Skip to content

Skip to table of contents

ਪਰਮੇਸ਼ੁਰ ਦੇ ਪਿਆਰ ਦੇ ਬਦਲੇ ਉਸ ਨੂੰ ਪਿਆਰ ਕਰੋ

ਪਰਮੇਸ਼ੁਰ ਦੇ ਪਿਆਰ ਦੇ ਬਦਲੇ ਉਸ ਨੂੰ ਪਿਆਰ ਕਰੋ

ਪਰਮੇਸ਼ੁਰ ਦੇ ਪਿਆਰ ਦੇ ਬਦਲੇ ਉਸ ਨੂੰ ਪਿਆਰ ਕਰੋ

“ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।”—ਮੱਤੀ 22:37.

1, 2. ਇਕ ਫ਼ਰੀਸੀ ਨੇ ਸ਼ਾਇਦ ਯਿਸੂ ਨੂੰ ਕਿਉਂ ਪੁੱਛਿਆ ਸੀ ਕਿ ਤੁਰੇਤ ਵਿਚ ਵੱਡਾ ਹੁਕਮ ਕਿਹੜਾ ਹੈ?

ਯਿਸੂ ਦੇ ਦਿਨਾਂ ਵਿਚ ਫ਼ਰੀਸੀਆਂ ਲਈ ਇਕ ਖ਼ਾਸ ਸਵਾਲ ਬਹਿਸ ਦਾ ਮੁੱਦਾ ਬਣਿਆ ਹੋਇਆ ਸੀ। ਸਵਾਲ ਇਹ ਸੀ ਕਿ ਮੂਸਾ ਦੀ ਸ਼ਰਾ ਦੇ 600 ਤੋਂ ਵੱਧ ਹੁਕਮਾਂ ਵਿੱਚੋਂ ਕਿਹੜਾ ਹੁਕਮ ਸਭ ਤੋਂ ਜ਼ਿਆਦਾ ਮਹੱਤਵਪੂਰਣ ਸੀ। ਕੀ ਬਲੀਆਂ ਚੜ੍ਹਾਉਣ ਦਾ ਹੁਕਮ ਸਭ ਤੋਂ ਅਹਿਮ ਸੀ ਕਿਉਂਕਿ ਬਲੀਆਂ ਚੜ੍ਹਾ ਕੇ ਪਾਪਾਂ ਦੀ ਮਾਫ਼ੀ ਮਿਲਦੀ ਸੀ ਅਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਜਾਂਦਾ ਸੀ? ਜਾਂ ਕੀ ਸੁੰਨਤ ਕਰਾਉਣ ਦਾ ਹੁਕਮ ਸਭ ਤੋਂ ਵੱਧ ਮਹੱਤਤਾ ਰੱਖਦਾ ਸੀ ਕਿਉਂਕਿ ਇਹ ਅਬਰਾਹਾਮ ਨਾਲ ਬੰਨ੍ਹੇ ਯਹੋਵਾਹ ਦੇ ਨੇਮ ਦੀ ਨਿਸ਼ਾਨੀ ਸੀ?—ਉਤਪਤ 17:9-13.

2 ਦੂਜੇ ਪਾਸੇ, ਕੁਝ ਯਹੂਦੀਆਂ ਦਾ ਮੰਨਣਾ ਸੀ ਕਿ ਪਰਮੇਸ਼ੁਰ ਦਾ ਦਿੱਤਾ ਹਰ ਹੁਕਮ ਮਹਾਨ ਸੀ। ਭਾਵੇਂ ਕੁਝ ਹੁਕਮ ਦੂਸਰੇ ਹੁਕਮਾਂ ਨਾਲੋਂ ਘੱਟ ਮਹੱਤਵਪੂਰਣ ਜਾਪਦੇ ਸਨ, ਪਰ ਕਿਸੇ ਇਕ ਹੁਕਮ ਨੂੰ ਦੂਸਰੇ ਨਾਲੋਂ ਉੱਤਮ ਕਹਿਣਾ ਗ਼ਲਤ ਹੋਵੇਗਾ। ਸੋ ਫ਼ਰੀਸੀਆਂ ਨੇ ਸੋਚਿਆ ਕਿ ਕਿਉਂ ਨਾ ਇਸ ਭੱਖਦੇ ਮੁੱਦੇ ਬਾਰੇ ਯਿਸੂ ਨੂੰ ਪੁੱਛ ਕੇ ਉਸ ਨੂੰ ਫਸਾਇਆ ਜਾਵੇ। ਉਸ ਦਾ ਜਵਾਬ ਸੁਣ ਕੇ ਕਿਸੇ ਨੂੰ ਤਾਂ ਗੁੱਸਾ ਆਵੇਗਾ ਜਿਸ ਕਰਕੇ ਲੋਕਾਂ ਦਾ ਉਸ ਤੋਂ ਭਰੋਸਾ ਉੱਠ ਜਾਵੇਗਾ। ਇਸ ਲਈ ਉਨ੍ਹਾਂ ਵਿੱਚੋਂ ਇਕ ਫ਼ਰੀਸੀ ਨੇ ਯਿਸੂ ਕੋਲ ਆਣ ਕੇ ਪੁੱਛਿਆ: “ਤੁਰੇਤ ਵਿੱਚ ਵੱਡਾ ਹੁਕਮ ਕਿਹੜਾ ਹੈ?”—ਮੱਤੀ 22:34-36.

3. ਯਿਸੂ ਨੇ ਕਿਸ ਹੁਕਮ ਨੂੰ ਸਭ ਤੋਂ ਵੱਡਾ ਹੁਕਮ ਕਿਹਾ ਸੀ?

3 ਯਿਸੂ ਦੇ ਜਵਾਬ ਤੋਂ ਅਸੀਂ ਇਕ ਅਟੱਲ ਸੱਚਾਈ ਸਿੱਖਦੇ ਹਾਂ। ਉਸ ਨੇ ਦੱਸਿਆ ਕਿ ਸੱਚੀ ਭਗਤੀ ਦਾ ਆਧਾਰ ਹਮੇਸ਼ਾ ਪਿਆਰ ਰਿਹਾ ਹੈ ਤੇ ਰਹੇਗਾ ਵੀ। ਬਿਵਸਥਾ ਸਾਰ 6:5 ਦਾ ਹਵਾਲਾ ਦਿੰਦੇ ਹੋਏ ਯਿਸੂ ਨੇ ਕਿਹਾ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ [ਯਹੋਵਾਹ] ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ। ਵੱਡਾ ਅਤੇ ਪਹਿਲਾ ਹੁਕਮ ਇਹੋ ਹੈ।” ਭਾਵੇਂ ਕਿ ਫ਼ਰੀਸੀ ਨੇ ਯਿਸੂ ਕੋਲੋਂ ਸਭ ਤੋਂ ਵੱਡੇ ਹੁਕਮ ਬਾਰੇ ਪੁੱਛਿਆ ਸੀ, ਪਰ ਯਿਸੂ ਨੇ ਉਸ ਨੂੰ ਇਕ ਹੋਰ ਵੱਡਾ ਹੁਕਮ ਵੀ ਦੱਸਿਆ। ਲੇਵੀਆਂ 19:18 ਦਾ ਹਵਾਲਾ ਦਿੰਦੇ ਹੋਏ ਯਿਸੂ ਨੇ ਕਿਹਾ: “ਦੂਆ ਇਹ ਦੇ ਵਾਂਙੁ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।” ਫਿਰ ਯਿਸੂ ਨੇ ਕਿਹਾ ਕਿ ਇਹੋ ਦੋ ਹੁਕਮ ਸ਼ੁੱਧ ਭਗਤੀ ਦਾ ਨਿਚੋੜ ਹਨ। ਇਸ ਤੋਂ ਪਹਿਲਾਂ ਕਿ ਫ਼ਰੀਸੀ ਉਸ ਨੂੰ ਪੁੱਛਦਾ ਕਿ ਬਾਕੀ ਹੁਕਮਾਂ ਵਿੱਚੋਂ ਕਿਹੜਾ ਹੁਕਮ ਜ਼ਿਆਦਾ ਜਾਂ ਘੱਟ ਮਹੱਤਤਾ ਰੱਖਦਾ ਸੀ, ਯਿਸੂ ਨੇ ਇਹ ਕਹਿ ਕੇ ਉਸ ਨੂੰ ਚੁੱਪ ਕਰਾ ਦਿੱਤਾ ਕਿ “ਇਨ੍ਹਾਂ ਦੋਹਾਂ ਹੁਕਮਾਂ ਉੱਤੇ ਸਾਰੀ ਤੁਰੇਤ ਅਤੇ ਨਬੀਆਂ ਦੇ ਬਚਨ ਟਿਕੇ ਹੋਏ ਹਨ।” (ਮੱਤੀ 22:37-40) ਇਸ ਲੇਖ ਵਿਚ ਅਸੀਂ ਪਹਿਲੇ ਵੱਡੇ ਹੁਕਮ ਬਾਰੇ ਚਰਚਾ ਕਰਾਂਗੇ। ਸਾਨੂੰ ਪਰਮੇਸ਼ੁਰ ਨੂੰ ਪਿਆਰ ਕਿਉਂ ਕਰਨਾ ਚਾਹੀਦਾ ਹੈ? ਇਸ ਪਿਆਰ ਦਾ ਅਸੀਂ ਕਿਵੇਂ ਸਬੂਤ ਦਿੰਦੇ ਹਾਂ? ਅਸੀਂ ਆਪਣੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਕਿਵੇਂ ਪੈਦਾ ਕਰ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨੇ ਜ਼ਰੂਰੀ ਹਨ ਕਿਉਂਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਸ ਨੂੰ ਪੂਰੇ ਦਿਲ, ਜਾਨ ਤੇ ਬੁੱਧ ਨਾਲ ਪਿਆਰ ਕਰੀਏ।

ਪਿਆਰ ਦੀ ਅਹਿਮੀਅਤ

4, 5. (ੳ) ਯਿਸੂ ਦੇ ਜਵਾਬ ਤੋਂ ਫ਼ਰੀਸੀ ਨੂੰ ਹੈਰਾਨੀ ਕਿਉਂ ਨਹੀਂ ਹੋਈ? (ਅ) ਪਰਮੇਸ਼ੁਰ ਦੀ ਨਜ਼ਰ ਵਿਚ ਕਿਹੜੀ ਚੀਜ਼ ਹੋਮ ਬਲੀਆਂ ਅਤੇ ਚੜ੍ਹਾਵਿਆਂ ਨਾਲੋਂ ਉੱਤਮ ਹੈ?

4 ਯਿਸੂ ਦਾ ਜਵਾਬ ਸੁਣ ਕੇ ਫ਼ਰੀਸੀ ਨਾ ਤਾਂ ਹੈਰਾਨ ਹੋਇਆ ਤੇ ਨਾ ਹੀ ਨਾਰਾਜ਼। ਉਹ ਜਾਣਦਾ ਸੀ ਕਿ ਸੱਚੀ ਭਗਤੀ ਦਾ ਆਧਾਰ ਪਰਮੇਸ਼ੁਰ ਲਈ ਪਿਆਰ ਹੈ, ਹਾਲਾਂਕਿ ਉਸ ਜ਼ਮਾਨੇ ਵਿਚ ਇਹ ਪਿਆਰ ਘੱਟ ਹੀ ਦੇਖਣ ਨੂੰ ਮਿਲਦਾ ਸੀ। ਯਿਸੂ ਨੇ ਆਪਣੇ ਜਵਾਬ ਵਿਚ ਬਿਵਸਥਾ ਸਾਰ 6:4-9 ਦਾ ਹਵਾਲਾ ਦਿੱਤਾ ਸੀ ਜਿਸ ਤੋਂ ਫ਼ਰੀਸੀ ਚੰਗੀ ਤਰ੍ਹਾਂ ਵਾਕਫ਼ ਸਨ। ਰੀਤ ਮੁਤਾਬਕ ਉਨ੍ਹਾਂ ਦੇ ਸਭਾ ਘਰਾਂ ਵਿਚ ਇਕ ਇਬਰਾਨੀ ਪ੍ਰਾਰਥਨਾ ਦੁਹਰਾਈ ਜਾਂਦੀ ਸੀ ਜਿਸ ਵਿਚ ਇਹ ਆਇਤਾਂ ਵੀ ਸ਼ਾਮਲ ਸਨ। ਮਰਕੁਸ ਦੀ ਇੰਜੀਲ ਮੁਤਾਬਕ ਫ਼ਰੀਸੀ ਨੇ ਅੱਗੋਂ ਯਿਸੂ ਨੂੰ ਕਿਹਾ: “ਠੀਕ ਗੁਰੂ ਜੀ, ਤੈਂ ਸਤ ਆਖਿਆ ਭਈ ਉਹ ਇੱਕੋ ਹੈ ਅਤੇ ਉਹ ਦੇ ਬਿਨਾ ਹੋਰ ਕੋਈ ਨਹੀਂ। ਅਤੇ ਸਾਰੇ ਦਿਲ ਨਾਲ ਅਤੇ ਸਾਰੀ ਸਮਝ ਨਾਲ ਅਤੇ ਸਾਰੀ ਸ਼ਕਤੀ ਨਾਲ ਉਹ ਨੂੰ ਪਿਆਰ ਕਰਨਾ ਅਰ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰਨਾ ਸਾਰੇ ਹੋਮਾਂ ਅਤੇ ਬਲੀਦਾਨਾਂ ਨਾਲੋਂ ਵੱਧ ਹੈ।”—ਮਰਕੁਸ 12:32, 33.

5 ਇਹ ਸੱਚ ਹੈ ਕਿ ਮੂਸਾ ਦੀ ਬਿਵਸਥਾ ਵਿਚ ਹੋਮ ਬਲੀਆਂ ਤੇ ਹੋਰ ਚੜ੍ਹਾਵੇ ਚੜ੍ਹਾਉਣ ਦਾ ਹੁਕਮ ਦਿੱਤਾ ਗਿਆ ਸੀ। ਪਰ ਬਲੀਆਂ ਨਾਲੋਂ ਵੀ ਵੱਧ ਯਹੋਵਾਹ ਇਹ ਚਾਹੁੰਦਾ ਸੀ ਕਿ ਉਸ ਦੇ ਸੇਵਕ ਉਸ ਨੂੰ ਦਿਲੋਂ ਪਿਆਰ ਕਰਨ। ਗ਼ਲਤ ਉਦੇਸ਼ ਨਾਲ ਚੜ੍ਹਾਏ ਗਏ ਹਜ਼ਾਰਾਂ ਛੱਤਰਿਆਂ ਨਾਲੋਂ ਪਿਆਰ ਨਾਲ ਚੜ੍ਹਾਈ ਗਈ ਇਕ ਚਿੜੀ ਉੱਤਮ ਸੀ। (ਮੀਕਾਹ 6:6-8) ਬਾਈਬਲ ਵਿਚ ਕੰਗਾਲ ਵਿਧਵਾ ਦੇ ਬਿਰਤਾਂਤ ਨੂੰ ਚੇਤੇ ਕਰੋ। ਯਿਸੂ ਯਰੂਸ਼ਲਮ ਦੀ ਹੈਕਲ ਵਿਚ ਬੈਠਾ ਲੋਕਾਂ ਨੂੰ ਦਾਨ-ਪੇਟੀਆਂ ਵਿਚ ਦਾਨ ਪਾਉਂਦੇ ਦੇਖ ਰਿਹਾ ਸੀ। ਫਿਰ ਉਸ ਨੇ ਇਕ ਗ਼ਰੀਬ ਵਿਧਵਾ ਨੂੰ ਦਾਨ-ਪੇਟੀ ਵਿਚ ਦੋ ਛੋਟੇ ਸਿੱਕੇ ਪਾਉਂਦੇ ਦੇਖਿਆ ਜਿਨ੍ਹਾਂ ਨਾਲ ਇਕ ਵੀ ਚਿੜੀ ਨਹੀਂ ਖ਼ਰੀਦੀ ਜਾ ਸਕਦੀ ਸੀ। ਪਰ ਯਿਸੂ ਨੇ ਕਿਹਾ ਕਿ ਇਸ ਵਿਧਵਾ ਦਾ ਦਿੱਤਾ ਦਾਨ ਬਾਕੀ ਸਾਰਿਆਂ ਨਾਲੋਂ ਉੱਤਮ ਸੀ। ਕਿਉਂ? ਕਿਉਂਕਿ ਉਹ ਯਹੋਵਾਹ ਨਾਲ ਬਹੁਤ ਪਿਆਰ ਕਰਦੀ ਸੀ ਜਿਸ ਕਰਕੇ ਉਸ ਨੇ ਆਪਣਾ ਸਭ ਕੁਝ ਦੇ ਦਿੱਤਾ, ਜਦ ਕਿ ਅਮੀਰ ਲੋਕ ਆਪਣੇ ਵਾਧੂ ਧਨ ਵਿੱਚੋਂ ਯਹੋਵਾਹ ਨੂੰ ਦਾਨ ਦੇ ਰਹੇ ਸਨ। (ਮਰਕੁਸ 12:41-44) ਇਹ ਜਾਣ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਯਹੋਵਾਹ ਸਾਡੇ ਤੋਂ ਉਹੀ ਚੀਜ਼ ਚਾਹੁੰਦਾ ਹੈ ਜੋ ਅਸੀਂ ਸਾਰੇ ਜਣੇ ਉਸ ਨੂੰ ਦੇ ਸਕਦੇ ਹਾਂ, ਭਾਵੇਂ ਅਸੀਂ ਅਮੀਰ ਹੋਈਏ ਜਾਂ ਗ਼ਰੀਬ। ਹਾਂ, ਉਹ ਸਾਡਾ ਪਿਆਰ ਚਾਹੁੰਦਾ ਹੈ!

6. ਪੌਲੁਸ ਨੇ ਪਿਆਰ ਦੀ ਅਹਿਮੀਅਤ ਬਾਰੇ ਕੀ ਲਿਖਿਆ ਸੀ?

6 ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਲਈ ਉਸ ਨੂੰ ਦਿਲੋਂ ਪਿਆਰ ਕਰਨਾ ਲਾਜ਼ਮੀ ਹੈ। ਅਜਿਹੇ ਪਿਆਰ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੇ ਹੋਏ ਪੌਲੁਸ ਰਸੂਲ ਨੇ ਲਿਖਿਆ: “ਭਾਵੇਂ ਮੈਂ ਮਨੁੱਖਾਂ ਅਤੇ ਸੁਰਗੀ ਦੂਤਾਂ ਦੀਆਂ ਬੋਲੀਆਂ ਬੋਲਾਂ ਪਰ ਜੇ ਮੇਰੇ ਵਿੱਚ ਪ੍ਰੇਮ ਨਾ ਹੋਵੇ ਤਾਂ ਠਣ ਠਣ ਕਰਨ ਵਾਲਾ ਪਿੱਤਲ ਅਥਵਾ ਛਣ ਛਣ ਕਰਨ ਵਾਲੇ ਛੈਣੇ ਬਣਿਆ ਹਾਂ। ਅਤੇ ਭਾਵੇਂ ਮੈਨੂੰ ਅਗੰਮ ਵਾਕ ਬੋਲਣਾ ਆਵੇ ਅਤੇ ਮੈਂ ਸਾਰਾ ਭੇਤ ਅਤੇ ਸਾਰਾ ਗਿਆਨ ਜਾਣਾਂ ਅਤੇ ਭਾਵੇਂ ਮੈਂ ਪੂਰੀ ਨਿਹਚਾ ਰੱਖਾਂ ਅਜਿਹੀ ਭਈ ਪਹਾੜਾਂ ਨੂੰ ਹਟਾ ਦਿਆਂ ਪਰ ਪ੍ਰੇਮ ਨਾ ਰੱਖਾਂ, ਮੈਂ ਕੁਝ ਵੀ ਨਹੀਂ। ਅਤੇ ਭਾਵੇਂ ਮੈਂ ਆਪਣਾ ਸਾਰਾ ਮਾਲ ਖੁਆਉਣ ਲਈ ਪੁੰਨ ਕਰ ਦਿਆਂ ਅਤੇ ਭਾਵੇਂ ਮੈਂ ਆਪਣਾ ਸਰੀਰ ਸੜਨ ਲਈ ਦੇ ਦਿਆਂ ਪਰ ਪ੍ਰੇਮ ਨਾ ਰੱਖਾਂ, ਤਾਂ ਕੁਝ ਲਾਭ ਨਹੀਂ।” (1 ਕੁਰਿੰਥੀਆਂ 13:1-3) ਜੀ ਹਾਂ, ਪਰਮੇਸ਼ੁਰ ਤਾਂ ਹੀ ਸਾਡੇ ਤੇ ਮਿਹਰ ਕਰੇਗਾ ਜੇ ਅਸੀਂ ਉਸ ਨੂੰ ਪਿਆਰ ਕਰੀਏ। ਪਰ ਅਸੀਂ ਯਹੋਵਾਹ ਲਈ ਆਪਣੇ ਪਿਆਰ ਦਾ ਸਬੂਤ ਕਿਵੇਂ ਦੇ ਸਕਦੇ ਹਾਂ?

ਯਹੋਵਾਹ ਲਈ ਆਪਣੇ ਪਿਆਰ ਦਾ ਸਬੂਤ ਦਿਓ

7, 8. ਅਸੀਂ ਯਹੋਵਾਹ ਲਈ ਆਪਣੇ ਪਿਆਰ ਦਾ ਸਬੂਤ ਕਿਵੇਂ ਦਿੰਦੇ ਹਾਂ?

7 ਲੋਕ ਕਹਿੰਦੇ ਹਨ ਕਿ ਪਿਆਰ ਉੱਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਬਸ ਪਿਆਰ ਹੋ ਜਾਂਦਾ ਹੈ। ਪਰ ਸੱਚਾ ਪਿਆਰ ਸਿਰਫ਼ ਦਿਲ ਵਿਚ ਹੀ ਨਹੀਂ ਰੱਖ ਲਿਆ ਜਾਂਦਾ, ਸਗੋਂ ਇਹ ਕੰਮਾਂ ਰਾਹੀਂ ਜ਼ਾਹਰ ਕੀਤਾ ਜਾਂਦਾ ਹੈ। ਬਾਈਬਲ ਕਹਿੰਦੀ ਹੈ ਕਿ ਸਾਨੂੰ ਪਿਆਰ ਦੇ ਰਾਹ ਤੇ ਚੱਲਣ ਦੀ ਲੋੜ ਹੈ ਕਿਉਂਕਿ ਇਹ “ਬਹੁਤ ਹੀ ਸਰੇਸ਼ਟ ਮਾਰਗ” ਹੈ। (1 ਕੁਰਿੰਥੀਆਂ 12:31; 14:1) ਬਾਈਬਲ ਇਹ ਵੀ ਕਹਿੰਦੀ ਹੈ ਕਿ ਅਸੀਂ “ਗੱਲੀਂ ਅਤੇ ਜਬਾਨੀ ਨਹੀਂ ਸਗੋਂ ਕਰਨੀ ਅਤੇ ਸਚਿਆਈ ਤੋਂ ਪ੍ਰੇਮ ਕਰੀਏ।”—1 ਯੂਹੰਨਾ 3:18.

8 ਅਸੀਂ ਪਰਮੇਸ਼ੁਰ ਨੂੰ ਦਿਲੋਂ ਪਿਆਰ ਕਰਦੇ ਹਾਂ, ਇਸ ਲਈ ਅਸੀਂ ਹਮੇਸ਼ਾ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। ਅਸੀਂ ਆਪਣੀ ਕਹਿਣੀ ਤੇ ਕਰਨੀ ਦੁਆਰਾ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨੂੰ ਆਪਣਾ ਮਾਲਕ ਤੇ ਰਾਜਾ ਕਬੂਲਦੇ ਹਾਂ। ਯਹੋਵਾਹ ਨਾਲ ਪਿਆਰ ਕਰ ਕੇ ਅਸੀਂ ਦੁਨੀਆਂ ਅਤੇ ਇਸ ਦੇ ਬੁਰੇ ਰਾਹਾਂ ਨਾਲ ਮੋਹ ਰੱਖਣ ਤੋਂ ਬਚੇ ਰਹਾਂਗੇ। (1 ਯੂਹੰਨਾ 2:15, 16) ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਲੋਕ ਬੁਰਾਈ ਤੋਂ ਘਿਣ ਕਰਦੇ ਹਨ। (ਜ਼ਬੂਰਾਂ ਦੀ ਪੋਥੀ 97:10) ਆਪਣੇ ਗੁਆਂਢੀ ਨੂੰ ਪਿਆਰ ਕਰਨਾ ਵੀ ਜ਼ਰੂਰੀ ਹੈ ਜਿਸ ਬਾਰੇ ਅਗਲੇ ਲੇਖ ਵਿਚ ਅਸੀਂ ਚਰਚਾ ਕਰਾਂਗੇ। ਇਸ ਤੋਂ ਇਲਾਵਾ, ਪਰਮੇਸ਼ੁਰ ਦੇ ਆਗਿਆਕਾਰ ਰਹਿ ਕੇ ਵੀ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਉਸ ਨਾਲ ਪਿਆਰ ਹੈ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ।”—1 ਯੂਹੰਨਾ 5:3.

9. ਯਿਸੂ ਨੇ ਪਰਮੇਸ਼ੁਰ ਲਈ ਆਪਣੇ ਪਿਆਰ ਦਾ ਸਬੂਤ ਕਿਵੇਂ ਦਿੱਤਾ?

9 ਯਿਸੂ ਨੇ ਆਪਣੇ ਕੰਮਾਂ ਰਾਹੀਂ ਦਿਖਾਇਆ ਕਿ ਪਰਮੇਸ਼ੁਰ ਨੂੰ ਪਿਆਰ ਕਰਨ ਦਾ ਕੀ ਮਤਲਬ ਹੈ। ਪਿਆਰ ਦੀ ਖ਼ਾਤਰ ਉਸ ਨੇ ਸਵਰਗ ਛੱਡ ਦਿੱਤਾ ਤੇ ਧਰਤੀ ਤੇ ਆ ਕੇ ਇਨਸਾਨ ਦੇ ਤੌਰ ਤੇ ਜੀਣਾ ਮਨਜ਼ੂਰ ਕੀਤਾ। ਉਸ ਨੇ ਆਪਣੇ ਕੰਮਾਂ ਤੇ ਸਿੱਖਿਆ ਦੇ ਜ਼ਰੀਏ ਆਪਣੇ ਪਿਤਾ ਦੀ ਵਡਿਆਈ ਕੀਤੀ। ਉਸ ਨੇ “ਮੌਤ ਤਾਈਂ ਆਗਿਆਕਾਰ” ਰਹਿ ਕੇ ਆਪਣੇ ਪਿਆਰ ਦਾ ਸਬੂਤ ਦਿੱਤਾ। (ਫ਼ਿਲਿੱਪੀਆਂ 2:8) ਯਿਸੂ ਦੇ ਪਿਆਰ ਤੇ ਆਗਿਆਕਾਰੀ ਸਦਕਾ ਪਰਮੇਸ਼ੁਰ ਦੇ ਵਫ਼ਾਦਾਰ ਭਗਤ ਪਰਮੇਸ਼ੁਰ ਅੱਗੇ ਧਰਮੀ ਠਹਿਰਦੇ ਹਨ। ਪੌਲੁਸ ਨੇ ਲਿਖਿਆ: “ਜਿਵੇਂ ਉਸ ਇੱਕ ਮਨੁੱਖ [ਆਦਮ] ਦੀ ਅਣਆਗਿਆਕਾਰੀ ਦੇ ਕਾਰਨ ਬਹੁਤ ਲੋਕ ਪਾਪੀ ਠਹਿਰਾਏ ਗਏ ਤਿਵੇਂ ਹੀ ਇਸ ਇੱਕ [ਮਸੀਹ ਯਿਸੂ] ਦੀ ਆਗਿਆਕਾਰੀ ਦੇ ਕਾਰਨ ਵੀ ਬਹੁਤ ਧਰਮੀ ਠਹਿਰਾਏ ਜਾਣਗੇ।”—ਰੋਮੀਆਂ 5:19.

10. ਜੇ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਕੀ ਕਰਾਂਗੇ?

10 ਯਿਸੂ ਵਾਂਗ ਅਸੀਂ ਵੀ ਪਰਮੇਸ਼ੁਰ ਦੇ ਆਗਿਆਕਾਰ ਰਹਿ ਕੇ ਆਪਣੇ ਪਿਆਰ ਦਾ ਸਬੂਤ ਦਿੰਦੇ ਹਾਂ। ਯਿਸੂ ਦੇ ਪਿਆਰੇ ਚੇਲੇ ਯੂਹੰਨਾ ਨੇ ਲਿਖਿਆ: “ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੇ ਅਨੁਸਾਰ ਚੱਲੀਏ।” (2 ਯੂਹੰਨਾ 6) ਯਹੋਵਾਹ ਨੂੰ ਦਿਲੋਂ ਪਿਆਰ ਕਰਨ ਵਾਲੇ ਉਸ ਦੀ ਸੇਧ ਭਾਲਦੇ ਹਨ। ਉਹ ਜਾਣਦੇ ਹਨ ਕਿ ਯਹੋਵਾਹ ਦੀ ਸੇਧ ਤੋਂ ਬਿਨਾਂ ਉਹ ਕੁਰਾਹੇ ਪੈ ਜਾਣਗੇ। ਸੋ ਯਹੋਵਾਹ ਤੇ ਪੂਰਾ ਭਰੋਸਾ ਰੱਖਦੇ ਹੋਏ ਉਹ ਉਸ ਦੀ ਬੁੱਧੀ ਅਤੇ ਸਲਾਹ ਮੁਤਾਬਕ ਚੱਲਦੇ ਹਨ। (ਯਿਰਮਿਯਾਹ 10:23) ਉਹ ਪ੍ਰਾਚੀਨ ਬਰਿਯਾ ਸ਼ਹਿਰ ਦੇ ਸੂਝਵਾਨ ਲੋਕਾਂ ਵਰਗੇ ਹਨ ਜਿਨ੍ਹਾਂ ਨੇ “ਦਿਲ ਦੀ ਵੱਡੀ ਚਾਹ” ਨਾਲ ਪਰਮੇਸ਼ੁਰ ਦੇ ਬਚਨ ਨੂੰ ਮੰਨ ਲਿਆ ਸੀ ਤੇ ਉਹ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ ਚਾਹੁੰਦੇ ਸਨ। (ਰਸੂਲਾਂ ਦੇ ਕਰਤੱਬ 17:11) ਬਰਿਯਾ ਦੇ ਲੋਕਾਂ ਨੇ ਪਰਮੇਸ਼ੁਰ ਦੀ ਇੱਛਾ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਬੜੇ ਧਿਆਨ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕੀਤਾ ਅਤੇ ਇਸ ਗੱਲ ਨੇ ਪਰਮੇਸ਼ੁਰ ਦੀ ਇੱਛਾ ਮੁਤਾਬਕ ਚੱਲ ਕੇ ਆਪਣੇ ਪਿਆਰ ਦਾ ਸਬੂਤ ਦੇਣ ਵਿਚ ਉਨ੍ਹਾਂ ਦੀ ਮਦਦ ਕੀਤੀ।

11. ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ, ਜਾਨ, ਬੁੱਧ ਅਤੇ ਸ਼ਕਤੀ ਨਾਲ ਪਿਆਰ ਕਰਨ ਦਾ ਕੀ ਮਤਲਬ ਹੈ?

11 ਯਿਸੂ ਨੇ ਕਿਹਾ ਸੀ ਕਿ ਅਸੀਂ ਆਪਣੇ ਸਾਰੇ ਦਿਲ, ਜਾਨ, ਬੁੱਧ ਤੇ ਸ਼ਕਤੀ ਨਾਲ ਪਰਮੇਸ਼ੁਰ ਨੂੰ ਪਿਆਰ ਕਰੀਏ। (ਮਰਕੁਸ 12:30) ਅਸੀਂ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਪਿਆਰ ਕਰਦੇ ਹਾਂ ਜਦੋਂ ਸਾਡੀਆਂ ਭਾਵਨਾਵਾਂ, ਇੱਛਾਵਾਂ ਤੇ ਸੋਚਾਂ ਉਸ ਦੀ ਮਰਜ਼ੀ ਮੁਤਾਬਕ ਹੁੰਦੀਆਂ ਹਨ ਅਤੇ ਅਸੀਂ ਉਸ ਨੂੰ ਖ਼ੁਸ਼ ਕਰਨ ਦੀ ਦਿਲੀ ਖ਼ਾਹਸ਼ ਰੱਖਦੇ ਹਾਂ। ਪਰਮੇਸ਼ੁਰ ਨੂੰ ਸਾਰੀ ਬੁੱਧ ਨਾਲ ਪਿਆਰ ਕਰਨ ਦਾ ਕੀ ਮਤਲਬ ਹੈ? ਇਹੋ ਕਿ ਅਸੀਂ ਯਹੋਵਾਹ ਪ੍ਰਤੀ ਅੰਨ੍ਹੀ ਸ਼ਰਧਾ ਨਹੀਂ ਰੱਖਦੇ। ਅਸੀਂ ਯਹੋਵਾਹ, ਉਸ ਦੇ ਮਹਾਨ ਗੁਣਾਂ, ਮਿਆਰਾਂ ਤੇ ਮਕਸਦਾਂ ਬਾਰੇ ਗਿਆਨ ਲਿਆ ਹੈ ਜਿਸ ਕਰਕੇ ਅਸੀਂ ਉਸ ਨੂੰ ਪਿਆਰ ਕਰਨ ਲੱਗ ਪਏ। ਇਸ ਤੋਂ ਇਲਾਵਾ, ਅਸੀਂ ਆਪਣੀ ਜ਼ਿੰਦਗੀ ਤੇ ਤਾਕਤ ਉਸ ਦੀ ਸੇਵਾ ਵਿਚ ਲਾ ਕੇ ਦਿਖਾਉਂਦੇ ਹਾਂ ਕਿ ਅਸੀਂ ਆਪਣੀ ਸਾਰੀ ਜਾਨ ਤੇ ਸ਼ਕਤੀ ਨਾਲ ਉਸ ਨੂੰ ਪਿਆਰ ਕਰਦੇ ਹਾਂ।

ਯਹੋਵਾਹ ਨੂੰ ਪਿਆਰ ਕਰਨ ਦੇ ਬੇਸ਼ੁਮਾਰ ਕਾਰਨ

12. ਪਰਮੇਸ਼ੁਰ ਕਿਉਂ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਪਿਆਰ ਕਰੀਏ?

12 ਯਹੋਵਾਹ ਨੂੰ ਪਿਆਰ ਕਰਨ ਦੇ ਕਈ ਕਾਰਨ ਹਨ। ਇਕ ਕਾਰਨ ਹੈ ਕਿ ਉਹ ਚਾਹੁੰਦਾ ਹੈ ਕਿ ਅਸੀਂ ਉਸ ਵਾਂਗ ਪਿਆਰ ਕਰਨਾ ਸਿੱਖੀਏ। ਯਹੋਵਾਹ ਪਿਆਰ ਦੀ ਜੀਉਂਦੀ-ਜਾਗਦੀ ਮਿਸਾਲ ਹੈ ਅਤੇ ਪਿਆਰ ਦਾ ਗੁਣ ਉਸ ਤੋਂ ਹੀ ਉਤਪੰਨ ਹੋਇਆ ਹੈ। ਯੂਹੰਨਾ ਰਸੂਲ ਨੇ ਪਰਮੇਸ਼ੁਰ ਦੀ ਪ੍ਰੇਰਣਾ ਹੇਠ ਲਿਖਿਆ ਕਿ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਪਰਮੇਸ਼ੁਰ ਨੇ ਇਨਸਾਨ ਨੂੰ ਆਪਣੇ ਸਰੂਪ ਉੱਤੇ ਬਣਾਉਂਦੇ ਵੇਲੇ ਉਸ ਵਿਚ ਵੀ ਪਿਆਰ ਦਾ ਮਹਾਨ ਗੁਣ ਪਾਇਆ ਸੀ। ਦਰਅਸਲ ਯਹੋਵਾਹ ਦੀ ਹਕੂਮਤ ਪਿਆਰ ਤੇ ਹੀ ਆਧਾਰਿਤ ਹੈ। ਉਹ ਚਾਹੁੰਦਾ ਹੈ ਕਿ ਉਸ ਦੀ ਪਰਜਾ ਉਸ ਨੂੰ ਦਿਲੋਂ ਪਿਆਰ ਕਰੇ ਅਤੇ ਖ਼ੁਸ਼ੀ-ਖ਼ੁਸ਼ੀ ਉਸ ਦੀ ਹਕੂਮਤ ਨੂੰ ਸਵੀਕਾਰ ਕਰੇ। ਸਾਰੇ ਜਹਾਨ ਵਿਚ ਅਮਨ-ਚੈਨ ਕਾਇਮ ਕਰਨ ਲਈ ਪਿਆਰ ਦਾ ਹੋਣਾ ਬਹੁਤ ਜ਼ਰੂਰੀ ਹੈ।

13. (ੳ) ਇਸਰਾਏਲੀਆਂ ਨੂੰ ਕਿਉਂ ਕਿਹਾ ਗਿਆ ਸੀ ਕਿ ਉਹ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰਨ? (ਅ) ਇਹ ਵਾਜਬ ਕਿਉਂ ਹੈ ਕਿ ਯਹੋਵਾਹ ਸਾਡੇ ਤੋਂ ਆਸ ਰੱਖੇ ਕਿ ਅਸੀਂ ਉਸ ਨੂੰ ਦਿਲੋਂ ਪਿਆਰ ਕਰੀਏ?

13 ਸਾਨੂੰ ਯਹੋਵਾਹ ਪਰਮੇਸ਼ੁਰ ਨੂੰ ਇਸ ਲਈ ਵੀ ਪਿਆਰ ਕਰਨਾ ਚਾਹੀਦਾ ਹੈ ਕਿਉਂਕਿ ਉਸ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ। ਚੇਤੇ ਕਰੋ ਕਿ ਯਿਸੂ ਨੇ ਯਹੂਦੀਆਂ ਨੂੰ ਕਿਹਾ ਸੀ ਕਿ ਉਹ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰਨ। ਉਨ੍ਹਾਂ ਨੂੰ ਕਿਸੇ ਅਣਜਾਣ ਪਰਮੇਸ਼ੁਰ ਨੂੰ ਪਿਆਰ ਕਰਨ ਲਈ ਨਹੀਂ ਕਿਹਾ ਗਿਆ ਸੀ, ਸਗੋਂ ਯਹੋਵਾਹ ਪਰਮੇਸ਼ੁਰ ਨੂੰ ਪਿਆਰ ਕਰਨ ਲਈ ਕਿਹਾ ਗਿਆ ਸੀ ਜਿਸ ਨੇ ਉਨ੍ਹਾਂ ਲਈ ਆਪਣੇ ਪਿਆਰ ਦਾ ਚੋਖਾ ਸਬੂਤ ਦਿੱਤਾ ਸੀ। ਯਹੋਵਾਹ ਉਨ੍ਹਾਂ ਦਾ ਆਪਣਾ ਪਰਮੇਸ਼ੁਰ ਸੀ। ਯਹੋਵਾਹ ਨੇ ਹੀ ਉਨ੍ਹਾਂ ਨੂੰ ਮਿਸਰ ਦੇਸ਼ ਦੀ ਗ਼ੁਲਾਮੀ ਵਿੱਚੋਂ ਕੱਢ ਕੇ ਯਹੂਦਾਹ ਦੇਸ਼ ਵਿਚ ਵਸਾਇਆ ਸੀ। ਯਹੋਵਾਹ ਨੇ ਉਨ੍ਹਾਂ ਦੀ ਰਾਖੀ ਕੀਤੀ, ਉਨ੍ਹਾਂ ਦੀ ਦੇਖ-ਭਾਲ ਕੀਤੀ, ਉਨ੍ਹਾਂ ਨੂੰ ਆਪਣਾ ਸਮਝ ਕੇ ਪਿਆਰ ਕੀਤਾ ਤੇ ਲੋੜ ਪੈਣ ਤੇ ਪਿਆਰ ਨਾਲ ਉਨ੍ਹਾਂ ਨੂੰ ਤਾੜਿਆ ਵੀ। ਅਤੇ ਅੱਜ ਯਹੋਵਾਹ ਸਾਡਾ ਆਪਣਾ ਪਰਮੇਸ਼ੁਰ ਹੈ ਜਿਸ ਨੇ ਸਾਨੂੰ ਸਦਾ ਦੀ ਜ਼ਿੰਦਗੀ ਦੇਣ ਲਈ ਆਪਣੇ ਪਿਆਰੇ ਪੁੱਤਰ ਨੂੰ ਕੁਰਬਾਨ ਕਰ ਦਿੱਤਾ। ਤਾਂ ਫਿਰ ਕੀ ਇਹ ਵਾਜਬ ਨਹੀਂ ਕਿ ਯਹੋਵਾਹ ਸਾਡੇ ਤੋਂ ਆਸ ਰੱਖੇ ਕਿ ਅਸੀਂ ਉਸ ਨੂੰ ਦਿਲੋਂ ਪਿਆਰ ਕਰੀਏ? ਸਾਡੇ ਲਈ ਉਸ ਨੂੰ ਪਿਆਰ ਕਰਨਾ ਔਖਾ ਨਹੀਂ ਹੋਣਾ ਚਾਹੀਦਾ ਕਿਉਂਕਿ “ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ।”—1 ਯੂਹੰਨਾ 4:19.

14. ਯਹੋਵਾਹ ਦੇ ਪਿਆਰ ਦੀ ਤੁਲਨਾ ਮਾਪਿਆਂ ਦੇ ਪਿਆਰ ਨਾਲ ਕਿਵੇਂ ਕੀਤੀ ਜਾ ਸਕਦੀ ਹੈ?

14 ਯਹੋਵਾਹ ਇਕ ਪਿਤਾ ਵਾਂਗ ਇਨਸਾਨਾਂ ਨੂੰ ਪਿਆਰ ਕਰਦਾ ਹੈ। ਮਨੁੱਖੀ ਮਾਤਾ-ਪਿਤਾ ਭੁੱਲਣਹਾਰ ਹੋਣ ਦੇ ਬਾਵਜੂਦ ਸਾਲਾਂ ਬੱਧੀ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਲਈ ਵੱਡੀਆਂ-ਵੱਡੀਆਂ ਕੁਰਬਾਨੀਆਂ ਕਰਦੇ ਹਨ। ਉਹ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ, ਪ੍ਰੇਰਣਾ ਤੇ ਸਹਾਰਾ ਦਿੰਦੇ ਹਨ ਅਤੇ ਲੋੜ ਪੈਣ ਤੇ ਤਾੜਦੇ ਵੀ ਹਨ ਤਾਂਕਿ ਉਹ ਵੱਡੇ ਹੋ ਕੇ ਕਾਮਯਾਬ ਇਨਸਾਨ ਬਣਨ ਤੇ ਸਦਾ ਖ਼ੁਸ਼ ਰਹਿਣ। ਬਦਲੇ ਵਿਚ ਮਾਪੇ ਆਪਣੇ ਬੱਚਿਆਂ ਤੋਂ ਕੀ ਚਾਹੁੰਦੇ ਹਨ? ਇਹੋ ਕਿ ਉਹ ਉਨ੍ਹਾਂ ਨੂੰ ਪਿਆਰ ਕਰਨ ਤੇ ਉਨ੍ਹਾਂ ਦੇ ਦਿੱਤੇ ਸੰਸਕਾਰਾਂ ਤੇ ਚੱਲ ਕੇ ਖ਼ੁਸ਼ ਰਹਿਣ। ਇਸੇ ਤਰ੍ਹਾਂ ਸਾਡਾ ਪਿਤਾ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਕਦਰਦਾਨੀ ਨਾਲ ਉਸ ਦੀ ਭਲਾਈ ਦੇ ਬਦਲੇ ਉਸ ਨੂੰ ਦਿਲੋਂ ਪਿਆਰ ਕਰੀਏ।

ਆਪਣੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਪੈਦਾ ਕਰੋ

15. ਪਰਮੇਸ਼ੁਰ ਲਈ ਪਿਆਰ ਪੈਦਾ ਕਰਨ ਲਈ ਸਾਨੂੰ ਪਹਿਲਾਂ ਕੀ ਕਰਨ ਦੀ ਲੋੜ ਹੈ?

15 ਅਸੀਂ ਕਦੇ ਪਰਮੇਸ਼ੁਰ ਨੂੰ ਨਹੀਂ ਦੇਖਿਆ ਤੇ ਨਾ ਹੀ ਕਦੇ ਉਸ ਦੀ ਆਵਾਜ਼ ਸੁਣੀ। (ਯੂਹੰਨਾ 1:18) ਫਿਰ ਵੀ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨੇੜੇ ਜਾਈਏ ਤੇ ਉਸ ਨੂੰ ਪਿਆਰ ਕਰੀਏ। (ਯਾਕੂਬ 4:8) ਅਸੀਂ ਉਸ ਲਈ ਪਿਆਰ ਕਿੱਦਾਂ ਪੈਦਾ ਕਰ ਸਕਦੇ ਹਾਂ? ਕਿਸੇ ਨੂੰ ਪਿਆਰ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਉਸ ਨੂੰ ਜਾਣਨ ਦੀ ਲੋੜ ਹੁੰਦੀ ਹੈ। ਕਿਸੇ ਅਜਨਬੀ ਨਾਲ ਅਪਣਾਪਣ ਮਹਿਸੂਸ ਨਹੀਂ ਕੀਤਾ ਜਾ ਸਕਦਾ। ਸੋ ਯਹੋਵਾਹ ਨੇ ਸਾਨੂੰ ਆਪਣਾ ਬਚਨ ਦਿੱਤਾ ਹੈ ਤਾਂਕਿ ਅਸੀਂ ਉਸ ਬਾਰੇ ਜਾਣ ਸਕੀਏ। ਉਹ ਆਪਣੇ ਸੰਗਠਨ ਦੁਆਰਾ ਸਾਨੂੰ ਹਰ ਰੋਜ਼ ਬਾਈਬਲ ਪੜ੍ਹਨ ਦੀ ਹੱਲਾਸ਼ੇਰੀ ਦਿੰਦਾ ਹੈ। ਬਾਈਬਲ ਵਿੱਚੋਂ ਅਸੀਂ ਪਰਮੇਸ਼ੁਰ ਬਾਰੇ, ਉਸ ਦੀ ਸ਼ਖ਼ਸੀਅਤ ਤੇ ਗੁਣਾਂ ਬਾਰੇ ਅਤੇ ਸਦੀਆਂ ਦੌਰਾਨ ਇਨਸਾਨਾਂ ਨਾਲ ਉਸ ਦੇ ਵਿਹਾਰ ਬਾਰੇ ਸਿੱਖਦੇ ਹਾਂ। ਇਨ੍ਹਾਂ ਸਾਰੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰਨ ਨਾਲ ਸਾਡੇ ਦਿਲ ਵਿਚ ਉਸ ਲਈ ਪਿਆਰ ਵਧੇਗਾ ਤੇ ਅਸੀਂ ਉਸ ਦੀ ਦਿਲੋਂ ਕਦਰ ਕਰਨੀ ਸਿੱਖਾਂਗੇ।—ਰੋਮੀਆਂ 15:4.

16. ਯਿਸੂ ਦੀ ਸੇਵਕਾਈ ਉੱਤੇ ਗੌਰ ਕਰਨ ਨਾਲ ਸਾਡੇ ਦਿਲਾਂ ਵਿਚ ਪਰਮੇਸ਼ੁਰ ਲਈ ਪਿਆਰ ਕਿਉਂ ਵਧਦਾ ਹੈ?

16 ਆਪਣੇ ਦਿਲ ਵਿਚ ਯਹੋਵਾਹ ਲਈ ਪਿਆਰ ਪੈਦਾ ਕਰਨ ਦਾ ਮੁੱਖ ਤਰੀਕਾ ਹੈ ਯਿਸੂ ਦੀ ਜ਼ਿੰਦਗੀ ਤੇ ਸੇਵਕਾਈ ਉੱਤੇ ਵਿਚਾਰ ਕਰਨਾ। ਯਿਸੂ ਹੂ-ਬਹੂ ਆਪਣੇ ਪਿਤਾ ਵਰਗਾ ਸੀ ਜਿਸ ਕਰਕੇ ਉਹ ਕਹਿ ਸਕਿਆ: “ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।” (ਯੂਹੰਨਾ 14:9) ਕੀ ਤੁਹਾਨੂੰ ਹੌਸਲਾ ਨਹੀਂ ਮਿਲਦਾ ਜਦੋਂ ਤੁਸੀਂ ਪੜ੍ਹਦੇ ਹੋ ਕਿ ਯਿਸੂ ਨੇ ਕਿਵੇਂ ਇਕ ਵਿਧਵਾ ਉੱਤੇ ਤਰਸ ਖਾ ਕੇ ਉਸ ਦੇ ਗੁਜ਼ਰ ਚੁੱਕੇ ਇਕਲੌਤੇ ਪੁੱਤਰ ਨੂੰ ਮੁੜ ਜੀ ਉਠਾਇਆ? (ਲੂਕਾ 7:11-15) ਕੀ ਤੁਹਾਨੂੰ ਯਿਸੂ ਉੱਤੇ ਪਿਆਰ ਨਹੀਂ ਆਉਂਦਾ ਜਦੋਂ ਤੁਸੀਂ ਪੜ੍ਹਦੇ ਹੋ ਕਿ ਪਰਮੇਸ਼ੁਰ ਦਾ ਪੁੱਤਰ ਅਤੇ ਮਹਾਨ ਗੁਰੂ ਹੋਣ ਦੇ ਬਾਵਜੂਦ ਉਸ ਨੇ ਆਪਣੇ ਚੇਲਿਆਂ ਦੇ ਪੈਰ ਧੋਤੇ? (ਯੂਹੰਨਾ 13:3-5) ਭਾਵੇਂ ਉਹ ਬਾਕੀ ਮਨੁੱਖਾਂ ਨਾਲੋਂ ਜ਼ਿਆਦਾ ਮਹਾਨ ਤੇ ਬੁੱਧੀਮਾਨ ਸੀ, ਫਿਰ ਵੀ ਉਹ ਸਾਰਿਆਂ ਨਾਲ ਬੜੇ ਪਿਆਰ ਨਾਲ ਪੇਸ਼ ਆਉਂਦਾ ਸੀ। ਨਤੀਜੇ ਵਜੋਂ ਲੋਕ ਉਸ ਵੱਲ ਖਿੱਚੇ ਚਲੇ ਆਉਂਦੇ ਸਨ, ਇੱਥੋਂ ਤਕ ਕਿ ਬੱਚੇ ਵੀ ਬੇਝਿਜਕ ਉਸ ਕੋਲ ਨੱਠੇ ਆਉਂਦੇ ਸਨ। (ਮਰਕੁਸ 10:13, 14) ਇਨ੍ਹਾਂ ਗੱਲਾਂ ਉੱਤੇ ਮਨਨ ਕਰ ਕੇ ਅਸੀਂ ਵੀ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਮਹਿਸੂਸ ਕਰਦੇ ਹਾਂ ਜਿਨ੍ਹਾਂ ਬਾਰੇ ਪਤਰਸ ਨੇ ਕਿਹਾ ਸੀ ਕਿ ਉਹ ‘ਯਿਸੂ ਦੇ ਨਾਲ ਬਿਨ ਵੇਖੇ ਪ੍ਰੇਮ ਰੱਖਦੇ ਸਨ।’ (1 ਪਤਰਸ 1:8) ਜਿਉਂ-ਜਿਉਂ ਸਾਡੇ ਦਿਲ ਵਿਚ ਯਿਸੂ ਲਈ ਪਿਆਰ ਵਧੇਗਾ, ਤਿਉਂ-ਤਿਉਂ ਅਸੀਂ ਯਹੋਵਾਹ ਨੂੰ ਵੀ ਹੋਰ ਜ਼ਿਆਦਾ ਪਿਆਰ ਕਰਨ ਲੱਗ ਪਵਾਂਗੇ।

17, 18. ਯਹੋਵਾਹ ਦੀਆਂ ਕਿਹੜੀਆਂ ਮਿਹਰਬਾਨੀਆਂ ਬਾਰੇ ਸੋਚ ਕੇ ਉਸ ਲਈ ਸਾਡਾ ਪਿਆਰ ਹੋਰ ਵੀ ਵਧ ਜਾਂਦਾ ਹੈ?

17 ਪਰਮੇਸ਼ੁਰ ਨੇ ਸਾਡੀ ਜ਼ਿੰਦਗੀ ਨੂੰ ਮਜ਼ੇਦਾਰ ਬਣਾਉਣ ਲਈ ਸਾਨੂੰ ਬਹੁਤ ਕੁਝ ਦਿੱਤਾ ਹੈ, ਜਿਵੇਂ ਸੁੰਦਰ ਕੁਦਰਤੀ ਨਜ਼ਾਰੇ, ਵੰਨ-ਸੁਵੰਨੀਆਂ ਫਲ-ਸਬਜ਼ੀਆਂ, ਚੰਗੇ ਦੋਸਤਾਂ-ਮਿੱਤਰਾਂ ਦਾ ਨਿੱਘਾ ਸਾਥ, ਵਗੈਰਾ-ਵਗੈਰਾ। (ਰਸੂਲਾਂ ਦੇ ਕਰਤੱਬ 14:17) ਯਹੋਵਾਹ ਦੀਆਂ ਮਿਹਰਬਾਨੀਆਂ ਅਤੇ ਦਰਿਆ-ਦਿਲੀ ਬਾਰੇ ਅਸੀਂ ਜਿੰਨਾ ਜ਼ਿਆਦਾ ਸੋਚ-ਵਿਚਾਰ ਕਰਾਂਗੇ, ਉੱਨਾ ਹੀ ਸਾਡੇ ਦਿਲਾਂ ਵਿਚ ਆਪਣੇ ਪਰਮੇਸ਼ੁਰ ਲਈ ਪਿਆਰ ਵਧੇਗਾ। ਉਨ੍ਹਾਂ ਸਾਰੀਆਂ ਬਰਕਤਾਂ ਬਾਰੇ ਸੋਚੋ ਜਿਨ੍ਹਾਂ ਨਾਲ ਯਹੋਵਾਹ ਨੇ ਤੁਹਾਡੀ ਝੋਲੀ ਭਰ ਦਿੱਤੀ ਹੈ। ਵਾਕਈ, ਉਹ ਸਾਡੇ ਪਿਆਰ ਦੇ ਕਾਬਲ ਹੈ!

18 ਪਰਮੇਸ਼ੁਰ ਨੇ ਸਾਨੂੰ ਇਹ ਸਨਮਾਨ ਬਖ਼ਸ਼ਿਆ ਹੈ ਕਿ ਅਸੀਂ ਕਿਸੇ ਵੀ ਸਮੇਂ ਉਸ ਨਾਲ ਗੱਲ ਕਰ ਸਕਦੇ ਹਾਂ। ਉਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ ਅਤੇ ਉਹ ਸਾਡੀਆਂ ਦੁਆਵਾਂ ਸੁਣਦਾ ਹੈ। (ਜ਼ਬੂਰਾਂ ਦੀ ਪੋਥੀ 65:2) ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਨੂੰ ਰਾਜ ਕਰਨ ਅਤੇ ਨਿਆਂ ਕਰਨ ਦਾ ਅਧਿਕਾਰ ਦਿੱਤਾ ਹੈ। ਪਰ ਪ੍ਰਾਰਥਨਾਵਾਂ ਸੁਣਨ ਦਾ ਅਧਿਕਾਰ ਉਸ ਨੇ ਕਿਸੇ ਨੂੰ ਨਹੀਂ ਦਿੱਤਾ, ਆਪਣੇ ਪੁੱਤਰ ਨੂੰ ਵੀ ਨਹੀਂ। ਯਹੋਵਾਹ ਆਪ ਸਾਡੀਆਂ ਦੁਆਵਾਂ ਸੁਣਦਾ ਹੈ। ਉਸ ਦਾ ਇਹ ਪਿਆਰ ਦੇਖ ਕੇ ਅਸੀਂ ਮੱਲੋ-ਮੱਲੀ ਉਸ ਵੱਲ ਖਿੱਚੇ ਜਾਂਦੇ ਹਾਂ।

19. ਯਹੋਵਾਹ ਦੇ ਕਿਹੜੇ ਵਾਅਦਿਆਂ ਬਾਰੇ ਸੋਚ ਕੇ ਸਾਡੇ ਦਿਲਾਂ ਵਿਚ ਉਸ ਲਈ ਪਿਆਰ ਹੋਰ ਵੀ ਵਧਦਾ ਹੈ?

19 ਸਾਡੇ ਦਿਲ ਵਿਚ ਯਹੋਵਾਹ ਲਈ ਪਿਆਰ ਹੋਰ ਵੀ ਵਧੇਗਾ ਜੇ ਅਸੀਂ ਉਸ ਦੇ ਵਾਅਦਿਆਂ ਉੱਤੇ ਵਿਚਾਰ ਕਰਾਂਗੇ। ਉਸ ਨੇ ਇਨਸਾਨਾਂ ਨਾਲ ਅਜਿਹੇ ਸੋਹਣੇ ਭਵਿੱਖ ਦਾ ਵਾਅਦਾ ਕੀਤਾ ਹੈ ਜਿਸ ਵਿਚ ਬੀਮਾਰੀਆਂ, ਦੁੱਖ-ਤਕਲੀਫ਼ਾਂ ਤੇ ਮੌਤ ਨਹੀਂ ਰਹੇਗੀ। (ਪਰਕਾਸ਼ ਦੀ ਪੋਥੀ 21:3, 4) ਇਨਸਾਨ ਫਿਰ ਤੋਂ ਮੁਕੰਮਲ ਬਣ ਜਾਣਗੇ। ਉਦੋਂ ਕੋਈ ਵੀ ਡਿਪਰੈਸ਼ਨ, ਨਿਰਾਸ਼ਾ ਜਾਂ ਦੁਖਾਂਤ ਦਾ ਸ਼ਿਕਾਰ ਨਹੀਂ ਹੋਵੇਗਾ। ਭੁੱਖ, ਗ਼ਰੀਬੀ ਤੇ ਲੜਾਈਆਂ ਖ਼ਤਮ ਕੀਤੀਆਂ ਜਾਣਗੀਆਂ। (ਜ਼ਬੂਰਾਂ ਦੀ ਪੋਥੀ 46:9; 72:16) ਧਰਤੀ ਬਾਗ਼ ਜਿਹੀ ਸੁੰਦਰ ਬਣ ਜਾਵੇਗੀ। (ਯਸਾਯਾਹ 35:1, 2) ਯਹੋਵਾਹ ਸਾਨੂੰ ਇਹ ਸਾਰੀਆਂ ਬਰਕਤਾਂ ਮਜਬੂਰ ਹੋ ਕੇ ਨਹੀਂ ਦੇਵੇਗਾ, ਸਗੋਂ ਉਹ ਪਿਆਰ ਦੀ ਖ਼ਾਤਰ ਸਾਨੂੰ ਇਹ ਸਭ ਕੁਝ ਦੇਵੇਗਾ।

20. ਮੂਸਾ ਨੇ ਯਹੋਵਾਹ ਨੂੰ ਪਿਆਰ ਕਰਨ ਦੇ ਕਿਹੜੇ ਫ਼ਾਇਦੇ ਦੱਸੇ ਸਨ?

20 ਇਸ ਲੇਖ ਵਿਚ ਅਸੀਂ ਪਰਮੇਸ਼ੁਰ ਨੂੰ ਦਿਲੋਂ ਪਿਆਰ ਕਰਨ ਦੇ ਕਈ ਚੰਗੇ ਕਾਰਨ ਦੇਖੇ ਹਨ। ਕੀ ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋਏ ਉਸ ਦੇ ਰਾਹਾਂ ਤੇ ਚੱਲਦੇ ਰਹੋਗੇ? ਇਹ ਫ਼ੈਸਲਾ ਤੁਹਾਡਾ ਹੈ। ਮੂਸਾ ਜਾਣਦਾ ਸੀ ਕਿ ਯਹੋਵਾਹ ਨੂੰ ਪਿਆਰ ਕਰਨ ਦੇ ਬਹੁਤ ਸਾਰੇ ਫ਼ਾਇਦੇ ਸਨ। ਤਾਹੀਓਂ ਉਸ ਨੇ ਹਜ਼ਾਰਾਂ ਸਾਲ ਪਹਿਲਾਂ ਇਸਰਾਏਲੀਆਂ ਨੂੰ ਕਿਹਾ: “ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡੀ ਅੰਸ ਜੀਉਂਦੇ ਰਹੋ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੀ ਅਵਾਜ਼ ਨੂੰ ਸੁਣੋ ਅਤੇ ਉਸ ਦੇ ਅੰਗ ਸੰਗ ਲੱਗੇ ਰਹੋ ਕਿਉਂ ਜੋ ਉਹ ਤੁਹਾਡਾ ਜੀਵਨ ਅਤੇ ਤੁਹਾਡੇ ਦਿਨਾਂ ਦੀ ਲਮਾਨ ਹੈ।”—ਬਿਵਸਥਾ ਸਾਰ 30:19, 20.

ਕੀ ਤੁਹਾਨੂੰ ਯਾਦ ਹੈ?

• ਯਹੋਵਾਹ ਨੂੰ ਪਿਆਰ ਕਰਨਾ ਜ਼ਰੂਰੀ ਕਿਉਂ ਹੈ?

• ਅਸੀਂ ਕਿਵੇਂ ਜ਼ਾਹਰ ਕਰਦੇ ਹਾਂ ਕਿ ਸਾਡੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਹੈ?

• ਯਹੋਵਾਹ ਨੂੰ ਪਿਆਰ ਕਰਨ ਦੇ ਕਿਹੜੇ ਕੁਝ ਕਾਰਨ ਹਨ?

• ਅਸੀਂ ਆਪਣੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਕਿਵੇਂ ਪੈਦਾ ਕਰ ਸਕਦੇ ਹਾਂ?

[ਸਵਾਲ]

[ਸਫ਼ਾ 20 ਉੱਤੇ ਤਸਵੀਰ]

ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਦਿਲੋਂ ਪਿਆਰ ਕਰੀਏ

[ਸਫ਼ਾ 23 ਉੱਤੇ ਤਸਵੀਰਾਂ]

“ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।”—ਯੂਹੰਨਾ 14:9