ਯਸਾਯਾਹ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
ਯਹੋਵਾਹ ਦਾ ਬਚਨ ਜੀਉਂਦਾ ਹੈ
ਯਸਾਯਾਹ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ
“ਮੈਂ ਕਿਹ ਨੂੰ ਘੱਲਾਂ ਤੇ ਕੌਣ ਸਾਡੇ ਲਈ ਜਾਵੇਗਾ?” ਪਰਮੇਸ਼ੁਰ ਦੇ ਇਹ ਸ਼ਬਦ ਸੁਣ ਕੇ ਆਮੋਸ ਦੇ ਪੁੱਤਰ ਯਸਾਯਾਹ ਨੇ ਕਿਹਾ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾਯਾਹ 1:1; 6:8) ਉਸ ਦਾ ਜਵਾਬ ਸੁਣ ਕੇ ਯਹੋਵਾਹ ਨੇ ਉਸ ਨੂੰ ਨਬੀ ਬਣਾਇਆ। ਨਬੀ ਰਹਿੰਦਿਆਂ ਯਸਾਯਾਹ ਨੇ ਜੋ ਭਵਿੱਖਬਾਣੀ ਕੀਤੀਆਂ ਸਨ, ਉਹ ਬਾਈਬਲ ਵਿਚ ਯਸਾਯਾਹ ਦੀ ਕਿਤਾਬ ਵਿਚ ਦਰਜ ਹਨ।
ਇਹ ਕਿਤਾਬ ਯਸਾਯਾਹ ਨੇ ਖ਼ੁਦ ਲਿਖੀ ਸੀ। ਇਸ ਵਿਚ 778 ਈ. ਪੂ. ਤੋਂ ਲੈ ਕੇ 732 ਈ. ਪੂ. ਤਕ 46 ਸਾਲਾਂ ਦਾ ਇਤਿਹਾਸ ਦੱਸਿਆ ਗਿਆ ਹੈ। ਭਾਵੇਂ ਇਸ ਵਿਚ ਯਹੂਦਾਹ, ਇਸਰਾਏਲ ਤੇ ਹੋਰ ਦੇਸ਼ਾਂ ਦੇ ਨਿਆਂ ਬਾਰੇ ਗੱਲ ਕੀਤੀ ਗਈ ਹੈ, ਫਿਰ ਵੀ ਇਸ ਵਿਚ ਸਿਰਫ਼ ਸਜ਼ਾ ਦਾ ਸੰਦੇਸ਼ ਹੀ ਨਹੀਂ ਦਿੱਤਾ ਗਿਆ ਹੈ, ਬਲਕਿ ‘ਯਹੋਵਾਹ ਦੀ ਮੁਕਤੀ’ ਦਾ ਸੰਦੇਸ਼ ਵੀ ਹੈ। (ਯਸਾਯਾਹ 25:9) ਯਸਾਯਾਹ ਦੇ ਨਾਂ ਦਾ ਮਤਲਬ ਵੀ “ਯਹੋਵਾਹ ਵੱਲੋਂ ਮੁਕਤੀ” ਹੈ। ਇਸ ਲੇਖ ਵਿਚ ਯਸਾਯਾਹ 1:1–35:10 ਦੇ ਖ਼ਾਸ ਨੁਕਤਿਆਂ ਤੇ ਚਰਚਾ ਕੀਤੀ ਗਈ ਹੈ।
‘ਇੱਕ ਬਕੀਆ ਪਰਮੇਸ਼ੁਰ ਵੱਲ ਮੁੜੇਗਾ’
ਬਾਈਬਲ ਇਸ ਬਾਰੇ ਕੁਝ ਨਹੀਂ ਕਹਿੰਦੀ ਕਿ ਯਸਾਯਾਹ ਨੇ ਪਹਿਲੇ ਪੰਜ ਅਧਿਆਵਾਂ ਵਿਚ ਦਰਜ ਭਵਿੱਖਬਾਣੀਆਂ ਦਾ ਸੰਦੇਸ਼ ਲੋਕਾਂ ਨੂੰ ਨਬੀ ਬਣਨ ਤੋਂ ਪਹਿਲਾਂ ਜਾਂ ਬਾਅਦ ਵਿਚ ਦਿੱਤਾ ਸੀ। (ਯਸਾਯਾਹ 6:6-9) ਪਰ ਇਕ ਗੱਲ ਸਾਫ਼ ਦੱਸੀ ਗਈ ਹੈ ਕਿ ਯਹੂਦਾਹ ਤੇ ਯਰੂਸ਼ਲਮ ਦੇ ਲੋਕ ਰੂਹਾਨੀ ਤੌਰ ਤੇ “ਪੈਰ ਦੀ ਤਲੀ ਤੋਂ ਸਿਰ ਤਾਈਂ” ਯਾਨੀ ਪੂਰੀ ਤਰ੍ਹਾਂ ਬੀਮਾਰ ਹੋ ਚੁੱਕੇ ਸਨ। (ਯਸਾਯਾਹ 1:6) ਥਾਂ-ਥਾਂ ਮੂਰਤੀ ਪੂਜਾ ਹੋ ਰਹੀ ਸੀ। ਆਗੂ ਭ੍ਰਿਸ਼ਟ ਹੋ ਚੁੱਕੇ ਸਨ। ਤੀਵੀਆਂ ਹੰਕਾਰ ਨਾਲ ਭਰ ਚੁੱਕੀਆਂ ਸਨ। ਲੋਕ ਪਰਮੇਸ਼ੁਰ ਦੀ ਭਗਤੀ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਸਨ। ਯਸਾਯਾਹ ਨੂੰ ਇਨ੍ਹਾਂ ਢੀਠ ਲੋਕਾਂ ਨਾਲ ਵਾਰ-ਵਾਰ ਗੱਲ ਕਰਨ ਲਈ ਕਿਹਾ ਗਿਆ ਸੀ।
ਯਹੂਦਾਹ ਨੂੰ ਇਸਰਾਏਲ ਤੇ ਸੀਰੀਆ ਦੀਆਂ ਫ਼ੌਜਾਂ ਤੋਂ ਖ਼ਤਰਾ ਸੀ। ਯਸਾਯਾਹ ਤੇ ਉਸ ਦੇ ਬੱਚਿਆਂ ਨੂੰ “ਨਿਸ਼ਾਨ ਅਤੇ ਅਚੰਭੇ” ਵਜੋਂ ਵਰਤਦੇ ਹੋਏ ਯਹੋਵਾਹ ਨੇ ਯਹੂਦਾਹ ਦੇ ਲੋਕਾਂ ਨੂੰ ਇਹ ਯਕੀਨ ਦਿਵਾਇਆ ਕਿ ਇਸਰਾਏਲ ਤੇ ਸੀਰੀਆ ਦੀਆਂ ਫ਼ੌਜਾਂ ਆਪਣੇ ਇਰਾਦਿਆਂ ਵਿਚ ਕਾਮਯਾਬ ਨਹੀਂ ਹੋਣਗੀਆਂ। (ਯਸਾਯਾਹ 8:18) ਪਰ ਸਥਾਈ ਸ਼ਾਂਤੀ ਸਿਰਫ਼ “ਸ਼ਾਂਤੀ ਦਾ ਰਾਜ ਕੁਮਾਰ” ਹੀ ਲਿਆਵੇਗਾ। (ਯਸਾਯਾਹ 9:6, 7) ਯਹੋਵਾਹ ਅੱਸ਼ੂਰ ਦਾ ਵੀ ਨਿਆਂ ਕਰੇਗਾ ਜਿਸ ਨੂੰ ਉਸ ਨੇ ਆਪਣੇ “ਕ੍ਰੋਧ ਦੇ ਡੰਡੇ” ਵਜੋਂ ਵਰਤਿਆ ਸੀ। ਬੇਸ਼ੱਕ ਯਹੂਦਾਹ ਨੇ ਗ਼ੁਲਾਮੀ ਵਿਚ ਚਲੇ ਜਾਣਾ ਸੀ, ਪਰ ਫਿਰ ਭਵਿੱਖਬਾਣੀ ਕੀਤੀ ਗਈ ਸੀ ਕਿ ‘ਇੱਕ ਬਕੀਆ ਪਰਮੇਸ਼ੁਰ ਵੱਲ ਮੁੜੇਗਾ।’ (ਯਸਾਯਾਹ 10:5, 21, 22) ਸੱਚਾ ਇਨਸਾਫ਼ “ਯੱਸੀ ਦੇ ਟੁੰਡ ਤੋਂ ਇੱਕ ਲਗਰ” ਦੇ ਰਾਜ ਅਧੀਨ ਹੀ ਹਕੀਕਤ ਬਣ ਕੇ ਰਹੇਗਾ।—ਯਸਾਯਾਹ 11:1.
ਕੁਝ ਸਵਾਲਾਂ ਦੇ ਜਵਾਬ:
1:8, 9—ਸੀਯੋਨ ਦੀ ਧੀ ਨੇ “ਅੰਗੂਰੀ ਬਾਗ ਦੇ ਛੱਪਰ ਵਾਂਙੁ ਛੱਡੀ ਗਈ, ਕਕੜੀਆਂ ਦੇ ਖੇਤ ਦੀ ਕੁੱਲੀ ਵਾਂਙੁ” ਕਿਵੇਂ ਬਣ ਜਾਣਾ ਸੀ? ਇਸ ਦਾ ਇਹ ਮਤਲਬ ਸੀ ਕਿ ਅੱਸ਼ੂਰ ਦੇ ਹਮਲੇ ਦੌਰਾਨ ਯਰੂਸ਼ਲਮ ਦੇ ਲੋਕਾਂ ਨੇ ਬੜੇ ਅਸੁਰੱਖਿਅਤ ਹੋ ਜਾਣਾ ਸੀ, ਜਿਵੇਂ ਅੰਗੂਰੀ ਬਾਗ਼ ਵਿਚ ਛੱਪਰ ਜਾਂ ਕੱਕੜੀਆਂ ਦੇ ਖੇਤ ਵਿਚ ਕੁੱਲੀ ਜਿਸ ਨੂੰ ਆਸਾਨੀ ਨਾਲ ਢਾਹਿਆ ਜਾ ਸਕਦਾ ਹੈ। ਪਰ ਯਹੋਵਾਹ ਨੇ ਉਸ ਦੀ ਮਦਦ ਕੀਤੀ ਤੇ ਉਸ ਨੂੰ ਸਦੂਮ ਤੇ ਅਮੂਰਾਹ ਵਾਂਗ ਤਬਾਹ ਨਹੀਂ ਹੋਣ ਦਿੱਤਾ।
1:18—ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ: “ਆਓ, ਅਸੀਂ ਸਲਾਹ ਕਰੀਏ, ਯਹੋਵਾਹ ਆਖਦਾ ਹੈ”? ਇਹ ਸ਼ਬਦ ਬਰਾਬਰ ਦੇ ਲੋਕਾਂ ਵਿਚਕਾਰ ਸਮਝੌਤਾ ਕਰਨ ਬਾਰੇ ਗੱਲ ਨਹੀਂ ਕਰ ਰਹੇ, ਬਲਕਿ ਇਨਸਾਫ਼ ਕਰਨ ਲਈ ਅਦਾਲਤੀ ਕਾਰਵਾਈ ਕਰਨ ਬਾਰੇ ਗੱਲ ਕਰ ਰਹੇ ਹਨ। ਇੱਥੇ ਯਹੋਵਾਹ ਇਸਰਾਏਲੀਆਂ ਨੂੰ ਆਪਣੇ ਪਾਪਾਂ ਤੋਂ ਤੋਬਾ ਕਰਨ ਅਤੇ ਨੈਤਿਕ ਤੇ ਰੂਹਾਨੀ ਤੌਰ ਤੇ ਸ਼ੁੱਧ ਹੋਣ ਲਈ ਕਹਿ ਰਿਹਾ ਸੀ।
6:8ੳ—ਇਸ ਆਇਤ ਵਿਚ “ਮੈਂ” ਅਤੇ “ਸਾਡੇ” ਸ਼ਬਦ ਕਿਨ੍ਹਾਂ ਲਈ ਵਰਤੇ ਗਏ ਹਨ? ਆਪਣੇ ਆਪ ਬਾਰੇ ਗੱਲ ਕਰਦੇ ਹੋਏ ਯਹੋਵਾਹ ਨੇ “ਮੈਂ” ਸ਼ਬਦ ਵਰਤਿਆ। “ਸਾਡੇ” ਸ਼ਬਦ ਤੋਂ ਇਹ ਭਾਵ ਮਿਲਦਾ ਹੈ ਕਿ ਯਹੋਵਾਹ ਨਾਲ ਦੂਸਰਾ ਕੋਈ ਸ਼ਖ਼ਸ ਵੀ ਸੀ। ਇਹ ਕੋਈ ਹੋਰ ਨਹੀਂ ਬਲਕਿ ਉਸ ਦਾ “ਇਕਲੌਤਾ ਪੁੱਤ੍ਰ” ਸੀ।—ਯੂਹੰਨਾ 1:14; 3:16.
6:11—ਯਸਾਯਾਹ ਦੇ ਇਸ ਸਵਾਲ ਦਾ ਕੀ ਮਤਲਬ ਸੀ: “ਕਦੋਂ ਤੀਕ, ਹੇ ਪ੍ਰਭੁ?” ਯਸਾਯਾਹ ਇਹ ਨਹੀਂ ਪੁੱਛ ਰਿਹਾ ਸੀ ਕਿ ਉਸ ਨੂੰ ਇਨ੍ਹਾਂ ਢੀਠ ਲੋਕਾਂ ਨੂੰ ਕਿੰਨਾ ਚਿਰ ਪ੍ਰਚਾਰ ਕਰਨਾ ਪਵੇਗਾ। ਅਸਲ ਵਿਚ ਉਹ ਜਾਣਨਾ ਚਾਹੁੰਦਾ ਸੀ ਕਿ ਇਹ ਲੋਕ ਆਪਣੀ ਮਾੜੀ ਰੂਹਾਨੀ ਦਸ਼ਾ ਵਿਚ ਕਿੰਨਾ ਚਿਰ ਯਹੋਵਾਹ ਦਾ ਨਾਂ ਬਦਨਾਮ ਕਰਦੇ ਰਹਿਣਗੇ।
7:3, 4—ਦੁਸ਼ਟ ਰਾਜਾ ਆਹਾਜ਼ ਨੂੰ ਯਹੋਵਾਹ ਨੇ ਕਿਉਂ ਬਚਾਇਆ ਸੀ? ਸੀਰੀਆ ਤੇ ਇਸਰਾਏਲ ਦੇ ਰਾਜਿਆਂ ਨੇ ਮਿਲ ਕੇ ਯਹੂਦਾਹ ਦੇ ਰਾਜਾ ਆਹਾਜ਼ ਨੂੰ ਰਾਜ ਗੱਦੀ ਤੋਂ ਲਾਹੁਣ ਦੀ ਸਕੀਮ ਬਣਾਈ। ਉਹ ਉਸ ਦੀ ਜਗ੍ਹਾ ਤੇ ਟਾਬਲ ਦੇ ਪੁੱਤਰ ਜੋ ਉਨ੍ਹਾਂ ਦੇ ਹੱਥਾਂ ਵਿਚ ਕਠਪੁਤਲੀ ਸੀ ਤੇ ਦਾਊਦ ਦੇ ਘਰਾਣੇ ਵਿੱਚੋਂ ਨਹੀਂ ਸੀ, ਨੂੰ ਰਾਜ ਗੱਦੀ ਤੇ ਬਿਠਾਉਣਾ ਚਾਹੁੰਦੇ ਸੀ। ਅਸਲ ਵਿਚ ਇਸ ਸਕੀਮ ਪਿੱਛੇ ਸ਼ਤਾਨ ਦਾ ਹੱਥ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਦਾਊਦ ਨਾਲ ਬੰਨ੍ਹਿਆ ਪਰਮੇਸ਼ੁਰ ਦਾ ਨੇਮ ਪੂਰਾ ਨਾ ਹੋਵੇ। ਪਰ ਯਹੋਵਾਹ ਨੇ ਰਾਜਾ ਆਹਾਜ਼ ਨੂੰ ਬਚਾ ਕੇ ਦਾਊਦ ਦੇ ਘਰਾਣੇ ਨੂੰ ਬਚਾਇਆ ਜਿਸ ਦੀ ਪੀੜ੍ਹੀ ਵਿਚ ਅੱਗੇ ਜਾ ਕੇ ‘ਸ਼ਾਂਤੀ ਦੇ ਰਾਜ ਕੁਮਾਰ’ ਨੇ ਜਨਮ ਲੈਣਾ ਸੀ।—ਯਸਾਯਾਹ 9:6.
7:8—ਇਫ਼ਰਾਈਮ ਦੇ 65 ਵਰਿਹਾਂ ਵਿਚ ਕਿਵੇਂ “ਟੋਟੇ ਟੋਟੇ” ਕੀਤੇ ਗਏ ਸਨ? ਦਸ-ਗੋਤੀ ਰਾਜ ਦੇ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਸੀ। ਦੂਜੀਆਂ ਕੌਮਾਂ ਦੇ ਲੋਕ ਉਨ੍ਹਾਂ ਦੇ ਦੇਸ਼ ਵਿਚ ਆ ਵਸੇ। ਇਹ ਸਭ ਕੁਝ “ਇਸਰਾਏਲ ਦੇ ਪਾਤਸ਼ਾਹ ਪਕਹ ਦੇ ਦਿਨਾਂ ਵਿੱਚ” ਯਸਾਯਾਹ ਦੇ ਇਹ ਭਵਿੱਖਬਾਣੀ ਕਰਨ ਤੋਂ ਥੋੜ੍ਹੇ ਸਮੇਂ ਬਾਅਦ ਸ਼ੁਰੂ ਹੋਇਆ ਸੀ। (2 ਰਾਜਿਆਂ 15:29) ਇਹ ਘਟਨਾਵਾਂ ਬਹੁਤ ਸਾਲ ਅੱਸ਼ੂਰ ਦੇ ਰਾਜਾ ਏਸਰ-ਹੱਦਨ ਦੇ ਸ਼ਾਸਨ ਦੌਰਾਨ ਵੀ ਜਾਰੀ ਰਹੀਆਂ ਜੋ ਪਾਤਸ਼ਾਹ ਸਨਹੇਰੀਬ ਦਾ ਪੁੱਤਰ ਤੇ ਵਾਰਸ ਸੀ। (2 ਰਾਜਿਆਂ 17:6; ਅਜ਼ਰਾ 4:1, 2; ਯਸਾਯਾਹ 37:37, 38) ਇਸ ਤਰ੍ਹਾਂ ਜਿਵੇਂ ਯਸਾਯਾਹ 7:8 ਵਿਚ ਦੱਸਿਆ ਹੈ, ਅੱਸ਼ੂਰ ਦਾ ਲੋਕਾਂ ਨੂੰ ਸਾਮਰਿਯਾ ਵਿਚ ਲਿਆਉਣ ਜਾਂ ਉੱਥੋਂ ਉਨ੍ਹਾਂ ਨੂੰ ਬਾਹਰ ਲੈ ਜਾਣ ਦਾ ਕੰਮ 65 ਸਾਲ ਤਕ ਜਾਰੀ ਰਿਹਾ।
11:1, 10—ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ “ਯੱਸੀ ਦੇ ਟੁੰਡ ਤੋਂ ਇੱਕ ਲਗਰ” ਅਤੇ “ਯੱਸੀ ਦੀ ਜੜ੍ਹ” ਵੀ ਹੈ? (ਰੋਮੀਆਂ 15:12) ਯਿਸੂ ਜਦ ਧਰਤੀ ਤੇ ਆਇਆ, ਤਾਂ ਉਹ “ਯੱਸੀ ਦੇ ਟੁੰਡ ਤੋਂ ਇਕ ਲਗਰ” ਹੀ ਸੀ। ਉਹ ਯੱਸੀ ਦੇ ਪੁੱਤਰ ਦਾਊਦ ਦੇ ਘਰਾਣੇ ਵਿੱਚੋਂ ਸੀ। (ਮੱਤੀ 1:1-6; ਲੂਕਾ 3:23-32) ਪਰ ਰਾਜ ਸੱਤਾ ਸੰਭਾਲਦਿਆਂ ਹੀ ਆਪਣੇ ਵੱਡੇ-ਵਡੇਰਿਆਂ ਨਾਲ ਉਸ ਦਾ ਰਿਸ਼ਤਾ ਬਦਲ ਗਿਆ। ਯਿਸੂ ਨੂੰ ਵਫ਼ਾਦਾਰ ਇਨਸਾਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਅਧਿਕਾਰ ਸੌਂਪਿਆ ਗਿਆ ਜਿਸ ਕਰਕੇ ਉਹ ਉਨ੍ਹਾਂ ਦਾ “ਅਨਾਦੀ ਪਿਤਾ” ਬਣ ਗਿਆ। (ਯਸਾਯਾਹ 9:6) ਇਸ ਤਰ੍ਹਾਂ ਯਿਸੂ ਯੱਸੀ ਤੇ ਆਪਣੇ ਹੋਰ ਵੱਡੇ-ਵਡੇਰਿਆਂ ਦੀ “ਜੜ੍ਹ” ਹੈ।
ਸਾਡੇ ਲਈ ਸਬਕ:
1:3. ਜਾਣ-ਬੁੱਝ ਕੇ ਪਰਮੇਸ਼ੁਰ ਦੇ ਰਸਤੇ ਤੇ ਨਾ ਚੱਲਣ ਵਾਲੇ ਇਨਸਾਨ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ ਬਲਦ ਤੇ ਖੋਤੇ ਨਾਲੋਂ ਵੀ ਗਿਆ ਗੁਜ਼ਰਿਆ ਹੈ। ਪਰ ਦੂਜੇ ਪਾਸੇ, ਜੋ ਇਨਸਾਨ ਆਪਣੇ ਦਿਲ ਵਿਚ ਯਹੋਵਾਹ ਪਰਮੇਸ਼ੁਰ ਦੇ ਕੰਮਾਂ ਦੀ ਕਦਰ ਕਰਦਾ ਹੈ, ਉਹ ਕਦੇ ਵੀ ਪਰਮੇਸ਼ੁਰ ਦੇ ਉਲਟ ਨਹੀਂ ਚੱਲੇਗਾ।
1:11-13. ਯਹੋਵਾਹ ਨੂੰ ਦਿਖਾਵੇ ਲਈ ਕੀਤੀਆਂ ਧਾਰਮਿਕ ਰੀਤਾਂ-ਰਸਮਾਂ ਤੇ ਰਟੀਆਂ ਪ੍ਰਾਰਥਨਾਵਾਂ ਤੋਂ ਖਿੱਝ ਆਉਂਦੀ ਹੈ। ਅਸੀਂ ਪਰਮੇਸ਼ੁਰ ਲਈ ਜੋ ਵੀ ਕਰਦੇ ਹਾਂ, ਉਹ ਸਾਨੂੰ ਦਿਲੋਂ ਕਰਨਾ ਚਾਹੀਦਾ ਹੈ।
1:25-27; 2:2; 4:2, 3. ਯਹੂਦਾਹ ਦੀ ਗ਼ੁਲਾਮੀ ਅਤੇ ਬਰਬਾਦੀ ਦੇ ਦਿਨ ਉਦੋਂ ਖ਼ਤਮ ਹੋਣੇ ਸਨ ਜਦ ਤੋਬਾ ਕਰ ਕੇ ਕੁਝ ਲੋਕਾਂ ਨੇ ਯਰੂਸ਼ਲਮ ਵਿਚ ਸੱਚੀ ਭਗਤੀ ਮੁੜ ਸ਼ੁਰੂ ਕਰਨ ਲਈ ਵਾਪਸ ਆਉਣਾ ਸੀ। ਤੋਬਾ ਕਰ ਕੇ ਜਦ ਕੋਈ ਯਹੋਵਾਹ ਵੱਲ ਮੋੜਦਾ ਹੈ, ਤਾਂ ਯਹੋਵਾਹ ਉਸ ਤੇ ਦਇਆ ਕਰਦਾ ਹੈ।
2:2-4. ਜਦ ਅਸੀਂ ਆਪਣੀ ਪੂਰੀ ਵਾਹ ਲਾ ਕੇ ਪ੍ਰਚਾਰ ਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਂਦੇ ਹਾਂ, ਤਾਂ ਵੱਖ-ਵੱਖ ਕੌਮਾਂ ਦੇ ਕਈ ਲੋਕ ਸ਼ਾਂਤੀ ਬਾਰੇ ਸਿੱਖਦੇ ਹਨ ਅਤੇ ਇਕ-ਦੂਜੇ ਨਾਲ ਸ਼ਾਂਤੀ ਨਾਲ ਰਹਿਣ ਦੀ ਕੋਸ਼ਿਸ਼ ਕਰਦੇ ਹਨ।
4:4. ਗੰਦੇ ਕੰਮ ਅਤੇ ਖ਼ੂਨ-ਖ਼ਰਾਬਾ ਕਰਨ ਵਾਲਿਆਂ ਦਾ ਯਹੋਵਾਹ ਖ਼ਾਤਮਾ ਕਰੇਗਾ।
5:11-13. ਹੱਦੋਂ ਵੱਧ ਮਨ-ਪਰਚਾਵਾ ਕਰਨ ਵਾਲੇ ਇਨਸਾਨ ਪਰਮੇਸ਼ੁਰੀ ਗਿਆਨ ਨੂੰ ਇਸਤੇਮਾਲ ਨਹੀਂ ਕਰਦੇ।—ਰੋਮੀਆਂ 13:13.
5:21-23. ਮਸੀਹੀ ਬਜ਼ੁਰਗਾਂ ਜਾਂ ਨਿਗਾਹਬਾਨਾਂ ਲਈ ਇਸ ਗੱਲ ਵੱਲ ਧਿਆਨ ਦੇਣਾ ਜ਼ਰੂਰੀ ਹੈ ਕਿ ਉਹ “ਆਪਣੀ ਨਿਗਾਹ ਵਿੱਚ ਸਿਆਣੇ” ਨਾ ਬਣਨ। ਉਨ੍ਹਾਂ ਨੂੰ “ਮਧ” ਯਾਨੀ ਸ਼ਰਾਬ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ ਤੇ ਕਿਸੇ ਤਰ੍ਹਾਂ ਦਾ ਵੀ ਪੱਖਪਾਤ ਨਹੀਂ ਕਰਨਾ ਚਾਹੀਦਾ।
11:3ੳ. ਯਿਸੂ ਦੀ ਮਿਸਾਲ ਤੇ ਉਸ ਦੀਆਂ ਸਿੱਖਿਆਵਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਦਾ ਭੈ ਰੱਖ ਕੇ ਸਾਡਾ ਹੀ ਭਲਾ ਹੋਵੇਗਾ।
“ਯਹੋਵਾਹ ਯਾਕੂਬ ਉੱਤੇ ਰਹਮ ਕਰੇਗਾ”
ਅਧਿਆਇ 13 ਤੋਂ 23 ਵਿਚ ਕੌਮਾਂ ਨੂੰ ਸਜ਼ਾ ਦੇਣ ਬਾਰੇ ਗੱਲ ਕੀਤੀ ਗਈ ਹੈ। ਪਰ ਯਹੋਵਾਹ ਨੇ ਇਸਰਾਏਲ ਦੇ ਸਾਰੇ ਗੋਤਾਂ ਨੂੰ ਆਪਣੇ ਦੇਸ਼ ਵਾਪਸ ਲਿਆ ਕੇ ‘ਯਾਕੂਬ ਉੱਤੇ ਰਹਮ ਕੀਤਾ।’ (ਯਸਾਯਾਹ 14:1) ਅਧਿਆਇ 24 ਤੋਂ 27 ਵਿਚ ਯਹੂਦਾਹ ਦੀ ਬਰਬਾਦੀ ਤੇ ਦੁਬਾਰਾ ਵਸਾਏ ਜਾਣ ਬਾਰੇ ਦੱਸਿਆ ਗਿਆ ਹੈ। ਯਹੋਵਾਹ “ਇਫ਼ਰਾਈਮ [ਇਸਰਾਏਲ] ਦੇ ਸ਼ਰਾਬੀਆਂ” ਨਾਲ ਗੁੱਸੇ ਹੋਇਆ ਕਿਉਂਕਿ ਉਨ੍ਹਾਂ ਨੇ ਸੀਰੀਆ ਨਾਲ ਗੱਠਜੋੜ ਕੀਤਾ। ਉਸ ਦਾ ਗੁੱਸਾ ਯਹੂਦਾਹ ਦੇ ‘ਜਾਜਕਾਂ ਅਤੇ ਨਬੀਆਂ’ ਤੇ ਵੀ ਭੜਕਿਆ ਕਿਉਂਕਿ ਉਨ੍ਹਾਂ ਨੇ ਵੀ ਸੀਰੀਆ ਨਾਲ ਸੰਬੰਧ ਰੱਖਿਆ। (ਯਸਾਯਾਹ 28:1, 7) “ਅਰੀਏਲ [ਯਰੂਸ਼ਲਮ]” ਨੂੰ ਵੀ ਲਾਅਨਤਾਂ ਪਾਈਆਂ ਗਈਆਂ ਕਿਉਂ ਜੋ ਉਹ “ਹੇਠਾਂ ਮਿਸਰ” ਨੂੰ ਸੁਰੱਖਿਆ ਲਈ ਗਿਆ। (ਯਸਾਯਾਹ 29:1; 30:1, 2) ਫਿਰ ਵੀ ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਬਚਾਉਣਾ ਸੀ ਜਿਨ੍ਹਾਂ ਨੇ ਉਸ ਉੱਤੇ ਭਰੋਸਾ ਰੱਖਿਆ ਸੀ।
ਜਿਵੇਂ “ਜੁਆਨ ਸ਼ੇਰ ਬਬਰ ਆਪਣੇ ਸ਼ਿਕਾਰ ਉੱਤੇ ਘੂਰਦਾ ਹੈ,” ਉਸੇ ਤਰ੍ਹਾਂ ਯਹੋਵਾਹ “ਸੀਯੋਨ ਪਰਬਤ” ਦੀ ਰੱਖਿਆ ਕਰੇਗਾ। (ਯਸਾਯਾਹ 31:4) ਇਹ ਵੀ ਵਾਅਦਾ ਕੀਤਾ ਗਿਆ ਸੀ: “ਵੇਖੋ, ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ।” (ਯਸਾਯਾਹ 32:1) ਅੱਸ਼ੂਰ ਵੱਲੋਂ ਯਹੂਦਾਹ ਨੂੰ ਦਿੱਤੀ ਧਮਕੀ ਸੁਣ ਕੇ ‘ਸ਼ਾਂਤੀ ਦੇ ਦੂਤਾਂ’ ਦਾ ਰੋਣਾ ਨਿਕਲ ਗਿਆ। ਪਰ ਯਹੋਵਾਹ ਨੇ ਵਾਅਦਾ ਕੀਤਾ ਕਿ “ਓਹਨਾਂ [ਇਸਰਾਏਲੀਆਂ] ਦੀ ਬਦੀ ਮਾਫ਼ ਕੀਤੀ ਜਾਵੇਗੀ।” (ਯਸਾਯਾਹ 33:7, 22-24) “ਯਹੋਵਾਹ ਤਾਂ ਸਾਰੀਆਂ ਕੌਮਾਂ ਉੱਤੇ ਲਾਲ ਪੀਲਾ ਹੋਇਆ ਹੈ, ਉਹ ਓਹਨਾਂ ਦੀਆਂ ਸਾਰੀਆਂ ਸੈਨਾਂ ਉੱਤੇ ਭਖਿਆ ਹੋਇਆ ਹੈ।” (ਯਸਾਯਾਹ 34:2) ਯਹੂਦਾਹ ਉੱਜੜਿਆ ਨਹੀਂ ਰਹੇਗਾ। “ਉਜਾੜ ਅਤੇ ਥਲ ਖੁਸ਼ੀ ਮਨਾਉਣਗੇ, ਰੜਾ ਮਦਾਨ ਬਾਗ ਬਾਗ ਹੋਵੇਗਾ, ਅਤੇ ਨਰਗਸ ਵਾਂਙੁ ਖਿੜੇਗਾ।”—ਯਸਾਯਾਹ 35:1.
ਕੁਝ ਸਵਾਲਾਂ ਦੇ ਜਵਾਬ:
13:17—ਮਾਦੀਆਂ ਨੇ ਕਿਵੇਂ ਚਾਂਦੀ ਨੂੰ ਵਿਅਰਥ ਜਾਣਿਆ ਅਤੇ ਸੋਨੇ ਵਿਚ ਕੋਈ ਦਿਲਚਸਪੀ ਨਹੀਂ ਲਈ? ਮਾਦੀ ਤੇ ਫ਼ਾਰਸੀ ਲੋਕਾਂ ਨੂੰ ਲੜਾਈ ਵਿਚ ਲੁੱਟੇ ਮਾਲ ਨਾਲੋਂ ਜਿੱਤ ਜ਼ਿਆਦਾ ਪਿਆਰੀ ਸੀ। ਇਸ ਗੱਲ ਦਾ ਸਬੂਤ ਅਸੀਂ ਖੋਰੁਸ ਦੀ ਮਿਸਾਲ ਤੋਂ ਦੇਖ ਸਕਦੇ ਹਾਂ। ਉਸ ਨੇ ਉਹ ਸਾਰੇ ਸੋਨੇ-ਚਾਂਦੀ ਦੇ ਭਾਂਡੇ, ਜੋ ਨਬੂਕਦਨੱਸਰ ਨੇ ਯਹੋਵਾਹ ਦੇ ਭਵਨ ਵਿੱਚੋਂ ਲੁੱਟੇ ਸਨ, ਗ਼ੁਲਾਮੀ ਤੋਂ ਆਜ਼ਾਦ ਹੋਏ ਯਹੂਦੀਆਂ ਨੂੰ ਵਾਪਸ ਦੇ ਦਿੱਤੇ।
14:1, 2—ਯਹੋਵਾਹ ਦੇ ਲੋਕਾਂ ਨੇ ਕਿਵੇਂ ‘ਉਨ੍ਹਾਂ ਨੂੰ ਕੈਦੀ ਬਣਾਇਆ ਜਿਨ੍ਹਾਂ ਦੇ ਓਹ ਕੈਦੀ ਸਨ’ ਅਤੇ ਕਿਵੇਂ ਉਨ੍ਹਾਂ ਨੇ “ਆਪਣੇ ਦੁਖ ਦੇਣ ਵਾਲਿਆਂ ਉੱਤੇ ਰਾਜ” ਕੀਤਾ? ਇਹ ਗੱਲ ਯਹੋਵਾਹ ਦੇ ਭਗਤ ਦਾਨੀਏਲ ਬਾਰੇ ਸੱਚ ਸਾਬਤ ਹੋਈ, ਜਿਸ ਨੇ ਮਾਦੀ-ਫ਼ਾਰਸੀ ਰਾਜ ਅਧੀਨ ਬਾਬਲ ਵਿਚ ਮੰਤਰੀ ਵਜੋਂ ਕੰਮ ਕੀਤਾ ਅਤੇ ਅਸਤਰ ਬਾਰੇ ਵੀ ਜੋ ਫ਼ਾਰਸੀਆਂ ਦੀ ਰਾਣੀ ਬਣੀ ਅਤੇ ਮਾਰਦਕਈ ਜੋ ਫ਼ਾਰਸੀਆਂ ਦਾ ਪ੍ਰਧਾਨ ਮੰਤਰੀ ਬਣਿਆ।
20:2-5—ਕੀ ਯਸਾਯਾਹ ਸੱਚ-ਮੁੱਚ ਤਿੰਨ ਸਾਲਾਂ ਲਈ ਨੰਗਾ ਯਾਨੀ ਕੱਪੜੇ ਪਾਏ ਬਿਨਾਂ ਤੁਰਦਾ-ਫਿਰਦਾ ਰਿਹਾ? ਨਹੀਂ। “ਨੰਗਾ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਬਹੁਤ ਥੋੜ੍ਹੇ ਕੱਪੜੇ ਪਾਏ ਹੋਣੇ। ਤਾਂ ਫਿਰ ਹੋ ਸਕਦਾ ਹੈ ਕਿ ਯਸਾਯਾਹ ਨੇ ਸਿਰਫ਼ ਆਪਣਾ ਉਪਰਲਾ ਬਸਤਰ ਲਾਹਿਆ ਹੋਵੇ ਅਤੇ ਥੱਲੇ ਦਾ ਛੋਟਾ ਜਿਹਾ ਚੋਗਾ ਪਾਈ ਰੱਖਿਆ ਹੋਵੇ।
21:1—“ਸਮੁੰਦਰ ਦੀ ਉਜਾੜ” ਕਿਹੜਾ ਇਲਾਕਾ ਸੀ? ਬਾਬਲ ਭਾਵੇਂ ਸਮੁੰਦਰ ਦੇ ਲਾਗੇ ਨਹੀਂ ਸੀ, ਫਿਰ ਵੀ ਇਸ ਨੂੰ ਸਮੁੰਦਰ ਦੀ ਉਜਾੜ ਕਿਹਾ ਗਿਆ ਹੈ। ਫਰਾਤ ਦਰਿਆ ਅਤੇ ਟਾਈਗ੍ਰਿਸ ਦਰਿਆ ਕਰਕੇ ਇਸ ਇਲਾਕੇ ਵਿਚ ਹਰ ਸਾਲ ਹੜ੍ਹ ਆਇਆ ਕਰਦੇ ਸਨ, ਜਿਸ ਕਰਕੇ ਇਹ ਇਲਾਕਾ ਦਲਦਲੀ “ਸਮੁੰਦਰ” ਜਿਹਾ ਬਣ ਜਾਂਦਾ ਸੀ।
24:13-16—ਯਹੂਦੀ ਲੋਕਾਂ ਨੇ ਕਿਵੇਂ ‘ਜ਼ੈਤੂਨ ਦੇ ਹਲੂਣੇ’ ਅਤੇ ‘ਅੰਗੂਰ ਤੋੜਨ ਦੇ ਪਿੱਛੋਂ ਰਹਿੰਦ ਖੂੰਧ’ ਵਾਂਗ ਹੋਣਾ ਸੀ? ਜਿਵੇਂ ਦਰਖ਼ਤਾਂ ਤੋਂ ਫਲ ਤੋੜੇ ਜਾਣ ਤੋਂ ਬਾਅਦ ਜਾਂ ਫਿਰ ਅੰਗੂਰਾਂ ਦੀਆਂ ਵੇਲਾਂ ਤੋਂ ਅੰਗੂਰ ਤੋੜਨ ਤੋਂ ਬਾਅਦ ਰਹਿੰਦ-ਖੂੰਧ ਰਹਿ ਜਾਂਦੀ ਹੈ, ਉਸੇ ਤਰ੍ਹਾਂ ਯਰੂਸ਼ਲਮ ਅਤੇ ਯਹੂਦਾਹ ਦੀ ਤਬਾਹੀ ਤੋਂ ਸਿਰਫ਼ ਥੋੜ੍ਹੇ ਜਿਹੇ ਲੋਕਾਂ ਨੇ ਹੀ ਬਚਣਾ ਸੀ। ਇਨ੍ਹਾਂ ਬਚੇ ਹੋਏ ਲੋਕਾਂ ਨੂੰ ਕੈਦੀ ਬਣਾ ਕੇ ਜਿੱਥੇ ਮਰਜ਼ੀ ਲੈ ਜਾਇਆ ਜਾਂਦਾ, ਭਾਵੇਂ ‘ਚੜ੍ਹਦੇ ਪਾਸੇ [ਪੂਰਬੀ ਬਾਬਲ]’ ਵੱਲ ਜਾਂ ਫਿਰ “ਸਮੁੰਦਰ ਦੇ ਟਾਪੂਆਂ [ਭੂਮੱਧ ਸਾਗਰ]” ਵੱਲ, ਇਨ੍ਹਾਂ ਨੇ ਯਹੋਵਾਹ ਦੀ ਮਹਿਮਾ ਕਰਦੇ ਰਹਿਣਾ ਸੀ।
24:21—“ਅਸਮਾਨੀ ਸੈਨਾਂ” ਅਤੇ ‘ਜਮੀਨ ਦੇ ਰਾਜੇ’ ਕੌਣ ਹਨ? “ਅਸਮਾਨੀ ਸੈਨਾਂ” ਦੁਸ਼ਟ ਦੂਤਾਂ ਨੂੰ ਕਿਹਾ ਜਾ ਸਕਦਾ ਹੈ। ‘ਜਮੀਨ ਦੇ ਰਾਜੇ’ ਅੱਜ ਦੀਆਂ ਸਰਕਾਰਾਂ ਹਨ ਅਤੇ ਇਹ ਸਰਕਾਰਾਂ ਦੁਸ਼ਟ ਦੂਤਾਂ ਦੇ ਵੱਸ ਵਿਚ ਹਨ।—1 ਯੂਹੰਨਾ 5:19.
25:7—‘ਉਸ ਪੜਦਾ ਜਿਹੜਾ ਸਾਰਿਆਂ ਲੋਕਾਂ ਦੇ ਉੱਤੇ ਹੈ, ਨਾਲੇ ਉਹ ਕੱਜਣ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ’ ਕੀ ਹੈ? ਇੱਥੇ ਇਨਸਾਨਾਂ ਦੇ ਸਭ ਤੋਂ ਵੱਡੇ ਦੋ ਦੁਸ਼ਮਣਾਂ ਦੀ ਗੱਲ ਕੀਤੀ ਗਈ ਹੈ—ਪਾਪ ਤੇ ਮੌਤ।
ਸਾਡੇ ਲਈ ਸਬਕ:
13:20-22; 14:22, 23; 21:1-9. ਯਹੋਵਾਹ ਦੀ ਕਹੀ ਹਰ ਗੱਲ ਸੱਚ ਸਾਬਤ ਹੁੰਦੀ ਹੈ। ਜੋ ਬਾਬਲ ਨਾਲ ਹੋਇਆ, ਉਸ ਤੋਂ ਅਸੀਂ ਇਸ ਦਾ ਸਬੂਤ ਦੇਖ ਸਕਦੇ ਹਾਂ।
17:7, 8. ਭਾਵੇਂ ਜ਼ਿਆਦਾਤਰ ਲੋਕਾਂ ਨੇ ਯਹੋਵਾਹ ਦੀ ਇਕ ਨਹੀਂ ਸੁਣੀ, ਪਰ ਫਿਰ ਵੀ ਕਈ ਸਨ ਜਿਨ੍ਹਾਂ ਨੇ ਯਹੋਵਾਹ ਦਾ ਸੰਦੇਸ਼ ਸੁਣਿਆ ਸੀ। ਇਸੇ ਤਰ੍ਹਾਂ ਅੱਜ ਵੀ ਕਈ ਈਸਾਈ-ਜਗਤ ਦੇ ਲੋਕ ਰਾਜ ਦੇ ਸੰਦੇਸ਼ ਨੂੰ ਸੁਣਦੇ ਹਨ।
28:1-6. ਭਾਵੇਂ ਅੱਸ਼ੂਰ ਨੇ ਇਸਰਾਏਲੀਆਂ ਨੂੰ ਹਰਾ ਦੇਣਾ ਸੀ, ਪਰ ਯਹੋਵਾਹ ਨੇ ਵਫ਼ਾਦਾਰ ਲੋਕਾਂ ਨੂੰ ਬਚਾਉਣਾ ਸੀ। ਨਿਆਂ ਦਾ ਪਰਮੇਸ਼ੁਰ ਯਹੋਵਾਹ ਕਦੇ ਵੀ ਧਰਮੀ ਨੂੰ ਆਸ ਤੋਂ ਬਗੈਰ ਨਹੀਂ ਛੱਡਦਾ।
28:23-29. ਯਹੋਵਾਹ ਆਪਣੇ ਹਰ ਸੇਵਕ ਨੂੰ ਉਸ ਦੀ ਜ਼ਰੂਰਤ ਮੁਤਾਬਕ ਸਲਾਹ ਦਿੰਦਾ ਹੈ।
30:15. ਅਸੀਂ ਯਹੋਵਾਹ ਤੋਂ ਮੁਕਤੀ ਦੀ ਉਮੀਦ ਤਾਂ ਹੀ ਰੱਖ ਸਕਦੇ ਹਾਂ ਜੇ ਅਸੀਂ ਇਨਸਾਨਾਂ ਦੀ ਬਜਾਇ ਉਸ ਉੱਤੇ ਭਰੋਸਾ ਰੱਖੀਏ। ਅਸੀਂ ‘ਸ਼ਾਂਤ’ ਰਹਿ ਕੇ ਜਾਂ ਨਿਡਰ ਬਣ ਕੇ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੀ ਬਚਾਉਣ ਦੀ ਸ਼ਕਤੀ ਵਿਚ ਪੂਰਾ ਭਰੋਸਾ ਰੱਖਦੇ ਹਾਂ।
30:20, 21. ਸਾਡੀਆਂ ਅੱਖਾਂ ਤਾਂ ਹੀ ਯਹੋਵਾਹ ਨੂੰ “ਵੇਖਣਗੀਆਂ” ਅਤੇ ਕੰਨ ਉਸ ਦੀ ਗੱਲ “ਸੁਣਨਗੇ” ਜੇ ਅਸੀਂ ਉਸ ਦੇ ਬਚਨ ਬਾਈਬਲ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਵੱਲੋਂ ਦਿੱਤੀ ਜਾ ਰਹੀ ਸਲਾਹ ਤੇ ਚੱਲਦੇ ਰਹੀਏ।—ਮੱਤੀ 24:45.
ਯਸਾਯਾਹ ਦੀਆਂ ਭਵਿੱਖਬਾਣੀਆਂ ਸਾਡੀ ਨਿਹਚਾ ਨੂੰ ਪੱਕਾ ਕਰਦੀਆਂ ਹਨ
ਯਹੋਵਾਹ ਨੇ ਯਸਾਯਾਹ ਦੀ ਕਿਤਾਬ ਵਿਚ ਜੋ ਕੁਝ ਲਿਖਵਾਇਆ, ਇਸ ਲਈ ਅਸੀਂ ਉਸ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ! ਜਿਹੜੀਆਂ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਹਨ, ਉਨ੍ਹਾਂ ਤੋਂ ਯਹੋਵਾਹ ਦੀ ਇਸ ਗੱਲ ਵਿਚ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ: “ਤਿਵੇਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ।”—ਯਸਾਯਾਹ 55:11.
ਜ਼ਰਾ ਪਰਮੇਸ਼ੁਰ ਦੇ ਰਾਜ ਦੀਆਂ ਭਵਿੱਖਬਾਣੀਆਂ ਬਾਰੇ ਸੋਚੋ ਜੋ ਯਸਾਯਾਹ 9:7; 11:1-5, 10 ਵਿਚ ਦਰਜ ਹਨ। ਕੀ ਇਨ੍ਹਾਂ ਤੋਂ ਸਾਨੂੰ ਭਰੋਸਾ ਨਹੀਂ ਮਿਲਦਾ ਕਿ ਯਹੋਵਾਹ ਸਾਨੂੰ ਮੁਕਤੀ ਦੇਵੇਗਾ? ਯਸਾਯਾਹ ਦੀ ਕਿਤਾਬ ਵਿਚ ਕਈ ਅਜਿਹੀਆਂ ਭਵਿੱਖਬਾਣੀਆਂ ਹਨ ਜੋ ਅੱਜ ਪੂਰੀਆਂ ਹੋ ਰਹੀਆਂ ਹਨ ਅਤੇ ਕਈ ਜੋ ਜਲਦ ਪੂਰੀਆਂ ਹੋਣ ਵਾਲੀਆਂ ਹਨ। (ਯਸਾਯਾਹ 2:2-4; 11:6-9; 25:6-8; 32:1, 2) ਸੱਚ-ਮੁੱਚ ਯਸਾਯਾਹ ਦੀ ਇਹ ਕਿਤਾਬ ਇਸ ਗੱਲ ਦਾ ਸਬੂਤ ਦਿੰਦੀ ਹੈ ਕਿ “ਪਰਮੇਸ਼ੁਰ ਦਾ ਬਚਨ ਜੀਉਂਦਾ” ਹੈ।—ਇਬਰਾਨੀਆਂ 4:12.
[ਸਫ਼ਾ 8 ਉੱਤੇ ਤਸਵੀਰ]
ਯਸਾਯਾਹ ਤੇ ਉਸ ਦੇ ਬੱਚੇ ਇਸਰਾਏਲ ਵਿਚ “ਨਿਸ਼ਾਨ ਅਤੇ ਅਚੰਭੇ” ਸਨ
[ਸਫ਼ੇ 8, 9 ਉੱਤੇ ਤਸਵੀਰ]
ਯਰੂਸ਼ਲਮ ਨੇ “ਅੰਗੂਰੀ ਬਾਗ ਦੇ ਛੱਪਰ” ਵਾਂਗ ਬਣ ਜਾਣਾ ਸੀ
[ਸਫ਼ਾ 10 ਉੱਤੇ ਤਸਵੀਰ]
ਆਪਣੀਆਂ “ਤਲਵਾਰਾਂ ਨੂੰ ਕੁੱਟ ਕੇ ਫਾਲੇ” ਬਣਾਉਣ ਵਿਚ ਵੱਖ-ਵੱਖ ਕੌਮਾਂ ਦੇ ਲੋਕਾਂ ਦੀ ਕਿਵੇਂ ਮਦਦ ਕੀਤੀ ਜਾ ਰਹੀ ਹੈ