Skip to content

Skip to table of contents

ਕੀ ਯਹੂਦੀਆਂ ਦਾ ਰਸਮੀ ਇਸ਼ਨਾਨ ਬਪਤਿਸਮੇ ਦੇ ਸਮਾਨ ਸੀ?

ਕੀ ਯਹੂਦੀਆਂ ਦਾ ਰਸਮੀ ਇਸ਼ਨਾਨ ਬਪਤਿਸਮੇ ਦੇ ਸਮਾਨ ਸੀ?

ਕੀ ਯਹੂਦੀਆਂ ਦਾ ਰਸਮੀ ਇਸ਼ਨਾਨ ਬਪਤਿਸਮੇ ਦੇ ਸਮਾਨ ਸੀ?

ਯੂਹੰਨਾ ਬਪਤਿਸਮਾ ਦੇਣ ਵਾਲੇ ਨੇ “ਤੋਬਾ ਦੇ ਬਪਤਿਸਮੇ” ਦਾ ਪ੍ਰਚਾਰ ਕੀਤਾ ਸੀ ਅਤੇ ਯਿਸੂ ਨੇ ਵੀ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਚੇਲੇ ਬਣਾਉਣ ਅਤੇ ਉਨ੍ਹਾਂ ਨੂੰ ਬਪਤਿਸਮਾ ਦੇਣ।—ਮਰਕੁਸ 1:4; ਮੱਤੀ 28:19.

ਬਾਈਬਲ ਤੋਂ ਪਤਾ ਲੱਗਦਾ ਹੈ ਕਿ ਬਪਤਿਸਮਾ ਲੈਣ ਵਾਲਿਆਂ ਨੂੰ ਪਾਣੀ ਵਿਚ ਪੂਰੀ ਤਰ੍ਹਾਂ ਡੁਬਕੀ ਜਾਂ ਗੋਤਾ ਲੈਣ ਦੀ ਲੋੜ ਹੈ। ਯਿਸੂ ਦੇ ਜ਼ਮਾਨੇ ਬਾਰੇ ਇਕ ਕਿਤਾਬ ਦੱਸਦੀ ਹੈ ਕਿ “ਅਨੇਕ ਦੇਸ਼ਾਂ ਵਿਚ ਵੱਖ-ਵੱਖ ਧਰਮਾਂ ਦੇ ਲੋਕ ਬਪਤਿਸਮੇ ਨਾਲ ਮਿਲਦੀਆਂ-ਜੁਲਦੀਆਂ ਰਸਮਾਂ ਪੂਰੀਆਂ ਕਰਦੇ ਆਏ ਹਨ।” ਕਿਤਾਬ ਦਾਅਵਾ ਕਰਦੀ ਹੈ ਕਿ “ਮਸੀਹੀ ਬਪਤਿਸਮੇ ਦੀ ਸ਼ੁਰੂਆਤ . . . ਯਹੂਦੀ ਧਰਮ ਤੋਂ ਹੋਈ ਸੀ।” ਪਰ ਕੀ ਇਹ ਦਾਅਵਾ ਸੱਚ ਹੈ?

ਯਹੂਦੀਆਂ ਦੇ ਰਸਮੀ ਇਸ਼ਨਾਨ ਪੂਲ

ਪੁਰਾਣੀਆਂ ਲੱਭਤਾਂ ਦੇ ਵਿਗਿਆਨੀਆਂ ਨੂੰ ਯਰੂਸ਼ਲਮ ਦੀ ਹੈਕਲ ਦੇ ਲਾਗੇ ਤਕਰੀਬਨ 100 ਇਸ਼ਨਾਨ ਪੂਲ ਜਾਂ ਬਾਥ ਲੱਭੇ ਹਨ ਜੋ ਪਹਿਲੀ ਸਦੀ ਈ. ਪੂ. ਅਤੇ ਪਹਿਲੀ ਸਦੀ ਈ. ਤੋਂ ਹਨ। ਯਹੂਦੀ ਸਭਾ-ਘਰ ਦੀ ਇਕ ਸ਼ਿਲਾ-ਲੇਖ (ਦੂਜੀ ਜਾਂ ਤੀਜੀ ਸਦੀ ਈ. ਦੀ) ਤੋਂ ਪਤਾ ਲੱਗਦਾ ਹੈ ਕਿ ਇਹ ਬਾਥ “ਮਹਿਮਾਨਾਂ ਦੀ ਵਰਤੋਂ ਲਈ” ਬਣਾਏ ਗਏ ਸਨ। ਇਸ ਤਰ੍ਹਾਂ ਦੇ ਇਸ਼ਨਾਨ ਪੂਲ ਯਰੂਸ਼ਲਮ ਦੇ ਉਸ ਹਿੱਸੇ ਵਿਚ ਪਾਏ ਗਏ ਸਨ ਜਿੱਥੇ ਅਮੀਰ ਅਤੇ ਜਾਜਕੀ ਪਰਿਵਾਰ ਰਹਿੰਦੇ ਸਨ। ਉੱਥੇ ਤਕਰੀਬਨ ਹਰ ਘਰ ਵਿਚ ਅਜਿਹੇ ਬਾਥ ਲੱਗੇ ਹੋਏ ਸਨ।

ਇਹ ਬਾਥ ਆਇਤਾਕਾਰ ਸ਼ਕਲ ਦੇ ਹੌਜ਼ ਹੁੰਦੇ ਸਨ ਜੋ ਪੱਥਰਾਂ ਵਿੱਚੋਂ ਖੋਦੇ ਜਾਂ ਜ਼ਮੀਨ ਵਿੱਚੋਂ ਪੁੱਟੇ ਜਾਂਦੇ ਸਨ। ਫਿਰ ਹੌਜ਼ ਦੇ ਅੰਦਰ ਇੱਟਾਂ ਜਾਂ ਪੱਥਰ ਲਾ ਕੇ ਉਸ ਨੂੰ ਲਿਪਿਆ ਜਾਂਦਾ ਸੀ ਤਾਂਕਿ ਪਾਣੀ ਬਾਹਰ ਨਾ ਨਿਕਲੇ। ਜ਼ਿਆਦਾਤਰ ਬਾਥ ਤਕਰੀਬਨ 1.8 ਮੀਟਰ ਚੌੜੇ ਅਤੇ 2.7 ਮੀਟਰ ਲੰਬੇ ਸਨ। ਨਾਲੀਆਂ ਰਾਹੀਂ ਮੀਂਹ ਦਾ ਪਾਣੀ ਹੌਜ਼ ਨੂੰ ਭਰਦਾ ਸੀ। ਹੌਜ਼ ਵਿਚ ਪਾਣੀ ਘੱਟੋ-ਘੱਟ 1.2 ਮੀਟਰ ਡੂੰਘਾ ਹੁੰਦਾ ਸੀ ਤਾਂਕਿ ਵਿਅਕਤੀ ਝੁਕ ਕੇ ਪੂਰੀ ਤਰ੍ਹਾਂ ਪਾਣੀ ਵਿਚ ਗੋਤਾ ਲੈ ਸਕੇ। ਪਾਣੀ ਵਿਚ ਉਤਰਨ ਲਈ ਪੌੜੀਆਂ ਲਗਾਈਆਂ ਗਈਆਂ ਸਨ ਜਿਨ੍ਹਾਂ ਦੇ ਗੱਭੇ ਕਦੇ-ਕਦੇ ਛੋਟੀ ਜਿਹੀ ਦੀਵਾਰ ਬਣਾਈ ਜਾਂਦੀ ਸੀ। ਮੰਨਿਆ ਜਾਂਦਾ ਸੀ ਕਿ ਅਸ਼ੁੱਧ ਵਿਅਕਤੀ ਪੌੜੀਆਂ ਦੇ ਇਕ ਪਾਸੇ ਉਤਰਦਾ ਸੀ ਅਤੇ ਦੂਜੇ ਪਾਸਿਓਂ ਨਿਕਲਦਾ ਸੀ ਤਾਂਕਿ ਉਹ ਦੁਬਾਰਾ ਅਸ਼ੁੱਧ ਨਾ ਹੋ ਜਾਵੇ।

ਇਹ ਬਾਥ ਯਹੂਦੀਆਂ ਦੇ ਰਸਮੀ ਇਸ਼ਨਾਨ ਕਰਨ ਲਈ ਵਰਤੇ ਜਾਂਦੇ ਸਨ। ਪਰ ਇਸ ਰਸਮ ਵਿਚ ਕੀ-ਕੀ ਸ਼ਾਮਲ ਸੀ?

ਬਿਵਸਥਾ ਅਤੇ ਇਸ਼ਨਾਨ ਕਰਨ ਦੀ ਰੀਤ

ਮੂਸਾ ਦੀ ਬਿਵਸਥਾ ਅਧੀਨ ਪਰਮੇਸ਼ੁਰ ਦੇ ਲੋਕਾਂ ਤੋਂ ਸ਼ੁੱਧ ਰਹਿਣ ਦੀ ਮੰਗ ਕੀਤੀ ਗਈ ਸੀ। ਕਈ ਗੱਲਾਂ ਸਨ ਜਿਨ੍ਹਾਂ ਕਾਰਨ ਇਸਰਾਏਲੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਸ਼ੁੱਧ ਹੋ ਸਕਦੇ ਸਨ। ਆਪਣੇ ਆਪ ਨੂੰ ਸ਼ੁੱਧ ਕਰਨ ਲਈ ਉਨ੍ਹਾਂ ਨੂੰ ਨਹਾਉਣਾ ਅਤੇ ਆਪਣੇ ਕੱਪੜੇ ਧੋਣੇ ਪੈਂਦੇ ਸਨ।—ਲੇਵੀਆਂ 11:28; 14:1-9; 15:1-31; ਬਿਵਸਥਾ ਸਾਰ 23:10, 11.

ਯਹੋਵਾਹ ਪਰਮੇਸ਼ੁਰ ਪਵਿੱਤਰ, ਪਾਕ ਅਤੇ ਸ਼ੁੱਧ ਹੈ। ਇਸ ਲਈ ਜਾਜਕਾਂ ਅਤੇ ਲੇਵੀਆਂ ਤੋਂ ਇਹ ਮੰਗ ਕੀਤੀ ਜਾਂਦੀ ਸੀ ਕਿ ਉਹ ਜਗਵੇਦੀ ਦੇ ਨੇੜੇ ਭਗਤੀ ਕਰਨ ਤੋਂ ਪਹਿਲਾਂ ਆਪਣੇ ਹੱਥ-ਪੈਰ ਧੋਣ। ਇਸ ਤਰ੍ਹਾਂ ਨਾ ਕਰਨ ਦੀ ਸਜ਼ਾ ਮੌਤ ਹੁੰਦੀ ਸੀ।—ਕੂਚ 30:17-21.

ਵਿਦਵਾਨ ਮੰਨਦੇ ਹਨ ਕਿ ਪਹਿਲੀ ਸਦੀ ਤਕ ਯਹੂਦੀ ਧਰਮ ਵਿਚ ਉਨ੍ਹਾਂ ਤੋਂ ਵੀ ਇਸ਼ਨਾਨ ਕਰਨ ਦੀ ਮੰਗ ਕੀਤੀ ਜਾਂਦੀ ਸੀ ਜੋ ਲੇਵੀ ਨਹੀਂ ਸਨ। ਐਸੀਨ ਅਤੇ ਫ਼ਰੀਸੀ ਵਾਰ-ਵਾਰ ਇਸ਼ਨਾਨ ਕਰਦੇ ਸਨ। ਯਿਸੂ ਦੇ ਜ਼ਮਾਨੇ ਬਾਰੇ ਇਕ ਰਸਾਲਾ ਦੱਸਦਾ ਹੈ: “ਹੈਕਲ ਵਿਚ ਆਉਣ ਤੋਂ ਪਹਿਲਾਂ, ਚੜ੍ਹਾਵਾ ਚੜ੍ਹਾਉਣ ਤੋਂ ਪਹਿਲਾਂ, ਭੇਟ ਵਿੱਚੋਂ ਹਿੱਸਾ ਲੈਣ ਤੋਂ ਪਹਿਲਾਂ ਜਾਂ ਭਗਤੀ ਦੀ ਹੋਰ ਕੋਈ ਵੀ ਰੀਤ ਪੂਰੀ ਕਰਨ ਤੋਂ ਪਹਿਲਾਂ, ਯਹੂਦੀਆਂ ਨੂੰ ਇਸ਼ਨਾਨ ਕਰਨਾ ਪੈਂਦਾ ਸੀ।” ਯਹੂਦੀਆਂ ਦੇ ਗ੍ਰੰਥ ਤਾਲਮੂਦ ਦੇ ਅਨੁਸਾਰ ਇਸ਼ਨਾਨ ਕਰਨ ਲਈ ਵਿਅਕਤੀ ਨੂੰ ਪੂਰੀ ਤਰ੍ਹਾਂ ਪਾਣੀ ਵਿਚ ਗੋਤਾ ਲੈਣ ਦੀ ਲੋੜ ਸੀ।

ਯਿਸੂ ਨੇ ਫ਼ਰੀਸੀਆਂ ਦੀ ਨਿੰਦਿਆ ਕੀਤੀ ਕਿਉਂਕਿ ਉਹ ਹੱਥ-ਪੈਰ ਧੋਣ ਦੀ ਰੀਤ ਉੱਤੇ ਹੱਦੋਂ ਵੱਧ ਜ਼ੋਰ ਦਿੰਦੇ ਸਨ। ਉਹ “ਭਾਂਤ ਭਾਂਤ ਦੇ ਅਸ਼ਨਾਨਾਂ” ਦੀਆਂ ਰਸਮਾਂ ਪੂਰੀਆਂ ਕਰਦੇ ਸਨ ਜਿਨ੍ਹਾਂ ਵਿਚ “ਕਟੋਰਿਆਂ ਅਰ ਗੜਵਿਆਂ ਅਰ ਪਿੱਤਲ ਦੇ ਭਾਂਡਿਆਂ ਦਾ ਧੋਣਾ” ਵੀ ਸ਼ਾਮਲ ਸੀ। ਯਿਸੂ ਨੇ ਕਿਹਾ ਕਿ ਫ਼ਰੀਸੀ ਪਰਮੇਸ਼ੁਰ ਦੀ ਆਗਿਆ ਨੂੰ ਟਾਲ ਕੇ ਆਪਣੀਆਂ ਰੀਤਾਂ ਨੂੰ ਪੂਰਾ ਕਰਦੇ ਸਨ। (ਇਬਰਾਨੀਆਂ 9:10; ਮਰਕੁਸ 7:1-9; ਲੇਵੀਆਂ 11:32, 33; ਲੂਕਾ 11:38-42) ਮੂਸਾ ਦੀ ਬਿਵਸਥਾ ਵਿਚ ਇਸ਼ਨਾਨ ਕਰਨ ਲਈ ਪਾਣੀ ਵਿਚ ਪੂਰੀ ਤਰ੍ਹਾਂ ਡੁਬਕੀ ਲੈਣ ਦੀ ਮੰਗ ਨਹੀਂ ਕੀਤੀ ਗਈ ਸੀ।

ਕੀ ਯਹੂਦੀਆਂ ਦਾ ਰਸਮੀ ਇਸ਼ਨਾਨ ਬਪਤਿਸਮੇ ਦੇ ਸਮਾਨ ਸੀ? ਨਹੀਂ!

ਰਸਮੀ ਇਸ਼ਨਾਨ ਅਤੇ ਬਪਤਿਸਮਾ

ਯਹੂਦੀ ਲੋਕ ਇਸ਼ਨਾਨ ਕਰਨ ਦੀਆਂ ਰੀਤਾਂ ਪੂਰੀਆਂ ਕਰਨ ਲਈ ਖ਼ੁਦ ਨਹਾਉਂਦੇ-ਧੋਂਦੇ ਸਨ। ਪਰ ਜੋ ਬਪਤਿਸਮਾ ਯੂਹੰਨਾ ਦਿੰਦਾ ਸੀ ਉਹ ਯਹੂਦੀਆਂ ਦੇ ਰਸਮੀ ਇਸ਼ਨਾਨ ਤੋਂ ਅਲੱਗ ਸੀ। ਬਪਤਿਸਮਾ ਲੋਕ ਆਪ ਨਹੀਂ ਲੈਂਦੇ ਸਨ, ਸਗੋਂ ਉਨ੍ਹਾਂ ਨੂੰ ਦਿੱਤਾ ਜਾਂਦਾ ਸੀ। ਯੂਹੰਨਾ ਲੋਕਾਂ ਨੂੰ ਬਪਤਿਸਮਾ ਦਿੰਦਾ ਸੀ। ਇਸ ਗੱਲ ਤੋਂ ਵੀ ਪਤਾ ਲੱਗਦਾ ਹੈ ਇਹ ਬਪਤਿਸਮਾ ਯਹੂਦੀ ਇਸ਼ਨਾਨ ਤੋਂ ਵੱਖਰਾ ਸੀ ਕਿ ਯਹੂਦੀ ਧਾਰਮਿਕ ਆਗੂਆਂ ਨੇ ਬੰਦੇ ਘੱਲ ਕੇ ਯੂਹੰਨਾ ਤੋਂ ਪੁੱਛਿਆ: “ਤੂੰ ਬਪਤਿਸਮਾ ਕਿਉਂ ਦਿੰਦਾ ਹੈਂ?”—ਯੂਹੰਨਾ 1:25.

ਮੂਸਾ ਦੀ ਬਿਵਸਥਾ ਅਧੀਨ ਲੋਕਾਂ ਨੂੰ ਹਰ ਵਾਰ ਅਸ਼ੁੱਧ ਹੋਣ ਤੇ ਇਸ਼ਨਾਨ ਕਰਨ ਦੀ ਲੋੜ ਸੀ। ਪਰ ਇਹ ਗੱਲ ਯੂਹੰਨਾ ਦੁਆਰਾ ਦਿੱਤੇ ਗਏ ਬਪਤਿਸਮੇ ਅਤੇ ਬਾਅਦ ਵਿਚ ਮਸੀਹੀ ਬਪਤਿਸਮੇ ਬਾਰੇ ਸੱਚ ਨਹੀਂ ਸੀ। ਯੂਹੰਨਾ ਨੇ ਜੋ ਬਪਤਿਸਮਾ ਦਿੱਤਾ ਸੀ ਉਸ ਦਾ ਅਰਥ ਇਹ ਸੀ ਕਿ ਵਿਅਕਤੀ ਨੇ ਆਪਣੀਆਂ ਗ਼ਲਤੀਆਂ ਦਾ ਦਿਲੋਂ ਪਛਤਾਵਾ ਕਰ ਕੇ ਸਹੀ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ। ਮਸੀਹੀ ਬਪਤਿਸਮੇ ਦਾ ਅਰਥ ਇਹ ਹੈ ਕਿ ਵਿਅਕਤੀ ਯਹੋਵਾਹ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਚੁੱਕਾ ਹੈ। ਇਸ ਤਰ੍ਹਾਂ ਮਸੀਹੀ ਵਾਰ-ਵਾਰ ਨਹੀਂ, ਸਿਰਫ਼ ਇੱਕੋ ਵਾਰ ਕਰਦਾ ਹੈ।

ਯਹੂਦੀ ਜਾਜਕਾਂ ਦੇ ਘਰਾਂ ਵਿਚ ਅਤੇ ਹੈਕਲ ਦੇ ਨੇੜੇ ਜਨਤਕ ਇਸ਼ਨਾਨ ਘਰਾਂ ਵਿਚ ਜੋ ਰਸਮੀ ਇਸ਼ਨਾਨ ਕੀਤਾ ਗਿਆ ਸੀ ਉਹ ਮਸੀਹੀ ਬਪਤਿਸਮੇ ਤੋਂ ਬਹੁਤ ਅਲੱਗ ਸੀ। ਦੀ ਐਂਕਰ ਬਾਈਬਲ ਡਿਕਸ਼ਨਰੀ ਦੱਸਦੀ ਹੈ: “ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਯੂਹੰਨਾ [ਬਪਤਿਸਮਾ ਦੇਣ ਵਾਲੇ] ਨੇ ਬਪਤਿਸਮੇ ਦੇ ਸੰਬੰਧ ਵਿਚ ਯਹੂਦੀ ਧਰਮ ਦੀ ਕੋਈ ਰੀਤ ਨਹੀਂ ਅਪਣਾਈ।” ਅੱਜ ਵੀ ਮਸੀਹੀ ਬਪਤਿਸਮੇ ਦਾ ਕਿਸੇ ਯਹੂਦੀ ਰਸਮ ਨਾਲ ਕੋਈ ਤਅੱਲਕ ਨਹੀਂ।

ਬਪਤਿਸਮੇ ਦਾ ਅਰਥ “ਪਰਮੇਸ਼ੁਰ ਪਾਸੋਂ ਸ਼ੁਧ ਦਿਲ [ਜ਼ਮੀਰ] ਦੀ ਮੰਗ ਕਰਨਾ ਹੈ।” (1 ਪਤਰਸ 3:21, ਈਜ਼ੀ ਟੂ ਰੀਡ ਵਰਯਨ) ਜਦ ਵਿਅਕਤੀ ਬਪਤਿਸਮਾ ਲੈਂਦਾ ਹੈ, ਤਾਂ ਉਹ ਸਬੂਤ ਦਿੰਦਾ ਹੈ ਕਿ ਉਸ ਨੇ ਆਪਣਾ ਜੀਵਨ ਪੂਰੀ ਤਰ੍ਹਾਂ ਪਰਮੇਸ਼ੁਰ ਨੂੰ ਸੌਂਪਿਆ ਹੈ ਅਤੇ ਯਿਸੂ ਮਸੀਹ ਦਾ ਚੇਲਾ ਬਣ ਚੁੱਕਾ ਹੈ। ਬਪਤਿਸਮੇ ਵੇਲੇ ਪੂਰੀ ਤਰ੍ਹਾਂ ਪਾਣੀ ਵਿਚ ਗੋਤਾ ਲੈਣਾ ਢੁਕਵਾਂ ਹੈ ਕਿਉਂਕਿ ਜਦ ਵਿਅਕਤੀ ਪਾਣੀ ਦੇ ਅੰਦਰ ਜਾਂਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਨੇ ਆਪਣੀ ਪੁਰਾਣੀ ਜ਼ਿੰਦਗੀ ਨੂੰ ਤਿਆਗ ਦਿੱਤਾ ਹੈ। ਫਿਰ ਜਦ ਉਹ ਪਾਣੀ ਵਿੱਚੋਂ ਬਾਹਰ ਨਿਕਲਦਾ ਹੈ, ਤਾਂ ਇਹ ਸੰਕੇਤ ਕਰਦਾ ਹੈ ਕਿ ਉਹ ਪਰਮੇਸ਼ੁਰ ਦੀ ਸੇਵਾ ਕਰਨ ਲਈ ਜ਼ਿੰਦਗੀ ਨੂੰ ਨਵੇਂ ਸਿਰਿਓਂ ਸ਼ੁਰੂ ਕਰ ਰਿਹਾ ਹੈ।

ਜੋ ਵਿਅਕਤੀ ਇਸ ਤਰ੍ਹਾਂ ਪਰਮੇਸ਼ੁਰ ਨੂੰ ਆਪਣਾ ਜੀਵਨ ਸਮਰਪਿਤ ਕਰ ਕੇ ਬਪਤਿਸਮਾ ਲੈਂਦੇ ਹਨ, ਉਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਸ਼ੁੱਧ ਜ਼ਮੀਰ ਬਖ਼ਸ਼ਦਾ ਹੈ। ਇਸੇ ਲਈ ਪਤਰਸ ਰਸੂਲ ਮਸੀਹੀਆਂ ਨੂੰ ਕਹਿ ਸਕਿਆ: ‘ਬਪਤਿਸਮਾ ਤੁਹਾਨੂੰ ਬਚਾਉਂਦਾ ਹੈ।’ ਯਹੂਦੀਆਂ ਦੇ ਰਸਮੀ ਇਸ਼ਨਾਨ ਕਰਨ ਨਾਲ ਵਿਅਕਤੀ ਨੂੰ ਅਜਿਹੀ ਬਖ਼ਸ਼ੀਸ਼ ਕਦੇ ਨਹੀਂ ਮਿਲ ਸਕਦੀ ਸੀ। ਹਾਂ, ਰਸਮੀ ਇਸ਼ਨਾਨ ਉਨ੍ਹਾਂ ਨੂੰ ਬਚਾ ਨਹੀਂ ਸਕਦੇ ਸੀ।