Skip to content

Skip to table of contents

ਉਪਦੇਸ਼ਕ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

ਉਪਦੇਸ਼ਕ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

ਯਹੋਵਾਹ ਦਾ ਬਚਨ ਜੀਉਂਦਾ ਹੈ

ਉਪਦੇਸ਼ਕ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

ਅੱਯੂਬ ਨੇ ਕਿਹਾ: “ਆਦਮੀ ਜੋ ਤੀਵੀਂ ਤੋਂ ਜੰਮਦਾ ਹੈ ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ।” (ਅੱਯੂਬ 14:1) ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੀ ਛੋਟੀ ਜਿਹੀ ਜ਼ਿੰਦਗੀ ਨੂੰ ਫ਼ਜ਼ੂਲ ਕੰਮਾਂ ਵਿਚ ਜ਼ਾਇਆ ਨਾ ਕਰੀਏ! ਤਾਂ ਫਿਰ, ਸਾਨੂੰ ਕਿਨ੍ਹਾਂ ਕੰਮਾਂ ਵਿਚ ਲੱਗੇ ਰਹਿਣਾ ਚਾਹੀਦਾ ਹੈ ਅਤੇ ਕਿਨ੍ਹਾਂ ਵਿਚ ਨਹੀਂ? ਬਾਈਬਲ ਦੀ ਉਪਦੇਸ਼ਕ ਦੀ ਪੋਥੀ ਦੀ ਸਲਾਹ ਸਾਨੂੰ ਇਸ ਮਾਮਲੇ ਵਿਚ ਸੇਧ ਦਿੰਦੀ ਹੈ। ਇਹ ਸਲਾਹ “ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ” ਲੈਂਦੀ ਹੈ ਅਤੇ ਸਾਡੀ ਜ਼ਿੰਦਗੀ ਨੂੰ ਇਕ ਮਕਸਦ ਦਿੰਦੀ ਹੈ।​—ਇਬਰਾਨੀਆਂ 4:12.

ਪ੍ਰਾਚੀਨ ਇਸਰਾਏਲ ਦੇ ਬੁੱਧੀਮਾਨ ਬਾਦਸ਼ਾਹ ਸੁਲੇਮਾਨ ਨੇ ਉਪਦੇਸ਼ਕ ਦੀ ਪੋਥੀ ਲਿਖੀ ਸੀ। ਸੁਲੇਮਾਨ ਇਸ ਪੋਥੀ ਵਿਚ ਚੰਗੀ ਨਸੀਹਤ ਦਿੰਦਾ ਹੈ ਕਿ ਜ਼ਿੰਦਗੀ ਵਿਚ ਕਿਹੜੀਆਂ ਚੀਜ਼ਾਂ ਮਾਅਨੇ ਰੱਖਦੀਆਂ ਹਨ ਅਤੇ ਕਿਹੜੀ ਚੀਜ਼ਾਂ ਵਿਅਰਥ ਹਨ। ਸੁਲੇਮਾਨ ਨੇ ਇਸ ਪੋਥੀ ਵਿਚ ਕੁਝ ਉਸਾਰੀ ਪ੍ਰਾਜੈਕਟਾਂ ਦਾ ਵੀ ਜ਼ਿਕਰ ਕੀਤਾ ਸੀ। ਇਸ ਲਈ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਉਸ ਨੇ ਇਹ ਪੋਥੀ ਇਨ੍ਹਾਂ ਪ੍ਰਾਜੈਕਟਾਂ ਦੇ ਪੂਰੇ ਹੋਣ ਤੋਂ ਬਾਅਦ ਪਰ ਉਸ ਵੱਲੋਂ ਯਹੋਵਾਹ ਦੀ ਭਗਤੀ ਤੋਂ ਮੂੰਹ ਮੋੜਨ ਤੋਂ ਪਹਿਲਾਂ ਲਿਖੀ ਸੀ। (ਨਹਮਯਾਹ 13:26) ਇਸ ਦਾ ਮਤਲਬ ਹੈ ਕਿ ਸੁਲੇਮਾਨ ਨੇ ਇਹ ਪੋਥੀ 40 ਵਰ੍ਹਿਆਂ ਦੀ ਆਪਣੀ ਬਾਦਸ਼ਾਹੀ ਦੇ ਅੰਤ ਵਿਚ ਯਾਨੀ 1000 ਈ. ਪੂ ਤੋਂ ਪਹਿਲਾਂ ਲਿਖੀ ਸੀ।

ਕੀ ਸਭ ਕੁਝ ਵਿਅਰਥ ਹੈ?

(ਉਪਦੇਸ਼ਕ ਦੀ ਪੋਥੀ 1:1–6:12)

ਉਪਦੇਸ਼ਕ ਕਹਿੰਦਾ ਹੈ: “ਸਭ ਕੁਝ ਵਿਅਰਥ ਹੈ!” ਅਤੇ ਅੱਗੇ ਪੁੱਛਦਾ ਹੈ: “ਆਦਮੀ ਨੂੰ ਉਸ ਸਾਰੇ ਧੰਦੇ ਤੋਂ, ਜੋ ਉਹ ਸੂਰਜ ਦੇ ਹੇਠ ਕਰਦਾ ਹੈ, ਕੀ ਲਾਭ ਹੁੰਦਾ ਹੈ?” (ਉਪਦੇਸ਼ਕ ਦੀ ਪੋਥੀ 1:2, 3) ਉਪਦੇਸ਼ਕ ਦੀ ਪੋਥੀ ਵਿਚ ਸ਼ਬਦ “ਵਿਅਰਥ” ਤੇ “ਸੂਰਜ ਦੇ ਹੇਠ” ਵਾਰ-ਵਾਰ ਆਉਂਦੇ ਹਨ। ਇੱਥੇ “ਵਿਅਰਥ” ਲਈ ਵਰਤੇ ਗਏ ਇਬਰਾਨੀ ਸ਼ਬਦ ਦਾ ਮਤਲਬ ਹੈ “ਸਾਹ” ਜਾਂ “ਭਾਫ਼” ਜੋ ਕੁਝ ਪਲਾਂ ਲਈ ਰਹਿੰਦੀ ਹੈ ਤੇ ਫਿਰ ਗਾਇਬ ਹੋ ਜਾਂਦੀ ਹੈ। “ਸੂਰਜ ਦੇ ਹੇਠ” ਦਾ ਮਤਲਬ ਹੈ “ਇਸ ਧਰਤੀ ਉੱਪਰ” ਜਾਂ “ਇਸ ਦੁਨੀਆਂ ਵਿਚ।” ਕਹਿਣ ਦਾ ਭਾਵ ਹੈ ਕਿ ਉਹ ਸਭ ਕੰਮ ਵਿਅਰਥ ਹਨ ਜੋ ਪਰਮੇਸ਼ੁਰ ਦੀ ਮਰਜ਼ੀ ਦੇ ਉਲਟ ਹਨ।

ਸੁਲੇਮਾਨ ਕਹਿੰਦਾ ਹੈ: “ਜਿਸ ਵੇਲੇ ਤੂੰ ਪਰਮੇਸ਼ੁਰ ਦੇ ਘਰ ਵਿੱਚ ਜਾਵੇਂ ਤਾਂ ਪੈਰ ਚੌਕਸੀ ਨਾਲ ਧਰ” ਅਤੇ “ਸੁਣਨ ਲਈ ਨੇੜੇ ਆਉਣਾ ਚੰਗਾ ਹੈ।” (ਉਪਦੇਸ਼ਕ ਦੀ ਪੋਥੀ 5:1) ਯਹੋਵਾਹ ਦੀ ਭਗਤੀ ਕਰਨੀ ਵਿਅਰਥ ਨਹੀਂ ਹੈ। ਦਰਅਸਲ, ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਨਾਲ ਅਸੀਂ ਮਕਸਦ ਭਰੀ ਜ਼ਿੰਦਗੀ ਜੀ ਸਕਦੇ ਹਾਂ।

ਕੁਝ ਸਵਾਲਾਂ ਦੇ ਜਵਾਬ:

1:4-10—ਕੁਦਰਤੀ ਚੱਕਰ ਸਾਨੂੰ ਕਿਵੇਂ ‘ਥਕਾਉਂਦੇ’ ਹਨ? ਉਪਦੇਸ਼ਕ ਸਿਰਫ਼ ਸੂਰਜ, ਹਵਾ ਤੇ ਪਾਣੀ ਦੇ ਕੁਦਰਤੀ ਚੱਕਰਾਂ ਦਾ ਜ਼ਿਕਰ ਕਰਦਾ ਹੈ ਜਿਨ੍ਹਾਂ ਕਾਰਨ ਇਨਸਾਨ ਤੇ ਹੋਰ ਜੀਵ ਧਰਤੀ ਉੱਪਰ ਜੀ ਸਕਦੇ ਹਨ। ਲੇਕਿਨ ਹੋਰ ਵੀ ਕਈ ਕੁਦਰਤੀ ਚੱਕਰ ਹਨ ਜੋ ਕਾਫ਼ੀ ਗੁੰਝਲਦਾਰ ਹਨ। ਇਨ੍ਹਾਂ ਚੱਕਰਾਂ ਬਾਰੇ ਡੂੰਘਾਈ ਨਾਲ ਜਾਣਨ ਵਿਚ ਜ਼ਿੰਦਗੀ ਨਿਕਲ ਸਕਦੀ ਹੈ, ਪਰ ਫਿਰ ਵੀ ਇਨਸਾਨ ਇਨ੍ਹਾਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕਦੇ ਤੇ ਇਸ ਗੱਲੋਂ ਅੱਕ ਜਾਂਦੇ ਹਨ। ਨਾਲੇ ਇਨਸਾਨ ਦੀ ਜ਼ਿੰਦਗੀ ਕੁਦਰਤੀ ਚੱਕਰਾਂ ਦੀ ਤੁਲਨਾ ਵਿਚ ਬਹੁਤ ਛੋਟੀ ਹੈ ਕਿਉਂਕਿ ਕੁਦਰਤੀ ਚੱਕਰ ਤਾਂ ਹਮੇਸ਼ਾ ਚੱਲਦੇ ਰਹਿੰਦੇ ਹਨ। ਇਸ ਤੋਂ ਇਲਾਵਾ, ਨਵੀਆਂ ਕਾਢਾਂ ਕੱਢਦੇ-ਕੱਢਦੇ ਵੀ ਇਨਸਾਨ ‘ਥੱਕ’ ਜਾਂਦੇ ਹਨ। ਦਰਅਸਲ, ਇਹ ਕਾਢਾਂ ਨਵੀਆਂ ਨਹੀਂ ਬਲਕਿ ਉਨ੍ਹਾਂ ਨਿਯਮਾਂ ਤੇ ਆਧਾਰਿਤ ਹਨ ਜਿਨ੍ਹਾਂ ਨੂੰ ਸਿਰਜਣਹਾਰ ਨੇ ਸ੍ਰਿਸ਼ਟੀ ਵਿਚ ਪਹਿਲਾਂ ਹੀ ਲਾਗੂ ਕੀਤਾ ਹੈ।

2:1, 2—ਹਾਸੇ ਨੂੰ “ਕਮਲੀ” ਕਿਉਂ ਕਿਹਾ ਗਿਆ ਹੈ? ਹਾਸੇ-ਮਜ਼ਾਕ ਕਰਕੇ ਸ਼ਾਇਦ ਅਸੀਂ ਥੋੜ੍ਹੇ ਚਿਰ ਲਈ ਆਪਣੇ ਦੁੱਖ ਭੁਲਾ ਸਕਦੇ ਹਾਂ ਅਤੇ ਮੌਜ-ਮਸਤੀ ਸਾਡੀ ਚਿੰਤਾ ਨੂੰ ਦੂਰ ਕਰ ਸਕਦੀ ਹੈ। ਲੇਕਿਨ ਹਾਸਾ ਮੁਸ਼ਕਲਾਂ ਨੂੰ ਹੱਲ ਨਹੀਂ ਕਰਦਾ। ਹਾਸੇ ਨੂੰ ਇਸ ਲਈ “ਕਮਲੀ” ਕਿਹਾ ਗਿਆ ਹੈ ਕਿਉਂਕਿ ਇਸ ਦੁਆਰਾ ਸੱਚੀ ਖ਼ੁਸ਼ੀ ਨਹੀਂ ਪਾਈ ਜਾ ਸਕਦੀ।

3:11—ਯਹੋਵਾਹ ਨੇ ਕੀ ਕੁਝ “ਆਪੋ ਆਪਣੇ ਸਮੇਂ ਵਿੱਚ ਸੁੰਦਰ” ਬਣਾਇਆ ਹੈ? ਯਹੋਵਾਹ ਨੇ ਕਈ ਚੀਜ਼ਾਂ ਆਪੋ ਆਪਣੇ ਸਮੇਂ ਵਿਚ “ਸੁੰਦਰ” ਬਣਾਈਆਂ ਹਨ। ਉਨ੍ਹਾਂ ਵਿੱਚੋਂ ਕੁਝ ਹਨ ਆਦਮ ਤੇ ਹੱਵਾਹ ਦੀ ਸ੍ਰਿਸ਼ਟੀ, ਸਤਰੰਗੀ ਪੀਂਘ ਦਾ ਨੇਮ, ਅਬਰਾਹਾਮ ਨਾਲ ਨੇਮ, ਦਾਊਦ ਨਾਲ ਨੇਮ, ਮਸੀਹ ਦਾ ਆਉਣਾ ਅਤੇ ਉਸ ਦਾ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਨਾ। ਅਸੀਂ ਪੱਕੀ ਉਮੀਦ ਰੱਖ ਸਕਦੇ ਹਾਂ ਕਿ ਬਹੁਤ ਜਲਦ ਯਹੋਵਾਹ ਕੁਝ ਹੋਰ ਵੀ “ਸੁੰਦਰ” ਬਣਾਵੇਗਾ। ਇਕ ਨਵਾਂ ਸੰਸਾਰ ਜੋ ਨਿਯਤ ਸਮੇਂ ਤੇ ਹਕੀਕਤ ਬਣ ਜਾਵੇਗਾ।—2 ਪਤਰਸ 3:13.

5:9—“ਧਰਤੀ ਦਾ ਲਾਭ ਸਾਰਿਆਂ ਵਿੱਚ” ਕਿਵੇਂ ਹੈ? (ਫੁਟਨੋਟ ਦੇਖੋ।) ਧਰਤੀ ਦੇ ਸਾਰੇ ਵਾਸੀ “ਧਰਤੀ ਦਾ ਲਾਭ” ਯਾਨੀ ਉਸ ਦੀ ਪੈਦਾਵਾਰ ਤੇ ਨਿਰਭਰ ਹਨ। ਵਾਸੀਆਂ ਵਿਚ ਰਾਜੇ-ਮਹਾਰਾਜੇ ਵੀ ਗਿਣੇ ਜਾਂਦੇ ਹਨ ਕਿਉਂਕਿ ਪੈਦਾਵਾਰ ਲੈਣ ਲਈ ਉਨ੍ਹਾਂ ਦੇ ਖੇਤਾਂ ਨੂੰ ਵੀ ਉਨ੍ਹਾਂ ਦੇ ਮਜ਼ਦੂਰਾਂ ਦੁਆਰਾ ਵਾਹੁਣ ਦੀ ਲੋੜ ਹੁੰਦੀ ਹੈ।

ਸਾਡੇ ਲਈ ਸਬਕ:

1:15. ਦੁਨੀਆਂ ਵਿਚ ਹੋ ਰਹੇ ਜ਼ੁਲਮ ਤੇ ਬੇਇਨਸਾਫ਼ੀ ਨੂੰ ਖ਼ਤਮ ਕਰਨ ਵਿਚ ਆਪਣੀ ਤਾਕਤ ਤੇ ਸਮਾਂ ਲਾਉਣਾ ਵਿਅਰਥ ਹੋਵੇਗਾ। ਪਰਮੇਸ਼ੁਰ ਦਾ ਰਾਜ ਹੀ ਸਾਰੀ ਬੁਰਾਈ ਨੂੰ ਖ਼ਤਮ ਕਰੇਗਾ।—ਦਾਨੀਏਲ 2:44.

2:4-11. ਇਮਾਰਤਾਂ ਖੜ੍ਹੀਆਂ ਕਰਨੀਆਂ, ਬਾਗ਼ਬਾਨੀ ਕਰਨੀ, ਗੀਤ-ਸੰਗੀਤ ਵਿਚ ਰੁੱਝੇ ਰਹਿਣਾ ਜਾਂ ਐਸ਼ੋ-ਆਰਾਮ ਦੀ ਜ਼ਿੰਦਗੀ ਜੀਣੀ, ਇਹ ਸਭ ਕੁਝ “ਹਵਾ ਦਾ ਫੱਕਣਾ” ਯਾਨੀ ਵਿਅਰਥ ਹੈ। ਇਹ ਕੰਮ ਸਾਡੀ ਜ਼ਿੰਦਗੀ ਦਾ ਮਕਸਦ ਨਹੀਂ ਹਨ, ਨਾਲੇ ਇਨ੍ਹਾਂ ਕੰਮਾਂ ਤੋਂ ਸੱਚੀ ਖ਼ੁਸ਼ੀ ਨਹੀਂ ਮਿਲਦੀ।

2:12-16. ਬੁੱਧ ਮੂਰਖਤਾਈ ਨਾਲੋਂ ਇਸ ਗੱਲੋਂ ਉੱਤਮ ਹੈ ਕਿ ਇਹ ਕੁਝ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਮਦਦ ਕਰ ਸਕਦੀ ਹੈ। ਲੇਕਿਨ ਇਨਸਾਨੀ ਬੁੱਧ ਨੂੰ ਮੌਤ ਅੱਗੇ ਝੁਕਣਾ ਪੈਂਦਾ ਹੈ। ਜੇ ਕੋਈ ਆਪਣੀ ਸਿਆਣਪ ਕਰਕੇ ਦੁਨੀਆਂ ਵਿਚ ਸ਼ੌਹਰਤ ਹਾਸਲ ਕਰ ਵੀ ਲਵੇ, ਲੋਕ ਉਸ ਨੂੰ ਉਸ ਦੇ ਮਰਨ ਤੋਂ ਬਾਅਦ ਜਲਦੀ ਹੀ ਭੁਲਾ ਦਿੰਦੇ ਹਨ।

2:24; 3:12, 13, 22. ਆਪਣੀ ਮਿਹਨਤ ਦਾ ਫਲ ਮਿਲਣ ਤੇ ਖ਼ੁਸ਼ ਹੋਣਾ ਗ਼ਲਤ ਨਹੀਂ ਹੈ।

2:26. ਜਿਸ ਇਨਸਾਨ ਕੋਲ ਪਰਮੇਸ਼ੁਰੀ ਬੁੱਧ ਹੈ, ਉਹ ਖ਼ੁਸ਼ ਰਹਿੰਦਾ ਹੈ। ਪਰਮੇਸ਼ੁਰ “ਉਸ ਆਦਮੀ ਨੂੰ ਜੋ ਉਸ ਦੀ ਦ੍ਰਿਸ਼ਟੀ ਵਿੱਚ ਭਲਾ ਹੈ” ਅਜਿਹੀ ਬੁੱਧ ਦਿੰਦਾ ਹੈ। ਇਸ ਨੂੰ ਹਾਸਲ ਕਰਨ ਲਈ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਹੋਣਾ ਲਾਜ਼ਮੀ ਹੈ।

3:16, 17. ਹਰੇਕ ਮਾਮਲੇ ਵਿਚ ਇਨਸਾਫ਼ ਦੀ ਉਮੀਦ ਰੱਖਣੀ ਸਮਝਦਾਰੀ ਨਹੀਂ ਹੈ। ਸਾਨੂੰ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਬਾਰੇ ਫ਼ਿਕਰਮੰਦ ਹੋਣ ਦੀ ਬਜਾਇ ਯਹੋਵਾਹ ਦੀ ਉਡੀਕ ਕਰਨੀ ਚਾਹੀਦੀ ਹੈ ਜੋ ਸਾਰਿਆਂ ਨਾਲ ਸੱਚਾ ਇਨਸਾਫ਼ ਕਰੇਗਾ।

4:4. ਮਿਹਨਤ ਕਰਨ ਨਾਲ ਖ਼ੁਸ਼ੀ ਮਿਲਦੀ ਹੈ। ਲੇਕਿਨ ਜੇ ਅਸੀਂ ਦੂਸਰਿਆਂ ਨੂੰ ਨੀਵਾਂ ਦਿਖਾਉਣ ਲਈ ਮਿਹਨਤ ਕਰਦੇ ਹਾਂ, ਤਾਂ ਅਸੀਂ ਮੁਕਾਬਲੇਬਾਜ਼ੀ ਨੂੰ ਹੱਲਾਸ਼ੇਰੀ ਦਿੰਦੇ ਹਾਂ ਤੇ ਦੂਸਰਿਆਂ ਦੇ ਮਨਾਂ ਵਿਚ ਨਫ਼ਰਤ ਤੇ ਈਰਖਾ ਪੈਦਾ ਕਰਦੇ ਹਾਂ। ਪ੍ਰਚਾਰ ਦੇ ਕੰਮ ਵਿਚ ਮਿਹਨਤ ਕਰਨ ਦੇ ਸਹੀ ਇਰਾਦੇ ਹੋਣੇ ਜ਼ਰੂਰੀ ਹਨ।

4:7-12. ਧਨ-ਦੌਲਤ ਦਾ ਪਿੱਛਾ ਕਰਨ ਨਾਲੋਂ ਰਿਸ਼ਤੇ-ਨਾਤੇ ਬਰਕਰਾਰ ਰੱਖਣੇ ਜ਼ਿਆਦਾ ਜ਼ਰੂਰੀ ਹਨ। ਧਨ-ਦੌਲਤ ਲਈ ਰਿਸ਼ਤਿਆਂ ਨੂੰ ਕੁਰਬਾਨ ਨਹੀਂ ਕਰਨਾ ਚਾਹੀਦਾ।

4:13. ਉੱਚੇ ਅਹੁਦੇ ਜਾਂ ਵੱਡੀ ਉਮਰ ਵਾਲੇ ਬਹੁਤ ਸਾਰੇ ਇਨਸਾਨ ਹਮੇਸ਼ਾ ਇੱਜ਼ਤ-ਮਾਣ ਪਾਉਣ ਦੇ ਯੋਗ ਨਹੀਂ ਹੁੰਦੇ। ਇਸ ਲਈ ਜ਼ਰੂਰੀ ਹੈ ਕਿ ਜ਼ਿੰਮੇਵਾਰੀ ਸੰਭਾਲ ਰਹੇ ਵਿਅਕਤੀ ਸੋਚ-ਸਮਝ ਕੇ ਚੱਲਣ।

4:15, 16. ‘ਦੂਜਾ ਜੁਆਨ’ ਯਾਨੀ ਪਾਤਸ਼ਾਹ ਦਾ ਵਾਰਸ ਸ਼ਾਇਦ ਪਹਿਲਾਂ-ਪਹਿਲ “ਸਭਨਾਂ ਲੋਕਾਂ” ਦਾ ਹਰਮਨ-ਪਿਆਰਾ ਹੋਵੇ, ਪਰ ਸਮੇਂ ਦੇ ਬੀਤਣ ਨਾਲ ਪਰਜਾ ਉਸ ਤੋਂ ਖ਼ੁਸ਼ ਨਾ ਹੋਵੇਗੀ। ਤਾਂ ਫਿਰ ਅਸੀਂ ਦੇਖ ਸਕਦੇ ਹਾਂ ਕਿ ਮਸ਼ਹੂਰੀ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਵਿਅਰਥ ਹਨ।

5:2. ਸਾਡੀਆਂ ਪ੍ਰਾਰਥਨਾਵਾਂ ਲੰਬੀਆਂ ਜਾਂ ਰਟੀਆਂ-ਰਟਾਈਆਂ ਨਹੀਂ ਹੋਣੀਆਂ ਚਾਹੀਦੀਆਂ ਬਲਕਿ ਸੋਚ-ਸਮਝ ਕੇ ਦਿਲੋਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

5:3-7. ਧਨ-ਦੌਲਤ ਬਾਰੇ ਸੋਚਦੇ ਰਹਿਣ ਨਾਲ ਅਸੀਂ ਸੁਪਨਿਆਂ ਦੀ ਦੁਨੀਆਂ ਵਿਚ ਗੁਆਚ ਜਾਂਦੇ ਹਾਂ ਅਤੇ ਅਸੀਂ ਸਿਰਫ਼ ਆਪਣੇ ਸੁਆਰਥ ਬਾਰੇ ਹੀ ਸੋਚਦੇ ਹਾਂ। ਇੱਦਾਂ ਅਸੀਂ  ਆਪਣਾ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਗੁਆ ਬੈਠਦੇ ਹਾਂ। ਬਹੁਤੀਆਂ ਗੱਲਾਂ ਕਰਨ ਵਾਲੇ ਨੂੰ ਲੋਕ ਮੂਰਖ ਸਮਝ ਸਕਦੇ ਹਨ। ਅਜਿਹਾ ਇਨਸਾਨ ਪਰਮੇਸ਼ੁਰ ਅੱਗੇ ਬਿਨਾਂ ਸੋਚੇ-ਸਮਝੇ ਵਾਅਦੇ ਕਰਦਾ ਹੈ। ਪਰਮੇਸ਼ੁਰ ਦੇ “ਡਰ” ਕਾਰਨ ਅਸੀਂ ਇਨ੍ਹਾਂ ਕੰਮਾਂ ਤੋਂ ਬਚੇ ਰਹਾਂਗੇ।

6:1-9. ਧਨ-ਦੌਲਤ, ਸ਼ਾਨ, ਲੰਬੀ ਜ਼ਿੰਦਗੀ ਜਾਂ ਵੱਡੇ ਪਰਿਵਾਰ ਦਾ ਕੀ ਫ਼ਾਇਦਾ ਜੇ ਸਾਡੇ ਹਾਲਾਤ ਅਜਿਹੇ ਹੋਣ ਕਿ ਅਸੀਂ ਇਨ੍ਹਾਂ ਚੀਜ਼ਾਂ ਦਾ ਆਨੰਦ ਹੀ ਨਾ ਮਾਣ ਸਕੀਏ? “ਅੱਖੀਂ ਵੇਖ ਲੈਣਾ ਤਰਿਸ਼ਨਾ ਦੇ ਭਟਕਣ ਨਾਲੋਂ ਚੰਗਾ ਹੈ,” ਮਤਲਬ ਕਿ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਰੁੱਝੇ ਰਹਿਣ ਨਾਲੋਂ ਬਿਹਤਰ ਹੈ ਕਿ ਅਸੀਂ ਇਸ ਹਕੀਕਤ ਦਾ ਸਾਮ੍ਹਣਾ ਕਰੀਏ ਕਿ ਆਪਣੀ ਹਰ ਇੱਛਾ ਪੂਰੀ ਕਰਨੀ ਨਾਮੁਮਕਿਨ ਹੈ। ਜ਼ਿੰਦਗੀ ਵਿਚ ਸੰਤੁਸ਼ਟੀ ਧਨ-ਦੌਲਤ ਤੋਂ ਨਹੀਂ, ਸਗੋਂ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿਣ ਅਤੇ ਉਸ ਨਾਲ ਚੰਗਾ ਰਿਸ਼ਤਾ ਰੱਖਣ ਨਾਲ ਮਿਲਦੀ ਹੈ​—1 ਤਿਮੋਥਿਉਸ 6:8.

ਬੁੱਧਵਾਨ ਨੂੰ ਸਲਾਹ

(ਉਪਦੇਸ਼ਕ ਦੀ ਪੋਥੀ 7:1–12:8)

ਅਸੀਂ ਆਪਣੇ ਨਾਮ ਨੂੰ ਬਦਨਾਮ ਹੋਣ ਤੋਂ ਕਿਵੇਂ ਬਚਾ ਸਕਦੇ ਹਾਂ? ਮਨੁੱਖੀ ਹਾਕਮਾਂ ਪ੍ਰਤੀ ਅਤੇ ਸੰਸਾਰ ਵਿਚ ਹੋ ਰਹੀ ਬੇਇਨਸਾਫ਼ੀ ਪ੍ਰਤੀ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ? ਸਾਨੂੰ ਪਤਾ ਹੈ ਕਿ ਮਰ ਕੇ ਅਸੀਂ ਕੁਝ ਨਹੀਂ ਕਰ ਸਕਦੇ, ਤਾਂ ਫਿਰ ਸਾਨੂੰ ਆਪਣੀ ਜ਼ਿੰਦਗੀ ਕਿਵੇਂ ਜੀਣੀ ਚਾਹੀਦੀ ਹੈ? ਨੌਜਵਾਨ ਆਪਣੀ ਤਾਕਤ ਤੇ ਸਮਾਂ ਕਿਹੜੇ ਚੰਗੇ ਕੰਮਾਂ ਵਿਚ ਲਾ ਸਕਦੇ ਹਨ? ਇਨ੍ਹਾਂ ਮਾਮਲਿਆਂ ਸੰਬੰਧੀ ਉਪਦੇਸ਼ਕ ਦੀ ਪੋਥੀ ਦੇ 7 ਤੋਂ 12 ਅਧਿਆਵਾਂ ਵਿਚ ਸਲਾਹ ਦਿੱਤੀ ਗਈ ਹੈ।

ਕੁਝ ਸਵਾਲਾਂ ਦੇ ਜਵਾਬ:

7:19—ਸਿਆਣਪ “ਦਸਾਂ ਹਾਕਮਾਂ ਨਾਲੋਂ” ਕਿਵੇਂ ਤਕੜੀ ਹੈ? ਬਾਈਬਲ ਵਿਚ ਨੰਬਰ ਦਸ ਸੰਪੂਰਣਤਾ ਨੂੰ ਦਰਸਾਉਂਦਾ ਹੈ। ਸੁਲੇਮਾਨ ਦਾ ਕਹਿਣਾ ਹੈ ਕਿ ਸਿਆਣਪ ਤੋਂ ਕੰਮ ਲੈਣ ਵਾਲਾ ਇੱਕੋ ਬੰਦਾ ਸ਼ਹਿਰ ਦੀ ਰਖਵਾਲੀ ਕਰਨ ਵਾਲੀ ਪੂਰੀ ਫ਼ੌਜ ਨਾਲੋਂ ਬਿਹਤਰ ਸਾਬਤ ਹੁੰਦਾ ਹੈ।

10:2—ਕਿਸੇ ਦਾ “ਦਿਲ ਉਹ ਦੇ ਸੱਜੇ ਹੱਥ” ਜਾਂ “ਖੱਬੇ ਹੱਥ” ਹੋਣ ਦਾ ਕੀ ਮਤਲਬ ਹੈ? ਕਿਸੇ ਦੇ ਸੱਜੇ ਹੱਥ ਬੈਠਣਾ ਮਾਣ ਦੀ ਗੱਲ ਮੰਨੀ ਜਾਂਦੀ ਸੀ। ਤਾਂ ਫਿਰ ਕਿਸੇ ਵਿਅਕਤੀ ਦਾ ਦਿਲ ਸੱਜੇ ਹੱਥ ਹੋਣ ਦਾ ਮਤਲਬ ਹੈ ਕਿ ਉਸ ਦਾ ਦਿਲ ਉਸ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਦਾ ਹੈ। ਲੇਕਿਨ ਜੇਕਰ ਉਸ ਦਾ ਦਿਲ ਉਸ ਨੂੰ ਗ਼ਲਤ ਕੰਮ ਕਰਨ ਲਈ ਪ੍ਰੇਰਦਾ ਹੈ, ਤਾਂ ਕਿਹਾ ਜਾਂਦਾ ਹੈ ਕਿ ਉਸ ਦਾ ਦਿਲ ਖੱਬੇ ਹੱਥ ਹੈ।

10:15—“ਮੂਰਖ ਦੀ ਮਿਹਨਤ” ਉਸ ਨੂੰ ਕਿਵੇਂ ਥਕਾਉਂਦੀ ਹੈ? ਜਦ ਕੋਈ ਬਿਨਾਂ ਸੋਚੇ-ਸਮਝੇ ਕੰਮ ਕਰਦਾ ਹੈ, ਤਾਂ ਉਸ ਦੀ ਸਖ਼ਤ ਮਿਹਨਤ ਵੀ ਰੰਗ ਨਹੀਂ ਲਿਆਉਂਦੀ। ਉਸ ਨੂੰ ਆਪਣੇ ਕੰਮ ਤੋਂ ਜ਼ਰਾ ਵੀ ਖ਼ੁਸ਼ੀ ਨਹੀਂ ਮਿਲਦੀ। ਉਸ ਦੀਆਂ ਅਣਥੱਕ ਕੋਸ਼ਿਸ਼ਾਂ ਉਸ ਨੂੰ ਥਕਾ ਦੇਣਗੀਆਂ।

11:7, 8—ਇਸ ਹਵਾਲੇ ਦਾ ਕੀ ਮਤਲਬ ਹੈ: “ਚਾਨਣ ਤਾਂ ਮਿੱਠਾ ਹੈ, ਅਤੇ ਸੂਰਜ ਦਾ ਵੇਖਣਾ ਅੱਖੀਆਂ ਨੂੰ ਚੰਗਾ ਲੱਗਦਾ ਹੈ”? ਸਿਰਫ਼ ਜੀਉਂਦੇ ਲੋਕ ਹੀ ਸੂਰਜ ਤੇ ਰੌਸ਼ਨੀ ਦਾ ਆਨੰਦ ਮਾਣ ਸਕਦੇ ਹਨ। ਸੁਲੇਮਾਨ ਇੱਥੇ ਕਹਿ ਰਿਹਾ ਹੈ ਕਿ ਜ਼ਿੰਦਾ ਹੋਣਾ ਚੰਗਾ ਹੈ ਅਤੇ ਸਾਨੂੰ ਆਪਣੀ ਜਵਾਨੀ ਦਾ “ਅਨੰਦ” ਮਾਣਨਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿ ਬੁਢਾਪਾ ਤੇ ਬੀਮਾਰੀ ਸਾਨੂੰ ਆ ਘੇਰ ਲੈਣ।

11:10—“ਬਾਲਕਪੁਣਾ ਅਤੇ ਜੁਆਨੀ ਦੋਵੇਂ” ਕਿਵੇਂ ਵਿਅਰਥ ਹਨ? ਜੇ ਅਸੀਂ ਆਪਣੀ ਜਵਾਨੀ ਨੂੰ ਯਹੋਵਾਹ ਦੇ ਕੰਮਾਂ ਵਿਚ ਨਾ ਲਾਈਏ, ਤਾਂ ਇਹ ਵਿਅਰਥ ਹੈ। ਇਹ ਭਾਫ਼ ਵਾਂਗ ਉੱਡ ਜਾਵੇਗੀ।

ਸਾਡੇ ਲਈ ਸਬਕ:

7:6. ਬੇਮੌਕੇ ਦਾ ਹਾਸਾ ਇੰਜ ਹੁੰਦਾ ਜਿਵੇਂ ਕੜਾਹੀ ਦੇ ਹੇਠ ਚੁੱਲ੍ਹੇ ਵਿਚ ਬਲਦੇ ਕੰਡਿਆਂ ਦਾ ਪਟਾਕਾ ਪੈਂਦਾ ਹੈ। ਬੇਮੌਕੇ ਦਾ ਹਾਸਾ ਦੂਸਰਿਆਂ ਨੂੰ ਖਿਝਾਉਂਦਾ ਹੈ। ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਅਸੀਂ ਇਸ ਤਰ੍ਹਾਂ ਨਾ ਕਰੀਏ।

7:21, 22. ਸਾਨੂੰ ਇਸ ਗੱਲ ਦੀ ਬਹੁਤੀ ਚਿੰਤਾ ਨਹੀਂ ਕਰਨੀ ਚਾਹੀਦੀ ਹੈ ਕਿ ਦੂਸਰੇ ਸਾਡੇ ਬਾਰੇ ਕੀ ਕਹਿੰਦੇ ਤੇ ਕੀ ਸੋਚਦੇ ਹਨ।

8:2, 3; 10:4. ਜੇ ਸਾਡੇ ਕੰਮ ਦੀ ਥਾਂ ਤੇ ਸਾਨੂੰ ਤਾੜਨਾ ਦਿੱਤੀ ਜਾਵੇ, ਤਾਂ ਚੁੱਪ ਰਹਿਣਾ ਮੁਨਾਸਬ ਹੋਵੇਗਾ। ਇੱਦਾਂ ਕਰਨਾ ਮਾਲਕ ਦੇ “ਹਜ਼ੂਰ ਤੋਂ ਪਰੋਖੇ” ਹੋਣ ਯਾਨੀ ਆਪਣੀ ਨੌਕਰੀ ਤੋਂ ਅਸਤੀਫ਼ਾ ਦੇਣ ਨਾਲੋਂ ਚੰਗਾ ਹੈ।

8:8; 9:5-10, 12. ਸਾਡੀ ਜ਼ਿੰਦਗੀ ਕਿਸੇ ਵੀ ਪਲ ਖ਼ਤਮ ਹੋ ਸਕਦੀ ਹੈ ਜਿਵੇਂ ਮੱਛੀ ਜਾਲ ਵਿਚ ਫਸ ਕੇ ਅਤੇ ਪੰਛੀ ਫਾਹੀ ਵਿਚ ਫਸ ਕੇ ਮਰ ਸਕਦਾ ਹੈ। ਇਸ ਤੋਂ ਇਲਾਵਾ, ਆਖ਼ਰੀ ਸਾਹਾਂ ਤੇ ਆਇਆ ਇਨਸਾਨ ਆਪਣੇ ਵਾਸਤੇ ਕੁਝ ਨਹੀਂ ਕਰ ਸਕਦਾ, ਨਾ ਹੀ ਕੋਈ ਵੀ ਮੌਤ ਦੇ ਪੰਜੇ ਤੋਂ ਬਚ ਸਕਦਾ ਹੈ। ਇਸ ਲਈ ਸਾਨੂੰ ਫਜ਼ੂਲ ਕੰਮਾਂ ਵਿਚ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਦੀ ਕਦਰ ਕਰੀਏ ਤੇ ਚੰਗੇ ਕੰਮ ਕਰ ਕੇ ਜ਼ਿੰਦਗੀ ਨੂੰ ਕਾਮਯਾਬ ਬਣਾਈਏ। ਪਰ ਜੇ ਅਸੀਂ ਇੱਦਾਂ ਕਰਨਾ ਹੈ, ਸਾਨੂੰ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਣੀ ਪਵੇਗੀ।

8:16, 17. ਅਸੀਂ ਪਰਮੇਸ਼ੁਰ ਦੇ ਸਾਰੇ ਕੰਮਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ ਅਤੇ ਨਾ ਹੀ ਉਨ੍ਹਾਂ ਕੰਮਾਂ ਨੂੰ ਜੋ ਪਰਮੇਸ਼ੁਰ ਨੇ ਸੰਸਾਰ ਵਿਚ ਹੋਣ ਦਿੱਤੇ ਹਨ। ਇਨ੍ਹਾਂ ਗੱਲਾਂ ਬਾਰੇ ਚਿੰਤਾ ਕਰੀ ਜਾਣ ਨਾਲ ਅਸੀਂ ਆਪਣੀ ਹੀ ਸ਼ਾਂਤੀ ਭੰਗ ਕਰਦੇ ਹਾਂ।

9:16-18. ਬੁੱਧ ਦੀ ਸਾਨੂੰ ਉਦੋਂ ਵੀ ਕਦਰ ਕਰਨੀ ਚਾਹੀਦੀ ਹੈ ਜਦੋਂ ਦੂਸਰੇ ਇਸ ਦਾ ਮੁੱਲ ਨਹੀਂ ਪਾਉਂਦੇ। ਠੰਢੇ ਦਿਮਾਗ਼ ਨਾਲ ਕਹੀਆਂ ਬੁੱਧਵਾਨ ਦੀਆਂ ਗੱਲਾਂ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਕਿਸੇ ਮੂਰਖ ਦੀਆਂ ਵੱਡੀਆਂ-ਵੱਡੀਆਂ ਗੱਲਾਂ ਵੱਲ।

10:1. ਸਾਨੂੰ ਆਪਣੇ ਕੰਮਾਂ ਅਤੇ ਬੋਲ-ਚਾਲ ਵੱਲ ਧਿਆਨ ਦੇਣਾ ਚਾਹੀਦਾ ਹੈ। ਇੱਕੋ ਗ਼ਲਤ ਕਦਮ ਜਿਵੇਂ ਕਿ ਗੁੱਸੇ ਵਿਚ ਕਹੀਆਂ ਗੱਲਾਂ, ਹੱਦੋਂ ਵੱਧ ਸ਼ਰਾਬ ਪੀਣੀ ਜਾਂ ਕੋਈ ਗੰਦਾ-ਮੰਦਾ ਕੰਮ ਕਰਨਾ ਕਿਸੇ ਵੀ ਭਲੇ ਬੰਦੇ ਦੇ ਨਾਮ ਨੂੰ ਬਦਨਾਮ ਕਰ ਸਕਦਾ ਹੈ।

10:5-11. ਸਾਨੂੰ ਉੱਚੇ ਅਹੁਦੇ ਤੇ ਬੈਠੇ ਨਾਕਾਬਲ ਬੰਦੇ ਤੋਂ ਖਾਰ ਨਹੀਂ ਖਾਣੀ ਚਾਹੀਦੀ। ਛੋਟੇ ਕੰਮਾਂ ਵਿਚ ਲਾਪਰਵਾਹੀ ਵਰਤਣ ਕਰਕੇ ਉਸ ਨੂੰ ਉਸ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਇਸ ਦੀ ਬਜਾਇ, ਸਾਨੂੰ ਜ਼ਿੰਦਗੀ ਵਿਚ ਸਫ਼ਲ ਹੋਣ ਲਈ ਬੁੱਧ ਦੀ ਲੋੜ ਹੈ। ਸਾਡੇ ਲਈ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਪ੍ਰਚਾਰ ਕਰਨ ਤੇ ਚੇਲੇ ਬਣਾਉਣ ਦਾ ਕੰਮ ਚੰਗੇ ਢੰਗ ਨਾਲ ਕਰਨ ਲਈ ਮਿਹਨਤ ਕਰਦੇ ਰਹੀਏ।

11:1, 2. ਸਾਨੂੰ ਖੁੱਲ੍ਹੇ ਦਿਲ ਵਾਲੇ ਬਣਨਾ ਚਾਹੀਦਾ ਹੈ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਦੂਸਰੇ ਵੀ ਸਾਡੇ ਨਾਲ ਇਸ ਤਰ੍ਹਾਂ ਪੇਸ਼ ਆਉਣਗੇ।​—ਲੂਕਾ 6:38.

11:3-6. ਜ਼ਿੰਦਗੀ ਵਿਚ ਕਿਸੇ ਗੱਲ ਦਾ ਭਰੋਸਾ ਨਾ ਹੋਣ ਕਰਕੇ ਸਾਨੂੰ ਡਾਵਾਂ-ਡੋਲ ਨਹੀਂ ਹੋਣਾ ਚਾਹੀਦਾ।

11:9; 12:1-7. ਨੌਜਵਾਨਾਂ ਨੂੰ ਯਹੋਵਾਹ ਨੂੰ ਲੇਖਾ ਦੇਣਾ ਪਵੇਗਾ। ਇਸ ਲਈ ਚੰਗਾ ਹੋਵੇਗਾ ਕਿ ਉਹ ਅੱਜ ਆਪਣੀ ਜਵਾਨੀ ਯਹੋਵਾਹ ਦੇ ਕੰਮਾਂ ਵਿਚ ਲਾਉਣ ਕਿਉਂਕਿ ਬੁਢਾਪੇ ਵਿਚ ਉਹ ਇਹ ਸਭ ਕੁਝ ਨਹੀਂ ਕਰ ਪਾਉਣਗੇ।

“ਬੁੱਧਵਾਨਾਂ ਦੇ ਬਚਨ” ਸਾਡੇ ਭਲੇ ਲਈ ਹਨ

(ਉਪਦੇਸ਼ਕ ਦੀ ਪੋਥੀ 12:9-14)

ਉਪਦੇਸ਼ਕ ਨੇ ਜੋ “ਸੁੰਦਰ ਸ਼ਬਦਾਂ” ਦੀ ਖੋਜ ਕੀਤੀ ਅਤੇ ਲਿਖੇ, ਉਨ੍ਹਾਂ ਬਾਰੇ ਸਾਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ? ਇਨਸਾਨਾਂ ਦੇ “ਭਰਪੂਰ ਸ਼ਬਦਾਂ” ਤੋਂ ਉਲਟ “ਬੁੱਧੀਵਾਨ ਦੀਆਂ ਗੱਲਾਂ ਤਿੱਖੇ ਸਿਰੇ ਵਾਲੀ ਸੋਟੀ ਵਾਂਗ ਹਨ, ਜਿਸ ਦੀ ਵਰਤੋਂ ਚਰਵਾਹਾ ਆਪਣੀ ਭੇਡਾਂ ਦੀ ਅਗਵਾਈ ਕਰਨ ਲਈ ਕਰਦਾ ਹੈ ਅਤੇ ਇਕੱਠੀ ਕੀਤੀਆਂ ਕਹਾਉਤਾਂ ਉਹਨਾਂ ਕਿਲਾਂ ਵਾਂਗ ਪੱਕੀਆਂ ਅਮਰ ਹਨ, ਜੋ ਪੱਕੀ ਤਰ੍ਹਾਂ ਠੋਕੇ ਗਏ ਹਨ। ਉਹ ਪਰਮੇਸ਼ਰ ਅਰਥਾਤ ਇਕ ਮੂਲ ਚਰਵਾਹੇ ਦੁਆਰਾ ਦਿੱਤੀਆਂ ਗਈਆਂ ਹਨ।” (ਉਪਦੇਸ਼ਕ 12:10-12, ਪਵਿੱਤਰ ਬਾਈਬਲ ਨਵਾਂ ਅਨੁਵਾਦ) “ਚਰਵਾਹੇ” ਯਾਨੀ ਯਹੋਵਾਹ ਵੱਲੋਂ ਮਿਲੀ ਬੁੱਧ ਸਾਡੀ ਜ਼ਿੰਦਗੀ ਤੇ ਚੰਗਾ ਅਸਰ ਪਾਉਂਦੀ ਹੈ।

ਉਪਦੇਸ਼ਕ ਦੀ ਪੋਥੀ ਵਿਚ ਲਿਖੀਆਂ ਬੁੱਧੀਮਤਾ ਦੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਅਸੀਂ ਸੁੱਖ ਪਾ ਸਕਦੇ ਹਾਂ ਅਤੇ ਸਾਡੀ ਜ਼ਿੰਦਗੀ ਨੂੰ ਇਕ ਮਕਸਦ ਮਿਲਦਾ ਹੈ। ਇਸੇ ਹੀ ਕਿਤਾਬ ਵਿਚ ਸਾਨੂੰ ਦੱਸਿਆ ਗਿਆ ਹੈ ਕਿ “ਭਲਾ ਓਹਨਾਂ ਦਾ ਹੀ ਹੋਵੇਗਾ ਜੋ ਪਰਮੇਸ਼ੁਰ ਤੋਂ ਡਰਦੇ ਹਨ।” ਆਓ ਆਪਾਂ ਹਮੇਸ਼ਾ ‘ਪਰਮੇਸ਼ੁਰ ਕੋਲੋਂ ਡਰਦੇ ਅਤੇ ਉਹ ਦੀਆਂ ਆਗਿਆਂ ਨੂੰ ਮੰਨਦੇ’ ਰਹੀਏ।​—ਉਪਦੇਸ਼ਕ ਦੀ ਪੋਥੀ 8:12; 12:13.

[ਸਫ਼ਾ 15 ਉੱਤੇ ਤਸਵੀਰ]

ਪਰਮੇਸ਼ੁਰ ਦੀ ਇਕ ਸੁੰਦਰ ਚੀਜ਼ ਨਵਾਂ ਸੰਸਾਰ ਹੈ ਜੋ ਨਿਯਤ ਸਮੇਂ ਤੇ ਹਕੀਕਤ ਬਣ ਜਾਵੇਗਾ

[ਸਫ਼ਾ 16 ਉੱਤੇ ਤਸਵੀਰ]

ਖਾਣਾ-ਪੀਣਾ ਤੇ ਆਪਣੀ ਮਿਹਨਤ ਦਾ ਫਲ ਪਾਉਣਾ, ਇਹ ਸਭ ਰੱਬੀ ਦਾਤਾਂ ਹਨ