ਬੱਚਿਆਂ ਦੀ ਪਰਵਰਿਸ਼ ਵਾਸਤੇ ਭਰੋਸੇਯੋਗ ਸਲਾਹ
ਬੱਚਿਆਂ ਦੀ ਪਰਵਰਿਸ਼ ਵਾਸਤੇ ਭਰੋਸੇਯੋਗ ਸਲਾਹ
ਰੂਥ ਨਾਂ ਦੀ ਤੀਵੀਂ ਆਪਣੇ ਪਹਿਲੇ ਬੱਚੇ ਦੇ ਜਨਮ ਬਾਰੇ ਦੱਸਦੀ ਹੈ: “ਮੈਂ ਸਿਰਫ਼ 19 ਸਾਲਾਂ ਦੀ ਸੀ ਤੇ ਆਪਣੇ ਸਾਰੇ ਰਿਸ਼ਤੇਦਾਰਾਂ ਤੋਂ ਬਹੁਤ ਦੂਰ ਰਹਿੰਦੀ ਸੀ। ਮੈਨੂੰ ਬੱਚਿਆਂ ਦੇ ਪਾਲਣ-ਪੋਸਣ ਬਾਰੇ ਕੁਝ ਨਹੀਂ ਪਤਾ ਸੀ।” ਉਸ ਦੀ ਆਪਣੀ ਨਾ ਕੋਈ ਭੈਣ ਸੀ ਤੇ ਨਾ ਕੋਈ ਭਰਾ। ਖ਼ੁਦ ਮਾਂ ਬਣਨ ਦਾ ਉਸ ਦੇ ਮਨ ਵਿਚ ਕਦੇ ਕੋਈ ਖ਼ਿਆਲ ਹੀ ਨਹੀਂ ਸੀ ਆਇਆ। ਉਹ ਆਪਣੇ ਬੱਚੇ ਦੀ ਪਰਵਰਿਸ਼ ਕਰਨ ਬਾਰੇ ਸਲਾਹ ਲੈਣ ਕਿੱਥੇ ਜਾ ਸਕਦੀ ਸੀ?
ਜੈਨ ਦੋ ਬੱਚਿਆਂ ਦਾ ਪਿਤਾ ਹੈ। ਰੂਥ ਤੋਂ ਉਲਟ ਉਹ ਕਹਿੰਦਾ ਹੈ: “ਪਹਿਲਾਂ-ਪਹਿਲਾਂ ਤਾਂ ਮੈਨੂੰ ਉਨ੍ਹਾਂ ਦੀ ਪਰਵਰਿਸ਼ ਬਾਰੇ ਕੋਈ ਚਿੰਤਾ ਨਹੀਂ ਸੀ। ਮੈਨੂੰ ਲੱਗਦਾ ਸੀ ਕਿ ਮੈਂ ਸਭ ਕੁਝ ਸੰਭਾਲ ਸਕਾਂਗਾ, ਪਰ ਥੋੜ੍ਹੇ ਹੀ ਸਮੇਂ ਵਿਚ ਮੈਨੂੰ ਅਹਿਸਾਸ ਹੋ ਗਿਆ ਕਿ ਮੈਨੂੰ ਬਹੁਤ ਕੁਝ ਨਹੀਂ ਪਤਾ ਸੀ।” ਕੁਝ ਮਾਂ-ਬਾਪ ਬੱਚੇ ਦੇ ਜਨਮ ਤੋਂ ਹੀ ਬੇਬੱਸ ਮਹਿਸੂਸ ਕਰਦੇ ਹਨ ਤੇ ਕੁਝ ਬਾਅਦ ਵਿਚ, ਪਰ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਲਈ ਚੰਗੀ ਸਲਾਹ ਕਿੱਥੋਂ ਮਿਲ ਸਕਦੀ ਹੈ?
ਬਹੁਤ ਸਾਰੇ ਲੋਕ ਅੱਜ-ਕੱਲ੍ਹ ਇੰਟਰਨੈੱਟ ਤੇ ਮਦਦ ਭਾਲਦੇ ਹਨ। ਪਰ ਤੁਸੀਂ ਸ਼ਾਇਦ ਸੋਚੋ ਕਿ ਇੰਟਰਨੈੱਟ ਤੇ ਮਿਲੀ ਸਲਾਹ ਤੇ ਤੁਸੀਂ ਕਿੰਨਾ ਕੁ ਭਰੋਸਾ ਰੱਖ ਸਕਦੇ ਹੋ। ਹਾਂ, ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਇੰਟਰਨੈੱਟ ਤੇ ਤੁਹਾਨੂੰ ਕੌਣ ਸਲਾਹ ਦੇ ਰਿਹਾ, ਤੁਸੀਂ ਨਹੀਂ ਜਾਣ ਸਕਦੇ। ਉਸ ਸਲਾਹ ਦੇਣ ਵਾਲੇ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਕਿੰਨੀ ਕੁ ਕਾਮਯਾਬੀ ਮਿਲੀ ਹੈ, ਤੁਸੀਂ ਨਹੀਂ ਜਾਣਦੇ। ਜਦ ਤੁਸੀਂ ਆਪਣੇ ਟੱਬਰ ਬਾਰੇ ਸੋਚਦੇ ਹੋ, ਤਾਂ ਤੁਹਾਨੂੰ ਸੱਚ-ਮੁੱਚ ਧਿਆਨ ਨਾਲ ਕਦਮ ਚੁੱਕਣ ਦੀ ਲੋੜ ਹੈ। ਜਿਵੇਂ ਅਸੀਂ ਪਹਿਲੇ ਲੇਖ ਵਿਚ ਦੇਖਿਆ ਸੀ, ਮਾਹਰਾਂ ਦੀ ਸਲਾਹ ਮੌਸਮ ਵਾਂਗ ਬਦਲਦੀ ਰਹਿੰਦੀ ਹੈ। ਤਾਂ ਫਿਰ, ਤੁਸੀਂ ਕਿਸ ਤੋਂ ਸਲਾਹ ਲੈ ਸਕਦੇ ਹੋ?
ਯਹੋਵਾਹ ਪਰਮੇਸ਼ੁਰ ਬੱਚਿਆਂ ਦੀ ਪਰਵਰਿਸ਼ ਬਾਰੇ ਸਭ ਕੁਝ ਜਾਣਦਾ ਹੈ। ਕਿਉਂ? ਕਿਉਂਕਿ ਉਸ ਨੇ ਹੀ ਪਰਿਵਾਰ ਦੀ ਸ਼ੁਰੂਆਤ ਕੀਤੀ ਸੀ। (ਅਫ਼ਸੀਆਂ 3:15) ਉਹ ਅਸਲੀ ਮਾਹਰ ਹੈ। ਆਪਣੇ ਬਚਨ ਬਾਈਬਲ ਦੇ ਜ਼ਰੀਏ ਉਹ ਭਰੋਸੇਯੋਗ ਸਲਾਹ ਦਿੰਦਾ ਹੈ ਜਿਸ ਦੀ ਮਦਦ ਨਾਲ ਮਾਂ-ਬਾਪ ਬੱਚਿਆਂ ਦੀ ਪਰਵਰਿਸ਼ ਕਰ ਸਕਦੇ ਹਨ। (ਜ਼ਬੂਰਾਂ ਦੀ ਪੋਥੀ 32:8; ਯਸਾਯਾਹ 48:17, 18) ਇਹ ਹੁਣ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਸਲਾਹ ਨੂੰ ਲਾਗੂ ਕਰੀਏ।
ਕਈ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣਾ ਤੇ ਆਪਣੇ ਦਿਲਾਂ ਵਿਚ ਰੱਬ ਦਾ ਭੈ ਰੱਖਣਾ ਸਿਖਾਇਆ ਹੈ। ਉਨ੍ਹਾਂ ਮਾਪਿਆਂ ਨੂੰ ਪੁੱਛਿਆ ਗਿਆ ਸੀ ਕਿ ਉਨ੍ਹਾਂ ਨੂੰ ਕਿਹੜੀ ਸਲਾਹ ਲਾਗੂ ਕਰ ਕੇ ਮਦਦ ਮਿਲੀ ਸੀ। ਉਨ੍ਹਾਂ ਨੇ ਕਿਹਾ ਕਿ ਮੁੱਖ ਤੌਰ ਤੇ ਬਾਈਬਲ ਦੇ ਸਿਧਾਂਤ ਲਾਗੂ ਕਰ ਕੇ ਉਹ ਕਾਮਯਾਬ ਹੋ ਸਕੇ ਸਨ। ਉਨ੍ਹਾਂ ਨੇ ਕਿਹਾ ਕਿ ਬਾਈਬਲ ਦੀ ਸਲਾਹ ਅੱਜ ਵੀ ਉੱਨੀ ਫ਼ਾਇਦੇਮੰਦ ਹੈ ਜਿੰਨੀ ਪੁਰਾਣੇ ਸਮਿਆਂ ਵਿਚ ਹੁੰਦੀ ਸੀ।
ਉਨ੍ਹਾਂ ਨਾਲ ਸਮਾਂ ਬਿਤਾਓ
ਜਦੋਂ ਦੋ ਬੱਚਿਆਂ ਦੀ ਮਾਂ ਕੈਥਰੀਨ ਨੂੰ ਪੁੱਛਿਆ ਗਿਆ ਕਿ ਉਸ ਨੂੰ ਕਿਹੜੀ ਸਲਾਹ ਲਾਗੂ ਕਰ ਕੇ ਮਦਦ ਮਿਲੀ, ਤਾਂ ਉਸ ਨੇ ਇਕਦਮ ਬਿਵਸਥਾ ਸਾਰ 6:7 ਦੀ ਗੱਲ ਕੀਤੀ, ਜਿੱਥੇ ਲਿਖਿਆ ਹੈ: “ਤੁਸੀਂ [ਬਾਈਬਲ ਦੇ ਸਿਧਾਂਤਾਂ] ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” ਕੈਥਰੀਨ ਸਮਝ ਗਈ ਸੀ ਕਿ ਜੇ ਉਸ ਨੇ ਇਸ ਸਲਾਹ ਨੂੰ ਲਾਗੂ ਕਰਨਾ ਸੀ, ਤਾਂ ਉਸ ਨੂੰ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣਾ ਪੈਣਾ ਸੀ।
ਤੁਸੀਂ ਸ਼ਾਇਦ ਸੋਚੋ ਕਿ ਇਸ ਤਰ੍ਹਾਂ ਕਹਿਣਾ ਸੌਖਾ ਹੈ, ਪਰ ਕਰਨਾ ਔਖਾ। ਅੱਜ-ਕੱਲ੍ਹ ਘਰ ਦਾ ਗੁਜ਼ਾਰਾ ਤੋਰਨਾ ਇੰਨਾ ਮੁਸ਼ਕਲ ਹੈ ਕਿ ਮਾਂ-ਪਿਓ ਦੋਹਾਂ ਨੂੰ ਨੌਕਰੀ ਕਰਨੀ ਪੈਂਦੀ ਹੈ। ਤਾਂ ਫਿਰ ਬੱਚਿਆਂ ਨਾਲ ਸਮਾਂ ਕਿੱਥੋਂ ਕੱਢਿਆ ਜਾਵੇ? ਟੌਰਲਿਫ਼ ਜਿਸ ਦੇ ਬੇਟੇ ਦੇ ਆਪਣੇ ਬੱਚੇ ਹਨ, ਕਹਿੰਦਾ ਹੈ ਕਿ ਬਿਵਸਥਾ ਸਾਰ ਵਿਚ ਦਿੱਤੀ ਸਲਾਹ ਲਾਗੂ ਕਰਨੀ ਬਹੁਤ ਜ਼ਰੂਰੀ ਹੈ। ਇਕ ਤਰੀਕਾ ਹੈ ਕਿ ਤੁਸੀਂ ਜਿੱਥੇ ਵੀ ਜਾ ਰਹੇ ਹੋ, ਆਪਣੇ ਬੱਚਿਆਂ ਨੂੰ ਹਮੇਸ਼ਾ ਆਪਣੇ ਨਾਲ ਲੈ ਜਾਓ ਅਤੇ ਤੁਹਾਨੂੰ ਗੱਲ ਕਰਨ ਦੇ ਬਥੇਰੇ ਮੌਕੇ ਮਿਲ ਜਾਣਗੇ। ਉਹ ਕਹਿੰਦਾ ਹੈ: “ਮੈਂ ਤੇ ਮੇਰਾ ਪੁੱਤਰ ਮਿਲ ਕੇ ਘਰ ਦੀ ਮੁਰੰਮਤ ਕਰਦੇ ਹੁੰਦੇ ਸੀ। ਸਾਡਾ ਸਾਰਾ ਪਰਿਵਾਰ ਮਿਲ ਕੇ ਸੈਰ ਕਰਨ ਜਾਂਦਾ ਸੀ। ਅਸੀਂ ਇਕੱਠੇ ਰੋਟੀ ਖਾਂਦੇ ਸੀ।” ਇਸ ਦੇ ਨਤੀਜੇ ਬਾਰੇ ਉਹ ਦੱਸਦਾ ਹੈ: “ਸਾਡੇ ਪੁੱਤਰ ਨੇ ਕਦੇ ਵੀ ਸਾਡੇ ਨਾਲ ਗੱਲ ਕਰਨ ਵਿਚ ਸੰਕੋਚ ਨਹੀਂ ਕੀਤਾ।”
ਪਰ ਜੇ ਬੱਚੇ ਖੁੱਲ੍ਹ ਕੇ ਗੱਲ ਕਰਨ ਤੋਂ ਕਤਰਾਉਣ, ਤਾਂ ਕੀ ਕੀਤਾ ਜਾ ਸਕਦਾ ਹੈ? ਕਈ ਬੱਚੇ ਕਿਸ਼ੋਰ ਅਵਸਥਾ ਵਿਚ ਪੈਰ ਰੱਖਦਿਆਂ ਹੀ ਚੁੱਪ ਸਾਧ ਲੈਂਦੇ ਹਨ। ਇਸ ਕਰਕੇ ਉਨ੍ਹਾਂ ਨਾਲ ਗੱਲ ਕਰਨ ਲਈ ਉਨ੍ਹਾਂ ਨਾਲ ਸਮਾਂ ਬਿਤਾਓ। ਕੈਥਰੀਨ ਦਾ ਪਤੀ ਕੈੱਨ ਉਸ ਸਮੇਂ ਬਾਰੇ ਦੱਸਦਾ ਹੈ ਜਦੋਂ ਉਨ੍ਹਾਂ ਦੀ ਅੱਲ੍ਹੜ ਉਮਰ ਦੀ ਧੀ ਕਹਿਣ ਲੱਗੀ ਕਿ ਉਹ ਉਸ ਦੀ ਕੋਈ ਗੱਲ ਨਹੀਂ ਸੁਣਦਾ ਸੀ। ਬਹੁਤ ਸਾਰੇ ਮੁੰਡੇ-ਕੁੜੀਆਂ ਦੀ ਇਹੋ ਸ਼ਿਕਾਇਤ ਹੁੰਦੀ ਹੈ। ਆਪਣੀ ਕੁੜੀ ਦੀ ਸ਼ਿਕਾਇਤ ਬਾਰੇ ਕੈੱਨ ਕੀ ਕਰ ਸਕਦਾ ਸੀ? ਉਹ ਦੱਸਦਾ ਹੈ: “ਮੈਂ ਫ਼ੈਸਲਾ ਕੀਤਾ ਕਿ ਮੈਂ ਉਸ ਨਾਲ ਬੈਠ ਕੇ ਗੱਲ ਕਰਾਂਗਾ। ਉਸ ਨੇ ਮੈਨੂੰ ਖੁੱਲ੍ਹ ਕੇ ਦੱਸਿਆ ਕਿ ਉਹ ਕਿਸੇ ਗੱਲ ਬਾਰੇ ਕਿਵੇਂ ਮਹਿਸੂਸ ਕਰਦੀ ਸੀ, ਕਿਹੜੀ ਗੱਲ ਉਸ ਨੂੰ ਚੰਗੀ ਲੱਗਦੀ ਸੀ ਤੇ ਕਿਹੜੀ ਮਾੜੀ ਅਤੇ ਕਿਹੜੀਆਂ ਗੱਲਾਂ ਤੋਂ ਉਹ ਨਿਰਾਸ਼ ਹੋ ਜਾਂਦੀ ਸੀ। ਇਸ ਤਰ੍ਹਾਂ ਆਪਣੀ ਕਹਾਉਤਾਂ 20:5) ਕੈੱਨ ਇਹ ਵੀ ਮੰਨਦਾ ਹੈ ਕਿ ਜੇ ਉਸ ਦੇ ਘਰ ਵਿਚ ਖੁੱਲ੍ਹ ਕੇ ਗੱਲ ਕਰਨ ਦੀ ਆਦਤ ਨਾ ਹੁੰਦੀ, ਤਾਂ ਉਸ ਨੂੰ ਕਾਮਯਾਬੀ ਨਹੀਂ ਮਿਲਣੀ ਸੀ। ਉਹ ਅੱਗੇ ਕਹਿੰਦਾ ਹੈ: “ਮੈਂ ਤੇ ਮੇਰੀ ਧੀ ਹਮੇਸ਼ਾ ਤੋਂ ਹੀ ਇਕ-ਦੂਜੇ ਦੇ ਨਜ਼ਦੀਕ ਮਹਿਸੂਸ ਕਰਦੇ ਸਾਂ, ਇਸ ਲਈ ਉਹ ਮੇਰੇ ਨਾਲ ਖੁੱਲ੍ਹ ਕੇ ਗੱਲ ਕਰਨ ਤੋਂ ਡਰਦੀ ਨਹੀਂ ਸੀ।”
ਧੀ ਨਾਲ ਸਮਾਂ ਬਿਤਾ ਕੇ ਮੈਂ ਉਸ ਦੀ ਮਦਦ ਕਰ ਸਕਿਆ ਸਾਂ।” (ਦਿਲਚਸਪੀ ਦੀ ਗੱਲ ਹੈ ਕਿ ਹਾਲ ਹੀ ਦੇ ਇਕ ਸਰਵੇਖਣ ਮੁਤਾਬਕ ਮਾਪਿਆਂ ਨਾਲੋਂ ਤਿੰਨ ਗੁਣਾ ਜ਼ਿਆਦਾ ਬੱਚਿਆਂ ਦੀ ਇਹ ਸ਼ਿਕਾਇਤ ਰਹੀ ਹੈ ਕਿ ਉਨ੍ਹਾਂ ਦੇ ਮਾਂ-ਬਾਪ ਉਨ੍ਹਾਂ ਨਾਲ ਸਮਾਂ ਨਹੀਂ ਬਿਤਾਉਂਦੇ। ਤਾਂ ਫਿਰ, ਕਿਉਂ ਨਾ ਬਾਈਬਲ ਦੀ ਸਲਾਹ ਲਾਗੂ ਕਰੋ? ਜਿੰਨਾ ਸਮਾਂ ਤੁਸੀਂ ਆਪਣੇ ਬੱਚਿਆਂ ਨਾਲ ਬਿਤਾ ਸਕਦੇ ਹੋ ਬਿਤਾਓ। ਤੁਸੀਂ ਆਰਾਮ ਤੇ ਕੰਮ ਕਰਦੇ ਹੋਏ, ਘਰ ਵਿਚ ਤੇ ਬਾਹਰ ਵੀ, ਸਵੇਰੇ ਉੱਠਦੇ ਸਾਰ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਇੱਦਾਂ ਕਰ ਸਕਦੇ ਹੋ। ਜੇ ਹੋ ਸਕੇ, ਤਾਂ ਜਿੱਥੇ ਵੀ ਤੁਸੀਂ ਜਾ ਰਹੇ ਹੋ, ਉਨ੍ਹਾਂ ਨੂੰ ਹਮੇਸ਼ਾ ਆਪਣੇ ਨਾਲ ਲੈ ਜਾਓ। ਬਿਵਸਥਾ ਸਾਰ 6:7 ਦੀ ਸਲਾਹ ਮੁਤਾਬਕ ਆਪਣੇ ਬੱਚੇ ਨਾਲ ਸਮਾਂ ਬਿਤਾਉਣ ਦੇ ਤੁੱਲ ਹੋਰ ਕੋਈ ਚੀਜ਼ ਨਹੀਂ ਹੈ।
ਉਨ੍ਹਾਂ ਨੂੰ ਨੈਤਿਕ ਅਸੂਲ ਸਿਖਾਓ
ਮਾਰੀਓ ਦੇ ਦੋ ਬੱਚੇ ਹਨ। ਉਹ ਕਹਿੰਦਾ ਹੈ: “ਆਪਣੇ ਬੱਚਿਆਂ ਨਾਲ ਬਹੁਤ ਲਾਡ-ਪਿਆਰ ਕਰੋ ਤੇ ਉਨ੍ਹਾਂ ਨੂੰ ਪੜ੍ਹ ਕੇ ਸੁਣਾਓ।” ਇੱਥੇ ਸਿਰਫ਼ ਬੱਚਿਆਂ ਦੀ ਦਿਮਾਗ਼ੀ ਸ਼ਕਤੀ ਤੇਜ਼ ਕਰਨ ਦੀ ਗੱਲ ਨਹੀਂ ਹੋ ਰਹੀ, ਪਰ ਬੱਚਿਆਂ ਨੂੰ ਨੈਤਿਕ ਸਿੱਖਿਆ ਦੇਣ ਦੀ ਗੱਲ ਹੋ ਰਹੀ ਹੈ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਤੇ ਗ਼ਲਤ ਦੀ ਪਛਾਣ ਕਰਨੀ ਸਿਖਾਓ। ਮਾਰੀਓ ਅੱਗੇ ਕਹਿੰਦਾ ਹੈ: “ਉਨ੍ਹਾਂ ਨਾਲ ਬਾਈਬਲ ਦੀ ਸਟੱਡੀ ਕਰੋ।”
ਇਸੇ ਕਰਕੇ ਬਾਈਬਲ ਵਿਚ ਮਾਪਿਆਂ ਨੂੰ ਕਿਹਾ ਗਿਆ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” (ਅਫ਼ਸੀਆਂ 6:4) ਬਹੁਤ ਸਾਰੇ ਪਰਿਵਾਰਾਂ ਵਿਚ ਬੱਚਿਆਂ ਨੂੰ ਨੈਤਿਕ ਸਿੱਖਿਆ ਨਹੀਂ ਦਿੱਤੀ ਜਾਂਦੀ ਕਿ ਉਨ੍ਹਾਂ ਲਈ ਕੀ ਸਹੀ ਹੈ ਤੇ ਕੀ ਗ਼ਲਤ। ਕਈ ਲੋਕ ਮੰਨਦੇ ਹਨ ਕਿ ਬੱਚੇ ਵੱਡੇ ਹੋ ਕੇ ਆਪੇ ਸਮਝ ਜਾਣਗੇ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ, ਇਸ ਲਈ ਉਹ ਉਨ੍ਹਾਂ ਨੂੰ ਨੈਤਿਕਤਾ ਬਾਰੇ ਕੁਝ ਨਹੀਂ ਸਿਖਾਉਂਦੇ। ਕੀ ਇਹ ਤੁਹਾਨੂੰ ਸਮਝਦਾਰੀ ਦੀ ਗੱਲ ਲੱਗਦੀ ਹੈ? ਅਸੀਂ ਬੱਚਿਆਂ ਨੂੰ ਚੰਗਾ ਖਾਣ-ਪੀਣ ਨੂੰ ਦਿੰਦੇ ਹਾਂ ਤਾਂਕਿ ਉਨ੍ਹਾਂ ਦੇ ਸਰੀਰ ਤਕੜੇ ਤੇ ਸਿਹਤਮੰਦ ਹੋਣ। ਇਸੇ ਤਰ੍ਹਾਂ ਉਨ੍ਹਾਂ ਦੇ ਦਿਲ-ਦਿਮਾਗ਼ਾਂ ਵਿਚ ਚੰਗੇ ਅਸੂਲ ਬਿਠਾਉਣ ਦੀ ਲੋੜ ਹੈ। ਜੇ ਤੁਸੀਂ ਆਪਣੇ ਬੱਚਿਆਂ ਨੂੰ ਚੰਗੇ ਅਸੂਲ ਨਾ ਸਿਖਾਏ, ਤਾਂ ਹੋ ਸਕਦਾ ਹੈ ਕਿ ਉਹ ਦੂਸਰੇ ਬੱਚਿਆਂ ਅਤੇ ਆਪਣੇ ਅਧਿਆਪਕਾਂ ਦੇ ਸੰਸਕਾਰ ਅਪਣਾ ਲੈਣ ਜਾਂ ਮੀਡੀਆ ਤੋਂ ਹੀ ਗ਼ਲਤ ਗੱਲਾਂ ਸਿੱਖ ਲੈਣ।
ਬਾਈਬਲ ਦੀ ਮਦਦ ਨਾਲ ਮਾਪੇ ਆਪਣੇ ਬੱਚਿਆਂ ਨੂੰ ਸਹੀ-ਗ਼ਲਤ ਦੀ ਜਾਂਚ ਕਰਨੀ ਸਿਖਾ ਸਕਦੇ ਹਨ। (2 ਤਿਮੋਥਿਉਸ 3:16, 17) ਜੈੱਫ਼ ਕਾਫ਼ੀ ਸਮੇਂ ਤੋਂ ਕਲੀਸਿਯਾ ਵਿਚ ਇਕ ਨਿਗਾਹਬਾਨ ਵਜੋਂ ਸੇਵਾ ਕਰ ਰਿਹਾ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਦੋ ਬੱਚਿਆਂ ਦੀ ਪਰਵਰਿਸ਼ ਕੀਤੀ ਹੈ। ਉਹ ਵੀ ਕਹਿੰਦਾ ਹੈ ਕਿ ਬੱਚਿਆਂ ਨੂੰ ਨੈਤਿਕ ਅਸੂਲ ਸਿਖਾਉਣ ਲਈ ਬਾਈਬਲ ਵਧੀਆ ਹੈ। ਉਹ ਦੱਸਦਾ ਹੈ: “ਸਿੱਖਿਆ ਦੇਣ ਲਈ ਬਾਈਬਲ ਨੂੰ ਇਸਤੇਮਾਲ ਕਰਨ ਨਾਲ ਬੱਚਿਆਂ ਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਤੋਂ ਕੀ ਚਾਹੁੰਦਾ ਹੈ। ਇਸ ਤਰ੍ਹਾਂ ਕਰਨ ਨਾਲ ਉਹ ਸਮਝ ਜਾਂਦੇ ਹਨ ਕਿ ਸਲਾਹ ਯਹੋਵਾਹ ਵੱਲੋਂ ਆ ਰਹੀ ਹੈ ਨਾ ਕਿ ਮੰਮੀ-ਡੈਡੀ ਵੱਲੋਂ। ਮੈਂ ਤੇ ਮੇਰੀ ਪਤਨੀ ਨੇ ਦੇਖਿਆ ਕਿ ਬਾਈਬਲ ਦੀ ਸਿੱਖਿਆ ਦਾ ਸਾਡੇ ਬੱਚਿਆਂ ਦੇ ਦਿਲਾਂ-ਦਿਮਾਗ਼ਾਂ ਤੇ ਚੰਗਾ ਅਸਰ ਪਿਆ। ਜਦੋਂ ਉਨ੍ਹਾਂ ਦੀ ਸੋਚਣੀ ਜਾਂ ਚਾਲ-ਚਲਣ ਸਹੀ ਨਹੀਂ ਸੀ ਹੁੰਦਾ, ਤਾਂ ਅਸੀਂ ਸਮਾਂ ਕੱਢ ਕੇ ਬਾਈਬਲ ਦਾ ਕੋਈ ਢੁਕਵਾਂ ਹਵਾਲਾ ਲੱਭਦੇ ਸੀ। ਫਿਰ ਏਕਾਂਤ ਵਿਚ ਬੈਠ ਕੇ ਅਸੀਂ ਬੱਚੇ ਨੂੰ ਉਹ ਹਵਾਲਾ ਪੜ੍ਹਨ ਲਈ ਕਹਿੰਦੇ ਸੀ। ਪੜ੍ਹਨ ਤੋਂ ਬਾਅਦ ਬੱਚਾ ਅਕਸਰ ਰੋਣ ਲੱਗ ਪੈਂਦਾ ਸੀ। ਅਸੀਂ ਹੈਰਾਨ ਰਹਿ ਜਾਂਦੇ ਸੀ। ਅਸੀਂ ਸੋਚਦੇ ਸੀ ਕਿ ਜੇ ਅਸੀਂ ਬੱਚੇ ਨੂੰ ਕੁਝ ਕਹਿੰਦੇ, ਤਾਂ ਇਸ ਦਾ ਉਸ ਉੱਤੇ ਇੰਨਾ ਅਸਰ ਨਹੀਂ ਪੈਣਾ ਸੀ ਜਿੰਨਾ ਗਹਿਰਾ ਅਸਰ ਬਾਈਬਲ ਦਾ ਪੈਂਦਾ ਹੈ।”
ਇਬਰਾਨੀਆਂ 4:12 ਵਿਚ ਸਮਝਾਇਆ ਗਿਆ ਹੈ: “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ . . . ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।” ਬਾਈਬਲ ਦੀ ਸਿੱਖਿਆ ਉਨ੍ਹਾਂ ਇਨਸਾਨਾਂ ਦੇ ਤਜਰਬੇ ਜਾਂ ਵਿਚਾਰ ਨਹੀਂ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਬਾਈਬਲ ਲਿਖਵਾਉਣ ਲਈ ਵਰਤਿਆ ਸੀ। ਇਸ ਦੀ ਬਜਾਇ ਚਾਲ-ਚਲਣ ਬਾਰੇ ਇਸ ਵਿਚ ਪਰਮੇਸ਼ੁਰ ਨੇ ਆਪਣੀ ਸੋਚ ਜ਼ਾਹਰ ਕੀਤੀ ਹੈ। ਬਾਈਬਲ ਦੀ ਇਹ ਖ਼ਾਸੀਅਤ ਬਾਕੀ ਸਾਰੀਆਂ ਸਲਾਹਾਂ ਤੋਂ ਵਿਲੱਖਣ ਹੈ। ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਬਾਈਬਲ ਵਰਤ ਕੇ ਤੁਸੀਂ ਉਨ੍ਹਾਂ ਨੂੰ ਸਿਖਾਉਂਦੇ ਹੋ ਕਿ ਕਿਸੇ ਗੱਲ ਬਾਰੇ ਯਹੋਵਾਹ ਕਿਵੇਂ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਬੱਚਿਆਂ ਦੇ ਦਿਲ ਤਕ ਪਹੁੰਚ ਸਕੋਗੇ।
ਇਸ ਗੱਲ ਨਾਲ ਕੈਥਰੀਨ, ਜਿਸ ਦੀ ਪਹਿਲਾਂ ਗੱਲ ਕੀਤੀ ਗਈ ਸੀ, ਸਹਿਮਤ ਹੈ। ਉਹ ਕਹਿੰਦੀ ਹੈ: “ਜਿੰਨੀ ਵੱਡੀ ਕੋਈ ਮੁਸ਼ਕਲ ਹੁੰਦੀ ਸੀ, ਉੱਨਾ ਹੀ ਜ਼ਿਆਦਾ ਅਸੀਂ ਬਾਈਬਲ ਵਿੱਚੋਂ ਮਦਦ ਭਾਲਣ ਦੀ ਕੋਸ਼ਿਸ਼ ਕੀਤੀ। ਮੁਕਦੀ ਗੱਲ ਇਹ ਹੈ ਕਿ ਸਾਡੇ ਲਈ ਬਾਈਬਲ ਦੀ ਸਲਾਹ ਕਾਮਯਾਬੀ ਦੀ ਕੁੰਜੀ ਸਾਬਤ ਹੋਈ!” ਕੀ ਤੁਸੀਂ ਆਪਣੇ ਬੱਚਿਆਂ ਨੂੰ ਸਹੀ-ਗ਼ਲਤ ਦੀ ਜਾਂਚ ਕਰਨੀ ਸਿਖਾਉਣ ਵੇਲੇ ਬਾਈਬਲ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰ ਸਕਦੇ ਹੋ?
ਸਮਝਦਾਰੀ ਵਰਤੋ
ਬੱਚਿਆਂ ਦੀ ਪਰਵਰਿਸ਼ ਲਈ ਬਾਈਬਲ ਦਾ ਇਕ ਹੋਰ ਸਿਧਾਂਤ ਵੀ ਬਹੁਤ ਫ਼ਾਇਦੇਮੰਦ ਹੈ। ਬਾਈਬਲ ਕਹਿੰਦੀ ਹੈ ਕਿ ਇਕ-ਦੂਜੇ ਨਾਲ ਸਮਝਦਾਰੀ ਨਾਲ ਪੇਸ਼ ਆਓ। ਤਾਂ ਫਿਰ, ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨਾਲ ਸਮਝਦਾਰੀ ਵਰਤਣ ਦੀ ਲੋੜ ਹੈ। ਇਕ ਗੱਲ ਯਾਦ ਰਹੇ ਕਿ ਸਮਝਦਾਰੀ ਵਿਚ ਪਰਮੇਸ਼ੁਰ ਦੀ ਬੁੱਧ ਨਜ਼ਰ ਆਉਂਦੀ ਹੈ।—ਯਾਕੂਬ 3:17.
ਪਰ ਬੱਚਿਆਂ ਨੂੰ ਸਿਖਾਉਣ ਵਿਚ ਸਮਝਦਾਰੀ ਕਿਵੇਂ ਵਰਤੀ ਜਾ ਸਕਦੀ ਹੈ? ਅਸੀਂ ਉਨ੍ਹਾਂ ਦੀ ਹਰ ਵੇਲੇ ਮਦਦ ਕਰਨ ਲਈ ਤਿਆਰ ਰਹਿੰਦੇ ਹਾਂ, ਪਰ ਸਾਨੂੰ ਉਨ੍ਹਾਂ ਦੇ ਹਰ ਕਦਮ ਨੂੰ ਕੰਟ੍ਰੋਲ ਨਹੀਂ ਕਰਨਾ ਚਾਹੀਦਾ। ਮਿਸਾਲ ਲਈ ਪਹਿਲਾਂ ਜ਼ਿਕਰ ਕੀਤੇ ਗਏ ਯਹੋਵਾਹ ਦੇ ਗਵਾਹ ਮਾਰੀਓ ਨੇ ਕਿਹਾ: “ਅਸੀਂ ਹਮੇਸ਼ਾ ਬੱਚਿਆਂ ਨੂੰ ਬਪਤਿਸਮਾ ਲੈਣ ਬਾਰੇ, ਪਾਇਨੀਅਰੀ ਕਰਨ ਬਾਰੇ ਜਾਂ ਯਹੋਵਾਹ ਦੀ ਸੇਵਾ ਵਿਚ ਹੋਰ ਕੁਝ ਕਰਨ ਦਾ ਉਤਸ਼ਾਹ ਦਿੱਤਾ। ਪਰ ਅਸੀਂ ਇਹ ਵੀ ਕਿਹਾ ਕਿ ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੋਵੇਗਾ ਜੋ ਉਹ ਵੇਲੇ ਸਿਰ ਸੋਚ-ਸਮਝ ਕੇ ਕਰਨਗੇ।” ਇਸ ਦਾ ਨਤੀਜਾ? ਉਨ੍ਹਾਂ ਦੇ ਦੋਵੇਂ ਬੱਚੇ ਅੱਜ ਪਾਇਨੀਅਰੀ ਕਰ ਰਹੇ ਹਨ।
ਕੁਲੁੱਸੀਆਂ 3:21 ਵਿਚ ਪਿਤਾਵਾਂ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ: “ਤੁਸੀਂ ਆਪਣਿਆਂ ਬਾਲਕਾਂ ਨੂੰ ਨਾ ਖਿਝਾਓ ਭਈ ਓਹ ਕਿਤੇ ਮਨ ਨਾ ਹਾਰ ਦੇਣ।” ਕੈਥਰੀਨ ਨੂੰ ਇਹ ਗੱਲ ਬਹੁਤ ਪਸੰਦ ਹੈ ਕਿਉਂਕਿ ਜਦੋਂ ਮਾਂ-ਬਾਪ ਦੇ ਸਬਰ ਦਾ ਪਿਆਲਾ ਟੁੱਟ ਜਾਂਦਾ ਹੈ, ਤਾਂ ਉਹ ਗੁੱਸੇ ਹੋਣ ਲੱਗ ਪੈਂਦੇ ਹਨ ਤੇ ਬੱਚਿਆਂ ਤੋਂ ਜ਼ਿਆਦਾ ਕੁਝ ਕਰਨ ਦੀ ਆਸ ਰੱਖਦੇ ਹਨ। ਕੈਥਰੀਨ ਕਹਿੰਦੀ ਹੈ: “ਤੁਹਾਨੂੰ ਆਪਣੇ ਬੱਚਿਆਂ ਤੋਂ ਉਹ ਆਸ ਨਹੀਂ ਰੱਖਣੀ ਚਾਹੀਦੀ ਜੋ ਤੁਸੀਂ ਆਪਣੇ ਆਪ ਤੋਂ ਰੱਖਦੇ ਹੋ।” ਕੈਥਰੀਨ ਵੀ ਯਹੋਵਾਹ ਦੀ ਗਵਾਹ ਹੈ ਤੇ ਉਹ ਅੱਗੇ ਕਹਿੰਦੀ ਹੈ: “ਬੱਚਿਆਂ ਲਈ ਯਹੋਵਾਹ ਦੀ ਭਗਤੀ ਬੋਝ ਨਹੀਂ ਸਗੋਂ ਮਜ਼ੇਦਾਰ ਬਣਾਓ।”
ਜੈੱਫ਼ ਜਿਸ ਦੀ ਪਹਿਲਾਂ ਵੀ ਗੱਲ ਕੀਤੀ ਗਈ ਸੀ, ਇਕ ਸੁਝਾਅ ਦਿੰਦਾ ਹੈ ਜਿਸ ਨੇ ਉਸ ਦੀ ਮਦਦ ਕੀਤੀ। ਉਹ ਕਹਿੰਦਾ: “ਜਦ ਸਾਡੇ ਬੱਚੇ ਵੱਡੇ ਹੋ ਰਹੇ ਸਨ, ਤਾਂ ਸਾਡੇ ਇਕ ਦੋਸਤ ਨੇ ਸਾਨੂੰ ਕਿਹਾ ਕਿ ਜਦ ਉਸ ਦੇ ਬੱਚੇ ਉਸ ਤੋਂ ਕਿਸੇ ਚੀਜ਼ ਦੀ ਮੰਗ ਕਰਦੇ ਸਨ, ਤਾਂ ਉਹ ਕਿੰਨੀ ਵਾਰ ਉਨ੍ਹਾਂ ਨੂੰ ਨਾਂਹ ਕਹਿ ਦਿੰਦਾ ਸੀ। ਨਾਂਹ ਸੁਣ-ਸੁਣ ਕੇ ਬੱਚੇ ਨਿਰਾਸ਼ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਲੱਗਦਾ ਕਿ ਕੋਈ ਵੀ ਉਨ੍ਹਾਂ ਦੀ ਨਹੀਂ ਸੁਣਦਾ। ਇਸ ਲਈ ਸਾਡੇ ਦੋਸਤ ਨੇ ਸੁਝਾਅ ਦਿੱਤਾ ਕਿ ਸਾਨੂੰ ਇਹ ਗ਼ਲਤੀ ਕਰਨ ਤੋਂ ਬਚਣ ਲਈ ਹਾਂ ਕਹਿਣ ਦੇ ਮੌਕੇ ਭਾਲਣੇ ਚਾਹੀਦੇ ਹਨ।”
ਜੈੱਫ਼ ਨੇ ਅੱਗੇ ਕਿਹਾ: “ਸਾਡੇ ਲਈ ਇਹ ਸੁਝਾਅ ਬਹੁਤ ਹੀ ਫ਼ਾਇਦੇਮੰਦ ਸਾਬਤ ਹੋਇਆ। ਅਸੀਂ ਆਪਣੇ ਬੱਚਿਆਂ ਲਈ ਅਜਿਹੇ ਅਵਸਰ ਭਾਲਣ ਲੱਗੇ ਜਦ ਉਹ ਹੋਰਨਾਂ ਨਾਲ ਕੁਝ ਕਰ ਸਕਣ ਤੇ ਸਾਨੂੰ ਵੀ ਬੁਰਾ ਨਾ ਲੱਗੇ। ਅਸੀਂ ਉਨ੍ਹਾਂ ਨੂੰ ਕਿਹਾ ਕਰਦੇ ਸੀ, ‘ਕੀ ਤੈਨੂੰ ਪਤਾ ਫਲਾਨਾ-ਫਲਾਨਾ ਕੀ ਕਰ ਰਿਹਾ? ਤੂੰ ਉਹਦੇ ਨਾਲ ਜਾਣਾ ਚਾਹੁੰਦਾ ਹੈਂ?’ ਜਾਂ ਜੇ ਬੱਚੇ ਚਾਹੁੰਦੇ ਸੀ ਕਿ ਅਸੀਂ ਉਨ੍ਹਾਂ ਨਾਲ ਕਿਤੇ ਜਾਈਏ, ਤਾਂ ਅਸੀਂ ਭਾਵੇਂ ਜਿੰਨੇ ਮਰਜ਼ੀ ਥੱਕੇ-ਟੁੱਟੇ ਕਿਉਂ ਨਾ ਹੁੰਦੇ ਸੀ, ਫਿਰ ਵੀ ਅਸੀਂ ਜਾਂਦੇ ਸੀ। ਅਸੀਂ ਉਨ੍ਹਾਂ ਨੂੰ ਨਾਂਹ ਨਹੀਂ ਕਹਿਣੀ ਚਾਹੁੰਦੇ ਸੀ।” ਬੱਚਿਆਂ ਨਾਲ ਇਸ ਤਰ੍ਹਾਂ ਪੇਸ਼ ਆਉਣ ਨਾਲ ਜੇ ਬਾਈਬਲ ਦਾ ਕੋਈ ਅਸੂਲ ਟੁੱਟ ਨਹੀਂ ਰਿਹਾ, ਤਾਂ ਆਪਣੀ ਹੀ ਗੱਲ ਤੇ ਅੜੇ ਨਾ ਰਹਿਣਾ ਹੀ ਸਮਝਦਾਰੀ ਹੈ।
ਭਰੋਸੇਯੋਗ ਸਲਾਹ ਦੇ ਫ਼ਾਇਦੇ
ਇਸ ਲੇਖ ਵਿਚ ਜ਼ਿਕਰ ਕੀਤੇ ਗਏ ਜ਼ਿਆਦਾਤਰ ਮਾਪੇ ਹੁਣ ਦਾਦਾ-ਦਾਦੀ ਜਾਂ ਨਾਨਾ-ਨਾਨੀ ਬਣ ਚੁੱਕੇ ਹਨ। ਹੁਣ ਉਹ ਆਪਣੇ ਬੱਚਿਆਂ ਨੂੰ ਬਾਈਬਲ ਦੀਆਂ ਇਹੋ ਸਲਾਹਾਂ ਲਾਗੂ ਕਰਦੇ ਦੇਖ ਕੇ ਖ਼ੁਸ਼ ਹਨ। ਕੀ ਤੁਸੀਂ ਬਾਈਬਲ ਦੀ ਸਲਾਹ ਤੋਂ ਲਾਭ ਪਾ ਸਕਦੇ ਹੋ?
ਜਦੋਂ ਰੂਥ, ਜਿਸ ਦੀ ਸ਼ੁਰੂ ਵਿਚ ਗੱਲ ਕੀਤੀ ਗਈ ਸੀ, ਪਹਿਲੀ ਵਾਰ ਮਾਂ ਬਣੀ, ਤਾਂ ਉਹ ਤੇ ਉਸ ਦਾ ਪਤੀ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰਦੇ ਸੀ ਕਿ ਉਹ ਸਲਾਹ ਲੈਣ ਕਿਸ ਕੋਲ ਜਾਣ। ਪਰ ਉਹ ਲਾਚਾਰ ਨਹੀਂ ਸਨ। ਉਨ੍ਹਾਂ ਕੋਲ ਸਲਾਹ ਲੈਣ ਲਈ ਪਰਮੇਸ਼ੁਰ ਦਾ ਬਚਨ ਬਾਈਬਲ ਸੀ। ਯਹੋਵਾਹ ਦੇ ਗਵਾਹਾਂ ਨੇ ਮਾਪਿਆਂ ਦੀ ਮਦਦ ਕਰਨ ਲਈ ਕਿਤਾਬਾਂ ਛਾਪੀਆਂ ਹਨ ਜਿਨ੍ਹਾਂ ਵਿਚ ਬਾਈਬਲ ਦੀ ਸੇਧ ਪਾਈ ਜਾਂਦੀ ਹੈ। ਕੁਝ ਕਿਤਾਬਾਂ ਦੇ ਨਾਂ ਹਨ: ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ), ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ, ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਹਿੰਦੀ), ਅਤੇ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ। ਰੂਥ ਦਾ ਘਰਵਾਲਾ ਟੌਰਲਿਫ਼ ਕਹਿੰਦਾ ਹੈ: “ਅੱਜ ਮਾਪੇ ਬੜੀ ਆਸਾਨੀ ਨਾਲ ਬਾਈਬਲ ਦੀ ਢੇਰ ਸਾਰੀ ਸਲਾਹ ਹਾਸਲ ਕਰ ਸਕਦੇ ਹਨ। ਜੇ ਉਹ ਇਸ ਸਲਾਹ ਨੂੰ ਇਸਤੇਮਾਲ ਕਰਨ, ਤਾਂ ਬੱਚਿਆਂ ਨੂੰ ਸਿੱਖਿਆ ਦੇਣ ਵਿਚ ਉਨ੍ਹਾਂ ਨੂੰ ਕਦਮ-ਕਦਮ ਤੇ ਮਦਦ ਮਿਲੇਗੀ।”
[ਸਫ਼ਾ 5 ਉੱਤੇ ਡੱਬੀ/ਤਸਵੀਰ]
ਬੱਚਿਆਂ ਦੀ ਪਰਵਰਿਸ਼ ਬਾਰੇ ਮਾਹਰਾਂ ਅਤੇ ਬਾਈਬਲ ਦੇ ਵਿਚਾਰ
ਪਿਆਰ ਕਰਨ ਬਾਰੇ:
ਵਿਦਵਾਨ ਜੌਨ ਬ੍ਰੌਡਸ ਵਾਟਸਨ ਨੇ 1928 ਵਿਚ ਬੱਚਿਆਂ ਦੀ ਮਾਨਸਿਕ ਦੇਖ-ਰੇਖ ਬਾਰੇ ਇਕ ਕਿਤਾਬ ਵਿਚ ਕਿਹਾ: ‘ਕਦੇ ਵੀ ਆਪਣੇ ਬੱਚੇ ਨੂੰ ਕਲਾਵੇ ਵਿਚ ਨਾ ਲਓ ਤੇ ਨਾ ਹੀ ਕਦੇ ਉਸ ਨੂੰ ਚੁੰਮੋ। ਤੁਸੀਂ ਉਸ ਨੂੰ ਕਦੇ ਕੁੱਛੜ ਵੀ ਨਾ ਚੁੱਕੋ।’ ਪਰ ਹਾਲ ਹੀ ਵਿਚ ਦੋ ਵਿਦਵਾਨ ਔਰਤਾਂ ਵਿਰਾ ਲੇਨ ਅਤੇ ਡੋਰਥੀ ਮੌਲਿੰਨੋ ਨੇ ਸਾਡੇ ਬੱਚੇ (ਮਾਰਚ 1999) ਨਾਮਕ ਅੰਗ੍ਰੇਜ਼ੀ ਦੇ ਰਸਾਲੇ ਵਿਚ ਕਿਹਾ: “ਰੀਸਰਚ ਤੋਂ ਪਤਾ ਲੱਗਿਆ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਲਾਡ-ਪਿਆਰ ਨਹੀਂ ਮਿਲਦਾ, ਉਹ ਸਰੀਰਕ ਤੇ ਮਾਨਸਿਕ ਤੌਰ ਤੇ ਵਧ-ਫੁੱਲ ਨਹੀਂ ਪਾਉਂਦੇ ਤੇ ਉਹ ਅਕਸਰ ਜ਼ਿੰਦਗੀ ਵਿਚ ਮੁਰਝਾਏ ਜਿਹੇ ਰਹਿੰਦੇ ਹਨ।”
ਹੁਣ ਯਸਾਯਾਹ 66:12 ਦੇਖੋ। ਇਸ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਆਪਣੇ ਲੋਕਾਂ ਨਾਲ ਅਜਿਹਾ ਪਿਆਰ ਕਰਦਾ ਹੈ ਜਿਵੇਂ ਕੋਈ ਮਾਤਾ ਜਾਂ ਪਿਤਾ ਆਪਣੇ ਬੱਚਿਆਂ ਨਾਲ ਕਰਦਾ ਹੈ। ਇਸੇ ਤਰ੍ਹਾਂ ਜਦੋਂ ਯਿਸੂ ਦੇ ਚੇਲਿਆਂ ਨੇ ਲੋਕਾਂ ਨੂੰ ਆਪਣੇ ਬੱਚੇ ਯਿਸੂ ਕੋਲ ਲੈ ਕੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਕਹਿ ਕੇ ਵਰਜ ਦਿੱਤਾ ਸੀ: “ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ। ਉਨ੍ਹਾਂ ਨੂੰ ਨਾ ਵਰਜੋ।” ਫਿਰ “ਉਸ ਨੇ ਉਨ੍ਹਾਂ ਨੂੰ ਕੁੱਛੜ ਚੁੱਕਿਆ ਅਰ . . . ਉਨ੍ਹਾਂ ਨੂੰ ਅਸੀਸ ਦਿੱਤੀ।”—ਮਰਕੁਸ 10:14, 16.
ਨੈਤਿਕਤਾ ਸਿਖਾਉਣ ਬਾਰੇ:
1969 ਦੇ ਨਿਊ ਯਾਰਕ ਟਾਈਮਜ਼ ਰਸਾਲੇ ਵਿਚ ਬਰੂਨੋ ਬੇਟੇਲਹਾਇਮ ਨਾਮਕ ਵਿਦਵਾਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ‘ਬੱਚੇ ਨੂੰ ਮਾਪਿਆਂ ਦੇ ਦਬਦਬੇ ਤੋਂ ਬਿਨਾਂ ਆਪਣੀ ਜ਼ਿੰਦਗੀ ਦੇ ਤਜਰਬਿਆਂ ਅਤੇ ਆਪਣੀ ਹੀ ਸਮਝ ਮੁਤਾਬਕ ਕਿਸੇ ਗੱਲ ਬਾਰੇ ਆਪਣੀ ਰਾਇ ਕਾਇਮ ਕਰਨ ਦਾ ਹੱਕ ਹੈ।’ ਲੇਕਿਨ ਲਗਭਗ 30 ਸਾਲ ਬਾਅਦ ਰੌਬਰਟ ਕੋਲਸ ਨੇ ਬੱਚਿਆਂ ਦੀ ਨੈਤਿਕ ਸੋਚ ਬਾਰੇ ਇਕ ਕਿਤਾਬ (1997) ਲਿਖੀ ਜਿਸ ਵਿਚ ਉਸ ਨੇ ਕਿਹਾ: “ਬੱਚਿਆਂ ਦੀ ਜ਼ਿੰਦਗੀ ਵਿਚ ਉਨ੍ਹਾਂ ਨੂੰ ਮਕਸਦ, ਸੇਧ ਤੇ ਨੈਤਿਕ ਸਿੱਖਿਆ ਦੀ ਬਹੁਤ ਲੋੜ ਹੈ” ਜੋ ਉਨ੍ਹਾਂ ਦੇ ਮਾਂ-ਬਾਪ ਤੇ ਹੋਰ ਲੋਕ ਦੇ ਸਕਦੇ ਹਨ।
ਕਹਾਉਤਾਂ 22:6 ਵਿਚ ਮਾਪਿਆਂ ਨੂੰ ਕਿਹਾ ਗਿਆ ਹੈ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।” ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਸਿਖਲਾ” ਕੀਤਾ ਗਿਆ, ਉਸ ਦਾ ਮਤਲਬ ‘ਸ਼ੁਰੂ ਕਰਨਾ’ ਵੀ ਹੋ ਸਕਦਾ ਹੈ ਯਾਨੀ ਛੋਟੀ ਉਮਰ ਵਿਚ ਹੀ ਬੱਚੇ ਨੂੰ ਸਿੱਖਿਆ ਦੇਣੀ। ਇਸ ਤਰ੍ਹਾਂ ਬਾਈਬਲ ਵਿਚ ਮਾਪਿਆਂ ਨੂੰ ਸ਼ੁਰੂ ਤੋਂ ਹੀ ਯਾਨੀ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਨੈਤਿਕ ਸਿੱਖਿਆ ਦੇਣ ਬਾਰੇ ਕਿਹਾ ਗਿਆ ਹੈ। (2 ਤਿਮੋਥਿਉਸ 3:14, 15) ਜਿਹੜੀਆਂ ਗੱਲਾਂ ਉਹ ਛੋਟੀ ਉਮਰ ਵਿਚ ਸਿੱਖਣਗੇ, ਉਨ੍ਹਾਂ ਨੂੰ ਉਹ ਜ਼ਿੰਦਗੀ ਭਰ ਨਹੀਂ ਭੁੱਲਣਗੇ।
ਅਨੁਸ਼ਾਸਨ ਬਾਰੇ:
ਜੇਮਜ਼ ਡੌਬਸਨ ਨਾਂ ਦੇ ਵਿਦਵਾਨ ਨੇ ਜ਼ਿੱਦੀ ਬੱਚਾ (1978) ਨਾਮਕ ਅੰਗ੍ਰੇਜ਼ੀ ਦੀ ਕਿਤਾਬ ਵਿਚ ਲਿਖਿਆ: ‘ਪਿਆਰ ਕਰਨ ਵਾਲਿਆਂ ਮਾਪਿਆਂ ਦੀਆਂ ਦੋ-ਤਿੰਨ ਚਪੇੜਾਂ ਬੱਚਿਆਂ ਦੀਆਂ ਵਿਗੜਦੀਆਂ ਆਦਤਾਂ ਸੁਧਾਰ ਦਿੰਦੀਆਂ ਹਨ।’ ਪਰ ਦੂਜੇ ਪਾਸੇ ਬੱਚਿਆਂ ਦੀ ਦੇਖ-ਰੇਖ ਬਾਰੇ ਇਕ ਮਸ਼ਹੂਰ ਅੰਗ੍ਰੇਜ਼ੀ ਦੀ ਕਿਤਾਬ ਦੇ ਸੱਤਵੇਂ ਐਡੀਸ਼ਨ ਤੋਂ ਲਏ ਗਏ ਇਕ ਲੇਖ (1998) ਵਿਚ ਬੈਂਜਾਮਿਨ ਸਪੌਕ ਨਾਂ ਦੇ ਵਿਦਵਾਨ ਨੇ ਕਿਹਾ: “ਬੱਚਿਆਂ ਤੇ ਹੱਥ ਚੁੱਕ ਕੇ ਤੁਸੀਂ ਉਨ੍ਹਾਂ ਨੂੰ ਸਿਰਫ਼ ਇਹੋ ਸਿਖਾਉਂਦੇ ਹੋ ਕਿ ਵੱਡੇ ਤੇ ਤਕੜੇ ਲੋਕ ਦੂਜਿਆਂ ਤੋਂ ਆਪਣੀ ਮਰਜ਼ੀ ਪੂਰੀ ਕਰਵਾ ਸਕਦੇ ਹਨ, ਭਾਵੇਂ ਉਹ ਸਹੀ ਹੋਣ ਜਾਂ ਨਾ।”
ਅਨੁਸ਼ਾਸਨ ਬਾਰੇ ਬਾਈਬਲ ਵਿਚ ਦੱਸਿਆ ਗਿਆ: “ਤਾੜ ਅਤੇ ਛਿਟੀ ਬੁੱਧ ਦਿੰਦੀਆਂ ਹਨ।” (ਕਹਾਉਤਾਂ 29:15) ਪਰ ਇਹ ਵੀ ਸੱਚ ਹੈ ਕਿ ਕਈ ਬੱਚਿਆਂ ਨੂੰ ਥੱਪੜ ਖਾਣ ਤੋਂ ਬਿਨਾਂ ਵੀ ਸਮਝ ਆ ਜਾਂਦੀ ਹੈ। ਕਹਾਉਤਾਂ 17:10 ਵਿਚ ਸਾਨੂੰ ਕਿਹਾ ਗਿਆ ਹੈ: “ਸਮਝ ਵਾਲੇ ਤੇ ਇੱਕ ਤਾੜ, ਮੂਰਖ ਤੇ ਸੌ ਕੋਰੜਿਆਂ ਨਾਲੋਂ ਬਹੁਤਾ ਅਸਰ ਕਰਦੀ ਹੈ।”
[ਤਸਵੀਰ]
ਬਾਈਬਲ ਦੀ ਮਦਦ ਨਾਲ ਆਪਣੇ ਬੱਚੇ ਦੇ ਦਿਲ ਤਕ ਪਹੁੰਚੋ
[ਸਫ਼ਾ 7 ਉੱਤੇ ਤਸਵੀਰ]
ਸਮਝਦਾਰ ਮਾਪੇ ਆਪਣੇ ਬੱਚਿਆਂ ਲਈ ਮਨੋਰੰਜਨ ਦਾ ਵੀ ਇੰਤਜ਼ਾਮ ਕਰਦੇ ਹਨ