Skip to content

Skip to table of contents

ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਯਹੋਵਾਹ ਨੇ ਮੇਰੀ ਸਹਾਇਤਾ ਕੀਤੀ

ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਯਹੋਵਾਹ ਨੇ ਮੇਰੀ ਸਹਾਇਤਾ ਕੀਤੀ

ਜੀਵਨੀ

ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਯਹੋਵਾਹ ਨੇ ਮੇਰੀ ਸਹਾਇਤਾ ਕੀਤੀ

ਡੇਲ ਅਰਵਿਨ ਦੀ ਜ਼ਬਾਨੀ

‘ਅੱਠ ਨੇ ਤਾਂ ਕਰਾ ਦਿੱਤੀ ਬਸ। ਤੋਬਾ ਮੇਰੀ ਤੋਬਾ!’ ਇਹ ਸੀ ਸਾਡੇ ਸ਼ਹਿਰ ਦੀ ਇਕ ਅਖ਼ਬਾਰ ਦੀ ਸੁਰਖੀ ਜਿਸ ਵਿਚ ਇਹ ਖ਼ਬਰ ਛਾਪੀ ਗਈ ਸੀ ਕਿ ਚਾਰ ਕੁੜੀਆਂ ਤੋਂ ਬਾਅਦ ਸਾਡੇ ਘਰ ਚਾਰ ਹੋਰ ਬੱਚਿਆਂ ਨੇ ਜਨਮ ਲਿਆ ਸੀ। ਜਵਾਨੀ ਵਿਚ ਮੇਰਾ ਵਿਆਹ ਕਰਾਉਣ ਦਾ ਕੋਈ ਇਰਾਦਾ ਹੀ ਨਹੀਂ ਸੀ, ਬੱਚੇ ਪੈਦਾ ਕਰਨ ਦੀ ਤਾਂ ਦੂਰ ਦੀ ਗੱਲ ਸੀ। ਲੇਕਿਨ ਹੁਣ ਮੈਂ ਸੋਚੀਂ ਪੈ ਗਿਆ ਕਿ ਮੇਰਾ ਅੱਠ ਬੱਚਿਆਂ ਨਾਲ ਕੀ ਹਾਲ ਹੋਉ!

ਮੇਰਾ ਜਨਮ 1934 ਵਿਚ ਆਸਟ੍ਰੇਲੀਆ ਦੇ ਮਾਰੀਬਾ ਕਸਬੇ ਵਿਚ ਹੋਇਆ ਸੀ। ਮੈਂ ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਕੁਝ ਸਮੇਂ ਬਾਅਦ ਸਾਡਾ ਪਰਿਵਾਰ ਬਰਿਜ਼ਬੇਨ ਸ਼ਹਿਰ ਵਿਚ ਆ ਕੇ ਵੱਸ ਗਿਆ ਜਿੱਥੇ ਮਾਤਾ ਜੀ ਮੈਥੋਡਿਸਟ ਚਰਚ ਦੇ ਸੰਡੇ ਸਕੂਲ ਵਿਚ ਪੜ੍ਹਾਉਂਦੇ ਹੁੰਦੇ ਸਨ।

1938 ਦੇ ਸ਼ੁਰੂ ਵਿਚ ਅਖ਼ਬਾਰਾਂ ਨੇ ਦੱਸਿਆ ਕਿ ਯਹੋਵਾਹ ਦੇ ਗਵਾਹਾਂ ਦੇ ਪ੍ਰਧਾਨ ਜੋਸਫ਼ ਐੱਫ਼. ਰਦਰਫ਼ਰਡ ਨੂੰ ਸ਼ਾਇਦ ਆਸਟ੍ਰੇਲੀਆ ਵਿਚ ਵੜਨ ਦੀ ਇਜਾਜ਼ਤ ਨਾ ਦਿੱਤਾ ਜਾਵੇ। ਮਾਤਾ ਜੀ ਨੇ ਇਹ ਖ਼ਬਰ ਪੜ੍ਹ ਕੇ ਸਾਡੇ ਘਰ ਪ੍ਰਚਾਰ ਕਰਨ ਆਏ ਯਹੋਵਾਹ ਦੇ ਗਵਾਹ ਨੂੰ ਪੁੱਛਿਆ: “ਉਸ ਨੂੰ ਮੁਲਕ ’ਚ ਆਉਣ ਕਿਉਂ ਨਹੀਂ ਦਿੰਦੇ?” ਗਵਾਹ ਨੇ ਜਵਾਬ ਦਿੱਤਾ: “ਕੀ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਉਸ ਦੇ ਚੇਲੇ ਸਤਾਏ ਜਾਣਗੇ?” ਗਵਾਹ ਨੇ ਮਾਤਾ ਜੀ ਨੂੰ ਕਿਯੂਰ ਨਾਮਕ ਪੁਸਤਿਕਾ ਦਿੱਤੀ ਜਿਸ ਵਿਚ ਦੱਸਿਆ ਸੀ ਕਿ ਅਸੀਂ ਉਸ ਧਰਮ ਦੀ ਪਛਾਣ ਕਿਵੇਂ ਕਰ ਸਕਦੇ ਹਾਂ ਜੋ ਪਰਮੇਸ਼ੁਰ ਨੂੰ ਮਨਜ਼ੂਰ ਹੈ। * ਮਾਤਾ ਜੀ ਨੂੰ ਇਹ ਕਿਤਾਬ ਪੜ੍ਹ ਕੇ ਕਈ ਗੱਲਾਂ ਸਮਝ ਆਈਆਂ। ਅਗਲੇ ਐਤਵਾਰ ਉਹ ਸਾਨੂੰ ਬੱਚਿਆਂ ਨੂੰ ਯਹੋਵਾਹ ਦੇ ਗਵਾਹਾਂ ਦੀ ਮੀਟਿੰਗ ਵਿਚ ਲੈ ਗਏ। ਪਹਿਲਾਂ-ਪਹਿਲਾਂ ਪਿਤਾ ਜੀ ਨੇ ਬੜਾ ਇਤਰਾਜ਼ ਕੀਤਾ। ਲੇਕਿਨ ਕਦੀ-ਕਦੀ ਉਹ ਕਾਗਜ਼ ਤੇ ਬਾਈਬਲ ਸੰਬੰਧੀ ਸਵਾਲ ਲਿਖ ਕੇ ਮਾਤਾ ਜੀ ਨੂੰ ਦੇ ਦਿੰਦੇ ਸਨ ਤਾਂਕਿ ਉਹ ਮੀਟਿੰਗ ਤੇ ਕਿਸੇ ਭਰਾ ਨੂੰ ਪੁੱਛ ਸਕਣ। ਫਿਰ ਭਰਾ ਇਨ੍ਹਾਂ ਸਵਾਲਾਂ ਦੇ ਜਵਾਬ ਲਿਖ ਕੇ ਮਾਤਾ ਜੀ ਨੂੰ ਦੇ ਦਿੰਦੇ ਸਨ ਜੋ ਅੱਗਿਓਂ ਪਿਤਾ ਜੀ ਨੂੰ ਦੇ ਦਿੰਦੇ ਸਨ।

ਇਕ ਦਿਨ ਐਤਵਾਰ ਨੂੰ ਪਿਤਾ ਜੀ ਸਾਡੇ ਨਾਲ ਮੀਟਿੰਗ ਵਿਚ ਆਏ ਕਿਉਂਕਿ ਉਹ ਗਵਾਹਾਂ ਦੀਆਂ ਸਿੱਖਿਆਵਾਂ ਦੇ ਨਾਲ ਸਹਿਮਤ  ਨਹੀਂ ਸਨ। ਉਸ ਵੇਲੇ ਸਫ਼ਰੀ ਨਿਗਾਹਬਾਨ ਵੀ ਕਲੀਸਿਯਾ ਨੂੰ ਮਿਲਣ ਆਏ ਹੋਏ ਸਨ। ਉਨ੍ਹਾਂ ਨੇ ਪਿਤਾ ਜੀ ਨਾਲ ਗੱਲਬਾਤ ਕੀਤੀ ਜਿਸ ਕਰਕੇ ਪਿਤਾ ਜੀ ਨੇ ਗਵਾਹਾਂ ਪ੍ਰਤੀ ਆਪਣਾ ਨਜ਼ਰੀਆ ਬਦਲ ਲਿਆ। ਉਨ੍ਹਾਂ ਦੇ ਦਿਲ ਤੇ ਇੰਨਾ ਚੰਗਾ ਅਸਰ ਪਿਆ ਕਿ ਉਨ੍ਹਾਂ ਨਿਰਣਾ ਕੀਤਾ ਕਿ ਸਾਡੇ ਘਰ ਵਿਚ ਹਰ ਹਫ਼ਤੇ ਬਾਈਬਲ ਦੀ ਸਟੱਡੀ ਕੀਤੀ ਜਾਏ। ਸਾਡੇ ਇਲਾਕੇ ਵਿਚ ਰਹਿੰਦੇ ਦਿਲਚਸਪੀ ਰੱਖਣ ਵਾਲੇ ਵੀ ਹਰ ਹਫ਼ਤੇ ਇਸ ਮੀਟਿੰਗ ਵਿਚ ਆਉਣ ਲੱਗੇ।

ਸਤੰਬਰ 1938 ਵਿਚ ਮੇਰੇ ਮਾਪਿਆਂ ਨੇ ਬਪਤਿਸਮਾ ਲਿਆ। ਮੇਰਾ ਅਤੇ ਮੇਰੇ ਭੈਣ-ਭਰਾ ਦਾ ਬਪਤਿਸਮਾ ਦਸੰਬਰ 1941 ਵਿਚ ਸਿਡਨੀ ਦੇ ਨਿਊ ਸਾਉਥ ਵੇਲਜ਼ ਦੇ ਹਾਰਗ੍ਰੀਵ ਪਾਰਕ ਵਿਖੇ ਕੌਮਾਂਤਰੀ ਸੰਮੇਲਨ ਵਿਚ ਹੋਇਆ। ਉਦੋਂ ਮੈਂ ਸੱਤ ਸਾਲਾਂ ਦਾ ਸੀ ਅਤੇ ਉਸ ਤੋਂ ਬਾਅਦ ਮੈਂ ਮਾਤਾ-ਪਿਤਾ ਨਾਲ ਬਾਕਾਇਦਾ ਪ੍ਰਚਾਰ ਵਿਚ ਜਾਇਆ ਕਰਦਾ ਸੀ। ਉਨ੍ਹੀਂ ਦਿਨੀਂ ਗਵਾਹ ਘਰ-ਘਰ ਜਾ ਕੇ ਫੋਨੋਗ੍ਰਾਫ ਤੇ ਬਾਈਬਲ ਦੇ ਰਿਕਾਰਡ ਕੀਤੇ ਗਏ ਭਾਸ਼ਣ ਲੋਕਾਂ ਨੂੰ ਸੁਣਾਇਆ ਕਰਦੇ ਸਨ।

ਬਾਈਬਲ ਦੇ ਭਾਸ਼ਣ ਸੁਣਾਉਣ ਸੰਬੰਧੀ ਭਰਾ ਬਰਟ ਹੋਰਟਨ ਦੀ ਯਾਦ ਅਜੇ ਵੀ ਮੇਰੇ ਮਨ ਵਿਚ ਤਾਜ਼ਾ ਹੈ। ਬਰਟ ਦੀ ਕਾਰ ਦੀ ਛੱਤ ਤੇ ਐਂਪਲੀਫਾਇਰ ਅਤੇ ਵੱਡਾ ਲਾਊਡਸਪੀਕਰ ਲੱਗਾ ਹੋਇਆ ਸੀ ਜਿਸ ਤੇ ਉਹ ਬਾਈਬਲ-ਆਧਾਰਿਤ ਭਾਸ਼ਣ ਸੁਣਾਇਆ ਕਰਦਾ ਸੀ। ਮੈਨੂੰ ਬਰਟ ਨਾਲ ਕੰਮ ਕਰਨਾ ਬਹੁਤ ਹੀ ਵਧੀਆ ਲੱਗਦਾ ਹੁੰਦਾ ਸੀ। ਕਦੀ-ਕਦੀ ਅਸੀਂ ਪਹਾੜੀ ਤੇ ਜਾ ਕੇ ਲਾਊਡਸਪੀਕਰ ਤੇ ਲੋਕਾਂ ਨੂੰ ਭਾਸ਼ਣ ਸੁਣਾਇਆ ਕਰਦੇ ਸੀ ਤੇ ਅਕਸਰ ਸਾਡੇ ਮਗਰ ਪੁਲਸ ਲੱਗ ਜਾਂਦੀ ਸੀ। ਪੁਲਸ ਦੀ ਕਾਰ ਵੇਖਦਿਆਂ ਹੀ ਬਰਟ ਝੱਟ ਲਾਊਡਸਪੀਕਰ ਬੰਦ ਕਰ ਕੇ ਦੂਰ ਕਿਸੇ ਹੋਰ ਪਹਾੜੀ ਤੇ ਚਲੇ ਜਾਂਦਾ ਸੀ ਤੇ ਇਕ ਹੋਰ ਭਾਸ਼ਣ ਸੁਣਾਉਣਾ ਸ਼ੁਰੂ ਕਰ ਦਿੰਦਾ ਸੀ। ਇਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਮੈਂ ਬਰਟ ਤੋਂ ਅਤੇ ਉਸ ਵਰਗੇ ਵਫ਼ਾਦਾਰ ਤੇ ਹਿੰਮਤੀ ਭਰਾਵਾਂ ਤੋਂ ਯਹੋਵਾਹ ਤੇ ਭਰੋਸਾ ਰੱਖਣ ਬਾਰੇ ਅਤੇ ਦਲੇਰ ਬਣਨ ਬਾਰੇ ਕਾਫ਼ੀ ਕੁਝ ਸਿੱਖਿਆ।—ਮੱਤੀ 10:16.

ਜਦੋਂ ਮੈਂ 12 ਸਾਲਾਂ ਦਾ ਸੀ, ਤਾਂ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਮੈਂ ਬਾਕਾਇਦਾ ਖ਼ੁਦ ਪ੍ਰਚਾਰ ਕਰਨ ਚੱਲਿਆ ਜਾਂਦਾ ਸੀ। ਇਕ ਵਾਰ ਐਡਜ਼ਹੈੱਡ ਪਰਿਵਾਰ ਨਾਲ ਮੇਰੀ ਮੁਲਾਕਾਤ ਹੋਈ। ਕੁਝ ਸਮੇਂ ਬਾਅਦ ਸ਼੍ਰੀਮਾਨ ਐਡਜ਼ਹੈੱਡ ਤੇ ਉਸ ਦੀ ਪਤਨੀ , ਉਨ੍ਹਾਂ ਦੇ ਅੱਠ ਬੱਚਿਆਂ ਅਤੇ ਉਨ੍ਹਾਂ ਦੇ ਕਈ ਦੋਹਤੇ-ਪੋਤਿਆਂ ਨੇ ਸੱਚਾਈ ਸਿੱਖੀ। ਛੋਟੀ ਉਮਰੇ ਇਨ੍ਹਾਂ ਨੂੰ ਸੱਚਾਈ ਦੱਸਣ ਦੇ ਸਨਮਾਨ ਲਈ ਮੈਂ ਯਹੋਵਾਹ ਦਾ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ।—ਮੱਤੀ 21:16.

ਛੋਟੀ ਉਮਰੇ ਮਿਲੀਆਂ ਖ਼ਾਸ ਜ਼ਿੰਮੇਵਾਰੀਆਂ

ਅਠਾਰਾਂ ਸਾਲਾਂ ਦੀ ਉਮਰ ਤੇ ਮੈਂ ਪ੍ਰਚਾਰ ਕੰਮ ਵਿਚ ਜ਼ਿਆਦਾ ਯੋਗਦਾਨ ਪਾਉਣ ਲੱਗ ਪਿਆ ਤੇ ਮੈਨੂੰ ਨਿਊ ਸਾਉਥ ਵੇਲਜ਼ ਦੇ ਮੇਟਲੈਂਡ ਕਸਬੇ ਵਿਚ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਫਿਰ 1956 ਵਿਚ ਮੈਨੂੰ ਆਸਟ੍ਰੇਲੀਆ ਦੇ ਬ੍ਰਾਂਚ ਆਫ਼ਿਸ ਸਿਡਨੀ ਵਿਚ ਸੇਵਾ ਕਰਨ ਦਾ ਸੱਦਾ ਆਇਆ। ਉੱਥੇ ਕੁਲ ਮਿਲਾ ਕੇ 20 ਜਣੇ ਸੇਵਾ ਕਰਦੇ ਸਨ ਤੇ ਇਨ੍ਹਾਂ ਵਿੱਚੋਂ 6-7 ਜਣੇ ਸਵਰਗ ਜਾਣ ਦੀ ਉਮੀਦ ਰੱਖਦੇ ਸਨ ਜਿੱਥੇ ਉਹ ਮਸੀਹ ਨਾਲ ਰਾਜ ਕਰਨਗੇ। ਇਨ੍ਹਾਂ ਨਾਲ ਕੰਮ ਕਰਨਾ ਮੇਰੇ ਲਈ ਮਾਣ ਦੀ ਗੱਲ ਸੀ!—ਲੂਕਾ 12:32; ਪਰਕਾਸ਼ ਦੀ ਪੋਥੀ 1:6; 5:10.

ਜਦ ਮੈਂ ਪਾਇਨੀਅਰੀ ਕਰ ਰਹੀ ਸੋਹਣੀ-ਸੁਨੱਖੀ ਜੂਡੀ ਹੈਲਬਰਗ ਨੂੰ ਪਹਿਲੀ ਵਾਰੀ ਮਿਲਿਆ, ਤਾਂ ਕੁਆਰੇ ਰਹਿਣ ਦੇ ਮੇਰੇ ਸਾਰੇ ਸੁਪਨੇ ਉੱਡ ਗਏ। ਉਸ ਨੂੰ ਕੁਝ ਸਮੇਂ ਲਈ ਬ੍ਰਾਂਚ ਆਫ਼ਿਸ ਵਿਚ ਸੰਮੇਲਨਾਂ ਸੰਬੰਧੀ ਇਕ ਵੱਡੇ ਪ੍ਰਾਜੈਕਟ ਤੇ ਕੰਮ ਕਰਨ ਲਈ ਬੁਲਾਇਆ ਗਿਆ ਸੀ। ਜੂਡੀ ਤੇ ਮੇਰਾ ਦਿਲ ਆ ਗਿਆ ਅਤੇ ਦੋ ਸਾਲਾਂ ਬਾਅਦ ਅਸੀਂ ਵਿਆਹ ਕਰਾ ਕੇ ਸਰਕਟ ਕੰਮ ਵਿਚ ਚਲੇ ਗਏ। ਹਰ ਹਫ਼ਤੇ ਅਸੀਂ ਗਵਾਹਾਂ ਦੀ ਇਕ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਉਤਸ਼ਾਹਿਤ ਕਰਨ ਲਈ ਜਾਇਆ ਕਰਦੇ ਸੀ।

ਸਾਡੀ ਵੱਡੀ ਲੜਕੀ ਕਿਮ ਦਾ ਜਨਮ 1960 ਵਿਚ ਹੋਇਆ। ਜੇ ਕਿਸੇ ਸਫ਼ਰੀ ਨਿਗਾਹਬਾਨ ਅਤੇ ਉਸ ਦੀ ਪਤਨੀ ਦੇ ਬੱਚਾ ਹੁੰਦਾ ਹੈ, ਤਾਂ ਉਨ੍ਹਾਂ ਨੂੰ ਸਰਕਟ ਕੰਮ ਛੱਡਣਾ ਪੈਂਦਾ ਹੈ। ਇਸ ਲਈ ਅਸੀਂ ਬੜੇ ਹੈਰਾਨ ਹੋਏ ਜਦ ਸਾਨੂੰ ਇਹ ਕੰਮ ਜਾਰੀ ਰੱਖਣ ਲਈ ਕਿਹਾ ਗਿਆ। ਯਹੋਵਾਹ ਨੂੰ ਕਾਫ਼ੀ ਪ੍ਰਾਰਥਨਾ ਕਰਨ ਮਗਰੋਂ ਅਸੀਂ ਸਰਕਟ ਕੰਮ ਦੁਬਾਰਾ ਸ਼ੁਰੂ ਕਰਨ ਲਈ ਰਾਜ਼ੀ ਹੋ ਗਏ ਅਤੇ ਅਗਲੇ ਸੱਤ ਮਹੀਨੇ ਕਿਮ ਨੇ ਸਾਡੇ ਨਾਲ ਬੱਸਾਂ ਵਿਚ, ਹਵਾਈ ਜਹਾਜ਼ਾਂ ਵਿਚ ਅਤੇ ਟ੍ਰੇਨਾਂ ਵਿਚ 13,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਅਸੀਂ ਕੁਈਨਜ਼ਲੈਂਡ ਅਤੇ ਉੱਤਰੀ ਇਲਾਕਿਆਂ ਦੀਆਂ ਦੂਰ-ਦੁਰੇਡੀਆਂ ਕਲੀਸਿਯਾਵਾਂ ਵਿਚ ਭੈਣਾਂ-ਭਰਾਵਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਉਦੋਂ ਸਾਡੇ ਕੋਲ ਕਾਰ ਨਹੀਂ ਸੀ ਹੁੰਦੀ।

ਸਰਕਟ ਕੰਮ ਵਿਚ ਭੈਣਾਂ-ਭਰਾਵਾਂ ਨੇ ਹਮੇਸ਼ਾ ਸਾਡੇ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਰੱਖੇ। ਗਰਮੀਆਂ ਵਿਚ ਸੌਣ ਵਾਲੇ ਕਮਰਿਆਂ ਵਿਚ ਦਰਵਾਜ਼ਿਆਂ ਦੀ ਥਾਂ ਪਰਦੇ ਲੱਗੇ ਹੁੰਦੇ ਸਨ। ਇਸ ਲਈ ਜਦ ਰਾਤ ਨੂੰ ਕਿਮ ਰੋਣ ਲੱਗ ਪੈਂਦੀ ਸੀ, ਤਾਂ ਅਸੀਂ ਕਾਫ਼ੀ ਪਰੇਸ਼ਾਨ ਹੋ ਜਾਂਦੇ ਸੀ। ਸਰਕਟ ਕੰਮ ਅਤੇ ਕਿਮ ਦੀ ਪਰਵਰਿਸ਼ ਕਰਨ ਦੀਆਂ ਜ਼ਿੰਮੇਵਾਰੀਆਂ ਇੱਕੋ ਸਮੇਂ ਸੰਭਾਲਣੀਆਂ ਸਾਡੇ ਵਾਸਤੇ ਬਹੁਤ ਹੀ ਔਖੀਆਂ ਸਨ। ਇਸ ਕਰਕੇ ਅਸੀਂ ਦੋਹਾਂ ਨੇ ਬਰਿਜ਼ਬੇਨ ਸ਼ਹਿਰ ਰਹਿਣ ਦਾ ਫ਼ੈਸਲਾ ਕੀਤਾ ਤੇ ਮੈਂ ਸਾਈਨ-ਬੋਰਡ ਪੇਂਟ ਕਰਨ ਦਾ ਕੰਮ ਕਰਨ ਲੱਗ ਗਿਆ। ਕਿਮ ਦੇ ਜਨਮ ਤੋਂ ਦੋ ਸਾਲਾਂ ਬਾਅਦ ਸਾਡੀ ਦੂਸਰੀ ਕੁੜੀ ਪਟੀਨਾ ਦਾ ਜਨਮ ਹੋਇਆ।

ਜੀਵਨ ਸਾਥੀ ਦਾ ਵਿਛੋੜਾ

1972 ਵਿਚ ਜਦ ਕਿਮ ਬਾਰਾਂ ਸਾਲਾਂ ਦੀ ਸੀ ਤੇ ਪਟੀਨਾ ਦਸਾਂ ਦੀ, ਜੂਡੀ ਦਮ ਤੋੜ ਗਈ। ਉਸ ਨੂੰ ਇਕ ਕਿਸਮ ਦਾ ਜਾਨਲੇਵਾ ਕੈਂਸਰ (Hodgkin’s disease) ਸੀ। ਅਸੀਂ ਅੰਦਰੋਂ ਟੁੱਟ ਗਏ। ਇਹ ਸਦਮਾ ਸਹਿਣਾ ਸਾਡੇ ਲਈ ਬੜਾ ਹੀ ਔਖਾ ਸੀ। ਤਾਂ ਵੀ ਯਹੋਵਾਹ ਨੇ ਜੂਡੀ ਦੀ ਬੀਮਾਰੀ ਦੌਰਾਨ ਤੇ ਉਸ ਦੀ ਮੌਤ ਮਗਰੋਂ ਆਪਣੇ ਬਚਨ ਬਾਈਬਲ, ਪਵਿੱਤਰ ਆਤਮਾ ਤੇ ਭੈਣਾਂ-ਭਰਾਵਾਂ ਰਾਹੀਂ ਸਾਨੂੰ ਦਿਲਾਸਾ ਦਿੱਤਾ। ਜੂਡੀ ਦੀ ਮੌਤ ਤੋਂ ਕੁਝ ਹੀ ਦਿਨਾਂ ਪਿੱਛੋਂ ਮਿਲੇ ਪਹਿਰਾਬੁਰਜ ਰਸਾਲੇ ਤੋਂ ਵੀ ਅਸੀਂ ਬਹੁਤ ਦਿਲਾਸਾ ਪਾਇਆ। ਇਸ ਰਸਾਲੇ ਦੇ ਇਕ ਖ਼ਾਸ ਲੇਖ ਵਿਚ ਦੁਖਦਾਈ ਘੜੀ ਵਿੱਚੋਂ ਲੰਘਣ ਵਾਲਿਆਂ ਨੂੰ ਚੰਗੀ ਸਲਾਹ ਦਿੱਤੀ ਗਈ ਸੀ। ਇਸ ਵਿਚ ਆਪਣੇ ਕਿਸੇ ਅਜ਼ੀਜ਼ ਦੀ ਮੌਤ ਦੇ ਗਮ ਨੂੰ ਸਹਿਣ ਬਾਰੇ ਵੀ ਦੱਸਿਆ ਗਿਆ ਸੀ ਅਤੇ ਇਹ ਵੀ ਕਿ ਅਜਿਹੇ ਸਦਮੇ ਸਾਨੂੰ ਵਫ਼ਾਦਾਰੀ ਤੇ ਧੀਰਜ ਵਰਗੇ ਗੁਣ ਪੈਦਾ ਕਰਨ ਵਿਚ ਕਿਵੇਂ ਮਦਦ ਕਰਦੇ ਹਨ। *ਯਾਕੂਬ 1:2-4.

ਜੂਡੀ ਦੀ ਮੌਤ ਪਿੱਛੋਂ ਮੈਂ ਤੇ ਮੇਰੀਆਂ ਧੀਆਂ ਇਕ-ਦੂਸਰੇ ਦਾ ਸਹਾਰਾ ਬਣ ਗਏ। ਇਹ ਸੱਚ ਹੈ ਕਿ ਮਾਂ-ਪਿਓ ਦੋਹਾਂ ਦਾ ਕੰਮ ਕਰਨਾ ਮੇਰੇ ਲਈ ਔਖਾ ਸੀ, ਪਰ ਮੇਰੀਆਂ ਪਿਆਰੀਆਂ ਧੀਆਂ ਨੇ ਮੇਰਾ ਪੂਰਾ ਸਾਥ ਦਿੱਤਾ।

ਦੂਸਰਾ ਵਿਆਹ ਤੇ ਪਰਿਵਾਰ ਵਿਚ ਵਾਧਾ

ਕੁਝ ਸਮੇਂ ਬਾਅਦ ਮੈਂ ਦੂਸਰਾ ਵਿਆਹ ਕਰਾ ਲਿਆ। ਮੇਰੀ ਦੂਸਰੀ ਪਤਨੀ ਦਾ ਨਾਂ ਮੈਰੀ ਸੀ। ਜ਼ਿਕਰਯੋਗ ਹੈ ਕਿ ਉਸ ਦਾ ਪਹਿਲਾ ਪਤੀ ਵੀ ਉਸੇ ਕੈਂਸਰ ਦਾ ਸ਼ਿਕਾਰ ਹੋਇਆ ਸੀ ਜਿਸ ਦਾ ਸ਼ਿਕਾਰ ਜੂਡੀ ਹੋਈ ਸੀ। ਉਸ ਦੀਆਂ ਵੀ ਦੋ ਕੁੜੀਆਂ ਸਨ—ਕੌਲੀਨ ਤੇ ਜੈਨੀਫ਼ਰ। ਕੌਲੀਨ ਪਟੀਨਾ ਨਾਲੋਂ ਤਿੰਨ ਕੁ ਸਾਲ ਛੋਟੀ ਸੀ। ਸੋ ਹੁਣ ਸਾਡੇ ਪਰਿਵਾਰ ਵਿਚ ਚਾਰ ਕੁੜੀਆਂ ਸਨ ਜੋ 14, 12, 9 ਤੇ 7 ਸਾਲਾਂ ਦੀਆਂ ਸਨ।

ਮੈਂ ਤੇ ਮੈਰੀ ਨੇ ਆਪਸ ਵਿਚ ਤੈਅ ਕਰ ਲਿਆ ਸੀ ਕਿ ਪਹਿਲਾਂ-ਪਹਿਲ ਅਸੀਂ ਆਪੋ-ਆਪਣੀਆਂ ਕੁੜੀਆਂ ਨੂੰ ਤਾੜਨਾ ਦੇਵਾਂਗੇ। ਇਹ ਪ੍ਰਬੰਧ ਉਦੋਂ ਤਕ ਜਾਰੀ ਰਹਿਣਾ ਸੀ ਜਦ ਤਕ ਬੱਚੇ ਮਤਰੇਏ ਪਿਤਾ ਜਾਂ ਮਾਤਾ ਤੋਂ ਸਲਾਹ-ਮਸ਼ਵਰਾ ਜਾਂ ਤਾੜਨਾ ਕਬੂਲ ਕਰਨ ਲਈ ਤਿਆਰ ਨਾ ਹੋ ਜਾਣ। ਪਤੀ-ਪਤਨੀ ਹੋਣ ਦੇ ਨਾਤੇ ਸਾਡੇ ਦੋ ਅਸੂਲ ਸਨ। ਪਹਿਲਾ, ਅਸੀਂ ਬੱਚਿਆਂ ਅੱਗੇ ਕਦੇ ਬਹਿਸ ਨਹੀਂ ਕਰਾਂਗੇ ਅਤੇ ਦੂਜਾ, ਅਫ਼ਸੀਆਂ 4:26 ਵਿਚ ਦਰਜ ਬਾਈਬਲ ਦੇ ਸਿਧਾਂਤ ਅਨੁਸਾਰ ਅਸੀਂ ਸ਼ਾਂਤੀ ਨਾਲ ਗੱਲ ਕਰ ਕੇ ਆਪਸੀ ਮਸਲਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ, ਚਾਹੇ ਇਨ੍ਹਾਂ ਨੂੰ ਹੱਲ ਕਰਨ ਵਿਚ ਕਈ ਘੰਟੇ ਹੀ ਕਿਉਂ ਨਾ ਲੱਗ ਜਾਣ!

ਖ਼ੁਸ਼ੀ ਦੀ ਗੱਲ ਹੈ ਕਿ ਸਾਡੀ ਜ਼ਿੰਦਗੀ ਵਿਚ ਕੁਝ ਹੱਦ ਤਕ ਰੌਣਕ ਪਰਤ ਆਈ। ਲੇਕਿਨ ਕੁਝ ਅਜਿਹੇ ਦਿਨ ਵੀ ਸਨ ਜਦੋਂ ਸਾਡੇ ਵਿਛੜੇ ਹੋਏ ਪਿਆਰਿਆਂ ਦੀਆਂ ਯਾਦਾਂ ਸਾਨੂੰ ਸਤਾਉਂਦੀਆਂ ਸਨ। ਮਿਸਾਲ ਲਈ, ਫੈਮਲੀ ਸਟੱਡੀ ਤੋਂ ਬਾਅਦ ਜਦ ਕੁੜੀਆਂ ਸੌਣ ਚੱਲੀਆਂ ਜਾਂਦੀਆਂ ਸਨ, ਤਾਂ ਅਕਸਰ ਮੈਰੀ ਨੂੰ ਆਪਣੇ ਪਹਿਲੇ ਪਤੀ ਦੀ ਯਾਦ ਸਤਾਉਣ ਲੱਗ ਪੈਂਦੀ ਸੀ। ਸੋ ਹਰ ਸੋਮਵਾਰ ਸ਼ਾਮ ਮੈਰੀ ਨੇ ਰੋਣ ਲੱਗ ਜਾਣਾ।

ਮੈਰੀ ਚਾਹੁੰਦੀ ਸੀ ਕਿ ਸਾਡਾ ਵੀ ਆਪਣਾ ਇਕ ਬੱਚਾ ਹੋਵੇ। ਦੁੱਖ ਦੀ ਗੱਲ ਹੈ ਕਿ ਪਹਿਲਾ ਬੱਚਾ ਪੈਦਾ ਹੋਣ ਤੋਂ ਪਹਿਲਾਂ ਹੀ ਦਮ ਤੋੜ ਗਿਆ ਸੀ। ਜਦੋਂ ਫਿਰ ਮੈਰੀ ਦੇ ਪੈਰ ਭਾਰੀ ਹੋਏ, ਤਾਂ ਸਾਨੂੰ ਵੱਡਾ ਸਾਰਾ ਝਟਕਾ ਲੱਗਣ ਵਾਲਾ ਸੀ। ਡਾਕਟਰ ਨੇ ਦੱਸਿਆ ਕਿ ਮੈਰੀ ਦੀ ਕੁੱਖ ਵਿਚ ਇਕ ਨਹੀਂ, ਸਗੋਂ ਚਾਰ ਬੱਚੇ ਪਲ ਰਹੇ ਸਨ। ਇਹ ਸੁਣ ਕੇ ਮੈਂ ਹੱਕਾ-ਬੱਕਾ ਰਹਿ ਗਿਆ, ਮੈਂ ਬਿਲਕੁਲ ਸੁੰਨ ਹੋ ਗਿਆ। ਮੈਂ 47 ਸਾਲਾਂ ਦਾ ਬੰਦਾ ਅੱਠ ਬੱਚਿਆਂ ਦਾ ਬਾਪ ਬਣਨ ਵਾਲਾ ਸੀ! ਅੱਠ ਮਹੀਨਿਆਂ ਬਾਅਦ 14 ਫਰਵਰੀ 1982 ਨੂੰ ਸਾਡੇ ਚਾਰ ਬੱਚਿਆਂ ਦਾ ਜਨਮ ਵੱਡੇ ਓਪਰੇਸ਼ਨ (ਸਿਸੇਰੀਅਨ) ਨਾਲ ਹੋਇਆ। ਪਹਿਲਾ ਕਲਿੰਟ ਹੋਇਆ, ਵਜ਼ਨ 1.6 ਕਿਲੋ. ਫਿਰ ਸਿੰਡੀ ਆਈ, ਵਜ਼ਨ 1.9 ਕਿਲੋ, ਫਿਰ ਜੈਰਮੀ ਆਇਆ, ਵਜ਼ਨ 1.4 ਕਿਲੋ ਅਤੇ ਅਖ਼ੀਰ ਡਨੈੱਟ ਆਈ, ਵਜ਼ਨ 1.7 ਕਿਲੋ। ਕਿਸੇ ਦੀ ਵੀ ਸ਼ਕਲ ਰਲਦੀ-ਮਿਲਦੀ ਨਹੀਂ ਸੀ।

ਬੱਚਿਆਂ ਦੇ ਜਨਮ ਤੋਂ ਕੁਝ ਪਲ ਮਗਰੋਂ, ਡਾਕਟਰ ਮੇਰੇ ਕੋਲ ਆ ਕੇ ਬੈਠ ਗਿਆ।

ਉਸ ਨੇ ਮੈਨੂੰ ਪੁੱਛਿਆ: “ਕੀ ਤੈਨੂੰ ਫ਼ਿਕਰ ਹੈ ਕਿ ਤੂੰ ਇਨ੍ਹਾਂ ਬੱਚਿਆਂ ਦੀ ਕਿੱਦਾਂ ਪਰਵਰਿਸ਼ ਕਰੇਂਗਾ?”

ਮੈਂ ਕਿਹਾ: “ਇੱਦਾਂ ਤਾਂ ਮੇਰੇ ਨਾਲ ਪਹਿਲੀ ਵਾਰੀ ਹੋ ਰਿਹਾ ਹੈ।”

ਡਾਕਟਰ ਨੇ ਜੋ ਅੱਗੋਂ ਕਿਹਾ, ਉਸ ਤੇ ਮੈਂ ਕਾਫ਼ੀ ਹੱਕਾ-ਬੱਕਾ ਰਹਿ ਗਿਆ ਪਰ ਮੈਨੂੰ ਬਹੁਤ ਹੌਸਲਾ ਵੀ ਮਿਲਿਆ।

ਉਸ ਨੇ ਕਿਹਾ: “ਦਿਲ ਛੋਟਾ ਨਾ ਕਰ। ਤੈਨੂੰ ਸਿਰਫ਼ ਇਕ ਛਿੱਕ ਮਾਰਨ ਦੀ ਲੋੜ ਹੈ ਤੇ ਤੇਰੇ ਸਾਰੇ ਮਸੀਹੀ ਭੈਣ-ਭਰਾ ਤੇਰਾ ਨੱਕ ਪੂੰਝਣ ਆ ਜਾਣਗੇ।”

ਮੈਂ ਇਸ ਵਧੀਆ ਡਾਕਟਰ ਤੇ ਉਸ ਦੀ ਮੈਡੀਕਲ ਟੀਮ ਦਾ ਬਹੁਤ ਹੀ ਅਹਿਸਾਨਮੰਦ ਹਾਂ ਜਿਨ੍ਹਾਂ ਦੀ ਚੰਗੀ ਦੇਖ-ਭਾਲ ਸਦਕਾ ਚਾਰ ਤੰਦਰੁਸਤ ਨਿਆਣੇ ਦੋ ਮਹੀਨਿਆਂ ਦੇ ਅੰਦਰ-ਅੰਦਰ ਹਸਪਤਾਲੋਂ ਘਰੇ ਆ ਗਏ।

ਚੌਹਾਂ ਦੀ ਦੇਖ-ਭਾਲ—ਇਕ ਚੁਣੌਤੀ

ਨਿਆਣਿਆਂ ਦੀ ਚੰਗੀ ਤਰ੍ਹਾਂ ਦੇਖ-ਰੇਖ ਕਰਨ ਲਈ ਮੈਂ ਮੈਰੀ ਨਾਲ ਬੈਠ ਕੇ 24 ਘੰਟਿਆਂ ਦੀ ਸਮਾਂ-ਸਾਰਣੀ ਬਣਾਈ। ਸਾਡੀਆਂ ਵੱਡੀਆਂ ਕੁੜੀਆਂ ਨੇ ਚੌਹਾਂ ਨਿਆਣਿਆਂ ਦੀ ਵਧੀਆ ਦੇਖ-ਭਾਲ ਕੀਤੀ। ਅਤੇ ਡਾਕਟਰ ਦੇ ਸ਼ਬਦ ਸੱਚ ਹੀ ਸਾਬਤ ਹੋਏ—“ਛਿੱਕ” ਮਾਰਨ ਤੇ ਹੀ ਭੈਣ-ਭਰਾ ਮਦਦ ਕਰਨ ਲਈ ਅੱਗੇ ਆਏ। ਬੱਚਿਆਂ ਦੇ ਘਰੇ ਆਉਣ ਤੋਂ ਪਹਿਲਾਂ ਮੇਰੇ ਪੁਰਾਣੇ ਦੋਸਤ ਜੌਨ ਮੈਕਆਰਥਰ ਨੇ ਹੋਰ ਕਾਰੀਗਰ ਭੈਣਾਂ-ਭਰਾਵਾਂ ਦੀ ਮਦਦ ਨਾਲ ਸਾਡੇ ਘਰ ਨੂੰ ਹੋਰ ਵੱਡਾ ਬਣਾ ਦਿੱਤਾ। ਬੱਚਿਆਂ ਦੇ ਹਸਪਤਾਲੋਂ ਘਰ ਆਉਣ ਤੇ ਕਈ ਭੈਣਾਂ ਨੇ ਉਨ੍ਹਾਂ ਦੀ ਦੇਖ-ਭਾਲ ਕਰਨ ਵਿਚ ਸਾਡੀ ਮਦਦ ਕੀਤੀ। ਜੋ ਮਿਹਰਬਾਨੀਆਂ ਇਨ੍ਹਾਂ ਭੈਣਾਂ-ਭਰਾਵਾਂ ਨੇ ਸਾਡੇ ਤੇ ਕੀਤੀਆਂ, ਉਹ ਸੱਚ-ਮੁੱਚ ਮਸੀਹੀ ਪਿਆਰ ਦਾ ਸਬੂਤ ਸਨ।—1 ਯੂਹੰਨਾ 3:18.

ਇਕ ਤਰ੍ਹਾਂ ਕਹਿ ਸਕਦੇ ਹਾਂ ਕਿ ਭੈਣਾਂ-ਭਰਾਵਾਂ ਨੇ ਬੱਚਿਆਂ ਨੂੰ ਗੋਦ ਲੈ ਲਿਆ। ਅੱਜ ਵੀ ਚਾਰੇ ਬੱਚੇ ਕਈ ਭੈਣਾਂ-ਭਰਾਵਾਂ ਨੂੰ ਜਿਨ੍ਹਾਂ ਨੇ ਸਾਡੀ ਸਹਾਇਤਾ ਕੀਤੀ, ਆਪਣੇ ਮਾਤਾ-ਪਿਤਾ ਵਰਗੇ ਹੀ ਸਮਝਦੇ ਹਨ। ਰਹੀ ਗੱਲ ਮੈਰੀ ਦੀ, ਉਸ ਨੇ ਪਤਨੀ ਦੀ ਤੇ ਮਾਂ ਦੀ ਜ਼ਿੰਮੇਵਾਰੀ ਬਹੁਤ ਵਧੀਆ ਨਿਭਾਈ। ਉਸ ਨੇ ਤਾਂ ਬੱਚਿਆਂ ਵਾਸਤੇ ਆਪਾ ਵਾਰ ਕੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ। ਪਰਮੇਸ਼ੁਰ ਦੇ ਬਚਨ ਤੇ ਸੰਗਠਨ ਤੋਂ ਜੋ ਸਿੱਖਿਆ ਉਸ ਨੇ ਪ੍ਰਾਪਤ ਕੀਤੀ, ਉਸ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕੀਤੀ। ਵਾਕਈ, ਇਸ ਸਿੱਖਿਆ ਦਾ ਕੋਈ ਮੁਕਾਬਲਾ ਨਹੀਂ!—ਜ਼ਬੂਰਾਂ ਦੀ ਪੋਥੀ 1:2, 3; ਮੱਤੀ 24:45.

ਭਾਵੇਂ ਕਿ ਚਾਰ ਨਿਆਣਿਆਂ ਦੀ ਪਰਵਰਿਸ਼ ਕਰਨ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਸੀ, ਪਰ ਅਸੀਂ ਮੀਟਿੰਗਾਂ ਵਿਚ ਜਾਣ ਤੇ ਪ੍ਰਚਾਰ ਕੰਮ ਵਿਚ ਯੋਗਦਾਨ ਪਾਉਣ ਤੋਂ ਨਹੀਂ ਹਟੇ। ਉਨ੍ਹੀਂ ਦਿਨੀਂ ਸਾਡੇ ਵਾਸਤੇ ਚੰਗੀ ਗੱਲ ਇਹ ਸੀ ਕਿ ਅਸੀਂ ਦੋ ਸ਼ਾਦੀ-ਸ਼ੁਦਾ ਜੋੜਿਆਂ ਨਾਲ ਸਟੱਡੀ ਸ਼ੁਰੂ ਕੀਤੀ ਜੋ ਸਟੱਡੀ ਲਈ ਸਾਡੇ ਘਰ ਆਇਆ ਕਰਦੇ ਸਨ। ਭਾਵੇਂ ਕਿ ਸਾਡੇ ਘਰ ਸਟੱਡੀ ਕਰਨ ਦਾ ਇਹ ਇੰਤਜ਼ਾਮ ਚੰਗਾ ਸੀ, ਪਰ ਮੈਰੀ ਕਦੇ-ਕਦੇ ਇੰਨੀ ਥੱਕੀ-ਟੁੱਟੀ ਹੁੰਦੀ ਸੀ ਕਿ ਸਟੱਡੀ ਵੇਲੇ ਉਸ ਦੀ ਅੱਖ ਲੱਗ ਜਾਂਦੀ। ਸਮੇਂ ਦੇ ਬੀਤਣ ਨਾਲ ਇਹ ਦੋਵੇਂ ਜੋੜੇ ਯਹੋਵਾਹ ਦੇ ਸੇਵਕ ਬਣ ਗਏ।

ਛੋਟੀ ਉਮਰੇ ਰੂਹਾਨੀ ਤਾਲੀਮ

ਭਾਵੇਂ ਕਿ ਉਹ ਹਾਲੇ ਤੁਰ ਨਹੀਂ ਸਕਦੇ ਸੀ, ਫਿਰ ਵੀ ਮੈਂ ਮੈਰੀ ਤੇ ਸਾਡੀਆਂ ਵੱਡੀਆਂ ਕੁੜੀਆਂ ਛੋਟਿਆਂ ਬੱਚਿਆਂ ਨੂੰ ਪ੍ਰਚਾਰ ਵਿਚ ਲੈ ਜਾਂਦੇ ਸੀ। ਜਦ ਉਹ ਤੁਰਨ-ਫਿਰਨ ਲੱਗ ਗਏ, ਤਾਂ ਮੈਂ ਤੇ ਮੈਰੀ ਦੋ-ਦੋ ਕਰ ਕੇ ਉਨ੍ਹਾਂ ਨੂੰ ਪ੍ਰਚਾਰ ਵਿਚ ਲੈ ਜਾਂਦੇ ਸੀ। ਇਹ ਸਾਡੇ ਲਈ ਵਧੀਆ ਰਹਿੰਦਾ ਸੀ। ਇਕ ਦਿਨ ਮੈਨੂੰ ਇਕ ਬੰਦਾ ਮਿਲਿਆ ਜੋ ਦਾਅਵੇ ਨਾਲ ਕਹਿ ਰਿਹਾ ਸੀ ਕਿ ਸਿਤਾਰੇ ਅਤੇ ਗ੍ਰਹਿ ਸਾਡੀ ਜ਼ਿੰਦਗੀ ਤੇ ਸੁਭਾਅ ਉੱਤੇ ਗਹਿਰਾ ਅਸਰ ਪਾਉਂਦੇ ਹਨ। ਮੈਂ ਉਸ ਨਾਲ ਬਹਿਸ ਨਹੀਂ ਕੀਤੀ, ਪਰ ਜਾਣ ਲੱਗਿਆਂ ਮੈਂ ਉਸ ਤੋਂ ਵਾਪਸ ਆ ਕੇ ਦੁਬਾਰਾ ਗੱਲ ਕਰਨ ਬਾਰੇ ਪੁੱਛਿਆ। ਉਹ ਮੰਨ ਗਿਆ। ਜਦ ਮੈਂ ਆਪਣੇ ਚੌਹਾਂ ਬੱਚਿਆਂ ਨਾਲ ਮੁੜ ਆਇਆ, ਤਾਂ ਉਹ ਭਾਈ ਉਨ੍ਹਾਂ ਨੂੰ ਦੇਖ ਕੇ ਦੰਗ ਰਹਿ ਗਿਆ। ਫਿਰ ਮੈਂ ਚੌਹਾਂ ਨੂੰ ਵੱਡੇ ਤੋਂ ਲੈ ਕੇ ਛੋਟੇ ਤਕ ਇਕ-ਇਕ ਕਰ ਕੇ ਉਸ ਅੱਗੇ ਖੜ੍ਹਾ ਦਿੱਤਾ। ਬਹਿਸ ਕਰਨ ਦੀ ਬਜਾਇ, ਅਸੀਂ ਬੱਚਿਆਂ ਦੀਆਂ ਸ਼ਕਲਾਂ-ਸੂਰਤਾਂ, ਕੱਦ-ਕਾਠ ਵਿਚ ਫ਼ਰਕ ਵਗੈਰਾ ਬਾਰੇ ਗੱਲ ਕੀਤੀ। ਇਸ ਤੋਂ ਇਲਾਵਾ ਅਸੀਂ ਉਨ੍ਹਾਂ ਦੇ ਵੱਖਰੇ-ਵੱਖਰੇ ਸਭਾਵਾਂ ਬਾਰੇ ਵੀ ਚਰਚਾ ਕੀਤੀ। ਇਸ ਗੱਲਬਾਤ ਨੇ ਉਸ ਬੰਦੇ ਦੀ ਥਿਊਰੀ ਉੱਤੇ ਸ਼ੱਕ ਪੈਦਾ ਕਰ ਦਿੱਤਾ। ਉਸ ਨੇ ਕਿਹਾ: “ਮੇਰਾ ਇਹ ਸਭ ਕਿਹਾ ਫ਼ਜ਼ੂਲ ਹੀ ਸੀ। ਮੈਨੂੰ ਇਨ੍ਹਾਂ ਗੱਲਾਂ ਤੇ ਹੋਰ ਰਿਸਰਚ ਕਰਨੀ ਪਓ, ਹੈਨਾ?”

ਛੋਟੇ ਹੁੰਦਿਆਂ ਜੇ ਚੌਹਾਂ ਵਿੱਚੋਂ ਕੋਈ ਸ਼ਰਾਰਤ ਕਰਦਾ ਸੀ, ਤਾਂ ਅਸੀਂ ਉਸ ਨੂੰ ਦੂਜਿਆਂ ਸਾਮ੍ਹਣੇ ਤਾੜਨਾ ਨਹੀਂ ਦਿੰਦੇ ਸੀ ਕਿਉਂਕਿ ਉਹ ਇਹ ਪਸੰਦ ਨਹੀਂ ਕਰਦੇ ਸਨ। ਇਸ ਦੀ ਬਜਾਇ ਅਸੀਂ ਇਕੱਲੇ-ਇਕੱਲੇ ਨੂੰ ਬਿਠਾ ਕੇ ਤਾੜਨਾ ਦਿੰਦੇ ਹੁੰਦੇ ਸੀ। ਇਸ ਦੇ ਬਾਵਜੂਦ ਵੀ ਉਹ ਇਹ ਜਾਣ ਗਏ ਕਿ ਸਾਰਿਆਂ ਤੇ ਇੱਕੋ ਅਸੂਲ ਲਾਗੂ ਹੁੰਦੇ ਸਨ। ਜਦ ਉਨ੍ਹਾਂ ਦੇ ਸਕੂਲੇ ਧਾਰਮਿਕ ਅਸੂਲਾਂ ਸੰਬੰਧੀ ਕੋਈ ਮਸਲਾ ਖੜ੍ਹ ਹੁੰਦਾ, ਤਾਂ ਉਹ ਇਕ-ਦੂਜੇ ਦੀ ਸਹਾਇਤਾ ਕਰਦੇ ਸੀ ਤੇ ਬਾਈਬਲ ਦੇ ਅਸੂਲਾਂ ਤੇ ਪੱਕੇ ਰਹਿੰਦੇ ਸੀ। ਇਨ੍ਹਾਂ ਮਾਮਲਿਆਂ ਵਿਚ ਸਿੰਡੀ ਚਾਰਾਂ ਦੇ ਪੱਖ ਵਿਚ ਬੋਲਦੀ ਹੁੰਦੀ ਸੀ। ਲੋਕ ਜਲਦੀ ਹੀ ਜਾਣ ਗਏ ਕਿ ਇਨ੍ਹਾਂ ਚਾਰਾਂ ਵਿਚ ਬੜਾ ਏਕਾ ਹੈ।

ਬੱਚਿਆਂ ਦੀ ਕਿਸ਼ੋਰ ਉਮਰ ਵਿਚ ਦੂਜੇ ਮਾਪਿਆਂ ਦੀ ਤਰ੍ਹਾਂ ਮੈਨੂੰ ਤੇ ਮੈਰੀ ਨੂੰ ਵੀ ਬੱਚਿਆਂ ਨੂੰ ਸੱਚਾਈ ਵਿਚ ਤਕੜੇ ਕਰਨ ਦੀਆਂ ਚੁਣੌਤੀਆਂ ਨਾਲ ਨਜਿੱਠਣਾ ਪਿਆ। ਲੇਕਿਨ ਇਨ੍ਹਾਂ ਦਾ ਸਾਮ੍ਹਣਾ ਕਰਨ ਲਈ ਅਸੀਂ ਮਦਦ ਤੋਂ ਵਾਂਝੇ ਨਹੀਂ ਸੀ। ਸਾਡੇ ਪਿਆਰੇ ਭੈਣਾਂ-ਭਰਾਵਾਂ ਨੇ ਅਤੇ ਯਹੋਵਾਹ ਦੇ ਸੰਗਠਨ ਨੇ ਕਿਤਾਬਾਂ-ਰਸਾਲਿਆਂ ਰਾਹੀਂ ਸਾਡੀ ਕਾਫ਼ੀ ਮਦਦ ਕੀਤੀ। ਹਰ ਹਫ਼ਤੇ ਬਾਈਬਲ ਸਟੱਡੀ ਕਰਨੀ ਤੇ ਆਪਸ ਵਿਚ ਖੁੱਲ੍ਹ ਕੇ ਗੱਲ ਕਰਨੀ ਸਾਡਾ ਸਾਰਿਆਂ ਦਾ ਟੀਚਾ ਰਿਹਾ, ਹਾਲਾਂਕਿ ਇੰਜ ਕਰਨਾ ਹਮੇਸ਼ਾ ਆਸਾਨ ਨਹੀਂ ਹੁੰਦਾ ਸੀ। ਸਾਡੀਆਂ ਕੋਸ਼ਿਸ਼ਾਂ ਵਿਅਰਥ ਨਹੀਂ ਗਈਆਂ ਕਿਉਂਕਿ ਸਾਡੇ ਸਾਰਿਆਂ ਬੱਚਿਆਂ ਨੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਹੈ।

ਬੁਢਾਪੇ ਦੀਆਂ ਮੁਸ਼ਕਲਾਂ ਨਾਲ ਨਜਿੱਠਣਾ

ਮੈਨੂੰ ਕਈ ਸਾਲਾਂ ਤੋਂ ਕਲੀਸਿਯਾ ਦੇ ਬਜ਼ੁਰਗ ਤੇ ਸਿਟੀ ਨਿਗਾਹਬਾਨ (city overseer) ਵਜੋਂ ਤੇ ਕਦੇ-ਕਦੇ ਸਰਕਟ ਨਿਗਾਹਬਾਨ ਵਜੋਂ ਕੰਮ ਕਰਨ ਦਾ ਸਨਮਾਨ ਮਿਲਿਆ ਹੈ। ਮੈਂ ਹਸਪਤਾਲ ਸੰਪਰਕ ਕਮੇਟੀ ਦਾ ਮੈਂਬਰ ਵੀ ਰਿਹਾ ਹਾਂ। ਇਸ ਕਮੇਟੀ ਦਾ ਕੰਮ ਹੈ ਡਾਕਟਰਾਂ ਨਾਲ ਮਿਲ ਕੇ ਕੰਮ ਕਰਨਾ ਜਦੋਂ ਖ਼ੂਨ ਲੈਣ ਦੇ ਮਾਮਲੇ ਵਿਚ ਗਵਾਹਾਂ ਲਈ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ। 34 ਸਾਲ ਮੈਂ ਮਸੀਹੀ ਮੁੰਡੇ-ਕੁੜੀਆਂ ਦੇ ਵਿਆਹਾਂ ਦੀ ਕਾਨੂੰਨੀ ਕਾਰਵਾਈ ਕੀਤੀ। ਮੈਂ ਕੁੱਲ 350 ਵਿਆਹ ਕਰਵਾਏ ਹਨ। ਇਨ੍ਹਾਂ ਵਿੱਚੋਂ ਛੇ ਵਿਆਹ ਮੇਰੀਆਂ ਧੀਆਂ ਦੇ ਸਨ।

ਆਪਣੀ ਪਹਿਲੀ ਪਤਨੀ ਜੂਡੀ ਤੇ ਦੂਸਰੀ ਪਤਨੀ ਮੈਰੀ ਦੋਹਾਂ ਦੀ ਅਣਥੱਕ ਮਿਹਨਤ ਤੇ ਅਟੁੱਟ ਸਾਥ ਲਈ ਮੈਂ ਹਮੇਸ਼ਾ ਯਹੋਵਾਹ ਦਾ ਸ਼ੁਕਰੀਆ ਅਦਾ ਕਰਦਾ ਹਾਂ। (ਕਹਾਉਤਾਂ 31:10, 30) ਕਲੀਸਿਯਾ ਦੇ ਬਜ਼ੁਰਗ ਦੇ ਕੰਮ ਵਿਚ  ਉਨ੍ਹਾਂ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ ਅਤੇ ਹਮੇਸ਼ਾ ਪ੍ਰਚਾਰ ਵਿਚ ਨਾਲੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਵਿਚ ਪਹਿਲ ਕੀਤੀ।

1996 ਵਿਚ ਡਾਕਟਰੀ ਜਾਂਚ ਤੋਂ ਪਤਾ ਲੱਗਾ ਕਿ ਮੇਰੇ ਦਿਮਾਗ਼ ਵਿਚ ਕੋਈ ਨੁਕਸ ਹੈ ਜਿਸ ਕਰਕੇ ਮੇਰੇ ਹੱਥ ਕੰਬਣ ਲੱਗ ਪਏ ਤੇ ਮੈਂ ਲੜਖੜਾ ਜਾਂਦਾ ਹਾਂ। ਇਸ ਲਈ ਮੈਨੂੰ ਆਪਣਾ ਪੇਂਟਿੰਗ ਦਾ ਕੰਮ ਛੱਡਣਾ ਪਿਆ। ਪਰ ਫਿਰ ਵੀ ਮੈਨੂੰ ਯਹੋਵਾਹ ਦੀ ਸੇਵਾ ਕਰਨ ਵਿਚ ਬਹੁਤ ਖ਼ੁਸ਼ੀ ਮਿਲਦੀ ਹੈ, ਭਾਵੇਂ ਕਿ ਮੈਂ ਹੁਣ ਜ਼ਿਆਦਾ ਨਹੀਂ ਕਰ ਸਕਦਾ। ਖ਼ੁਦ ਬੀਮਾਰ ਹੋਣ ਕਾਰਨ ਮੈਂ ਦੂਸਰਿਆਂ ਬਿਰਧ ਲੋਕਾਂ ਲਈ ਜ਼ਿਆਦਾ ਹਮਦਰਦੀ ਦਿਖਾ ਸਕਦਾ ਹਾਂ ਕਿਉਂਕਿ ਮੈਂ ਉਨ੍ਹਾਂ ਦੀ ਹਾਲਤ ਸਮਝਦਾ ਹਾਂ।

ਜਦੋਂ ਵੀ ਮੈਂ ਆਪਣੀ ਬੀਤੀ ਜ਼ਿੰਦਗੀ ਬਾਰੇ ਸੋਚਦਾ ਹਾਂ, ਮੈਂ ਯਹੋਵਾਹ ਦੀ ਕਿਰਪਾ ਦਾ ਸਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਹਮੇਸ਼ਾ ਮੇਰੀ ਤੇ ਮੇਰੇ ਪਰਿਵਾਰ ਦੀ ਮਦਦ ਕੀਤੀ ਹੈ ਤੇ ਮੈਨੂੰ ਚੁਣੌਤੀਆਂ ਦਾ ਖ਼ੁਸ਼ੀ-ਖ਼ੁਸ਼ੀ ਸਾਮ੍ਹਣਾ ਕਰਨ ਦੀ ਤਾਕਤ ਬਖ਼ਸ਼ੀ ਹੈ। ਮੈਂ, ਮੈਰੀ ਤੇ ਸਾਡੇ ਅੱਠ ਬੱਚੇ, ਭੈਣਾਂ-ਭਰਾਵਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਸਾਡੀ ਔਖੇ ਵੇਲੇ ਸਹਾਇਤਾ ਕੀਤੀ। ਜੋ ਪਿਆਰ ਸਾਨੂੰ ਮਿਲਿਆ ਹੈ, ਉਹ ਅਸੀਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ।—ਯੂਹੰਨਾ 13:34, 35.

[ਫੁਟਨੋਟ]

^ ਪੈਰਾ 6 ਇਹ ਪੁਸਤਿਕਾ ਯਹੋਵਾਹ ਦੇ ਗਵਾਹਾਂ ਵੱਲੋਂ ਛਾਪੀ ਗਈ ਸੀ ਪਰ ਹੁਣ ਛਾਪੀ ਨਹੀਂ ਜਾਂਦੀ।

^ ਪੈਰਾ 17 ਪਹਿਰਾਬੁਰਜ (ਅੰਗ੍ਰੇਜ਼ੀ), 15 ਮਾਰਚ 1972 ਦੇ ਸਫ਼ੇ 174-80 ਦੇਖੋ।

[ਸਫ਼ਾ 12 ਉੱਤੇ ਤਸਵੀਰ]

ਸਿਡਨੀ ਵਿਖੇ 1941 ਦੇ ਸੰਮੇਲਨ ਵਿਚ ਜਾਣ ਵੇਲੇ ਮਾਤਾ ਜੀ, ਵੱਡਾ ਭਰਾ ਗਾਰਥ ਤੇ ਭੈਣ ਡੌਨ ਤੇ ਮੈਂ

[ਸਫ਼ਾ 13 ਉੱਤੇ ਤਸਵੀਰ]

ਕੁਈਨਜ਼ਲੈਂਡ ਵਿਚ ਸਰਕਟ ਕੰਮ ਵਿਚ ਜੂਡੀ ਤੇ ਕਿਮ ਨਾਲ

[ਸਫ਼ਾ 15 ਉੱਤੇ ਤਸਵੀਰ]

ਚੌਹਾਂ ਦੇ ਜਨਮ ਤੋਂ ਬਾਅਦ ਸਾਡੀਆਂ ਚਾਰ ਧੀਆਂ ਨੇ ਸਾਡਾ ਹੱਥ ਵਟਾਇਆ