Skip to content

Skip to table of contents

ਪਵਿੱਤਰ ਸਭਾਵਾਂ ਦੀ ਕਦਰ ਕਰੋ

ਪਵਿੱਤਰ ਸਭਾਵਾਂ ਦੀ ਕਦਰ ਕਰੋ

ਪਵਿੱਤਰ ਸਭਾਵਾਂ ਦੀ ਕਦਰ ਕਰੋ

“ਏਹਨਾਂ ਨੂੰ ਮੈਂ ਆਪਣੇ ਪਵਿੱਤ੍ਰ ਪਹਾੜ ਨੂੰ ਲਿਆਵਾਂਗਾ ਅਤੇ ਓਹਨਾਂ ਨੂੰ ਆਪਣੇ ਪ੍ਰਾਰਥਨਾ ਦੇ ਘਰ ਵਿੱਚ ਅਨੰਦ ਦੁਆਵਾਂਗਾ।”—ਯਸਾਯਾਹ 56:7.

1. ਬਾਈਬਲ ਕਿਵੇਂ ਦਿਖਾਉਂਦੀ ਹੈ ਕਿ ਸਾਨੂੰ ਸਭਾਵਾਂ ਦੀ ਕਦਰ ਕਰਨੀ ਚਾਹੀਦੀ ਹੈ?

ਯਹੋਵਾਹ ਨੇ ਮਸਹ ਕੀਤੇ ਹੋਏ ਮਸੀਹੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਇਕੱਠਾ ਕੀਤਾ ਹੈ ਤਾਂਕਿ ਉਹ ਉਸ ਦੇ “ਪਵਿੱਤ੍ਰ ਪਹਾੜ” ਤੇ ਉਸ ਦੀ ਭਗਤੀ ਕਰਨ। ਉਹ ਉਨ੍ਹਾਂ ਨੂੰ ਆਪਣੇ “ਪ੍ਰਾਰਥਨਾ ਦੇ ਘਰ” ਯਾਨੀ ਰੂਹਾਨੀ ਹੈਕਲ ਵਿਚ ਆਨੰਦ ਦੁਆਉਂਦਾ ਹੈ। ਇਹ ਹੈਕਲ “ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ” ਹੈ। (ਯਸਾਯਾਹ 56:7; ਮਰਕੁਸ 11:17) ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਭਗਤੀ ਪਵਿੱਤਰ, ਸ਼ੁੱਧ ਤੇ ਬੁਲੰਦ ਹੈ। ਆਪਣੀਆਂ ਮਸੀਹੀ ਸਭਾਵਾਂ ਵਿਚ ਅਸੀਂ ਬਾਈਬਲ ਦਾ ਅਧਿਐਨ ਅਤੇ ਯਹੋਵਾਹ ਦੀ ਭਗਤੀ ਕਰਦੇ ਹਾਂ। ਇਨ੍ਹਾਂ ਦਾ ਆਦਰ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਵਾਂਗ ਪਵਿੱਤਰ ਚੀਜ਼ਾਂ ਦੀ ਕਦਰ ਕਰਦੇ ਹਾਂ।

2. ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਯਹੋਵਾਹ ਅਤੇ ਯਿਸੂ ਉਸ ਜਗ੍ਹਾ ਨੂੰ ਪਵਿੱਤਰ ਮੰਨਦੇ ਹਨ ਜਿੱਥੇ ਯਹੋਵਾਹ ਦੀ ਭਗਤੀ ਕੀਤੀ ਜਾਂਦੀ ਹੈ?

2 ਪ੍ਰਾਚੀਨ ਇਸਰਾਏਲ ਵਿਚ ਜਿਸ ਜਗ੍ਹਾ ਨੂੰ ਯਹੋਵਾਹ ਨੇ ਆਪਣੀ ਭਗਤੀ ਦੀ ਥਾਂ ਵਜੋਂ ਚੁਣਿਆ ਸੀ ਉਹ ਪਵਿੱਤਰ ਮੰਨੀ ਜਾਣੀ ਚਾਹੀਦੀ ਸੀ। ਡੇਹਰੇ ਅਤੇ ਉਸ ਦੇ ਸਾਰੇ ਸਾਮਾਨ ਨੂੰ ਪਵਿੱਤਰ ਤੇਲ ਨਾਲ ਮਲਣ ਦਾ ਹੁਕਮ ਦਿੱਤਾ ਗਿਆ ਸੀ ਤਾਂਕਿ “ਓਹ ਅੱਤ ਪਵਿੱਤ੍ਰ ਹੋਣ।” (ਕੂਚ 30:25-29) ਡੇਹਰੇ ਦੇ ਦੋ ਕਮਰੇ ਸਨ ਜਿਨ੍ਹਾਂ ਨੂੰ “ਪਵਿੱਤਰ ਅਸਥਾਨ” ਅਤੇ “ਅੱਤ ਪਵਿੱਤਰ ਅਸਥਾਨ” ਕਿਹਾ ਜਾਂਦਾ ਸੀ। (ਇਬਰਾਨੀਆਂ 9:2, 3) ਬਾਅਦ ਵਿਚ ਡੇਹਰੇ ਦੀ ਥਾਂ ਯਰੂਸ਼ਲਮ ਦੀ ਹੈਕਲ ਵਿਚ ਯਹੋਵਾਹ ਦੀ ਭਗਤੀ ਕੀਤੀ ਜਾਣ ਲੱਗ ਪਈ। ਇਸ ਲਈ ਯਰੂਸ਼ਲਮ ਨੂੰ “ਪਵਿੱਤ੍ਰ ਸ਼ਹਿਰ” ਕਿਹਾ ਜਾਂਦਾ ਸੀ। (ਨਹਮਯਾਹ 11:1; ਮੱਤੀ 27:53) ਧਰਤੀ ਉੱਤੇ ਆਪਣੀ ਸੇਵਕਾਈ ਦੌਰਾਨ ਯਿਸੂ ਨੇ ਦਿਖਾਇਆ ਕਿ ਉਹ ਇਸ ਹੈਕਲ ਦਾ ਆਦਰ ਕਰਦਾ ਸੀ। ਉਹ ਉਨ੍ਹਾਂ ਲੋਕਾਂ ਨਾਲ ਗੁੱਸੇ ਹੋਇਆ ਜਿਨ੍ਹਾਂ ਨੇ ਹੈਕਲ ਨੂੰ ਵਪਾਰ ਦਾ ਕੇਂਦਰ ਬਣਾ ਰੱਖਿਆ ਸੀ ਅਤੇ ਜੋ ਕਿਤੇ ਜਾਣ ਲਈ ਲੰਬੇ ਰਸਤਿਓਂ ਵਲ ਪਾ ਕੇ ਜਾਣ ਦੀ ਬਜਾਇ ਹੈਕਲ ਵਿੱਚੋਂ ਲੰਘ ਜਾਂਦੇ ਸਨ।—ਮਰਕੁਸ 11:15, 16.

3. ਕਿਹੜੀ ਗੱਲ ਦਿਖਾਉਂਦੀ ਹੈ ਕਿ ਇਸਰਾਏਲ ਦੇ ਪਰਬ ਪਵਿੱਤਰ ਸਨ?

3 ਇਸਰਾਏਲੀ ਲੋਕ ਯਹੋਵਾਹ ਦੀ ਭਗਤੀ ਕਰਨ ਅਤੇ ਉਸ ਦੀ ਬਿਵਸਥਾ ਸੁਣਨ ਲਈ ਬਾਕਾਇਦਾ ਇਕੱਠੇ ਹੁੰਦੇ ਸਨ। ਉਨ੍ਹਾਂ ਦੇ ਪਰਬ ਪਵਿੱਤ੍ਰ ਮੇਲੇ ਹੁੰਦੇ ਸਨ ਕਿਉਂਕਿ ਇਹ ਯਹੋਵਾਹ ਦੀ ਪਵਿੱਤਰ ਭਗਤੀ ਨਾਲ ਜੁੜੇ ਹੋਏ ਸਨ। (ਲੇਵੀਆਂ 23:2, 3, 36, 37) ਅਜ਼ਰਾ ਅਤੇ ਨਹਮਯਾਹ ਦੇ ਦਿਨਾਂ ਵਿਚ ਹੋਈ ਇਕ ਸਭਾ ਵਿਚ ਲੇਵੀਆਂ ਨੇ “ਪਰਜਾ ਨੂੰ ਬਿਵਸਥਾ ਸਮਝਾਈ।” ਪਰ “ਸਾਰੀ ਪਰਜਾ ਬਿਵਸਥਾ ਦੀਆਂ ਗੱਲਾਂ ਨੂੰ ਸੁਣ ਕੇ ਰੋਂਦੀ ਸੀ।” ਇਸ ਲਈ ਲੇਵੀਆਂ ਨੇ “ਸਾਰੀ ਪਰਜਾ ਨੂੰ ਏਹ ਆਖ ਕੇ ਠੰਡਾ ਕੀਤਾ ਕਿ ਚੁੱਪ ਰਹੋ ਕਿਉਂ ਜੋ ਏਹ ਦਿਨ ਪਵਿੱਤ੍ਰ ਹੈ।” ਇਸ ਤੋਂ ਬਾਅਦ ਇਸਰਾਏਲੀਆਂ ਨੇ ਸੱਤ ਦਿਨਾਂ ਤਕ ਡੇਰਿਆਂ ਦਾ ਪਰਬ ਮਨਾਇਆ ਅਤੇ “ਬਹੁਤ ਵੱਡਾ ਅਨੰਦ” ਕੀਤਾ। ਇਸ ਤੋਂ ਇਲਾਵਾ “ਪਹਿਲੇ ਦਿਨ ਤੋਂ ਲੈ ਕੇ ਛੇਕੜਲੇ ਦਿਨ ਤੀਕ [ਅਜ਼ਰਾ] ਨੇ ਪਰਮੇਸ਼ੁਰ ਦੀ ਬਿਵਸਥਾ ਦੀ ਪੋਥੀ ਨੂੰ ਨਿਤਾ ਨੇਮ ਪੜ੍ਹਿਆ ਅਤੇ ਸੱਤ ਦਿਨ ਉਨ੍ਹਾਂ ਨੇ ਪਰਭ ਮਨਾਇਆ ਅਤੇ ਅੱਠਵੇਂ ਦਿਨ ਦਸਤੂਰ ਦੇ ਅਨੁਸਾਰ ਸ਼ਿਰੋਮਣੀ ਸਭਾ ਹੋਈ।” (ਨਹਮਯਾਹ 8:7-11, 17, 18) ਇਹ ਮੌਕੇ ਵਾਕਈ ਪਵਿੱਤਰ ਸਨ ਜਿੱਥੇ ਲੋਕਾਂ ਨੂੰ ਆਦਰ ਤੇ ਧਿਆਨ ਨਾਲ ਸੁਣਨ ਦੀ ਲੋੜ ਸੀ।

ਸਾਡੀਆਂ ਸਭਾਵਾਂ ਪਵਿੱਤਰ ਹਨ

4, 5. ਕਿਹੜੀਆਂ ਗੱਲਾਂ ਸਾਡੀਆਂ ਸਭਾਵਾਂ ਨੂੰ ਪਵਿੱਤਰ ਬਣਾਉਂਦੀਆਂ ਹਨ?

4 ਇਹ ਸੱਚ ਹੈ ਕਿ ਅੱਜ ਧਰਤੀ ਉੱਤੇ ਯਹੋਵਾਹ ਦਾ ਕੋਈ ਪਵਿੱਤਰ ਸ਼ਹਿਰ ਜਾਂ ਮੰਦਰ ਨਹੀਂ ਹੈ ਜਿੱਥੇ ਉਸ ਦੀ ਭਗਤੀ ਕੀਤੀ ਜਾਂਦੀ ਹੈ। ਫਿਰ ਵੀ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਯਹੋਵਾਹ ਦੀ ਭਗਤੀ ਕਰਨ ਲਈ ਮੀਟਿੰਗਾਂ ਪਵਿੱਤਰ ਹਨ। ਹਫ਼ਤੇ ਵਿਚ ਤਿੰਨ ਵਾਰ ਅਸੀਂ ਬਾਈਬਲ ਪੜ੍ਹਨ ਅਤੇ ਇਸ ਦਾ ਅਧਿਐਨ ਕਰਨ ਲਈ ਇਕੱਠੇ ਹੁੰਦੇ ਹਾਂ। ਯਹੋਵਾਹ ਦਾ ਬਚਨ “ਬੜੀ ਸਫਾਈ ਨਾਲ ਪੜ੍ਹਿਆ” ਜਾਂਦਾ ਹੈ ਅਤੇ ਉਸ ਦਾ “ਅਰਥ” ਸਮਝਾਇਆ ਜਾਂਦਾ ਹੈ। (ਨਹਮਯਾਹ 8:8) ਸਾਰੀਆਂ ਸਭਾਵਾਂ ਦੇ ਸ਼ੁਰੂ ਅਤੇ ਅੰਤ ਵਿਚ ਪ੍ਰਾਰਥਨਾ ਕੀਤੀ ਜਾਂਦੀ ਹੈ ਅਤੇ ਲਗਭਗ ਸਾਰੀਆਂ ਸਭਾਵਾਂ ਵਿਚ ਅਸੀਂ ਗੀਤ ਗਾ ਕੇ ਯਹੋਵਾਹ ਦੇ ਗੁਣ ਗਾਉਂਦੇ ਹਾਂ। (ਜ਼ਬੂਰਾਂ ਦੀ ਪੋਥੀ 26:12) ਮੀਟਿੰਗਾਂ ਸਾਡੀ ਭਗਤੀ ਦਾ ਹਿੱਸਾ ਹਨ, ਇਸ ਲਈ ਉਨ੍ਹਾਂ ਵਿਚ ਦਿੱਤੇ ਉਪਦੇਸ਼ ਵੱਲ ਸਾਨੂੰ ਪੂਰੀ ਸ਼ਰਧਾ ਤੇ ਆਦਰ ਨਾਲ ਧਿਆਨ ਦੇਣਾ ਚਾਹੀਦਾ ਹੈ।

5 ਜਦ ਯਹੋਵਾਹ ਦੇ ਲੋਕ ਉਸ ਦੀ ਭਗਤੀ ਕਰਨ, ਉਸ ਦੇ ਬਚਨ ਦਾ ਅਧਿਐਨ ਕਰਨ ਅਤੇ ਇਕ-ਦੂਜੇ ਨਾਲ ਸੰਗਤ ਕਰਨ ਲਈ ਇਕੱਠੇ ਹੁੰਦੇ ਹਨ, ਤਾਂ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ। ਆਪਣੀਆਂ ਸਭਾਵਾਂ ਬਾਰੇ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਉੱਥੇ ‘ਯਹੋਵਾਹ ਨੇ ਬਰਕਤ ਦਾ ਹੁਕਮ ਦਿੱਤਾ ਹੈ।’ (ਜ਼ਬੂਰਾਂ ਦੀ ਪੋਥੀ 133:1, 3) ਜੇ ਅਸੀਂ ਸਭਾਵਾਂ ਵਿਚ ਜਾਵਾਂਗੇ ਅਤੇ ਧਿਆਨ ਨਾਲ ਗੱਲਾਂ ਸੁਣਾਂਗੇ, ਤਾਂ ਸਾਨੂੰ ਵੀ ਬਰਕਤ ਮਿਲੇਗੀ। ਯਿਸੂ ਨੇ ਕਿਹਾ ਸੀ: “ਜਿੱਥੇ ਦੋ ਯਾ ਤਿੰਨ ਮੇਰੇ ਨਾਮ ਉੱਤੇ ਇਕੱਠੇ ਹੋਣ ਉੱਥੇ ਮੈਂ ਉਨ੍ਹਾਂ ਦੇ ਵਿਚਕਾਰ ਹਾਂ।” ਭਾਵੇਂ ਇਸ ਹਵਾਲੇ ਵਿਚ ਯਿਸੂ ਸਮੱਸਿਆਵਾਂ ਸੁਲਝਾਉਣ ਲਈ ਕਲੀਸਿਯਾ ਦੇ ਬਜ਼ੁਰਗਾਂ ਦੇ ਇਕੱਠ ਦੀ ਗੱਲ ਕਰ ਰਿਹਾ ਸੀ, ਪਰ ਇਹ ਸਿਧਾਂਤ ਸਾਡੀਆਂ ਮੀਟਿੰਗਾਂ ਉੱਤੇ ਵੀ ਲਾਗੂ ਕੀਤਾ ਜਾ ਸਕਦਾ ਹੈ। (ਮੱਤੀ 18:20) ਜੇ ਮਸੀਹ ਪਵਿੱਤਰ ਆਤਮਾ ਰਾਹੀਂ ਸਾਡੇ ਨਾਲ ਹੈ ਜਦ ਅਸੀਂ ਉਸ ਦੇ ਨਾਮ ਉੱਤੇ ਇਕੱਠੇ ਹੁੰਦੇ ਹਾਂ, ਤਾਂ ਕੀ ਸਾਨੂੰ ਸਭਾਵਾਂ ਨੂੰ ਪਵਿੱਤਰ ਨਹੀਂ ਸਮਝਣਾ ਚਾਹੀਦਾ?

6. ਯਹੋਵਾਹ ਦੀ ਭਗਤੀ ਕਰਨ ਲਈ ਚਾਹੇ ਥਾਂ ਛੋਟੀ ਹੋਵੇ ਜਾਂ ਵੱਡੀ, ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

6 ਇਹ ਸੱਚ ਹੈ ਕਿ ਯਹੋਵਾਹ ਹੱਥਾਂ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਵੱਸਦਾ। ਪਰ ਅਸੀਂ ਕਿੰਗਡਮ ਹਾਲ ਵਿਚ ਉਸ ਦੀ ਭਗਤੀ ਕਰਨ ਜਾਂਦੇ ਹਾਂ। (ਰਸੂਲਾਂ ਦੇ ਕਰਤੱਬ 7:48; 17:24) ਅਸੀਂ ਯਹੋਵਾਹ ਦਾ ਬਚਨ ਪੜ੍ਹਨ, ਉਸ ਨੂੰ ਪ੍ਰਾਰਥਨਾ ਕਰਨ ਅਤੇ ਉਸ ਦੇ ਗੁਣ ਗਾਉਣ ਲਈ ਇਕੱਠੇ ਹੁੰਦੇ ਹਾਂ। ਇਹ ਗੱਲ ਸਾਡੇ ਅਸੈਂਬਲੀ ਹਾਲਾਂ ਬਾਰੇ ਵੀ ਕਹੀ ਜਾ ਸਕਦੀ ਹੈ। ਸੰਮੇਲਨਾਂ ਲਈ ਕਰਾਏ ਤੇ ਲਏ ਵੱਡੇ ਆਡੀਟੋਰੀਅਮ, ਐਕਸਬੀਸ਼ਨ ਹਾਲ ਜਾਂ ਸਟੇਡੀਅਮ ਵੀ ਪਵਿੱਤਰ ਹੁੰਦੇ ਹਨ ਜਦ ਅਸੀਂ ਇਨ੍ਹਾਂ ਵਿਚ ਯਹੋਵਾਹ ਦੀ ਭਗਤੀ ਕਰਦੇ ਹਾਂ। ਸਾਨੂੰ ਆਪਣੇ ਰਵੱਈਏ ਤੇ ਚਾਲ-ਚਲਣ ਦੁਆਰਾ ਸਭਾ ਦੀਆਂ ਇਨ੍ਹਾਂ ਸਾਰੀਆਂ ਥਾਵਾਂ ਦੀ ਕਦਰ ਕਰਨੀ ਚਾਹੀਦੀ ਹੈ, ਚਾਹੇ ਸਭਾ ਛੋਟੀ ਹੋਵੇ ਜਾਂ ਵੱਡੀ।

ਸਭਾਵਾਂ ਦੀ ਕਦਰ ਕਰੋ

7. ਆਪਣੀਆਂ ਸਭਾਵਾਂ ਦੀ ਕਦਰ ਕਰਨ ਦਾ ਇਕ ਤਰੀਕਾ ਕੀ ਹੈ?

7 ਸਭਾਵਾਂ ਦੀ ਕਦਰ ਕਰਨ ਦੇ ਕਈ ਤਰੀਕੇ ਹਨ। ਇਕ ਤਰੀਕਾ ਹੈ ਸਭਾਵਾਂ ਵਿਚ ਸਮੇਂ ਸਿਰ ਪਹੁੰਚਣਾ ਤਾਂਕਿ ਅਸੀਂ ਗੀਤ ਗਾਉਣ ਲਈ ਹਾਜ਼ਰ ਹੋ ਸਕੀਏ। ਕਈ ਗੀਤ ਪ੍ਰਾਰਥਨਾ ਦੇ ਰੂਪ ਵਿਚ ਲਿਖੇ ਗਏ ਹਨ ਇਸ ਕਰਕੇ ਸਾਨੂੰ ਸ਼ਰਧਾ ਨਾਲ ਇਹ ਗਾਉਣੇ ਚਾਹੀਦੇ ਹਨ। ਪੌਲੁਸ ਰਸੂਲ ਨੇ ਜ਼ਬੂਰ 22 ਵਿਚ ਦਾਊਦ ਦੇ ਭਜਨ ਦਾ ਹਵਾਲਾ ਦਿੰਦੇ ਹੋਏ ਯਿਸੂ ਬਾਰੇ ਲਿਖਿਆ: “ਮੈਂ ਆਪਣਿਆਂ ਭਾਈਆਂ ਨੂੰ ਤੇਰਾ ਨਾਮ ਸੁਣਾਵਾਂਗਾ, ਮੈਂ ਕਲੀਸਿਯਾ ਵਿੱਚ ਤੇਰੀ ਉਸਤਤ ਕਰਾਂਗਾ।” (ਇਬਰਾਨੀਆਂ 2:12) ਇਸ ਤੋਂ ਪਹਿਲਾਂ ਕਿ ਭਰਾ ਗੀਤ ਨੰਬਰ ਦੱਸੇ ਸਾਨੂੰ ਆਪਣੀਆਂ ਸੀਟਾਂ ਤੇ ਬੈਠ ਜਾਣਾ ਚਾਹੀਦਾ ਹੈ। ਫਿਰ ਸਾਨੂੰ ਗਾਉਂਦੇ ਸਮੇਂ ਗੀਤ ਦੇ ਸ਼ਬਦਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਗੀਤ ਗਾਉਣ ਵੇਲੇ ਸਾਨੂੰ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਨਾ ਚਾਹੀਦਾ ਹੈ ਜਿਸ ਨੇ ਲਿਖਿਆ: ‘ਪ੍ਰਭੂ ਯਹੋਵਾਹ ਦੀ ਜੈ, ਭਲੇ ਲੋਕਾਂ ਅਰਥਾਤ ਸੰਗਤਾਂ ਦੇ ਸਾਹਮਣੇ ਮੈਂ ਆਪਣੀ ਪੂਰੀ ਜਾਨ ਨਾਲ ਉਸ ਦਾ ਧੰਨਵਾਦ ਕਰਾਂਗਾ।’ (ਭਜਨ 111:1, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੀ ਹਾਂ, ਯਹੋਵਾਹ ਦੇ ਗੁਣ ਗਾਉਣ ਲਈ ਸਾਨੂੰ ਮੀਟਿੰਗਾਂ ਵਿਚ ਵੇਲੇ ਸਿਰ ਆਉਣਾ ਚਾਹੀਦਾ ਹੈ ਅਤੇ ਅੰਤ ਤਕ ਰਹਿਣਾ ਚਾਹੀਦਾ ਹੈ।

8. ਬਾਈਬਲ ਦੀ ਕਿਹੜੀ ਉਦਾਹਰਣ ਦਿਖਾਉਂਦੀ ਹੈ ਕਿ ਸਭਾਵਾਂ ਵਿਚ ਕੀਤੀਆਂ ਪ੍ਰਾਰਥਨਾਵਾਂ ਵੱਲ ਸਾਨੂੰ ਪੂਰਾ ਧਿਆਨ ਦੇਣਾ ਚਾਹੀਦਾ ਹੈ?

8 ਸਾਡੀਆਂ ਸਭਾਵਾਂ ਦੀ ਇਕ ਹੋਰ ਖ਼ਾਸੀਅਤ ਇਹ ਹੈ ਕਿ ਇਕ ਭਰਾ ਇਕੱਠੇ ਹੋਏ ਸਾਰੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰਦਾ ਹੈ। ਪਹਿਲੀ ਸਦੀ ਵਿਚ ਇਕ ਵਾਰ ਜਦ ਯਰੂਸ਼ਲਮ ਦੇ ਮਸੀਹੀ ਇਕੱਠੇ ਹੋਏ ਸਨ, ਤਾਂ ਉਨ੍ਹਾਂ ਨੇ “ਇੱਕ ਮਨ ਹੋ ਕੇ ਉੱਚੀ ਅਵਾਜ਼ ਨਾਲ ਪਰਮੇਸ਼ੁਰ ਨੂੰ” ਪ੍ਰਾਰਥਨਾ ਕੀਤੀ। ਇਸ ਤੋਂ ਉਨ੍ਹਾਂ ਨੂੰ ਇੰਨੀ ਤਾਕਤ ਮਿਲੀ ਕਿ ਉਹ ਵੈਰੀਆਂ ਦੀ ਵਿਰੋਧਤਾ ਦੇ ਬਾਵਜੂਦ “ਪਰਮੇਸ਼ੁਰ ਦਾ ਬਚਨ ਦਲੇਰੀ ਨਾਲ” ਸੁਣਾਉਂਦੇ ਰਹੇ। (ਰਸੂਲਾਂ ਦੇ ਕਰਤੱਬ 4:24-31) ਕੀ ਉਸ ਪ੍ਰਾਰਥਨਾ ਦੌਰਾਨ ਚੇਲੇ ਇੱਧਰ-ਉੱਧਰ ਦੀਆਂ ਗੱਲਾਂ ਬਾਰੇ ਸੋਚ ਰਹੇ ਸਨ? ਨਹੀਂ, ਸਗੋਂ ਉਨ੍ਹਾਂ ਨੇ “ਇੱਕ ਮਨ ਹੋ ਕੇ” ਪ੍ਰਾਰਥਨਾ ਕੀਤੀ। ਸਾਡੀਆਂ ਸਭਾਵਾਂ ਵਿਚ ਕੀਤੀਆਂ ਪ੍ਰਾਰਥਨਾਵਾਂ ਇਕੱਠੇ ਹੋਏ ਸਾਰੇ ਭੈਣਾਂ-ਭਰਾਵਾਂ ਦੀ ਸ਼ਰਧਾ ਪ੍ਰਗਟ ਕਰਦੀਆਂ ਹਨ। ਇਸ ਲਈ ਸਾਨੂੰ ਪ੍ਰਾਰਥਨਾਵਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ।

9. ਸਾਡੇ ਕੱਪੜਿਆਂ ਤੇ ਚਾਲ-ਚਲਣ ਤੋਂ ਕਿਵੇਂ ਪਤਾ ਲੱਗ ਸਕਦਾ ਹੈ ਕਿ ਅਸੀਂ ਆਪਣੀਆਂ ਪਵਿੱਤਰ ਸਭਾਵਾਂ ਦੀ ਕਦਰ ਕਰਦੇ ਹਾਂ?

9 ਸਾਡੇ ਕੱਪੜੇ, ਹਾਰ-ਸ਼ਿੰਗਾਰ ਤੇ ਵਾਲਾਂ ਦਾ ਸਟਾਈਲ ਦਿਖਾ ਸਕਦਾ ਹੈ ਕਿ ਅਸੀਂ ਆਪਣੀਆਂ ਸਭਾਵਾਂ ਦੀ ਕਿੰਨੀ ਕੁ ਕਦਰ ਕਰਦੇ ਹਾਂ। ਪੌਲੁਸ ਰਸੂਲ ਨੇ ਸਲਾਹ ਦਿੱਤੀ: “ਮੈਂ ਇਹ ਚਾਹੁੰਦਾ ਹਾਂ ਭਈ ਪੁਰਖ ਸਭਨੀਂ ਥਾਈਂ ਕ੍ਰੋਧ ਅਤੇ ਵਿਵਾਦ ਤੋਂ ਬਿਨਾ ਪਵਿੱਤਰ ਹੱਥ ਅੱਡ ਕੇ ਪ੍ਰਾਰਥਨਾ ਕਰਨ। ਇਸੇ ਤਰਾਂ ਚਾਹੁੰਦਾ ਹਾਂ ਭਈ ਇਸਤ੍ਰੀਆਂ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕੀ ਨਾਲ ਸੁਆਰਨ, ਨਾ ਗੁੰਦਿਆਂ ਹੋਇਆਂ ਵਾਲਾਂ ਅਤੇ ਸੋਨੇ ਯਾ ਮੋਤੀਆਂ ਯਾ ਭਾਰੇ ਮੁੱਲ ਦੇ ਬਸਤ੍ਰਾਂ ਨਾਲ, ਸਗੋਂ ਸ਼ੁਭ ਕਰਮਾਂ ਦੇ ਵਸੀਲੇ ਨਾਲ ਕਿਉਂ ਜੋ ਇਹ ਉਨ੍ਹਾਂ ਇਸਤ੍ਰੀਆਂ ਨੂੰ ਫਬਦਾ ਹੈ ਜਿਹੜੀਆਂ ਪਰਮੇਸ਼ੁਰ ਦੀ ਭਗਤੀ ਨੂੰ ਮੰਨਦੀਆਂ ਹਨ।” (1 ਤਿਮੋਥਿਉਸ 2:8-10) ਜਦ ਖੁੱਲ੍ਹੇ ਮੈਦਾਨਾਂ ਵਿਚ ਵੱਡੇ ਸੰਮੇਲਨ ਹੁੰਦੇ ਹਨ, ਤਾਂ ਚਾਹੇ ਬਹੁਤ ਗਰਮੀ ਹੋਵੇ, ਫਿਰ ਵੀ ਸਾਨੂੰ ਛੋਟੇ-ਤੰਗ, ਬੇਹੂਦਾ ਕਿਸਮ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਜਿਨ੍ਹਾਂ ਕਾਰਨ ਲੋਕਾਂ ਦਾ ਧਿਆਨ ਸਾਡੇ ਵੱਲ ਖਿੱਚਿਆ ਜਾਵੇ। ਇਸ ਤੋਂ ਇਲਾਵਾ, ਅਸੀਂ ਸੰਮੇਲਨਾਂ ਦੀ ਪਵਿੱਤਰਤਾ ਨੂੰ ਪਛਾਣਦੇ ਹੋਏ ਪ੍ਰੋਗ੍ਰਾਮ ਦੌਰਾਨ ਨਾ ਕੁਝ ਖਾਵਾਂਗੇ ਤੇ ਨਾ ਚਿਊਇੰਗ-ਗਮ ਚਬਾਵਾਂਗੇ। ਸਭਾਵਾਂ ਵਿਚ ਸਾਡੇ ਸਹੀ ਕੱਪੜੇ ਅਤੇ ਚਾਲ-ਚਲਣ ਨਾਲ ਯਹੋਵਾਹ ਦੀ ਮਹਿਮਾ ਹੋਵੇਗੀ ਤੇ ਉਸ ਦੇ ਸੇਵਕਾਂ ਦੀ ਨੇਕਨਾਮੀ ਹੋਵੇਗੀ।

ਯਹੋਵਾਹ ਦੇ ਸੇਵਕਾਂ ਦਾ ਵਤੀਰਾ

10. ਪੌਲੁਸ ਰਸੂਲ ਨੇ ਕਿਵੇਂ ਦਿਖਾਇਆ ਸੀ ਕਿ ਸਭਾਵਾਂ ਵਿਚ ਸਾਡਾ ਵਤੀਰਾ ਸਹੀ ਹੋਣਾ ਚਾਹੀਦਾ ਹੈ?

10 ਅਸੀਂ 1 ਕੁਰਿੰਥੀਆਂ ਦੇ 14ਵੇਂ ਅਧਿਆਇ ਵਿਚ ਪੌਲੁਸ ਰਸੂਲ ਦੀ ਚੰਗੀ ਸਲਾਹ ਪੜ੍ਹ ਸਕਦੇ ਹਾਂ ਕਿ ਸਭਾਵਾਂ ਕਿਵੇਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ। ਅਖ਼ੀਰਲੀ ਆਇਤ ਵਿਚ ਉਸ ਨੇ ਕਿਹਾ: “ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੋਣ।” (1 ਕੁਰਿੰਥੀਆਂ 14:40) ਸਭਾਵਾਂ ਮਸੀਹੀ ਕਲੀਸਿਯਾ ਦਾ ਜ਼ਰੂਰੀ ਹਿੱਸਾ ਹਨ ਅਤੇ ਯਹੋਵਾਹ ਦੇ ਸੇਵਕਾਂ ਵਜੋਂ ਇਨ੍ਹਾਂ ਵਿਚ ਸਾਡਾ ਵਤੀਰਾ ਸਹੀ ਹੋਣਾ ਚਾਹੀਦਾ ਹੈ।

11, 12. (ੳ) ਸਭਾਵਾਂ ਬਾਰੇ ਬੱਚਿਆਂ ਨੂੰ ਕੀ ਸਿਖਾਇਆ ਜਾਣਾ ਚਾਹੀਦਾ ਹੈ? (ਅ) ਸਭਾਵਾਂ ਵਿਚ ਬੱਚੇ ਆਪਣੀ ਨਿਹਚਾ ਦਾ ਸਬੂਤ ਕਿਵੇਂ ਦੇ ਸਕਦੇ ਹਨ?

11 ਖ਼ਾਸ ਕਰਕੇ ਬੱਚਿਆਂ ਨੂੰ ਸਿਖਾਇਆ ਜਾਣਾ ਚਾਹੀਦਾ ਹੈ ਕਿ ਮੀਟਿੰਗਾਂ ਵਿਚ ਸਾਡਾ ਚਾਲ-ਚਲਣ ਕਿਹੋ ਜਿਹਾ ਹੋਣਾ ਚਾਹੀਦਾ ਹੈ। ਇਹ ਜ਼ਰੂਰੀ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਕਿੰਗਡਮ ਹਾਲ ਜਾਂ ਜਿਸ ਘਰ ਵਿਚ ਬੁੱਕ ਸਟੱਡੀ ਕੀਤੀ ਜਾਂਦੀ ਹੈ, ਉਹ ਖੇਡਣ ਦੀ ਥਾਂ ਨਹੀਂ ਹੈ। ਇਨ੍ਹਾਂ ਥਾਵਾਂ ਤੇ ਅਸੀਂ ਯਹੋਵਾਹ ਦੀ ਭਗਤੀ ਕਰਨ ਅਤੇ ਉਸ ਦਾ ਬਚਨ ਪੜ੍ਹਨ ਜਾਂਦੇ ਹਾਂ। ਬੁੱਧੀਮਾਨ ਰਾਜਾ ਸੁਲੇਮਾਨ ਨੇ ਲਿਖਿਆ: “ਜਿਸ ਵੇਲੇ ਤੂੰ ਪਰਮੇਸ਼ੁਰ ਦੇ ਘਰ ਵਿੱਚ ਜਾਵੇਂ ਤਾਂ ਪੈਰ ਚੌਕਸੀ ਨਾਲ ਧਰ। . . . ਸੁਣਨ ਲਈ ਨੇੜੇ ਆਉਣਾ ਚੰਗਾ ਹੈ।” (ਉਪਦੇਸ਼ਕ ਦੀ ਪੋਥੀ 5:1) ਮੂਸਾ ਨੇ ਸਾਰੇ ਇਸਰਾਏਲੀਆਂ ਨੂੰ ਇਕੱਠਾ ਕੀਤਾ ਸੀ, ਵੱਡਿਆਂ ਦੇ ਨਾਲ-ਨਾਲ “ਨਿਆਣਿਆਂ” ਨੂੰ ਵੀ। ਉਸ ਨੇ ਕਿਹਾ: ‘ਪਰਜਾ ਨੂੰ ਇਕੱਠਾ ਕਰੋ, ਮਨੁੱਖਾਂ, ਤੀਵੀਆਂ ਅਤੇ ਨਿਆਣਿਆਂ ਨੂੰ ਤਾਂ ਜੋ ਓਹ ਸੁਣਨ ਅਤੇ ਸਿੱਖਣ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨ ਅਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ। ਅਤੇ ਉਨ੍ਹਾਂ ਦੇ ਨਿਆਣੇ ਬੱਚੇ ਸੁਣਨ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨਾ ਸਿੱਖਣ।’ਬਿਵਸਥਾ ਸਾਰ 31:12, 13.

12 ਇਸੇ ਤਰ੍ਹਾਂ ਅੱਜ ਨਿਆਣੇ ਆਪਣੇ ਮਾਪਿਆਂ ਨਾਲ ਸੁਣਨ ਅਤੇ ਸਿੱਖਣ ਲਈ ਸਭਾਵਾਂ ਵਿਚ ਆਉਂਦੇ ਹਨ। ਜਦ ਉਹ ਬਾਈਬਲ ਦੀਆਂ ਸਿੱਖਿਆਵਾਂ ਨੂੰ ਸਮਝਣ ਲੱਗ ਪੈਂਦੇ ਹਨ, ਤਾਂ ਆਪਣੀ ਨਿਹਚਾ ਦਾ ਸਬੂਤ ਦਿੰਦੇ ਹੋਏ ਉਹ ਸਭਾਵਾਂ ਵਿਚ ਟਿੱਪਣੀਆਂ ਕਰ ਸਕਦੇ ਹਨ। (ਰੋਮੀਆਂ 10:10) ਬੱਚੇ ਉਨ੍ਹਾਂ ਸਵਾਲਾਂ ਦੇ ਛੋਟੇ-ਛੋਟੇ ਜਵਾਬ ਦੇ ਸਕਦੇ ਹਨ ਜਿਨ੍ਹਾਂ ਨੂੰ ਉਹ ਸਮਝਦੇ ਹਨ। ਸ਼ੁਰੂ ਵਿਚ ਬੱਚਾ ਸ਼ਾਇਦ ਜਵਾਬ ਪੜ੍ਹ ਕੇ ਸੁਣਾਵੇ, ਪਰ ਬਾਅਦ ਵਿਚ ਉਹ ਆਪਣੇ ਹੀ ਸ਼ਬਦਾਂ ਵਿਚ ਜਵਾਬ ਦੇਣ ਦੀ ਕੋਸ਼ਿਸ਼ ਕਰੇਗਾ। ਸਭਾਵਾਂ ਵਿਚ ਹਿੱਸਾ ਲੈਣ ਨਾਲ ਬੱਚੇ ਨੂੰ ਲਾਭ ਹੋਵੇਗਾ ਤੇ ਉਸ ਨੂੰ ਮਜ਼ਾ ਵੀ ਆਵੇਗਾ। ਬੱਚਿਆਂ ਦੀਆਂ ਟਿੱਪਣੀਆਂ ਸੁਣ ਕੇ ਬਾਕੀ ਭੈਣਾਂ-ਭਰਾਵਾਂ ਦੇ ਦਿਲ ਵੀ ਖ਼ੁਸ਼ ਹੋਣਗੇ। ਵੈਸੇ, ਮਾਪਿਆਂ ਨੂੰ ਟਿੱਪਣੀਆਂ ਕਰਨ ਵਿਚ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਵਧੀਆ ਹੋਵੇਗਾ ਜੇ ਸਭਾਵਾਂ ਲਈ ਬੱਚਿਆਂ ਕੋਲ ਆਪੋ-ਆਪਣੀਆਂ ਕਿਤਾਬਾਂ ਹੋਣ। ਉਨ੍ਹਾਂ ਨੂੰ ਇਨ੍ਹਾਂ ਕਿਤਾਬਾਂ ਦਾ ਖ਼ਿਆਲ ਰੱਖਣਾ ਸਿਖਾਉਣਾ ਚਾਹੀਦਾ ਹੈ। ਇਹ ਸਭ ਕਰਨ ਨਾਲ ਬੱਚਿਆਂ ਨੂੰ ਪਤਾ ਲੱਗ ਜਾਵੇਗਾ ਕਿ ਸਾਡੀਆਂ ਸਭਾਵਾਂ ਪਵਿੱਤਰ ਹਨ।

13. ਸਭਾਵਾਂ ਵਿਚ ਪਹਿਲੀ ਵਾਰ ਆਏ ਲੋਕਾਂ ਦੇ ਸੰਬੰਧ ਵਿਚ ਅਸੀਂ ਕੀ ਚਾਹੁੰਦੇ ਹਾਂ?

13 ਸਾਡੀਆਂ ਸਭਾਵਾਂ ਚਰਚ ਦੀਆਂ ਸਭਾਵਾਂ ਵਾਂਗ ਨਹੀਂ ਹੋਣੀਆਂ ਚਾਹੀਦੀਆਂ। ਕਈ ਗਿਰਜਿਆਂ ਵਿਚ ਪਾਦਰੀ ਬੋਲ-ਬੋਲ ਕੇ ਸੁਣਨ ਵਾਲਿਆਂ ਨੂੰ ਬੋਰ ਕਰ ਦਿੰਦੇ ਹਨ। ਦੂਜੇ ਪਾਸੇ, ਕੁਝ ਗਿਰਜਿਆਂ ਦੀਆਂ ਸਭਾਵਾਂ ਦਾ ਮਾਹੌਲ ਸ਼ੋਰ-ਸ਼ਰਾਬੇ ਭਰਿਆ ਹੁੰਦਾ ਹੈ ਜਿੱਥੇ ਸ਼ਰਧਾਲੂ ਨੱਚ-ਗਾ ਕੇ ਭਗਤੀ ਕਰਦੇ ਹਨ। ਪਰ ਯਾਦ ਰੱਖੋ ਕਿ ਅਸੀਂ ਯਹੋਵਾਹ ਦੀ ਭਗਤੀ ਕਰਨ ਲਈ ਇਕੱਠੇ ਹੁੰਦੇ ਹਾਂ, ਇਸ ਲਈ ਸਾਡੀਆਂ ਸਭਾਵਾਂ ਹਮੇਸ਼ਾ ਆਦਰਯੋਗ ਹੋਣੀਆਂ ਚਾਹੀਦੀਆਂ ਹਨ। ਸਾਡੀ ਇਹੋ ਇੱਛਾ ਹੈ ਕਿ ਸਭਾਵਾਂ ਵਿਚ ਦੱਸੀਆਂ ਗੱਲਾਂ ਸੁਣ ਕੇ ਅਤੇ ਸਾਡਾ ਤੇ ਸਾਡੇ ਬੱਚਿਆਂ ਦਾ ਵਤੀਰਾ ਦੇਖ ਕੇ ਪਹਿਲੀ ਵਾਰ ਆਏ ਲੋਕ ਕਹਿਣ: “ਸੱਚੀ ਮੁੱਚੀ ਪਰਮੇਸ਼ੁਰ ਏਹਨਾਂ ਦੇ ਵਿੱਚ ਹੈ!”—1 ਕੁਰਿੰਥੀਆਂ 14:25.

ਸਾਡੀ ਭਗਤੀ ਦਾ ਅਹਿਮ ਹਿੱਸਾ

14, 15. (ੳ) ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ‘ਆਪਣੇ ਪਰਮੇਸ਼ੁਰ ਦੇ ਭਵਨ ਨੂੰ ਨਹੀਂ ਤਿਆਗਦੇ’? (ਅ) ਯਸਾਯਾਹ 66:23 ਦੀ ਭਵਿੱਖਬਾਣੀ ਅੱਜ ਕਿਵੇਂ ਪੂਰੀ ਹੋ ਰਹੀ ਹੈ?

14 ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸ ਚੁੱਕੇ ਹਾਂ, ਯਹੋਵਾਹ ਆਪਣੇ ਲੋਕਾਂ ਨੂੰ ਇਕੱਠਾ ਕਰਦਾ ਹੈ ਤੇ “ਆਪਣੇ ਪ੍ਰਾਰਥਨਾ ਦੇ ਘਰ” ਯਾਨੀ ਰੂਹਾਨੀ ਹੈਕਲ ਵਿਚ ਉਨ੍ਹਾਂ ਨੂੰ ਆਨੰਦ ਦੁਆਉਂਦਾ ਹੈ। (ਯਸਾਯਾਹ 56:7) ਯਹੋਵਾਹ ਦੇ ਵਫ਼ਾਦਾਰ ਭਗਤ ਨਹਮਯਾਹ ਨੇ ਯਹੂਦੀਆਂ ਨੂੰ ਯਾਦ ਕਰਾਇਆ ਸੀ ਕਿ ਉਹ ਦਾਨ ਦੇ ਕੇ ਹੈਕਲ ਦਾ ਆਦਰ ਕਰ ਸਕਦੇ ਸਨ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੇ ਦਿਖਾਇਆ ਕਿ ਉਹ ‘ਆਪਣੇ ਪਰਮੇਸ਼ੁਰ ਦੇ ਭਵਨ ਨੂੰ ਤਿਆਗਦੇ ਨਹੀਂ ਸਨ।’ (ਨਹਮਯਾਹ 10:39) ਅੱਜ ਅਸੀਂ ਵੀ ਦਾਨ ਦੇ ਕੇ ਆਪਣੀਆਂ ਸਭਾਵਾਂ ਦੀ ਕਦਰ ਕਰ ਸਕਦੇ ਹਾਂ। ਇਸ ਦੇ ਨਾਲ-ਨਾਲ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ “ਆਪਣੇ ਪ੍ਰਾਰਥਨਾ ਦੇ ਘਰ” ਵਿਚ ਬੁਲਾਉਂਦਾ ਹੈ, ਸੋ ਸਾਨੂੰ ਆਪਣੀਆਂ ਸਭਾਵਾਂ ਨੂੰ ਤਿਆਗਣਾ ਨਹੀਂ ਚਾਹੀਦਾ।

15 ਸਭਾਵਾਂ ਵਿਚ ਬਾਕਾਇਦਾ ਆਉਣ ਦੀ ਜ਼ਰੂਰਤ ਉੱਤੇ ਜ਼ੋਰ ਦਿੰਦੇ ਹੋਏ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ: “ਐਉਂ ਹੋਵੇਗਾ ਕਿ ਨਵੇਂ ਚੰਦ ਤੋਂ ਨਵੇਂ ਚੰਦ ਤੀਕ, ਅਤੇ ਸਬਤ ਤੋਂ ਸਬਤ ਤੀਕ, ਸਾਰੇ ਬਸ਼ਰ ਆਉਣਗੇ ਭਈ ਮੇਰੇ ਸਨਮੁਖ ਮੱਥਾ ਟੇਕਣ, ਯਹੋਵਾਹ ਆਖਦਾ ਹੈ।” (ਯਸਾਯਾਹ 66:23) ਇਹ ਭਵਿੱਖਬਾਣੀ ਅੱਜ ਪੂਰੀ ਹੋ ਰਹੀ ਹੈ। ਮਸੀਹੀ ਹਰ ਹਫ਼ਤੇ ਯਹੋਵਾਹ ਦੀ ਭਗਤੀ ਕਰਨ ਲਈ ਇਕੱਠੇ ਹੁੰਦੇ ਹਨ। ਮਿਸਾਲ ਲਈ, ਉਹ ਸਭਾਵਾਂ ਵਿਚ ਆਉਂਦੇ ਹਨ ਅਤੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਲਈ ਵੀ ਇਕੱਠੇ ਹੁੰਦੇ ਹਨ। ਕੀ ਤੁਸੀਂ ਹਰ ਸਭਾ ਵਿਚ ‘ਯਹੋਵਾਹ ਦੇ ਸਨਮੁਖ ਮੱਥਾ ਟੇਕਣ ਆਉਂਦੇ’ ਹੋ?

16. ਸਾਨੂੰ ਹੁਣ ਤੋਂ ਹੀ ਸਭਾਵਾਂ ਵਿਚ ਜਾਣ ਦੀ ਆਦਤ ਕਿਉਂ ਪਾਉਣੀ ਚਾਹੀਦੀ ਹੈ?

16ਯਸਾਯਾਹ 66:23 ਦੇ ਸ਼ਬਦ ਯਹੋਵਾਹ ਦੇ ਨਵੇਂ ਸੰਸਾਰ ਵਿਚ ਵੀ ਪੂਰੇ ਹੋਣਗੇ। ਉਸ ਸਮੇਂ ਸੱਚੀਂ-ਮੁੱਚੀਂ ਸਾਰੀਆਂ ਕੌਮਾਂ ਦੇ ਲੋਕ ਹਮੇਸ਼ਾ-ਹਮੇਸ਼ਾ ਲਈ ਹਫ਼ਤੇ-ਦਰ-ਹਫ਼ਤੇ “ਆਉਣਗੇ ਭਈ [ਯਹੋਵਾਹ ਦੇ] ਸਨਮੁਖ ਮੱਥਾ ਟੇਕਣ।” ਨਵੇਂ ਸੰਸਾਰ ਵਿਚ ਸਭਾਵਾਂ ਵਿਚ ਜਾਣਾ ਸਾਡੀ ਜ਼ਿੰਦਗੀ ਦੀ ਰੀਤ ਹੋਵੇਗੀ, ਇਸ ਲਈ ਆਓ ਆਪਾਂ ਹੁਣ ਤੋਂ ਹੀ ਸਭਾਵਾਂ ਵਿਚ ਜਾਣ ਦੀ ਆਦਤ ਪਾਈਏ।

17. ਸਾਨੂੰ ਉੱਨਾ ਹੀ ਵਧੀਕ ਸਭਾਵਾਂ ਵਿਚ ਜਾਣ ਦੀ ਕਿਉਂ ਲੋੜ ਹੈ ਜਿੰਨਾ ਅਸੀਂ ਦੇਖਦੇ ਹਾਂ ਕਿ ਦੁਨੀਆਂ ਦਾ ਅੰਤ “ਨੇੜੇ ਆਉਂਦਾ ਹੈ”?

17 ਜਿਉਂ-ਜਿਉਂ ਇਸ ਦੁਨੀਆਂ ਦਾ ਅੰਤ ਨੇੜੇ ਆਉਂਦਾ ਹੈ, ਤਿਉਂ-ਤਿਉਂ ਮੀਟਿੰਗਾਂ ਵਿਚ ਜਾਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਣਾ ਚਾਹੀਦਾ ਹੈ। ਸਾਡੀਆਂ ਸਭਾਵਾਂ ਪਵਿੱਤਰ ਹਨ। ਇਸ ਲਈ ਸਾਨੂੰ ਨੌਕਰੀ-ਪੇਸ਼ੇ, ਸਕੂਲ ਦੇ ਕੰਮ ਜਾਂ ਸ਼ਾਮ ਨੂੰ ਲੱਗਦੀਆਂ ਕਲਾਸਾਂ ਕਰਕੇ ਸਭਾਵਾਂ ਵਿਚ ਆਪਣੇ ਭੈਣਾਂ-ਭਰਾਵਾਂ ਨਾਲ ਇਕੱਠੇ ਹੋਣ ਦੇ ਮੌਕਿਆਂ ਨੂੰ ਗੁਆਉਣਾ ਨਹੀਂ ਚਾਹੀਦਾ। ਸਾਨੂੰ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਦੀ ਜ਼ਰੂਰਤ ਹੈ। ਕਲੀਸਿਯਾ ਨਾਲ ਮਿਲਣ-ਗਿਲਣ ਦੁਆਰਾ ਸਾਨੂੰ ਇਕ-ਦੂਜੇ ਨੂੰ ਜਾਣਨ, ਹੌਸਲਾ ਦੇਣ ਅਤੇ “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ” ਦਾ ਮੌਕਾ ਮਿਲਦਾ ਹੈ। ਸਾਨੂੰ ਉੱਨਾ ਹੀ ਵਧੀਕ ਸਭਾਵਾਂ ਵਿਚ ਜਾਣ ਦੀ ਲੋੜ ਹੈ ਜਿੰਨਾ ਅਸੀਂ ਦੇਖਦੇ ਹਾਂ ਕਿ ਦੁਨੀਆਂ ਦਾ ਅੰਤ “ਨੇੜੇ ਆਉਂਦਾ ਹੈ।” (ਇਬਰਾਨੀਆਂ 10:24, 25) ਇਸ ਲਈ ਆਓ ਆਪਾਂ ਬਾਕਾਇਦਾ ਸਭਾਵਾਂ ਵਿਚ ਜਾ ਕੇ, ਸਹੀ ਢੰਗ ਦੇ ਕੱਪੜੇ ਪਾ ਕੇ ਅਤੇ ਸਹੀ ਵਤੀਰਾ ਰੱਖ ਕੇ ਹਮੇਸ਼ਾ ਆਪਣੀਆਂ ਪਵਿੱਤਰ ਸਭਾਵਾਂ ਦੀ ਕਦਰ ਕਰੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਪਵਿੱਤਰ ਚੀਜ਼ਾਂ ਬਾਰੇ ਯਹੋਵਾਹ ਦਾ ਨਜ਼ਰੀਆ ਅਪਣਾਵਾਂਗੇ।

ਇਨ੍ਹਾਂ ਸਵਾਲਾਂ ਉੱਤੇ ਗੌਰ ਕਰੋ

• ਸਾਨੂੰ ਕਿਵੇਂ ਪਤਾ ਹੈ ਕਿ ਯਹੋਵਾਹ ਦੇ ਲੋਕਾਂ ਨੂੰ ਸਭਾਵਾਂ ਨੂੰ ਪਵਿੱਤਰ ਸਮਝਣਾ ਚਾਹੀਦਾ ਹੈ?

• ਕਿਹੜੀਆਂ ਗੱਲਾਂ ਸਾਡੀਆਂ ਸਭਾਵਾਂ ਨੂੰ ਪਵਿੱਤਰ ਬਣਾਉਂਦੀਆਂ ਹਨ?

• ਬੱਚੇ ਕਿਸ ਤਰ੍ਹਾਂ ਦਿਖਾ ਸਕਦੇ ਹਨ ਕਿ ਉਹ ਸਭਾਵਾਂ ਦੀ ਪਵਿੱਤਰਤਾ ਦੀ ਕਦਰ ਕਰਦੇ ਹਨ?

• ਸਾਨੂੰ ਸਭਾਵਾਂ ਵਿਚ ਬਾਕਾਇਦਾ ਕਿਉਂ ਆਉਣਾ ਚਾਹੀਦਾ ਹੈ?

[ਸਵਾਲ]

[ਸਫ਼ਾ 28 ਉੱਤੇ ਤਸਵੀਰਾਂ]

ਯਹੋਵਾਹ ਦੀ ਭਗਤੀ ਕਰਨ ਲਈ ਕੀਤੀਆਂ ਸਭਾਵਾਂ ਪਵਿੱਤਰ ਹੁੰਦੀਆਂ ਹਨ, ਭਾਵੇਂ ਉਹ ਜਿੱਥੇ ਮਰਜ਼ੀ ਕੀਤੀਆਂ ਜਾਣ

[ਸਫ਼ਾ 31 ਉੱਤੇ ਤਸਵੀਰ]

ਨਿਆਣੇ ਸੁਣਨ ਅਤੇ ਸਿੱਖਣ ਲਈ ਸਭਾਵਾਂ ਵਿਚ ਆਉਂਦੇ ਹਨ