ਪ੍ਰਾਚੀਨ ਇੰਜੀਨੀਅਰੀ ਦਾ ਉੱਤਮ ਨਮੂਨਾ
ਪ੍ਰਾਚੀਨ ਇੰਜੀਨੀਅਰੀ ਦਾ ਉੱਤਮ ਨਮੂਨਾ
ਰੋਮੀ ਉਸਾਰੀ ਕਲਾ ਦਾ ਸਭ ਤੋਂ ਉੱਤਮ ਨਮੂਨਾ ਕੀ ਹੈ? ਕੀ ਇਹ ਮਸ਼ਹੂਰ ਕਲੋਸੀਅਮ ਹੈ ਜਿਸ ਦੇ ਖੰਡਰ ਅੱਜ ਵੀ ਰੋਮ ਵਿਚ ਦੇਖੇ ਜਾ ਸਕਦੇ ਹਨ? ਰੋਮੀ ਉਸਾਰੀ ਕਲਾ ਦੇ ਹੋਰ ਵੀ ਬੇਸ਼ੁਮਾਰ ਨਮੂਨੇ ਹਨ ਜਿਨ੍ਹਾਂ ਨੇ ਇਤਿਹਾਸ ਦਾ ਰੁੱਖ ਬਦਲਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਪਰ ਰੋਮੀ ਸੜਕਾਂ ਦਾ ਜ਼ਿਕਰ ਕਰਨ ਤੋਂ ਬਿਨਾਂ ਰੋਮੀ ਕਲਾ ਦੀ ਕਹਾਣੀ ਅਧੂਰੀ ਹੈ।
ਰੋਮੀ ਸੜਕਾਂ ਉੱਤੇ ਫ਼ੌਜੀਆਂ ਦਾ ਆਉਣਾ-ਜਾਣਾ ਅਤੇ ਮਾਲ ਦੀ ਢੋਆ-ਢੁਆਈ ਕਾਫ਼ੀ ਹੁੰਦੀ ਸੀ। ਇਸ ਤੋਂ ਇਲਾਵਾ, ਇਨ੍ਹਾਂ ਸੜਕਾਂ ਨੇ ਇਕ ਹੋਰ ਕੰਮ ਵੀ ਕੀਤਾ। ਪ੍ਰਾਚੀਨ ਲਿਖਤਾਂ ਦੇ ਮਾਹਰ ਰੋਮੋਲੋ ਏ. ਸਟਾਚੋਲੀ ਦੇ ਮੁਤਾਬਕ ਇਨ੍ਹਾਂ ਸੜਕਾਂ ਨੇ ਆਉਂਦੇ-ਜਾਂਦੇ ਲੋਕਾਂ ਰਾਹੀਂ “ਨਵੇਂ-ਨਵੇਂ ਵਿਚਾਰ, ਕਲਾ, ਫ਼ਲਸਫ਼ੇ ਤੇ ਧਾਰਮਿਕ ਸਿੱਖਿਆਵਾਂ,” ਖ਼ਾਸਕਰ ਈਸਾਈ ਧਰਮ ਦੀਆਂ ਸਿੱਖਿਆਵਾਂ ਫੈਲਾਉਣ ਦਾ ਰਾਹ ਖੋਲ੍ਹ ਦਿੱਤਾ।
ਪੁਰਾਣੇ ਸਮਿਆਂ ਵਿਚ ਮੰਨਿਆ ਜਾਂਦਾ ਸੀ ਕਿ ਰੋਮੀ ਸੜਕਾਂ ਉਸਾਰੀ ਕਲਾ ਦਾ ਇਕ ਬਿਹਤਰੀਨ ਨਮੂਨਾ ਸਨ। ਸਦੀਆਂ ਦੌਰਾਨ ਰੋਮੀਆਂ ਨੇ 30 ਤੋਂ ਜ਼ਿਆਦਾ ਮੁਲਕਾਂ ਵਿਚ 80,000 ਕਿਲੋਮੀਟਰ ਤੋਂ ਵੱਧ ਖੇਤਰ ਵਿਚ ਸੜਕਾਂ ਦਾ ਵਿਸ਼ਾਲ ਜਾਲ ਵਿਛਾਇਆ ਹੈ।
ਰੋਮੀ ਸਾਮਰਾਜ ਦੇ ਦਿਨਾਂ ਵਿਚ ਪਹਿਲੀ ਵੱਡੀ ਸੜਕ ਦਾ ਨਾਂ ਐਪੀਅਨ ਵੇ ਸੀ। ਇਸ ਨੂੰ “ਸੜਕਾਂ ਦੀ ਮਲਕਾ” ਮੰਨਿਆ ਜਾਂਦਾ ਸੀ। ਇਸ ਦੇ ਜ਼ਰੀਏ ਮੁਸਾਫ਼ਰ ਰੋਮ ਤੋਂ ਬੰਦਰਗਾਹ ਵਾਲੇ ਸ਼ਹਿਰ ਬਰੁਨਡੀਜ਼ੀਅਮ (ਹੁਣ ਬਰਿਨਡੀਜ਼ੀ ਵਜੋਂ ਜਾਣਿਆ ਜਾਂਦਾ ਹੈ) ਪਹੁੰਚ ਸਕਦਾ ਸੀ। ਉੱਥੋਂ ਉਹ ਅਗਾਹਾਂ ਦੁਨੀਆਂ ਦੇ ਪੂਰਬੀ ਭਾਗਾਂ ਵਿਚ ਜਾ ਸਕਦਾ ਸੀ। ਇਸ ਸੜਕ ਦਾ ਨਾਂ ਐਪੀਅਸ ਕਲੋਡਿਅਸ ਸੀਕਸ ਨਾਂ ਦੇ ਰੋਮੀ ਅਧਿਕਾਰੀ ਦੇ ਨਾਂ ਤੇ ਰੱਖਿਆ ਗਿਆ ਸੀ ਜਿਸ ਨੇ ਇਸ ਦੀ ਉਸਾਰੀ ਲਗਭਗ 312 ਈ. ਪੂ. ਵਿਚ ਆਰੰਭ ਕੀਤੀ ਸੀ। ਸਲਾਰੀਆ ਤੇ ਫਲੇਮੀਨੀਆ ਨਾਂ ਦੀਆਂ ਰੋਮੀ ਸੜਕਾਂ ਵੀ ਲੋਕਾਂ ਲਈ ਬਹੁਤ ਮਹੱਤਤਾ ਰੱਖਦੀਆਂ ਸਨ। ਦੋਵੇਂ ਸੜਕਾਂ ਪੂਰਬ ਵੱਲ ਐਡਰਿਆਟਿਕ ਸਾਗਰ ਤਕ ਜਾਂਦੀਆਂ ਸਨ ਜਿਸ ਕਰਕੇ ਮੁਸਾਫ਼ਰਾਂ ਲਈ ਬਾਲਕਨ ਦੇਸ਼ਾਂ ਅਤੇ ਰਾਈਨ ਤੇ ਡੈਨਿਊਬ ਨਦੀਆਂ ਦੇ ਨੇੜੇ-ਤੇੜੇ ਦੇ ਇਲਾਕਿਆਂ ਤਕ ਜਾਣਾ ਆਸਾਨ ਸੀ। ਔਰੇਲੀਆ ਨਾਂ ਦੀ ਸੜਕ ਉੱਤਰ ਵੱਲ ਗਾਲ ਅਤੇ ਆਈਬੇਰੀਆਈ ਪ੍ਰਾਇਦੀਪ ਵੱਲ ਜਾਂਦੀ ਸੀ। ਓਸਟੈਂਸਿਸ ਨਾਂ ਦੀ ਸੜਕ ਬੰਦਰਗਾਹ ਵਾਲੇ ਸ਼ਹਿਰ ਓਸਟੀਆ ਵੱਲ ਜਾਂਦੀ ਸੀ ਅਤੇ ਰੋਮ ਦੇ ਮੁਸਾਫ਼ਰ ਇਸ ਬੰਦਰਗਾਹ ਤੋਂ ਅਫ਼ਰੀਕਾ ਜਾਣਾ ਪਸੰਦ ਕਰਦੇ ਸਨ।
ਰੋਮ ਦਾ ਸਭ ਤੋਂ ਵੱਡਾ ਉਸਾਰੀ ਪ੍ਰਾਜੈਕਟ
ਇਨ੍ਹਾਂ ਵੱਡੀਆਂ ਸੜਕਾਂ ਦੇ ਬਣਨ ਤੋਂ ਪਹਿਲਾਂ ਵੀ ਰੋਮ ਦੇ ਵਾਸੀਆਂ ਨੂੰ ਸੜਕਾਂ ਦੀ ਜ਼ਰੂਰਤ ਸੀ। ਰੋਮ ਸ਼ਹਿਰ ਟਾਈਬਰ ਦਰਿਆ ਦੇ ਉਸ ਕੰਢੇ ਤੇ ਬਣਾਇਆ ਗਿਆ ਸੀ ਜਿੱਥੇ ਪਾਣੀ ਘੱਟ ਸੀ। ਪੁਰਾਣੀਆਂ ਲਿਖਤਾਂ ਅਨੁਸਾਰ, ਇਸ ਦਰਿਆ ਨੂੰ ਜਾਂਦੇ ਕੱਚਿਆਂ ਰਾਹਾਂ ਨੂੰ ਬਿਹਤਰ ਬਣਾਉਣ ਲਈ ਰੋਮੀਆਂ ਨੇ ਉਸਾਰੀ ਸੰਬੰਧੀ ਉੱਤਰੀ ਅਫ਼ਰੀਕਾ ਦੇ ਕਾਰਥਿਜ ਸ਼ਹਿਰ ਦੇ ਵਾਸੀਆਂ ਦੇ ਤਰੀਕੇ ਅਪਣਾਏ। ਲੇਕਿਨ ਮੰਨਿਆ ਜਾਂਦਾ ਹੈ ਕਿ ਰੋਮੀਆਂ ਤੋਂ ਪਹਿਲਾਂ ਇਤਰੂਰੀਆ (ਇਟਲੀ ਦਾ ਦੱਖਣ-ਪੂਰਬੀ ਹਿੱਸਾ) ਦੇ ਵਸਨੀਕਾਂ ਨੇ ਸੜਕਾਂ ਦਾ ਵਧੀਆ ਢੰਗ ਨਾਲ ਨਿਰਮਾਣ ਕੀਤਾ ਸੀ। ਇਨ੍ਹਾਂ ਵੱਲੋਂ ਬਣਾਈਆਂ ਸੜਕਾਂ ਦੇ ਕੁਝ ਟੁੱਟੇ-ਭੱਜੇ ਹਿੱਸੇ ਅੱਜ ਵੀ ਦੇਖਣ ਨੂੰ ਮਿਲਦੇ ਹਨ। ਰੋਮੀ ਸਾਮਰਾਜ ਤੋਂ ਪਹਿਲਾਂ, ਰੋਮ ਵਿਚ ਕਈ ਕੱਚੇ ਰਸਤੇ ਬਣਾਏ ਗਏ ਸਨ ਜਿਨ੍ਹਾਂ ਉੱਤੇ ਲੋਕਾਂ ਦਾ ਕਾਫ਼ੀ ਆਉਣਾ-ਜਾਣਾ ਰਹਿੰਦਾ ਸੀ। ਹੋ ਸਕਦਾ ਹੈ ਕਿ ਅਯਾਲੀ ਇਨ੍ਹਾਂ ਕੱਚੀਆਂ ਸੜਕਾਂ ਤੇ ਚੱਲ ਕੇ ਇੱਜੜਾਂ ਨੂੰ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਨੂੰ ਲੈ ਜਾਂਦੇ ਸਨ। ਇਨ੍ਹਾਂ ਸੜਕਾਂ ਤੇ ਸਫ਼ਰ ਕਰਨਾ ਆਸਾਨ ਨਹੀਂ ਸੀ ਕਿਉਂਕਿ ਗਰਮੀਆਂ ਵਿਚ ਮਿੱਟੀ-ਘੱਟਾ ਉੱਡਦਾ ਰਹਿੰਦਾ ਸੀ ਤੇ ਬਰਸਾਤਾਂ ਵਿਚ ਰਸਤਿਆਂ ਉੱਤੇ ਚਿੱਕੜ ਬਹੁਤ ਹੁੰਦਾ ਸੀ। ਰੋਮੀਆਂ ਨੇ ਇਨ੍ਹਾਂ ਰਸਤਿਆਂ ਨੂੰ ਪੱਕੀਆਂ ਸੜਕਾਂ ਦਾ ਰੂਪ ਦਿੱਤਾ।
ਇਨ੍ਹਾਂ ਸੜਕਾਂ ਨੂੰ ਬੜਾ ਸੋਚ-ਸਮਝ ਕੇ ਡੀਜ਼ਾਈਨ ਕੀਤਾ ਤੇ ਬਣਾਇਆ ਗਿਆ ਸੀ। ਇਹ ਪੱਕੀਆਂ ਸੜਕਾਂ ਮੁਸਾਫ਼ਰਾਂ ਲਈ ਫ਼ਾਇਦੇਮੰਦ ਸਨ ਤੇ ਦੇਖਣ ਨੂੰ ਸੋਹਣੀਆਂ ਲੱਗਦੀਆਂ ਸਨ। ਰੋਮੀਆਂ ਦਾ ਮੰਨਣਾ ਸੀ ਕਿ ਜੇ ਸੜਕ ਸਿੱਧੀ ਬਣਾਈ ਜਾਏ, ਤਾਂ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਵਿਚਕਾਰਲਾ ਫ਼ਾਸਲਾ ਹਮੇਸ਼ਾ ਘੱਟ ਹੁੰਦਾ ਸੀ। ਇਸੇ ਲਈ ਅਨੇਕ ਰੋਮੀ ਸੜਕਾਂ ਸਿੱਧੀਆਂ ਹਨ। ਲੇਕਿਨ ਜਦੋਂ ਰਾਹ ਵਿਚ ਉੱਚੀਆਂ-ਨੀਵੀਆਂ ਥਾਵਾਂ ਜਾਂ ਪਹਾੜੀਆਂ ਆਉਂਦੀਆਂ ਸਨ, ਤਾਂ ਸੜਕਾਂ ਜ਼ਮੀਨ ਦੇ ਹਿਸਾਬ ਮੁਤਾਬਕ ਜਾਂ ਪਹਾੜੀ ਦੇ ਆਲੇ-ਦੁਆਲੇ ਬਣਾਈਆਂ ਜਾਂਦੀਆਂ ਸਨ। ਪਹਾੜੀ ਇਲਾਕਿਆਂ
ਵਿਚ ਰੋਮੀ ਇੰਜੀਨੀਅਰਾਂ ਨੇ ਪਹਾੜਾਂ ਦੀ ਚੜ੍ਹਾਈ ਦੇ ਅੱਧ ਤਕ ਸੜਕਾਂ ਬਣਾਈਆਂ। ਉਹ ਪਹਾੜਾਂ ਦੇ ਉਸ ਪਾਸੇ ਸੜਕਾਂ ਬਣਾਉਂਦੇ ਸਨ ਜਿਸ ਪਾਸੇ ਧੁੱਪ ਪੈਂਦੀ ਸੀ। ਇਸ ਤਰ੍ਹਾਂ ਮੁਸਾਫ਼ਰਾਂ ਨੂੰ ਖ਼ਰਾਬ ਮੌਸਮ ਵਿਚ ਵੀ ਸਫ਼ਰ ਕਰਨ ਵਿਚ ਸੁਵਿਧਾ ਹੁੰਦੀ ਸੀ।ਰੋਮੀਆਂ ਨੇ ਸੜਕਾਂ ਕਿਵੇਂ ਬਣਾਈਆਂ? ਇਸ ਬਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ, ਪਰ ਆਓ ਆਪਾ ਦੇਖੀਏ ਕਿ ਪੁਰਾਤੱਤਵ-ਵਿਗਿਆਨੀਆਂ ਦੀਆਂ ਲੱਭਤਾਂ ਇਸ ਬਾਰੇ ਕੀ ਜ਼ਾਹਰ ਕਰਦੀਆਂ ਹਨ।
ਸਭ ਤੋਂ ਪਹਿਲਾਂ ਇਹ ਤੈਅ ਕੀਤਾ ਜਾਂਦਾ ਸੀ ਕਿ ਸੜਕ ਕਿੱਥੋਂ ਸ਼ੁਰੂ ਤੇ ਕਿੱਥੇ ਜਾ ਕੇ ਖ਼ਤਮ ਹੋਵੇਗੀ। ਇਹ ਕੰਮ ਜ਼ਮੀਨ ਦਾ ਸਰਵੇਖਣ ਕਰਨ ਵਾਲਿਆਂ ਦਾ ਸੀ। ਫਿਰ ਸਿਪਾਹੀ, ਮਜ਼ਦੂਰ ਜਾਂ ਗ਼ੁਲਾਮ ਹੱਡ-ਭੰਨਵੀਂ ਮਿਹਨਤ ਕਰ ਕੇ ਜ਼ਮੀਨ ਪੁੱਟਦੇ ਸਨ। ਉਹ ਰਾਹ ਦੇ ਦੋਵੇਂ ਪਾਸੇ ਖਾਈ ਪੁੱਟਦੇ ਸਨ ਅਤੇ ਇਨ੍ਹਾਂ ਖਾਈਆਂ ਦਰਮਿਆਨ ਘੱਟੋ-ਘੱਟ 2.4 ਮੀਟਰ ਜਾਂ ਫਿਰ 4 ਮੀਟਰ ਦਾ ਫ਼ਾਸਲਾ ਹੁੰਦਾ ਸੀ ਅਤੇ ਵਲ਼ੇਵੇਂ ਖਾਂਦੀ ਸੜਕ ਇਸ ਤੋਂ ਵੀ ਚੌੜੀ ਹੁੰਦੀ ਸੀ। ਸੜਕ ਦੀ ਚੌੜਾਈ ਕਦੇ-ਕਦੇ 10 ਮੀਟਰ ਵੀ ਹੋ ਜਾਂਦੀ ਸੀ ਜਦੋਂ ਸੜਕ ਦੇ ਦੋਵਾਂ ਪਾਸਿਆਂ ਤੇ ਫੁੱਟਪਾਥ ਬਣਾਏ ਜਾਂਦੇ ਸਨ। ਪਹਿਲਾਂ ਦੋ ਪੁੱਟੀਆਂ ਗਈਆਂ ਖਾਈਆਂ ਦੇ ਵਿਚਕਾਰਲੀ ਜ਼ਮੀਨ ਦੀ ਮਿੱਟੀ ਨੂੰ ਪੁੱਟ ਦਿੱਤਾ ਜਾਂਦਾ ਸੀ ਤੇ ਇਸ ਤਰ੍ਹਾਂ ਇਕ ਵੱਡੀ ਸਾਰੀ ਖਾਈ ਬਣ ਜਾਂਦੀ ਸੀ। ਫਿਰ ਖਾਈ ਨੂੰ ਭਰਨ ਲਈ ਇਸ ਵਿਚ ਵੱਖ-ਵੱਖ
ਕਿਸਮ ਦੀ ਸਾਮੱਗਰੀ ਦੀਆਂ ਤਿੰਨ ਜਾਂ ਚਾਰ ਤਹਿਆਂ ਵਿਛਾਈਆਂ ਜਾਂਦੀਆਂ ਸਨ। ਸ਼ਾਇਦ ਪਹਿਲੀ ਤਹਿ ਵੱਡੇ-ਵੱਡੇ ਪੱਥਰਾਂ ਦੀ ਹੁੰਦੀ ਸੀ। ਦੂਜੀ ਤਹਿ ਛੋਟੇ ਪੱਥਰਾਂ ਜਾਂ ਚਪਟੇ ਪੱਥਰਾਂ ਦੀ ਸੀ ਤੇ ਇਸ ਤਹਿ ਨੂੰ ਪੱਕੀ ਕਰਨ ਲਈ ਕੰਕਰੀਟ ਪਾਈ ਜਾਂਦੀ ਸੀ। ਅਖ਼ੀਰਲੀ ਤਹਿ ਬਜਰੀ ਜਾਂ ਰੋੜੀ ਦੀ ਸੀ।ਕੁਝ ਰੋਮੀ ਸੜਕਾਂ ਦੀ ਉਪਰਲੀ ਤਹਿ ਕੇਵਲ ਰੋੜੀ ਦੀ ਬਣੀ ਹੋਈ ਹੁੰਦੀ ਸੀ। ਲੇਕਿਨ ਜਦ ਲੋਕਾਂ ਨੇ ਵੱਡੇ-ਵੱਡੇ ਚਪਟੇ ਪੱਥਰਾਂ ਦੀਆਂ ਬਣੀਆਂ ਸ਼ਾਨਦਾਰ ਸੜਕਾਂ ਦੇਖੀਆਂ, ਤਾਂ ਉਨ੍ਹਾਂ ਨੇ ਰੋਮੀ ਨਿਰਮਾਣ ਕਲਾ ਦੀ ਬੜੀ ਤਾਰੀਫ਼ ਕੀਤੀ। ਇਹ ਪੱਥਰ ਉਨ੍ਹਾਂ ਨੂੰ ਰੋਮ ਵਿੱਚੋਂ ਹੀ ਮਿਲ ਜਾਂਦੇ ਸਨ। ਸੜਕ ਨੂੰ ਗੱਭਿਓਂ ਥੋੜ੍ਹਾ ਜਿਹਾ ਉੱਚਾ ਬਣਾਇਆ ਜਾਂਦਾ ਸੀ ਤਾਂਕਿ ਬਰਸਾਤ ਦੇ ਮੌਸਮ ਵਿਚ ਪਾਣੀ ਸੜਕ ਦੇ ਦੋਹੀਂ ਪਾਸੀਂ ਪੁੱਟੀਆਂ ਨਾਲੀਆਂ ਵਿਚ ਵਹਿ ਜਾਏ। ਰੋਮੀ ਸੜਕਾਂ ਇੰਨੀਆਂ ਪੱਕੀਆਂ ਬਣਾਈਆਂ ਜਾਂਦੀਆਂ ਸਨ ਕਿ ਇਨ੍ਹਾਂ ਵਿੱਚੋਂ ਕੁਝ ਅੱਜ ਤਕ ਵੀ ਬਚੀਆਂ ਹੋਈਆਂ ਹਨ।
ਐਪੀਅਨ ਵੇ ਦੇ ਬਣਨ ਤੋਂ ਕੁਝ 900 ਸਾਲ ਬਾਅਦ, ਬਿਜ਼ੰਤੀਨੀ ਵਿਦਵਾਨ ਪ੍ਰੋਕੋਪਿਅਸ ਨੇ ਇਸ ਨੂੰ “ਲਾਜਵਾਬ” ਸੜਕ ਕਿਹਾ। ਇਸ ਸੜਕ ਦੀ ਉਪਰਲੀ ਤਹਿ ਦੇ ਵੱਡੇ-ਵੱਡੇ ਪੱਥਰਾਂ ਬਾਰੇ ਉਸ ਨੇ ਲਿਖਿਆ: “ਕਾਫ਼ੀ ਸਮਾਂ ਲੰਘ ਜਾਣ ਤੋਂ ਬਾਅਦ ਅਤੇ ਹਰ ਰੋਜ਼ ਇਨ੍ਹਾਂ ਉੱਤੋਂ ਦੀ ਕਈ-ਕਈ ਰੱਥ ਗੁਜ਼ਰਨ ਦੇ ਬਾਵਜੂਦ, ਇਕ ਵੀ ਪੱਥਰ ਆਪਣੀ ਥਾਹੋਂ ਨਹੀਂ ਹਿੱਲਿਆ ਅਤੇ ਨਾ ਹੀ ਇਨ੍ਹਾਂ ਦੀ ਸੁੰਦਰਤਾ ਘਟੀ ਹੈ।”
ਸੜਕ ਬਣਾਉਣ ਵੇਲੇ ਰਾਹ ਵਿਚ ਜਦ ਕੋਈ ਨਦੀ ਆ ਜਾਂਦੀ ਸੀ, ਤਦ ਰੋਮੀ ਇੰਜੀਨੀਅਰ ਕੀ ਕਰਦੇ ਸਨ? ਇਸ ਸਮੱਸਿਆ ਦਾ ਹੱਲ ਉਨ੍ਹਾਂ ਨੇ ਪੁਲ ਬਣਾ ਕੇ ਕੀਤਾ। ਰੋਮੀ ਨਿਰਮਾਣ ਕਲਾ ਸਦਕਾ ਇਨ੍ਹਾਂ ਵਿੱਚੋਂ ਕੁਝ ਪੁਲ ਹਾਲੇ ਵੀ ਖੜ੍ਹੇ ਹਨ। ਰੋਮੀਆਂ ਨੇ ਅਨੇਕ ਸੁਰੰਗਾਂ ਵੀ ਬਣਾਈਆਂ ਸਨ, ਪਰ ਸੁਰੰਗਾਂ ਰੋਮੀ ਸੜਕਾਂ ਜਿੰਨੀਆਂ ਮਸ਼ਹੂਰ ਨਹੀਂ ਸਨ। ਫਿਰ ਵੀ ਸੁਰੰਗਾਂ ਨੂੰ ਬਣਾਉਣ ਵੇਲੇ ਰੋਮੀਆਂ ਨੇ ਬਹੁਤ ਸਾਰੀਆਂ ਔਕੜਾਂ ਦਾ ਸਾਮ੍ਹਣਾ ਕੀਤਾ ਸੀ। ਇਕ ਕਿਤਾਬ ਦੱਸਦੀ ਹੈ: “ਰੋਮੀ ਇੰਜੀਨੀਅਰਾਂ ਨੇ ਇੰਨੀਆਂ ਵਧੀਆ ਸੁਰੰਗਾਂ ਬਣਾਈਆਂ ਸਨ ਕਿ ਸਦੀਆਂ ਤੋਂ ਕੋਈ ਹੋਰ ਉਸਾਰੀ ਇਨ੍ਹਾਂ ਦਾ ਮੁਕਾਬਲਾ ਨਾ ਕਰ ਸਕੀ।” ਇਸ ਦੀ ਇਕ ਮਿਸਾਲ ਹੈ ਫਲੇਮੀਨੀਆ ਸੜਕ ਤੇ ਬਣੇ ਫੁਰਲੋ ਬਾਈਪਾਸ ਦੀ ਸੁਰੰਗ। ਇਹ 78 ਈ. ਵਿਚ ਬਣਾਈ ਗਈ ਸੀ। ਰੋਮੀ ਇੰਜੀਨੀਅਰਾਂ ਨੇ ਬੜਾ ਸੋਚ-ਸਮਝ ਕੇ ਇਸ ਦੀ ਉਸਾਰੀ ਕੀਤੀ ਸੀ। ਇਹ ਸੁਰੰਗ 40 ਮੀਟਰ ਲੰਬੀ, 5 ਮੀਟਰ ਚੌੜੀ ਤੇ 5 ਮੀਟਰ ਉੱਚੀ ਹੈ। ਇਸ ਨੂੰ ਚਟਾਨ ਵਿੱਚੋਂ ਦੀ ਕੱਢਿਆ ਗਿਆ ਹੈ। ਇਹ ਗੱਲ ਧਿਆਨ ਵਿਚ ਰੱਖਣ ਯੋਗ ਹੈ ਕਿਉਂਕਿ ਉਸ ਜ਼ਮਾਨੇ ਵਿਚ ਜ਼ਮੀਨ ਖੋਦਣ ਵਾਲੀਆਂ ਮਸ਼ੀਨਾਂ ਨਹੀਂ ਸਨ। ਵਾਕਈ, ਸ਼ਹਿਰਾਂ ਨੂੰ ਜੋੜਨ ਲਈ ਰੋਮੀ ਸੜਕਾਂ ਦਾ ਅਜਿਹਾ ਬੇਮਿਸਾਲ ਜਾਲ ਉਸ ਸਮੇਂ ਦੀ ਨਿਰਮਾਣ ਕਲਾ ਦਾ ਸ਼ਾਨਦਾਰ ਨਮੂਨਾ ਸੀ।
ਮੁਸਾਫ਼ਰ ਤੇ ਵਿਚਾਰਾਂ ਦਾ ਫੈਲਾਅ
ਸਿਪਾਹੀ ਤੇ ਵਪਾਰੀ, ਪ੍ਰਚਾਰਕ ਤੇ ਸੈਲਾਨੀ, ਅਭਿਨੇਤਾ ਤੇ ਗਲੈਡੀਏਟਰ, ਸਾਰਿਆਂ ਨੇ ਹੀ ਇਨ੍ਹਾਂ ਸੜਕਾਂ ਤੇ ਸਫ਼ਰ ਕੀਤਾ ਸੀ। ਪੈਦਲ ਚੱਲਣ ਵਾਲੇ ਦਿਨ ਵਿਚ ਕੁਝ 25 ਤੋਂ 30 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਕਦੇ ਸਨ। ਮੀਲ ਪੱਥਰਾਂ ਤੋਂ ਮੁਸਾਫ਼ਰਾਂ ਨੂੰ ਸ਼ਹਿਰਾਂ ਦਰਮਿਆਨ ਫ਼ਾਸਲੇ ਬਾਰੇ ਪਤਾ ਲੱਗ ਜਾਂਦਾ ਸੀ। ਮੀਲ ਪੱਥਰ ਵੱਖੋ-ਵੱਖਰੇ ਆਕਾਰ ਦੇ ਹੁੰਦੇ ਸਨ, ਪਰ ਆਮ ਤੌਰ ਤੇ ਇਹ ਸਲਿੰਡਰ ਵਰਗੇ ਸਨ ਅਤੇ ਇਹ ਹਰ 1,480 ਮੀਟਰ (ਇਕ ਰੋਮੀ ਮੀਲ) ਦੇ ਫ਼ਾਸਲੇ ਤੇ ਲਗਾਏ ਜਾਂਦੇ ਸਨ। ਮੁਸਾਫ਼ਰਾਂ ਦੇ ਆਰਾਮ ਕਰਨ ਲਈ ਥਾਵਾਂ ਵੀ ਸਨ ਜਿੱਥੇ ਖਾਣ-ਪੀਣ ਵਾਸਤੇ ਕੁਝ ਖ਼ਰੀਦਿਆ
ਜਾ ਸਕਦਾ ਸੀ, ਘੋੜਿਆਂ ਨੂੰ ਬਦਲਾਇਆ ਜਾ ਸਕਦਾ ਸੀ ਅਤੇ ਕਈ ਥਾਵਾਂ ਤੇ ਰਾਤ ਵੀ ਕੱਟੀ ਜਾ ਸਕਦੀ ਸੀ। ਸਮੇਂ ਦੇ ਬੀਤਣ ਨਾਲ ਅਜਿਹੀਆਂ ਕੁਝ ਥਾਵਾਂ ਛੋਟੇ-ਛੋਟੇ ਕਸਬੇ ਬਣ ਗਏ।ਯਿਸੂ ਮਸੀਹ ਦੇ ਜਨਮ ਤੋਂ ਕੁਝ ਸਮੇਂ ਬਾਅਦ ਕੈਸਰ ਅਗਸਟਸ ਨੇ ਸੜਕਾਂ ਦੀ ਮੁਰੰਮਤ ਕਰਨ ਦਾ ਪ੍ਰੋਗ੍ਰਾਮ ਚਾਲੂ ਕੀਤਾ। ਉਸ ਨੇ ਅਧਿਕਾਰੀ ਨਿਯੁਕਤ ਕੀਤੇ ਜਿਨ੍ਹਾਂ ਨੂੰ ਇਕ ਜਾਂ ਇਕ ਤੋਂ ਜ਼ਿਆਦਾ ਸੜਕਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਸ ਨੇ ਰੋਮਨ ਫੌਰਮ (ਚੌਂਕ) ਵਿਚ ਸੁਨਹਿਰਾ ਮੀਲ ਪੱਥਰ (ਉਦੋਂ ਮਿਲੀਆਰਿਅਮ ਔਰਿਅਮ ਵਜੋਂ ਜਾਣਿਆ ਜਾਂਦਾ ਸੀ) ਬਣਵਾਇਆ ਸੀ। ਕਾਂਸੀ ਨਾਲ ਮੜੇ ਅੱਖਰਾਂ ਵਾਲਾ ਇਹ ਮੀਲ ਪੱਥਰ ਇਕ ਨਿਸ਼ਾਨੀ ਸੀ ਕਿ ਇਟਲੀ ਵਿਚ ਬਣੀਆਂ ਸਾਰੀਆਂ ਸੜਕਾਂ ਰੋਮ ਜਾ ਕੇ ਮੁੱਕਦੀਆਂ ਹਨ। ਉਨ੍ਹੀਂ ਦਿਨੀਂ ਲੋਕਾਂ ਲਈ ਸਫ਼ਰ ਕਰਨਾ ਆਸਾਨ ਸੀ ਕਿਉਂਕਿ ਅਗਸਟਸ ਨੇ ਰੋਮੀ ਸਾਮਰਾਜ ਦੀਆਂ ਸਾਰੀਆਂ ਸੜਕਾਂ ਦੇ ਨਕਸ਼ੇ ਥਾਂ-ਥਾਂ ਲਗਵਾਏ ਸਨ। ਇਸ ਦੇ ਨਾਲ-ਨਾਲ ਸੜਕਾਂ ਦੀ ਚੰਗੀ ਦੇਖ-ਭਾਲ ਤੇ ਮੁਰੰਮਤ ਕੀਤੀ ਜਾਂਦੀ ਸੀ।
ਸਫ਼ਰ ਨੂੰ ਸੌਖਿਆਂ ਬਣਾਉਣ ਲਈ ਕਈ ਮੁਸਾਫ਼ਰ ਸਫ਼ਰ ਸੰਬੰਧੀ ਗਾਈਡਬੁੱਕ ਵੀ ਇਸਤੇਮਾਲ ਕਰਿਆ ਕਰਦੇ ਸਨ। ਉਨ੍ਹਾਂ ਨੂੰ ਇਸ ਜਾਣਕਾਰੀ ਤੋਂ ਰਾਹ ਵਿਚ ਮੁਸਾਫ਼ਰਾਂ ਦੇ ਰੁਕਣ ਵਾਸਤੇ ਬਣਾਈਆਂ ਥਾਵਾਂ ਦਰਮਿਆਨ ਫ਼ਾਸਲੇ ਦਾ ਪਤਾ ਲੱਗਦਾ ਸੀ ਅਤੇ ਇਹ ਵੀ ਪਤਾ ਲੱਗਦਾ ਸੀ ਕਿ ਇਨ੍ਹਾਂ ਥਾਵਾਂ ਤੇ ਕੀ-ਕੀ ਸਹੂਲਤਾਂ ਸਨ। ਲੇਕਿਨ ਅਜਿਹੀਆਂ ਗਾਈਡਬੁੱਕਾਂ ਖ਼ਰੀਦਣੀਆਂ ਸਾਰਿਆਂ ਦੇ ਵੱਸ ਦੀ ਗੱਲ ਨਹੀਂ ਸੀ ਕਿਉਂਕਿ ਇਹ ਬਹੁਤ ਮਹਿੰਗੀਆਂ ਸਨ।
ਇਸ ਦੇ ਬਾਵਜੂਦ ਵੀ ਮਸੀਹੀ ਪ੍ਰਚਾਰਕਾਂ ਨੇ ਲੰਬੇ-ਲੰਬੇ ਸਫ਼ਰ ਤੈਅ ਕੀਤੇ। ਜਦ ਰਸੂਲ ਪੌਲੁਸ ਨੇ ਪੂਰਬ ਦਿਸ਼ਾ ਵੱਲ ਜਾਣਾ ਹੁੰਦਾ ਸੀ, ਤਾਂ ਉਹ ਆਪਣੇ ਸਮੇਂ ਦੇ ਹੋਰਨਾਂ ਲੋਕਾਂ ਵਾਂਗ ਸਮੁੰਦਰੀ ਸਫ਼ਰ ਕਰਦਾ ਸੀ ਕਿਉਂਕਿ ਹਵਾ ਉਸ ਦਿਸ਼ਾ ਵੱਲ ਨੂੰ ਵੱਗਦੀ ਸੀ। (ਰਸੂਲਾਂ ਦੇ ਕਰਤੱਬ 14:25, 26; 20:3; 21:1-3) ਗਰਮੀਆਂ ਵਿਚ ਭੂਮੱਧ ਸਾਗਰ ਵਿਚ ਪੱਛਮ ਵੱਲੋਂ ਹਵਾਵਾਂ ਵੱਗਦੀਆਂ ਹਨ। ਲੇਕਿਨ ਜਦ ਪੌਲੁਸ ਪੱਛਮ ਦਿਸ਼ਾ ਵੱਲ ਨੂੰ ਜਾਂਦਾ ਸੀ, ਤਾਂ ਉਹ ਰੋਮੀ ਸੜਕਾਂ ਤੇ ਚੱਲ ਕੇ ਜਾਂਦਾ ਸੀ। ਇਸ ਤਰ੍ਹਾਂ ਪੌਲੁਸ ਨੇ ਆਪਣਾ ਦੂਜਾ ਤੇ ਤੀਜਾ ਮਿਸ਼ਨਰੀ ਦੌਰਾ ਕੀਤਾ। (ਰਸੂਲਾਂ ਦੇ ਕਰਤੱਬ 15:36-41; 16:6-8; 17:1, 10; 18:22, 23; 19:1) * ਲਗਭਗ 59 ਈ. ਵਿਚ ਪੌਲੁਸ ਐਪੀਅਨ ਵੇ ਰਾਹੀਂ ਰੋਮ ਨੂੰ ਗਿਆ ਤੇ ਉੱਥੇ ਆ ਕੇ ਮਸੀਹੀ ਭੈਣਾਂ-ਭਰਾਵਾਂ ਨੂੰ ਆਪੀਈ ਬਾਜ਼ਾਰ ਵਿਖੇ ਮਿਲਿਆ ਜੋ ਰੋਮ ਤੋਂ 74 ਕਿਲੋਮੀਟਰ ਦੱਖਣ-ਪੂਰਬੀ ਪਾਸੇ ਸੀ। ਹੋਰ ਭੈਣ-ਭਰਾ ਤਿੰਨ ਸਰਾਵਾਂ ਨਾਂ ਦੀ ਥਾਂ ਵਿਖੇ ਉਸ ਦੀ ਉਡੀਕ ਕਰ ਰਹੇ ਸਨ ਜੋ ਰੋਮ ਤੋਂ ਨੌਂ ਕਿਲੋਮੀਟਰ ਦੂਰ ਸੀ। (ਰਸੂਲਾਂ ਦੇ ਕਰਤੱਬ 28:13-15) ਲਗਭਗ 60 ਈ. ਵਿਚ ਪੌਲੁਸ ਕਹਿ ਸਕਿਆ ਕਿ ਉਸ ਜ਼ਮਾਨੇ ਦੇ “ਸਾਰੇ ਸੰਸਾਰ ਵਿੱਚ” ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਗਿਆ ਸੀ। (ਕੁਲੁੱਸੀਆਂ 1:6, 23) ਬਿਨਾਂ ਸ਼ੱਕ, ਖ਼ੁਸ਼ ਖ਼ਬਰੀ ਨੂੰ ਦੂਰ-ਦੁਰਾਡੇ ਦੇਸ਼ਾਂ ਵਿਚ ਫੈਲਾਉਣ ਵਿਚ ਪ੍ਰਚਾਰਕਾਂ ਲਈ ਰੋਮੀ ਸੜਕਾਂ ਬਹੁਤ ਸਹਾਈ ਸਾਬਤ ਹੋਈਆਂ।
ਕਿਹਾ ਜਾ ਸਕਦਾ ਹੈ ਕਿ ਰੋਮੀ ਸੜਕਾਂ ਸੱਚ-ਮੁੱਚ ਪ੍ਰਾਚੀਨ ਇੰਜੀਨੀਅਰੀ ਦਾ ਉੱਤਮ ਨਮੂਨਾ ਹਨ। ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਫੈਲਾਉਣ ਵਿਚ ਸੜਕਾਂ ਨੇ ਖ਼ਾਸ ਭੂਮਿਕਾ ਨਿਭਾਈ ਹੈ।—ਮੱਤੀ 24:14.
[ਫੁਟਨੋਟ]
^ ਪੈਰਾ 18 ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ “ਚੰਗੀ ਧਰਤੀ ਦੇਖੋ” (ਹਿੰਦੀ) ਨਾਮਕ ਬਰੋਸ਼ਰ ਦੇ ਸਫ਼ੇ 33 ਉੱਤੇ ਨਕਸ਼ਾ ਦੇਖੋ।
[ਸਫ਼ਾ 14 ਉੱਤੇ ਤਸਵੀਰ]
ਇਕ ਰੋਮੀ ਮੀਲ ਪੱਥਰ
[ਸਫ਼ਾ 15 ਉੱਤੇ ਤਸਵੀਰ]
ਇਟਲੀ ਦੇ ਪ੍ਰਾਚੀਨ ਸ਼ਹਿਰ ਓਸਟੀਆ ਵਿਚ ਇਕ ਸੜਕ
[ਸਫ਼ਾ 15 ਉੱਤੇ ਤਸਵੀਰ]
ਆਸਟ੍ਰੀਆ ਵਿਚ ਰੱਥਾਂ ਦੇ ਪਹੀਆਂ ਦੇ ਪਏ ਨਿਸ਼ਾਨ
[ਸਫ਼ਾ 15 ਉੱਤੇ ਤਸਵੀਰ]
ਜਾਰਡਨ ਵਿਚ ਰੋਮੀ ਸੜਕ ਦੇ ਕੁਝ ਹਿੱਸੇ ਤੇ ਲੱਗੇ ਮੀਲ ਪੱਥਰ
[ਸਫ਼ਾ 15 ਉੱਤੇ ਤਸਵੀਰ]
ਰੋਮ ਦੀ ਸਰਹੱਦ ਦੇ ਨੇੜੇ ਐਪੀਆ ਨਾਂ ਦੀ ਸੜਕ
[ਸਫ਼ਾ 16 ਉੱਤੇ ਤਸਵੀਰ]
ਰੋਮ ਦੇ ਬਾਹਰ ਐਪੀਆ ਸੜਕ ਨਾਲ ਲੱਗਦੀਆਂ ਕਬਰਾਂ ਦੇ ਖੰਡਰ
[ਸਫ਼ਾ 16 ਉੱਤੇ ਤਸਵੀਰ]
ਮਾਰਸ਼ੇ ਇਲਾਕੇ ਵਿਚ ਫਲੇਮੀਨੀਆ ਸੜਕ ਉੱਤੇ ਫੁਰਲੋ ਸੁਰੰਗ
[ਸਫ਼ੇ 16, 17 ਉੱਤੇ ਤਸਵੀਰ]
ਇਟਲੀ ਦੇ ਰਿਮਨੀ ਸ਼ਹਿਰ ਵਿਚ ਏਮੀਲਿਆ ਸੜਕ ਤੇ ਬਣਿਆ ਟਾਈਬੀਰੀਅਸ ਦਾ ਪੁਲ
[ਸਫ਼ਾ 17 ਉੱਤੇ ਤਸਵੀਰ]
ਪੌਲੁਸ ਭੀੜ-ਭੜੱਕੇ ਵਾਲੇ ਆਪੀਈ ਬਾਜ਼ਾਰ ਵਿਚ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਮਿਲਿਆ
[ਸਫ਼ਾ 15 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Far left, Ostia: ©danilo donadoni/Marka/age fotostock; far right, road with mileposts: Pictorial Archive (Near Eastern History) Est.