Skip to content

Skip to table of contents

ਗਿਨੀ ਦਾ ਅਨਮੋਲ ਖ਼ਜ਼ਾਨਾ

ਗਿਨੀ ਦਾ ਅਨਮੋਲ ਖ਼ਜ਼ਾਨਾ

ਗਿਨੀ ਦਾ ਅਨਮੋਲ ਖ਼ਜ਼ਾਨਾ

ਸਦੀਆਂ ਤੋਂ ਖੋਜੀ ਆਪਣੀ ਜਾਨ ਦਾਅ ਤੇ ਲਗਾ ਕੇ ਖ਼ਜ਼ਾਨੇ ਦੀ ਭਾਲ ਕਰਦੇ ਆਏ ਹਨ। ਦਲੇਰ ਲੋਕਾਂ ਨੇ ਗਿਨੀ, ਪੱਛਮੀ ਅਫ਼ਰੀਕਾ ਵਿਚ ਪਹੁੰਚ ਕੇ ਵੱਡਾ ਖ਼ਜ਼ਾਨਾ ਪਾਇਆ ਹੈ। ਗਿਨੀ ਦੀ ਮਿੱਟੀ ਵਿਚ ਖ਼ਜ਼ਾਨੇ ਦਾ ਭੰਡਾਰ ਹੈ। ਇਸ ਦੇਸ਼ ਦੀ ਗੋਦ ਹੀਰੇ, ਸੋਨੇ, ਲੋਹੇ ਅਤੇ ਅਲਮੀਨੀਅਮ ਵਰਗੇ ਪਦਾਰਥਾਂ  ਨਾਲ ਭਰੀ ਹੈ। ਅਤੇ ਦੇਸ਼ ਦੀ ਆਬਾਦੀ 90 ਲੱਖ ਤੋਂ ਜ਼ਿਆਦਾ ਹੈ।

ਪਰ ਇਸ ਦੇਸ਼ ਵਿਚ ਸੋਨੇ-ਚਾਂਦੀ ਨਾਲੋਂ ਵੀ ਕੀਮਤੀ ਖ਼ਜ਼ਾਨਾ ਪਾਇਆ ਜਾਂਦਾ ਹੈ। ਇਹ ਖ਼ਜ਼ਾਨਾ ਕੀ ਹੈ? ਭਾਵੇਂ ਕਿ ਦੇਸ਼ ਵਿਚ ਈਸਾਈ ਧਰਮ ਦਾ ਬਾਹਲਾ ਪ੍ਰਭਾਵ ਨਹੀਂ, ਫਿਰ ਵੀ ਲੋਕ ਪਰਮੇਸ਼ੁਰ ਦੀ ਭਗਤੀ ਕਰਨੀ ਬਹੁਤ ਜ਼ਰੂਰੀ ਸਮਝਦੇ ਹਨ। ਯਹੋਵਾਹ ਦੇ ਵਫ਼ਾਦਾਰ ਸੇਵਕ ਹੀਰਿਆਂ ਵਰਗੇ ਹਨ ਜਿਨ੍ਹਾਂ ਨੂੰ ਕੀਮਤੀ ਖ਼ਜ਼ਾਨਾ ਸਮਝਿਆ ਜਾਂਦਾ ਹੈ। ਹੱਜਈ 2:7 ਵਿਚ ਇਨ੍ਹਾਂ ਸੇਵਕਾਂ ਨੂੰ “ਸਾਰੀਆਂ ਕੌਮਾਂ ਦੇ ਪਦਾਰਥ” ਕਿਹਾ ਗਿਆ ਹੈ।

ਅਨਮੋਲ ਹੀਰੇ

ਲਹੂ ਪਸੀਨਾ ਇਕ ਕਰ ਕੇ ਜ਼ਮੀਨ ਵਿੱਚੋਂ ਖ਼ਜ਼ਾਨੇ ਦੀ ਖੋਜ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪ੍ਰਚਾਰ ਦੇ ਕੰਮ ਵਿਚ ਹੀਰਿਆਂ ਵਰਗੇ ਲੋਕਾਂ ਦੀ ਭਾਲ ਕਰਨ ਲਈ ਜੀ-ਜਾਨ ਨਾਲ ਮਿਹਨਤ ਕਰਨੀ ਪੈਂਦੀ ਹੈ। ਪ੍ਰਚਾਰ ਦਾ ਕੰਮ 1950 ਦੇ ਦਹਾਕੇ ਦੇ ਸ਼ੁਰੂ ਵਿਚ ਗਿਨੀ ਦੇ ਕੇਂਦਰ ਵਿਚ ਸ਼ੁਰੂ ਹੋਇਆ ਸੀ, ਪਰ ਗਿਨੀ ਦੀ ਰਾਜਧਾਨੀ ਕੋਨਾਕਰੀ ਤਕ ਪਹੁੰਚਣ ਵਿਚ ਤਕਰੀਬਨ 10 ਸਾਲ ਲੱਗ ਗਏ। ਹੁਣ ਗਿਨੀ ਵਿਚ ਲਗਭਗ 900 ਗਵਾਹ ਅਤੇ 21 ਕਲੀਸਿਯਾਵਾਂ ਅਤੇ ਗਰੁੱਪ ਹਨ।

ਕੋਨਾਕਰੀ ਵਿਚ ਸਿਰਫ਼ ਇਕ ਕਲੀਸਿਯਾ ਸੀ, ਪਰ 1987 ਵਿਚ ਮਿਸ਼ਨਰੀ ਭੈਣ-ਭਰਾ ਕਲੀਸਿਯਾ ਦੀ ਮਦਦ ਕਰਨ ਲਈ ਪਹੁੰਚੇ। ਹੁਣ ਗਿਨੀ ਵਿਚ 20 ਤੋਂ ਜ਼ਿਆਦਾ ਮਿਸ਼ਨਰੀ ਹਨ। ਇਹ ਸਾਰੇ ਉੱਥੇ ਦੇ ਭੈਣਾਂ-ਭਰਾਵਾਂ ਨਾਲ ਮਿਲ ਕੇ ਵੱਡੇ ਜੋਸ਼ ਨਾਲ ਪ੍ਰਚਾਰ ਦਾ ਕੰਮ ਕਰ ਰਹੇ ਹਨ।

ਲੁਕਾ ਕੋਨਾਕਰੀ ਸ਼ਹਿਰ ਵਿਚ ਰਹਿੰਦਾ ਹੈ। ਉਸ ਨੂੰ ਐਲਬਰਟ ਨਾਂ ਦੇ ਨੌਜਵਾਨ ਡਾਕਟਰ ਨਾਲ ਬਾਈਬਲ ਸਟੱਡੀ ਕਰਨ ਦਾ ਮੌਕਾ ਮਿਲਿਆ ਜਿਸ ਤੋਂ ਉਸ ਨੂੰ ਬਹੁਤ ਖ਼ੁਸ਼ੀ ਮਿਲੀ। ਪਰਮੇਸ਼ੁਰ ਬਾਰੇ ਸੱਚਾਈ ਦੀ ਤਲਾਸ਼ ਵਿਚ ਐਲਬਰਟ ਇੱਧਰ-ਉੱਧਰ ਚਰਚਾਂ ਵਿਚ ਭਟਕ ਰਿਹਾ ਸੀ। ਕੁਝ ਸਮੇਂ ਤੋਂ ਉਹ ਜਾਦੂਗਰੀ ਵਿਚ ਵੀ ਹਿੱਸਾ ਲੈ ਰਿਹਾ ਸੀ। ਇਕ ਚੇਲੇ-ਚਾਂਟੇ ਨੇ ਉਸ ਨੂੰ ਇਕ ਅੰਗੂਠੀ ਦੇ ਕੇ ਇਹ ਗਾਰੰਟੀ ਦਿੱਤੀ ਕਿ ਜੇ ਉਹ ਇਸ ਨੂੰ ਪਹਿਨ ਕੇ ਰੱਖੇਗਾ, ਤਾਂ ਇਹ ਚੰਗੀ ਕਿਸਮਤ ਲਿਆਵੇਗੀ। ਪਰ ਐਲਬਰਟ ਦੇ ਹੱਥ ਨਿਰਾਸ਼ਾ ਤੋਂ ਸਿਵਾਇ ਹੋਰ ਕੁਝ ਨਹੀਂ ਲੱਗਾ। ਉਸ ਨੇ ਅੰਗੂਠੀ ਸੁੱਟ ਕੇ ਪਰਮੇਸ਼ੁਰ ਨੂੰ ਦੁਆ ਕੀਤੀ: “ਹੇ ਪਰਮੇਸ਼ੁਰ, ਜੇ ਤੂੰ ਹੈ, ਤਾਂ ਆਪਣੇ ਤਕ ਪਹੁੰਚਣ ਦਾ ਰਾਹ ਮੈਨੂੰ ਦਿਖਾ ਤਾਂਕਿ ਮੈਂ ਤੇਰੀ ਭਗਤੀ ਕਰ ਸਕਾਂ। ਨਹੀਂ ਤਾਂ ਮੈਂ ਉਹੀ ਕਰਾਂਗਾ ਜੋ ਮੈਂ ਚਾਹੁੰਦਾ ਹਾਂ।” ਇਸ ਤੋਂ ਥੋੜ੍ਹਾ ਸਮਾਂ ਬਾਅਦ ਐਲਬਰਟ ਆਪਣੀ ਵੱਡੀ ਭੈਣ ਨੂੰ ਮਿਲਣ ਗਿਆ। ਉੱਥੇ ਇਕ ਯਹੋਵਾਹ ਦੀ ਗਵਾਹ ਉਸ ਦੀ ਭਾਣਜੀ ਨਾਲ ਬਾਈਬਲ ਸਟੱਡੀ ਕਰ ਰਹੀ ਸੀ ਅਤੇ ਐਲਬਰਟ ਉਨ੍ਹਾਂ ਦੀਆਂ ਗੱਲਾਂ ਸੁਣਦਾ ਰਿਹਾ। ਬਹੁਤ ਜਲਦ ਐਲਬਰਟ ਲੁਕਾ ਨਾਲ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਹੋ ਗਿਆ।

ਹਰ ਹਫ਼ਤੇ ਐਲਬਰਟ ਨਾਲ ਸਟੱਡੀ ਕਰਨ ਲਈ ਲੁਕਾ ਖ਼ੁਸ਼ੀ-ਖ਼ੁਸ਼ੀ ਕੁਝ 5 ਕਿਲੋਮੀਟਰ ਦੀ ਵਾਟ ਤੁਰ ਕੇ ਜਾਂਦਾ ਸੀ। ਲੁਕਾ ਇੰਨਾ ਪੜ੍ਹਿਆ-ਲਿਖਿਆ ਨਹੀਂ ਸੀ, ਜਦ ਕਿ ਐਲਬਰਟ ਯੂਨੀਵਰਸਿਟੀ ਦਾ ਗ੍ਰੈਜੂਏਟ ਸੀ। ਪਰ ਫਿਰ ਵੀ ਪਰਮੇਸ਼ੁਰ ਦੇ ਬਚਨ ਵਿਚ ਲੁਕਾ ਦੇ ਪੱਕੇ ਵਿਸ਼ਵਾਸ ਕਾਰਨ ਐਲਬਰਟ ਬਹੁਤ ਪ੍ਰਭਾਵਿਤ ਹੋਇਆ। ਲੁਕਾ ਬਹੁਤ ਹੀ ਵਧੀਆ ਤਰੀਕੇ ਨਾਲ ਐਲਬਰਟ ਨੂੰ ਸਮਝਾ ਸਕਿਆ ਕਿ ਉਹ ਸਿੱਖੀਆਂ ਗੱਲਾਂ ਆਪਣੀ ਜ਼ਿੰਦਗੀ ਵਿਚ ਕਿਸ ਤਰ੍ਹਾਂ ਲਾਗੂ ਕਰ ਸਕਦਾ ਸੀ। ਇਹ ਜਾਣ ਕੇ ਐਲਬਰਟ ਨੂੰ ਬਹੁਤ ਖ਼ੁਸ਼ੀ ਹੋਈ ਕਿ ਇਨਸਾਨਾਂ ਦੇ ਦੁੱਖ-ਤਕਲੀਫ਼ਾਂ ਪਿੱਛੇ ਰੱਬ ਦਾ ਹੱਥ ਨਹੀਂ, ਸਗੋਂ ਉਸ ਦਾ ਮਕਸਦ ਦੁੱਖਾਂ ਦਾ ਅੰਤ ਲਿਆਉਣਾ ਹੈ। ਜੀ ਹਾਂ, ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਇਨਸਾਨ ਧਰਤੀ ਉੱਤੇ ਹਮੇਸ਼ਾ ਲਈ ਸੁਖ-ਚੈਨ ਵਿਚ ਰਹਿਣ। (ਜ਼ਬੂਰਾਂ ਦੀ ਪੋਥੀ 37:9-11) ਬਾਈਬਲ ਦੀ ਸੱਚਾਈ ਦੇ ਨਾਲ-ਨਾਲ ਕਲੀਸਿਯਾ ਵਿਚ ਭੈਣਾਂ-ਭਰਾਵਾਂ ਦੇ ਵਧੀਆ ਚਾਲ-ਚਲਣ ਨੇ ਐਲਬਰਟ ਦੇ ਦਿਲ ਨੂੰ ਛੂਹ ਲਿਆ।

ਪਰ ਠੀਕ ਜਿਵੇਂ ਕਾਰੀਗਰ ਨੂੰ ਬਹੁਤ ਮਿਹਨਤ ਨਾਲ ਅਣਘੜੇ ਹੀਰੇ ਨੂੰ ਚਮਕਾਉਣ ਲਈ ਉਸ ਦੀ ਕਟਾਈ ਕਰਨ ਦੀ ਲੋੜ ਪੈਂਦੀ ਹੈ, ਇਸੇ ਤਰ੍ਹਾਂ ਐਲਬਰਟ ਨੂੰ ਪਰਮੇਸ਼ੁਰ ਦੇ ਉੱਚੇ ਮਿਆਰਾਂ ਉੱਤੇ ਚੱਲਣ ਲਈ ਆਪਣੀ ਜ਼ਿੰਦਗੀ ਵਿਚ ਸੁਧਾਰ ਲਿਆਉਣ ਦੀ ਲੋੜ ਸੀ। ਉਸ ਨੇ ਚੇਲੇ-ਚਾਂਟਿਆਂ ਕੋਲ ਜਾਣਾ ਬੰਦ ਕਰ ਦਿੱਤਾ ਅਤੇ ਜ਼ਿਆਦਾ ਸ਼ਰਾਬ ਪੀਣੀ ਤੇ ਜੂਆ ਖੇਡਣਾ ਛੱਡ ਦਿੱਤਾ। ਲੇਕਿਨ ਐਲਬਰਟ ਸਿਗਰਟਾਂ ਪੀਣ ਦੀ ਆਦਤ ਛੱਡ ਨਾ ਸਕਿਆ। ਫਿਰ ਅਖ਼ੀਰ ਵਿਚ ਜਦ ਉਸ ਨੇ ਦਿਲੋਂ ਪ੍ਰਾਰਥਨਾ ਕਰ ਕੇ ਯਹੋਵਾਹ ਦੀ ਮਦਦ ਮੰਗੀ, ਤਾਂ ਉਸ ਨੇ ਸਿਗਰਟਾਂ ਪੀਣੀਆਂ ਵੀ ਛੱਡ ਦਿੱਤੀਆਂ। ਛੇ ਮਹੀਨੇ ਬਾਅਦ ਉਸ ਨੇ ਆਪਣਾ ਵਿਆਹ ਰਜਿਸਟਰ ਕਰਵਾ ਲਿਆ ਅਤੇ ਉਸ ਦੀ ਪਤਨੀ ਵੀ ਬਾਈਬਲ ਸਟੱਡੀ ਕਰਨ ਲੱਗ ਪਈ। ਹੁਣ ਐਲਬਰਟ ਅਤੇ ਉਸ ਦੀ ਪਤਨੀ ਦੋਹਾਂ ਨੇ ਬਪਤਿਸਮਾ ਲੈ ਲਿਆ ਹੈ ਅਤੇ ਉਹ ਇਕੱਠੇ ਯਹੋਵਾਹ ਦੀ ਸੇਵਾ ਕਰ ਰਹੇ ਹਨ।

ਮਾਰਟਿਨ ਵੀ ਇਕ ਹੀਰਾ ਹੈ ਜਿਸ ਨੇ 15 ਸਾਲ ਦੀ ਉਮਰੇ ਗੈਕਾਡੂ ਨਾਂ ਦੇ ਨਗਰ ਵਿਚ ਬਾਈਬਲ ਬਾਰੇ ਸਿੱਖਣਾ ਸ਼ੁਰੂ ਕੀਤਾ। ਉਸ ਦੇ ਮਾਪੇ ਕੈਥੋਲਿਕ ਸਨ ਅਤੇ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ ਸੀ ਕਿ ਮਾਰਟਿਨ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਜਾ ਰਿਹਾ ਸੀ। ਉਨ੍ਹਾਂ ਨੇ ਮਾਰਟਿਨ ਦੇ ਪ੍ਰਕਾਸ਼ਨ ਪਾੜ ਕੇ ਸੁੱਟ ਦਿੱਤੇ ਅਤੇ ਉਸ ਨੂੰ ਬੇਰਹਿਮੀ ਨਾਲ ਕੁੱਟ ਕੇ ਘਰੋਂ ਬਾਅਦ ਕੱਢ ਦਿੱਤਾ। ਠੀਕ ਜਿਵੇਂ ਕਾਰਬਨ ਦੇ ਪੱਥਰ ਨੂੰ (ਜਿਸ ਤੋਂ ਹੀਰਾ ਬਣਦਾ ਹੈ) ਧਰਤੀ ਦੀ ਪੇਪੜੀ ਦੇ ਹੇਠ ਅਤਿਅੰਤ ਦਬਾਅ ਅਤੇ ਉੱਚਾ ਤਾਪਮਾਨ ਠੋਸ ਬਣਾਉਂਦਾ ਹੈ, ਤਿਵੇਂ ਹੀ ਸਖ਼ਤ ਦਬਾਅ ਕਾਰਨ ਮਾਰਟਿਨ ਦਾ ਭਰੋਸਾ ਪਰਮੇਸ਼ੁਰ ਦੇ ਬਚਨ ਵਿਚ ਪੱਕਾ ਹੁੰਦਾ ਗਿਆ। ਸਮੇਂ ਦੇ ਬੀਤਣ ਨਾਲ ਮਾਰਟਿਨ ਦੇ ਮਾਪਿਆਂ ਦਾ ਦਿਲ ਵੀ ਪਿਘਲ ਗਿਆ ਅਤੇ ਉਹ ਘਰ ਵਾਪਸ ਚੱਲਾ ਗਿਆ। ਪਰ ਕਿਹੜੀ ਗੱਲ ਸੀ ਜਿਸ ਨੇ ਉਸ ਦੇ ਮਾਪਿਆਂ ਦਾ ਦਿਲ ਜਿੱਤਿਆ ਸੀ? ਉਨ੍ਹਾਂ ਨੇ ਮਾਰਟਿਨ ਅਤੇ ਉਸ ਦੇ ਛੋਟੇ ਭੈਣ-ਭਰਾਵਾਂ ਦੇ ਚਾਲ-ਚਲਣ ਵਿਚ ਬਹੁਤ ਵੱਡਾ ਫ਼ਰਕ ਦੇਖਿਆ। ਮਾਰਟਿਨ ਦੇ ਭੈਣ-ਭਰਾ ਜ਼ਿੱਦੀ ਸਨ ਅਤੇ ਉਨ੍ਹਾਂ ਦਾ ਚਾਲ-ਚਲਣ ਬਹੁਤ ਗਿਰਿਆ ਹੋਇਆ ਸੀ। ਮਾਰਟਿਨ ਦੇ ਮਾਪੇ ਜਾਣਦੇ ਸਨ ਕਿ ਉਸ ਦਾ ਚੰਗਾ ਰਵੱਈਆ ਉਸ ਦੇ ਨਵੇਂ ਧਰਮ ਸਦਕਾ ਸੀ। ਇਸ ਲਈ ਮਾਰਟਿਨ ਦੇ ਪਿਤਾ ਨੇ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਘਰ ਬੁਲਾਉਣਾ ਸ਼ੁਰੂ ਕੀਤਾ। ਉਸ ਦੀ ਮਾਂ ਨੇ ਭਰਾਵਾਂ ਦਾ ਬਹੁਤ ਧੰਨਵਾਦ ਕੀਤਾ ਕਿਉਂਕਿ ਉਨ੍ਹਾਂ ਨੇ ਉਸ ਦੇ ਪੁੱਤਰ ਦੀ ਬਹੁਤ ਮਦਦ ਕੀਤੀ ਸੀ। ਅਠਾਰਾਂ ਸਾਲ ਦੀ ਉਮਰ ਤੇ ਮਾਰਟਿਨ ਨੇ ਬਪਤਿਸਮਾ ਲਿਆ ਅਤੇ ਕੁਝ ਸਮਾਂ ਬਾਅਦ ਉਹ ਸੇਵਕਾਈ ਸਿਖਲਾਈ ਸਕੂਲ ਵਿਚ ਹਾਜ਼ਰ ਹੋਇਆ। ਹੁਣ ਉਹ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰ ਰਿਹਾ ਹੈ।

ਵਿਦੇਸ਼ੋਂ ਆਏ ਹੀਰੇ

ਗਿਨੀ ਦੇ ਅਨੇਕ ਕੁਦਰਤੀ ਪਦਾਰਥ ਹੋਰਨਾਂ ਦੇਸ਼ਾਂ ਨੂੰ ਭੇਜੇ ਜਾਂਦੇ ਹਨ, ਲੇਕਿਨ ਗਿਨੀ ਵਿਚ ਕੁਝ ਧੰਨ ਬਾਹਰੋਂ ਵੀ ਆ ਰਿਹਾ ਹੈ। ਇਹ ਧੰਨ ਕੀ ਹੈ? ਇਹ ਹੀਰਿਆਂ ਵਰਗੇ ਲੋਕ ਹਨ ਜੋ ਗ਼ਰੀਬੀ ਜਾਂ ਸਦੀਆਂ ਤੋਂ ਚੱਲਦੇ ਆਏ ਖ਼ੂਨ-ਖ਼ਰਾਬੇ ਤੇ ਯੁੱਧਾਂ ਤੋਂ ਛੁਟਕਾਰਾ ਪਾਉਣ ਲਈ ਅਫ਼ਰੀਕੀ ਦੇਸ਼ਾਂ ਤੋਂ ਆਏ ਹਨ।

ਅਰਨੈਸਤੀਨ 12 ਸਾਲ ਪਹਿਲਾਂ ਕੈਮਰੂਨ ਤੋਂ ਗਿਨੀ ਆਈ ਸੀ। ਉਹ ਕਈ ਸਾਲਾਂ ਤੋਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਦੀ ਰਹੀ ਅਤੇ ਮੀਟਿੰਗਾਂ ਵਿਚ ਜਾਂਦੀ ਰਹੀ ਪਰ ਉਸ ਨੇ ਬਪਤਿਸਮਾ ਨਹੀਂ ਲਿਆ। ਫਿਰ 2003 ਵਿਚ ਸਰਕਟ ਸੰਮੇਲਨ ਵਿਚ ਭੈਣਾਂ-ਭਰਾਵਾਂ ਨੂੰ ਬਪਤਿਸਮਾ ਲੈਂਦੇ ਦੇਖ ਕੇ ਉਸ ਦੀਆਂ ਅੱਖਾਂ ਭਰ ਆਈਆਂ। ਉਹ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਨ ਲੱਗੀ। ਉਸ ਨੇ ਯਹੋਵਾਹ ਪਰਮੇਸ਼ੁਰ ਅੱਗੇ ਆਪਣਾ ਦਿਲ ਖੋਲ੍ਹ ਕੇ ਕਿਹਾ: “ਮੈਂ 51 ਸਾਲ ਦੀ ਹੋ ਗਈ ਹਾਂ ਪਰ ਮੈਂ ਜ਼ਿੰਦਗੀ ਵਿਚ ਤੇਰੇ ਲਈ ਕੁਝ ਵੀ ਨਹੀਂ ਕੀਤਾ। ਮੈਂ ਦਿਲੋਂ ਤੇਰੀ ਭਗਤੀ ਕਰਨੀ ਚਾਹੁੰਦੀ ਹਾਂ।” ਇਸ ਤੋਂ ਬਾਅਦ ਅਰਨੈਸਤੀਨ ਨੇ ਆਪਣੀ ਪ੍ਰਾਰਥਨਾ ਅਨੁਸਾਰ ਸਹੀ ਕਦਮ ਚੁੱਕੇ। ਜਿਸ ਆਦਮੀ ਨਾਲ ਉਹ ਰਹਿੰਦੀ ਸੀ ਉਸ ਨੂੰ ਅਰਨੈਸਤੀਨ ਨੇ ਸਮਝਾਇਆ ਕਿ ਜਦ ਤਕ ਉਨ੍ਹਾਂ ਦਾ ਵਿਆਹ ਰਜਿਸਟਰ ਨਹੀਂ ਕਰਵਾਇਆ ਜਾਂਦਾ ਉਹ ਇਕੱਠੇ ਨਹੀਂ ਰਹਿ ਸਕਦੇ। ਉਹ ਵਿਆਹ ਰਜਿਸਟਰ ਕਰਵਾਉਣ ਲਈ ਰਾਜ਼ੀ ਹੋ ਗਿਆ। ਫਿਰ ਨਵੰਬਰ 2004 ਵਿਚ ਅਰਨੈਸਤੀਨ ਨੇ ਆਪਣੇ ਬਪਤਿਸਮੇ ਤੇ ਇਕ ਵਾਰ ਫਿਰ ਖ਼ੁਸ਼ੀ ਦੇ ਹੰਝੂ ਵਹਾਏ।

1990 ਦੇ ਦਹਾਕੇ ਦੇ ਸ਼ੁਰੂ ਤੋਂ ਲੈ ਕੇ ਲਾਈਬੀਰੀਆ ਅਤੇ ਸੀਅਰਾ ਲਿਓਨ ਤੋਂ ਹਜ਼ਾਰਾਂ ਰਫਿਊਜੀ ਗਿਨੀ ਆਏ ਹਨ। ਇਨ੍ਹਾਂ ਵਿੱਚੋਂ ਸੈਂਕੜੇ ਯਹੋਵਾਹ ਦੇ ਗਵਾਹ ਵੀ ਹਨ। ਇਹ ਭਰਾ ਰਫਿਊਜੀ ਕੈਂਪ ਵਿਚ ਪਹੁੰਚਦੇ ਹੀ ਮੀਟਿੰਗਾਂ, ਪ੍ਰਚਾਰ ਦਾ ਕੰਮ ਅਤੇ ਕਿੰਗਡਮ ਹਾਲ ਬਣਾਉਣ ਦਾ ਕੰਮ ਸ਼ੁਰੂ ਕਰ ਦਿੰਦੇ ਹਨ। ਕੈਂਪਾਂ ਵਿਚ ਕਈ ਹੋਰ ਲੋਕ ਵੀ ਯਹੋਵਾਹ ਦੀ ਸੇਵਾ ਕਰਨ ਲੱਗ ਪਏ ਹਨ। ਇਨ੍ਹਾਂ ਵਿੱਚੋਂ ਇਕ ਆਈਜ਼ਕ ਹੈ। ਬਪਤਿਸਮਾ ਲੈਣ ਤੋਂ ਬਾਅਦ ਆਈਜ਼ਕ ਨੂੰ ਲਾਈਬੀਰੀਆ ਵਾਪਸ ਜਾਣ ਦਾ ਮੌਕਾ ਮਿਲਿਆ ਅਤੇ ਜਿਸ ਵੱਡੀ ਕੰਪਨੀ ਲਈ ਉਹ ਪਹਿਲਾਂ ਕੰਮ ਕਰ ਰਿਹਾ ਸੀ ਉੱਥੇ ਉਸ ਨੂੰ ਦੁਬਾਰਾ ਨੌਕਰੀ ਮਿਲ ਰਹੀ ਸੀ। ਲੇਕਿਨ ਆਈਜ਼ਕ ਨੇ ਪਾਇਨੀਅਰ ਵਜੋਂ ਲੈਨਾ ਰਫਿਊਜੀ ਕੈਂਪ ਵਿਚ ਰਹਿ ਕੇ ਸੇਵਾ ਕਰਨ ਦਾ ਫ਼ੈਸਲਾ ਕੀਤਾ। ਉਹ ਦੱਸਦਾ ਹੈ: “ਇੱਥੇ ਰਹਿ ਕੇ ਮੈਨੂੰ ਮੀਟਿੰਗਾਂ ਜਾਂ ਸੰਮੇਲਨਾਂ ਵਿਚ ਜਾਣ ਲਈ ਕਿਸੇ ਦੀ ਇਜਾਜ਼ਤ ਮੰਗਣ ਦੀ ਲੋੜ ਨਹੀਂ ਪੈਂਦੀ। ਮੈਂ ਪੂਰੀ ਆਜ਼ਾਦੀ ਨਾਲ ਯਹੋਵਾਹ ਦੀ ਸੇਵਾ ਕਰ ਸਕਦਾ ਹਾਂ।” ਦਸੰਬਰ 2003 ਵਿਚ ਇਸ ਰਫਿਊਜੀ ਕੈਂਪ ਵਿਚ ਜ਼ਿਲ੍ਹਾ ਸੰਮੇਲਨ ਕੀਤਾ ਗਿਆ ਸੀ। ਉਸ ਸਮੇਂ ਕੈਂਪ ਦੇ 30,000 ਰਫਿਊਜੀਆਂ ਵਿੱਚੋਂ 150 ਯਹੋਵਾਹ ਦੇ ਗਵਾਹ ਸਨ। ਇਨ੍ਹਾਂ ਗਵਾਹਾਂ ਨੂੰ ਕਿੰਨੀ ਖ਼ੁਸ਼ੀ ਹੋਈ ਜਦ 591 ਲੋਕ ਸੰਮੇਲਨ ਵਿਚ ਹਾਜ਼ਰ ਹੋਏ। ਹਾਜ਼ਰੀਨ ਵਿਚ 9 ਬੋਲੇ ਲੋਕ ਵੀ ਸਨ ਜਿਨ੍ਹਾਂ ਲਈ ਪ੍ਰੋਗ੍ਰਾਮ ਦਾ ਸੈਨਤ ਭਾਸ਼ਾ ਵਿਚ ਅਨੁਵਾਦ ਕੀਤਾ ਗਿਆ ਸੀ। ਸੰਮੇਲਨ ਵਿਚ ਬਾਰਾਂ ਜਣਿਆਂ ਨੇ ਬਪਤਿਸਮਾ ਲਿਆ। ਭੈਣਾਂ-ਭਰਾਵਾਂ ਨੇ ਸੰਮੇਲਨ ਵਿਚ ਸਿੱਖੀਆਂ ਗੱਲਾਂ ਦੀ ਬਹੁਤ ਕਦਰ ਕੀਤੀ।

ਹੀਰੇ ਤਰਾਸ਼ੇ ਜਾਂਦੇ ਹਨ

ਸੋਨਾ-ਚਾਂਦੀ ਅਤੇ ਹੀਰਿਆਂ ਦੀ ਭਾਲ ਕਰਨ ਵਿਚ ਖੋਜੀ ਹਰ ਮੁਸ਼ਕਲ ਦਾ ਸਾਮ੍ਹਣਾ ਕਰਨ ਲਈ ਤਿਆਰ ਹੁੰਦੇ ਹਨ। ਲੇਕਿਨ ਸਾਡਾ ਦਿਲ ਕਿੰਨਾ ਖ਼ੁਸ਼ ਹੁੰਦਾ ਹੈ ਜਦ ਅਸੀਂ ਨਵੇਂ ਵਿਅਕਤੀਆਂ ਨੂੰ ਯਹੋਵਾਹ ਦੀ ਸੇਵਾ ਕਰਨ ਵਿਚ ਵੱਡਾ ਜਤਨ ਕਰਦੇ ਹੋਏ ਦੇਖਦੇ ਹਾਂ। ਮਿਸਾਲ ਲਈ, ਜੇਨਾਬ ਦੀ ਉਦਾਹਰਣ ਵੱਲ ਧਿਆਨ ਦਿਓ।

ਜੇਨਾਬ 13 ਸਾਲ ਦੀ ਉਮਰ ਦੀ ਸੀ ਜਦ ਉਸ ਤੋਂ ਜ਼ਬਰਦਸਤੀ ਮਜ਼ਦੂਰੀ ਕਰਵਾਈ ਗਈ ਸੀ। ਪੱਛਮੀ ਅਫ਼ਰੀਕਾ ਦੇ ਕਿਸੇ ਦੇਸ਼ ਤੋਂ ਉਸ ਨੂੰ ਗਿਨੀ ਲਿਆਂਦਾ ਗਿਆ ਸੀ। ਫਿਰ ਵੀਹ ਸਾਲ ਦੀ ਉਮਰ ਤੇ ਉਹ ਬਾਈਬਲ ਦਾ ਸੰਦੇਸ਼ ਸਿੱਖਣ ਲੱਗੀ। ਜੇਨਾਬ ਫ਼ੌਰਨ ਹੀ ਸਿੱਖੀਆਂ ਗੱਲਾਂ ਆਪਣੀ ਜ਼ਿੰਦਗੀ ਵਿਚ ਲਾਗੂ ਕਰਨੀਆਂ ਚਾਹੁੰਦੀ ਸੀ।

ਬੇਸ਼ੱਕ ਜੇਨਾਬ ਲਈ ਮੀਟਿੰਗਾਂ ਵਿਚ ਜਾਣਾ ਬਹੁਤ ਔਖਾ ਸੀ, ਪਰ ਫਿਰ ਵੀ ਉਹ ਇਨ੍ਹਾਂ ਵਿਚ ਹਾਜ਼ਰ ਹੋਣ ਦੀ ਪੂਰੀ ਕੋਸ਼ਿਸ਼ ਕਰਦੀ ਰਹੀ। ਉਸ ਨੇ ਕਦੀ ਹਿੰਮਤ ਨਹੀਂ ਹਾਰੀ। ਉਹ ਮੀਟਿੰਗਾਂ ਦੀ ਅਹਿਮੀਅਤ ਚੰਗੀ ਤਰ੍ਹਾਂ ਸਮਝਦੀ ਸੀ। (ਇਬਰਾਨੀਆਂ 10:24, 25) ਉਹ ਆਪਣੀਆਂ ਕਿਤਾਬਾਂ ਘਰੋਂ ਬਾਹਰ ਕਿਤੇ ਲੁਕੋ ਲੈਂਦੀ ਸੀ, ਫਿਰ ਮੀਟਿੰਗਾਂ ਨੂੰ ਜਾਂਦੀ ਹੋਈ ਉੱਥੋਂ ਚੁੱਕ ਲੈਂਦੀ ਸੀ। ਜਿਨ੍ਹਾਂ ਦੇ ਘਰ ਜੇਨਾਬ ਇਕ ਗ਼ੁਲਾਮ ਵਜੋਂ ਰਹਿੰਦੀ ਸੀ, ਉਨ੍ਹਾਂ ਨੂੰ ਉਸ ਦਾ ਮੀਟਿੰਗਾਂ ਵਿਚ ਜਾਣਾ ਬਿਲਕੁਲ ਪਸੰਦ ਨਹੀਂ ਸੀ।  ਉਨ੍ਹਾਂ ਨੇ ਕਈ ਵਾਰ ਜੇਨਾਬ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ।

ਕੁਝ ਸਮੇਂ ਬਾਅਦ, ਜੇਨਾਬ ਦੇ ਹਾਲਾਤ ਬਦਲ ਗਏ ਅਤੇ ਉਸ ਨੂੰ ਆਜ਼ਾਦ ਕੀਤਾ ਗਿਆ। ਉਹ ਫ਼ੌਰਨ ਹੀ ਸਾਰੀਆਂ ਮੀਟਿੰਗਾਂ ਵਿਚ ਜਾਣ ਲੱਗ ਪਈ ਅਤੇ ਯਹੋਵਾਹ ਦੀ ਸੇਵਾ ਵਿਚ ਜਲਦੀ ਤਰੱਕੀ ਕਰਨ ਲੱਗੀ। ਉਸ ਨੂੰ ਇਕ ਵਧੀਆ ਨੌਕਰੀ ਕਰਨ ਦਾ ਮੌਕਾ ਮਿਲਿਆ ਪਰ ਉਸ ਨੇ ਨਾ ਕਰ ਦਿੱਤੀ। ਉਹ ਜਾਣਦੀ ਸੀ ਕਿ ਇਹ ਨੌਕਰੀ ਉਸ ਦੇ ਮੀਟਿੰਗਾਂ ਜਾਣ ਵਿਚ ਰੁਕਾਵਟ ਬਣ ਜਾਵੇਗੀ। ਕਲੀਸਿਯਾ ਵਿਚ ਉਹ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਹਿੱਸਾ ਲੈਣ ਲੱਗੀ, ਬਪਤਿਸਮਾ-ਰਹਿਤ ਪ੍ਰਕਾਸ਼ਕ ਬਣੀ ਅਤੇ ਆਪਣਾ ਜੀਵਨ ਯਹੋਵਾਹ ਪਰਮੇਸ਼ੁਰ ਨੂੰ ਸਮਰਪਿਤ ਕਰ ਕੇ ਉਸ ਨੇ ਬਪਤਿਸਮਾ ਲਿਆ। ਬਪਤਿਸਮਾ ਲੈਣ ਤੋਂ ਬਾਅਦ ਉਹ ਔਗਜ਼ੀਲਰੀ ਪਾਇਨੀਅਰੀ ਕਰਨ ਲੱਗੀ। ਫਿਰ ਛੇ ਮਹੀਨੇ ਬਾਅਦ ਰੈਗੂਲਰ ਪਾਇਨੀਅਰ ਬਣ ਗਈ।

ਕੁਝ ਮੀਟਿੰਗਾਂ ਵਿਚ ਹਾਜ਼ਰ ਹੋਣ ਤੋਂ ਬਾਅਦ ਇਕ ਬੰਦੇ ਨੇ ਕਿਹਾ: “ਮੀਟਿੰਗਾਂ ਵਿਚ ਆ ਕੇ ਮੈਂ ਆਪਣੇ ਆਪ ਨੂੰ ਗ਼ਰੀਬ ਨਹੀਂ ਮਹਿਸੂਸ ਕਰਦਾ।” ਜਦ ਕਿ ਬਹੁਤ ਸਾਰੇ ਲੋਕ ਸਿਰਫ਼ ਗਿਨੀ ਦੇ ਮਾਲੀ ਧੰਨ ਵਿਚ ਰੁਚੀ ਰੱਖਦੇ ਹਨ, ਯਹੋਵਾਹ ਦੇ ਸੇਵਕ ਹੀਰਿਆਂ ਵਰਗੇ ਲੋਕਾਂ ਦੀ ਤਲਾਸ਼ ਵਿਚ ਹਨ। ਜੀ ਹਾਂ, “ਸਾਰੀਆਂ ਕੌਮਾਂ ਦੇ ਪਦਾਰਥ” ਯਹੋਵਾਹ ਦੀ ਭਗਤੀ ਕਰਨ ਲਈ ਉਸ ਦੀ ਸੰਸਥਾ ਵਿਚ ਆ ਰਹੇ ਹਨ।

[ਸਫ਼ਾ 8 ਉੱਤੇ ਡੱਬੀ]

ਗਿਨੀ-2005

ਗਵਾਹਾਂ ਦੀ ਗਿਣਤੀ: 883

ਬਾਈਬਲ ਸਟੱਡੀਆਂ: 1,710

ਯਾਦਗਾਰ ਵਿਚ ਹਾਜ਼ਰੀ: 3,255

[ਸਫ਼ਾ 8 ਉੱਤੇ ਨਕਸ਼ੇ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਗਿਨੀ

ਕੋਨਾਕਰੀ

ਸੀਅਰਾ ਲਿਓਨ

ਲਾਈਬੀਰੀਆ

[ਸਫ਼ਾ 9 ਉੱਤੇ ਤਸਵੀਰ]

ਲੁਕਾ ਅਤੇ ਐਲਬਰਟ

[ਸਫ਼ਾ 9 ਉੱਤੇ ਤਸਵੀਰ]

ਕੋਨਾਕਰੀ ਵਿਚ ਕਿੰਗਡਮ ਹਾਲ

[ਸਫ਼ਾ 10 ਉੱਤੇ ਤਸਵੀਰ]

ਮਾਰਟਿਨ

[ਸਫ਼ਾ 10 ਉੱਤੇ ਤਸਵੀਰ]

ਅਰਨੈਸਤੀਨ

[ਸਫ਼ਾ 10 ਉੱਤੇ ਤਸਵੀਰ]

ਜੇਨਾਬ

[ਸਫ਼ਾ 8 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

USAID