Skip to content

Skip to table of contents

ਪਿਆਰ ਸਾਨੂੰ ਹਿੰਮਤ ਦਿੰਦਾ ਹੈ

ਪਿਆਰ ਸਾਨੂੰ ਹਿੰਮਤ ਦਿੰਦਾ ਹੈ

ਪਿਆਰ ਸਾਨੂੰ ਹਿੰਮਤ ਦਿੰਦਾ ਹੈ

“ਪਰਮੇਸ਼ੁਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਸਗੋਂ ਸਮਰੱਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ।”—2 ਤਿਮੋਥਿਉਸ 1:7.

1, 2. (ੳ) ਪਿਆਰ ਸਾਨੂੰ ਕੀ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਦੀ ਬਹਾਦਰੀ ਬੇਮਿਸਾਲ ਸੀ?

ਇਕ ਨਵ-ਵਿਆਹਿਆ ਜੋੜਾ ਆਸਟ੍ਰੇਲੀਆ ਦੇ ਪੂਰਬੀ ਤੱਟ ਨੇੜੇ ਸਮੁੰਦਰ ਵਿਚ ਤੈਰ ਰਿਹਾ ਸੀ। ਅਚਾਨਕ ਇਕ ਗ੍ਰੇਟ ਵ੍ਹਾਈਟ ਸ਼ਾਰਕ ਮੱਛੀ ਤੇਜ਼ੀ ਨਾਲ ਤੀਵੀਂ ਵੱਲ ਵਧੀ। ਪਤੀ ਨੇ ਆਪਣੀ ਪਤਨੀ ਨੂੰ ਪਰੇ ਧੱਕ ਦਿੱਤਾ ਅਤੇ ਆਪ ਸ਼ਾਰਕ ਦਾ ਸ਼ਿਕਾਰ ਬਣ ਗਿਆ। ਪਤੀ ਦੇ ਅੰਤਿਮ-ਸੰਸਕਾਰ ਤੇ ਇਸ ਵਿਧਵਾ ਨੇ ਕਿਹਾ ਕਿ “ਉਸ ਨੇ ਮੇਰੇ ਲਈ ਆਪਣੀ ਜਾਨ ਦੇ ਦਿੱਤੀ।”

2 ਜੀ ਹਾਂ, ਪਿਆਰ ਇਨਸਾਨ ਨੂੰ ਇੰਨੀ ਹਿੰਮਤ ਦੇ ਸਕਦਾ ਹੈ ਕਿ ਉਹ ਸਿਰ-ਧੜ ਦੀ ਬਾਜ਼ੀ ਲਾਉਣ ਲਈ ਵੀ ਤਿਆਰ ਹੋ ਜਾਂਦਾ ਹੈ। ਯਿਸੂ ਮਸੀਹ ਨੇ ਖ਼ੁਦ ਕਿਹਾ ਸੀ: “ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ।” (ਯੂਹੰਨਾ 15:13) ਇਹ ਸ਼ਬਦ ਕਹਿਣ ਤੋਂ ਕੁਝ ਹੀ ਘੰਟੇ ਬਾਅਦ ਯਿਸੂ ਨੇ ਆਪਣੀ ਜਾਨ ਸਿਰਫ਼ ਇਕ ਇਨਸਾਨ ਲਈ ਨਹੀਂ, ਬਲਕਿ ਸਾਰੀ ਮਨੁੱਖਜਾਤੀ ਲਈ ਦੇ ਦਿੱਤੀ। (ਮੱਤੀ 20:28) ਯਿਸੂ ਨੇ ਅਚਾਨਕ ਜੋਸ਼ ਵਿਚ ਆ ਕੇ ਆਪਣੀ ਜਾਨ ਨਹੀਂ ਦਿੱਤੀ ਸੀ। ਉਹ ਪਹਿਲਾਂ ਹੀ ਜਾਣਦਾ ਸੀ ਕਿ ਉਸ ਦਾ ਮਖੌਲ ਉਡਾਇਆ ਜਾਵੇਗਾ, ਉਸ ਨਾਲ ਬਦਸਲੂਕੀ ਕੀਤੀ ਜਾਵੇਗੀ, ਉਸ ਤੇ ਝੂਠਾ ਦੋਸ਼ ਲਾ ਕੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਉਸ ਨੂੰ ਸੂਲੀ ਤੇ ਚਾੜ੍ਹਿਆ ਜਾਵੇਗਾ। ਇਨ੍ਹਾਂ ਚੀਜ਼ਾਂ ਦਾ ਸਾਮ੍ਹਣਾ ਕਰਨ ਲਈ ਆਪਣੇ ਚੇਲਿਆਂ ਨੂੰ ਤਿਆਰ ਕਰਦਿਆਂ ਉਸ ਨੇ ਕਿਹਾ: “ਵੇਖੋ ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਮਨੁੱਖ ਦਾ ਪੁੱਤ੍ਰ ਪਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥ ਫੜਵਾਇਆ ਜਾਵੇਗਾ ਅਤੇ ਓਹ ਉਸ ਨੂੰ ਮਾਰ ਸੁੱਟਣ ਦਾ ਹੁਕਮ ਦੇਣਗੇ ਅਰ ਉਸ ਨੂੰ ਪਰਾਈਆਂ ਕੌਮਾਂ ਦੇ ਹਵਾਲੇ ਕਰਨਗੇ। ਓਹ ਉਸ ਨੂੰ ਠੱਠੇ ਕਰਨਗੇ ਅਤੇ ਉਸ ਉੱਤੇ ਥੁੱਕਣਗੇ ਅਤੇ ਕੋਰੜੇ ਮਾਰਨਗੇ ਅਤੇ ਮਾਰ ਸੁੱਟਣਗੇ।”—ਮਰਕੁਸ 10:33, 34.

3. ਯਿਸੂ ਨੂੰ ਇੰਨੀ ਹਿੰਮਤ ਕਿੱਥੋਂ ਮਿਲੀ?

3 ਯਿਸੂ ਨੂੰ ਇੰਨੀ ਹਿੰਮਤ ਕਿੱਥੋਂ ਮਿਲੀ? ਪੱਕੀ ਨਿਹਚਾ ਅਤੇ ਪਰਮੇਸ਼ੁਰ ਦੇ ਡਰ ਨੇ ਉਸ ਨੂੰ ਹਿੰਮਤ ਦਿੱਤੀ। (ਇਬਰਾਨੀਆਂ 5:7; 12:2) ਪਰ ਯਿਸੂ ਦੀ ਹਿੰਮਤ ਦਾ ਸਭ ਤੋਂ ਵੱਡਾ ਕਾਰਨ ਯਹੋਵਾਹ ਲਈ ਤੇ ਇਨਸਾਨਾਂ ਲਈ ਉਸ ਦਾ ਪਿਆਰ ਸੀ। (1 ਯੂਹੰਨਾ 3:16) ਜੇ ਅਸੀਂ ਨਿਹਚਾ ਕਰਨ ਤੇ ਪਰਮੇਸ਼ੁਰ ਦਾ ਭੈ ਰੱਖਣ ਦੇ ਨਾਲ-ਨਾਲ ਪਿਆਰ ਪੈਦਾ ਕਰੀਏ, ਤਾਂ ਅਸੀਂ ਵੀ ਯਿਸੂ ਵਾਂਗ ਹਿੰਮਤੀ ਬਣ ਸਕਾਂਗੇ। (ਅਫ਼ਸੀਆਂ 5:2) ਅਸੀਂ ਅਜਿਹਾ ਪਿਆਰ ਕਿਵੇਂ ਪੈਦਾ ਕਰ ਸਕਦੇ ਹਾਂ? ਸਾਨੂੰ ਜਾਣਨ ਦੀ ਲੋੜ ਹੈ ਕਿ ਇਹ ਪਿਆਰ ਕਿੱਥੋਂ ਉਤਪੰਨ ਹੁੰਦਾ ਹੈ।

“ਪ੍ਰੇਮ ਪਰਮੇਸ਼ੁਰ ਤੋਂ ਹੈ”

4. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਪਿਆਰ ਦਾ ਸੋਮਾ ਹੈ?

4 ਯਹੋਵਾਹ ਪਿਆਰ ਦੀ ਮੂਰਤ ਹੈ ਅਤੇ ਉਹੋ ਪਿਆਰ ਦਾ ਸੋਮਾ ਵੀ ਹੈ। ਯੂਹੰਨਾ ਰਸੂਲ ਨੇ ਲਿਖਿਆ: “ਹੇ ਪਿਆਰਿਓ, ਆਓ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖੀਏ ਕਿਉਂ ਜੋ ਪ੍ਰੇਮ ਪਰਮੇਸ਼ੁਰ ਤੋਂ ਹੈ ਅਤੇ ਹਰੇਕ ਜਿਹੜਾ ਪ੍ਰੇਮ ਕਰਦਾ ਹੈ ਉਹ ਪਰਮੇਸ਼ੁਰ ਤੋਂ ਜੰਮਿਆ ਹੋਇਆ ਹੈ ਅਤੇ ਪਰਮੇਸ਼ੁਰ ਨੂੰ ਜਾਣਦਾ ਹੈ। ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ ਕਿਉਂ ਜੋ ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:7, 8) ਤਾਂ ਫਿਰ ਸਾਨੂੰ ਬਾਈਬਲ ਦਾ ਸਹੀ ਗਿਆਨ ਲੈ ਕੇ ਯਹੋਵਾਹ ਨੂੰ ਜਾਣਨ ਅਤੇ ਪੂਰੇ ਦਿਲ ਨਾਲ ਉਸ ਗਿਆਨ ਅਨੁਸਾਰ ਚੱਲਣ ਦੀ ਲੋੜ ਹੈ।—ਫ਼ਿਲਿੱਪੀਆਂ 1:9; ਯਾਕੂਬ 4:8; 1 ਯੂਹੰਨਾ 5:3.

5, 6. ਯਿਸੂ ਦੇ ਚੇਲੇ ਉਸ ਵਰਗਾ ਪਿਆਰ ਕਿਵੇਂ ਪੈਦਾ ਕਰ ਸਕੇ?

5 ਆਪਣੇ 11 ਵਫ਼ਾਦਾਰ ਰਸੂਲਾਂ ਨਾਲ ਆਖ਼ਰੀ ਵਾਰ ਪ੍ਰਾਰਥਨਾ ਕਰਦੇ ਵਕਤ ਯਿਸੂ ਨੇ ਦਿਖਾਇਆ ਸੀ ਕਿ ਪਰਮੇਸ਼ੁਰ ਨੂੰ ਜਾਣਨ ਅਤੇ ਆਪਣੇ ਪਿਆਰ ਨੂੰ ਵਧਾਉਣ ਦਾ ਆਪਸ ਵਿਚ ਗਹਿਰਾ ਸੰਬੰਧ ਹੈ। ਉਸ ਨੇ ਕਿਹਾ: “ਮੈਂ ਤੇਰਾ ਨਾਮ ਏਹਨਾਂ ਉੱਤੇ ਪਰਗਟ ਕੀਤਾ ਅਤੇ ਪਰਗਟ ਕਰਾਂਗਾ ਤਾਂ ਜਿਸ ਪ੍ਰੇਮ ਨਾਲ ਤੈਂ ਮੈਨੂੰ ਪਿਆਰ ਕੀਤਾ ਸੋਈ ਓਹਨਾਂ ਵਿੱਚ ਹੋਵੇ ਅਤੇ ਮੈਂ ਓਹਨਾਂ ਵਿੱਚ ਹੋਵਾਂ।” (ਯੂਹੰਨਾ 17:26) ਯਿਸੂ ਨੇ ਆਪਣੀ ਕਹਿਣੀ ਅਤੇ ਕਰਨੀ ਦੁਆਰਾ ਚੇਲਿਆਂ ਨੂੰ ਦਿਖਾਇਆ ਕਿ ਪਰਮੇਸ਼ੁਰ ਦੇ ਨਾਂ ਅਤੇ ਮਹਾਨ ਗੁਣਾਂ ਵਿਚ ਗਹਿਰਾ ਸੰਬੰਧ ਹੈ। ਇਹ ਗੱਲ ਸਮਝਣ ਨਾਲ ਯਿਸੂ ਦੇ ਚੇਲਿਆਂ ਵਿਚ ਵੀ ਉਹੋ ਜਿਹਾ ਪਿਆਰ ਪੈਦਾ ਹੋਇਆ ਜੋ ਯਿਸੂ ਤੇ ਉਸ ਦੇ ਪਿਤਾ ਯਹੋਵਾਹ ਵਿਚ ਸੀ। ਯਿਸੂ ਤੇ ਯਹੋਵਾਹ ਵਿਚ ਇੰਨਾ ਗਹਿਰਾ ਪਿਆਰ ਸੀ ਕਿ ਯਿਸੂ ਕਹਿ ਸਕਿਆ: “ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।”—ਯੂਹੰਨਾ 14:9, 10; 17:8.

6 ਮਸੀਹ ਵਰਗਾ ਪਿਆਰ ਪਰਮੇਸ਼ੁਰ ਦੀ ਪਵਿੱਤਰ ਆਤਮਾ ਦਾ ਫਲ ਹੈ। (ਗਲਾਤੀਆਂ 5:22) ਜਦ ਮਸੀਹੀਆਂ ਨੂੰ 33 ਈ. ਵਿਚ ਪਵਿੱਤਰ ਆਤਮਾ ਮਿਲੀ ਸੀ, ਤਾਂ ਉਨ੍ਹਾਂ ਨੂੰ ਨਾ ਸਿਰਫ਼ ਯਿਸੂ ਦੀਆਂ ਸਿਖਾਈਆਂ ਗੱਲਾਂ ਯਾਦ ਆਈਆਂ, ਸਗੋਂ ਉਹ ਪਰਮੇਸ਼ੁਰ ਦੇ ਬਚਨ ਨੂੰ ਵੀ ਹੋਰ ਚੰਗੀ ਤਰ੍ਹਾਂ ਸਮਝ ਪਾਏ। ਇਸ ਸਮਝ ਕਰਕੇ ਪਰਮੇਸ਼ੁਰ ਲਈ ਉਨ੍ਹਾਂ ਦਾ ਪਿਆਰ ਹੋਰ ਵੀ ਗੂੜ੍ਹਾ ਹੋਇਆ। (ਯੂਹੰਨਾ 14:26; 15:26) ਇਸ ਦਾ ਨਤੀਜਾ ਕੀ ਨਿਕਲਿਆ? ਆਪਣੀ ਜਾਨ ਖ਼ਤਰੇ ਵਿਚ ਪਾ ਕੇ ਉਨ੍ਹਾਂ ਨੇ ਦਲੇਰੀ ਅਤੇ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ।—ਰਸੂਲਾਂ ਦੇ ਕਰਤੱਬ 5:28, 29.

ਦਲੇਰੀ ਅਤੇ ਪਿਆਰ ਦਾ ਅਸਰ

7. ਪੌਲੁਸ ਅਤੇ ਬਰਨਬਾਸ ਨੂੰ ਮਿਸ਼ਨਰੀ ਦੌਰੇ ਦੌਰਾਨ ਕੀ-ਕੀ ਸਹਿਣਾ ਪਿਆ ਸੀ?

7 ਪੌਲੁਸ ਰਸੂਲ ਨੇ ਲਿਖਿਆ: “ਪਰਮੇਸ਼ੁਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਸਗੋਂ ਸਮਰੱਥਾ ਅਤੇ ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ।” (2 ਤਿਮੋਥਿਉਸ 1:7) ਪੌਲੁਸ ਆਪਣੇ ਤਜਰਬੇ ਤੋਂ ਗੱਲ ਕਰ ਰਿਹਾ ਸੀ। ਯਾਦ ਕਰੋ ਕਿ ਆਪਣੇ ਮਿਸ਼ਨਰੀ ਦੌਰੇ ਦੌਰਾਨ ਪੌਲੁਸ ਅਤੇ ਬਰਨਬਾਸ ਨੂੰ ਕੀ-ਕੀ ਸਹਿਣਾ ਪਿਆ ਸੀ। ਉਨ੍ਹਾਂ ਨੇ ਅੰਤਾਕਿਯਾ, ਇਕੋਨਿਯੁਮ ਅਤੇ ਲੁਸਤ੍ਰਾ ਵਰਗੇ ਕਈ ਸ਼ਹਿਰਾਂ ਵਿਚ ਪ੍ਰਚਾਰ ਕੀਤਾ। ਹਰ ਸ਼ਹਿਰ ਵਿਚ ਕੁਝ ਲੋਕ ਯਿਸੂ ਦੇ ਚੇਲੇ ਬਣੇ, ਪਰ ਕਈ ਲੋਕਾਂ ਨੇ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ। (ਰਸੂਲਾਂ ਦੇ ਕਰਤੱਬ 13:2, 14, 45, 50; 14:1, 5) ਲੁਸਤ੍ਰਾ ਵਿਚ ਭੀੜ ਨੇ ਗੁੱਸੇ ਵਿਚ ਆ ਕੇ ਪੌਲੁਸ ਨੂੰ ਪੱਥਰ ਮਾਰੇ ਤੇ ਮੋਇਆ ਸਮਝ ਕੇ ਛੱਡ ਦਿੱਤਾ! “ਪਰ ਜਾਂ ਚੇਲੇ ਉਹ ਦੇ ਚੁਫੇਰੇ ਇਕੱਠੇ ਹੋਏ ਤਾਂ ਉਹ ਉੱਠ ਕੇ ਨਗਰ ਵਿੱਚ ਆਇਆ ਅਤੇ ਅਗਲੇ ਭਲਕ ਬਰਨਬਾਸ ਦੇ ਨਾਲ ਦਰਬੇ ਨੂੰ ਚੱਲਿਆ ਗਿਆ।”—ਰਸੂਲਾਂ ਦੇ ਕਰਤੱਬ 14:6, 19, 20.

8. ਲੋਕਾਂ ਲਈ ਗਹਿਰੇ ਪਿਆਰ ਨੇ ਪੌਲੁਸ ਤੇ ਬਰਨਬਾਸ ਨੂੰ ਕਿਵੇਂ ਹਿੰਮਤ ਦਿੱਤੀ?

8 ਆਪਣੀ ਜਾਨ ਨੂੰ ਖ਼ਤਰੇ ਵਿਚ ਪਿਆ ਦੇਖ ਕੇ ਕੀ ਪੌਲੁਸ ਤੇ ਬਰਨਬਾਸ ਨੇ ਪ੍ਰਚਾਰ ਕਰਨਾ ਛੱਡ ਦਿੱਤਾ? ਨਹੀਂ! ਜਦ ਉਹ ਦਰਬੇ ਵਿਚ “ਬਹੁਤ ਸਾਰਿਆਂ ਨੂੰ ਚੇਲੇ ਕਰ ਚੁੱਕੇ” ਤਾਂ ਉਹ ਦੋਵੇਂ “ਲੁਸਤ੍ਰਾ ਅਤੇ ਇਕੁਨਿਯੁਮ ਅਤੇ ਅੰਤਾਕਿਯਾ ਨੂੰ ਮੁੜੇ।” ਕਿਉਂ? ਨਵੇਂ ਚੇਲਿਆਂ ਨੂੰ ਹੌਸਲਾ ਦੇਣ ਲਈ। ਪੌਲੁਸ ਤੇ ਬਰਨਬਾਸ ਨੇ ਕਿਹਾ: “ਅਸੀਂ ਬਹੁਤ ਬਿਪਤਾ ਸਹਿ ਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਹੈ।” ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਯਿਸੂ ਦੀਆਂ “ਭੇਡਾਂ” ਲਈ ਉਨ੍ਹਾਂ ਦੇ ਪਿਆਰ ਨੇ ਉਨ੍ਹਾਂ ਨੂੰ ਹਿੰਮਤ ਦਿੱਤੀ। (ਰਸੂਲਾਂ ਦੇ ਕਰਤੱਬ 14:21-23; ਯੂਹੰਨਾ 21:15-17) ਹਰ ਇਕ ਨਵੀਂ ਕਲੀਸਿਯਾ ਵਿਚ ਬਜ਼ੁਰਗ ਨਿਯੁਕਤ ਕਰਨ ਤੋਂ ਬਾਅਦ ਇਨ੍ਹਾਂ ਦੋ ਭਰਾਵਾਂ ਨੇ ਪ੍ਰਾਰਥਨਾ ਕੀਤੀ ਅਤੇ “ਓਹਨਾਂ ਨੂੰ ਪ੍ਰਭੁ ਦੇ ਹੱਥ ਸੌਂਪ ਦਿੱਤਾ ਜਿਹ ਦੇ ਉੱਤੇ ਓਹਨਾਂ ਨਿਹਚਾ ਕੀਤੀ ਸੀ।”

9. ਅਫ਼ਸੁਸ ਦੇ ਬਜ਼ੁਰਗ ਪੌਲੁਸ ਦੇ ਪਿਆਰ ਕਰਕੇ ਉਸ ਬਾਰੇ ਕਿਵੇਂ ਮਹਿਸੂਸ ਕਰਦੇ ਸਨ?

9 ਦਲੇਰ ਹੋਣ ਦੇ ਨਾਲ-ਨਾਲ ਪੌਲੁਸ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਵੀ ਕਰਦਾ ਸੀ ਜਿਸ ਕਰਕੇ ਉਹ ਵੀ ਉਸ ਨੂੰ ਦਿਲੋਂ ਪਿਆਰ ਕਰਦੇ ਸਨ। ਯਾਦ ਕਰੋ ਕਿ ਉਸ ਵੇਲੇ ਕੀ ਹੋਇਆ ਸੀ ਜਦ ਪੌਲੁਸ ਨੇ ਅਫ਼ਸੁਸ ਦੇ ਬਜ਼ੁਰਗਾਂ ਦੀ ਇਕ ਸਭਾ ਬੁਲਾਈ ਸੀ। ਉੱਥੇ ਉਹ ਤਿੰਨ ਸਾਲ ਰਿਹਾ ਸੀ ਅਤੇ ਉਸ ਨੇ ਕਾਫ਼ੀ ਵਿਰੋਧਤਾ ਦਾ ਸਾਮ੍ਹਣਾ ਕੀਤਾ ਸੀ। (ਰਸੂਲਾਂ ਦੇ ਕਰਤੱਬ 20:17-31) ਪੌਲੁਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਇੱਜੜ ਦੀ ਦੇਖ-ਭਾਲ ਕਰਨ ਦੀ ਸਲਾਹ ਦੇਣ ਤੋਂ ਬਾਅਦ ਗੋਡੇ ਟੇਕੇ ਤੇ ਉਨ੍ਹਾਂ ਦੇ ਨਾਲ ਪ੍ਰਾਰਥਨਾ ਕੀਤੀ। ਫਿਰ “ਓਹ ਸੱਭੋ ਬਹੁਤ ਰੁੰਨੇ ਅਤੇ ਪੌਲੁਸ ਦੇ ਗਲ ਮਿਲ ਮਿਲ ਕੇ ਉਹ ਨੂੰ ਚੁੰਮਿਆ। ਅਰ ਿਨੱਜ ਕਰਕੇ ਏਸ ਗੱਲ ਉੱਤੇ ਬਹੁਤ ਉਦਾਸ ਹੋਏ ਜਿਹੜੀ ਉਹ ਨੇ ਆਖੀ ਸੀ ਭਈ ਤੁਸੀਂ ਮੇਰਾ ਮੂੰਹ ਫੇਰ ਕਦੇ ਨਾ ਵੇਖੋਗੇ।” ਇਹ ਭਰਾ ਪੌਲੁਸ ਨੂੰ ਕਿੰਨਾ ਪਿਆਰ ਕਰਦੇ ਸਨ! ਜਦ ਪੌਲੁਸ ਦੇ ਜਾਣ ਦਾ ਸਮਾਂ ਹੋਇਆ, ਤਾਂ ਅਫ਼ਸੁਸ ਦੇ ਭਰਾਵਾਂ ਲਈ ਪੌਲੁਸ ਤੇ ਉਸ ਦੇ ਨਾਲ ਦੇ ਭਰਾਵਾਂ ਨੂੰ ਅਲਵਿਦਾ ਕਹਿਣੀ ਬਹੁਤ ਹੀ ਔਖੀ ਸੀ।—ਰਸੂਲਾਂ ਦੇ ਕਰਤੱਬ 20:36–21:1.

10. ਅੱਜ ਯਹੋਵਾਹ ਦੇ ਗਵਾਹਾਂ ਨੇ ਆਪਣੀ ਹਿੰਮਤ ਅਤੇ ਪਿਆਰ ਦਾ ਸਬੂਤ ਕਿਵੇਂ ਦਿੱਤਾ ਹੈ?

10 ਅੱਜ ਸਫ਼ਰੀ ਨਿਗਾਹਬਾਨਾਂ, ਕਲੀਸਿਯਾ ਦੇ ਬਜ਼ੁਰਗਾਂ ਅਤੇ ਹੋਰਨਾਂ ਭਰਾਵਾਂ ਨੂੰ ਦੂਸਰਿਆਂ ਤੋਂ ਬਹੁਤ ਪਿਆਰ ਮਿਲਦਾ ਹੈ ਕਿਉਂਕਿ ਉਹ ਯਹੋਵਾਹ ਦੇ ਲੋਕਾਂ ਦੀ ਖ਼ਾਤਰ ਹਿੰਮਤ ਨਾਲ ਸੇਵਾ ਕਰਦੇ ਹਨ। ਮਿਸਾਲ ਲਈ, ਜਿਨ੍ਹਾਂ ਦੇਸ਼ਾਂ ਵਿਚ ਘਰੇਲੂ ਯੁੱਧ ਚੱਲ ਰਿਹਾ ਹੈ ਜਾਂ ਜਿੱਥੇ ਪ੍ਰਚਾਰ ਦੇ ਕੰਮ ਤੇ ਪਾਬੰਦੀ ਲੱਗੀ ਹੋਈ ਹੈ, ਉੱਥੇ ਸਫ਼ਰੀ ਨਿਗਾਹਬਾਨ ਗਿਰਫ਼ਤਾਰ ਕੀਤੇ ਜਾਣ ਜਾਂ ਆਪਣੀ ਜਾਨ ਗੁਆਉਣ ਦੇ ਖ਼ਤਰੇ ਦੇ ਬਾਵਜੂਦ ਕਲੀਸਿਯਾਵਾਂ ਨੂੰ ਮਿਲਣ ਗਏ ਹਨ। ਇਸੇ ਤਰ੍ਹਾਂ, ਕਈ ਗਵਾਹਾਂ ਨੂੰ ਖੁਣਸੀ ਹਾਕਮਾਂ ਦੇ ਹੱਥੋਂ ਕਾਫ਼ੀ ਦੁੱਖ ਝੱਲਣੇ ਪਏ ਕਿਉਂਕਿ ਉਹ ਦੂਸਰੇ ਗਵਾਹਾਂ ਦਾ ਅਤਾ-ਪਤਾ ਦੱਸਣ ਜਾਂ ਇਹ ਦੱਸਣ ਲਈ ਤਿਆਰ ਨਹੀਂ ਸਨ ਕਿ ਉਨ੍ਹਾਂ ਨੂੰ ਸਾਹਿੱਤ ਕਿੱਥੋਂ ਮਿਲ ਰਿਹਾ ਸੀ। ਹੋਰ ਹਜ਼ਾਰਾਂ ਭੈਣਾਂ-ਭਰਾਵਾਂ ਨੂੰ ਇਸ ਲਈ ਸਤਾਇਆ ਗਿਆ, ਤਸੀਹੇ ਦਿੱਤੇ ਗਏ ਜਾਂ ਜਾਨੋਂ ਮਾਰਿਆ ਗਿਆ ਕਿਉਂਕਿ ਉਹ ਪ੍ਰਚਾਰ ਕਰਦੇ ਰਹੇ ਜਾਂ ਸਭਾਵਾਂ ਵਿਚ ਜਾਂਦੇ ਰਹੇ। (ਰਸੂਲਾਂ ਦੇ ਕਰਤੱਬ 5:28, 29; ਇਬਰਾਨੀਆਂ 10:24, 25) ਆਓ ਆਪਾਂ ਅਜਿਹੇ ਦਲੇਰ ਭੈਣਾਂ-ਭਰਾਵਾਂ ਦੀ ਨਿਹਚਾ ਤੇ ਪਿਆਰ ਦੀ ਰੀਸ ਕਰੀਏ!—1 ਥੱਸਲੁਨੀਕੀਆਂ 1:6.

ਆਪਣਾ ਪਿਆਰ ਠੰਢਾ ਨਾ ਪੈਣ ਦਿਓ

11. ਯਹੋਵਾਹ ਦੇ ਸੇਵਕਾਂ ਵਿਰੁੱਧ ਸ਼ਤਾਨ ਕਿਹੜੀਆਂ ਚਾਲਾਂ ਚੱਲਦਾ ਹੈ ਤੇ ਇਨ੍ਹਾਂ ਤੋਂ ਬਚਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

11 ਜਦੋਂ ਤੋਂ ਸ਼ਤਾਨ ਨੂੰ ਧਰਤੀ ਉੱਤੇ ਸੁੱਟਿਆ ਗਿਆ ਹੈ, ਉਹ ਯਹੋਵਾਹ ਦੇ ਸੇਵਕਾਂ ਉੱਤੇ ਆਪਣਾ ਗੁੱਸਾ ਕੱਢ ਰਿਹਾ ਹੈ ਕਿਉਂਕਿ ਉਹ “ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਸਾਖੀ ਭਰਦੇ ਹਨ।” (ਪਰਕਾਸ਼ ਦੀ ਪੋਥੀ 12:9, 17) ਸ਼ਤਾਨ ਦੀ ਇਕ ਚਾਲ ਹੈ ਯਹੋਵਾਹ ਦੇ ਸੇਵਕਾਂ ਉੱਤੇ ਅਤਿਆਚਾਰ ਢਾਹੁਣਾ। ਪਰ ਕਈ ਵਾਰ ਇਸ ਚਾਲ ਦਾ ਉਲਟਾ ਅਸਰ ਪੈਂਦਾ ਹੈ ਕਿਉਂਕਿ ਦੁੱਖਾਂ ਵਿਚ ਸਾਂਝੀਦਾਰ ਹੋਣ ਕਰਕੇ ਮਸੀਹੀਆਂ ਦਾ ਪਿਆਰ ਦਾ ਬੰਧਨ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ ਅਤੇ ਕਈ ਹੋਰ ਜ਼ਿਆਦਾ ਜੋਸ਼ ਨਾਲ ਪ੍ਰਚਾਰ ਕਰਨ ਲੱਗ ਪੈਂਦੇ ਹਨ। ਸ਼ਤਾਨ ਦੀ ਇਕ ਹੋਰ ਚਾਲ ਇਹ ਹੈ ਕਿ ਉਹ ਸਾਡੇ ਪਾਪੀ ਸੁਭਾਅ ਦਾ ਫ਼ਾਇਦਾ ਉਠਾਉਂਦੇ ਹੋਏ ਸਾਨੂੰ ਅਨੈਤਿਕ ਕੰਮ ਕਰਨ ਲਈ ਲੁਭਾਉਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੀ ਇਸ ਚਾਲ ਤੋਂ ਬਚਣ ਲਈ ਸਾਨੂੰ ਹੋਰ ਵੀ ਜ਼ਿਆਦਾ ਹਿੰਮਤ ਦੀ ਲੋੜ ਹੈ ਕਿਉਂਕਿ ਸਾਨੂੰ ਆਪਣੇ ‘ਧੋਖੇਬਾਜ਼ ਤੇ ਖਰਾਬ’ ਦਿਲ ਦੀਆਂ ਇੱਛਾਵਾਂ ਨਾਲ ਲੜਨਾ ਪੈਂਦਾ ਹੈ।—ਯਿਰਮਿਯਾਹ 17:9; ਯਾਕੂਬ 1:14, 15.

12. ਪਰਮੇਸ਼ੁਰ ਲਈ ਸਾਡੇ ਪਿਆਰ ਨੂੰ ਠੰਢਾ ਕਰਨ ਲਈ ਸ਼ਤਾਨ “ਜਗਤ ਦਾ ਆਤਮਾ” ਕਿਵੇਂ ਵਰਤਦਾ ਹੈ?

12 ਸ਼ਤਾਨ ਦੇ ਹੱਥ ਵਿਚ ਇਕ ਹੋਰ ਘਾਤਕ ਹਥਿਆਰ ਹੈ “ਜਗਤ ਦਾ ਆਤਮਾ।” ਇਹ ਆਤਮਾ ਜਾਂ ਰੁਝਾਨ ਲੋਕਾਂ ਨੂੰ ਉਹ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ ਜੋ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਖ਼ਿਲਾਫ਼ ਹਨ। (1 ਕੁਰਿੰਥੀਆਂ 2:12) ਦੁਨੀਆਂ ਦੇ ਲੋਕਾਂ ਦਾ ਮੁੱਖ ਰੁਝਾਨ “ਨੇਤਰਾਂ ਦੀ ਕਾਮਨਾ” ਨੂੰ ਪੂਰਾ ਕਰਨਾ ਹੈ। ਉਹ ਲਾਲਚੀ ਹਨ ਤੇ ਪੈਸਾ ਕਮਾਉਣ ਮਗਰ ਲੱਗੇ ਹੋਏ ਹਨ। (1 ਯੂਹੰਨਾ 2:16; 1 ਤਿਮੋਥਿਉਸ 6:9, 10) ਭਾਵੇਂ ਪੈਸਾ ਤੇ ਸੁਖ-ਸਹੂਲਤਾਂ ਆਪਣੇ ਆਪ ਵਿਚ ਗ਼ਲਤ ਨਹੀਂ ਹਨ, ਪਰ ਜੇ ਅਸੀਂ ਯਹੋਵਾਹ ਦੀ ਥਾਂ ਇਨ੍ਹਾਂ ਨੂੰ ਪਿਆਰ ਕਰਨ ਲੱਗ ਪਈਏ, ਤਾਂ ਸ਼ਤਾਨ ਦੀ ਜਿੱਤ ਹੁੰਦੀ ਹੈ। ਜਗਤ ਦੀ ਆਤਮਾ ਦਾ “ਇਖ਼ਤਿਆਰ” ਜਾਂ ਤਾਕਤ ਇਸ ਵਿਚ ਹੈ ਕਿ ਇਹ ਚਾਰੇ ਪਾਸੇ ਫੈਲੀ ਹੋਈ ਹੈ ਤੇ ਹਰ ਵਕਤ ਸਾਨੂੰ ਲੁਭਾਉਣ ਤੇ ਭਰਮਾਉਣ ਦੀ ਕੋਸ਼ਿਸ਼ ਕਰਦੀ ਹੈ। ਆਓ ਆਪਾਂ ਇਸ ਦੁਨੀਆਂ ਦੀ ਹਵਾ ਨੂੰ ਆਪਣੇ ਉੱਤੇ ਅਸਰ ਨਾ ਪਾਉਣ ਦੇਈਏ!—ਅਫ਼ਸੀਆਂ 2:2, 3; ਕਹਾਉਤਾਂ 4:23.

13. ਸਹੀ ਕੰਮ ਕਰਨ ਦੀ ਸਾਡੀ ਹਿੰਮਤ ਦੀ ਕਿਵੇਂ ਪਰਖ ਹੁੰਦੀ ਹੈ?

13 ਜਗਤ ਦੀ ਬੁਰੀ ਹਵਾ ਤੋਂ ਬਚੇ ਰਹਿਣ ਲਈ ਦਲੇਰੀ ਦੀ ਲੋੜ ਹੈ। ਮਿਸਾਲ ਲਈ, ਫ਼ਿਲਮ ਵਿਚ ਗੰਦੇ ਦ੍ਰਿਸ਼ ਦਿਖਾਏ ਜਾਣ ਤੇ ਸਿਨਮਾ-ਘਰ ਵਿੱਚੋਂ ਬਾਹਰ ਆਉਣ ਲਈ ਜਾਂ ਘਰ ਬੈਠੇ ਟੀ. ਵੀ. ਜਾਂ ਕੰਪਿਊਟਰ ਤੇ ਗੰਦੀ ਫ਼ਿਲਮ ਜਾਂ ਤਸਵੀਰਾਂ ਆਉਣ ਤੇ ਇਸ ਨੂੰ ਬੰਦ ਕਰਨ ਲਈ ਹਿੰਮਤ ਦੀ ਲੋੜ ਪੈਂਦੀ ਹੈ। ਆਪਣੇ ਹਾਣੀਆਂ ਦੇ ਦਬਾਅ ਹੇਠ ਨਾ ਆਉਣ ਅਤੇ ਬੁਰੀ ਸੰਗਤ ਤੋਂ ਦੂਰ ਰਹਿਣ ਲਈ ਵੀ ਹਿੰਮਤ ਦੀ ਲੋੜ ਹੈ। ਇਸੇ ਤਰ੍ਹਾਂ ਜਦ ਸਹਿਪਾਠੀ, ਸਹਿਕਰਮੀ, ਗੁਆਂਢੀ ਜਾਂ ਰਿਸ਼ਤੇਦਾਰ ਸਾਡਾ ਮਖੌਲ ਉਡਾਉਂਦੇ ਹਨ, ਤਾਂ ਵੀ ਪਰਮੇਸ਼ੁਰ ਦੇ ਹੁਕਮਾਂ ਤੇ ਅਸੂਲਾਂ ਉੱਤੇ ਚੱਲਣ ਲਈ ਹਿੰਮਤ ਜ਼ਰੂਰੀ ਹੈ।—1 ਕੁਰਿੰਥੀਆਂ 15:33; 1 ਯੂਹੰਨਾ 5:19.

14. ਜੇ ਸਾਨੂੰ ਦੁਨੀਆਂ ਦੀ ਹਵਾ ਲੱਗੀ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

14 ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਲਈ ਅਤੇ ਆਪਣੇ ਮਸੀਹੀ ਭੈਣਾਂ-ਭਰਾਵਾਂ ਲਈ ਆਪਣਾ ਪਿਆਰ ਮਜ਼ਬੂਤ ਕਰੀਏ! ਆਪਣੀ ਜਾਂਚ ਕਰੋ ਕਿ ਤੁਸੀਂ ਜ਼ਿੰਦਗੀ ਵਿਚ ਕੀ ਚਾਹੁੰਦੇ ਹੋ ਤੇ ਤੁਸੀਂ ਕੀ ਕਰ ਰਹੇ ਹੋ। ਕੀ ਤੁਹਾਨੂੰ ਦੁਨੀਆਂ ਦੀ ਹਵਾ ਤਾਂ ਨਹੀਂ ਲੱਗੀ? ਜੇ ਥੋੜ੍ਹੀ ਜਿਹੀ ਵੀ ਲੱਗੀ ਹੋਵੇ, ਤਾਂ ਯਹੋਵਾਹ ਅੱਗੇ ਦੁਆ ਕਰੋ ਕਿ ਉਹ ਤੁਹਾਨੂੰ ਇਸ ਬੁਰੇ ਅਸਰ ਨੂੰ ਦੂਰ ਕਰਨ ਦੀ ਹਿੰਮਤ ਦੇਵੇ। ਯਹੋਵਾਹ ਤੁਹਾਡੀ ਜ਼ਰੂਰ ਸੁਣੇਗਾ। (ਜ਼ਬੂਰਾਂ ਦੀ ਪੋਥੀ 51:17) ਯਾਦ ਰੱਖੋ ਕਿ ਯਹੋਵਾਹ ਦੀ ਪਵਿੱਤਰ ਆਤਮਾ ਦੁਨੀਆਂ ਦੀ ਆਤਮਾ ਤੋਂ ਕਿਤੇ ਜ਼ਿਆਦਾ ਤਾਕਤਵਰ ਹੈ।—1 ਯੂਹੰਨਾ 4:4.

ਹਿੰਮਤ ਨਾਲ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰੋ

15, 16. ਪਿਆਰ ਸਾਨੂੰ ਅਜ਼ਮਾਇਸ਼ਾਂ ਸਹਿਣ ਵਿਚ ਕਿਵੇਂ ਮਦਦ ਦਿੰਦਾ ਹੈ? ਇਕ ਮਿਸਾਲ ਦਿਓ।

15 ਯਹੋਵਾਹ ਦੇ ਸੇਵਕਾਂ ਨੂੰ ਨਾਮੁਕੰਮਲਤਾ ਤੇ ਬੁਢਾਪੇ ਦੇ ਅਸਰਾਂ ਨੂੰ ਵੀ ਸਹਿਣਾ ਪੈਂਦਾ ਹੈ ਜਿਵੇਂ ਬੀਮਾਰੀ, ਅਪਾਹਜਪੁਣਾ, ਨਿਰਾਸ਼ਾ ਤੇ ਹੋਰ ਕਈ ਅਜ਼ਮਾਇਸ਼ਾਂ। (ਰੋਮੀਆਂ 8:22) ਪਿਆਰ ਸਾਨੂੰ ਇਨ੍ਹਾਂ ਅਜ਼ਮਾਇਸ਼ਾਂ ਨੂੰ ਸਹਿਣ ਦੀ ਤਾਕਤ ਦਿੰਦਾ ਹੈ। ਜ਼ੈਂਬੀਆ ਦੀ ਜੰਮਪਲ ਨਮਨਗੌਲਵਾ ਦੀ ਮਿਸਾਲ ਉੱਤੇ ਗੌਰ ਕਰੋ ਜਿਸ ਦੇ ਮਾਤਾ-ਪਿਤਾ ਯਹੋਵਾਹ ਦੇ ਗਵਾਹ ਹਨ। ਉਹ ਦੋ ਸਾਲ ਦੀ ਉਮਰ ਵਿਚ ਅਪਾਹਜ ਹੋ ਗਈ ਸੀ। ਉਹ ਕਹਿੰਦੀ ਹੈ: “ਮੈਨੂੰ ਆਪਣੀ ਹਾਲਤ ਤੇ ਬੜੀ ਸ਼ਰਮ ਆਉਂਦੀ ਸੀ। ਮੈਂ ਸੋਚਦੀ ਹੁੰਦੀ ਸੀ ਕਿ ਮੈਨੂੰ ਦੇਖ ਕੇ ਲੋਕਾਂ ਨੂੰ ਘਿਣ ਆਵੇਗੀ। ਪਰ ਕਲੀਸਿਯਾ ਦੇ ਭੈਣਾਂ-ਭਰਾਵਾਂ ਦੇ ਪਿਆਰ ਨੇ ਮੇਰੇ ਨਜ਼ਰੀਏ ਨੂੰ ਬਦਲ ਦਿੱਤਾ ਤੇ ਮੈਂ ਬਪਤਿਸਮਾ ਲੈ ਲਿਆ।”

16 ਭਾਵੇਂ ਨਮਨਗੌਲਵਾ ਕੋਲ ਵ੍ਹੀਲ-ਚੇਅਰ ਹੈ, ਪਰ ਉਸ ਨੂੰ ਕਈ ਵਾਰ ਕੱਚੀ ਸੜਕ ਉੱਤੇ ਹੱਥਾਂ ਤੇ ਗੋਡਿਆਂ ਭਾਰ ਤੁਰਨਾ ਪੈਂਦਾ ਹੈ। ਫਿਰ ਵੀ ਉਹ ਪ੍ਰਚਾਰ ਕਰਨ ਜਾਂਦੀ ਹੈ ਤੇ ਸਾਲ ਵਿਚ ਘੱਟੋ-ਘੱਟ ਦੋ ਵਾਰ ਔਗਜ਼ੀਲਰੀ ਪਾਇਨੀਅਰੀ ਕਰਦੀ ਹੈ। ਇਕ ਤੀਵੀਂ ਬਹੁਤ ਰੋਈ ਜਦ ਨਮਨਗੌਲਵਾ ਨੇ ਉਸ ਨੂੰ ਪ੍ਰਚਾਰ ਕੀਤਾ। ਕਿਉਂ? ਕਿਉਂਕਿ ਇਸ ਭੈਣ ਦੀ ਨਿਹਚਾ ਤੇ ਹਿੰਮਤ ਨੇ ਉਸ ਦੇ ਦਿਲ ਨੂੰ ਛੋਹ ਲਿਆ। ਯਹੋਵਾਹ ਦੀ ਬਰਕਤ ਕਰਕੇ ਨਮਨਗੌਲਵਾ ਨੇ ਪੰਜ ਲੋਕਾਂ ਦੀ ਬਪਤਿਸਮਾ ਲੈਣ ਵਿਚ ਮਦਦ ਕੀਤੀ ਹੈ ਤੇ ਉਨ੍ਹਾਂ ਵਿੱਚੋਂ ਇਕ ਹੁਣ ਕਲੀਸਿਯਾ ਦੇ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹੈ। ਉਹ ਕਹਿੰਦੀ ਹੈ: “ਭਾਵੇਂ ਮੇਰੀਆਂ ਲੱਤਾਂ ਬਹੁਤ ਦੁਖਦੀਆਂ ਹਨ, ਪਰ ਮੈਂ ਘਰ ਨਹੀਂ ਬੈਠੀ ਰਹਿੰਦੀ।” ਇਸ ਭੈਣ ਵਾਂਗ ਸੰਸਾਰ ਭਰ ਵਿਚ ਹੋਰ ਵੀ ਹਜ਼ਾਰਾਂ ਗਵਾਹ ਹਨ ਜਿਨ੍ਹਾਂ ਦਾ ਸਰੀਰ ਤਾਂ ਕਮਜ਼ੋਰ ਹੈ, ਪਰ ਜੋਸ਼ ਡਾਢਾ ਹੈ ਕਿਉਂਕਿ ਉਹ ਪਰਮੇਸ਼ੁਰ ਨੂੰ ਅਤੇ ਲੋਕਾਂ ਨੂੰ ਪਿਆਰ ਕਰਦੇ ਹਨ। ਅਜਿਹੇ ਭੈਣ-ਭਰਾ ਯਹੋਵਾਹ ਦੀਆਂ ਨਜ਼ਰਾਂ ਵਿਚ ਕਿੰਨੇ ਪਿਆਰੇ ਹਨ!

17, 18. ਬੀਮਾਰੀ ਅਤੇ ਹੋਰ ਅਜ਼ਮਾਇਸ਼ਾਂ ਸਹਿਣ ਵਿਚ ਭੈਣਾਂ-ਭਰਾਵਾਂ ਨੂੰ ਮਦਦ ਕਿੱਥੋਂ ਮਿਲਦੀ ਹੈ? ਆਪਣੀ ਕਲੀਸਿਯਾ ਦੀਆਂ ਕੁਝ ਉਦਾਹਰਣਾਂ ਦਿਓ।

17 ਕਈ ਭੈਣ-ਭਰਾ ਲੰਬੇ ਸਮੇਂ ਤੋਂ ਬੀਮਾਰ ਰਹਿਣ ਕਰਕੇ ਦੁਖੀ ਤੇ ਨਿਰਾਸ਼ ਹੋ ਸਕਦੇ ਹਨ। ਕਲੀਸਿਯਾ ਦਾ ਇਕ ਬਜ਼ੁਰਗ ਕਹਿੰਦਾ ਹੈ: “ਮੇਰੇ ਬੁੱਕ ਸਟੱਡੀ ਗਰੁੱਪ ਵਿਚ ਇਕ ਭੈਣ ਨੂੰ ਸ਼ੂਗਰ ਦੀ ਬੀਮਾਰੀ ਹੈ ਤੇ ਉਸ ਦੇ ਗੁਰਦੇ ਵੀ ਕੰਮ ਨਹੀਂ ਕਰਦੇ। ਇਕ ਹੋਰ ਭੈਣ ਨੂੰ ਕੈਂਸਰ ਹੈ ਅਤੇ ਦੋ ਹੋਰਨਾਂ ਨੂੰ ਗਠੀਆ ਹੈ। ਇਕ ਭੈਣ ਨੂੰ ਲੂਪਸ ਨਾਂ ਦੀ ਬੀਮਾਰੀ ਦੇ ਨਾਲ-ਨਾਲ ਫਾਇਬ੍ਰੋਮਾਇਲਜੀਆ ਬੀਮਾਰੀ ਵੀ ਹੈ, ਜਿਸ ਕਰਕੇ ਜੋੜਾਂ ਤੇ ਪੱਠਿਆਂ ਵਿਚ ਹਰ ਵੇਲੇ ਦਰਦ ਰਹਿੰਦਾ ਹੈ। ਕਈ ਵਾਰ ਇਹ ਭੈਣਾਂ ਬਹੁਤ ਨਿਰਾਸ਼ ਹੋ ਜਾਂਦੀਆਂ ਹਨ। ਪਰ ਉਹ ਹਮੇਸ਼ਾ ਸਭਾਵਾਂ ਵਿਚ ਆਉਂਦੀਆਂ ਹਨ। ਉਹ ਸਿਰਫ਼ ਉਦੋਂ ਨਹੀਂ ਆਉਂਦੀਆਂ ਜਦ ਉਹ ਬਹੁਤ ਬੀਮਾਰ ਜਾਂ ਹਸਪਤਾਲ ਵਿਚ ਹੁੰਦੀਆਂ ਹਨ। ਉਹ ਸਾਰੀਆਂ ਬਾਕਾਇਦਾ ਪ੍ਰਚਾਰ ਕਰਦੀਆਂ ਹਨ। ਉਨ੍ਹਾਂ ਦੀ ਮਿਸਾਲ ਦੇਖ ਕੇ ਮੈਨੂੰ ਪੌਲੁਸ ਦੀ ਯਾਦ ਆਉਂਦੀ ਹੈ ਜਿਸ ਨੇ ਕਿਹਾ: ‘ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਸਮਰਥੀ ਹੁੰਦਾ ਹਾਂ।’ ਮੈਂ ਇਨ੍ਹਾਂ ਭੈਣਾਂ ਦੇ ਪਿਆਰ ਤੇ ਹਿੰਮਤ ਦੀ ਦਾਦ ਦਿੰਦਾ ਹਾਂ। ਸ਼ਾਇਦ ਉਨ੍ਹਾਂ ਦੀ ਹਾਲਤ ਉਨ੍ਹਾਂ ਨੂੰ ਹਰ ਵੇਲੇ ਚੇਤੇ ਕਰਾਉਂਦੀ ਹੈ ਕਿ ਪਰਮੇਸ਼ੁਰ ਦਾ ਰਾਜ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਹੈ। ਇਸ ਲਈ ਉਹ ਪਰਮੇਸ਼ੁਰ ਦੀ ਸੇਵਾ ਨੂੰ ਜ਼ਿੰਦਗੀ ਵਿਚ ਪਹਿਲ ਦਿੰਦੀਆਂ ਹਨ।”—2 ਕੁਰਿੰਥੀਆਂ 12:10.

18 ਜੇ ਤੁਸੀਂ ਕਮਜ਼ੋਰੀ, ਬੀਮਾਰੀ ਜਾਂ ਹੋਰ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋ, ਤਾਂ “ਨਿੱਤ ਪ੍ਰਾਰਥਨਾ ਕਰੋ” ਤਾਂਕਿ ਤੁਸੀਂ ਨਿਰਾਸ਼ਾ ਦੇ ਸ਼ਿਕਾਰ ਨਾ ਬਣ ਜਾਓ। (1 ਥੱਸਲੁਨੀਕੀਆਂ 5:14, 17) ਇਹ ਸੱਚ ਹੈ ਕਿ ਤੁਹਾਡੇ ਕੁਝ ਦਿਨ ਚੰਗੇ ਹੋਣਗੇ ਤੇ ਕੁਝ ਮਾੜੇ। ਪਰ ਚੰਗੀਆਂ ਗੱਲਾਂ ਬਾਰੇ ਸੋਚੋ, ਖ਼ਾਸ ਕਰਕੇ ਯਹੋਵਾਹ ਦੀਆਂ ਬਰਕਤਾਂ ਬਾਰੇ ਜੋ ਸਾਨੂੰ ਹੁਣ ਮਿਲੀਆਂ ਹਨ ਅਤੇ ਜੋ ਨਵੇਂ ਸੰਸਾਰ ਵਿਚ ਮਿਲਣਗੀਆਂ। ਇਕ ਭੈਣ ਨੇ ਕਿਹਾ ਕਿ ਪ੍ਰਚਾਰ ਕਰਨਾ ਉਸ ਲਈ ਸਭ ਤੋਂ ਵਧੀਆ ਦਵਾਈ ਹੈ। ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਨਾਲ ਉਸ ਨੂੰ ਖ਼ੁਸ਼ ਰਹਿਣ ਵਿਚ ਮਦਦ ਮਿਲਦੀ ਹੈ।

ਪਿਆਰ ਪਾਪੀਆਂ ਨੂੰ ਯਹੋਵਾਹ ਵੱਲ ਮੁੜਨ ਵਿਚ ਮਦਦ ਦਿੰਦਾ ਹੈ

19, 20. (ੳ) ਕਿਹੜੀ ਚੀਜ਼ ਪਾਪੀਆਂ ਨੂੰ ਯਹੋਵਾਹ ਵੱਲ ਮੁੜਨ ਵਿਚ ਮਦਦ ਕਰ ਸਕਦੀ ਹੈ? (ਅ) ਅਗਲੇ ਲੇਖ ਵਿਚ ਅਸੀਂ ਕੀ ਸਿੱਖਾਂਗੇ?

19 ਜਿਹੜੇ ਲੋਕ ਸੱਚਾਈ ਵਿਚ ਢਿੱਲੇ ਪੈ ਗਏ ਹਨ ਜਾਂ ਪਾਪ ਕਰ ਬੈਠੇ ਹਨ, ਉਨ੍ਹਾਂ ਲਈ ਯਹੋਵਾਹ ਵੱਲ ਮੁੜਨਾ ਸੌਖਾ ਨਹੀਂ ਹੁੰਦਾ। ਪਰ ਉਨ੍ਹਾਂ ਨੂੰ ਹਿੰਮਤ ਮਿਲ ਸਕਦੀ ਹੈ ਜੇ ਉਹ ਦਿਲੋਂ ਤੋਬਾ ਕਰਨ ਅਤੇ ਪਰਮੇਸ਼ੁਰ ਲਈ ਆਪਣੇ ਪਿਆਰ ਨੂੰ ਫਿਰ ਜਗਾਉਣ। ਅਮਰੀਕਾ ਵਿਚ ਰਹਿਣ ਵਾਲੇ ਮਾਰੀਓ * ਦੀ ਮਿਸਾਲ ਵੱਲ ਧਿਆਨ ਦਿਓ। ਮਾਰੀਓ ਕਲੀਸਿਯਾ ਨੂੰ ਛੱਡ ਕੇ ਸ਼ਰਾਬੀ ਬਣ ਗਿਆ ਤੇ ਨਸ਼ੇ ਕਰਨ ਲੱਗ ਪਿਆ। ਫਿਰ 20 ਸਾਲ ਬਾਅਦ ਉਸ ਨੂੰ ਜੇਲ੍ਹ ਦੀ ਸਜ਼ਾ ਹੋ ਗਈ। ਉਹ ਦੱਸਦਾ ਹੈ: “ਮੈਂ ਆਪਣੇ ਭਵਿੱਖ ਬਾਰੇ ਡੂੰਘਾਈ ਨਾਲ ਸੋਚਣ ਲੱਗ ਪਿਆ ਤੇ ਫਿਰ ਤੋਂ ਬਾਈਬਲ ਪੜ੍ਹਨੀ ਸ਼ੁਰੂ ਕੀਤੀ। ਹੌਲੀ-ਹੌਲੀ ਮੈਂ ਯਹੋਵਾਹ ਦੇ ਗੁਣਾਂ ਦੀ ਕਦਰ ਕਰਨ ਲੱਗਾ। ਮੈਂ ਖ਼ਾਸ ਕਰਕੇ ਯਹੋਵਾਹ ਦੀ ਦਇਆ ਬਾਰੇ ਪੜ੍ਹ ਕੇ ਬਹੁਤ ਪ੍ਰਭਾਵਿਤ ਹੋਇਆ ਤੇ ਮੈਂ ਦਇਆ ਲਈ ਵਾਰ-ਵਾਰ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਮੈਂ ਆਪਣੇ ਪੁਰਾਣੇ ਦੋਸਤਾਂ ਤੋਂ ਦੂਰ ਰਿਹਾ ਅਤੇ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਾਣ ਲੱਗ ਪਿਆ। ਅਖ਼ੀਰ ਵਿਚ ਮੈਂ ਮੁੜ ਕਲੀਸਿਯਾ ਦਾ ਮੈਂਬਰ ਬਣ ਗਿਆ। ਨਸ਼ੇ ਕਰ ਕੇ ਆਪਣੇ ਸਰੀਰ ਦਾ ਮੈਂ ਜੋ ਨੁਕਸਾਨ ਕੀਤਾ, ਉਸ ਦਾ ਨਤੀਜਾ ਤਾਂ ਭੁਗਤ ਰਿਹਾ ਹਾਂ, ਪਰ ਹੁਣ ਮੇਰੇ ਕੋਲ ਚੰਗੇ ਭਵਿੱਖ ਦੀ ਉਮੀਦ ਹੈ। ਮੈਂ ਯਹੋਵਾਹ ਦਾ ਬਹੁਤ ਧੰਨਵਾਦੀ ਹਾਂ ਕਿ ਉਸ ਨੇ ਮੇਰੇ ਤੇ ਰਹਿਮ ਕਰ ਕੇ ਮੇਰੀਆਂ ਗ਼ਲਤੀਆਂ ਨੂੰ ਮਾਫ਼ ਕਰ ਦਿੱਤਾ।”—ਜ਼ਬੂਰਾਂ ਦੀ ਪੋਥੀ 103:9-13; 130:3, 4; ਗਲਾਤੀਆਂ 6:7, 8.

20 ਇਹ ਸੱਚ ਹੈ ਕਿ ਮਾਰੀਓ ਵਾਂਗ ਯਹੋਵਾਹ ਵੱਲ ਮੁੜਨ ਲਈ ਕਈਆਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਪਰ ਬਾਈਬਲ ਪੜ੍ਹਨ, ਪ੍ਰਾਰਥਨਾ ਕਰਨ ਅਤੇ ਸਿੱਖੀਆਂ ਗੱਲਾਂ ਤੇ ਮਨਨ ਕਰਨ ਕਰਕੇ ਯਹੋਵਾਹ ਲਈ ਉਨ੍ਹਾਂ ਦਾ ਪਿਆਰ ਫਿਰ ਤੋਂ ਜਾਗ ਸਕਦਾ ਹੈ। ਸਿੱਟੇ ਵਜੋਂ ਇਹ ਪਿਆਰ ਉਨ੍ਹਾਂ ਨੂੰ ਯਹੋਵਾਹ ਵੱਲ ਮੁੜਨ ਦੀ ਹਿੰਮਤ ਤੇ ਤਾਕਤ ਦੇਵੇਗਾ। ਮਾਰੀਓ ਨੂੰ ਪਰਮੇਸ਼ੁਰ ਦੇ ਰਾਜ ਅਧੀਨ ਚੰਗੇ ਭਵਿੱਖ ਦੀ ਉਮੀਦ ਤੋਂ ਵੀ ਤਾਕਤ ਮਿਲੀ। ਜੀ ਹਾਂ, ਪਿਆਰ, ਨਿਹਚਾ ਤੇ ਪਰਮੇਸ਼ੁਰ ਦਾ ਭੈ ਰੱਖਣ ਦੇ ਨਾਲ-ਨਾਲ ਪੱਕੀ ਆਸ ਵੀ ਸਾਨੂੰ ਹਿੰਮਤ ਦੇ ਸਕਦੀ ਹੈ। ਅਗਲੇ ਲੇਖ ਵਿਚ ਅਸੀਂ ਆਸ ਬਾਰੇ ਹੋਰ ਸਿੱਖਾਂਗੇ।

[ਫੁਟਨੋਟ]

^ ਪੈਰਾ 19 ਅਸਲੀ ਨਾਂ ਨਹੀਂ।

ਕੀ ਤੁਸੀਂ ਜਵਾਬ ਦੇ ਸਕਦੇ ਹੋ?

• ਪਿਆਰ ਤੋਂ ਯਿਸੂ ਨੂੰ ਕਿਵੇਂ ਦਲੇਰੀ ਮਿਲੀ?

• ਕਲੀਸਿਯਾ ਦੇ ਭੈਣਾਂ-ਭਰਾਵਾਂ ਲਈ ਪੌਲੁਸ ਤੇ ਬਰਨਬਾਸ ਦੇ ਪਿਆਰ ਨੇ ਉਨ੍ਹਾਂ ਨੂੰ ਹਿੰਮਤ ਕਿਵੇਂ ਦਿੱਤੀ?

• ਸ਼ਤਾਨ ਸਾਡੇ ਪਿਆਰ ਨੂੰ ਠੰਢਾ ਕਰਨ ਦੀ ਕਿਵੇਂ ਕੋਸ਼ਿਸ਼ ਕਰਦਾ ਹੈ?

• ਯਹੋਵਾਹ ਲਈ ਪਿਆਰ ਸਾਨੂੰ ਕਿਨ੍ਹਾਂ ਅਜ਼ਮਾਇਸ਼ਾਂ ਨੂੰ ਸਹਿਣ ਦੀ ਹਿੰਮਤ ਦਿੰਦਾ ਹੈ?

[ਸਵਾਲ]

[ਸਫ਼ਾ 23 ਉੱਤੇ ਤਸਵੀਰ]

ਲੋਕਾਂ ਲਈ ਪੌਲੁਸ ਦੇ ਪਿਆਰ ਨੇ ਉਸ ਨੂੰ ਪ੍ਰਚਾਰ ਕਰਦੇ ਰਹਿਣ ਦੀ ਹਿੰਮਤ ਦਿੱਤੀ

[ਸਫ਼ਾ 24 ਉੱਤੇ ਤਸਵੀਰ]

ਪਰਮੇਸ਼ੁਰ ਦੇ ਅਸੂਲਾਂ ਉੱਤੇ ਚੱਲਣ ਲਈ ਹਿੰਮਤ ਦੀ ਲੋੜ ਹੈ

[ਸਫ਼ਾ 24 ਉੱਤੇ ਤਸਵੀਰ]

ਨਮਨਗੌਲਵਾ ਸੁਟੂਟੂ