Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਨਿਊ ਵਰਲਡ ਟ੍ਰਾਂਸਲੇਸ਼ਨ ਦੇ ਬਿਵਸਥਾ ਸਾਰ 31:2 ਵਿਚ ਲਿਖਿਆ ਹੈ ਕਿ ਮੂਸਾ ਨੂੰ ਇਸਰਾਏਲ ਦੇ ਆਗੂ ਵਜੋਂ ਅੰਦਰ ਬਾਹਰ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸ ਆਇਤ ਵਿਚ ਇਸ ਤਰ੍ਹਾਂ ਕਿਉਂ ਕਿਹਾ ਗਿਆ ਹੈ ਜਦ ਕਿ ਹੋਰਨਾਂ ਅਨੁਵਾਦਾਂ ਤੋਂ ਲੱਗਦਾ ਹੈ ਕਿ ਮੂਸਾ ਬਿਰਧ ਹੋਣ ਕਰਕੇ ਅੰਦਰ ਬਾਹਰ ਨਹੀਂ ਆ-ਜਾ ਸਕਦਾ ਸੀ?

ਬਾਈਬਲ ਦੇ ਕੁਝ ਅਨੁਵਾਦਾਂ ਵਿਚ ਇਸ ਹਵਾਲੇ ਤੋਂ ਲੱਗਦਾ ਹੈ ਕਿ ਮੂਸਾ ਆਪਣੀ ਜ਼ਿੰਦਗੀ ਦੇ ਆਖ਼ਰੀ ਮੋੜ ਤੇ ਬਾਹਲਾ ਹੀ ਕਮਜ਼ੋਰ ਹੋ ਗਿਆ ਸੀ ਤੇ ਲੋਕਾਂ ਦੀ ਅਗਵਾਈ ਕਰਨ ਦੇ ਯੋਗ ਨਹੀਂ ਸੀ। ਮਿਸਾਲ ਲਈ, ਪੰਜਾਬੀ ਦੀ ਪਵਿੱਤਰ ਬਾਈਬਲ ਵਿਚ ਮੂਸਾ ਦੇ ਇਹ ਸ਼ਬਦ ਦਰਜ ਹਨ: “ਮੈਂ ਅੱਜ ਇੱਕ ਸੌ ਵੀਹ ਵਰਿਹਾਂ ਦਾ ਹਾਂ। ਮੈਂ ਹੁਣ ਹੋਰ ਅੰਦਰ ਬਾਹਰ ਆ ਜਾ ਨਹੀਂ ਸੱਕਦਾ।” ਇਸੇ ਤਰ੍ਹਾਂ ਪਵਿੱਤਰ ਬਾਈਬਲ ਨਵਾਂ ਅਨੁਵਾਦ ਵਿਚ ਲਿਖਿਆ ਹੈ: “ਮੈਂ ਹੁਣ ਤੁਹਾਡੀ ਬਾਹਰ-ਅੰਦਰ, ਅਗਵਾਈ ਨਹੀਂ ਕਰ ਸਕਦਾ ਹਾਂ।”

ਲੇਕਿਨ ਬਿਵਸਥਾ ਸਾਰ 34:7 ਵਿਚ ਦੱਸਿਆ ਹੈ ਕਿ ਭਾਵੇਂ ਮੂਸਾ ਬੁੱਢਾ ਹੋ ਚੁੱਕਾ ਸੀ, ਪਰ ਉਹ ਜ਼ਰਾ ਵੀ ਕਮਜ਼ੋਰ ਨਹੀਂ ਸੀ। ਇਹ ਹਵਾਲਾ ਕਹਿੰਦਾ ਹੈ: “ਮੂਸਾ ਇੱਕ ਸੌ ਵੀਹ ਵਰਿਹਾਂ ਦਾ ਸੀ ਜਦ ਉਹ ਚਲਾਣਾ ਕਰ ਗਿਆ, ਨਾ ਤਾਂ ਉਸ ਦੀ ਅੱਖ ਧੁੰਦਲੀ ਹੋਈ, ਨਾ ਹੀ ਉਸ ਦੀ ਸ਼ਕਤੀ ਘਟੀ।” ਇਸ ਹਵਾਲੇ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮੂਸਾ ਹਾਲੇ ਵੀ ਤੰਦਰੁਸਤ ਸੀ ਤੇ ਕੌਮ ਦੀ ਅਗਵਾਈ ਕਰਨ ਦੇ ਯੋਗ ਸੀ। ਪਰ ਯਹੋਵਾਹ ਦੀ ਕੁਝ ਹੋਰ ਇੱਛਾ ਸੀ। ਮੂਸਾ ਨੇ ਕਿਹਾ: “ਯਹੋਵਾਹ ਨੇ ਮੈਨੂੰ ਆਖਿਆ ਹੈ ਕਿ ਤੂੰ ਏਸ ਯਰਦਨੋਂ ਪਾਰ ਨਹੀਂ ਲੰਘੇਗਾ।” ਲੱਗਦਾ ਹੈ ਕਿ ਯਹੋਵਾਹ ਮਰੀਬਾਹ ਦੇ ਪਾਣੀਆਂ ਵਿਖੇ ਮੂਸਾ ਨੂੰ ਕਹੀ ਗੱਲ ਦੁਹਰਾ ਰਿਹਾ ਸੀ।—ਗਿਣਤੀ 20:9-12.

ਮੂਸਾ ਦੀ ਜ਼ਿੰਦਗੀ ਲੰਬੀ ਅਤੇ ਬੜੀ ਅਨੋਖੀ ਸੀ। ਇਹ ਤਿੰਨ ਹਿੱਸਿਆਂ ਵਿਚ ਵੰਡੀ ਜਾ ਸਕਦੀ ਹੈ। ਮੂਸਾ 40 ਸਾਲ ਮਿਸਰ ਵਿਚ ਰਿਹਾ ਜਿੱਥੇ ਉਸ ਨੇ “ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ ਅਤੇ ਆਪਣਿਆਂ ਬਚਨਾਂ ਅਤੇ ਕਰਨੀਆਂ ਵਿੱਚ ਸਮਰਥ ਸੀ।” (ਰਸੂਲਾਂ ਦੇ ਕਰਤੱਬ 7:20-22) ਫਿਰ ਅਗਲੇ 40 ਸਾਲ ਉਹ ਮਿਦਯਾਨ ਦੇ ਇਲਾਕੇ ਵਿਚ ਜਾ ਵੱਸਿਆ। ਉੱਥੇ ਉਸ ਨੇ ਯਹੋਵਾਹ ਦੇ ਲੋਕਾਂ ਦੀ ਅਗਵਾਈ ਕਰਨ ਲਈ ਲੋੜੀਂਦੇ ਗੁਣ ਪੈਦਾ ਕੀਤੇ। ਅਖ਼ੀਰਲੇ 40 ਸਾਲ ਮੂਸਾ ਨੇ ਇਸਰਾਏਲੀਆਂ ਦੀ ਅਗਵਾਈ ਕੀਤੀ। ਲੇਕਿਨ ਯਹੋਵਾਹ ਨੇ ਤੈਅ ਕਰ ਲਿਆ ਸੀ ਕਿ ਮੂਸਾ ਨਹੀਂ, ਪਰ ਯਹੋਸ਼ੁਆ ਇਸਰਾਏਲੀਆਂ ਨੂੰ ਯਰਦਨੋਂ ਪਾਰ ਵਾਅਦਾ ਕੀਤੇ ਗਏ ਕਨਾਨ ਦੇਸ਼ ਵਿਚ ਲੈ ਜਾਏਗਾ।—ਬਿਵਸਥਾ ਸਾਰ 31:3.

ਤਾਂ ਫਿਰ ਅਸੀਂ ਦੇਖ ਸਕਦੇ ਹਾਂ ਕਿ ਨਿਊ ਵਰਲਡ ਟ੍ਰਾਂਸਲੇਸ਼ਨ ਸਾਨੂੰ ਬਿਵਸਥਾ ਸਾਰ 31:2 ਦਾ ਸਹੀ ਮਤਲਬ ਦੱਸਦੀ ਹੈ। ਮੂਸਾ ਆਪਣੀ ਕਿਸੇ ਕਮੀ-ਕਮਜ਼ੋਰੀ ਕਰਕੇ ਨਹੀਂ, ਪਰ ਯਹੋਵਾਹ ਦੀ ਮਨਾਹੀ ਕਰਕੇ ਇਸਰਾਏਲੀਆਂ ਦੀ ਅਗਵਾਈ ਨਹੀਂ ਕਰ ਸਕਿਆ।