Skip to content

Skip to table of contents

ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਦੇ ਲਾਭ

ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਦੇ ਲਾਭ

ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਦੇ ਲਾਭ

“ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ,” ਜ਼ਬੂਰਾਂ ਦੇ ਲਿਖਾਰੀ ਆਸਾਫ਼ ਨੇ ਕਿਹਾ। ਇਹ ਕਹਿਣ ਤੋਂ ਪਹਿਲਾਂ ਆਸਾਫ਼ ਸੋਚਣ ਲੱਗ ਪਿਆ ਸੀ ਕਿ ਉਨ੍ਹਾਂ ਲੋਕਾਂ ਦੀ ਪੈੜ ਤੇ ਚੱਲਣਾ ਚੰਗਾ ਸੀ ਜੋ ਐਸ਼ੋ-ਆਰਾਮ ਦੀ ਜ਼ਿੰਦਗੀ ਖ਼ਾਤਰ ਪਰਮੇਸ਼ੁਰ ਨੂੰ ਭੁੱਲ ਚੁੱਕੇ ਸਨ। ਪਰ ਫਿਰ ਉਸ ਨੇ ਪਰਮੇਸ਼ੁਰ ਦੇ ਨੇੜੇ ਰਹਿਣ ਦੇ ਫ਼ਾਇਦਿਆਂ ਬਾਰੇ ਸੋਚ ਕੇ ਸਿੱਟਾ ਕੱਢਿਆ ਕਿ ਪਰਮੇਸ਼ੁਰ ਦੇ ਨੇੜੇ ਰਹਿਣਾ ਹੀ ਸਹੀ ਸੀ। (ਜ਼ਬੂਰਾਂ ਦੀ ਪੋਥੀ 73:2, 3, 12, 28) ਕੀ ਤੁਸੀਂ ਵੀ ਮੰਨਦੇ ਹੋ ਕਿ ਸੱਚੇ ਪਰਮੇਸ਼ੁਰ ਦੀ ਭਗਤੀ ਕਰਨੀ ਚੰਗੀ ਗੱਲ ਹੈ? ਇਸ ਤਰ੍ਹਾਂ ਕਰਨ ਦਾ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਨਾਲ ਤੁਸੀਂ ਸੁਆਰਥੀ ਬਣਨ ਤੋਂ ਬਚੇ ਰਹੋਗੇ। ਜੋ ਸਿਰਫ਼ ਆਪਣੇ ਬਾਰੇ ਹੀ ਸੋਚਦੇ ਹਨ, ਉਨ੍ਹਾਂ ਨੂੰ ਕਦੇ ਖ਼ੁਸ਼ੀ ਨਹੀਂ ਮਿਲਦੀ ਕਿਉਂਕਿ ‘ਪ੍ਰੇਮ ਦੇ ਪਰਮੇਸ਼ੁਰ’ ਨੇ ਸਾਨੂੰ ਇਸ ਤਰ੍ਹਾਂ ਜੀਣ ਲਈ ਨਹੀਂ ਬਣਾਇਆ। (2 ਕੁਰਿੰਥੀਆਂ 13:11) ਯਿਸੂ ਨੇ ਇਨਸਾਨੀ ਸੁਭਾਅ ਸੰਬੰਧੀ ਇਕ ਮੂਲ ਸੱਚਾਈ ਸਿਖਾਉਂਦੇ ਹੋਏ ਕਿਹਾ ਸੀ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਇਸ ਲਈ ਜਦ ਅਸੀਂ ਆਪਣੇ ਦੋਸਤਾਂ ਅਤੇ ਪਰਿਵਾਰ ਲਈ ਕੁਝ ਕਰਦੇ ਹਾਂ, ਤਾਂ ਸਾਨੂੰ ਖ਼ੁਸ਼ੀ ਹੁੰਦੀ ਹੈ। ਪਰ ਸਭ ਤੋਂ ਜ਼ਿਆਦਾ ਖ਼ੁਸ਼ੀ ਸਾਨੂੰ ਉਦੋਂ ਹੁੰਦੀ ਹੈ ਜਦ ਅਸੀਂ ਪਰਮੇਸ਼ੁਰ ਲਈ ਕੁਝ ਕਰਦੇ ਹਾਂ। ਉਹੀ ਸਾਡੇ ਸਭ ਤੋਂ ਜ਼ਿਆਦਾ ਪਿਆਰ ਦੇ ਲਾਇਕ ਹੈ। ਲੱਖਾਂ ਲੋਕਾਂ ਨੇ ਦੇਖਿਆ ਹੈ ਕਿ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਭਗਤੀ ਕਰਨ ਨਾਲ ਹੀ ਸੱਚੀ ਸੰਤੁਸ਼ਟੀ ਮਿਲਦੀ ਹੈ।—1 ਯੂਹੰਨਾ 5:3.

ਜ਼ਿੰਦਗੀ ਦਾ ਮਕਸਦ

ਸੱਚੇ ਪਰਮੇਸ਼ੁਰ ਦੀ ਭਗਤੀ ਕਰਨੀ ਇਸ ਲਈ ਵੀ ਚੰਗੀ ਹੈ ਕਿਉਂਕਿ ਇਹ ਤੁਹਾਡੀ ਜ਼ਿੰਦਗੀ ਨੂੰ ਮਕਸਦ ਭਰਪੂਰ ਬਣਾਉਂਦੀ ਹੈ। ਕੀ ਤੁਸੀਂ ਕਦੇ ਦੇਖਿਆ ਹੈ ਕਿ ਜਦ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ, ਤਾਂ ਤੁਹਾਨੂੰ ਖ਼ੁਸ਼ੀ ਹੁੰਦੀ ਹੈ? ਦੁਨੀਆਂ ਦੇ ਲੋਕ ਜ਼ਿੰਦਗੀ ਵਿਚ ਕਈ ਟੀਚੇ ਰੱਖਦੇ ਹਨ। ਅਕਸਰ ਇਹ ਟੀਚੇ ਉਨ੍ਹਾਂ ਦੇ ਪਰਿਵਾਰ, ਦੋਸਤਾਂ-ਮਿੱਤਰਾਂ, ਕਾਰੋਬਾਰ ਜਾਂ ਖ਼ੁਸ਼ੀ ਨਾਲ ਜੁੜੇ ਹੁੰਦੇ ਹਨ। ਪਰ ਇਹ ਟੀਚੇ ਉਨ੍ਹਾਂ ਨੂੰ ਸੱਚੀ ਖ਼ੁਸ਼ੀ ਨਹੀਂ ਦੇ ਪਾਉਂਦੇ ਕਿਉਂਕਿ ‘ਹਰ ਕਿਸੇ ਉੱਤੇ ਬੁਰਾ ਸਮਾਂ ਆ’ ਸਕਦਾ ਹੈ ਅਤੇ ਉਨ੍ਹਾਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਹਨ। (ਉਪਦੇਸ਼ਕ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰ ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਨਾਲ ਤੁਸੀਂ ਆਪਣੀ ਜ਼ਿੰਦਗੀ ਦਾ ਅਸਲੀ ਮਕਸਦ ਜਾਣ ਸਕਦੇ ਹੋ। ਇਸ ਮਕਸਦ ਸਦਕਾ ਤੁਹਾਡੇ ਮਨ ਨੂੰ ਉਦੋਂ ਵੀ ਸੰਤੁਸ਼ਟੀ ਮਿਲਦੀ ਹੈ ਜਦ ਤੁਸੀਂ ਔਖੀ ਘੜੀ ਵਿੱਚੋਂ ਲੰਘ ਰਹੇ ਹੁੰਦੇ ਹੋ।

ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਲਈ ਸਾਨੂੰ ਉਸ ਨੂੰ ਜਾਣਨ ਤੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਨ ਦੀ ਲੋੜ ਹੈ। ਜੋ ਲੋਕ ਉਸ ਦੀ ਭਗਤੀ ਕਰਦੇ ਹਨ, ਉਨ੍ਹਾਂ ਦਾ ਉਸ ਨਾਲ ਰਿਸ਼ਤਾ ਗੂੜ੍ਹਾ ਹੁੰਦਾ ਹੈ। (ਉਪਦੇਸ਼ਕ ਦੀ ਪੋਥੀ 12:13; ਯੂਹੰਨਾ 4:23; ਯਾਕੂਬ 4:8) ਤੁਹਾਨੂੰ ਸ਼ਾਇਦ ਇਹ ਮੰਨਣਾ ਔਖਾ ਲੱਗੇ ਕਿ ਪਰਮੇਸ਼ੁਰ ਨੂੰ ਇੰਨੀ ਚੰਗੀ ਤਰ੍ਹਾਂ ਜਾਣਿਆ ਜਾ ਸਕਦਾ ਹੈ ਕਿ ਉਹ ਤੁਹਾਡਾ ਮਿੱਤਰ ਬਣ ਜਾਵੇ। ਪਰ ਜਦੋਂ ਤੁਸੀਂ ਉਸ ਦੇ ਵਰਤੋ-ਵਿਹਾਰ ਅਤੇ ਉਸ ਦੀਆਂ ਰਚੀਆਂ ਚੀਜ਼ਾਂ ਬਾਰੇ ਸੋਚ-ਵਿਚਾਰ ਕਰੋਗੇ, ਤਾਂ ਤੁਸੀਂ ਉਸ ਦੀ ਸ਼ਖ਼ਸੀਅਤ ਨੂੰ ਚੰਗੀ ਤਰ੍ਹਾਂ ਜਾਣ ਲਵੋਗੇ। (ਰੋਮੀਆਂ 1:20) ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਬਚਨ ਪੜ੍ਹ ਕੇ ਤੁਹਾਨੂੰ ਇਹ ਪਤਾ ਲੱਗੇਗਾ ਕਿ ਉਸ ਨੇ ਇਨਸਾਨਾਂ ਨੂੰ ਕਿਉਂ ਬਣਾਇਆ, ਉਹ ਦੁੱਖਾਂ ਨੂੰ ਕਿਉਂ ਰਹਿਣ ਦਿੰਦਾ ਹੈ ਤੇ ਉਹ ਦੁੱਖਾਂ ਨੂੰ ਕਿਵੇਂ ਮਿਟਾਵੇਗਾ। ਸਭ ਤੋਂ ਦਿਲਚਸਪ ਗੱਲ ਤੁਹਾਨੂੰ ਇਹ ਪਤਾ ਲੱਗੇਗੀ ਕਿ ਤੁਸੀਂ ਪਰਮੇਸ਼ੁਰ ਦੇ ਮਕਸਦ ਵਿਚ ਮਹੱਤਵਪੂਰਣ ਯੋਗਦਾਨ ਪਾ ਸਕਦੇ ਹੋ। (ਯਸਾਯਾਹ 43:10; 1 ਕੁਰਿੰਥੀਆਂ 3:9) ਇਨ੍ਹਾਂ ਗੱਲਾਂ ਦੀ ਸਮਝ ਤੁਹਾਨੂੰ ਜੀਣ ਦਾ ਇਕ ਨਵਾਂ ਕਾਰਨ ਦੇਵੇਗੀ।

ਬਿਹਤਰ ਇਨਸਾਨ ਬਣੋ

ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਨਾਲ ਤੁਸੀਂ ਬਿਹਤਰ ਇਨਸਾਨ ਬਣਦੇ ਹੋ। ਤੁਹਾਡੀ ਸ਼ਖ਼ਸੀਅਤ ਸੁਧਰਦੀ ਹੈ ਜਿਸ ਕਰਕੇ ਹੋਰਨਾਂ ਨਾਲ ਤੁਹਾਡਾ ਰਿਸ਼ਤਾ ਖ਼ੁਸ਼ਗਵਾਰ ਬਣਦਾ ਹੈ। ਤੁਸੀਂ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਤੋਂ ਈਮਾਨਦਾਰੀ ਨਾਲ ਕੰਮ ਕਰਨਾ, ਪਿਆਰ ਨਾਲ ਬੋਲਣਾ ਅਤੇ ਭਰੋਸੇਯੋਗ ਵਿਅਕਤੀ ਬਣਨਾ ਸਿੱਖੋਗੇ। (ਅਫ਼ਸੀਆਂ 4:20–5:5) ਜਦ ਤੁਸੀਂ ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਜਾਣ ਜਾਂਦੇ ਹੋ ਤੇ ਉਸ ਨਾਲ ਪਿਆਰ ਕਰਨ ਲੱਗਦੇ ਹੋ, ਤਾਂ ਤੁਸੀਂ ਮੱਲੋ-ਮੱਲੀ ਉਸ ਦੀ ਰੀਸ ਕਰਨ ਲੱਗਦੇ ਹੋ। ਬਾਈਬਲ ਦੱਸਦੀ ਹੈ: “ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ ਅਤੇ ਪ੍ਰੇਮ ਨਾਲ ਚੱਲੋ।”—ਅਫ਼ਸੀਆਂ 5:1, 2.

ਕੀ ਤੁਸੀਂ ਅਜਿਹੇ ਲੋਕਾਂ ਨਾਲ ਮੇਲ-ਜੋਲ ਨਹੀਂ ਰੱਖਣਾ ਚਾਹੋਗੇ ਜੋ ਇਕ-ਦੂਸਰੇ ਨਾਲ ਪਿਆਰ ਕਰਦੇ ਹਨ? ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਨਾਲ ਤੁਹਾਡਾ ਵਾਹ ਅਜਿਹੇ ਲੋਕਾਂ ਨਾਲ ਪਵੇਗਾ ਜੋ ਚੰਗੇ ਕੰਮ ਕਰਨੇ ਪਸੰਦ ਕਰਦੇ ਹਨ। ਤੁਸੀਂ ਸ਼ਾਇਦ ਸੋਚੋ ਕਿ ਤੁਸੀਂ ਕਿਸੇ ਧਾਰਮਿਕ ਸੰਗਠਨ ਦੇ ਮੈਂਬਰ ਨਹੀਂ ਬਣਨਾ ਚਾਹੁੰਦੇ। ਪਰ ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ, ਸਮੱਸਿਆ ਧਰਮ ਨੂੰ ਮੰਨਣ ਦੀ ਨਹੀਂ ਹੈ। ਸਮੱਸਿਆ ਇਹ ਹੈ ਕਿ ਜ਼ਿਆਦਾਤਰ ਧਰਮ ਸੱਚੇ ਪਰਮੇਸ਼ੁਰ ਦੀ ਭਗਤੀ ਨਹੀਂ ਕਰਦੇ ਤੇ ਨਾ ਹੀ ਉਸ ਦੇ ਅਸੂਲਾਂ ਤੇ ਚੱਲਦੇ ਹਨ। ਬਹੁਤ ਸਾਰੇ ਧਰਮ ਪਰਮੇਸ਼ੁਰ ਦੀ ਮਰਜ਼ੀ ਦੇ ਉਲਟ ਕੰਮ ਕਰਦੇ ਹਨ। ਦੂਜੇ ਪਾਸੇ, ਯਹੋਵਾਹ ਨੂੰ ਮੰਨਣ ਵਾਲੇ ਲੋਕ ਉਸ ਦੀ ਮਰਜ਼ੀ ਮੁਤਾਬਕ ਚੱਲਦੇ ਹਨ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਘਮਸਾਣ ਦਾ ਨਹੀਂ ਸਗੋਂ ਸ਼ਾਂਤੀ ਦਾ ਹੈ।” (1 ਕੁਰਿੰਥੀਆਂ 14:33) ਸੱਚੇ ਪਰਮੇਸ਼ੁਰ ਦੇ ਭਗਤਾਂ ਨਾਲ ਮਿਲਣ-ਗਿਲਣ ਨਾਲ ਤੁਸੀਂ ਦੇਖੋਗੇ ਕਿ ਇਸ ਦਾ ਤੁਹਾਡੀ ਸੋਚ ਅਤੇ ਨਜ਼ਰੀਏ ਉੱਤੇ ਚੰਗਾ ਅਸਰ ਪਵੇਗਾ।

ਵਧੀਆ ਭਵਿੱਖ ਦੀ ਉਮੀਦ

ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਇਸ ਵੇਲੇ ਆਪਣੇ ਸੱਚੇ ਭਗਤਾਂ ਦੀ ਅਗਵਾਈ ਕਰ ਰਿਹਾ ਹੈ ਤਾਂਕਿ ਉਹ ਇਸ ਦੁਨੀਆਂ ਦੇ ਹੋਣ ਵਾਲੇ ਅੰਤ ਵਿੱਚੋਂ ਬਚ ਨਿਕਲਣ ਅਤੇ ਨਵੀਂ ਧਰਤੀ ਦੇ ਵਾਰਸ ਬਣਨ ਜਿੱਥੇ “ਧਰਮ” ਦਾ ਵਾਸ ਹੋਵੇਗਾ। (2 ਪਤਰਸ 3:13; ਪਰਕਾਸ਼ ਦੀ ਪੋਥੀ 7:9-17) ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਨਾਲ ਤੁਸੀਂ ਵਧੀਆ ਭਵਿੱਖ ਦੀ ਉਮੀਦ ਰੱਖ ਸਕਦੇ ਹੋ ਜੋ ਖ਼ੁਸ਼ ਹੋਣ ਲਈ ਬਹੁਤ ਜ਼ਰੂਰੀ ਹੈ। ਕਈ ਲੋਕ ਚੰਗੇ ਭਵਿੱਖ ਲਈ ਸਰਕਾਰ ਦੀ ਸਥਿਰਤਾ ਜਾਂ ਆਪਣੇ ਕਾਰੋਬਾਰ ਦੀ ਸਫ਼ਲਤਾ ਉੱਤੇ ਉਮੀਦਾਂ ਲਾਉਂਦੇ ਹਨ। ਉਹ ਕਾਮਨਾ ਕਰਦੇ ਹਨ ਕਿ ਉਨ੍ਹਾਂ ਦੀ ਸਿਹਤ ਹਮੇਸ਼ਾ ਚੰਗੀ ਰਹੇਗੀ ਅਤੇ ਉਹ ਨੌਕਰੀ ਤੋਂ ਰੀਟਾਇਰ ਹੋ ਕੇ ਆਰਾਮ ਦੀ ਜ਼ਿੰਦਗੀ ਬਸਰ ਕਰਨਗੇ। ਪਰ ਇਹ ਚੀਜ਼ਾਂ ਕਦੇ ਵੀ ਸਾਨੂੰ ਧੋਖਾ ਦੇ ਸਕਦੀਆਂ ਹਨ। ਦੂਜੇ ਪਾਸੇ, ਪੌਲੁਸ ਰਸੂਲ ਨੇ ਲਿਖਿਆ: “ਅਸਾਂ ਜੀਉਂਦੇ ਪਰਮੇਸ਼ੁਰ ਉੱਤੇ ਆਸ ਲਾਈ ਹੋਈ ਹੈ।”—1 ਤਿਮੋਥਿਉਸ 4:10.

ਜੇ ਤੁਸੀਂ ਪਰਮੇਸ਼ੁਰ ਦੇ ਸੱਚੇ ਭਗਤਾਂ ਦੀ ਭਾਲ ਕਰੋਗੇ, ਤਾਂ ਉਹ ਤੁਹਾਨੂੰ ਲੱਭ ਪੈਣਗੇ। ਅੱਜ ਦੁਨੀਆਂ ਵਿਚ ਜਿੱਥੇ ਫੁੱਟ ਪਈ ਹੈ, ਉੱਥੇ ਯਹੋਵਾਹ ਦੇ ਗਵਾਹਾਂ ਵਿਚ ਪਿਆਰ ਅਤੇ ਏਕਤਾ ਹੈ। ਵੱਖ-ਵੱਖ ਕੌਮਾਂ ਅਤੇ ਪਿਛੋਕੜਾਂ ਦੇ ਹੋਣ ਦੇ ਬਾਵਜੂਦ ਵੀ ਉਹ ਇਕ-ਦੂਜੇ ਨਾਲ ਏਕਤਾ ਨਾਲ ਰਹਿੰਦੇ ਹਨ ਤੇ ਯਹੋਵਾਹ ਨਾਲ ਪਿਆਰ ਕਰਦੇ ਹਨ। (ਯੂਹੰਨਾ 13:35) ਉਹ ਤੁਹਾਨੂੰ ਸੱਦਾ ਦਿੰਦੇ ਹਨ ਕਿ ਤੁਸੀਂ ਖ਼ੁਦ ਆ ਕੇ ਉਸ ਪਿਆਰ ਤੇ ਏਕਤਾ ਦਾ ਅਨੁਭਵ ਕਰੋ ਜੋ ਉਨ੍ਹਾਂ ਵਿਚ ਹੈ। ਫਿਰ ਤੁਸੀਂ ਵੀ ਸ਼ਾਇਦ ਆਸਾਫ਼ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹੋਵੋਗੇ ਕਿ “ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ।”—ਜ਼ਬੂਰਾਂ ਦੀ ਪੋਥੀ 73:28.

[ਸਫ਼ਾ 7 ਉੱਤੇ ਤਸਵੀਰ]

ਤੁਸੀਂ ਪਰਮੇਸ਼ੁਰ ਦੇ ਦੋਸਤ ਬਣ ਸਕਦੇ ਹੋ