨ ਨੇ ਧਰਮ ਦਾ ਸਹਾਰਾ ਲਿਆ।

ਧਰਮ ਨੂੰ ਭ੍ਰਿਸ਼ਟ ਕਰਨ ਅਤੇ ਇਸ ਦੀ ਗ਼ਲਤ ਵਰਤੋਂ ਕਰਨ ਪਿੱਛੇ ਇਕ ਬਾਗ਼ੀ ਫ਼ਰਿਸ਼ਤੇ ਸ਼ਤਾਨ ਦਾ ਹੱਥ ਹੈ। ਉਸ ਨੇ ਪਹਿਲੀ ਸਦੀ ਦੇ ਧਾਰਮਿਕ ਆਗੂਆਂ ਨੂੰ ਭੜਕਾਇਆ ਕਿ ਉਹ ਮਸੀਹੀਆਂ ਦੀਆਂ ਕਲੀਸਿਯਾਵਾਂ ਨੂੰ ਭ੍ਰਿਸ਼ਟ ਕਰਨ। ਬਾਈਬਲ ਉਨ੍ਹਾਂ ਬੰਦਿਆਂ ਬਾਰੇ ਕਹਿੰਦੀ ਹੈ: “ਏਹੋ ਜੇਹੇ ਲੋਕ ਝੂਠੇ ਰਸੂਲ ਅਤੇ ਛਲ ਵਲ ਕਰਨ ਵਾਲੇ ਹਨ ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਵਟਾਉਂਦੇ ਹਨ। ਅਤੇ ਇਹ ਅਚਰਜ ਦੀ ਗੱਲ ਨਹੀਂ ਕਿਉਂ ਜੋ ਸ਼ਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ। ਇਸ ਲਈ ਜੋ ਉਹ ਦੇ ਸੇਵਕ ਆਪਣੇ ਰੂਪ ਨੂੰ ਧਰਮ ਦੇ ਸੇਵਕਾਂ ਦੇ ਰੂਪ ਵਿੱਚ ਵਟਾਉਂਦੇ ਹਨ ਤਾਂ ਕੋਈ ਵੱਡੀ ਗੱਲ ਨਹੀਂ।”—2 ਕੁਰਿੰਥੀਆਂ 11:13-15.

ਸ਼ਤਾਨ ਅਜੇ ਵੀ ਉਨ੍ਹਾਂ ਧਰਮਾਂ ਦਾ ਸਹਾਰਾ ਲੈਂਦਾ ਹੈ ਜੋ ਰੱਬ ਦੇ ਅਸੂਲਾਂ ਤੇ ਚੱਲਣ ਦੀ ਬਜਾਇ ਸ਼ਤਾਨ ਦੇ ਅਸੂਲਾਂ ਤੇ ਚੱਲਦੇ ਹਨ। ਬਾਈਬਲ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ ਕਈ ਲੋਕ ਗ਼ਲਤ ਅਸੂਲਾਂ ਤੇ ਚੱਲ ਕੇ ਸ਼ਤਾਨ ਦਾ ਮਨੋਰਥ ਪੂਰਾ ਕਰਦੇ ਹਨ। (ਲੂਕਾ 4:5-7) ਤੁਸੀਂ ਦੇਖਿਆ ਹੋਵੇਗਾ ਕਿ ਅੱਜ ਕਈ ਪਾਦਰੀ ਧਰਮ ਦੇ ਨਾਂ ਤੇ ਵੱਡੇ-ਵੱਡੇ ਖ਼ਿਤਾਬ ਹਾਸਲ ਕਰ ਕੇ ਆਪਣੇ ਆਪ ਨੂੰ ਉੱਚਾ ਚੁੱਕਦੇ ਹਨ ਅਤੇ ਲੋਕਾਂ ਤੋਂ ਪੈਸਾ ਬਟੋਰਦੇ ਹਨ। ਸਰਕਾਰਾਂ ਵੀ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਲੜਾਈਆਂ ਵਿਚ ਆਪਣੀਆਂ ਜਾਨਾਂ ਵਾਰਨ ਲਈ ਪ੍ਰੇਰਿਤ ਕਰਨ ਵਾਸਤੇ ਧਰਮ ਦਾ ਸਹਾਰਾ ਲੈਂਦੀਆਂ ਹਨ।

ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਸ਼ਤਾਨ ਦਾ ਧਰਮਾਂ ਉੱਤੇ ਕਿੰਨਾ ਜ਼ਿਆਦਾ ਅਸਰ ਹੈ। ਤੁਸੀਂ ਸ਼ਾਇਦ ਸੋਚੋਗੇ ਕਿ ਸਿਰਫ਼ ਥੋੜ੍ਹੇ ਜਿਹੇ ਧਾਰਮਿਕ ਕੱਟੜਵਾਦੀ ਲੋਕ ਸ਼ਤਾਨ ਦੇ ਝਾਂਸੇ ਵਿਚ ਆਏ ਹਨ। ਪਰ ਬਾਈਬਲ ਅਨੁਸਾਰ ‘ਸ਼ਤਾਨ ਸਾਰੇ ਜਗਤ ਨੂੰ ਭਰਮਾਉਂਦਾ ਹੈ।’ ਬਾਈਬਲ ਇਹ ਵੀ ਕਹਿੰਦੀ ਹੈ ਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (ਪਰਕਾਸ਼ ਦੀ ਪੋਥੀ 12:9; 1 ਯੂਹੰਨਾ 5:19) ਪਰਮੇਸ਼ੁਰ ਉਨ੍ਹਾਂ ਧਰਮਾਂ ਬਾਰੇ ਕੀ ਸੋਚਦਾ ਹੈ ਜਿਨ੍ਹਾਂ ਦੀ ਸ਼ਹਿ ਮਿਲਣ ਕਰਕੇ ਧਾਰਮਿਕ ਅਤੇ ਸਿਆਸੀ ਆਗੂ ਲੋਕਾਂ ਨੂੰ ਆਪਣੇ ਪਿੱਛੇ ਲਾਉਂਦੇ ਹਨ?

“ਮੈਂ ਪਰਵਾਹ ਨਹੀਂ ਕਰਦਾ”

ਜੇ ਤੁਹਾਨੂੰ ਚਰਚਾਂ ਦੇ ਮੈਂਬਰਾਂ ਦੇ ਚਾਲ-ਚਲਣ ਨੂੰ ਦੇਖ ਕੇ ਧੱਕਾ ਲੱਗਾ ਹੈ, ਤਾਂ ਸੋਚੋ ਕਿ ਪਰਮੇਸ਼ੁਰ ਉਨ੍ਹਾਂ ਦੇ ਭੈੜੇ ਕੰਮ ਦੇਖ ਕੇ ਕਿੰਨਾ ਨਾਰਾਜ਼ ਹੋਣਾ। ਈਸਾਈ-ਜਗਤ ਦੇ ਲੋਕ ਦਾਅਵਾ ਕਰਦੇ ਹਨ ਕਿ ਉਨ੍ਹਾਂ ਦਾ ਪਰਮੇਸ਼ੁਰ ਨਾਲ ਖ਼ਾਸ ਬੰਧਨ ਹੈ। ਪੁਰਾਣੇ ਜ਼ਮਾਨੇ ਵਿਚ ਇਸਰਾਏਲੀ ਲੋਕਾਂ ਨੇ ਵੀ ਇਹੀ ਦਾਅਵਾ ਕੀਤਾ ਸੀ। ਪਰ ਇਹ ਦੋਵੇਂ ਅਣਆਗਿਆਕਾਰ ਸਾਬਤ ਹੋਏ। ਜਿਵੇਂ ਯਹੋਵਾਹ ਨੇ ਪ੍ਰਾਚੀਨ ਸਮੇਂ ਵਿਚ ਇਸਰਾਏਲੀਆਂ ਦੀ ਨਿੰਦਿਆ ਕੀਤੀ ਸੀ, ਉਵੇਂ ਹੀ ਉਹ ਅੱਜ ਈਸਾਈ-ਜਗਤ ਦੀ ਵੀ ਨਿੰਦਿਆ ਕਰਦਾ ਹੈ। ਯਹੋਵਾਹ ਨੇ ਕਿਹਾ ਸੀ: “ਇਹਨਾਂ ਨੇ ਮੇਰੀਆਂ ਸਿਖਿਆਵਾਂ ਨੂੰ ਰੱਦ ਦਿੱਤਾ ਅਤੇ ਮੇਰੇ ਹੁਕਮਾਂ ਦੀ ਪਾਲਨਾ ਨਹੀਂ ਕੀਤੀ ਹੈ। ਸ਼ਬਾ ਤੋਂ ਲਿਆਂਦੀ ਹੋਈ, ਇਹਨਾਂ ਦੀ ਲੌਬਾਨ ਦੀ ਮੈਂ ਪਰਵਾਹ ਨਹੀਂ ਕਰਦਾ ਹਾਂ . . . ਅਤੇ ਨਾ ਹੀ ਇਹਨਾਂ ਦੀਆਂ ਬਲੀਆਂ ਤੋਂ ਖੁਸ਼ ਹੋਵਾਂਗਾ।” (ਯਿਰਮਿਯਾਹ 6:19, 20, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰਮੇਸ਼ੁਰ ਨੇ ਉਨ੍ਹਾਂ ਪਖੰਡੀਆਂ ਦੀ ਭਗਤੀ ਕਬੂਲ ਨਹੀਂ ਕੀਤੀ। ਉਹ ਉਨ੍ਹਾਂ ਦੀਆਂ ਰੀਤਾਂ-ਰਸਮਾਂ ਅਤੇ ਪ੍ਰਾਰਥਨਾਵਾਂ ਵਿਚ ਕੋਈ ਰੁਚੀ ਨਹੀਂ ਸੀ ਲੈਂਦਾ। ਉਸ ਨੇ ਇਸਰਾਏਲੀਆਂ ਨੂੰ ਕਿਹਾ: “ਤੁਹਾਡੇ . . . ਠਹਿਰਾਏ ਹੋਏ ਤਿਉਹਾਰਾਂ ਤੋਂ ਮੈਨੂੰ ਘਿਰਣਾ ਹੈ। ਇਹਨਾਂ ਸਭ ਦਾ ਭਾਰ ਚੁੱਕਦਾ ਹੋਇਆ, ਮੈਂ ਥੱਕ ਗਿਆ ਹਾਂ। ਜਦੋਂ ਤੁਸੀਂ ਆਪਣੇ ਹੱਥ ਉਤਾਂਹ ਚੁੱਕ ਕੇ ਮੇਰੇ ਅੱਗੇ ਪ੍ਰਾਰਥਨਾਵਾਂ ਕਰੋਗੇ ਤਾਂ ਮੈਂ ਤੁਹਾਡੀ ਪਰਵਾਹ ਨਹੀਂ ਕਰਾਂਗਾ। ਤੁਸੀਂ ਕਿੰਨੀ ਵੀ ਪ੍ਰਾਰਥਨਾ ਕਰੋਗੇ, ਪਰ ਮੈਂ ਤੁਹਾਡੀ ਨਹੀਂ ਸੁਣਾਂਗਾ।”—ਯਸਾਯਾਹ 1:14, 15, ਨਵਾਂ ਅਨੁਵਾਦ।

ਕੀ ਯਹੋਵਾਹ ਈਸਾਈ-ਧਰਮ ਦੇ ਤਿਉਹਾਰਾਂ ਤੋਂ ਖ਼ੁਸ਼ ਹੈ ਜੋ ਪੁਰਾਣੇ ਜ਼ਮਾਨੇ ਵਿਚ ਝੂਠੇ ਦੇਵੀ-ਦੇਵਤਿਆਂ ਦੀ ਮਹਿਮਾ ਕਰਨ ਲਈ ਮਨਾਏ ਜਾਂਦੇ ਸਨ? ਕੀ ਉਹ ਪਾਦਰੀਆਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ ਜੋ ਮਸੀਹ ਦੀਆਂ ਸਿੱਖਿਆਵਾਂ ਨੂੰ ਵਿਗਾੜਦੇ ਹਨ? ਕੀ ਪਰਮੇਸ਼ੁਰ ਅਜਿਹੇ ਧਰਮਾਂ ਨੂੰ ਸਵੀਕਾਰ ਕਰਦਾ ਹੈ ਜੋ ਉਸ ਦੇ ਕਾਇਦੇ-ਕਾਨੂੰਨਾਂ ਨੂੰ ਠੁਕਰਾਉਂਦੇ ਹਨ? ਕੋਈ ਸ਼ੱਕ ਨਹੀਂ ਕਿ ਉਹ ਅਜਿਹੇ ਧਰਮਾਂ ਦੀਆਂ ਰੀਤਾਂ-ਰਸਮਾਂ ਨੂੰ ਉਸੇ ਤਰ੍ਹਾਂ ਵਿਚਾਰਦਾ ਹੈ ਜਿਵੇਂ ਉਹ ਪ੍ਰਾਚੀਨ ਇਸਰਾਏਲੀਆਂ ਦੇ ਬਲੀਦਾਨਾਂ ਨੂੰ ਵਿਚਾਰਦਾ ਸੀ। ਉਸ ਨੇ ਕਿਹਾ ਸੀ: “ਮੈਂ ਪਰਵਾਹ ਨਹੀਂ ਕਰਦਾ ਹਾਂ।”

ਪਰ ਯਹੋਵਾਹ ਲੋਕਾਂ ਦੀ ਦਿਲੋਂ ਕੀਤੀ ਭਗਤੀ ਦੀ ਬਹੁਤ ਪਰਵਾਹ ਕਰਦਾ ਹੈ। ਪਰਮੇਸ਼ੁਰ ਖ਼ੁਸ਼ ਹੁੰਦਾ ਹੈ ਜਦੋਂ ਲੋਕ ਉਸ ਤੋਂ ਮਿਲੀਆਂ ਬਰਕਤਾਂ ਲਈ ਉਸ ਦਾ ਸ਼ੁਕਰੀਆ ਅਦਾ ਕਰਦੇ ਹਨ। (ਮਲਾਕੀ 3:16, 17) ਸੋ, ਕੀ ਤੁਸੀਂ ਰੱਬ ਦੀ ਭਗਤੀ ਕੀਤੇ ਬਿਨਾਂ ਚੰਗੇ ਇਨਸਾਨ ਬਣ ਸਕਦੇ ਹੋ? ਮਿਸਾਲ ਲਈ, ਜੋ ਵਿਅਕਤੀ ਆਪਣੇ ਮਾਪਿਆਂ ਲਈ ਕੁਝ ਨਹੀਂ ਕਰਦਾ, ਕੀ ਉਸ ਨੂੰ ਚੰਗਾ ਇਨਸਾਨ ਕਿਹਾ ਜਾ ਸਕਦਾ? ਬਿਲਕੁਲ ਨਹੀਂ। ਤਾਂ ਫਿਰ ਕੀ ਉਸ ਵਿਅਕਤੀ ਨੂੰ ਚੰਗਾ ਇਨਸਾਨ ਕਿਹਾ ਜਾ ਸਕਦਾ ਹੈ ਜੋ ਰੱਬ ਲਈ ਕੁਝ ਨਹੀਂ ਕਰਦਾ? ਸਾਡੇ ਲਈ ਚੰਗੀ ਗੱਲ ਹੋਵੇਗੀ ਕਿ ਅਸੀਂ ਸੱਚੇ ਪਰਮੇਸ਼ੁਰ ਦੀ ਜੀ-ਜਾਨ ਨਾਲ ਭਗਤੀ ਕਰੀਏ ਜਿਸ ਨੇ ਸਾਰੇ ਜਹਾਨ ਨੂੰ ਸਿਰਜਿਆ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਨਾਲ ਨਾ ਸਿਰਫ਼ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ, ਸਗੋਂ ਸਾਨੂੰ ਵੀ ਫ਼ਾਇਦਾ ਹੁੰਦਾ ਹੈ।

[ਫੁਟਨੋਟ]

^ ਪੈਰਾ 2 “ਕਈ ਦੇਸ਼ਾਂ ਵਿਚ 1960 ਦੇ ਦਹਾਕੇ ਤੋਂ . . . ਧਾਰਮਿਕ ਖ਼ਿਆਲਾਂ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਗਈ ਹੈ।”—ਪੱਛਮੀ ਯੂਰਪ ਵਿਚ ਈਸਾਈ ਧਰਮ ਢਹਿੰਦੀ ਕਲਾ ਵਿਚ, 1750-2000.

[ਸਫ਼ਾ 4 ਉੱਤੇ ਤਸਵੀਰ]

ਕੀ ਧਰਮਾਂ ਨੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਸਾਰੀਆਂ ਚੀਜ਼ਾਂ ਰੱਬ ਨੇ ਸਿਰਜੀਆਂ ਹਨ?

[ਸਫ਼ੇ 4, 5 ਉੱਤੇ ਤਸਵੀਰ]

ਕੀ ਰੱਬ ਦੇ ਬੰਦੇ ਨੂੰ ਇਹ ਕੰਮ ਸ਼ੋਭਾ ਦਿੰਦਾ ਹੈ?

[ਸਫ਼ਾ 5 ਉੱਤੇ ਤਸਵੀਰ]

ਰੱਬ ਇਸ ਤਰ੍ਹਾਂ ਦੇ ਤਿਉਹਾਰਾਂ ਨੂੰ ਕਿਵੇਂ ਵਿਚਾਰਦਾ ਹੈ?

[ਕ੍ਰੈਡਿਟ ਲਾਈਨ]

AP Photo/Georgy Abdaladze