Skip to content

Skip to table of contents

ਕੀ ਬਾਈਬਲ ਸਾਡੇ ਤੇ ਹੱਦੋਂ ਵੱਧ ਬੰਦਸ਼ਾਂ ਲਾਉਂਦੀ ਹੈ?

ਕੀ ਬਾਈਬਲ ਸਾਡੇ ਤੇ ਹੱਦੋਂ ਵੱਧ ਬੰਦਸ਼ਾਂ ਲਾਉਂਦੀ ਹੈ?

ਕੀ ਬਾਈਬਲ ਸਾਡੇ ਤੇ ਹੱਦੋਂ ਵੱਧ ਬੰਦਸ਼ਾਂ ਲਾਉਂਦੀ ਹੈ?

ਫਿਨਲੈਂਡ ਵਿਚ ਰਹਿਣ ਵਾਲਾ ਇਕ ਨੌਜਵਾਨ ਦੱਸਦਾ ਹੈ: “ਬਚਪਨ ਵਿਚ ਮੈਨੂੰ ਬਾਈਬਲ ਬਾਰੇ ਕੁਝ ਨਹੀਂ ਸਿਖਾਇਆ ਗਿਆ ਸੀ। ਘਰ ਵਿਚ ਰੱਬ ਦਾ ਨਾਂ ਤਕ ਨਹੀਂ ਲਿਆ ਗਿਆ ਸੀ।” ਇਸ ਨੌਜਵਾਨ ਵਾਂਗ ਹੋਰ ਵੀ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਬਾਈਬਲ ਦੀ ਸਿੱਖਿਆ ਬਾਰੇ ਕੁਝ ਨਹੀਂ ਪਤਾ। ਕਈ ਦੇਸ਼ਾਂ ਵਿਚ ਲੋਕ, ਖ਼ਾਸ ਕਰਕੇ ਨੌਜਵਾਨ, ਬਾਈਬਲ ਨੂੰ ਇਕ ਬਹੁਤ ਹੀ ਪੁਰਾਣੀ ਕਿਤਾਬ ਸਮਝਦੇ ਹਨ ਜਿਸ ਦੀ ਸਲਾਹ ਮੰਨਣੀ ਉਨ੍ਹਾਂ ਨੂੰ ਬਹੁਤ ਔਖੀ ਲੱਗਦੀ ਹੈ। ਜੋ ਬਾਈਬਲ ਦੀ ਸਲਾਹ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਬਾਰੇ ਕਈ ਲੋਕ ਵਿਚਾਰਦੇ ਹਨ ਕਿ ਉਨ੍ਹਾਂ ਦੇ ਸਿਰਾਂ ਤੇ ਬਾਈਬਲ ਦੇ ਹੁਕਮਾਂ ਦਾ ਭਾਰਾ ਬੋਝ ਹੈ। ਇਸ ਲਈ, ਕਈ ਸੋਚਦੇ ਹਨ ਕਿ ਬਾਈਬਲ ਨੂੰ ਛੱਡ ਕੇ ਸਾਨੂੰ ਨਿਰਦੇਸ਼ਨ ਦੀ ਭਾਲ ਹੋਰ ਕਿਤਿਓਂ ਕਰਨੀ ਚਾਹੀਦੀ ਹੈ।

ਬਾਈਬਲ ਬਾਰੇ ਲੋਕਾਂ ਦੇ ਅਜਿਹੇ ਵਿਚਾਰ ਕਿਉਂ ਹਨ? ਇਸ ਦਾ ਇਕ ਕਾਰਨ ਇਹ ਹੈ ਕਿ ਇਤਿਹਾਸ ਦੇ ਪੰਨੇ ਈਸਾਈ ਧਰਮ ਦੇ ਲੋਕਾਂ ਦੁਆਰਾ ਕੀਤੇ ਗਏ ਜ਼ੁਲਮਾਂ ਨਾਲ ਭਰੇ ਪਏ ਹਨ। ਮਿਸਾਲ ਲਈ, ਅੰਧਕਾਰ-ਯੁਗ ਦੌਰਾਨ ਯੂਰਪ ਵਿਚ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਕੈਥੋਲਿਕ ਚਰਚ ਦਾ ਕਾਫ਼ੀ ਦਬਦਬਾ ਸੀ। ਜੋ ਵੀ ਚਰਚ ਦੇ ਖ਼ਿਲਾਫ਼ ਕੁਝ ਕਰਨ ਦੀ ਜੁਰਅਤ ਕਰਦਾ ਸੀ ਉਸ ਨੂੰ ਤਸੀਹੇ ਦਿੱਤੇ ਜਾਂਦੇ ਸਨ ਅਤੇ ਮੌਤ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਸੀ। ਬਾਅਦ ਵਿਚ ਜਦ ਪ੍ਰੋਟੈਸਟੈਂਟ ਚਰਚ ਸ਼ੁਰੂ ਹੋਏ, ਤਾਂ ਉਨ੍ਹਾਂ ਨੇ ਵੀ ਲੋਕਾਂ ਉੱਤੇ ਬੰਦਸ਼ਾਂ ਲਈਆਂ। ਹੁਣ, ਜਦ ਪ੍ਰੋਟੈਸਟੈਂਟ ਚਰਚ ਦਾ ਜ਼ਿਕਰ ਕੀਤਾ ਜਾਂਦਾ ਹੈ, ਤਾਂ ਕਈਆਂ ਦੇ ਮਨਾਂ ਵਿਚ ਉਨ੍ਹਾਂ ਪੰਥਾਂ ਦਾ ਖ਼ਿਆਲ ਆਉਂਦਾ ਹੈ ਜਿਨ੍ਹਾਂ ਦੇ ਮੈਂਬਰਾਂ ਨਾਲ ਬਹੁਤ ਸਖ਼ਤੀ ਵਰਤੀ ਜਾਂਦੀ ਸੀ। ਚਰਚਾਂ ਦੇ ਇੰਨਾ ਸਖ਼ਤ ਹੋਣ ਕਾਰਨ ਲੋਕ ਇਹ ਸਮਝਣ ਲੱਗ ਪਏ ਕਿ ਬਾਈਬਲ ਦੀਆਂ ਸਿੱਖਿਆਵਾਂ ਹੀ ਬਹੁਤ ਬੋਝਲ ਹਨ।

ਪਿਛਲੀਆਂ ਕੁਝ ਸਦੀਆਂ ਦੌਰਾਨ ਕੁਝ ਦੇਸ਼ਾਂ ਵਿਚ ਲੋਕਾਂ ਉੱਤੇ ਚਰਚਾਂ ਦਾ ਦਬਦਬਾ ਘੱਟਦਾ ਗਿਆ ਹੈ। ਲੋਕ ਚਰਚਾਂ ਦੀਆਂ ਸਿੱਖਿਆਵਾਂ ਨੂੰ ਠੁਕਰਾ ਕੇ ਇਵੇਂ ਵਿਚਾਰਨ ਲੱਗੇ ਹਨ ਕਿ ਉਹ ਖ਼ੁਦ ਆਪਣੇ ਭਲੇ-ਬੁਰੇ ਸੰਬੰਧੀ ਫ਼ੈਸਲੇ ਕਰ ਸਕਦੇ ਹਨ। ਇਸ ਦਾ ਨਤੀਜਾ ਕੀ ਨਿਕਲਿਆ? ਅਪਰਾਧ-ਵਿਗਿਆਨ ਤੇ ਸਮਾਜ-ਵਿਗਿਆਨ ਦਾ ਇਕ ਪ੍ਰੋਫ਼ੈਸਰ ਸਮਝਾਉਂਦੇ ਹੈ: “ਅੱਜ-ਕੱਲ੍ਹ ਅਧਿਕਾਰ ਰੱਖਣ ਵਾਲਿਆਂ ਦੀ ਘੱਟ ਹੀ ਇੱਜ਼ਤ ਕੀਤੀ ਜਾਂਦੀ ਹੈ। ਲੋਕਾਂ ਦੀਆਂ ਨਜ਼ਰਾਂ ਵਿਚ ਸਹੀ ਅਤੇ ਗ਼ਲਤ ਕੰਮਾਂ ਵਿਚਕਾਰ ਪਾੜ ਹੌਲੀ-ਹੌਲੀ ਘੱਟਦਾ ਜਾ ਰਿਹਾ ਹੈ।” ਪਰ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਚਰਚਾਂ ਦੇ ਪਾਦਰੀ ਵੀ ਇਸ ਤਰ੍ਹਾਂ ਸੋਚਣ ਗੱਲ ਪਏ ਹਨ। ਇਕ ਮਸ਼ਹੂਰ ਲੂਥਰਨ ਚਰਚ ਦੇ ਪਾਦਰੀ ਨੇ ਕਿਹਾ: “ਮੈਂ ਇਹ ਗੱਲ ਨਹੀਂ ਮੰਨਦਾ ਕਿ ਲੋਕਾਂ ਨੂੰ ਬਾਈਬਲ ਪੜ੍ਹ ਕੇ ਦੇਖਣ ਦੀ ਜਾਂ ਕਿਸੇ ਧਾਰਮਿਕ ਅਧਿਕਾਰੀ ਤੋਂ ਪੁੱਛਣ ਦੀ ਲੋੜ ਹੈ ਕਿ ਉਨ੍ਹਾਂ ਨੂੰ ਜ਼ਿੰਦਗੀ ਕਿਸ ਤਰ੍ਹਾਂ ਜੀਉਣੀ ਚਾਹੀਦੀ ਹੈ।”

ਆਪਣੀ ਮਰਜ਼ੀ ਕਰਨ ਦੀ ਪੂਰੀ ਖੁੱਲ੍ਹ

ਬਹੁਤ ਸਾਰੇ ਲੋਕ, ਖ਼ਾਸ ਕਰਕੇ ਨੌਜਵਾਨ, ਮੰਨਦੇ ਹਨ ਕਿ ਹਰ ਇਨਸਾਨ ਨੂੰ ਆਪਣੀ ਮਰਜ਼ੀ ਅਨੁਸਾਰ ਜੀਣਾ ਚਾਹੀਦਾ ਹੈ। ਉਹ ਇਹ ਨਹੀਂ ਪਸੰਦ ਕਰਦੇ ਜਦ ਉਨ੍ਹਾਂ ਨਾਲ ਬੱਚਿਆਂ ਵਾਂਗ ਸਲੂਕ ਕੀਤਾ ਜਾਂਦਾ ਹੈ ਜਾਂ ਉਨ੍ਹਾਂ ਨੂੰ ਨਿਯਮਾਂ ਦੀ ਲੰਬੀ-ਚੌੜੀ ਲਿਸਟ ਦਿੱਤੀ ਜਾਂਦੀ ਹੈ। ਪਰ ਜੇ ਸਾਰਿਆਂ ਨੂੰ ਆਪਣੀ ਮਰਜ਼ੀ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਜਾਵੇ, ਤਾਂ ਕੀ ਇਹ ਚੰਗਾ ਹੋਵੇਗਾ? ਇਸ ਸਵਾਲ ਦਾ ਜਵਾਬ ਪਾਉਣ ਲਈ ਇਕ ਉਦਾਹਰਣ ਉੱਤੇ ਗੌਰ ਕਰੋ। ਫ਼ਰਜ਼ ਕਰੋ ਕਿ ਇਕ ਵੱਡੇ ਸ਼ਹਿਰ ਵਿਚ ਕੋਈ ਟ੍ਰੈਫਿਕ ਨਿਯਮ ਨਹੀਂ ਹਨ। ਡ੍ਰਾਈਵਰ ਟੈੱਸਟ ਦੇਣ ਤੋਂ ਬਿਨਾਂ ਜਾਂ ਲਸੰਸ ਤੋਂ ਬਿਨਾਂ ਕਾਰ ਚਲਾ ਸਕਦੇ ਹਨ। ਉਹ ਖੱਬੇ ਜਾਂ ਸੱਜੇ ਜਿੱਧਰ ਜੀ ਚਾਹੇ ਕਾਰ ਚਲਾ ਸਕਦੇ ਹਨ। ਸ਼ਰਾਬ ਦੇ ਨਸ਼ੇ ਵਿਚ ਵੀ ਉਹ ਕਾਰ ਚਲਾ ਸਕਦੇ ਹਨ। ਉਨ੍ਹਾਂ ਨੂੰ ਨਾ ਸਪੀਡ ਲਿਮਿਟ, ਨਾ ਟ੍ਰੈਫਿਕ ਲਾਈਟਾਂ, ਨਾ ਕਿਸੇ ਟ੍ਰੈਫਿਕ ਸਾਈਨ, ਇੱਥੇ ਤਕ ਕਿ ਪੈਦਲ ਚੱਲਣ ਵਾਲਿਆਂ ਦੀ ਵੀ ਪਰਵਾਹ ਕਰਨ ਦੀ ਕੋਈ ਲੋੜ ਨਹੀਂ। ਕੀ ਡ੍ਰਾਈਵਰਾਂ ਨੂੰ ਇੰਨੀ ਆਜ਼ਾਦੀ ਦੇਣੀ ਠੀਕ ਹੋਵੇਗੀ? ਬਿਲਕੁਲ ਨਹੀਂ! ਟ੍ਰੈਫਿਕ ਨਿਯਮਾਂ ਤੋਂ ਬਿਨਾਂ ਸੜਕਾਂ ਤੇ ਹੰਗਾਮਾ ਮੱਚ ਜਾਵੇਗਾ ਅਤੇ ਨਾ ਜਾਣੇ ਕਿੰਨੇ ਹਾਦਸੇ ਹੋ ਸਕਦੇ ਹਨ। ਭਾਵੇਂ ਕਿ ਟ੍ਰੈਫਿਕ ਨਿਯਮਾਂ ਰਾਹੀਂ ਲੋਕਾਂ ਉੱਤੇ ਬੰਦਸ਼ ਲਈ ਜਾਂਦੀ ਹੈ, ਪਰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰ ਕੇ ਅਸੀਂ ਕਾਫ਼ੀ ਹੱਦ ਤਕ ਆਪਣੀ ਅਤੇ ਦੂਸਰਿਆਂ ਦੀ ਸੁਰੱਖਿਆ ਕਰ ਸਕਦੇ ਹਾਂ।

ਇਸੇ ਤਰ੍ਹਾਂ ਯਹੋਵਾਹ ਪਰਮੇਸ਼ੁਰ ਸਾਡੇ ਭਲੇ ਲਈ ਸਾਨੂੰ ਨਿਰਦੇਸ਼ਨ ਦਿੰਦਾ ਹੈ। ਉਹ ਸਾਨੂੰ ਜੀਉਣਾ ਸਿਖਾਉਂਦਾ ਹੈ। ਉਸ ਦੇ ਨਿਰਦੇਸ਼ਨ ਬਿਨਾਂ ਸਾਨੂੰ ਗ਼ਲਤੀਆਂ ਕਰ-ਕਰ ਕੇ ਸਿੱਖਣਾ ਪੈਂਦਾ। ਇਸ ਤਰ੍ਹਾਂ ਸਿੱਖਣਾ ਬਹੁਤ ਮਹਿੰਗਾ ਪੈ ਸਕਦਾ ਹੈ। ਇਸ ਨਾਲ ਸਾਡਾ ਅਤੇ ਦੂਸਰਿਆਂ ਦਾ ਬਹੁਤ ਨੁਕਸਾਨ ਹੋ ਸਕਦਾ ਹੈ। ਪਰਮੇਸ਼ੁਰ ਦੇ ਨਿਰਦੇਸ਼ਨ ਤੋਂ ਬਿਨਾਂ ਉੱਨੀ ਹੀ ਗੜਬੜ ਪੈਦਾ ਹੋ ਸਕਦੀ ਹੈ ਜਿੰਨੀ ਸ਼ਹਿਰ ਵਿਚ ਟ੍ਰੈਫਿਕ ਨਿਯਮਾਂ ਤੋਂ ਬਿਨਾਂ ਹੋ ਸਕਦੀ ਹੈ। ਤਾਂ ਫਿਰ, ਇਹ ਗੱਲ ਸਾਨੂੰ ਸਾਰਿਆਂ ਨੂੰ ਮੰਨਣੀ ਪਵੇਗੀ ਕਿ ਸਾਡੀ ਭਲਾਈ ਲਈ ਨਿਯਮ ਜ਼ਰੂਰੀ ਹਨ।

“ਮੇਰਾ ਭਾਰ ਹਲਕਾ ਹੈ”

ਡ੍ਰਾਈਵਰਾਂ ਨੂੰ ਅਕਸਰ ਟ੍ਰੈਫਿਕ ਨਿਯਮਾਂ ਦੀ ਲੰਬੀ-ਚੌੜੀ ਲਿਸਟ ਦਿੱਤੀ ਜਾਂਦੀ ਹੈ ਜੋ ਦੱਸਦੀ ਹੈ ਕਿ ਉਨ੍ਹਾਂ ਨੂੰ ਕੀ ਕਰਨਾ ਅਤੇ ਕੀ ਨਹੀਂ ਕਰਨਾ ਚਾਹੀਦਾ। ਮਿਸਾਲ ਲਈ, ਕੁਝ ਦੇਸ਼ਾਂ ਵਿਚ ਸਿਰਫ਼ ਗੱਡੀ ਖੜ੍ਹੀ ਕਰਨ ਜਾਂ ਪਾਰਕ ਕਰਨ ਦੇ ਸੰਬੰਧ ਵਿਚ ਅਨੇਕ ਨਿਯਮ ਹੁੰਦੇ ਹਨ। ਇਸ ਤੋਂ ਉਲਟ ਬਾਈਬਲ ਕਾਨੂੰਨਾਂ ਦੀ ਕੋਈ ਲੰਬੀ-ਚੌੜੀ ਲਿਸਟ ਨਹੀਂ ਦਿੰਦੀ। ਇਸ ਦੀ ਬਜਾਇ, ਬਾਈਬਲ ਵਿਚ ਸਾਨੂੰ ਵਧੀਆ ਸਿਧਾਂਤ ਮਿਲਦੇ ਹਨ ਜੋ ਬੋਝਲ ਜਾਂ ਸਖ਼ਤ ਨਹੀਂ ਹਨ। ਯਿਸੂ ਮਸੀਹ ਨੇ ਲੋਕਾਂ ਨੂੰ ਇਹ ਸੱਦਾ ਦਿੱਤਾ ਸੀ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। . . . ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।” (ਮੱਤੀ 11:28, 30) ਪੌਲੁਸ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਲਿਖਿਆ: “ਜਿੱਥੇ ਕਿਤੇ ਪ੍ਰਭੁ ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ।”—2 ਕੁਰਿੰਥੀਆਂ 3:17.

ਕੀ ਇੱਥੇ ਆਜ਼ਾਦ ਹੋਣ ਦਾ ਮਤਲਬ ਇਹ ਹੈ ਕਿ ਅਸੀਂ ਜੋ ਜੀ ਚਾਹੇ ਕਰ ਸਕਦੇ ਹਾਂ? ਨਹੀਂ। ਯਿਸੂ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਪਰਮੇਸ਼ੁਰ ਦੇ ਸੇਵਕਾਂ ਨੂੰ ਕੁਝ ਹੁਕਮਾਂ ਦੀ ਪਾਲਣਾ ਕਰਨ ਦੀ ਲੋੜ ਹੈ। ਮਿਸਾਲ ਲਈ, ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੇਰਾ ਹੁਕਮ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਪਿਆਰ ਕਰੋ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ।” (ਯੂਹੰਨਾ 15:12) ਜ਼ਰਾ ਸੋਚੋ, ਜੇ ਸਾਰੇ ਇਸ ਹੁਕਮ ਦੀ ਪਾਲਣਾ ਕਰਨ, ਤਾਂ ਜ਼ਿੰਦਗੀ ਕਿੰਨੀ ਵਧੀਆ ਹੋਵੇਗੀ! ਤਾਂ ਫਿਰ, ਮਸੀਹੀ ਆਜ਼ਾਦ ਤਾਂ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਕੋਲ ਕੁਝ ਵੀ ਕਰਨ ਦੀ ਪੂਰੀ ਖੁੱਲ੍ਹ ਹੈ। ਪਤਰਸ ਰਸੂਲ ਨੇ ਲਿਖਿਆ ਸੀ: “ਤੁਸੀਂ ਆਜ਼ਾਦ ਮਨੁੱਖਾਂ ਦੀ ਤਰ੍ਹਾਂ ਰਹੋ, ਨਾ ਕਿ ਆਪਣੀ ਆਜ਼ਾਦੀ ਨੂੰ ਬੁਰੇ ਕੰਮ ਕਰਨ ਦੀ ਢਾਲ ਬਣਾਓ, ਸਗੋਂ ਪਰਮੇਸ਼ਰ ਦੇ ਦਾਸ ਬਣ ਕੇ ਰਹੋ।”—1 ਪਤਰਸ 2:16, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਭਾਵੇਂ ਮਸੀਹੀਆਂ ਤੋਂ ਨਿਯਮਾਂ ਦੀ ਲੰਬੀ-ਚੌੜੀ ਲਿਸਟ ਦੀ ਪਾਲਣਾ ਕਰਨ ਦੀ ਮੰਗ ਨਹੀਂ ਕੀਤੀ ਜਾਂਦੀ, ਪਰ ਫਿਰ ਵੀ ਉਹ ਬੁਰੇ-ਭਲੇ ਦਾ ਫ਼ੈਸਲਾ ਆਪ ਨਹੀਂ ਕਰਦੇ। ਉਹ ਜਾਣਦੇ ਹਨ ਕਿ ਇਨਸਾਨਾਂ ਨੂੰ ਨਿਰਦੇਸ਼ਨ ਦੀ ਜੋ ਲੋੜ ਹੈ ਉਹ ਸਿਰਫ਼ ਪਰਮੇਸ਼ੁਰ ਹੀ ਉਨ੍ਹਾਂ ਨੂੰ ਦੇ ਸਕਦਾ ਹੈ। ਬਾਈਬਲ ਸਾਫ਼ ਸ਼ਬਦਾਂ ਵਿਚ ਕਹਿੰਦੀ ਹੈ: “ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਪਰਮੇਸ਼ੁਰ ਦਾ ਕਹਿਣਾ ਮੰਨਣ ਨਾਲ ਸਾਡਾ ਹੀ ਫ਼ਾਇਦਾ ਹੁੰਦਾ ਹੈ।—ਜ਼ਬੂਰਾਂ ਦੀ ਪੋਥੀ 19:11.

ਇਕ ਫ਼ਾਇਦਾ ਇਹ ਹੈ ਕਿ ਸਾਨੂੰ ਖ਼ੁਸ਼ੀ ਮਿਲਦੀ ਹੈ। ਮਿਸਾਲ ਲਈ, ਜਿਸ ਨੌਜਵਾਨ ਦੀ ਇਸ ਲੇਖ ਦੇ ਸ਼ੁਰੂ ਵਿਚ ਗੱਲ ਕੀਤੀ ਸੀ, ਉਹ ਪਹਿਲਾਂ ਇਕ ਚੋਰ ਸੀ। ਉਸ ਨੂੰ ਝੂਠ ਬੋਲਣ ਦੀ ਵੀ ਆਦਤ ਸੀ ਅਤੇ ਉਸ ਦਾ ਚਾਲ-ਚਲਣ ਬਹੁਤ ਗਿਰਿਆ ਹੋਇਆ ਸੀ। ਉਸ ਨੂੰ ਬਾਈਬਲ ਦੇ ਉੱਚੇ ਮਿਆਰਾਂ ਉੱਤੇ ਚੱਲਣ ਲਈ ਆਪਣੀ ਜ਼ਿੰਦਗੀ ਵਿਚ ਅਨੇਕ ਤਬਦੀਲੀਆਂ ਕਰਨ ਦੀ ਲੋੜ ਪਈ। ਉਹ ਦੱਸਦਾ ਹੈ: “ਭਾਵੇਂ ਕਿ ਮੈਂ ਇਕਦਮ ਆਪਣੀ ਜ਼ਿੰਦਗੀ ਵਿਚ ਸੁਧਾਰ ਨਹੀਂ ਲਿਆ ਸਕਿਆ, ਪਰ ਮੈਂ ਜਾਣਦਾ ਸੀ ਕਿ ਬਾਈਬਲ ਦੇ ਸਿਧਾਂਤ ਮੇਰੇ ਭਲੇ ਲਈ ਹਨ। ਅਸਲੀ ਖ਼ੁਸ਼ੀ ਤਾਂ ਮੈਨੂੰ ਬਾਈਬਲ ਦੀ ਸਿੱਖਿਆ ਪਾ ਕੇ ਹੀ ਮਿਲੀ ਹੈ। ਬਾਈਬਲ ਦੀ ਸਲਾਹ ਉੱਤੇ ਚੱਲ ਕੇ ਜ਼ਿੰਦਗੀ ਸੱਚ-ਮੁੱਚ ਸੁਧਰ ਜਾਂਦੀ ਹੈ। ਤੁਹਾਨੂੰ ਜੀਉਣ ਦਾ ਕਾਰਨ ਮਿਲਦਾ ਹੈ ਅਤੇ ਤੁਸੀਂ ਸਮਝ ਸਕਦੇ ਹੋ ਕਿ ਕੀ ਸਹੀ ਹੈ ਤੇ ਕੀ ਗ਼ਲਤ।”

ਲੱਖਾਂ ਲੋਕਾਂ ਦਾ ਇਹੋ ਤਜਰਬਾ ਰਿਹਾ ਹੈ। ਹੋਰਨਾਂ ਫ਼ਾਇਦਿਆਂ ਦੇ ਨਾਲ-ਨਾਲ ਬਾਈਬਲ ਦੀ ਸਲਾਹ ਲਾਗੂ ਕਰ ਕੇ ਉਹ ਦੂਸਰਿਆਂ ਨਾਲ ਆਪਣੇ ਰਿਸ਼ਤੇ, ਕੰਮ ਪ੍ਰਤੀ ਆਪਣੇ ਰਵੱਈਏ ਅਤੇ ਆਪਣੇ ਬੁਰੇ ਚਾਲ-ਚਲਣ ਨੂੰ ਸੁਧਾਰ ਸਕੇ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਸੁਖ ਪਾਇਆ ਹੈ। ਮਾਰਕਸ ਨਾਂ ਦੇ ਨੌਜਵਾਨ ਨੇ ਬਾਈਬਲ ਦੇ ਮਿਆਰਾਂ ਉੱਤੇ ਚੱਲਣਾ ਸਿੱਖਿਆ ਹੈ। * ਉਹ ਦੱਸਦਾ ਹੈ: “ਬਾਈਬਲ ਦੀ ਸਲਾਹ ਲਾਗੂ ਕਰਨ ਕਰਕੇ ਅੱਜ ਮੈਂ ਇੱਜ਼ਤ ਦੀ ਜ਼ਿੰਦਗੀ ਜੀ ਸਕਦਾ ਹਾਂ।” *

ਤੁਸੀਂ ਕੀ ਕਰਨਾ ਚਾਹੁੰਦੇ ਹੋ?

ਤਾਂ ਫਿਰ, ਕੀ ਬਾਈਬਲ ਸਾਡੇ ਉੱਤੇ ਪਾਬੰਦੀਆਂ ਲਗਾਉਂਦੀ ਹੈ? ਜੀ ਹਾਂ! ਕੀ ਇਹ ਪਾਬੰਦੀਆਂ ਜ਼ਰੂਰਤ ਤੋਂ ਜ਼ਿਆਦਾ ਸਖ਼ਤ ਹਨ? ਬਿਲਕੁਲ ਨਹੀਂ। ਹੱਦੋਂ ਵੱਧ ਆਜ਼ਾਦੀ ਦੇ ਨਤੀਜੇ ਬੁਰੇ ਹੀ ਹੁੰਦੇ ਹਨ। ਬਾਈਬਲ ਵਿਚ ਦਰਜ ਪਾਬੰਦੀਆਂ ਸਾਡੇ ਭਲੇ ਲਈ ਹਨ, ਤਾਂਕਿ ਅਸੀਂ ਮੁਸ਼ਕਲਾਂ ਤੋਂ ਦੂਰ ਰਹਿ ਕੇ ਜ਼ਿੰਦਗੀ ਦਾ ਪੂਰਾ ਆਨੰਦ ਮਾਣ ਸਕੀਏ। ਮਾਰਕਸ ਦੱਸਦਾ ਹੈ: “ਸਮੇਂ ਦੇ ਬੀਤਣ ਨਾਲ ਮੈਨੂੰ ਅਹਿਸਾਸ ਹੋਇਆ ਕਿ ਬਾਈਬਲ ਦੀ ਸਲਾਹ ਉੱਤੇ ਚੱਲ ਕੇ ਮੈਨੂੰ ਕਿੰਨਾ ਫ਼ਾਇਦਾ ਹੋਇਆ ਹੈ। ਭਾਵੇਂ ਕਿ ਮੇਰੀ ਜ਼ਿੰਦਗੀ ਹੋਰਨਾਂ ਲੋਕਾਂ ਨਾਲੋਂ ਬਹੁਤ ਅਲੱਗ ਹੈ, ਮੈਂ ਕਿਸੇ ਗੱਲ ਦੀ ਕਮੀ ਮਹਿਸੂਸ ਨਹੀਂ ਕਰਦਾ।”

ਜਦ ਤੁਸੀਂ ਬਾਈਬਲ ਦੇ ਮਿਆਰਾਂ ਉੱਤੇ ਚੱਲ ਕੇ ਬਰਕਤਾਂ ਅਨੁਭਵ ਕਰੋਗੇ, ਤਾਂ ਪਰਮੇਸ਼ੁਰ ਦੇ ਬਚਨ ਲਈ ਤੁਹਾਡੀ ਕਦਰ ਹੋਰ ਵਧੇਗੀ। ਨਤੀਜੇ ਵਜੋਂ ਤੁਸੀਂ ਯਹੋਵਾਹ ਪਰਮੇਸ਼ੁਰ ਨਾਲ ਪਿਆਰ ਕਰਨਾ ਸਿੱਖੋਗੇ। “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।”—1 ਯੂਹੰਨਾ 5:3.

ਯਹੋਵਾਹ ਸਾਡਾ ਸਿਰਜਣਹਾਰ ਅਤੇ ਸਵਰਗੀ ਪਿਤਾ ਹੈ। ਉਹ ਜਾਣਦਾ ਹੈ ਕਿ ਸਾਡੇ ਭਲੇ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ। ਸਾਡੇ ਉੱਤੇ ਬੰਦਸ਼ਾਂ ਲਾਉਣ ਦੀ ਬਜਾਇ ਉਹ ਪਿਆਰ ਨਾਲ ਸਾਨੂੰ ਨਿਰਦੇਸ਼ਨ ਦਿੰਦਾ ਹੈ। ਯਹੋਵਾਹ ਪਰਮੇਸ਼ੁਰ ਦਾ ਬਚਨ ਸਾਨੂੰ ਤਾਕੀਦ ਕਰਦਾ ਹੈ: “ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।”—ਯਸਾਯਾਹ 48:18.

[ਫੁਟਨੋਟ]

^ ਪੈਰਾ 13 ਨਾਂ ਬਦਲਿਆ ਗਿਆ ਹੈ।

^ ਪੈਰਾ 13 ਜ਼ਿੰਦਗੀ ਬਾਰੇ ਬਾਈਬਲ ਦੀ ਸਲਾਹ ਪਾਉਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ 12ਵਾਂ ਅਧਿਆਇ ਦੇਖੋ।

[ਸਫ਼ਾ 9 ਉੱਤੇ ਤਸਵੀਰ]

ਯਿਸੂ ਨੇ ਕਿਹਾ ਪਰਮੇਸ਼ੁਰ ਦੀ ਆਗਿਆ ਮੰਨਣ ਨਾਲ ਸਾਨੂੰ ਤਾਜ਼ਗੀ ਮਿਲੇਗੀ

[ਸਫ਼ਾ 10 ਉੱਤੇ ਤਸਵੀਰ]

ਪਰਮੇਸ਼ੁਰ ਦੇ ਨਿਰਦੇਸ਼ਨ ਅਨੁਸਾਰ ਚੱਲ ਕੇ ਅਸੀਂ ਖ਼ੁਸ਼ੀ ਭਰੀ ਅਤੇ ਇੱਜ਼ਤ ਵਾਲੀ ਜ਼ਿੰਦਗੀ ਜੀ ਸਕਦੇ ਹਾਂ