Skip to content

Skip to table of contents

ਈਮਾਨਦਾਰ ਵਿਅਕਤੀ ਦਾ ਇੱਜ਼ਤ-ਮਾਣ ਹੁੰਦਾ ਹੈ

ਈਮਾਨਦਾਰ ਵਿਅਕਤੀ ਦਾ ਇੱਜ਼ਤ-ਮਾਣ ਹੁੰਦਾ ਹੈ

ਈਮਾਨਦਾਰ ਵਿਅਕਤੀ ਦਾ ਇੱਜ਼ਤ-ਮਾਣ ਹੁੰਦਾ ਹੈ

ਮੁਢ ਕਦੀਮ ਤੋਂ ਦੁਨੀਆਂ ਵਿਚ ਬੇਈਮਾਨੀ ਚੱਲਦੀ ਆ ਰਹੀ ਹੈ। ਪਰ ਅਜੇ ਵੀ ਬਹੁਤ ਸਾਰੇ ਸਭਿਆਚਾਰਾਂ ਤੇ ਸਮਾਜਾਂ ਵਿਚ ਈਮਾਨਦਾਰੀ ਨੂੰ ਚੰਗਾ ਸਮਝਿਆ ਜਾਂਦਾ ਹੈ ਅਤੇ ਝੂਠ ਤੇ ਧੋਖੇਬਾਜ਼ੀ ਨਾਲ ਨਫ਼ਰਤ ਕੀਤੀ ਜਾਂਦੀ ਹੈ। ਜਿਸ ਬੰਦੇ ਤੇ ਲੋਕ ਭਰੋਸਾ ਕਰ ਸਕਦੇ ਹਨ, ਇਹ ਉਸ ਲਈ ਮਾਣ ਦੀ ਗੱਲ ਹੈ। ਪਰ ਅੱਜ ਲੋਕ ਸਮਝਦੇ ਹਨ ਕਿ ਦੁਨੀਆਂ ਵਿਚ ਜੀਣ ਲਈ ਬੇਈਮਾਨੀ ਦਾ ਸਹਾਰਾ ਲੈਣਾ ਜ਼ਰੂਰੀ ਹੋ ਗਿਆ ਹੈ। ਕੀ ਤੁਸੀਂ ਵੀ ਇਸੇ ਤਰ੍ਹਾਂ ਸੋਚਦੇ ਹੋ? ਕੀ ਅੱਜ ਈਮਾਨਦਾਰ ਰਹਿਣ ਦਾ ਕੋਈ ਫ਼ਾਇਦਾ ਹੈ? ਤੁਸੀਂ ਕਿਸ ਆਧਾਰ ਤੇ ਫ਼ੈਸਲਾ ਕਰਦੇ ਹੋ ਕਿ ਈਮਾਨਦਾਰੀ ਕੀ ਹੈ ਤੇ ਬੇਈਮਾਨੀ ਕੀ?

ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਸੱਚ ਬੋਲਣਾ ਪਵੇਗਾ ਤੇ ਜ਼ਿੰਦਗੀ ਦੇ ਹੋਰ ਪਹਿਲੂਆਂ ਵਿਚ ਵੀ ਈਮਾਨਦਾਰੀ ਤੋਂ ਕੰਮ ਲੈਣਾ ਪਵੇਗਾ। ਪੌਲੁਸ ਰਸੂਲ ਨੇ ਆਪਣੇ ਮਸੀਹੀ ਭੈਣ-ਭਰਾਵਾਂ ਨੂੰ ਨਸੀਹਤ ਦਿੱਤੀ ਸੀ: ‘ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੇ।’ (ਅਫ਼ਸੀਆਂ 4:25) ਪੌਲੁਸ ਨੇ ਇਹ ਵੀ ਲਿਖਿਆ: “ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।” (ਇਬਰਾਨੀਆਂ 13:18) ਅਸੀਂ ਦੂਸਰਿਆਂ ਦੀ ਨਜ਼ਰ ਵਿਚ ਵੱਡਾ ਬਣਨ ਲਈ ਈਮਾਨਦਾਰੀ ਨਹੀਂ ਦਿਖਾਵਾਂਗੇ। ਸਾਡਾ ਸਿਰਜਣਹਾਰ ਈਮਾਨਦਾਰ ਹੈ, ਇਸ ਲਈ ਉਸ ਨੂੰ ਖ਼ੁਸ਼ ਕਰਨ ਵਾਸਤੇ ਅਸੀਂ ਈਮਾਨਦਾਰ ਬਣਾਂਗੇ।

ਆਪਣੇ ਬਾਰੇ ਗ਼ਲਤ ਜਾਣਕਾਰੀ ਨਾ ਦਿਓ

ਬਹੁਤ ਸਾਰੇ ਦੇਸ਼ਾਂ ਵਿਚ ਲੋਕ ਆਪਣੇ ਫ਼ਾਇਦੇ ਲਈ ਆਪਣੇ ਬਾਰੇ ਗ਼ਲਤ ਜਾਣਕਾਰੀ ਦਿੰਦੇ ਹਨ। ਉਹ ਕਿਸੇ ਦੇਸ਼ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਜਾਂ ਨੌਕਰੀ ਲੈਣ ਲਈ ਜਿਸ ਦੇ ਉਹ ਯੋਗ ਨਹੀਂ ਹਨ, ਜਾਅਲੀ ਦਸਤਾਵੇਜ਼, ਡਿਪਲੋਮੇ ਅਤੇ ਪਛਾਣ ਪੱਤਰ ਬਣਾਉਂਦੇ ਹਨ। ਕੁਝ ਮਾਪੇ ਆਪਣੇ ਬੱਚਿਆਂ ਦੇ ਜਨਮ ਸਰਟੀਫਿਕੇਟ ਤੇ ਬੱਚਿਆਂ ਦੀ ਜਨਮ ਤਾਰੀਖ਼ ਗ਼ਲਤ ਲਿਖਵਾਉਂਦੇ ਹਨ ਤਾਂਕਿ ਉਹ ਜ਼ਿਆਦਾ ਸਕੂਲੀ ਪੜ੍ਹਾਈ ਕਰ ਸਕਣ।

ਇਸ ਤਰ੍ਹਾਂ ਦੀਆਂ ਬੇਈਮਾਨੀਆਂ ਕਰ ਕੇ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰ ਸਕਦੇ। ਬਾਈਬਲ ਦੱਸਦੀ ਹੈ ਕਿ ਯਹੋਵਾਹ ‘ਸਚਿਆਈ ਦਾ ਪਰਮੇਸ਼ੁਰ’ ਹੈ, ਇਸ ਲਈ ਉਹ ਆਪਣੇ ਭਗਤਾਂ ਤੋਂ ਈਮਾਨਦਾਰੀ ਦੀ ਆਸ ਰੱਖਦਾ ਹੈ। (ਜ਼ਬੂਰਾਂ ਦੀ ਪੋਥੀ 31:5) ਜੇ ਅਸੀਂ ਯਹੋਵਾਹ ਨਾਲ ਪੱਕਾ ਰਿਸ਼ਤਾ ਬਣਾਈ ਰੱਖਣਾ ਚਾਹੁੰਦੇ ਹਾਂ, ਤਾਂ ਸਾਨੂੰ “ਕਪਟੀਆਂ” ਵਰਗੇ ਨਹੀਂ ਬਣਨਾ ਚਾਹੀਦਾ।—ਜ਼ਬੂਰਾਂ ਦੀ ਪੋਥੀ 26:4.

ਸਜ਼ਾ ਮਿਲਣ ਦੇ ਡਰੋਂ ਵੀ ਆਮ ਤੌਰ ਤੇ ਲੋਕ ਝੂਠ ਬੋਲਦੇ ਹਨ। ਕਲੀਸਿਯਾ ਦਾ ਕੋਈ ਭੈਣ-ਭਰਾ ਵੀ ਇਸ ਤਰ੍ਹਾਂ ਦੀ ਗ਼ਲਤੀ ਕਰ ਸਕਦਾ ਹੈ। ਉਦਾਹਰਣ ਲਈ, ਇਕ ਕਲੀਸਿਯਾ ਵਿਚ ਇਕ ਨੌਜਵਾਨ ਨੇ ਬਜ਼ੁਰਗਾਂ ਸਾਮ੍ਹਣੇ ਆਪਣੀਆਂ ਕੁਝ ਗ਼ਲਤੀਆਂ ਤਾਂ ਕਬੂਲ ਕੀਤੀਆਂ। ਪਰ ਉਸ ਨੇ ਇਹ ਗੱਲ ਛੁਪਾਈ ਰੱਖੀ ਕਿ ਉਸ ਨੇ ਚੋਰੀਆਂ ਕੀਤੀਆਂ ਸਨ, ਭਾਵੇਂ ਉਸ ਦੇ ਖ਼ਿਲਾਫ਼ ਸਬੂਤ ਵੀ ਸੀ। ਕੁਝ ਸਮੇਂ ਬਾਅਦ ਉਸ ਦੀਆਂ ਚੋਰੀਆਂ ਦਾ ਪੋਲ ਖੁੱਲ੍ਹ ਗਿਆ ਤੇ ਉਸ ਨੂੰ ਕਲੀਸਿਯਾ ਵਿੱਚੋਂ ਕੱਢ ਦਿੱਤਾ ਗਿਆ। ਕਿੰਨਾ ਚੰਗਾ ਹੁੰਦਾ ਜੇ ਉਹ ਸਾਰੀ ਗੱਲ ਸੱਚ-ਸੱਚ ਦੱਸ ਦਿੰਦਾ, ਤਾਂਕਿ ਪਰਮੇਸ਼ੁਰ ਨਾਲ ਉਸ ਦੇ ਕੀਮਤੀ ਰਿਸ਼ਤੇ ਨੂੰ ਟੁੱਟਣ ਤੋਂ ਬਚਾਇਆ ਜਾ ਸਕਦਾ। ਬਾਈਬਲ ਬਿਲਕੁਲ ਸਹੀ ਕਹਿੰਦੀ ਹੈ: “ਤੂੰ ਪ੍ਰਭੁ ਦੀ ਤਾੜ ਨੂੰ ਤੁੱਛ ਨਾ ਜਾਣ, ਅਤੇ ਜਾਂ ਉਹ ਤੈਨੂੰ ਝਿੜਕੇ ਤਾਂ ਅੱਕ ਨਾ ਜਾਈਂ, ਕਿਉਂ ਜੋ ਜਿਹ ਦੇ ਨਾਲ ਪਿਆਰ ਕਰਦਾ ਹੈ, ਪ੍ਰਭੁ ਉਹ ਨੂੰ ਤਾੜਦਾ ਹੈ।”—ਇਬਰਾਨੀਆਂ 12:5, 6.

ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਕੋਈ ਭਰਾ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਪ੍ਰਾਪਤ ਕਰਨ ਲਈ ਮਿਹਨਤ ਤਾਂ ਕਰ ਰਿਹਾ ਹੈ, ਪਰ ਆਪਣੀਆਂ ਕਮਜ਼ੋਰੀਆਂ ਜਾਂ ਪਿਛਲੀਆਂ ਗ਼ਲਤੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਉਦਾਹਰਣ ਲਈ, ਪਾਇਨੀਅਰ ਜਾਂ ਬੈਥਲ ਫਾਰਮ ਵਗੈਰਾ ਭਰਨ ਵੇਲੇ ਉਹ ਆਪਣੀ ਸਿਹਤ ਜਾਂ ਚਾਲ-ਚਲਣ ਸੰਬੰਧੀ ਸਵਾਲਾਂ ਦੇ ਸਹੀ-ਸਹੀ ਜਵਾਬ ਨਹੀਂ ਦਿੰਦਾ। ਉਹ ਸੋਚਦਾ ਹੈ ਕਿ ਜੇ ਉਸ ਨੇ ਸੱਚਾਈ ਦੱਸ ਦਿੱਤੀ, ਤਾਂ ਉਸ ਨੂੰ ਅਯੋਗ ਠਹਿਰਾ ਦਿੱਤਾ ਜਾਵੇਗਾ। ਉਹ ਆਪਣੇ ਮਨ ਵਿਚ ਸ਼ਾਇਦ ਕਹੇ, ‘ਮੈਂ ਝੂਠ ਥੋੜ੍ਹੀ ਬੋਲਿਆ।’ ਪਰ ਕੀ ਉਸ ਨੇ ਈਮਾਨਦਾਰੀ ਨਾਲ ਸਾਰੀ ਗੱਲ ਸੱਚ-ਸੱਚ ਦੱਸੀ? ਧਿਆਨ ਦਿਓ ਕਿ ਕਹਾਉਤਾਂ 3:32 ਵਿਚ ਇਸ ਬਾਰੇ ਕੀ ਦੱਸਿਆ ਹੈ: “ਕੱਬੇ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਸਚਿਆਰਾਂ ਨਾਲ ਉਹ ਦੀ ਦੋਸਤੀ ਹੈ।”

ਈਮਾਨਦਾਰ ਬਣਨ ਦਾ ਮਤਲਬ ਹੈ ਕਿ ਅਸੀਂ ਪਹਿਲਾਂ ਆਪਣੇ ਆਪ ਨਾਲ ਸੱਚ ਬੋਲੀਏ। ਆਮ ਤੌਰ ਤੇ ਅਸੀਂ ਉਸੇ ਗੱਲ ਤੇ ਵਿਸ਼ਵਾਸ ਕਰਦੇ ਹਾਂ ਜੋ ਸਾਡੇ ਫ਼ਾਇਦੇ ਦੀ ਹੁੰਦੀ ਹੈ, ਨਾ ਕਿ ਜੋ ਸੱਚੀ ਜਾਂ ਸਹੀ ਹੁੰਦੀ ਹੈ। ਆਪ ਗ਼ਲਤੀ ਕਰ ਕੇ ਇਸ ਲਈ ਦੂਸਰਿਆਂ ਨੂੰ ਕਸੂਰਵਾਰ ਠਹਿਰਾਉਣਾ ਬਹੁਤ ਆਸਾਨ ਹੈ! ਉਦਾਹਰਣ ਲਈ, ਰਾਜਾ ਸ਼ਾਊਲ ਨੇ ਪਰਮੇਸ਼ੁਰ ਦਾ ਹੁਕਮ ਤੋੜਿਆ। ਆਪਣੀ ਗ਼ਲਤੀ ਦੀ ਸਫ਼ਾਈ ਦਿੰਦਿਆਂ ਉਸ ਨੇ ਦੂਸਰਿਆਂ ਨੂੰ ਕਸੂਰਵਾਰ ਠਹਿਰਾਇਆ। ਨਤੀਜਾ ਇਹ ਨਿਕਲਿਆ ਕਿ ਯਹੋਵਾਹ ਨੇ ਉਸ ਨੂੰ ਰਾਜ ਗੱਦੀ ਤੋਂ ਲਾਹ ਸੁੱਟਿਆ। (1 ਸਮੂਏਲ 15:20-23) ਸ਼ਾਊਲ ਤੋਂ ਉਲਟ, ਰਾਜਾ ਦਾਊਦ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਮੈਂ ਤੇਰੇ ਅੱਗੇ ਆਪਣੇ ਪਾਪ ਦਾ ਇਕਰਾਰ ਕੀਤਾ, ਅਤੇ ਆਪਣੀ ਬਦੀ ਨਹੀਂ ਲੁਕਾਈ। ਮੈਂ ਆਖਿਆ ਕਿ ਮੈਂ ਆਪਣੇ ਅਪਰਾਧਾਂ ਨੂੰ ਯਹੋਵਾਹ ਦੇ ਅੱਗੇ ਮੰਨ ਲਵਾਂਗਾ, ਤਾਂ ਤੈਂ ਆਪ ਮੇਰੇ ਪਾਪ ਦੀ ਬਦੀ ਨੂੰ ਚੁੱਕ ਲਿਆ।”—ਜ਼ਬੂਰਾਂ ਦੀ ਪੋਥੀ 32:5.

ਈਮਾਨਦਾਰ ਰਹਿਣ ਦੇ ਫ਼ਾਇਦੇ ਹਨ

ਤੁਸੀਂ ਈਮਾਨਦਾਰ ਹੋ ਜਾਂ ਬੇਈਮਾਨ, ਇਸ ਦਾ ਲੋਕਾਂ ਦੇ ਤੁਹਾਡੇ ਨਾਲ ਵਤੀਰੇ ਤੇ ਅਸਰ ਪਵੇਗਾ। ਜੇ ਲੋਕਾਂ ਨੂੰ ਪਤਾ ਲੱਗੇ ਕਿ ਤੁਸੀਂ ਉਨ੍ਹਾਂ ਨੂੰ ਇਕ ਵਾਰ ਵੀ ਧੋਖਾ ਦਿੱਤਾ ਹੈ, ਤਾਂ ਉਨ੍ਹਾਂ ਦਾ ਤੁਹਾਡੇ ਤੋਂ ਭਰੋਸਾ ਉੱਠ ਜਾਵੇਗਾ। ਫਿਰ ਦੁਬਾਰਾ ਉਨ੍ਹਾਂ ਦਾ ਭਰੋਸਾ ਜਿੱਤਣਾ ਔਖਾ ਹੋ ਜਾਵੇਗਾ। ਪਰ ਜੇ ਤੁਸੀਂ ਸੱਚਾਈ ਤੇ ਈਮਾਨਦਾਰੀ ਤੋਂ ਕੰਮ ਲੈਂਦੇ ਹੋ, ਤਾਂ ਲੋਕ ਤੁਹਾਡੇ ਤੇ ਵਿਸ਼ਵਾਸ ਕਰਨਗੇ। ਯਹੋਵਾਹ ਦੇ ਗਵਾਹਾਂ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ। ਇਸ ਸੰਬੰਧੀ ਅੱਗੇ ਦੱਸੀਆਂ ਕੁਝ ਉਦਾਹਰਣਾਂ ਤੇ ਗੌਰ ਕਰੋ।

ਇਕ ਕੰਪਨੀ ਦੇ ਡਾਇਰੈਕਟਰ ਨੂੰ ਪਤਾ ਚੱਲਿਆ ਕਿ ਉਸ ਦੇ ਕੁਝ ਕਰਮਚਾਰੀ ਕੰਪਨੀ ਨਾਲ ਠੱਗੀ ਕਰਨ ਰਹੇ ਸਨ। ਇਸ ਵਾਸਤੇ ਉਸ ਨੇ ਪੁਲਸ ਨੂੰ ਜਾਂਚ-ਪੜਤਾਲ ਕਰਨ ਲਈ ਕਿਹਾ। ਜਦੋਂ ਉਸ ਨੂੰ ਪਤਾ ਲੱਗਿਆ ਕਿ ਗਿਰਫ਼ਤਾਰ ਕੀਤੇ ਗਏ ਕਰਮਚਾਰੀਆਂ ਵਿਚ ਇਕ ਯਹੋਵਾਹ ਦਾ ਗਵਾਹ ਵੀ ਸੀ, ਤਾਂ ਉਸ ਨੇ ਥਾਣੇ ਜਾ ਕੇ ਉਸ ਗਵਾਹ ਨੂੰ ਤੁਰੰਤ ਰਿਹਾ ਕਰਵਾਇਆ। ਕਿਉਂ? ਕਿਉਂਕਿ ਡਾਇਰੈਕਟਰ ਜਾਣਦਾ ਸੀ ਕਿ ਉਹ ਗਵਾਹ ਈਮਾਨਦਾਰ ਬੰਦਾ ਸੀ ਤੇ ਉਸ ਨੇ ਕੰਪਨੀ ਨਾਲ ਕੋਈ ਠੱਗੀ ਨਹੀਂ ਕੀਤੀ ਸੀ। ਉਸ ਨੇ ਗਵਾਹ ਨੂੰ ਛੱਡ ਬਾਕੀ ਸਾਰਿਆਂ ਨੂੰ ਨੌਕਰੀਓਂ ਕੱਢ ਦਿੱਤਾ। ਉਸ ਗਵਾਹ ਦੇ ਸਾਥੀ ਗਵਾਹਾਂ ਨੂੰ ਇਸ ਗੱਲੋਂ ਬਹੁਤ ਖ਼ੁਸ਼ੀ ਹੋਈ ਕਿ ਉਸ ਦੀ ਈਮਾਨਦਾਰੀ ਕਰ ਕੇ ਯਹੋਵਾਹ ਦੀ ਮਹਿਮਾ ਹੋਈ।

ਈਮਾਨਦਾਰੀ ਲੁਕੀ ਨਹੀਂ ਰਹਿੰਦੀ। ਇਕ ਅਫ਼ਰੀਕੀ ਸ਼ਹਿਰ ਵਿਚ ਇਕ ਨਾਲੇ ਉੱਤੇ ਬਣੇ ਲੱਕੜੀ ਦੇ ਪੁੱਲ ਦੀ ਮੁਰੰਮਤ ਕਰਨ ਦੀ ਲੋੜ ਸੀ ਕਿਉਂਕਿ ਕਿਸੇ ਨੇ ਲੱਕੜੀ ਦੇ ਕੁਝ ਫੱਟੇ ਚੋਰੀ ਕਰ ਲਏ ਸਨ। ਲੋਕਾਂ ਨੇ ਫ਼ੈਸਲਾ ਕੀਤਾ ਕਿ ਫੱਟਿਆਂ ਲਈ ਪੈਸਾ ਇਕੱਠਾ ਕੀਤਾ ਜਾਵੇ। ਪਰ ਸਵਾਲ ਇਹ ਉੱਠਿਆ ਕਿ ਪੈਸੇ ਇਕੱਠੇ ਕਰ ਕੇ ਕਿਸ ਦੇ ਹਵਾਲੇ ਕੀਤੇ ਜਾਣ, ਤਾਂਕਿ ਇਹ ਈਮਾਨਦਾਰੀ ਨਾਲ ਵਰਤੇ ਜਾਣ। ਸਾਰਿਆਂ ਦੀ ਇੱਕੋ ਰਾਇ ਸੀ ਕਿ ਪੈਸੇ ਕਿਸੇ ਯਹੋਵਾਹ ਦੇ ਗਵਾਹ ਦੇ ਹੱਥ ਵਿਚ ਹੀ ਸੌਂਪੇ ਜਾਣ।

ਇਕ ਅਫ਼ਰੀਕੀ ਦੇਸ਼ ਵਿਚ ਰਾਜਨੀਤਿਕ ਤੇ ਨਸਲੀ ਕਾਰਨਾਂ ਕਰਕੇ ਦੰਗੇ-ਫ਼ਸਾਦ ਹੋ ਰਹੇ ਸਨ। ਉੱਥੇ ਇਕ ਗਵਾਹ ਇਕ ਅੰਤਰਰਾਸ਼ਟਰੀ ਕੰਪਨੀ ਵਿਚ ਅਕਾਊਂਟੈਂਟ ਸੀ। ਉਸ ਦੀ ਜਾਨ ਖ਼ਤਰੇ ਵਿਚ ਹੋਣ ਕਰਕੇ ਕੰਪਨੀ ਨੇ ਉਸ ਦੀ ਬਦਲੀ ਦੂਸਰੇ ਦੇਸ਼ ਕਰ ਦਿੱਤੀ। ਕੰਪਨੀ ਨੇ ਉਦੋਂ ਤਕ ਆਪਣੇ ਖ਼ਰਚੇ ਤੇ ਦੂਸਰੇ ਦੇਸ਼ ਵਿਚ ਉਸ ਦੇ ਰਹਿਣ ਤੇ ਕੰਮ ਕਰਨ ਦਾ ਪ੍ਰਬੰਧ ਕੀਤਾ, ਜਦ ਤਕ ਹਾਲਾਤ ਠੀਕ ਨਹੀਂ ਹੋ ਗਏ। ਕੰਪਨੀ ਨੇ ਇਹ ਸਭ ਕਿਉਂ ਕੀਤਾ? ਕਿਉਂਕਿ ਪਹਿਲਾਂ ਉਸ ਨੇ ਕੰਪਨੀ ਨੂੰ ਠੱਗਣ ਦੀ ਸਕੀਮ ਬਣਾਉਣ ਵਾਲਿਆਂ ਦਾ ਸਾਥ ਨਹੀਂ ਦਿੱਤਾ ਸੀ। ਕੰਪਨੀ ਦੀ ਮੈਨੇਜਮੈਂਟ ਉਸ ਦੀ ਈਮਾਨਦਾਰੀ ਬਾਰੇ ਚੰਗੀ ਤਰ੍ਹਾਂ ਜਾਣਦੀ ਸੀ। ਕੀ ਕੰਪਨੀ ਉਸ ਦੀ ਮਦਦ ਕਰਦੀ ਜੇ ਉਸ ਨੇ ਕੰਪਨੀ ਨਾਲ ਬੇਈਮਾਨੀ ਕੀਤੀ ਹੁੰਦੀ?

ਕਹਾਉਤਾਂ 20:7 ਵਿਚ ਲਿਖਿਆ ਹੈ: “ਧਰਮੀ ਜਿਹੜਾ ਸਚਿਆਈ ਨਾਲ ਚੱਲਦਾ ਹੈ।” ਈਮਾਨਦਾਰ ਬੰਦਾ ਸੱਚ ਦੇ ਰਾਹ ਤੇ ਚੱਲਦਾ ਹੈ। ਉਹ ਕਦੀ ਦੂਸਰਿਆਂ ਨੂੰ ਠੱਗਦਾ ਨਹੀਂ ਜਾਂ ਧੋਖਾ ਨਹੀਂ ਦਿੰਦਾ। ਕੀ ਤੁਸੀਂ ਨਹੀਂ ਚਾਹੁੰਦੇ ਕਿ ਲੋਕ ਤੁਹਾਡੇ ਨਾਲ ਈਮਾਨਦਾਰੀ ਨਾਲ ਪੇਸ਼ ਆਉਣ? ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਲਈ ਈਮਾਨਦਾਰ ਰਹਿਣਾ ਬਹੁਤ ਜ਼ਰੂਰੀ ਹੈ। ਈਮਾਨਦਾਰ ਰਹਿ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਅਤੇ ਦੂਸਰੇ ਲੋਕਾਂ ਨਾਲ ਪਿਆਰ ਕਰਦੇ ਹਾਂ। ਈਮਾਨਦਾਰੀ ਤੋਂ ਕੰਮ ਲੈ ਕੇ ਅਸੀਂ ਯਿਸੂ ਦੇ ਇਸ ਅਸੂਲ ਉੱਤੇ ਚੱਲਦੇ ਹਾਂ: “ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।”—ਮੱਤੀ 7:12; 22:36-39.

ਕਈ ਵਾਰ ਈਮਾਨਦਾਰੀ ਕਰਕੇ ਸਾਨੂੰ ਮੁਸ਼ਕਲਾਂ ਵੀ ਸਹਿਣੀਆਂ ਪੈਂਦੀਆਂ ਹਨ। ਪਰ ਈਮਾਨਦਾਰੀ ਤੋਂ ਕੰਮ ਲੈਣ ਨਾਲ ਸਾਡੀ ਜ਼ਮੀਰ ਸਾਫ਼ ਰਹਿੰਦੀ ਹੈ। ਜੇ ਅਸੀਂ ਹਮੇਸ਼ਾ ਈਮਾਨਦਾਰ ਰਹਿੰਦੇ ਹਾਂ, ਤਾਂ ਸਾਨੂੰ ਇਕ ਬਹੁਤ ਵੱਡਾ ਫ਼ਾਇਦਾ ਹੋਏਗਾ। ਯਹੋਵਾਹ ਨਾਲ ਚੰਗੇ ਰਿਸ਼ਤੇ ਤੋਂ ਵਧ ਕੇ ਸਾਨੂੰ ਹੋਰ ਕੀ ਚਾਹੀਦਾ? ਬਦਨਾਮੀ ਤੋਂ ਬਚਣ ਜਾਂ ਕੋਈ ਨਾਜਾਇਜ਼ ਫ਼ਾਇਦਾ ਲੈਣ ਲਈ ਅਸੀਂ ਕਿਉਂ ਬੇਈਮਾਨੀ ਕਰ ਕੇ ਇਸ ਬਹੁਮੁੱਲੇ ਰਿਸ਼ਤੇ ਨੂੰ ਤੋੜੀਏ? ਸਾਨੂੰ ਭਾਵੇਂ ਜੋ ਵੀ ਮੁਸ਼ਕਲਾਂ ਆਉਣ, ਅਸੀਂ ਇਸ ਜ਼ਬੂਰ ਦੇ ਸ਼ਬਦਾਂ ਉੱਤੇ ਪੂਰਾ ਭਰੋਸਾ ਕਰ ਸਕਦੇ ਹਾਂ: “ਧੰਨ ਹੈ ਉਹ ਪੁਰਸ਼ ਜਿਹੜਾ ਯਹੋਵਾਹ ਨੂੰ ਆਪਣਾ ਆਸਰਾ ਬਣਾਉਂਦਾ ਹੈ, ਅਤੇ ਹੰਕਾਰੀਆਂ ਅਰ ਝੂਠੇ ਕੁਰਾਹੀਆਂ ਵੱਲ ਰੁੱਕ ਹੀ ਨਹੀਂ ਕਰਦਾ।”—ਜ਼ਬੂਰਾਂ ਦੀ ਪੋਥੀ 40:4.

[ਸਫ਼ਾ 18 ਉੱਤੇ ਤਸਵੀਰਾਂ]

ਸੱਚੇ ਮਸੀਹੀ ਨਾ ਤਾਂ ਜਾਅਲੀ ਕਾਗਜ਼ ਬਣਾਉਂਦੇ ਹਨ ਤੇ ਨਾ ਹੀ ਵਰਤਦੇ ਹਨ