ਡੈਨੀਏਲ ਅਤੇ ਉਸ ਦਾ ਸੰਮੇਲਨ ਬੈਜ ਕਾਰਡ
ਡੈਨੀਏਲ ਅਤੇ ਉਸ ਦਾ ਸੰਮੇਲਨ ਬੈਜ ਕਾਰਡ
ਬੱਚਿਆਂ ਨੂੰ ਯਿਸੂ ਦੀ ਉਸਤਤ ਕਰਦਿਆਂ ਦੇਖ ਕੇ ਪਖੰਡੀ ਧਾਰਮਿਕ ਗ੍ਰੰਥੀਆਂ ਨੂੰ ਬੜਾ ਹੀ ਗੁੱਸਾ ਚੜ੍ਹਿਆ। ਪਰ ਯਿਸੂ ਨੇ ਉਨ੍ਹਾਂ ਗ੍ਰੰਥੀਆਂ ਨੂੰ ਕਿਹਾ: “ਕੀ ਤੁਸਾਂ ਕਦੀ ਇਹ ਨਹੀਂ ਪੜ੍ਹਿਆ ਜੋ ਬਾਲਕਾਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ ਤੈਂ ਉਸਤਤ ਪੂਰੀ ਕਰਵਾਈ?”—ਮੱਤੀ 21:15, 16.
ਅੱਜ ਵੀ ਬੱਚੇ ਯਹੋਵਾਹ ਪਰਮੇਸ਼ੁਰ ਦੀ ਮਹਿਮਾ ਕਰਦੇ ਹਨ। ਛੇ ਸਾਲਾਂ ਦਾ ਡੈਨੀਏਲ ਇਸ ਦੀ ਇਕ ਜੀਉਂਦੀ-ਜਾਗਦੀ ਮਿਸਾਲ ਹੈ। ਉਹ ਜਰਮਨੀ ਵਿਚ ਰੂਸੀ ਭਾਸ਼ਾ ਦੀ ਕਲੀਸਿਯਾ ਵਿਚ ਜਾਂਦਾ ਹੈ। ਕੁਝ ਚਿਰ ਪਹਿਲਾਂ, ਡੈਨੀਏਲ, ਉਸ ਦੀ ਮਾਂ ਤੇ ਵੱਡੀ ਭੈਣ ਡੂਸਬਰਗ ਸ਼ਹਿਰ ਵਿਚ ਹੋਏ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਵਿਚ ਗਏ ਸਨ। ਉਹ ਪਹਿਲੀ ਵਾਰੀ ਵੱਡੇ ਸੰਮੇਲਨ ਵਿਚ ਆਏ ਸਨ। ਉੱਥੇ ਉਨ੍ਹਾਂ ਲਈ ਸਾਰਾ ਕੁਝ ਨਵਾਂ-ਨਵਾਂ ਸੀ, ਮਤਲਬ ਕਿ ਇੰਨੇ ਸਾਰੇ ਲੋਕ, ਹੋਟਲ ਵਿਚ ਰਹਿਣਾ, ਤਿੰਨ ਦਿਨਾਂ ਵਾਸਤੇ ਪ੍ਰੋਗ੍ਰਾਮ ਸੁਣਨਾ, ਬਪਤਿਸਮਾ ਤੇ ਡਰਾਮਾ। ਭਾਵੇਂ ਇਹ ਸਭ ਕੁਝ ਡੈਨੀਏਲ ਲਈ ਨਵਾਂ ਸੀ, ਉਹ ਬੀਬੇ ਬੱਚੇ ਵਾਂਗ ਚੁੱਪ-ਚਾਪ ਬੈਠਾ ਪ੍ਰੋਗ੍ਰਾਮ ਸੁਣਦਾ ਰਿਹਾ।
ਸੰਮੇਲਨ ਤੋਂ ਬਾਅਦ ਅਗਲੇ ਦਿਨ ਦਾਨੀਏਲ ਸਕੂਲ ਜਾਣ ਵਾਸਤੇ ਉੱਠਿਆ ਤੇ ਤਿਆਰ ਹੋਇਆ। ਉਸ ਦੀ ਜਾਕਟ ਤੇ ਹਾਲੇ ਉਸ ਦਾ ਸੰਮੇਲਨ ਬੈਜ ਕਾਰਡ ਲੱਗਾ ਹੋਇਆ ਸੀ! ਡੈਨੀਏਲ ਦੀ ਮਾਂ ਨੇ ਉਸ ਨੂੰ ਕਿਹਾ: “ਬੇਟਾ, ਸੰਮੇਲਨ ਤਾਂ ਖ਼ਤਮ ਹੋ ਗਿਆ। ਤੂੰ ਇਹ ਬੈਜ ਕਾਰਡ ਲਾਹ ਦੇ।” ਪਰ ਡੈਨੀਏਲ ਨੇ ਕਿਹਾ: “ਮੈਂ ਚਾਹੁੰਦਾ ਹਾਂ ਕਿ ਸਾਰੇ ਜਣਿਆਂ ਨੂੰ ਪਤਾ ਲੱਗੇ ਕਿ ਮੈਂ ਵੀਕੈਂਡ ਤੇ ਕਿੱਥੇ ਗਿਆ ਸੀ ਤੇ ਮੈਂ ਕੀ ਸਿੱਖਿਆ।” ਸਕੂਲੇ ਸਾਰਾ ਦਿਨ ਡੈਨੀਏਲ ਨੇ ਮਾਣ ਨਾਲ ਆਪਣਾ ਬੈਜ ਕਾਰਡ ਲਾਈ ਰੱਖਿਆ। ਜਦ ਬੈਜ ਬਾਰੇ ਉਸ ਦੀ ਟੀਚਰ ਨੇ ਪੁੱਛਿਆ, ਤਾਂ ਡੈਨੀਏਲ ਨੇ ਉਸ ਨੂੰ ਸੰਮੇਲਨ ਦੇ ਪ੍ਰੋਗ੍ਰਾਮ ਬਾਰੇ ਦੱਸਿਆ।
ਸਦੀਆਂ ਤੋਂ ਹਜ਼ਾਰਾਂ ਹੀ ਮੁੰਡੇ-ਕੁੜੀਆਂ ਨੇ ਮਾਣ ਨਾਲ ਖੁੱਲ੍ਹੇ-ਆਮ ਯਹੋਵਾਹ ਦੀ ਮਹਿਮਾ ਕੀਤੀ ਹੈ। ਡੈਨੀਏਲ ਵੀ ਉਨ੍ਹਾਂ ਦੀ ਮਿਸਾਲ ਤੇ ਚੱਲਿਆ।