Skip to content

Skip to table of contents

ਮਾਹਰਾਂ ਦੀ ਸਲਾਹ ਮੌਸਮ ਵਾਂਗ ਬਦਲਦੀ ਰਹਿੰਦੀ ਹੈ

ਮਾਹਰਾਂ ਦੀ ਸਲਾਹ ਮੌਸਮ ਵਾਂਗ ਬਦਲਦੀ ਰਹਿੰਦੀ ਹੈ

ਮਾਹਰਾਂ ਦੀ ਸਲਾਹ ਮੌਸਮ ਵਾਂਗ ਬਦਲਦੀ ਰਹਿੰਦੀ ਹੈ

ਅੱਜ-ਕੱਲ੍ਹ ਤੁਹਾਨੂੰ ਇੰਟਰਨੈੱਟ ਤੇ ਬੱਚਿਆਂ ਦੇ ਪਾਲਣ-ਪੋਸ਼ਣ ਬਾਰੇ 2 ਕਰੋੜ 60 ਲੱਖ ਤੋਂ ਜ਼ਿਆਦਾ ਕਿਤਾਬਾਂ ਦੇ ਹਵਾਲੇ ਮਿਲ ਸਕਦੇ ਹਨ। ਜੇ ਤੁਸੀਂ ਹਰੇਕ ਹਵਾਲੇ ਨੂੰ ਇਕ-ਇਕ ਮਿੰਟ ਵਿਚ ਪੜ੍ਹੋ, ਤਾਂ ਸਾਰੇ ਹਵਾਲੇ ਪੜ੍ਹਨ ਤੋਂ ਪਹਿਲਾਂ ਹੀ ਤੁਹਾਡੇ ਬੱਚੇ ਨੇ ਵੱਡਾ ਹੋ ਕੇ ਆਪਣਾ ਘਰ ਵਸਾ ਲਿਆ ਹੋਵੇਗਾ।

ਬੱਚਿਆਂ ਦੇ ਡਾਕਟਰਾਂ, ਮਨੋਵਿਗਿਆਨੀਆਂ ਤੇ ਕੰਪਿਊਟਰਾਂ ਦੇ ਜ਼ਮਾਨੇ ਤੋਂ ਪਹਿਲਾਂ ਮਾਂ-ਬਾਪ ਬੱਚਿਆਂ ਦੀ ਪਰਵਰਿਸ਼ ਕਰਨ ਸੰਬੰਧੀ ਸਲਾਹ ਲੈਣ ਵਾਸਤੇ ਕਿੱਥੇ ਜਾਂਦੇ ਸਨ? ਆਮ ਤੌਰ ਤੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਪੁੱਛਦੇ ਸਨ। ਆਪਣੇ ਮਾਪਿਆਂ ਤੋਂ ਇਲਾਵਾ ਚਾਚੇ-ਚਾਚੀਆਂ, ਤਾਏ-ਤਾਈਆਂ ਤੇ ਭੂਆ-ਮਾਸੀਆਂ ਵੀ ਬੱਚਿਆਂ ਨੂੰ ਸਾਂਭਣ ਤੇ ਹੋਰ ਕਈ ਲੋੜਾਂ ਪੂਰੀਆਂ ਕਰਨ ਲਈ ਤਿਆਰ ਹੁੰਦੇ ਸਨ। ਪਰ ਕਈ ਦੇਸ਼ਾਂ ਵਿਚ ਲੋਕ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵਿਚ ਵਸਣ ਲੱਗ ਪਏ ਹਨ ਜਿਸ ਕਰਕੇ ਰਿਸ਼ਤੇਦਾਰ ਪਹਿਲਾਂ ਵਾਂਗ ਇਕ-ਦੂਜੇ ਦੀ ਮਦਦ ਨਹੀਂ ਕਰ ਸਕਦੇ। ਆਮ ਕਰਕੇ ਅੱਜ-ਕੱਲ੍ਹ ਮਾਂ-ਬਾਪ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਆਪੇ ਕਰਨੀ ਪੈਂਦੀ ਹੈ ਤੇ ਉਨ੍ਹਾਂ ਨੂੰ ਸਲਾਹ ਦੇਣ ਵਾਲਾ ਕੋਈ ਨਹੀਂ ਹੁੰਦਾ।

ਸ਼ਾਇਦ ਇਸੇ ਕਰਕੇ ਬੱਚਿਆਂ ਦੀ ਸਾਂਭ-ਸੰਭਾਲ ਲਈ ਬਾਲਵਾੜੀਆਂ ਥਾਂ-ਥਾਂ ਖੁੱਲ੍ਹ ਰਹੀਆਂ ਹਨ। ਇਕ ਹੋਰ ਕਾਰਨ ਹੈ ਕਿ ਅੱਜ-ਕੱਲ੍ਹ ਲੋਕ ਵਿਗਿਆਨ ਉੱਤੇ ਬਹੁਤ ਇਤਬਾਰ ਕਰਦੇ ਹਨ। 19ਵੀਂ ਸਦੀ ਦੇ ਅਖ਼ੀਰ ਤਕ ਅਮਰੀਕਨ ਲੋਕ ਮੰਨਣ ਲੱਗ ਪਏ ਸਨ ਕਿ ਵਿਗਿਆਨ ਦੀ ਮਦਦ ਨਾਲ ਜ਼ਿੰਦਗੀ ਦਾ ਹਰ ਪਹਿਲੂ ਸੁਧਾਰਿਆ ਜਾ ਸਕਦਾ ਸੀ। ਉਹ ਸੋਚਦੇ ਸਨ ਕਿ ਬੱਚਿਆਂ ਦੀ ਪਰਵਰਿਸ਼ ਵਿਚ ਵੀ ਵਿਗਿਆਨ ਮਦਦ ਕਰੇਗਾ। ਇਸ ਲਈ, ਜਦੋਂ ਅਮੈਰੀਕਨ ਨੈਸ਼ਨਲ ਕਾਂਗਰਸ ਆਫ਼ ਮਦਰਜ਼ ਨੇ 1899 ਵਿਚ ਸ਼ਰੇਆਮ ਕਿਹਾ ਕਿ ਮਾਪਿਆਂ ਵਿਚ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਦੀ ਕਾਬਲੀਅਤ ਦੀ ਘਾਟ ਹੈ, ਤਾਂ ਵਿਗਿਆਨ ਦੀ ਹਿਮਾਇਤ ਕਰਨ ਵਾਲੇ ਬਹੁਤ ਸਾਰੇ ਮਾਹਰ ਸਲਾਹ ਦੇਣ ਲਈ ਝੱਟ ਅੱਗੇ ਆ ਗਏ। ਉਨ੍ਹਾਂ ਨੇ ਕਿਹਾ ਕਿ ਮਾਪਿਆਂ ਦੀ ਮਦਦ ਕਰਨ ਲਈ ਉਹ ਤਿਆਰ ਸਨ।

ਪਰਵਰਿਸ਼ ਕਰਨ ਲਈ ਸਲਾਹਾਂ ਦੇਣ ਵਾਲੀਆਂ ਕਿਤਾਬਾਂ ਦਾ ਸਹਾਰਾ

ਕੀ ਇਨ੍ਹਾਂ ਸਲਾਹਕਾਰਾਂ ਤੋਂ ਮਾਪਿਆਂ ਨੂੰ ਕੋਈ ਸਹਾਇਤਾ ਮਿਲੀ? ਕੀ ਅੱਜ-ਕੱਲ੍ਹ ਦੇ ਮਾਂ-ਬਾਪ ਪਹਿਲਿਆਂ ਸਮਿਆਂ ਦੇ ਮਾਪਿਆਂ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਬੱਚਿਆਂ ਦੀ ਪਰਵਰਿਸ਼ ਕਰ ਰਹੇ ਹਨ ਤੇ ਘੱਟ ਤਣਾਅ ਮਹਿਸੂਸ ਕਰਦੇ ਹਨ? ਬਰਤਾਨੀਆ ਵਿਚ ਕੀਤੇ ਗਏ ਇਕ ਸਰਵੇਖਣ ਦੇ ਮੁਤਾਬਕ 35 ਫੀ ਸਦੀ ਮਾਪੇ ਅਜੇ ਵੀ ਅਜਿਹੀ ਸਲਾਹ ਭਾਲ ਰਹੇ ਹਨ ਜਿਸ ਤੇ ਚੱਲ ਕੇ ਉਹ ਬੱਚਿਆਂ ਦੀ ਬਿਹਤਰੀਨ ਪਰਵਰਿਸ਼ ਕਰ ਸਕਣ। ਬਾਕੀਆਂ ਨੇ ਕਿਹਾ ਕਿ ਉਹ ਉਸੇ ਢੰਗ ਨਾਲ ਬੱਚਿਆਂ ਦੀ ਪਰਵਰਿਸ਼ ਕਰਦੇ ਹਨ ਜੋ ਉਨ੍ਹਾਂ ਨੂੰ ਸਹੀ ਲੱਗਦਾ ਹੈ।

ਐਨ ਹਲਬ੍ਰਟ ਦੋ ਬੱਚਿਆਂ ਦੀ ਮਾਂ ਹੈ। ਉਸ ਨੇ ਇਕ ਕਿਤਾਬ ਲਿਖੀ ਜਿਸ ਵਿਚ ਉਸ ਨੇ ਅਮਰੀਕਾ ਵਿਚ ਪਿਛਲੇ ਸੌ ਸਾਲਾਂ ਤੋਂ ਬੱਚਿਆਂ ਦੀ ਪਰਵਰਿਸ਼ ਬਾਰੇ ਮਾਹਰਾਂ ਅਤੇ ਮਾਪਿਆਂ ਵੱਲੋਂ ਦਿੱਤੀਆਂ ਸਲਾਹਾਂ ਬਾਰੇ ਲਿਖਿਆ। ਉਹ ਦੱਸਦੀ ਹੈ ਕਿ ਮਾਹਰਾਂ ਦੀ ਸਲਾਹ ਵਿਚ ਤੁਹਾਨੂੰ ਕੋਈ ਠੋਸ ਸਬੂਤ ਨਹੀਂ ਮਿਲੇਗਾ ਕਿ ਉਨ੍ਹਾਂ ਦੀ ਸਲਾਹ ਕਾਮਯਾਬ ਹੋਵੇਗੀ। ਉਹ ਵਿਗਿਆਨ ਦੇ ਆਧਾਰ ਤੇ ਨਹੀਂ, ਸਗੋਂ ਆਪਣੇ ਹੀ ਤਜਰਬਿਆਂ ਦੇ ਆਧਾਰ ਤੇ ਸਲਾਹ ਦਿੰਦੇ ਸਨ। ਉਨ੍ਹਾਂ ਦੀ ਸਲਾਹ ਤੋਂ ਲੱਗਦਾ ਹੈ ਕਿ ਉਹ ਉਸ ਸਮੇਂ ਦੇ ਪ੍ਰਚਲਿਤ ਫ਼ੈਸ਼ਨ ਜਾਂ ਰਿਵਾਜ ਮੁਤਾਬਕ ਸਲਾਹ ਦਿੰਦੇ ਸਨ ਤੇ ਕਈ ਵਾਰ ਇਕ ਮਾਹਰ ਦੂਜੇ ਤੋਂ ਐਨ ਉਲਟੀ ਸਲਾਹ ਦਿੰਦਾ ਸੀ ਅਤੇ ਕਈ ਤਾਂ ਬਹੁਤ ਹੀ ਅਨੋਖੀ ਤੇ ਅਜੀਬ ਕਿਸਮ ਦੀ ਸਲਾਹ ਦਿੰਦੇ ਸਨ।

ਸੋ ਸਵਾਲ ਉੱਠਦਾ ਹੈ ਕਿ ਅੱਜ ਮਾਪੇ ਸਲਾਹ ਕਿੱਥੋਂ ਲੈਣ? ਆਮ ਤੌਰ ਤੇ ਕਈ ਮਾਪਿਆਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਕਰਨ ਕਿਉਂਕਿ ਕੋਈ ਉਨ੍ਹਾਂ ਨੂੰ ਕੁਝ ਕਹਿੰਦਾ ਤੇ ਕੋਈ ਕੁਝ ਹੋਰ। ਪਰ ਅਜਿਹੇ ਮਾਂ-ਬਾਪ ਵੀ ਹਨ ਜਿਨ੍ਹਾਂ ਨੂੰ ਇਸ ਹਨੇਰ ਭਰੀ ਦੁਨੀਆਂ ਵਿਚ ਰੌਸ਼ਨੀ ਮਿਲ ਗਈ ਹੈ। ਉਨ੍ਹਾਂ ਨੂੰ ਸਲਾਹ ਦਾ ਇਕ ਪੁਰਾਣਾ ਸੋਮਾ ਲੱਭ ਪਿਆ ਹੈ ਜਿਸ ਦੀ ਮਦਦ ਨਾਲ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸਕੇ ਹਨ। ਆਓ ਆਪਾਂ ਅਗਲੇ ਲੇਖ ਵਿਚ ਇਸ ਸੋਮੇ ਬਾਰੇ ਪੜ੍ਹੀਏ।