Skip to content

Skip to table of contents

ਨੌਂ ਸਾਲਾਂ ਦੇ ਮੁੰਡੇ ਕਾਰਨ

ਨੌਂ ਸਾਲਾਂ ਦੇ ਮੁੰਡੇ ਕਾਰਨ

ਨੌਂ ਸਾਲਾਂ ਦੇ ਮੁੰਡੇ ਕਾਰਨ

ਵੀਯੇਸਵਾਵਾ ਦੱਖਣੀ ਪੋਲੈਂਡ ਵਿਚ ਰਹਿੰਦੀ ਹੈ। ਜਦ ਵੀ ਯਹੋਵਾਹ ਦੇ ਗਵਾਹ ਉਸ ਦੇ ਘਰ ਆਉਂਦੇ ਸਨ, ਤਾਂ ਉਹ ਨਿਮਰਤਾ ਨਾਲ ਕਹਿ ਦਿੰਦੀ ਸੀ ਕਿ ਉਸ ਨੂੰ ਉਨ੍ਹਾਂ ਦੇ ਸੰਦੇਸ਼ ਵਿਚ ਦਿਲਚਸਪੀ ਨਹੀਂ ਸੀ। ਫਿਰ ਇਕ ਦਿਨ ਨੌਂ ਸਾਲਾਂ ਦਾ ਸੈਮੂਏਲ ਆਪਣੀ ਮਾਂ ਦੇ ਨਾਲ ਉਸ ਦੇ ਘਰ ਗਿਆ। ਇਸ ਵਾਰ ਵੀਯੇਸਵਾਵਾ ਨੇ ਉਨ੍ਹਾਂ ਦੀ ਗੱਲ ਸੁਣੀ। ਉਸ ਨੇ ਉਨ੍ਹਾਂ ਤੋਂ ਇਕ ਰਸਾਲਾ ਵੀ ਲਿਆ ਜਿਸ ਵਿਚ ਮਨੁੱਖਜਾਤੀ ਦੇ ਸੋਹਣੇ ਭਵਿੱਖ ਬਾਰੇ ਦੱਸਿਆ ਗਿਆ ਸੀ।

ਮਸੀਹ ਦੀ ਮੌਤ ਦੇ ਯਾਦਗਾਰੀ ਸਮਾਰੋਹ ਦੀ ਤਾਰੀਖ਼ ਨੇੜੇ ਸੀ ਅਤੇ ਸੈਮੂਏਲ ਵੀਯੇਸਵਾਵਾ ਨੂੰ ਇਸ ਖ਼ਾਸ ਸਭਾ ਵਿਚ ਬੁਲਾਉਣਾ ਚਾਹੁੰਦਾ ਸੀ। ਇਸ ਲਈ ਉਹ ਆਪਣੀ ਮਾਂ ਦੇ ਨਾਲ ਉਸ ਨੂੰ ਇਕ ਸੱਦਾ-ਪੱਤਰ ਦੇਣ ਗਿਆ। ਸੈਮੂਏਲ ਨੂੰ ਸੂਟ-ਬੂਟ ਵਿਚ ਦੇਖ ਕੇ ਵੀਯੇਸਵਾਵਾ ਵੀ ਅੰਦਰ ਜਾ ਕੇ ਕੱਪੜੇ ਬਦਲ ਆਈ। ਉਸ ਨੇ ਸੈਮੂਏਲ ਦੀ ਗੱਲ ਸੁਣੀ ਅਤੇ ਸੱਦਾ ਕਬੂਲ ਕਰ ਕੇ ਪੁੱਛਿਆ: “ਕੀ ਮੈਂ ਇਕੱਲੀ ਆਵਾਂ ਜਾਂ ਆਪਣੇ ਪਤੀ ਨਾਲ? ਭਾਵੇਂ ਮੇਰੇ ਪਤੀ ਨਾ ਵੀ ਆਉਣ, ਪਰ ਮੈਂ ਤੇਰੇ ਲਈ ਜ਼ਰੂਰ ਆਵਾਂਗੀ, ਸੈਮੂਏਲ।” ਸੈਮੂਏਲ ਬਹੁਤ ਖ਼ੁਸ਼ ਹੋਇਆ ਜਦ ਉਹ ਸਭਾ ਵਿਚ ਆਈ।

ਭਾਸ਼ਣ ਦੌਰਾਨ ਸੈਮੂਏਲ ਵੀਯੇਸਵਾਵਾ ਦੇ ਨਾਲ ਬੈਠਾ ਤੇ ਉਸ ਨੇ ਬਾਈਬਲ ਵਿੱਚੋਂ ਉਹ ਸਾਰੇ ਹਵਾਲੇ ਖੋਲ੍ਹ ਕੇ ਦਿਖਾਏ ਜਿਹੜੇ ਪੜ੍ਹੇ ਜਾ ਰਹੇ ਸਨ। ਇਹ ਦੇਖ ਕੇ ਵੀਯੇਸਵਾਵਾ ਬਹੁਤ ਹੈਰਾਨ ਹੋਈ। ਉਸ ਨੂੰ ਇਹ ਸਭਾ ਬਹੁਤ ਚੰਗੀ ਲੱਗੀ ਤੇ ਉਸ ਨੇ ਇਸ ਗੱਲ ਦੀ ਕਦਰ ਕੀਤੀ ਕਿ ਬਾਈਬਲ ਦੀਆਂ ਡੂੰਘੀਆਂ ਗੱਲਾਂ ਬਹੁਤ ਹੀ ਸੌਖੇ ਤਰੀਕੇ ਨਾਲ ਸਮਝਾਈਆਂ ਗਈਆਂ ਸਨ। ਕਲੀਸਿਯਾ ਦੇ ਭੈਣਾਂ-ਭਰਾਵਾਂ ਦੇ ਪਿਆਰ ਨੇ ਵੀ ਉਸ ਦੇ ਦਿਲ ਨੂੰ ਜਿੱਤ ਲਿਆ। ਉਸ ਸਮੇਂ ਤੋਂ ਵੀਯੇਸਵਾਵਾ ਪਰਮੇਸ਼ੁਰ ਬਾਰੇ ਹੋਰ ਸਿੱਖਣ ਲੱਗ ਪਈ ਤੇ ਉਹ ਹੁਣ ਯਹੋਵਾਹ ਦੇ ਗਵਾਹਾਂ ਦੀਆਂ ਸਾਰੀਆਂ ਸਭਾਵਾਂ ਵਿਚ ਆਉਂਦੀ ਹੈ। ਉਹ ਕਹਿੰਦੀ ਹੈ: “ਮੈਂ ਸ਼ਰਮਿੰਦੀ ਹਾਂ ਕਿ ਮੈਂ ਪਹਿਲਾਂ ਤੁਹਾਡੀਆਂ ਗੱਲਾਂ ਨਹੀਂ ਸੁਣੀਆਂ। ਸੱਚ ਦੱਸਾਂ ਤਾਂ ਮੈਂ ਸਿਰਫ਼ ਸੈਮੂਏਲ ਕਰਕੇ ਯਹੋਵਾਹ ਦੇ ਗਵਾਹਾਂ ਦਾ ਸੰਦੇਸ਼ ਸੁਣਿਆ।”

ਸੈਮੂਏਲ ਵਾਂਗ ਦੁਨੀਆਂ ਭਰ ਵਿਚ ਯਹੋਵਾਹ ਦੇ ਬਹੁਤ ਸਾਰੇ ਨੌਜਵਾਨ ਸੇਵਕ ਆਪਣੇ ਚੰਗੇ ਚਾਲ-ਚਲਣ ਰਾਹੀਂ ਯਹੋਵਾਹ ਦੀ ਵਡਿਆਈ ਕਰਦੇ ਹਨ। ਨੌਜਵਾਨੋ, ਤੁਸੀਂ ਵੀ ਸੱਚੇ ਪਰਮੇਸ਼ੁਰ ਅਤੇ ਉਸ ਦੇ ਉੱਚੇ ਮਿਆਰਾਂ ਬਾਰੇ ਜਾਣਨ ਵਿਚ ਲੋਕਾਂ ਦੀ ਮਦਦ ਕਰ ਸਕਦੇ ਹੋ।