Skip to content

Skip to table of contents

ਮਸੀਹ ਦੇ ਵਿਰੋਧੀ ਨੂੰ ਪਛਾਣਨਾ ਕਿਉਂ ਜ਼ਰੂਰੀ ਹੈ?

ਮਸੀਹ ਦੇ ਵਿਰੋਧੀ ਨੂੰ ਪਛਾਣਨਾ ਕਿਉਂ ਜ਼ਰੂਰੀ ਹੈ?

ਮਸੀਹ ਦੇ ਵਿਰੋਧੀ ਨੂੰ ਪਛਾਣਨਾ ਕਿਉਂ ਜ਼ਰੂਰੀ ਹੈ?

ਯਿਸੂ ਦੇ ਚੇਲੇ ਯੂਹੰਨਾ ਰਸੂਲ ਨੇ ਲਿਖਿਆ: “ਤੁਸਾਂ ਸੁਣਿਆ ਭਈ ਮਸੀਹ ਦਾ ਵਿਰੋਧੀ ਆਉਂਦਾ ਹੈ।” (1 ਯੂਹੰਨਾ 2:18) ਸਦੀਆਂ ਤੋਂ ਲੋਕ ਇਨ੍ਹਾਂ ਸ਼ਬਦਾਂ ਦਾ ਮਤਲਬ ਜਾਣਨ ਦੀ ਕੋਸ਼ਿਸ਼ ਕਰਦੇ ਆਏ ਹਨ। ਮਸੀਹ ਦਾ ਵਿਰੋਧੀ ਕੌਣ ਹੈ? ਉਸ ਨੇ ਕਦੋਂ ਆਉਣਾ ਹੈ? ਉਸ ਨੇ ਆ ਕੇ ਕਰਨਾ ਕੀ ਹੈ?

ਇਤਿਹਾਸ ਦੌਰਾਨ ਕਈਆਂ ਤੇ ਮਸੀਹ ਦੇ ਵਿਰੋਧੀ ਹੋਣ ਦਾ ਦੋਸ਼ ਲਾਇਆ ਗਿਆ ਹੈ। ਪੁਰਾਣੇ ਜ਼ਮਾਨੇ ਵਿਚ ਯਹੂਦੀ ਲੋਕਾਂ, ਰੋਮਨ ਕੈਥੋਲਿਕ ਚਰਚ ਦੇ ਪੋਪਾਂ ਅਤੇ ਰੋਮੀ ਸਮਰਾਟਾਂ ਨੂੰ ਮਸੀਹ ਦੇ ਵਿਰੋਧੀ ਕਿਹਾ ਗਿਆ ਸੀ। ਮਿਸਾਲ ਲਈ, ਜਦ ਸਮਰਾਟ ਫ੍ਰੈਡਰਿਕ ਦੂਜੇ (1194-1250) ਨੇ ਚਰਚ ਵਾਸਤੇ ਧਰਮ ਯੁੱਧ ਵਿਚ ਹਿੱਸਾ ਲੈਣ ਤੋਂ ਇਨਕਾਰ ਕੀਤਾ, ਤਾਂ ਪੋਪ ਗ੍ਰੈਗੋਰੀ ਨੌਵੇਂ ਨੇ ਫ੍ਰੈਡਰਿਕ ਨੂੰ ਮਸੀਹ ਦਾ ਵਿਰੋਧੀ ਕਹਿ ਕੇ ਉਸ ਨੂੰ ਕੈਥੋਲਿਕ ਧਰਮ ਵਿੱਚੋਂ ਛੇਕ ਦਿੱਤਾ। ਪੋਪ ਗ੍ਰੈਗੋਰੀ ਤੋਂ ਬਾਅਦ, ਪੋਪ ਇਨੋਸੈਂਟ ਚੌਥੇ ਨੇ ਵੀ ਫ੍ਰੈਡਰਿਕ ਨਾਲ ਇਸੇ ਤਰ੍ਹਾਂ ਕੀਤਾ। ਇਸ ਨਾਲ ਫ੍ਰੈਡਰਿਕ ਦਾ ਗੁੱਸਾ ਭੜਕ ਉੱਠਿਆ ਅਤੇ ਉਸ ਨੇ ਪੋਪ ਇਨੋਸੈਂਟ ਨੂੰ ਮਸੀਹ ਦਾ ਵਿਰੋਧੀ ਕਿਹਾ।

ਬਾਈਬਲ ਵਿਚ ਸਿਰਫ਼ ਯੂਹੰਨਾ ਰਸੂਲ ਨੇ ਹੀ ‘ਮਸੀਹ ਦੇ ਵਿਰੋਧੀ’ ਦਾ ਜ਼ਿਕਰ ਕੀਤਾ ਸੀ। ਉਸ ਦੇ ਨਾਂ ਦੀਆਂ ਦੋ ਕਿਤਾਬਾਂ ਵਿਚ 5 ਵਾਰ ‘ਮਸੀਹ ਦੇ ਵਿਰੋਧੀ’ ਦੀ ਗੱਲ ਕੀਤੀ ਗਈ ਹੈ। ਅਗਲੇ ਸਫ਼ੇ ਤੇ ਦਿੱਤੀ ਡੱਬੀ ਵਿਚ ਉਹ ਆਇਤਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿਚ ‘ਮਸੀਹ ਦੇ ਵਿਰੋਧੀ’ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਹਵਾਲਿਆਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਮਸੀਹ ਦਾ ਵਿਰੋਧੀ ਝੂਠਾ ਤੇ ਧੋਖੇਬਾਜ਼ ਹੈ। ਉਹ ਮਸੀਹ ਅਤੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਬਰਬਾਦ ਕਰਨ ਤੇ ਤੁਲਿਆ ਹੋਇਆ ਹੈ। ਇਸੇ ਲਈ ਯੂਹੰਨਾ ਰਸੂਲ ਨੇ ਆਪਣੇ ਸੰਗੀ ਮਸੀਹੀਆਂ ਨੂੰ ਇਹ ਸਲਾਹ ਦਿੱਤੀ ਸੀ ਕਿ ਉਨ੍ਹਾਂ ਨੂੰ ਹਰ ਸੁਣੀ-ਸੁਣਾਈ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਸਗੋਂ ਉਨ੍ਹਾਂ ਨੂੰ ਪਰਖ ਕੇ ਦੇਖਣਾ ਚਾਹੀਦਾ ਸੀ ਕਿ ਇਹ ਗੱਲਾਂ ‘ਪਰਮੇਸ਼ੁਰ ਤੋਂ ਹਨ ਕਿ ਨਹੀਂ ਕਿਉਂ ਜੋ ਬਾਹਲੇ ਝੂਠੇ ਨਬੀ ਸੰਸਾਰ ਵਿੱਚ ਨਿੱਕਲ ਆਏ ਹਨ।’—1 ਯੂਹੰਨਾ 4:1.

ਯਿਸੂ ਨੇ ਵੀ ਧੋਖੇਬਾਜ਼ਾਂ ਅਤੇ ਝੂਠੇ ਨਬੀਆਂ ਬਾਰੇ ਚੇਤਾਵਨੀ ਦਿੱਤੀ ਸੀ। ਉਸ ਨੇ ਕਿਹਾ ਕਿ ਉਹ “ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਓਹ ਪਾੜਨ ਵਾਲੇ ਬਘਿਆੜ ਹਨ। ਤੁਸੀਂ ਉਨ੍ਹਾਂ ਦੇ ਫਲਾਂ ਤੋਂ [ਯਾਨੀ ਉਨ੍ਹਾਂ ਦੇ ਕੰਮਾਂ ਤੋਂ] ਉਨ੍ਹਾਂ ਨੂੰ ਪਛਾਣੋਗੇ।” (ਮੱਤੀ 7:15, 16) ਕੀ ਯਿਸੂ ਵੀ ਇੱਥੇ ਉਸ ਵਿਰੋਧੀ ਬਾਰੇ ਗੱਲ ਕਰ ਰਿਹਾ ਸੀ ਜਿਸ ਦਾ ਯੂਹੰਨਾ ਰਸੂਲ ਨੇ ਜ਼ਿਕਰ ਕੀਤਾ ਸੀ? ਆਓ ਆਪਾਂ ਅਗਲੇ ਲੇਖ ਵਿਚ ਦੇਖੀਏ ਕਿ ਇਹ ਖ਼ਤਰਨਾਕ ਤੇ ਧੋਖੇਬਾਜ਼ ਵਿਰੋਧੀ ਕੌਣ ਹੈ।