Skip to content

Skip to table of contents

‘ਉਨ੍ਹਾਂ ਨੇ ਮਹਾਂ ਸਭਾ ਨੂੰ ਇਕੱਠਾ ਕੀਤਾ’

‘ਉਨ੍ਹਾਂ ਨੇ ਮਹਾਂ ਸਭਾ ਨੂੰ ਇਕੱਠਾ ਕੀਤਾ’

‘ਉਨ੍ਹਾਂ ਨੇ ਮਹਾਂ ਸਭਾ ਨੂੰ ਇਕੱਠਾ ਕੀਤਾ’

ਸਰਦਾਰ ਜਾਜਕ ਅਤੇ ਯਹੂਦੀ ਆਗੂਆਂ ਨੇ ਯਿਸੂ ਨੂੰ ਮਰਵਾ ਤਾਂ ਦਿੱਤਾ ਸੀ, ਪਰ ਹੁਣ ਉਨ੍ਹਾਂ ਲਈ ਇਕ ਹੋਰ ਮੁਸੀਬਤ ਖੜ੍ਹੀ ਹੋ ਗਈ ਸੀ। ਯਿਸੂ ਦੇ ਚੇਲਿਆਂ ਨੇ ਸਾਰਾ ਯਰੂਸ਼ਲਮ ਇਸ ਸਿੱਖਿਆ ਨਾਲ ਭਰ ਦਿੱਤਾ ਸੀ ਕਿ ਯਿਸੂ ਨੂੰ ਮੁਰਦਿਆਂ ਵਿੱਚੋਂ ਜੀ ਉਠਾਇਆ ਗਿਆ ਸੀ। ਪੂਰੇ ਸ਼ਹਿਰ ਵਿਚ ਲੋਕ ਜੋਸ਼ ਨਾਲ ਭਰ ਗਏ ਸਨ। ਇਨ੍ਹਾਂ ਚੇਲਿਆਂ ਨੂੰ ਚੁੱਪ ਕਿੱਦਾਂ ਕਰਾਇਆ ਜਾ ਸਕਦਾ ਸੀ? ਇਸ ਦਾ ਫ਼ੈਸਲਾ ਕਰਨ ਲਈ ਸਰਦਾਰ ਜਾਜਕ ਅਤੇ ਉਸ ਦੇ ਸਾਥੀਆਂ ਨੇ ਯਹੂਦੀਆਂ ਦੀ ‘ਮਹਾਂ ਸਭਾ ਨੂੰ ਇਕੱਠਾ ਕੀਤਾ।’—ਰਸੂਲਾਂ ਦੇ ਕਰਤੱਬ 5:21.

ਇਸਰਾਏਲ ਵਿਚ ਉਸ ਸਮੇਂ ਤੇ ਰੋਮੀ ਹਾਕਮ ਪੁੰਤਿਯੁਸ ਪਿਲਾਤੁਸ ਦਾ ਰਾਜ ਚੱਲਦਾ ਸੀ। ਪਰ ਮਹਾਸਭਾ ਨਾਲ ਪਿਲਾਤੁਸ ਦਾ ਕੀ ਤਅੱਲਕ ਸੀ? ਮਹਾਸਭਾ ਨੂੰ ਕਿੰਨਾ ਕੁ ਅਧਿਕਾਰ ਦਿੱਤਾ ਗਿਆ ਸੀ? ਇਹ ਸਭਾ ਕਿੱਦਾਂ ਬਣੀ ਤੇ ਉਸ ਵਿਚ ਕੌਣ-ਕੌਣ ਸ਼ਾਮਲ ਸਨ ਅਤੇ ਮਹਾਸਭਾ ਕਿਸ ਤਰ੍ਹਾਂ ਕੰਮ ਕਰਦੀ ਸੀ?

ਮਹਾਸਭਾ ਦਾ ਵਿਕਾਸ

ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਮਹਾਸਭਾ” ਕੀਤਾ ਗਿਆ ਹੈ, ਉਸ ਦਾ ਸ਼ਾਬਦਿਕ ਅਰਥ “ਨਾਲ ਬੈਠਣਾ” ਹੈ। ਯਹੂਦੀ ਲੋਕ ਇਸ ਮਹਾਸਭਾ ਨੂੰ ਆਮ ਤੌਰ ਤੇ ਧਾਰਮਿਕ ਸਭਾ ਜਾਂ ਅਦਾਲਤ ਕਹਿੰਦੇ ਸਨ ਜਿੱਥੇ ਲੋਕਾਂ ਦੇ ਮੁਖੀ ਬਹਿੰਦੇ ਸਨ।

ਤਾਲਮੂਦ ਦੇ ਲਿਖਾਰੀ ਮੰਨਦੇ ਸਨ ਕਿ ਮਹਾਸਭਾ ਪੁਰਾਣੇ ਸਮਿਆਂ ਤੋਂ ਚੱਲਦੀ ਆਈ ਸੀ। (ਤਾਲਮੂਦ ਯਹੂਦੀਆਂ ਦਾ ਗ੍ਰੰਥ ਹੈ ਜੋ 70 ਈ. ਵਿਚ ਯਰੂਸ਼ਲਮ ਦੇ ਨਾਸ਼ ਕੀਤੇ ਜਾਣ ਤੋਂ ਬਾਅਦ ਲਿਖਿਆ ਗਿਆ ਸੀ।) ਤਾਲਮੂਦ ਦੇ ਲਿਖਾਰੀ ਸੋਚਦੇ ਸਨ ਕਿ ਮਹਾਸਭਾ ਦੇ ਮੈਂਬਰ ਹਮੇਸ਼ਾ ਗ੍ਰੰਥੀਆਂ ਵਿੱਚੋਂ ਚੁਣੇ ਜਾਂਦੇ ਸਨ ਜੋ ਯਹੂਦੀ ਬਿਵਸਥਾ ਉੱਤੇ ਵਿਚਾਰ-ਵਟਾਂਦਰਾ ਕਰਦੇ ਹੁੰਦੇ ਸਨ। ਇਹ ਲਿਖਾਰੀ ਵਿਚਾਰਦੇ ਸਨ ਕਿ ਮਹਾਸਭਾ ਮੂਸਾ ਦੇ ਜ਼ਮਾਨੇ ਵਿਚ ਸਥਾਪਿਤ ਕੀਤੀ ਗਈ ਸੀ, ਜਦ ਮੂਸਾ ਨੇ ਇਸਰਾਏਲ ਕੌਮ ਦੀ ਦੇਖ-ਭਾਲ ਕਰਨ ਵਿਚ ਉਸ ਦੀ ਮਦਦ ਕਰਨ ਲਈ ਬਜ਼ੁਰਗਾਂ ਵਿੱਚੋਂ 70 ਮੈਂਬਰ ਇਕੱਠੇ ਕੀਤੇ ਸਨ। (ਗਿਣਤੀ 11:16, 17) ਪਰ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਮਹਾਸਭਾ ਉਦੋਂ ਹੋਂਦ ਵਿਚ ਆਈ ਜਦੋਂ ਫ਼ਾਰਸੀ ਇਸਰਾਏਲ ਉੱਤੇ ਰਾਜ ਕਰ ਰਹੇ ਸਨ। ਇਤਿਹਾਸਕਾਰ ਇਹ ਵੀ ਮੰਨਦੇ ਹਨ ਕਿ ਤਾਲਮੂਦ ਦੇ ਸ਼ਾਸਤਰੀ, ਮਹਾਸਭਾ ਦੇ ਮੈਂਬਰਾਂ ਦੀ ਬਜਾਇ ਰਾਬਿਨੀ ਸਭਾਵਾਂ ਦੇ ਮੈਂਬਰਾਂ ਨਾਲ ਜ਼ਿਆਦਾ ਮਿਲਦੇ-ਜੁਲਦੇ ਸਨ। ਤਾਂ ਫਿਰ, ਸਵਾਲ ਇਹ ਪੈਦਾ ਹੁੰਦਾ ਹੈ ਕਿ ਮਹਾਸਭਾ ਅਸਲ ਵਿਚ ਕਦੋਂ ਸਥਾਪਿਤ ਕੀਤੀ ਗਈ ਸੀ?

ਬਾਈਬਲ ਦੱਸਦੀ ਹੈ ਕਿ ਜਦ ਬਾਬਲ ਵਿਚ ਰਹਿ ਰਹੇ ਯਹੂਦੀ ਗ਼ੁਲਾਮ 537 ਈ. ਪੂ. ਵਿਚ ਆਪਣੇ ਵਤਨ ਵਾਪਸ ਗਏ, ਤਾਂ ਲੋਕਾਂ ਦੀ ਸੇਵਾ ਕਰਨ ਲਈ ਕੁਝ ਵਫ਼ਾਦਾਰ ਆਦਮੀ ਨਿਯੁਕਤ ਕੀਤੇ ਗਏ ਸਨ। ਨਹਮਯਾਹ ਅਤੇ ਅਜ਼ਰਾ ਨਬੀ ਅਨੁਸਾਰ ਉਸ ਸਮੇਂ ਸਰਦਾਰਾਂ, ਬਜ਼ੁਰਗਾਂ, ਸ਼ਰੀਫਾਂ ਅਤੇ ਰਈਸਾਂ ਦੁਆਰਾ ਲੋਕਾਂ ਦੀ ਨਿਗਰਾਨੀ ਕੀਤੀ ਗਈ ਸੀ। ਹੋ ਸਕਦਾ ਹੈ ਕਿ ਇਹ ਪਹਿਲੀ ਸਦੀ ਦੀ ਮਹਾਸਭਾ ਦੀ ਸ਼ੁਰੂਆਤ ਸੀ।—ਅਜ਼ਰਾ 10:8; ਨਹਮਯਾਹ 5:7.

ਇਬਰਾਨੀ ਸ਼ਾਸਤਰ ਦੀ ਲਿਖਾਈ ਪੂਰੀ ਹੋਣ ਅਤੇ ਯੂਨਾਨੀ ਸ਼ਾਸਤਰ ਸ਼ੁਰੂ ਕਰਨ ਦੇ ਵਿਚਾਲੇ ਦਾ ਸਮਾਂ ਯਹੂਦੀਆਂ ਲਈ ਬਹੁਤ ਸੰਕਟ ਭਰਿਆ ਸੀ। ਸਿਕੰਦਰ ਮਹਾਨ ਨੇ 332 ਈ. ਪੂ. ਵਿਚ ਇਸਰਾਏਲੀਆਂ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ ਸੀ। ਸਿਕੰਦਰ ਦੀ ਮੌਤ ਤੋਂ ਬਾਅਦ ਉਸ ਦਾ ਵਿਸ਼ਾਲ ਸਾਮਰਾਜ ਚਾਰ ਹਿੱਸਿਆਂ ਵਿਚ ਵੰਡਿਆ ਗਿਆ ਸੀ ਜਿਨ੍ਹਾਂ ਉੱਤੇ ਸਿਕੰਦਰ ਦੇ ਜਨਰਲਾਂ ਨੇ ਰਾਜ ਕੀਤਾ। ਯਹੂਦਾਹ ਦਾ ਦੇਸ਼ ਇਨ੍ਹਾਂ ਵਿੱਚੋਂ ਪਹਿਲਾਂ ਟਾਲਮੀ ਫਿਰ ਸਿਲੂਕਸੀ ਰਾਜਿਆਂ ਦੇ ਅਧੀਨ ਆਇਆ। ਸਿਲੂਕਸੀ ਖ਼ਾਨਦਾਨ ਦਾ ਰਾਜ 198 ਈ. ਪੂ. ਵਿਚ ਸ਼ੁਰੂ ਹੋਇਆ ਸੀ ਅਤੇ ਸਿਲੂਕਸੀ ਰਾਜਿਆਂ ਬਾਰੇ ਇਤਿਹਾਸਕ ਲਿਖਤਾਂ ਵਿਚ ਯਹੂਦੀ ਮਹਾਸਭਾ ਦਾ ਪਹਿਲੀ ਵਾਰ ਜ਼ਿਕਰ ਕੀਤਾ ਜਾਂਦਾ ਹੈ। ਸੰਭਵ ਹੈ ਕਿ ਸਿਲੂਕਸੀ ਰਾਜ ਅਧੀਨ ਇਸ ਸਭਾ ਕੋਲ ਬਹੁਤਾ ਅਧਿਕਾਰ ਨਹੀਂ ਸੀ, ਪਰ ਯਹੂਦੀਆਂ ਨੂੰ ਲੱਗਦਾ ਸੀ ਕਿ ਉਹ ਆਪਣੇ ਲੋਕਾਂ ਉੱਤੇ ਆਪ ਸ਼ਾਸਨ ਕਰ ਰਹੇ ਸਨ।

ਫਿਰ 167 ਈ. ਪੂ. ਵਿਚ ਸਿਲੂਕਸੀ ਰਾਜਾ ਐੱਨਟੀਓਕਸ ਚੌਥੇ (ਇਪਿਫ਼ੇਨੀਜ਼) ਨੇ ਯਹੂਦੀਆਂ ਉੱਤੇ ਯੂਨਾਨੀ ਰੀਤਾਂ-ਰਿਵਾਜਾਂ ਨੂੰ ਠੋਸਣ ਦੀ ਕੋਸ਼ਿਸ਼ ਕੀਤੀ। ਐੱਨਟੀਓਕਸ ਨੇ ਯਰੂਸ਼ਲਮ ਦੀ ਹੈਕਲ ਵਿਚ ਜਗਵੇਦੀ ਉੱਤੇ ਆਪਣੇ ਜ਼ਿਊਸ ਦੇਵਤੇ ਨੂੰ ਸੂਰ ਦੀ ਬਲੀ ਚੜ੍ਹਾ ਕੇ ਹੈਕਲ ਨੂੰ ਭ੍ਰਿਸ਼ਟ ਕੀਤਾ। ਨਤੀਜੇ ਵਜੋਂ, ਯਹੂਦੀਆਂ ਨੇ ਸਿਲੂਕਸੀ ਹਾਕਮਾਂ ਖ਼ਿਲਾਫ਼ ਬਗਾਵਤ ਸ਼ੁਰੂ ਕਰ ਦਿੱਤੀ। ਇਸ ਬਗਾਵਤ ਦੇ ਪਿੱਛੇ ਗ੍ਰੰਥੀਆਂ ਅਤੇ ਫ਼ਰੀਸੀਆਂ ਦਾ ਹੱਥ ਸੀ। ਇਸ ਬਗਾਵਤ ਦੌਰਾਨ ਮੈਕਾਬੀਆਂ (ਯਹੂਦੀ ਜਾਜਕਾਂ ਦਾ ਇਕ ਪਰਿਵਾਰ) ਨੂੰ ਆਜ਼ਾਦੀ ਮਿਲ ਗਈ ਅਤੇ ਉਨ੍ਹਾਂ ਨੇ ਹਾਸਮੋਨੀ ਖ਼ਾਨਦਾਨ ਦਾ ਰਾਜ ਸਥਾਪਿਤ ਕੀਤਾ। * ਇਸ ਸਮੇਂ ਦੌਰਾਨ ਲੋਕਾਂ ਉੱਤੇ ਗ੍ਰੰਥੀਆਂ ਅਤੇ ਫ਼ਰੀਸੀਆਂ ਦਾ ਪ੍ਰਭਾਵ ਵਧਦਾ ਗਿਆ ਤੇ ਜਾਜਕਾਂ ਦਾ ਘੱਟਦਾ ਗਿਆ।

ਇਸ ਸਮੇਂ ਦੌਰਾਨ ਯੂਨਾਨੀ ਸ਼ਾਸਤਰ ਵਿਚ ਜ਼ਿਕਰ ਕੀਤੀ ਗਈ ਮਹਾਸਭਾ ਦਾ ਵਿਕਾਸ ਹੋ ਰਿਹਾ ਸੀ। ਇਸ ਮਹਾਸਭਾ ਨੇ ਯਹੂਦੀਆਂ ਦੇ ਸੁਪਰੀਮ ਕੋਰਟ ਵਜੋਂ ਕੰਮ ਕਰਨਾ ਸੀ।

ਮਹਾਸਭਾ ਦਾ ਅਧਿਕਾਰ

ਪਹਿਲੀ ਸਦੀ ਤਕ ਯਹੂਦਿਯਾ ਪੂਰੀ ਤਰ੍ਹਾਂ ਰੋਮ ਦੀ ਸੱਤਾ ਹੇਠ ਆ ਚੁੱਕਾ ਸੀ। ਪਰ ਰੋਮ ਦੀ ਹਕੂਮਤ ਅਧੀਨ ਯਹੂਦੀਆਂ ਕੋਲ ਕੁਝ ਹੱਦ ਤਕ ਆਜ਼ਾਦੀ ਸੀ। ਰੋਮ ਦੀ ਇਹ ਪਾਲਸੀ ਸੀ ਕਿ ਉਸ ਦੇ ਅਧਿਕਾਰ ਅਧੀਨ ਸਭ ਕੌਮਾਂ ਆਪਣੀ ਸਰਕਾਰ ਆਪ ਚੁਣ ਸਕਦੀਆਂ ਸਨ। ਇਸ ਲਈ, ਰੋਮੀ ਅਧਿਕਾਰੀ ਸਥਾਨਕ ਅਦਾਲਤਾਂ ਦੇ ਮਾਮਲਿਆਂ ਵਿਚ ਦਖ਼ਲ ਨਹੀਂ ਸੀ ਦਿੰਦੇ। ਉਹ ਅਜਿਹੀਆਂ ਮੁਸ਼ਕਲਾਂ ਤੋਂ ਦੂਰ ਹੀ ਰਹਿੰਦੇ ਸਨ ਜੋ ਵੱਖਰੇ ਰੀਤਾਂ-ਰਿਵਾਜਾਂ ਜਾਂ ਵੱਖਰੇ ਸਭਿਆਚਾਰ ਕਾਰਨ ਪੈਦਾ ਹੋ ਸਕਦੀਆਂ ਸਨ। ਲੋਕਾਂ ਨੂੰ ਆਪਣੀ ਹਕੂਮਤ ਚਲਾਉਣ ਦੀ ਇਜਾਜ਼ਤ ਦੇ ਕੇ ਰੋਮੀ ਆਪਣੇ ਰਾਜ ਵਿਚ ਸ਼ਾਂਤੀ ਕਾਇਮ ਰੱਖਣੀ ਅਤੇ ਲੋਕਾਂ ਦਾ ਵਿਸ਼ਵਾਸ ਜਿੱਤਣਾ ਚਾਹੁੰਦੇ ਸਨ। ਹਾਂ, ਰੋਮੀ ਸਰਕਾਰ ਮਹਾਸਭਾ ਦੇ ਸਰਦਾਰ ਜਾਜਕ ਨੂੰ ਪਦਵੀ ਤੋਂ ਹਟਾਉਣ ਤੇ ਨਿਯੁਕਤ ਕਰਨ ਅਤੇ ਲੋਕਾਂ ਤੋਂ ਟੈਕਸ ਵਸੂਲ ਕਰਨ ਦਾ ਕੰਮ ਕਰਦੀ ਸੀ। ਇਸ ਤੋਂ ਸਿਵਾਇ ਉਹ ਯਹੂਦੀਆਂ ਦੇ ਕਿਸੇ ਮਾਮਲੇ ਵਿਚ ਦਖ਼ਲ ਤਦ ਹੀ ਦਿੰਦੀ ਸੀ ਜਦ ਇਸ ਦਾ ਉਨ੍ਹਾਂ ਦੇ ਰਾਜ ਉੱਤੇ ਕੋਈ ਅਸਰ ਪੈਂਦਾ ਸੀ। ਯਿਸੂ ਖ਼ਿਲਾਫ਼ ਚਲਾਏ ਗਏ ਮੁਕੱਦਮੇ ਤੋਂ ਜ਼ਾਹਰ ਹੁੰਦਾ ਹੈ ਕਿ ਮੌਤ ਦੀ ਸਜ਼ਾ ਦੇਣ ਦਾ ਅਧਿਕਾਰ ਸਿਰਫ਼ ਰੋਮੀ ਹਾਕਮਾਂ ਕੋਲ ਸੀ।—ਯੂਹੰਨਾ 18:31.

ਤਾਂ ਫਿਰ, ਯਹੂਦੀ ਲੋਕਾਂ ਦੇ ਮਾਮਲਿਆਂ ਨੂੰ ਨਜਿੱਠਣ ਦਾ ਅਧਿਕਾਰ ਮਹਾਸਭਾ ਨੂੰ ਦਿੱਤਾ ਗਿਆ ਸੀ। ਮਹਾਸਭਾ ਦੇ ਸਿਪਾਹੀ ਸਨ ਜੋ ਅਪਰਾਧੀਆਂ ਨੂੰ ਗਿਰਫ਼ਤਾਰ ਕਰਦੇ ਸਨ। (ਯੂਹੰਨਾ 7:32) ਛੋਟੀਆਂ ਅਦਾਲਤਾਂ ਵਿਚ ਛੋਟੇ-ਮੋਟੇ ਮੁਕੱਦਮੇ ਚਲਾਏ ਜਾਂਦੇ ਸਨ। ਪਰ ਜੇ ਛੋਟੀ ਅਦਾਲਤ ਤੋਂ ਕੇਸ ਦਾ ਫ਼ੈਸਲਾ ਨਹੀਂ ਕੀਤਾ ਜਾਂਦਾ ਸੀ, ਤਾਂ ਕੇਸ ਮਹਾਸਭਾ ਦੇ ਸਾਮ੍ਹਣੇ ਪੇਸ਼ ਕੀਤਾ ਜਾਂਦਾ ਸੀ। ਮਹਾਸਭਾ ਦਾ ਫ਼ੈਸਲਾ ਅਟੱਲ ਹੁੰਦਾ ਸੀ। ਯਹੂਦੀਆਂ ਦੇ ਇਨ੍ਹਾਂ ਮਾਮਲਿਆਂ ਵਿਚ ਰੋਮੀ ਸਰਕਾਰ ਕੋਈ ਦਖ਼ਲਅੰਦਾਜ਼ੀ ਨਹੀਂ ਕਰਦੀ ਸੀ।

ਮਹਾਸਭਾ ਨੂੰ ਆਪਣਾ ਅਧਿਕਾਰ ਚੱਲਦਾ ਰੱਖਣ ਲਈ ਆਪਸ ਵਿਚ ਸ਼ਾਂਤੀ ਬਣਾਈ ਰੱਖਣ ਅਤੇ ਰੋਮੀ ਸਰਕਾਰ ਦੇ ਅਧੀਨ ਰਹਿਣ ਦੀ ਲੋੜ ਸੀ। ਪਰ ਜਿਨ੍ਹਾਂ ਉੱਤੇ ਰੋਮੀ ਸਰਕਾਰ ਖ਼ਿਲਾਫ਼ ਜਾਣ ਦਾ ਸ਼ੱਕ ਕੀਤਾ ਜਾਂਦਾ ਸੀ, ਉਨ੍ਹਾਂ ਨੂੰ ਰੋਮੀਆਂ ਦੇ ਹੱਥੋਂ ਸਜ਼ਾ ਮਿਲਦੀ ਸੀ। ਇਸ ਦੀ ਇਕ ਮਿਸਾਲ ਹੈ ਜਦ ਰੋਮੀ ਸਿਪਾਹੀਆਂ ਨੇ ਪੌਲੁਸ ਰਸੂਲ ਨੂੰ ਗਿਰਫ਼ਤਾਰ ਕੀਤਾ ਸੀ।—ਰਸੂਲਾਂ ਦੇ ਕਰਤੱਬ 21:31-40.

ਮਹਾਸਭਾ ਦੇ ਮੈਂਬਰ

ਮਹਾਸਭਾ ਦੇ 71 ਮੈਂਬਰ ਸਨ। ਇਨ੍ਹਾਂ ਵਿਚ ਪ੍ਰਧਾਨ ਜਾਜਕ ਅਤੇ 70 ਬਜ਼ੁਰਗ ਯਾਨੀ ਵੱਡੀਆਂ ਪਦਵੀਆਂ ਵਾਲੇ ਬੰਦੇ ਸਨ। ਰੋਮੀ ਸੱਤਾ ਅਧੀਨ ਇਹ ਬੰਦੇ ਸ਼ਾਸਤਰੀਆਂ (ਖ਼ਾਸ ਕਰਕੇ ਸਦੂਕੀਆਂ), ਸ਼ਾਹੀ ਖ਼ਾਨਦਾਨ ਅਤੇ ਗ੍ਰੰਥੀਆਂ (ਫ਼ਰੀਸੀਆਂ) ਵਿੱਚੋਂ ਚੁਣੇ ਗਏ ਸਨ। ਇਸ ਸਭਾ ਉੱਤੇ ਪ੍ਰਧਾਨ ਕਰਨ ਲਈ ਜਾਜਕਾਂ ਦੀ ਸ਼ਾਹੀ ਮੰਡਲੀ ਅਤੇ ਵੱਡੀਆਂ ਪਦਵੀਆਂ ਵਾਲੇ ਬੰਦੇ ਚੁਣੇ ਜਾਂਦੇ ਸਨ। * ਸਦੂਕੀ ਰੂੜ੍ਹੀਵਾਦੀ ਸਨ ਯਾਨੀ ਉਹ ਯਹੂਦੀ ਪਰੰਪਰਾ ਮੁਤਾਬਕ ਚੱਲਦੇ ਸਨ। ਪਰ ਫ਼ਰੀਸੀ ਖੁੱਲ੍ਹੇ ਵਿਚਾਰਾਂ ਵਾਲੇ ਸਨ ਅਤੇ ਆਮ ਜਨਤਾ ਵਿੱਚੋਂ ਹੋਣ ਕਰਕੇ ਉਨ੍ਹਾਂ ਦਾ ਲੋਕਾਂ ਉੱਤੇ ਵੱਡਾ ਪ੍ਰਭਾਵ ਸੀ। ਇਤਿਹਾਸਕਾਰ ਜੋਸੀਫ਼ਸ ਮੁਤਾਬਕ ਸਦੂਕੀ ਜਕੋਤਕੀ ਨਾਲ ਫ਼ਰੀਸੀਆਂ ਦੀ ਗੱਲ ਮੰਨਦੇ ਸਨ। ਉਹ ਕਈ ਗੱਲਾਂ ਵਿਚ ਇਕ-ਦੂਜੇ ਨਾਲ ਸਹਿਮਤ ਨਹੀਂ ਸਨ। ਪੌਲੁਸ ਰਸੂਲ ਨੇ ਇਸੇ ਅਸਹਿਮਤੀ ਦਾ ਫ਼ਾਇਦਾ ਉਠਾ ਕੇ ਮਹਾਸਭਾ ਨੂੰ ਆਪਣੇ ਵੱਲ ਕਾਇਲ ਕਰਨ ਦੀ ਕੋਸ਼ਿਸ਼ ਕੀਤੀ।—ਰਸੂਲਾਂ ਦੇ ਕਰਤੱਬ 23:6-9.

ਮਹਾਸਭਾ ਦੇ ਮੈਂਬਰ ਸ਼ਾਹੀ ਖ਼ਾਨਦਾਨਾਂ ਵਿੱਚੋਂ ਸਨ, ਇਸ ਲਈ ਉਨ੍ਹਾਂ ਦੀ ਮੈਂਬਰੀ ਪੱਕੀ ਸੀ। ਜਦ ਕਿਸੇ ਕਾਰਨ ਕਰਕੇ (ਜਿਵੇਂ ਕਿਸੇ ਦੀ ਮੌਤ ਹੋਣ ਕਾਰਨ) ਨਵੇਂ ਮੈਂਬਰ ਦੀ ਚੋਣ ਕੀਤੀ ਜਾਂਦੀ ਸੀ, ਤਾਂ ਮੌਜੂਦਾ ਮੈਂਬਰ ਉਸ ਨੂੰ ਚੁਣਦੇ ਸਨ। ਮਿਸ਼ਨਾ ਅਨੁਸਾਰ, ਨਵੇਂ ਮੈਂਬਰ “ਜਾਜਕਾਂ, ਲੇਵੀਆਂ ਅਤੇ ਉਨ੍ਹਾਂ ਇਸਰਾਏਲੀਆਂ ਵਿੱਚੋਂ ਲਏ ਗਏ ਸਨ ਜਿਨ੍ਹਾਂ ਦੀਆਂ ਧੀਆਂ ਜਾਜਕਾਂ ਨਾਲ ਵਿਆਹੀਆਂ ਜਾ ਸਕਦੀਆਂ ਸਨ।” ਇਸ ਦਾ ਮਤਲਬ ਹੈ ਕਿ ਨਵੇਂ ਮੈਂਬਰਾਂ ਨੂੰ ਆਪਣੀ ਵੰਸ਼ਾਵਲੀ ਰਾਹੀਂ ਸਾਬਤ ਕਰਨਾ ਪੈਂਦਾ ਸੀ ਕਿ ਉਹ ਯਹੂਦੀ ਸਨ। ਦੇਸ਼ ਦੀਆਂ ਸਾਰੀਆਂ ਅਦਾਲਤਾਂ ਉੱਚ ਅਦਾਲਤ ਦੀ ਨਿਗਰਾਨੀ ਅਧੀਨ ਸਨ, ਇਸ ਲਈ ਇਹ ਸੰਭਵ ਹੈ ਕਿ ਜੋ ਬੰਦੇ ਛੋਟੀਆਂ ਅਦਾਲਤਾਂ ਵਿਚ ਮਸ਼ਹੂਰੀ ਖੱਟਦੇ ਸਨ ਉਨ੍ਹਾਂ ਨੂੰ ਇਕ ਦਿਨ ਮਹਾਸਭਾ ਦੇ ਮੈਂਬਰ ਬਣਾਇਆ ਜਾਂਦਾ ਸੀ।

ਅਧਿਕਾਰ ਦੀ ਸੀਮਾ

ਯਹੂਦੀ ਲੋਕ ਮਹਾਸਭਾ ਦਾ ਬਹੁਤ ਆਦਰ ਕਰਦੇ ਸਨ। ਇਸ ਸਭਾ ਦਾ ਫ਼ੈਸਲਾ ਅਟੱਲ ਹੁੰਦਾ ਸੀ। ਇਸ ਲਈ ਛੋਟੀਆਂ ਅਦਾਲਤਾਂ ਦੇ ਜੱਜਾਂ ਨੂੰ ਮਹਾਸਭਾ ਦੇ ਫ਼ੈਸਲੇ ਸਵੀਕਾਰ ਕਰਨੇ ਪੈਂਦੇ ਸਨ, ਨਹੀਂ ਤਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਸੀ। ਮਹਾਸਭਾ ਖ਼ਾਸ ਕਰਕੇ ਜਾਜਕਾਂ ਦੀਆਂ ਯੋਗਤਾਵਾਂ ਅਤੇ ਉਨ੍ਹਾਂ ਮਾਮਲਿਆਂ ਉੱਤੇ ਧਿਆਨ ਰੱਖਦੀ ਸੀ ਜੋ ਯਰੂਸ਼ਲਮ, ਉਸ ਦੀ ਹੈਕਲ ਅਤੇ ਹੈਕਲ ਵਿਚ ਕੀਤੀ ਗਈ ਭਗਤੀ ਨਾਲ ਸੰਬੰਧ ਰੱਖਦੇ ਸਨ। ਅਸਲ ਵਿਚ ਮਹਾਸਭਾ ਸਿਰਫ਼ ਯਹੂਦਿਯਾ ਵਿਚ ਅਧਿਕਾਰ ਰੱਖਦੀ ਸੀ। ਪਰ ਕਿਉਂਕਿ ਇਸ ਸਭਾ ਨੂੰ ਯਹੂਦੀ ਬਿਵਸਥਾ ਦਾ ਅਰਥ ਸਮਝਾਉਣ ਵਿਚ ਮਾਹਰ ਸਮਝਿਆ ਜਾਂਦਾ ਸੀ, ਉਸ ਦਾ ਦੁਨੀਆਂ ਭਰ ਵਿਚ ਯਹੂਦੀ ਸਮਾਜਾਂ ਉੱਤੇ ਪ੍ਰਭਾਵ ਸੀ। ਮਿਸਾਲ ਲਈ, ਸਰਦਾਰ ਜਾਜਕ ਅਤੇ ਬਜ਼ੁਰਗਾਂ ਦੀ ਸਾਰੀ ਪੰਚਾਇਤ ਨੇ ਦੰਮਿਸਕ ਵਿਚ ਯਹੂਦੀ ਸਭਾ-ਘਰ ਦੇ ਆਗੂਆਂ ਨੂੰ ਚਿੱਠੀਆਂ ਰਾਹੀਂ ਇਹ ਹੁਕਮ ਦਿੱਤਾ ਕਿ ਉਹ ਯਿਸੂ ਦੇ ਚੇਲਿਆਂ ਨੂੰ ਗਿਰਫ਼ਤਾਰ ਕਰਨ ਵਿਚ ਉਨ੍ਹਾਂ ਦਾ ਸਾਥ ਦੇਣ। (ਰਸੂਲਾਂ ਦੇ ਕਰਤੱਬ 9:1, 2; 22:4, 5; 26:12) ਇਸ ਤੋਂ ਇਲਾਵਾ, ਸੰਭਵ ਹੈ ਕਿ ਜੋ ਲੋਕ ਤਿਉਹਾਰ ਮਨਾਉਣ ਲਈ ਯਰੂਸ਼ਲਮ ਨੂੰ ਆਉਂਦੇ ਸਨ, ਉਹ ਘਰ ਵਾਪਸ ਜਾ ਕੇ ਮਹਾਸਭਾ ਦੇ ਫ਼ੈਸਲੇ ਸਾਰਿਆਂ ਨੂੰ ਦੱਸਦੇ ਸਨ।

ਮਿਸ਼ਨਾ ਮੁਤਾਬਕ, ਕੁਝ ਮਾਮਲਿਆਂ ਦਾ ਫ਼ੈਸਲਾ ਮਹਾਸਭਾ ਹੀ ਕਰਦੀ ਸੀ। ਮਿਸਾਲ ਲਈ, ਕੌਮੀ ਮੁਸ਼ਕਲਾਂ ਸੰਬੰਧੀ ਫ਼ੈਸਲੇ ਮਹਾਸਭਾ ਹੀ ਕਰਦੀ ਸੀ ਅਤੇ ਜਦੋਂ ਕੋਈ ਜੱਜ ਉਨ੍ਹਾਂ ਦੇ ਖ਼ਿਲਾਫ਼ ਜਾਂਦਾ ਸੀ ਜਾਂ ਝੂਠੇ ਨਬੀਆਂ ਦਾ ਕੋਈ ਮਾਮਲਾ ਸੀ, ਤਾਂ ਮਹਾਸਭਾ ਹੀ ਕਾਰਵਾਈ ਕਰਦੀ ਸੀ। ਯਿਸੂ ਅਤੇ ਇਸਤੀਫ਼ਾਨ ਨੂੰ ਅਦਾਲਤ ਸਾਮ੍ਹਣੇ ਇਸ ਲਈ ਪੇਸ਼ ਹੋਣਾ ਪਿਆ ਕਿਉਂਕਿ ਉਨ੍ਹਾਂ ਉੱਤੇ ਕੁਫ਼ਰ ਬੋਲਣ ਦਾ ਦੋਸ਼ ਲਾਇਆ ਗਿਆ ਸੀ। ਪਤਰਸ ਅਤੇ ਯੂਹੰਨਾ ਉੱਤੇ ਕੌਮ ਨੂੰ ਭਰਮਾਉਣ ਦਾ ਦੋਸ਼ ਲਾਇਆ ਗਿਆ ਅਤੇ ਪੌਲੁਸ ਰਸੂਲ ਉੱਤੇ ਹੈਕਲ ਨੂੰ ਭ੍ਰਿਸ਼ਟ ਕਰਨ ਦਾ ਦੋਸ਼ ਲਾਇਆ ਗਿਆ ਸੀ।—ਮਰਕੁਸ 14:64; ਰਸੂਲਾਂ ਦੇ ਕਰਤੱਬ 4:15-17; 6:11; 23:1; 24:6.

ਯਿਸੂ ਅਤੇ ਉਸ ਦੇ ਚੇਲਿਆਂ ਖ਼ਿਲਾਫ਼ ਕਾਰਵਾਈ

ਸਬਤ ਦੇ ਦਿਨ ਅਤੇ ਹੋਰਨਾਂ ਧਾਰਮਿਕ ਤਿਉਹਾਰਾਂ ਤੋਂ ਛੁੱਟ, ਮਹਾਸਭਾ ਦੇ ਮੈਂਬਰ ਹਰ ਦਿਨ ਸਵੇਰ ਨੂੰ ਚੜ੍ਹਾਵਾ ਚੜ੍ਹਾਉਣ ਦੇ ਵੇਲੇ ਤੋਂ ਲੈ ਕੇ ਸ਼ਾਮ ਦੇ ਚੜ੍ਹਾਵੇ ਤਕ ਇਕੱਠੇ ਹੁੰਦੇ ਸਨ। ਮੁਕੱਦਮੇ ਸਿਰਫ਼ ਦਿਨ ਨੂੰ ਹੀ ਚਲਾਏ ਜਾਂਦੇ ਸਨ, ਸੂਰਜ ਡੁੱਬਣ ਤੋਂ ਬਾਅਦ ਨਹੀਂ। ਦੋਸ਼ੀ ਵਿਅਕਤੀ ਨੂੰ ਮੌਤ ਦੀ ਸਜ਼ਾ ਮੁਕੱਦਮੇ ਤੋਂ ਇਕ ਦਿਨ ਬਾਅਦ ਸੁਣਾਈ ਜਾਂਦੀ ਸੀ। ਅਜਿਹੇ ਮੁਕੱਦਮੇ ਸਬਤ ਜਾਂ ਹੋਰ ਕਿਸੇ ਤਿਉਹਾਰ ਦੀ ਸੰਝ ਨਹੀਂ ਚਲਾਏ ਜਾ ਸਕਦੇ ਸਨ। ਗਵਾਹਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਜਾਂਦੀ ਸੀ ਕਿ ਝੂਠੀ ਗਵਾਹੀ ਦੇਣ ਨਾਲ ਨਿਰਦੋਸ਼ ਦਾ ਖ਼ੂਨ ਵਹਾਉਣਾ ਵੱਡਾ ਪਾਪ ਸੀ। ਯਿਸੂ ਦੇ ਮੁਕੱਦਮੇ ਦੌਰਾਨ ਇਹ ਸਾਰੇ ਨਿਯਮ ਤੋੜੇ ਗਏ ਸਨ। ਯਿਸੂ ਦੇ ਖ਼ਿਲਾਫ਼ ਮੁਕੱਦਮਾ ਕਯਾਫ਼ਾ ਦੇ ਘਰ ਰਾਤ ਨੂੰ, ਸਬਤ ਦੀ ਸੰਝ ਵੇਲੇ ਚਲਾਇਆ ਗਿਆ ਸੀ ਅਤੇ ਉਸੇ ਰਾਤ ਸਜ਼ਾ ਸੁਣਾਈ ਗਈ ਸੀ। ਇਹ ਸਭ ਗ਼ੈਰ-ਕਾਨੂੰਨੀ ਸੀ। ਇਸ ਤੋਂ ਵੀ ਵਧ, ਜੱਜਾਂ ਨੇ ਝੂਠੇ ਗਵਾਹਾਂ ਨੂੰ ਇਕੱਠਾ ਕਰ ਕੇ ਉਨ੍ਹਾਂ ਦੀ ਗੱਲ ਸੁਣੀ ਅਤੇ ਪਿਲਾਤੁਸ ਨੂੰ ਯਿਸੂ ਨੂੰ ਮੌਤ ਦੀ ਸਜ਼ਾ ਸੁਣਾਉਣ ਲਈ ਮਨਾ ਲਿਆ।—ਮੱਤੀ 26:57-59; ਯੂਹੰਨਾ 11:47-53; 19:31.

ਤਾਲਮੂਦ ਵਿਚ ਲਿਖਿਆ ਹੈ ਕਿ ਮੌਤ-ਦੰਡ ਸੰਬੰਧੀ ਕਾਰਵਾਈਆਂ ਦੌਰਾਨ ਜੱਜ ਮੁਦਾਲੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਸਨ। ਲੇਕਿਨ ਯਿਸੂ ਅਤੇ ਇਸਤੀਫ਼ਾਨ ਨਾਲ ਇਸ ਤਰ੍ਹਾਂ ਨਹੀਂ ਕੀਤਾ ਗਿਆ। ਇਸਤੀਫ਼ਾਨ ਨੂੰ ਮਹਾਸਭਾ ਦੇ ਸਾਮ੍ਹਣੇ ਲਿਆਂਦਾ ਗਿਆ ਅਤੇ ਉਸ ਨੂੰ ਮੌਤ ਦੀ ਸਜ਼ਾ ਦੇ ਕੇ ਪੱਥਰਾਂ ਨਾਲ ਮਰਵਾ ਦਿੱਤਾ। ਜੇ ਰੋਮੀ ਨਾ ਦਖ਼ਲ ਦਿੰਦੇ, ਤਾਂ ਪੌਲੁਸ ਰਸੂਲ ਨੂੰ ਵੀ ਸ਼ਾਇਦ ਇਸੇ ਤਰ੍ਹਾਂ ਮਾਰ ਦਿੱਤਾ ਜਾਣਾ ਸੀ। ਵੈਸੇ ਮਹਾਸਭਾ ਦੇ ਜੱਜਾਂ ਨੇ ਤਾਂ ਉਸ ਨੂੰ ਮਾਰ ਦੇਣ ਦੀ ਸਾਜ਼ਸ਼ ਰਚੀ ਸੀ।—ਰਸੂਲਾਂ ਦੇ ਕਰਤੱਬ 6:12; 7:58; 23:6-15.

ਖ਼ੈਰ ਮਹਾਸਭਾ ਦੇ ਕੁਝ ਮੈਂਬਰ ਅਸੂਲਾਂ ਦੇ ਬੰਦੇ ਸਨ। ਉਸ ਧਨੀ ਨੌਜਵਾਨ ਨੂੰ ਯਾਦ ਕਰੋ ਜੋ ਯਿਸੂ ਨਾਲ ਗੱਲ ਕਰਨ ਆਇਆ ਸੀ। ਹੋ ਸਕਦਾ ਹੈ ਕਿ ਉਹ ਮਹਾਸਭਾ ਦਾ ਇਕ ਮੈਂਬਰ ਸੀ। ਭਾਵੇਂ ਕਿ ਉਹ ਨੌਜਵਾਨ ਧਨ-ਦੌਲਤ ਨਾਲ ਬਹੁਤ ਪਿਆਰ ਕਰਦਾ ਸੀ, ਇਸ ਵਿਚ ਕਈ ਸ਼ੱਕ ਨਹੀਂ ਕਿ ਉਹ ਇਕ ਨੇਕ ਇਨਸਾਨ ਸੀ ਕਿਉਂਕਿ ਯਿਸੂ ਨੇ ਉਸ ਨੂੰ ਆਪਣਾ ਚੇਲਾ ਬਣਨ ਲਈ ਕਿਹਾ ਸੀ।—ਮੱਤੀ 19:16-22; ਲੂਕਾ 18:18, 22.

ਹੋ ਸਕਦਾ ਹੈ ਕਿ ਨਿਕੁਦੇਮੁਸ ਨਾਂ ਦਾ ਫ਼ਰੀਸੀ ਜੋ “ਯਹੂਦੀਆਂ ਦਾ ਇੱਕ ਸਰਦਾਰ” ਸੀ, ਮਹਾਸਭਾ ਦੇ ਹੋਰਨਾਂ ਮੈਂਬਰਾਂ ਦੇ ਡਰ ਕਾਰਨ ਯਿਸੂ ਨੂੰ ਰਾਤ ਦੇ ਹਨੇਰੇ ਵਿਚ ਮਿਲਣ ਆਇਆ ਸੀ। ਲੇਕਿਨ ਨਿਕੁਦੇਮੁਸ ਨੇ ਯਿਸੂ ਦੇ ਪੱਖ ਵਿਚ ਮਹਾਸਭਾ ਨੂੰ ਪੁੱਛਿਆ: “ਕੀ ਸਾਡੀ ਸ਼ਰਾ ਕਿਸੇ ਮਨੁੱਖ ਨੂੰ ਉਹ ਦੀ ਸੁਣਨ ਅਤੇ ਇਹ ਜਾਣਨ ਤੋਂ ਪਹਿਲਾਂ ਭਈ ਉਹ ਕੀ ਕਰਦਾ ਹੈਗਾ ਦੋਸ਼ੀ ਠਹਿਰਾਉਂਦੀ ਹੈ?” ਫਿਰ ਯਿਸੂ ਦੀ ਮੌਤ ਹੋਣ ਤੇ ਨਿਕੁਦੇਮੁਸ ਨੇ “ਗੰਧਰਸ ਅਤੇ ਊਦ” ਲਿਆ ਕੇ ਯਿਸੂ ਦੀ ਲਾਸ਼ ਨੂੰ ਦਫ਼ਨਾਉਣ ਲਈ ਤਿਆਰ ਕੀਤਾ।—ਯੂਹੰਨਾ 3:1, 2; 7:51, 52; 19:39.

ਅਰਿਮਥੇਆ ਦਾ ਯੂਸੁਫ਼ ਮਹਾਸਭਾ ਦਾ ਇਕ ਹੋਰ ਨੇਕ ਮੈਂਬਰ ਸੀ। ਉਸ ਨੇ ਹਿੰਮਤ ਨਾਲ ਯਿਸੂ ਦੀ ਲਾਸ਼ ਪਿਲਾਤੁਸ ਤੋਂ ਮੰਗੀ ਅਤੇ ਉਸ ਨੂੰ ਇਕ ਨਵੀਂ ਕਬਰ ਵਿਚ ਰੱਖਿਆ। ਯੂਸੁਫ਼ “ਪਰਮੇਸ਼ੁਰ ਦੇ ਰਾਜ ਦੀ ਉਡੀਕ ਵਿੱਚ ਸੀ,” ਪਰ ਯਹੂਦੀਆਂ ਦੇ ਡਰ ਕਰਕੇ ਚੋਰੀ-ਛਿਪੇ ਯਿਸੂ ਦਾ ਚੇਲਾ ਸੀ। ਉਸ ਨੇ ਇਕ ਬਹੁਤ ਹੀ ਚੰਗੀ ਗੱਲ ਕੀਤੀ, ਉਸ ਨੇ ਯਿਸੂ ਨੂੰ ਮਾਰਨ ਦੀ ਸਾਜ਼ਸ਼ ਵਿਚ ਮਹਾਸਭਾ ਦਾ ਪੱਖ ਨਹੀਂ ਲਿਆ ਕਿਉਂਕਿ ਉਹ ਉਨ੍ਹਾਂ ਦੇ ਫ਼ੈਸਲੇ ਨਾਲ ਸਹਿਮਤ ਨਹੀਂ ਸੀ।—ਮਰਕੁਸ 15:43-46; ਮੱਤੀ 27:57-60; ਲੂਕਾ 23:50-53; ਯੂਹੰਨਾ 19:38.

ਮਹਾਸਭਾ ਦੇ ਮੈਂਬਰ ਗਮਲੀਏਲ ਨੇ ਆਪਣੇ ਸਾਥੀਆਂ ਨੂੰ ਯਿਸੂ ਦੇ ਚੇਲਿਆਂ ਨੂੰ ਛੱਡ ਦੇਣ ਦੀ ਵਧੀਆ ਸਲਾਹ ਦਿੱਤੀ। ਚੇਤਾਵਨੀ ਦਿੰਦੇ ਹੋਏ ਗਮਲੀਏਲ ਨੇ ਉਨ੍ਹਾਂ ਨੂੰ ਕਿਹਾ: “ਕਿਤੇ ਐਉਂ ਨਾ ਹੋਵੇ ਜੋ ਤੁਸੀਂ ਪਰਮੇਸ਼ੁਰ ਨਾਲ ਵੀ ਲੜਨ ਵਾਲੇ ਠਹਿਰੋ।” (ਰਸੂਲਾਂ ਦੇ ਕਰਤੱਬ 5:34-39) ਮਹਾਸਭਾ ਨੇ ਇਹ ਗੱਲ ਕਿਉਂ ਨਹੀਂ ਕਬੂਲ ਕੀਤੀ ਕਿ ਪਰਮੇਸ਼ੁਰ, ਯਿਸੂ ਅਤੇ ਉਸ ਦੇ ਚੇਲਿਆਂ ਦਾ ਸਾਥ ਦੇ ਰਿਹਾ ਸੀ? ਯਿਸੂ ਦੇ ਚਮਤਕਾਰਾਂ ਤੋਂ ਪ੍ਰਭਾਵਿਤ ਹੋਣ ਦੀ ਬਜਾਇ, ਮਹਾਸਭਾ ਨੇ ਕਿਹਾ: “ਅਸੀਂ ਕੀ ਕਰਦੇ ਹਾਂ, ਕਿਉਂ ਜੋ ਇਹ ਮਨੁੱਖ ਬਹੁਤ ਨਿਸ਼ਾਨ ਵਿਖਾਉਂਦਾ ਹੈ? ਜੇ ਅਸੀਂ ਉਸ ਨੂੰ ਐਵੇਂ ਛੱਡ ਦੇਈਏ ਤਾਂ ਸਭ ਉਸ ਉੱਤੇ ਨਿਹਚਾ ਕਰਨਗੇ ਅਤੇ ਰੋਮੀ ਆ ਜਾਣਗੇ ਅਤੇ ਨਾਲੇ ਸਾਡੀ ਜਗ੍ਹਾ ਅਰ ਨਾਲੇ ਸਾਡੀ ਕੌਮ ਭੀ ਲੈ ਲੈਣਗੇ।” (ਯੂਹੰਨਾ 11:47, 48) ਸੱਤਾ ਦੇ ਲਾਲਚ ਕਾਰਨ ਮਹਾਸਭਾ ਦੇ ਮੈਂਬਰ ਸਹੀ ਰਾਹ ਤੋਂ ਭਟਕ ਗਏ ਸਨ। ਇਸ ਦੇ ਨਾਲ-ਨਾਲ ਜਦ ਯਿਸੂ ਦੇ ਚੇਲੇ ਰੋਗੀਆਂ ਨੂੰ ਠੀਕ ਕਰ ਰਹੇ ਸਨ, ਤਾਂ ਧਾਰਮਿਕ ਆਗੂ ਖ਼ੁਸ਼ ਹੋਣ ਦੀ ਬਜਾਇ “ਖਾਰ ਨਾਲ ਭਰ ਗਏ।” (ਰਸੂਲਾਂ ਦੇ ਕਰਤੱਬ 5:17) ਅਜਿਹੇ ਜੱਜਾਂ ਨੂੰ ਪਰਮੇਸ਼ੁਰ ਤੋਂ ਡਰਨਾ ਚਾਹੀਦਾ ਸੀ ਅਤੇ ਸੱਚਾ ਨਿਆਂ ਕਰਨਾ ਚਾਹੀਦਾ ਸੀ, ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਭ੍ਰਿਸ਼ਟ ਅਤੇ ਬੇਈਮਾਨ ਨਿਕਲੇ।—ਕੂਚ 18:21; ਬਿਵਸਥਾ ਸਾਰ 16:18-20.

ਪਰਮੇਸ਼ੁਰ ਵੱਲੋਂ ਸਜ਼ਾ

ਇਸਰਾਏਲੀ ਲੋਕਾਂ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ ਅਤੇ ਉਨ੍ਹਾਂ ਨੇ ਉਸ ਦੇ ਪੁੱਤਰ ਨੂੰ ਮਸੀਹਾ ਮੰਨਣ ਤੋਂ ਇਨਕਾਰ ਕੀਤਾ, ਇਸ ਕਰਕੇ ਯਹੋਵਾਹ ਨੇ ਵੀ ਉਸ ਕੌਮ ਨੂੰ ਠੁਕਰਾ ਦਿੱਤਾ। ਫਿਰ 70 ਈ. ਵਿਚ ਰੋਮੀਆਂ ਨੇ ਆ ਕੇ ਯਰੂਸ਼ਲਮ ਸ਼ਹਿਰ, ਉਸ ਦੀ ਹੈਕਲ ਅਤੇ ਮਹਾਸਭਾ ਦੇ ਪ੍ਰਬੰਧ ਨੂੰ ਵੀ ਤਬਾਹ ਕਰ ਦਿੱਤਾ।

ਯਹੋਵਾਹ ਦਾ ਥਾਪਿਆ ਨਿਆਈ ਯਿਸੂ ਮਸੀਹ ਫ਼ੈਸਲਾ ਕਰੇਗਾ ਕਿ ਪਹਿਲੀ ਸਦੀ ਦੀ ਮਹਾਸਭਾ ਦੇ ਮੈਂਬਰਾਂ ਵਿੱਚੋਂ ਕੌਣ ਦੁਬਾਰਾ ਜ਼ਿੰਦਾ ਕੀਤੇ ਜਾਣ ਦੇ ਲਾਇਕ ਹਨ ਅਤੇ ਕੌਣ ਨਹੀਂ। (ਮਰਕੁਸ 3:29; ਯੂਹੰਨਾ 5:22) ਅਸੀਂ ਯਕੀਨ ਰੱਖ ਸਕਦੇ ਹਾਂ ਕਿ ਜੋ ਵੀ ਫ਼ੈਸਲਾ ਯਿਸੂ ਕਰੇਗਾ ਉਹ ਬਿਲਕੁਲ ਸਹੀ ਹੋਵੇਗਾ।—ਯਸਾਯਾਹ 11:3-5.

[ਫੁਟਨੋਟ]

^ ਪੈਰਾ 9 ਮੈਕਾਬੀ ਅਤੇ ਹਾਸਮੋਨੀ ਲੋਕਾਂ ਦੇ ਇਤਿਹਾਸ ਬਾਰੇ ਹੋਰ ਜਾਣਕਾਰੀ ਲਈ 15 ਨਵੰਬਰ 1998 (ਅੰਗ੍ਰੇਜ਼ੀ) ਦੇ ਸਫ਼ੇ 21-4 ਅਤੇ 15 ਜੂਨ 2001 ਦੇ ਪਹਿਰਾਬੁਰਜ ਦੇ ਸਫ਼ੇ 27-30 ਦੇਖੋ।

^ ਪੈਰਾ 16 ਜਦ ਬਾਈਬਲ ਵਿਚ ‘ਪਰਧਾਨ ਜਾਜਕਾਂ’ ਦੀ ਗੱਲ ਕੀਤੀ ਜਾਂਦੀ ਹੈ, ਤਾਂ ਇਹ ਉਨ੍ਹਾਂ ਸਾਰੇ ਪ੍ਰਧਾਨ ਜਾਜਕਾਂ ਅਤੇ ਵੱਡੇ ਪਰਿਵਾਰਾਂ ਦੇ ਮੈਂਬਰਾਂ ਦਾ ਜ਼ਿਕਰ ਹੈ ਜੋ ਜਾਜਕਾਈ ਦੀ ਉੱਚੀ ਪਦਵੀ ਸੰਭਾਲਣ ਦੇ ਯੋਗ ਸਨ।—ਮੱਤੀ 21:23.