Skip to content

Skip to table of contents

“ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ!”

“ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ!”

“ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ!”

ਜ਼ਬੂਰ 119 ਇਕ ਭਜਨ ਹੈ ਜਿਸ ਵਿਚ ਇਸ ਦੇ ਲਿਖਾਰੀ ਨੇ ਪਰਮੇਸ਼ੁਰ ਦੀ ਬਿਵਸਥਾ ਪ੍ਰਤੀ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਹਨ। ਉਸ ਨੇ ਭਜਨ ਵਿਚ ਗਾਇਆ: “ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ।” “ਮੈਂ ਤੇਰੀਆਂ ਬਿਧੀਆਂ ਵਿੱਚ ਮਗਨ ਰਹਾਂਗਾ।” “ਮੇਰੀ ਜਾਨ ਹਰ ਵੇਲੇ ਤੇਰੀਆਂ ਨਿਆਵਾਂ ਦੀ ਤਾਂਘ ਵਿੱਚ ਟੁੱਟਦੀ ਹੈ।” ‘ਤੇਰੀਆਂ ਸਾਖੀਆਂ ਵੀ ਮੇਰੀ ਖੁਸ਼ੀ ਹਨ।’ “ਮੈਂ ਤੇਰੇ ਫ਼ਰਮਾਨਾਂ ਲਈ ਲੋਚਿਆ ਹੈ।” “ਮੈਂ ਤੇਰੇ ਹੁਕਮਾਂ ਵਿੱਚ ਅੱਤ ਖੁਸ਼ ਹੋਵਾਂਗਾ।” “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!”—ਜ਼ਬੂਰਾਂ ਦੀ ਪੋਥੀ 119:11, 16, 20, 24, 40, 47, 97.

ਇਹ ਆਇਤਾਂ ਦਿਖਾਉਂਦੀਆਂ ਹਨ ਕਿ ਇਸ ਜ਼ਬੂਰ ਦਾ ਲਿਖਾਰੀ ਪਰਮੇਸ਼ੁਰ ਦੇ ਬਚਨ ਦੀ ਕਿੰਨੀ ਕਦਰ ਕਰਦਾ ਸੀ! ਕੀ ਤੁਸੀਂ ਵੀ ਪਰਮੇਸ਼ੁਰ ਦੇ ਬਚਨ ਬਾਈਬਲ ਦੀ ਦਿਲੋਂ ਕਦਰ ਕਰਦੇ ਹੋ? ਕੀ ਤੁਸੀਂ ਪਰਮੇਸ਼ੁਰ ਦੇ ਬਚਨ ਵਿਚ ਮਗਨ ਰਹਿਣਾ ਚਾਹੁੰਦੇ ਹੋ? ਤਾਂ ਫਿਰ ਸਭ ਤੋਂ ਪਹਿਲਾਂ ਤੁਹਾਨੂੰ ਬਾਕਾਇਦਾ ਬਾਈਬਲ ਪੜ੍ਹਨ (ਜੇ ਹੋ ਸਕੇ ਤਾਂ ਰੋਜ਼) ਦੀ ਆਦਤ ਪਾਉਣੀ ਪਵੇਗੀ। ਯਿਸੂ ਮਸੀਹ ਨੇ ਕਿਹਾ ਸੀ: “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:4) ਦੂਜੀ ਗੱਲ ਹੈ ਕਿ ਪੜ੍ਹੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰੋ। ਬਾਈਬਲ ਵਿਚ ਪਰਮੇਸ਼ੁਰ ਬਾਰੇ ਦੱਸੀ ਸੱਚਾਈ, ਉਸ ਦੇ ਗੁਣਾਂ, ਉਸ ਦੀ ਮਰਜ਼ੀ ਅਤੇ ਉਸ ਦੇ ਮਕਸਦ ਉੱਤੇ ਵਿਚਾਰ ਕਰਨ ਨਾਲ ਤੁਹਾਡੇ ਦਿਲ ਵਿਚ ਬਾਈਬਲ ਲਈ ਕਦਰ ਵਧੇਗੀ। (ਜ਼ਬੂਰਾਂ ਦੀ ਪੋਥੀ 143:5) ਸਭ ਤੋਂ ਜ਼ਰੂਰੀ ਗੱਲ ਹੈ ਕਿ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਬਾਈਬਲ ਦੀ ਸਲਾਹ ਅਨੁਸਾਰ ਚੱਲੋ।—ਲੂਕਾ 11:28; ਯੂਹੰਨਾ 13:17.

ਬਾਈਬਲ ਦੇ ਗਿਆਨ ਲਈ ਲਗਨ ਪੈਦਾ ਕਰਨ ਦਾ ਤੁਹਾਨੂੰ ਕੀ ਫ਼ਾਇਦਾ ਹੋਵੇਗਾ? ਜ਼ਬੂਰ 119:2 ਕਹਿੰਦਾ ਹੈ: ‘ਧੰਨ ਓਹ ਹਨ ਜਿਹੜੇ ਪਰਮੇਸ਼ੁਰ ਦੀਆਂ ਸਾਖੀਆਂ ਨੂੰ ਮੰਨਦੇ ਹਨ।’ ਬਾਈਬਲ ਵਿਚ ਦੱਸੀਆਂ ਗੱਲਾਂ ਦੀ ਮਦਦ ਨਾਲ ਤੁਸੀਂ ਸਫ਼ਲਤਾ ਨਾਲ ਜ਼ਿੰਦਗੀ ਦੀਆਂ ਸਮੱਸਿਆਵਾਂ ਸੁਲਝਾ ਸਕੋਗੇ। (ਜ਼ਬੂਰਾਂ ਦੀ ਪੋਥੀ 1:1-3) ਤੁਸੀਂ ਬੁੱਧੀਮਾਨ ਤੇ ਸਮਝਦਾਰ ਬਣੋਗੇ ਜਿਸ ਕਰਕੇ ਤੁਸੀਂ ‘ਆਪਣੇ ਪੈਰਾਂ ਨੂੰ ਹਰ ਬੁਰੇ ਮਾਰਗ ਤੋਂ ਰੋਕ ਸਕੋਗੇ।’ (ਜ਼ਬੂਰਾਂ ਦੀ ਪੋਥੀ 119:98-101) ਪਰਮੇਸ਼ੁਰ ਬਾਰੇ ਸੱਚਾਈ ਅਤੇ ਧਰਤੀ ਲਈ ਉਸ ਦੇ ਮਕਸਦ ਬਾਰੇ ਜਾਣ ਕੇ ਤੁਹਾਡੀ ਜ਼ਿੰਦਗੀ ਮਕਸਦ ਭਰਪੂਰ ਬਣੇਗੀ ਤੇ ਤੁਸੀਂ ਸੁਨਹਿਰੇ ਭਵਿੱਖ ਦੀ ਉਮੀਦ ਰੱਖ ਸਕੋਗੇ।—ਯਸਾਯਾਹ 45:18; ਯੂਹੰਨਾ 17:3; ਪਰਕਾਸ਼ ਦੀ ਪੋਥੀ 21:3, 4.

ਯਹੋਵਾਹ ਦੇ ਗਵਾਹ ਬਾਈਬਲ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਇਸ ਦੇ ਸੰਦੇਸ਼ ਲਈ ਕਦਰ ਪੈਦਾ ਕਰਨ ਵਿਚ ਖ਼ੁਸ਼ੀ-ਖ਼ੁਸ਼ੀ ਤੁਹਾਡੀ ਮਦਦ ਕਰਨਗੇ। ਅਸੀਂ ਤੁਹਾਨੂੰ ਥੱਲੇ ਦਿੱਤੀ ਜਾਣਕਾਰੀ ਅਨੁਸਾਰ ਇਸ ਤਰ੍ਹਾਂ ਕਰਨ ਦਾ ਸੱਦਾ ਦਿੰਦੇ ਹਾਂ।