Skip to content

Skip to table of contents

“ਪ੍ਰਾਰਥਨਾ ਦੇ ਸੁਣਨ ਵਾਲੇ” ਨਾਲ ਕਿਵੇਂ ਗੱਲ ਕਰੀਏ

“ਪ੍ਰਾਰਥਨਾ ਦੇ ਸੁਣਨ ਵਾਲੇ” ਨਾਲ ਕਿਵੇਂ ਗੱਲ ਕਰੀਏ

“ਪ੍ਰਾਰਥਨਾ ਦੇ ਸੁਣਨ ਵਾਲੇ” ਨਾਲ ਕਿਵੇਂ ਗੱਲ ਕਰੀਏ

“ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਸਾਰੇ ਬਸ਼ਰ ਤੇਰੇ ਕੋਲ ਆਉਣਗੇ।”—ਜ਼ਬੂਰਾਂ ਦੀ ਪੋਥੀ 65:2.

1. ਇਨਸਾਨ ਹੋਰਨਾਂ ਜੀਵ-ਜੰਤੂਆਂ ਤੋਂ ਕਿਵੇਂ ਵੱਖਰਾ ਹੈ ਅਤੇ ਉਸ ਕੋਲ ਕੀ ਕਰਨ ਦਾ ਮੌਕਾ ਹੈ?

ਧਰਤੀ ਉੱਤੇ ਸਾਰੇ ਜੀਵ-ਜੰਤੂਆਂ ਵਿੱਚੋਂ ਸਿਰਫ਼ ਇਨਸਾਨਾਂ ਵਿਚ ਪਰਮੇਸ਼ੁਰ ਦੀ ਭਗਤੀ ਕਰਨ ਦੀ ਯੋਗਤਾ ਹੈ। ਸਿਰਫ਼ ਇਨਸਾਨਾਂ ਨੂੰ ਪਰਮੇਸ਼ੁਰ ਦੀ ਭਗਤੀ ਕਰਨ ਦਾ ਅਹਿਸਾਸ ਹੁੰਦਾ ਹੈ। ਭਗਤੀ ਰਾਹੀਂ ਸਾਨੂੰ ਸੱਚੇ ਪਰਮੇਸ਼ੁਰ ਦੇ ਨੇੜੇ ਆਉਣ ਦਾ ਸ਼ਾਨਦਾਰ ਮੌਕਾ ਮਿਲਦਾ ਹੈ।

2. ਜਦੋਂ ਇਨਸਾਨ ਨੇ ਪਾਪ ਕੀਤਾ, ਤਾਂ ਪਰਮੇਸ਼ੁਰ ਨਾਲ ਉਸ ਦੇ ਰਿਸ਼ਤੇ ਉੱਤੇ ਕੀ ਅਸਰ ਪਿਆ?

2 ਇਨਸਾਨ ਵਿਚ ਪਰਮੇਸ਼ੁਰ ਨਾਲ ਗੱਲਾਂ ਕਰਨ ਦੀ ਯੋਗਤਾ ਹੈ। ਜਦੋਂ ਆਦਮ ਅਤੇ ਹੱਵਾਹ ਨੂੰ ਬਣਾਇਆ ਗਿਆ ਸੀ, ਉਸ ਵੇਲੇ ਉਨ੍ਹਾਂ ਵਿਚ ਕੋਈ ਪਾਪ ਨਹੀਂ ਸੀ। ਇਸ ਲਈ ਉਹ ਜਦ ਜੀ ਚਾਹੇ ਪਰਮੇਸ਼ੁਰ ਨਾਲ ਗੱਲ ਕਰ ਸਕਦੇ ਸਨ, ਜਿਵੇਂ ਇਕ ਬੱਚਾ ਆਪਣੇ ਪਿਤਾ ਨਾਲ ਦਿਲ ਖੋਲ੍ਹ ਕੇ ਗੱਲਾਂ ਕਰਦਾ ਹੈ। ਪਰ ਪਾਪ ਕਰਨ ਤੋਂ ਬਾਅਦ ਉਹ ਪਰਮੇਸ਼ੁਰ ਤੋਂ ਦੂਰ ਹੋ ਗਏ। (ਉਤਪਤ 3:8-13, 17-24) ਕੀ ਇਸ ਦਾ ਮਤਲਬ ਇਹ ਹੈ ਕਿ ਆਦਮ ਦੀ ਪਾਪੀ ਔਲਾਦ ਹੁਣ ਪਰਮੇਸ਼ੁਰ ਨੂੰ ਪ੍ਰਾਰਥਨਾ ਨਹੀਂ ਕਰ ਸਕਦੀ? ਨਹੀਂ, ਯਹੋਵਾਹ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ ਜੇ ਉਹ ਉਸ ਦੀਆਂ ਕੁਝ ਮੰਗਾਂ ਪੂਰੀਆਂ ਕਰਨ। ਉਹ ਮੰਗਾਂ ਕੀ ਹਨ?

ਪਰਮੇਸ਼ੁਰ ਕਿਨ੍ਹਾਂ ਦੀ ਪ੍ਰਾਰਥਨਾ ਸੁਣਦਾ ਹੈ?

3. ਪਾਪੀ ਇਨਸਾਨਾਂ ਨੂੰ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਕੀ ਕਰਨਾ ਚਾਹੀਦਾ ਹੈ? ਇਸ ਦੀ ਇਕ ਮਿਸਾਲ ਦਿਓ।

3 ਆਦਮ ਦੇ ਦੋ ਪੁੱਤਰਾਂ ਨਾਲ ਜੋ ਹੋਇਆ ਸੀ, ਉਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਪਾਪੀ ਇਨਸਾਨਾਂ ਨੂੰ ਕੀ ਕਰਨ ਦੀ ਲੋੜ ਹੈ। ਕਇਨ ਅਤੇ ਹਾਬਲ ਨੇ ਪਰਮੇਸ਼ੁਰ ਦੀ ਮਿਹਰ ਪਾਉਣ ਲਈ ਬਲੀਆਂ ਚੜ੍ਹਾਈਆਂ। ਪਰਮੇਸ਼ੁਰ ਨੇ ਹਾਬਲ ਦੀ ਭੇਟ ਸਵੀਕਾਰ ਕੀਤੀ, ਪਰ ਕਇਨ ਦੀ ਨਹੀਂ। (ਉਤਪਤ 4:3-5) ਕਿਉਂ? ਇਬਰਾਨੀਆਂ 11:4 ਵਿਚ ਲਿਖਿਆ ਹੈ: “ਨਿਹਚਾ ਨਾਲ ਹਾਬਲ ਨੇ ਕਇਨ ਨਾਲੋਂ ਪਰਮੇਸ਼ੁਰ ਦੇ ਅੱਗੇ ਉੱਤਮ ਬਲੀਦਾਨ ਚੜ੍ਹਾਇਆ ਜਿਸ ਕਰਕੇ ਇਹ ਸਾਖੀ ਦਿੱਤੀ ਗਈ ਭਈ ਉਹ ਧਰਮੀ ਹੈ।” ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਲਈ ਨਿਹਚਾ ਕਰਨੀ ਜ਼ਰੂਰੀ ਹੈ। ਕਇਨ ਨੂੰ ਕਹੇ ਯਹੋਵਾਹ ਦੇ ਸ਼ਬਦਾਂ ਤੋਂ ਅਸੀਂ ਇਕ ਹੋਰ ਗੱਲ ਵੀ ਦੇਖਦੇ ਹਾਂ: “ਜੇ ਤੂੰ ਭਲਾ ਕਰੇਂ ਕੀ [ਤੇਰਾ ਮੂੰਹ] ਉਤਾਹਾਂ ਨਾ ਕੀਤਾ ਜਾਵੇ?” ਜੀ ਹਾਂ, ਜੇ ਕਇਨ ਚੰਗੇ ਕੰਮ ਕਰਦਾ, ਤਾਂ ਉਹ ਪਰਮੇਸ਼ੁਰ ਦੀ ਮਿਹਰ ਹਾਸਲ ਕਰ ਸਕਦਾ ਸੀ। ਪਰ ਪਰਮੇਸ਼ੁਰ ਦੀ ਸਲਾਹ ਤੇ ਚੱਲਣ ਦੀ ਬਜਾਇ ਕਇਨ ਨੇ ਹਾਬਲ ਦਾ ਕਤਲ ਕੀਤਾ ਜਿਸ ਕਰਕੇ ਉਸ ਨੂੰ ਬਾਕੀ ਜ਼ਿੰਦਗੀ ਜਲਾਵਤਨ ਬਣ ਕੇ ਕੱਟਣੀ ਪਈ। (ਉਤਪਤ 4:7-12) ਸੋ ਮਨੁੱਖੀ ਇਤਿਹਾਸ ਦੇ ਸ਼ੁਰੂ ਵਿਚ ਹੀ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਸੀ ਕਿ ਪਰਮੇਸ਼ੁਰ ਦੀ ਮਿਹਰ ਪਾਉਣ ਲਈ ਨਿਹਚਾ ਕਰਨੀ ਅਤੇ ਚੰਗੇ ਕੰਮ ਕਰਨੇ ਜ਼ਰੂਰੀ ਸਨ।

4. ਪਰਮੇਸ਼ੁਰ ਦੀ ਮਿਹਰ ਪਾਉਣ ਲਈ ਸਾਨੂੰ ਕੀ ਮੰਨਣ ਦੀ ਲੋੜ ਹੈ?

4 ਪਰਮੇਸ਼ੁਰ ਦੀ ਮਿਹਰ ਪਾਉਣ ਲਈ ਸਾਨੂੰ ਇਹ ਮੰਨਣ ਦੀ ਲੋੜ ਹੈ ਕਿ ਅਸੀਂ ਪਾਪੀ ਹਾਂ। ਸਾਰੇ ਇਨਸਾਨ ਪਾਪੀ ਹਨ ਤੇ ਪਾਪ ਸਾਨੂੰ ਪਰਮੇਸ਼ੁਰ ਤੋਂ ਦੂਰ ਕਰ ਦਿੰਦਾ ਹੈ। ਯਿਰਮਿਯਾਹ ਨਬੀ ਨੇ ਇਸਰਾਏਲੀਆਂ ਬਾਰੇ ਲਿਖਿਆ: “ਅਸਾਂ ਅਪਰਾਧ ਅਤੇ ਬਗਾਵਤ ਕੀਤੀ, . . . ਤੈਂ ਆਪਣੇ ਆਪ ਨੂੰ ਬੱਦਲ ਨਾਲ ਕੱਜਿਆ, ਕੋਈ ਪ੍ਰਾਰਥਨਾ ਤੇਰੇ ਕੋਲ ਨਹੀਂ ਅੱਪੜ ਸੱਕਦੀ।” (ਵਿਰਲਾਪ 3:42, 44) ਫਿਰ ਵੀ, ਸਦੀਆਂ ਦੌਰਾਨ ਪਰਮੇਸ਼ੁਰ ਨੇ ਆਪਣੇ ਭਗਤਾਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਜੋ ਨਿਹਚਾ ਨਾਲ ਸੱਚੇ ਦਿਲੋਂ ਉਸ ਨੂੰ ਪ੍ਰਾਰਥਨਾ ਕਰਦੇ ਸਨ ਅਤੇ ਉਸ ਦੇ ਹੁਕਮਾਂ ਨੂੰ ਮੰਨਦੇ ਸਨ। (ਜ਼ਬੂਰਾਂ ਦੀ ਪੋਥੀ 119:145) ਆਓ ਆਪਾਂ ਦੇਖੀਏ ਕਿ ਪਰਮੇਸ਼ੁਰ ਨੇ ਕਿਨ੍ਹਾਂ ਕੁਝ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਅਤੇ ਅਸੀਂ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਤੋਂ ਕੀ ਸਿੱਖ ਸਕਦੇ ਹਾਂ।

5, 6. ਅਸੀਂ ਅਬਰਾਹਾਮ ਦੀਆਂ ਪ੍ਰਾਰਥਨਾਵਾਂ ਤੋਂ ਕੀ ਸਿੱਖ ਸਕਦੇ ਹਾਂ?

5 ਪਰਮੇਸ਼ੁਰ ਨੇ ਅਬਰਾਹਾਮ ਦੀਆਂ ਪ੍ਰਾਰਥਨਾਵਾਂ ਸੁਣੀਆਂ ਸਨ ਤੇ ਉਸ ਨੇ ਅਬਰਾਹਾਮ ਨੂੰ ‘ਮੇਰਾ ਦੋਸਤ’ ਕਿਹਾ ਸੀ। (ਯਸਾਯਾਹ 41:8) ਅਸੀਂ ਅਬਰਾਹਾਮ ਦੀਆਂ ਪ੍ਰਾਰਥਨਾਵਾਂ ਤੋਂ ਕੀ ਸਿੱਖ ਸਕਦੇ ਹਾਂ? ਕੋਈ ਵਾਰਸ ਨਾ ਹੋਣ ਕਰਕੇ ਵਫ਼ਾਦਾਰ ਅਬਰਾਹਾਮ ਨੇ ਇਕ ਵਾਰ ਯਹੋਵਾਹ ਨੂੰ ਪੁੱਛਿਆ ਸੀ: “ਤੂੰ ਮੈਨੂੰ ਕੀ ਦੇਵੇਂਗਾ? ਕਿਉਂਜੋ ਮੈਂ ਔਤ ਜਾਂਦਾ ਹਾਂ।” (ਉਤਪਤ 15:2, 3; 17:18) ਇਕ ਹੋਰ ਮੌਕੇ ਤੇ ਉਸ ਨੇ ਚਿੰਤਾ ਜ਼ਾਹਰ ਕੀਤੀ ਸੀ ਕਿ ਜਦ ਪਰਮੇਸ਼ੁਰ ਸਦੂਮ ਅਤੇ ਅਮੂਰਾਹ ਦੇ ਦੁਸ਼ਟ ਲੋਕਾਂ ਨੂੰ ਨਾਸ਼ ਕਰੇਗਾ, ਤਾਂ ਧਰਮੀ ਬਚਾਏ ਜਾਣਗੇ ਜਾਂ ਨਹੀਂ। (ਉਤਪਤ 18:23-33) ਅਬਰਾਹਾਮ ਨੇ ਦੂਸਰਿਆਂ ਲਈ ਵੀ ਪ੍ਰਾਰਥਨਾ ਕੀਤੀ ਸੀ। (ਉਤਪਤ 20:7, 17) ਇਸ ਤੋਂ ਇਲਾਵਾ ਯਹੋਵਾਹ ਦੀ ਮਿਹਰ ਪਾਉਣ ਲਈ, ਹਾਬਲ ਵਾਂਗ ਅਬਰਾਹਾਮ ਨੇ ਸਮੇਂ-ਸਮੇਂ ਤੇ ਬਲੀਆਂ ਵੀ ਚੜ੍ਹਾਈਆਂ ਸਨ।—ਉਤਪਤ 22:9-14.

6 ਇਨ੍ਹਾਂ ਸਾਰੇ ਮੌਕਿਆਂ ਤੇ ਅਬਰਾਹਾਮ ਖੁੱਲ੍ਹ ਕੇ ਯਹੋਵਾਹ ਨਾਲ ਗੱਲ ਕਰ ਸਕਿਆ। ਫਿਰ ਵੀ ਉਸ ਨੇ ਹਮੇਸ਼ਾ ਆਪਣੇ ਸਿਰਜਣਹਾਰ ਨਾਲ ਨਿਮਰਤਾ ਨਾਲ ਗੱਲ ਕੀਤੀ। ਧਿਆਨ ਦਿਓ ਕਿ ਉਸ ਨੇ ਉਤਪਤ 18:27 ਵਿਚ ਬੜੇ ਆਦਰ ਨਾਲ ਕਿਹਾ ਸੀ: “ਮੈਂ ਆਪਣੇ ਪ੍ਰਭੁ ਨਾਲ ਗੱਲ ਕਰਨ ਦੀ ਦਿਲੇਰੀ ਕੀਤੀ ਹੈ ਭਾਵੇਂ ਮੈਂ ਧੂੜ ਅਰ ਖੇਹ ਹੀ ਹਾਂ।” ਸਾਡੇ ਲਈ ਇਹ ਕਿੰਨੀ ਵਧੀਆ ਮਿਸਾਲ ਹੈ!

7. ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਸੇਵਕਾਂ ਨੇ ਕਿਨ੍ਹਾਂ ਗੱਲਾਂ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ?

7 ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੇ ਕਈ ਗੱਲਾਂ ਬਾਰੇ ਪ੍ਰਾਰਥਨਾ ਕੀਤੀ ਸੀ ਅਤੇ ਯਹੋਵਾਹ ਨੇ ਉਨ੍ਹਾਂ ਦੀ ਸੁਣੀ ਸੀ। ਯਾਕੂਬ ਨੇ ਪ੍ਰਾਰਥਨਾ ਵਿਚ ਪਰਮੇਸ਼ੁਰ ਤੋਂ ਮਦਦ ਮੰਗਣ ਤੋਂ ਬਾਅਦ ਇਹ ਵਾਅਦਾ ਕੀਤਾ ਸੀ: “ਸਾਰੀਆਂ ਚੀਜ਼ਾਂ ਦਾ ਜੋ ਤੂੰ ਮੈਨੂੰ ਦੇਵੇਂਗਾ ਮੈਂ ਜ਼ਰੂਰ ਤੈਨੂੰ ਦਸੌਂਧ ਦਿਆਂਗਾ।” (ਉਤਪਤ 28:20-22) ਬਾਅਦ ਵਿਚ ਜਦ ਯਾਕੂਬ ਆਪਣੇ ਭਰਾ ਨੂੰ ਮਿਲਣ ਜਾ ਰਿਹਾ ਸੀ, ਤਾਂ ਉਸ ਨੇ ਯਹੋਵਾਹ ਅੱਗੇ ਤਰਲੇ ਕੀਤੇ ਕਿ ਉਹ ਉਸ ਦੀ ਰਖਵਾਲੀ ਕਰੇ। ਉਸ ਨੇ ਕਿਹਾ: “ਤੂੰ ਮੈਨੂੰ ਮੇਰੇ ਭਰਾ ਦੇ ਹੱਥੋਂ ਅਰਥਾਤ ਏਸਾਓ ਦੇ ਹੱਥੋਂ ਛੁਡਾ ਲਵੀਂ ਕਿਉਂਜੋ ਮੈਂ ਉਸ ਤੋਂ ਡਰਦਾ ਹਾਂ।” (ਉਤਪਤ 32:9-12) ਅੱਯੂਬ ਦੀ ਮਿਸਾਲ ਬਾਰੇ ਵੀ ਸੋਚੋ। ਉਹ ਆਪਣੇ ਪਰਿਵਾਰ ਲਈ ਯਹੋਵਾਹ ਨੂੰ ਬਲੀਦਾਨ ਚੜ੍ਹਾਉਂਦਾ ਹੁੰਦਾ ਸੀ। ਜਦ ਉਸ ਦੇ ਤਿੰਨ ਸਾਥੀਆਂ ਨੇ ਝੂਠੀਆਂ ਦਲੀਲਾਂ ਦੇ ਕੇ ਪਾਪ ਕੀਤਾ, ਤਾਂ ਅੱਯੂਬ ਨੇ ਉਨ੍ਹਾਂ ਲਈ ਵੀ ਪ੍ਰਾਰਥਨਾ ਕੀਤੀ ਅਤੇ “ਯਹੋਵਾਹ ਨੇ ਅੱਯੂਬ ਦੀਆਂ ਗੱਲਾਂ ਨੂੰ ਮੰਨ ਲਿਆ।” (ਅੱਯੂਬ 1:5; 42:7-9) ਇਨ੍ਹਾਂ ਬਿਰਤਾਂਤਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਕਿਨ੍ਹਾਂ ਗੱਲਾਂ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਅਸੀਂ ਇਹ ਵੀ ਦੇਖਦੇ ਹਾਂ ਕਿ ਯਹੋਵਾਹ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਨ ਲਈ ਤਿਆਰ ਹੈ ਜੋ ਸਹੀ ਤਰੀਕੇ ਨਾਲ ਉਸ ਨੂੰ ਦੁਆ ਕਰਦੇ ਹਨ।

ਬਿਵਸਥਾ ਨੇਮ ਅਧੀਨ

8. ਬਿਵਸਥਾ ਨੇਮ ਅਧੀਨ ਪਰਮੇਸ਼ੁਰ ਨੂੰ ਕਿਵੇਂ ਪ੍ਰਾਰਥਨਾ ਕੀਤੀ ਜਾਂਦੀ ਸੀ?

8 ਇਸਰਾਏਲ ਕੌਮ ਨੂੰ ਮਿਸਰ ਤੋਂ ਛੁਡਾਉਣ ਤੋਂ ਬਾਅਦ ਯਹੋਵਾਹ ਨੇ ਉਨ੍ਹਾਂ ਨੂੰ ਬਿਵਸਥਾ ਦਿੱਤੀ। ਇਸ ਬਿਵਸਥਾ ਅਧੀਨ ਕੁਝ ਲੇਵੀਆਂ ਨੂੰ ਜਾਜਕਾਂ ਵਜੋਂ ਠਹਿਰਾਇਆ ਗਿਆ ਸੀ ਜੋ ਪਾਪਾਂ ਦੀ ਮਾਫ਼ੀ ਲਈ ਲੋਕਾਂ ਵੱਲੋਂ ਪਰਮੇਸ਼ੁਰ ਨੂੰ ਬਲੀਆਂ ਚੜ੍ਹਾਉਂਦੇ ਸਨ। ਕੌਮੀ ਮਸਲੇ ਖੜ੍ਹੇ ਹੋਣ ਤੇ ਜਾਂ ਹੋਰ ਮਹੱਤਵਪੂਰਣ ਮੌਕਿਆਂ ਤੇ ਰਾਜਾ ਜਾਂ ਕੋਈ ਨਬੀ ਪੂਰੀ ਕੌਮ ਲਈ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਸੀ। (1 ਸਮੂਏਲ 8:21, 22; 14:36-41; ਯਿਰਮਿਯਾਹ 42:1-3) ਮਿਸਾਲ ਲਈ, ਜਦ ਰਾਜਾ ਸੁਲੇਮਾਨ ਨੇ ਪਰਮੇਸ਼ੁਰ ਦੇ ਪਵਿੱਤਰ ਭਵਨ ਦਾ ਉਦਘਾਟਨ ਕੀਤਾ ਸੀ, ਤਾਂ ਉਸ ਨੇ ਯਹੋਵਾਹ ਅੱਗੇ ਦਿਲ ਖੋਲ੍ਹ ਕੇ ਪ੍ਰਾਰਥਨਾ ਕੀਤੀ ਸੀ। ਯਹੋਵਾਹ ਨੇ ਉਸ ਦੀ ਪ੍ਰਾਰਥਨਾ ਸੁਣ ਲਈ ਸੀ ਕਿਉਂਕਿ ਸਾਰਾ ਭਵਨ ਯਹੋਵਾਹ ਦੇ ਪ੍ਰਤਾਪ ਨਾਲ ਭਰ ਗਿਆ ਅਤੇ ਯਹੋਵਾਹ ਨੇ ਕਿਹਾ: “ਜਿਹੜੀ ਪ੍ਰਾਰਥਨਾ ਏਸ ਥਾਂ ਕੀਤੀ ਜਾਵੇਗੀ ਉਸ ਉੱਤੇ . . . ਮੇਰੇ ਕੰਨ ਲੱਗੇ ਰਹਿਣਗੇ।”—2 ਇਤਹਾਸ 6:12–7:3, 15.

9. ਯਹੋਵਾਹ ਦੀ ਮਿਹਰ ਪਾਉਣ ਲਈ ਕੀ ਕਰਨਾ ਜ਼ਰੂਰੀ ਸੀ?

9 ਬਿਵਸਥਾ ਵਿਚ ਯਹੋਵਾਹ ਨੇ ਦੱਸਿਆ ਸੀ ਕਿ ਉਸ ਦੀ ਮਿਹਰ ਪਾਉਣ ਲਈ ਕੀ ਕਰਨਾ ਜ਼ਰੂਰੀ ਸੀ। ਰੋਜ਼ ਸਵੇਰੇ ਤੇ ਸ਼ਾਮ ਨੂੰ ਜਾਨਵਰਾਂ ਦੀਆਂ ਬਲੀਆਂ ਦੇਣ ਤੋਂ ਇਲਾਵਾ, ਪ੍ਰਧਾਨ ਜਾਜਕ ਨੂੰ ਪਵਿੱਤਰ ਸਥਾਨ ਵਿਚ ਧੂਪ ਧੁਖਾਉਣੀ ਪੈਂਦੀ ਸੀ। ਸਮੇਂ ਦੇ ਬੀਤਣ ਨਾਲ ਦੂਸਰੇ ਜਾਜਕਾਂ ਨੂੰ ਵੀ ਇਹ ਸਨਮਾਨ ਦਿੱਤਾ ਗਿਆ ਸੀ। ਪਰ ਪ੍ਰਾਸਚਿਤ ਦੇ ਦਿਨ ਤੇ ਇਹ ਕੰਮ ਸਿਰਫ਼ ਪ੍ਰਧਾਨ ਜਾਜਕ ਕਰਦਾ ਹੁੰਦਾ ਸੀ। ਜੇ ਜਾਜਕ ਇਹ ਸਭ ਨਹੀਂ ਕਰਦੇ ਸਨ, ਤਾਂ ਯਹੋਵਾਹ ਉਨ੍ਹਾਂ ਤੋਂ ਖ਼ੁਸ਼ ਨਹੀਂ ਹੁੰਦਾ ਸੀ।—ਕੂਚ 30:7, 8; 2 ਇਤਹਾਸ 13:11.

10, 11. ਸਾਨੂੰ ਕਿਵੇਂ ਪਤਾ ਹੈ ਕਿ ਯਹੋਵਾਹ ਇਸਰਾਏਲੀਆਂ ਦੀਆਂ ਨਿੱਜੀ ਪ੍ਰਾਰਥਨਾਵਾਂ ਸੁਣਦਾ ਸੀ?

10 ਪ੍ਰਾਚੀਨ ਇਸਰਾਏਲ ਵਿਚ ਕੀ ਸਿਰਫ਼ ਕੁਝ ਚੁਣੇ ਹੋਏ ਲੋਕਾਂ ਰਾਹੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਜਾ ਸਕਦੀ ਸੀ? ਨਹੀਂ, ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਲੋਕਾਂ ਦੀਆਂ ਨਿੱਜੀ ਪ੍ਰਾਰਥਨਾਵਾਂ ਵੀ ਸੁਣਦਾ ਸੀ। ਜਦ ਸੁਲੇਮਾਨ ਨੇ ਯਹੋਵਾਹ ਦੇ ਭਵਨ ਦਾ ਉਦਘਾਟਨ ਕੀਤਾ ਸੀ, ਤਾਂ ਉਸ ਨੇ ਯਹੋਵਾਹ ਅੱਗੇ ਅਰਦਾਸ ਕੀਤੀ: ‘ਜਿਹੜੀ ਬੇਨਤੀ ਤੇ ਅਰਦਾਸ ਕਿਸੇ ਇੱਕ ਪੁਰਸ਼ ਵੱਲੋਂ ਯਾ ਤੇਰੀ ਸਾਰੀ ਪਰਜਾ ਇਸਰਾਏਲ ਵੱਲੋਂ ਹੋਵੇ ਜਿਸ ਵਿੱਚ ਹਰ ਇੱਕ ਮਨੁੱਖ ਆਪਣੇ ਹੱਥ ਏਸ ਭਵਨ ਵੱਲ ਅੱਡੇ ਤਾਂ ਤੂੰ ਆਪਣੇ ਸੁਰਗੀ ਭਵਨ ਤੋਂ ਸੁਣੀ।’ (2 ਇਤਹਾਸ 6:29, 30) ਲੂਕਾ ਦੀ ਪੋਥੀ ਵਿਚ ਦੱਸਿਆ ਹੈ ਕਿ ਜਦ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਪਿਤਾ ਜ਼ਕਰਯਾਹ ਪਵਿੱਤਰ ਕਮਰੇ ਵਿਚ ਧੂਪ ਧੁਖਾ ਰਿਹਾ ਸੀ, ਤਾਂ ਬਾਕੀ ਲੋਕ “ਬਾਹਰ ਪ੍ਰਾਰਥਨਾ ਕਰ” ਰਹੇ ਸਨ। ਲੱਗਦਾ ਹੈ ਕਿ ਇਹ ਇਕ ਦਸਤੂਰ ਬਣ ਗਿਆ ਸੀ ਕਿ ਜਦ ਪਵਿੱਤਰ ਸਥਾਨ ਵਿਚ ਸੋਨੇ ਦੀ ਜਗਵੇਦੀ ਉੱਤੇ ਯਹੋਵਾਹ ਲਈ ਧੂਪ ਧੁਖਾਈ ਜਾਂਦੀ ਸੀ, ਤਾਂ ਲੋਕ ਬਾਹਰ ਇਕੱਠੇ ਹੋ ਕੇ ਪ੍ਰਾਰਥਨਾ ਕਰਦੇ ਸਨ।—ਲੂਕਾ 1:8-10.

11 ਸੋ ਜਦ ਯਹੋਵਾਹ ਨੂੰ ਸਹੀ ਤਰੀਕੇ ਨਾਲ ਪ੍ਰਾਰਥਨਾ ਕੀਤੀ ਜਾਂਦੀ ਸੀ, ਤਾਂ ਉਹ ਲੋਕਾਂ ਦੀਆਂ ਨਿੱਜੀ ਪ੍ਰਾਰਥਨਾਵਾਂ ਜਾਂ ਪੂਰੀ ਕੌਮ ਦੀ ਪ੍ਰਾਰਥਨਾ ਖ਼ੁਸ਼ੀ ਨਾਲ ਸੁਣਦਾ ਸੀ। ਅੱਜ ਅਸੀਂ ਬਿਵਸਥਾ ਨੇਮ ਦੇ ਅਧੀਨ ਨਹੀਂ ਹਾਂ। ਫਿਰ ਵੀ, ਅਸੀਂ ਇਸਰਾਏਲੀਆਂ ਤੋਂ ਪ੍ਰਾਰਥਨਾ ਕਰਨ ਬਾਰੇ ਕਾਫ਼ੀ ਕੁਝ ਸਿੱਖ ਸਕਦੇ ਹਾਂ।

ਮਸੀਹੀ ਕਲੀਸਿਯਾ ਵਿਚ

12. ਯਹੋਵਾਹ ਦੀ ਭਗਤੀ ਕਰਨ ਲਈ ਕਿਹੜਾ ਨਵਾਂ ਇੰਤਜ਼ਾਮ ਕੀਤਾ ਗਿਆ ਹੈ?

12 ਮਸੀਹੀਆਂ ਲਈ ਇਕ ਨਵਾਂ ਇੰਤਜ਼ਾਮ ਹੈ। ਅੱਜ ਯਹੋਵਾਹ ਦਾ ਕੋਈ ਭਵਨ ਨਹੀਂ ਹੈ ਜਿੱਥੇ ਜਾਜਕ ਪਰਮੇਸ਼ੁਰ ਦੇ ਸਾਰੇ ਲੋਕਾਂ ਲਈ ਪ੍ਰਾਰਥਨਾ ਕਰਦੇ ਹਨ ਜਾਂ ਜਿਸ ਵੱਲ ਅਸੀਂ ਮੂੰਹ ਕਰ ਕੇ ਪ੍ਰਾਰਥਨਾ ਕਰ ਸਕਦੇ ਹਾਂ। ਫਿਰ ਵੀ, ਯਹੋਵਾਹ ਨੇ ਸਾਡੇ ਲਈ ਇੰਤਜ਼ਾਮ ਕੀਤਾ ਹੈ। ਉਹ ਕੀ ਹੈ? ਜਦ 29 ਈ. ਵਿਚ ਯਿਸੂ ਪਵਿੱਤਰ ਆਤਮਾ ਨਾਲ ਮਸਹ ਹੋਇਆ ਤੇ ਪ੍ਰਧਾਨ ਜਾਜਕ ਬਣਿਆ, ਤਾਂ ਉਦੋਂ ਇਕ ਰੂਹਾਨੀ ਹੈਕਲ ਸਥਾਪਿਤ ਹੋਈ ਸੀ। * ਇਹ ਹੈਕਲ ਯਿਸੂ ਮਸੀਹ ਦੇ ਬਲੀਦਾਨ ਦੇ ਆਧਾਰ ਤੇ ਯਹੋਵਾਹ ਦੀ ਭਗਤੀ ਕਰਨ ਦਾ ਨਵਾਂ ਇੰਤਜ਼ਾਮ ਹੈ।—ਇਬਰਾਨੀਆਂ 9:11, 12.

13. ਪ੍ਰਾਰਥਨਾ ਦੇ ਸੰਬੰਧ ਵਿਚ ਯਰੂਸ਼ਲਮ ਦੀ ਹੈਕਲ ਅਤੇ ਰੂਹਾਨੀ ਹੈਕਲ ਵਿਚ ਇਕ ਮਿਲਦੀ-ਜੁਲਦੀ ਗੱਲ ਦੱਸੋ।

13 ਯਰੂਸ਼ਲਮ ਦੀ ਹੈਕਲ ਦੀਆਂ ਕਈ ਗੱਲਾਂ ਰੂਹਾਨੀ ਹੈਕਲ ਦੀਆਂ ਗੱਲਾਂ ਨਾਲ ਮੇਲ ਖਾਂਦੀਆਂ ਹਨ। ਇਨ੍ਹਾਂ ਗੱਲਾਂ ਵਿਚ ਪ੍ਰਾਰਥਨਾ ਕਰਨ ਦਾ ਪ੍ਰਬੰਧ ਵੀ ਸ਼ਾਮਲ ਹੈ। (ਇਬਰਾਨੀਆਂ 9:1-10) ਮਿਸਾਲ ਲਈ, ਹੈਕਲ ਦੇ ਪਵਿੱਤਰ ਸਥਾਨ ਵਿਚ ਧੂਪ ਦੀ ਜਗਵੇਦੀ ਉੱਤੇ ਸਵੇਰੇ-ਸ਼ਾਮ ਜੋ ਧੂਪ ਧੁਖਾਈ ਜਾਂਦੀ ਸੀ, ਉਹ ਕਿਸ ਚੀਜ਼ ਨੂੰ ਦਰਸਾਉਂਦੀ ਸੀ? ਪਰਕਾਸ਼ ਦੀ ਪੋਥੀ ਅਨੁਸਾਰ ਧੂਪ ਦਾ ਮਤਲਬ ਹੈ “ਸੰਤਾਂ ਦੀਆਂ ਪ੍ਰਾਰਥਨਾਂ।” (ਪਰਕਾਸ਼ ਦੀ ਪੋਥੀ 5:8; 8:3, 4) ਦਾਊਦ ਨੇ ਲਿਖਿਆ: “ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਙੁ ਠਹਿਰੇ।” (ਜ਼ਬੂਰਾਂ ਦੀ ਪੋਥੀ 141:2) ਇਸ ਲਈ ਖ਼ੁਸ਼ਬੂਦਾਰ ਧੂਪ ਸੱਚੇ ਮਸੀਹੀਆਂ ਦੁਆਰਾ ਕੀਤੀਆਂ ਪ੍ਰਾਰਥਨਾਵਾਂ ਅਤੇ ਯਹੋਵਾਹ ਦੀ ਵਡਿਆਈ ਨੂੰ ਦਰਸਾਉਂਦੀ ਹੈ।—1 ਥੱਸਲੁਨੀਕੀਆਂ 3:10.

14, 15. (ੳ) ਯਹੋਵਾਹ ਦੀ ਸੇਵਾ ਕਰਨ ਸੰਬੰਧੀ ਮਸਹ ਕੀਤੇ ਹੋਏ ਮਸੀਹੀਆਂ ਬਾਰੇ ਕੀ ਕਿਹਾ ਜਾ ਸਕਦਾ ਹੈ? (ਅ) ‘ਹੋਰ ਭੇਡਾਂ’ ਦੁਆਰਾ ਯਹੋਵਾਹ ਦੀ ਭਗਤੀ ਕਰਨ ਸੰਬੰਧੀ ਅਸੀਂ ਕੀ ਕਹਿ ਸਕਦੇ ਹਾਂ?

14 ਪਰਮੇਸ਼ੁਰ ਦੀ ਰੂਹਾਨੀ ਹੈਕਲ ਵਿਚ ਕੌਣ ਉਸ ਦੀ ਭਗਤੀ ਕਰ ਸਕਦਾ ਹੈ? ਯਰੂਸ਼ਲਮ ਦੀ ਹੈਕਲ ਵਿਚ ਜਾਜਕਾਂ ਅਤੇ ਲੇਵੀਆਂ ਨੂੰ ਅੰਦਰਲੇ ਵਿਹੜੇ ਵਿਚ ਸੇਵਾ ਕਰਨ ਦਾ ਸਨਮਾਨ ਦਿੱਤਾ ਗਿਆ ਸੀ, ਪਰ ਸਿਰਫ਼ ਜਾਜਕ ਹੀ ਪਵਿੱਤਰ ਸਥਾਨ ਵਿਚ ਜਾ ਸਕਦੇ ਸਨ। ਸਵਰਗ ਨੂੰ ਜਾਣ ਦੀ ਆਸ ਰੱਖਣ ਵਾਲੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਅੰਦਰਲੇ ਵਿਹੜੇ ਅਤੇ ਪਵਿੱਤਰ ਸਥਾਨ ਵਿਚ ਸੇਵਾ ਕਰਨ ਦਾ ਸਨਮਾਨ ਮਿਲਿਆ ਹੈ। ਉਹ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਨ ਤੇ ਉਸ ਦੇ ਗੁਣ ਗਾਉਂਦੇ ਹਨ।

15 ‘ਹੋਰ ਭੇਡਾਂ’ ਯਾਨੀ ਧਰਤੀ ਉੱਤੇ ਹਮੇਸ਼ਾ ਲਈ ਜੀਣ ਦੀ ਉਮੀਦ ਰੱਖਣ ਵਾਲੇ ਮਸੀਹੀਆਂ ਬਾਰੇ ਕੀ? (ਯੂਹੰਨਾ 10:16) ਯਸਾਯਾਹ ਨਬੀ ਨੇ ਸੰਕੇਤ ਦਿੱਤਾ ਕਿ “ਆਖਰੀ ਦਿਨਾਂ ਦੇ ਵਿੱਚ” ਕਈ ਕੌਮਾਂ ਦੇ ਲੋਕ ਯਹੋਵਾਹ ਦੀ ਭਗਤੀ ਕਰਨ ਲੱਗ ਪੈਣਗੇ। (ਯਸਾਯਾਹ 2:2, 3) ਉਸ ਨੇ ਇਹ ਵੀ ਲਿਖਿਆ ਕਿ “ਓਪਰੇ” ਯਹੋਵਾਹ ਦੀ ਸੇਵਾ ਕਰਨਗੇ। ਪਰਮੇਸ਼ੁਰ ਉਨ੍ਹਾਂ ਦੀ ਭਗਤੀ ਸਵੀਕਾਰ ਕਰੇਗਾ ਕਿਉਂਕਿ ਉਹ ਕਹਿੰਦਾ ਹੈ: “[ਮੈਂ] ਓਹਨਾਂ ਨੂੰ ਆਪਣੇ ਪ੍ਰਾਰਥਨਾ ਦੇ ਘਰ ਵਿੱਚ ਅਨੰਦ ਦੁਆਵਾਂਗਾ।” (ਯਸਾਯਾਹ 56:6, 7) ਪਰਕਾਸ਼ ਦੀ ਪੋਥੀ 7:9-15 ਵਿਚ ਦੱਸਿਆ ਹੈ ਕਿ “ਹਰੇਕ ਕੌਮ” ਦੇ ਲੋਕਾਂ ਦੀ “ਇੱਕ ਵੱਡੀ ਭੀੜ” ਰੂਹਾਨੀ ਹੈਕਲ ਦੇ ਬਾਹਰਲੇ ਵਿਹੜੇ ਵਿਚ “ਰਾਤ ਦਿਨ” ਪਰਮੇਸ਼ੁਰ ਦੀ ਭਗਤੀ ਕਰੇਗੀ। ਸਾਨੂੰ ਇਸ ਗੱਲ ਤੋਂ ਕਿੰਨਾ ਹੌਸਲਾ ਮਿਲਦਾ ਹੈ ਕਿ ਪਰਮੇਸ਼ੁਰ ਦੇ ਸਾਰੇ ਸੇਵਕ ਉਸ ਨੂੰ ਪ੍ਰਾਰਥਨਾ ਕਰ ਸਕਦੇ ਹਨ ਅਤੇ ਪੱਕਾ ਭਰੋਸਾ ਰੱਖ ਸਕਦੇ ਹਨ ਕਿ ਉਹ ਉਨ੍ਹਾਂ ਦੀ ਸੁਣਦਾ ਹੈ!

ਕਿਹੜੀਆਂ ਪ੍ਰਾਰਥਨਾਵਾਂ ਸੁਣੀਆਂ ਜਾਂਦੀਆਂ ਹਨ?

16. ਅਸੀਂ ਪਹਿਲੀ ਸਦੀ ਦੇ ਮਸੀਹੀਆਂ ਤੋਂ ਪ੍ਰਾਰਥਨਾ ਬਾਰੇ ਕੀ ਸਿੱਖ ਸਕਦੇ ਹਾਂ?

16 ਪਹਿਲੀ ਸਦੀ ਵਿਚ ਪ੍ਰਾਰਥਨਾ ਮਸੀਹੀਆਂ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਸੀ। ਉਨ੍ਹਾਂ ਨੇ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕੀਤੀ ਸੀ? ਕਲੀਸਿਯਾ ਦੇ ਬਜ਼ੁਰਗਾਂ ਨੇ ਪਰਮੇਸ਼ੁਰ ਦੀ ਮਦਦ ਲਈ ਪ੍ਰਾਰਥਨਾ ਕੀਤੀ ਤਾਂਕਿ ਉਹ ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਯੋਗ ਭਰਾਵਾਂ ਨੂੰ ਚੁਣ ਸਕਣ। (ਰਸੂਲਾਂ ਦੇ ਕਰਤੱਬ 1:24, 25; 6:5, 6) ਇਪਫ੍ਰਾਸ ਨੇ ਭੈਣਾਂ-ਭਰਾਵਾਂ ਲਈ ਦੁਆ ਕੀਤੀ ਸੀ। (ਕੁਲੁੱਸੀਆਂ 4:12) ਯਰੂਸ਼ਲਮ ਦੀ ਕਲੀਸਿਯਾ ਦੇ ਮੈਂਬਰਾਂ ਨੇ ਪਤਰਸ ਲਈ ਪ੍ਰਾਰਥਨਾ ਕੀਤੀ ਜੋ ਉਦੋਂ ਕੈਦ ਵਿਚ ਸੀ। (ਰਸੂਲਾਂ ਦੇ ਕਰਤੱਬ 12:5) ਮਸੀਹੀਆਂ ਨੇ ਪ੍ਰਾਰਥਨਾ ਕੀਤੀ ਕਿ ਉਹ ਦਲੇਰੀ ਨਾਲ ਵਿਰੋਧਤਾ ਦਾ ਸਾਮ੍ਹਣਾ ਕਰ ਸਕਣ। ਉਨ੍ਹਾਂ ਨੇ ਬੇਨਤੀ ਕੀਤੀ: “ਹੇ ਪ੍ਰਭੁ ਓਹਨਾਂ ਦੀਆਂ ਧਮਕੀਆਂ ਨੂੰ ਵੇਖ ਅਰ ਆਪਣੇ ਦਾਸਾਂ ਨੂੰ ਇਹ ਬਖ਼ਸ਼ ਕਿ ਅੱਤ ਦਲੇਰੀ ਨਾਲ ਤੇਰਾ ਬਚਨ ਸੁਣਾਉਣ।” (ਰਸੂਲਾਂ ਦੇ ਕਰਤੱਬ 4:23-30) ਯਾਕੂਬ ਨੇ ਮਸੀਹੀਆਂ ਨੂੰ ਤਾਕੀਦ ਕੀਤੀ ਕਿ ਉਹ ਮੁਸ਼ਕਲਾਂ ਸਮੇਂ ਪਰਮੇਸ਼ੁਰ ਤੋਂ ਬੁੱਧ ਮੰਗਣ। (ਯਾਕੂਬ 1:5) ਕੀ ਤੁਸੀਂ ਵੀ ਅਜਿਹੀਆਂ ਗੱਲਾਂ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹੋ?

17. ਯਹੋਵਾਹ ਕਿਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ?

17 ਪਰਮੇਸ਼ੁਰ ਸਾਰੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ। ਤਾਂ ਫਿਰ ਸਾਨੂੰ ਕਿਵੇਂ ਯਕੀਨ ਹੋ ਸਕਦਾ ਹੈ ਕਿ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਣਗੀਆਂ? ਪੁਰਾਣੇ ਜ਼ਮਾਨਿਆਂ ਵਿਚ ਪਰਮੇਸ਼ੁਰ ਉਨ੍ਹਾਂ ਵਫ਼ਾਦਾਰ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਸੀ ਜੋ ਸਾਫ਼ ਦਿਲ ਤੇ ਨਿਮਰਤਾ ਨਾਲ ਉਸ ਨੂੰ ਪ੍ਰਾਰਥਨਾ ਕਰਦੇ ਸਨ। ਉਨ੍ਹਾਂ ਨੇ ਆਪਣੇ ਕੰਮਾਂ ਰਾਹੀਂ ਆਪਣੀ ਨਿਹਚਾ ਦਾ ਸਬੂਤ ਦਿੱਤਾ ਸੀ। ਜੇ ਅਸੀਂ ਵੀ ਅਜਿਹਾ ਕਰਾਂਗੇ, ਤਾਂ ਯਹੋਵਾਹ ਸਾਡੀ ਵੀ ਪ੍ਰਾਰਥਨਾ ਸੁਣੇਗਾ।

18. ਮਸੀਹੀਆਂ ਨੂੰ ਕਿਸ ਰਾਹੀਂ ਪ੍ਰਾਰਥਨਾ ਕਰਨੀ ਚਾਹੀਦੀ ਹੈ?

18 ਇਕ ਹੋਰ ਗੱਲ ਵੀ ਜ਼ਰੂਰੀ ਹੈ। ਪੌਲੁਸ ਰਸੂਲ ਨੇ ਇਹ ਗੱਲ ਸਮਝਾਈ ਜਦ ਉਸ ਨੇ ਕਿਹਾ: ‘ਮਸੀਹ ਯਿਸੂ ਦੇ ਦੁਆਰਾ ਹੀ ਸਾਨੂੰ ਇਕ ਆਤਮਾ ਦੇ ਵਿਚ ਹੋ ਕੇ ਪਰਮੇਸ਼ੁਰ ਸਾਹਮਣੇ ਜਾਣ ਦਾ ਅਧਿਕਾਰ ਮਿਲਿਆ ਹੈ।’ (ਅਫ਼ਸੀਆਂ 2:13, 18) ਹਾਂ, ਸਿਰਫ਼ ਯਿਸੂ ਰਾਹੀਂ ਅਸੀਂ ਆਪਣੇ ਪਿਤਾ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ।—ਯੂਹੰਨਾ 14:6; 15:16; 16:23, 24.

19. (ੳ) ਯਹੋਵਾਹ ਨੂੰ ਇਸਰਾਏਲ ਦੇ ਧੂਪ ਧੁਖਾਉਣ ਤੋਂ ਕਦੋਂ ਘਿਣ ਆਉਂਦੀ ਸੀ? (ਅ) ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂਕਿ ਸਾਡੀਆਂ ਪ੍ਰਾਰਥਨਾਵਾਂ ਯਹੋਵਾਹ ਅੱਗੇ ਖ਼ੁਸ਼ਬੂਦਾਰ ਧੂਪ ਦੀ ਤਰ੍ਹਾਂ ਹੋਣ?

19 ਜਿਵੇਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ, ਇਸਰਾਏਲੀ ਜਾਜਕਾਂ ਦੁਆਰਾ ਧੁਖਾਈ ਜਾਂਦੀ ਧੂਪ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਨੂੰ ਦਰਸਾਉਂਦੀ ਸੀ। ਪਰ ਕਦੀ-ਕਦੀ ਯਹੋਵਾਹ ਨੂੰ ਇਸਰਾਏਲੀਆਂ ਦੀ ਧੂਪ ਤੋਂ ਘਿਣ ਆਉਂਦੀ ਸੀ। ਮਿਸਾਲ ਲਈ, ਜਦ ਇਸਰਾਏਲੀ ਹੈਕਲ ਵਿਚ ਧੂਪ ਧੁਖਾਉਣ ਦੇ ਨਾਲ-ਨਾਲ ਮੂਰਤੀਆਂ ਅੱਗੇ ਮੱਥਾ ਟੇਕਦੇ ਸਨ, ਤਾਂ ਯਹੋਵਾਹ ਨੂੰ ਇਹ ਗੱਲ ਘਿਣਾਉਣੀ ਲੱਗਦੀ ਸੀ। (ਹਿਜ਼ਕੀਏਲ 8:10, 11) ਇਸੇ ਤਰ੍ਹਾਂ ਅੱਜ ਵੀ ਜੋ ਲੋਕ ਯਹੋਵਾਹ ਦੀ ਸੇਵਾ ਕਰਨ ਦਾ ਦਾਅਵਾ ਕਰਨ ਦੇ ਨਾਲ-ਨਾਲ ਉਹ ਕੰਮ ਕਰਦੇ ਹਨ ਜੋ ਉਸ ਦੀਆਂ ਨਜ਼ਰਾਂ ਵਿਚ ਗ਼ਲਤ ਹਨ, ਤਾਂ ਯਹੋਵਾਹ ਨੂੰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਤੋਂ ਘਿਣ ਆਉਂਦੀ ਹੈ। (ਕਹਾਉਤਾਂ 15:8) ਤਾਂ ਫਿਰ, ਆਓ ਆਪਾਂ ਉਹ ਕੰਮ ਕਰੀਏ ਜੋ ਯਹੋਵਾਹ ਨੂੰ ਖ਼ੁਸ਼ ਕਰਦੇ ਹਨ ਤਾਂਕਿ ਸਾਡੀਆਂ ਪ੍ਰਾਰਥਨਾਵਾਂ ਪਰਮੇਸ਼ੁਰ ਅੱਗੇ ਖ਼ੁਸ਼ਬੂਦਾਰ ਧੂਪ ਦੀ ਤਰ੍ਹਾਂ ਹੋਣ। ਯਹੋਵਾਹ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਤੋਂ ਖ਼ੁਸ਼ ਹੁੰਦਾ ਹੈ ਜੋ ਉਸ ਦੇ ਧਰਮੀ ਅਸੂਲਾਂ ਉੱਤੇ ਚੱਲਦੇ ਹਨ। (ਯੂਹੰਨਾ 9:31) ਪਰ ਕੁਝ ਸਵਾਲ ਬਾਕੀ ਹਨ। ਸਾਨੂੰ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ? ਅਸੀਂ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ? ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ? ਸਾਡਾ ਅਗਲਾ ਲੇਖ ਇਨ੍ਹਾਂ ਤੇ ਹੋਰਨਾਂ ਸਵਾਲਾਂ ਦੇ ਜਵਾਬ ਦੇਵੇਗਾ।

[ਫੁਟਨੋਟ]

ਕੀ ਤੁਸੀਂ ਸਮਝਾ ਸਕਦੇ ਹੋ?

• ਪਾਪੀ ਇਨਸਾਨ ਯਹੋਵਾਹ ਦੀ ਭਗਤੀ ਕਿਵੇਂ ਕਰ ਸਕਦੇ ਹਨ?

• ਅਸੀਂ ਪ੍ਰਾਰਥਨਾ ਕਰਦੇ ਵਕਤ ਯਹੋਵਾਹ ਦੇ ਪ੍ਰਾਚੀਨ ਸੇਵਕਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ?

• ਅਸੀਂ ਪਹਿਲੀ ਸਦੀ ਦੇ ਮਸੀਹੀਆਂ ਦੀਆਂ ਪ੍ਰਾਰਥਨਾਵਾਂ ਤੋਂ ਕੀ ਸਿੱਖ ਸਕਦੇ ਹਾਂ?

• ਸਾਡੀਆਂ ਪ੍ਰਾਰਥਨਾਵਾਂ ਯਹੋਵਾਹ ਅੱਗੇ ਖ਼ੁਸ਼ਬੂਦਾਰ ਧੂਪ ਵਾਂਗ ਕਦੋਂ ਹੁੰਦੀਆਂ ਹਨ?

[ਸਵਾਲ]

[ਸਫ਼ਾ 23 ਉੱਤੇ ਤਸਵੀਰ]

ਪਰਮੇਸ਼ੁਰ ਨੇ ਹਾਬਲ ਦੀ ਭੇਟ ਕਿਉਂ ਕਬੂਲ ਕੀਤੀ, ਪਰ ਕਇਨ ਦੀ ਨਹੀਂ?

[ਸਫ਼ਾ 24 ਉੱਤੇ ਤਸਵੀਰ]

“ਮੈਂ ਧੂੜ ਅਰ ਖੇਹ ਹੀ ਹਾਂ”

[ਸਫ਼ਾ 25 ਉੱਤੇ ਤਸਵੀਰ]

“ਮੈਂ ਜ਼ਰੂਰ ਤੈਨੂੰ ਦਸੌਂਧ ਦਿਆਂਗਾ”

[ਸਫ਼ਾ 26 ਉੱਤੇ ਤਸਵੀਰ]

ਕੀ ਤੁਹਾਡੀਆਂ ਪ੍ਰਾਰਥਨਾਵਾਂ ਯਹੋਵਾਹ ਅੱਗੇ ਖ਼ੁਸ਼ਬੂਦਾਰ ਧੂਪ ਵਾਂਗ ਹਨ?