Skip to content

Skip to table of contents

ਕੀ ਅਸੀਂ ਸੱਚ-ਮੁੱਚ ਰੱਬ ਨੂੰ ਜਾਣ ਸਕਦੇ ਹਾਂ?

ਕੀ ਅਸੀਂ ਸੱਚ-ਮੁੱਚ ਰੱਬ ਨੂੰ ਜਾਣ ਸਕਦੇ ਹਾਂ?

ਕੀ ਅਸੀਂ ਸੱਚ-ਮੁੱਚ ਰੱਬ ਨੂੰ ਜਾਣ ਸਕਦੇ ਹਾਂ?

“ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ . . . ਜਾਣਨ।”—ਯੂਹੰਨਾ 17:3.

“ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ! ਉਹ ਦੇ ਨਿਆਉਂ ਕੇਡੇ ਅਣ-ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ!” ਪੌਲੁਸ ਰਸੂਲ ਨੇ ਇਹ ਸ਼ਬਦ ਕਹੇ ਸਨ। (ਰੋਮੀਆਂ 11:33) ਕੀ ਇਨ੍ਹਾਂ ਸ਼ਬਦਾਂ ਤੋਂ ਸਾਨੂੰ ਇਹ ਸਿੱਟਾ ਕੱਢ ਲੈਣਾ ਚਾਹੀਦਾ ਹੈ ਕਿ ਪਰਮੇਸ਼ੁਰ ਦਾ ਗਿਆਨ ਲੈਣਾ ਇਨਸਾਨ ਦੀ ਪਹੁੰਚ ਤੋਂ ਬਾਹਰ ਹੈ। ਕੀ ਸਾਨੂੰ ਇਹ ਮੰਨ ਲੈਣ ਚਾਹੀਦਾ ਹੈ ਕਿ ਉਸ ਦਾ ਗਿਆਨ ਲੈਣਾ ਅਤੇ ਉਸ ਦੇ ਮਕਸਦਾਂ ਨੂੰ ਜਾਣਨਾ ਮੁਸ਼ਕਲ ਹੀ ਨਹੀਂ ਬਲਕਿ ਨਾਮੁਮਕਿਨ ਹੈ?

ਧਾਰਮਿਕ ਖ਼ਿਆਲਾਂ ਵਾਲੇ ਲੋਕ ਵੀ ਇਹੋ ਸੋਚਦੇ ਹਨ ਕਿ ਪਰਮੇਸ਼ੁਰ ਨੂੰ ਜਾਣਨਾ ਨਾਮੁਮਕਿਨ ਹੈ। ਅਜਿਹੇ ਵਿਚਾਰਾਂ ਬਾਰੇ ਦ ਐਨਸਾਈਕਲੋਪੀਡੀਆ ਆਫ਼ ਰਿਲੀਜਨ ਕਹਿੰਦਾ ਹੈ: ‘ਰੱਬ ਨੂੰ ਸਮਝਣਾ ਸਾਡੀ ਸਮਝ ਤੋਂ ਬਾਹਰ ਹੈ। ਉਸ ਦਾ ਨਾ ਕੋਈ ਰੰਗ ਨਾ ਰੂਪ ਨਾ ਆਕਾਰ ਹੈ ਤੇ ਨਾ ਹੀ ਉਸ ਨੂੰ ਕੋਈ ਨਾਂ ਦਿੱਤਾ ਜਾ ਸਕਦਾ ਹੈ। ਉਸ ਦੀ ਕੋਈ ਕਲਪਨਾ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਉਸ ਦਾ ਭੇਤ ਪਾ ਸਕਦਾ ਹੈ।’

ਨਿਊਜ਼ਵੀਕ ਰਸਾਲੇ ਮੁਤਾਬਕ ਬਹੁਤ ਸਾਰੇ ਅਧਰਮੀ ਲੋਕ ‘ਨਵਾਂ ਹੀ ਵਿਚਾਰ’ ਅਪਣਾਉਣ ਲੱਗ ਪਏ ਹਨ ਕਿ “ਸੱਚਾਈ ਸਿਰਫ਼ ਇੱਕੋ ਹੈ ਕਿ ਸੱਚਾਈ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ।”

ਪਰ ਫਿਰ ਵੀ ਦੁਨੀਆਂ ਵਿਚ ਕਈ ਅਜਿਹੇ ਲੋਕ ਹਨ ਜੋ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਕੀ ਮਕਸਦ ਹੈ। ਦੁਨੀਆਂ ਵਿਚ ਫੈਲੀ ਗ਼ਰੀਬੀ, ਬੀਮਾਰੀ ਅਤੇ ਹਿੰਸਾ ਨੂੰ ਦੇਖ ਕੇ ਉਹ ਦੁਖੀ ਹੋ ਜਾਂਦੇ ਹਨ। ਉਹ ਇਹ ਸੋਚ ਕੇ ਮਾਯੂਸ ਹੋ ਜਾਂਦੇ ਹਨ ਕਿ ਜ਼ਿੰਦਗੀ ਵਿਚ ਕਦੇ ਵੀ ਕੁਝ ਵੀ ਹੋ ਸਕਦਾ ਹੈ। ਉਹ ਜਾਣਨਾ ਚਾਹੁੰਦੇ ਹਨ ਕਿ ਇਹ ਸਭ ਕੁਝ ਕਿਉਂ ਹੁੰਦਾ ਹੈ, ਪਰ ਜਵਾਬ ਨਾ ਮਿਲਣ ਤੇ ਉਹ ਸੋਚ ਲੈਂਦੇ ਹਨ ਕਿ ਕਿਸੇ ਕੋਲ ਵੀ ਉਨ੍ਹਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। ਇਸ ਕਰਕੇ ਕਈ ਲੋਕਾਂ ਨੇ ਗਿਰਜਿਆਂ, ਮੰਦਰਾਂ ਤੇ ਗੁਰਦੁਆਰਿਆਂ ਵਿਚ ਜਾਣਾ ਛੱਡ ਦਿੱਤਾ ਹੈ। ਜੇ ਉਨ੍ਹਾਂ ਦੇ ਦਿਲ ਵਿਚ ਰੱਬ ਲਈ ਥੋੜ੍ਹੀ-ਬਹੁਤੀ ਸ਼ਰਧਾ ਰਹਿ ਵੀ ਗਈ ਹੈ, ਤਾਂ ਉਹ ਰੱਬ ਨੂੰ ਆਪਣੇ ਹੀ ਤਰੀਕੇ ਨਾਲ ਪੂਜਣ ਲੱਗ ਪਏ ਹਨ।

ਬਾਈਬਲ ਕੀ ਸਿਖਾਉਂਦੀ ਹੈ?

ਜੋ ਲੋਕ ਬਾਈਬਲ ਨੂੰ ਮੰਨਦੇ ਹਨ ਅਤੇ ਯਿਸੂ ਨੂੰ ਪਰਮੇਸ਼ੁਰ ਦੇ ਬੁਲਾਰੇ ਵਜੋਂ ਸਵੀਕਾਰ ਕਰਦੇ ਹਨ, ਉਨ੍ਹਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਬਾਈਬਲ ਕੀ ਸਿਖਾਉਂਦੀ ਹੈ। ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਯਿਸੂ ਨੇ ਇਕ ਵਾਰ ਦੋ ਰਾਹਾਂ ਬਾਰੇ ਗੱਲ ਕੀਤੀ ਸੀ। ਉਸ ਨੇ ਕਿਹਾ ਸੀ ਕਿ “ਮੋਕਲਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ” ਅਤੇ “ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ।” ਇਨ੍ਹਾਂ ਰਾਹਾਂ ਤੇ ਚੱਲਣ ਵਾਲੇ ਲੋਕਾਂ ਦੀ ਪਛਾਣ ਕਰਨ ਲਈ ਉਸ ਨੇ ਕਿਹਾ ਕਿ “ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ।” ਇੱਥੇ ਯਿਸੂ ਕਿਹੋ ਜਿਹੇ ਫਲਾਂ ਦੀ ਗੱਲ ਕਰ ਰਿਹਾ ਸੀ? ਇਹ ਫਲ ਲੋਕਾਂ ਦੇ ਮੂੰਹੋਂ ਨਿਕਲਦੀਆਂ ਗੱਲਾਂ ਨਹੀਂ ਹਨ, ਸਗੋਂ ਉਨ੍ਹਾਂ ਦੇ ਕੰਮ ਹਨ ਜਿਨ੍ਹਾਂ ਬਾਰੇ ਯਿਸੂ ਨੇ ਅੱਗੇ ਸਾਫ਼-ਸਾਫ਼ ਦੱਸਿਆ: “ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ।” ਤਾਂ ਫਿਰ ਇਹ ਕਹਿਣਾ ਹੀ ਕਾਫ਼ੀ ਨਹੀਂ ਹੈ ਕਿ ‘ਮੈਨੂੰ ਰੱਬ ਵਿਚ ਵਿਸ਼ਵਾਸ ਹੈ।’ ਸਾਨੂੰ ਉਸ ਦੀ ਇੱਛਾ ਪੂਰੀ ਕਰਨ ਦੀ ਲੋੜ ਹੈ। ਇਸ ਤਰ੍ਹਾਂ ਕਰਨ ਲਈ ਸਾਨੂੰ ਪਹਿਲਾਂ ਉਸ ਦਾ ਸਹੀ ਗਿਆਨ ਲੈਣਾ ਪਵੇਗਾ ਤਾਂਕਿ ਅਸੀਂ ਇਹ ਜਾਣ ਸਕੀਏ ਕਿ ਉਸ ਦੀ ਇੱਛਾ ਹੈ ਕੀ।—ਮੱਤੀ 7:13-23.

ਯਿਸੂ ਨੇ ਇਹ ਗੱਲ ਸਾਫ਼ ਜ਼ਾਹਰ ਕੀਤੀ ਸੀ ਕਿ ਲੋਕ ਪਰਮੇਸ਼ੁਰ ਨੂੰ ਸੱਚ-ਮੁੱਚ ਜਾਣ ਸਕਦੇ ਹਨ। ਉਸ ਨੇ ਕਿਹਾ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਗੱਲ ਫਿਰ ਸਾਫ਼ ਹੈ ਕਿ ਪਰਮੇਸ਼ੁਰ ਦੀ ਬੁੱਧ ਤੇ ਗਿਆਨ ਹਾਸਲ ਕਰਨੀ ਕਿਸੇ ਵੀ ਇਨਸਾਨ ਦੀ ਪਹੁੰਚ ਤੋਂ ਬਾਹਰ ਨਹੀਂ ਹੈ। ਪਰ ਇਸ ਤਰ੍ਹਾਂ ਕਰਨ ਲਈ ਸਾਨੂੰ ਆਪਣੇ ਵੱਲੋਂ ਪੁਰਜ਼ੋਰ ਕੋਸ਼ਿਸ਼ ਕਰਨੀ ਪਵੇਗੀ। ਇਸ ਤਰ੍ਹਾਂ ਕਰਨ ਵਾਲਿਆਂ ਨੂੰ ਪਰਮੇਸ਼ੁਰ ਤੋਹਫ਼ੇ ਵਜੋਂ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ।

[ਸਫ਼ਾ 4 ਉੱਤੇ ਤਸਵੀਰ]

ਯਿਸੂ ਨੇ ਕਿਹਾ ਸੀ ਕਿ ਭੀੜਾ ਰਾਹ ਜੀਵਨ ਵੱਲ ਜਾਂਦਾ ਹੈ