ਜੱਜ ਨੂੰ ਗਵਾਹੀ
ਜੱਜ ਨੂੰ ਗਵਾਹੀ
ਕ੍ਰੋਸ਼ੀਆ ਵਿਚ ਰਹਿਣ ਵਾਲੀ ਸਲਾਡਯਾਨਾ ਨਾਂ ਦੀ ਇਕ ਯਹੋਵਾਹ ਦੀ ਗਵਾਹ ਨੂੰ ਪੈਸੇ ਸੰਬੰਧੀ ਕਿਸੇ ਮਾਮਲੇ ਲਈ ਕਚਹਿਰੀ ਜਾਣਾ ਪਿਆ। ਉਹ ਸਮੇਂ ਸਿਰ ਜੱਜ ਸਾਮ੍ਹਣੇ ਪੇਸ਼ ਹੋਈ, ਪਰ ਮਾਮਲੇ ਵਿਚ ਸ਼ਾਮਲ ਦੂਜੀ ਧਿਰ ਅਜੇ ਨਹੀਂ ਪਹੁੰਚੀ ਸੀ। ਸਲਾਡਯਾਨਾ ਜੱਜ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਗਵਾਹੀ ਦੇਣੀ ਚਾਹੁੰਦੀ ਸੀ। ਦੂਜੀ ਧਿਰ ਦੇ ਆਉਣ ਦਾ ਇੰਤਜ਼ਾਰ ਕਰਦਿਆਂ ਉਸ ਨੇ ਹੌਸਲਾ ਕਰ ਕੇ ਜੱਜ ਨਾਲ ਗੱਲ ਕੀਤੀ।
“ਸਰ, ਕੀ ਤੁਹਾਨੂੰ ਪਤਾ ਹੈ ਕਿ ਇਕ ਸਮਾਂ ਆਵੇਗਾ ਜਦੋਂ ਧਰਤੀ ਉੱਤੇ ਜੱਜ ਤੇ ਕਚਹਿਰੀਆਂ ਨਹੀਂ ਰਹਿਣਗੀਆਂ?” ਉਹ ਅੱਜ ਕਚਹਿਰੀਆਂ ਵਿਚ ਬੈਠੇ ਜੱਜਾਂ ਦੀ ਗੱਲ ਕਰ ਰਹੀ ਸੀ।
ਜੱਜ ਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਤੇ ਉਹ ਉਸ ਦੇ ਮੂੰਹ ਵੱਲ ਦੇਖਦਾ ਰਿਹਾ। ਫਿਰ ਉਨ੍ਹਾਂ ਨੇ ਕਾਰਵਾਈ ਸ਼ੁਰੂ ਕੀਤੀ। ਜਦੋਂ ਕਾਰਵਾਈ ਖ਼ਤਮ ਹੋਈ ਤੇ ਸਲਾਡਯਾਨਾ ਇਕ ਦਸਤਾਵੇਜ਼ ਤੇ ਦਸਤਖਤ ਕਰਨ ਲਈ ਖੜ੍ਹੀ ਹੋਈ, ਤਾਂ ਜੱਜ ਨੇ ਆਪਣੀ ਜਗ੍ਹਾ ਤੋਂ ਝੁਕਦੇ ਹੋਏ ਹੌਲੇ ਜਿਹੇ ਉਸ ਨੂੰ ਪੁੱਛਿਆ: “ਕੀ ਤੈਨੂੰ ਪੂਰਾ ਯਕੀਨ ਹੈ ਕਿ ਜੱਜ ਤੇ ਕਚਹਿਰੀਆਂ ਨਹੀਂ ਰਹਿਣਗੀਆਂ?”
“ਜੀ ਹਾਂ, ਸਰ, ਮੈਨੂੰ ਪੂਰਾ ਯਕੀਨ ਹੈ!” ਸਲਾਡਯਾਨਾ ਨੇ ਜਵਾਬ ਦਿੱਤਾ।
“ਤੇਰੇ ਕੋਲ ਇਸ ਗੱਲ ਦਾ ਕੀ ਸਬੂਤ ਹੈ?” ਜੱਜ ਨੇ ਪੁੱਛਿਆ।
“ਇਸ ਦਾ ਸਬੂਤ ਬਾਈਬਲ ਵਿਚ ਦਿੱਤਾ ਗਿਆ ਹੈ,” ਸਲਾਡਯਾਨਾ ਨੇ ਉਸ ਨੂੰ ਦੱਸਿਆ।
ਜੱਜ ਨੇ ਕਿਹਾ ਕਿ ਉਹ ਆਪ ਬਾਈਬਲ ਵਿੱਚੋਂ ਇਸ ਸਬੂਤ ਬਾਰੇ ਪੜ੍ਹਨਾ ਚਾਹੁੰਦਾ, ਪਰ ਉਸ ਕੋਲ ਬਾਈਬਲ ਨਹੀਂ। ਸਲਾਡਯਾਨਾ ਨੇ ਉਸ ਨੂੰ ਬਾਈਬਲ ਦੇਣ ਦਾ ਵਾਅਦਾ ਕੀਤਾ। ਗਵਾਹ ਜੱਜ ਨੂੰ ਮਿਲਣ ਗਏ, ਉਸ ਨੂੰ ਬਾਈਬਲ ਦਿੱਤੀ ਤੇ ਬਾਈਬਲ ਸਟੱਡੀ ਕਰਨ ਦੀ ਹੱਲਾਸ਼ੇਰੀ ਦਿੱਤੀ। ਜੱਜ ਸਟੱਡੀ ਕਰਨ ਲਈ ਮੰਨ ਗਿਆ ਤੇ ਜਲਦੀ ਹੀ ਯਹੋਵਾਹ ਦਾ ਇਕ ਗਵਾਹ ਬਣ ਗਿਆ।
ਜ਼ਬੂਰਾਂ ਦੀ ਪੋਥੀ 2:10 ਵਿਚ ਦਰਜ ਭਵਿੱਖਬਾਣੀ ਕਹਿੰਦੀ ਹੈ: “ਸੋ ਹੁਣ ਹੇ ਰਾਜਿਓ, ਸਿਆਣੇ ਬਣੋ, ਅਤੇ ਹੇ ਧਰਤੀ ਦੇ ਨਿਆਈਓ, ਤੁਸੀਂ ਸਮਝ ਜਾਓ।” ਕਿੰਨੀ ਖ਼ੁਸ਼ੀ ਹੁੰਦੀ ਹੈ ਅਜਿਹੇ ਲੋਕਾਂ ਨੂੰ ਯਹੋਵਾਹ ਦੇ ਰਸਤੇ ਤੇ ਚੱਲਦੇ ਦੇਖ ਕੇ!
[ਸਫ਼ਾ 32 ਉੱਤੇ ਤਸਵੀਰ]
ਜੱਜ ਨਾਲ ਸਲਾਡਯਾਨਾ