ਕ੍ਰਿਸਮਸ ਦੇ ਤਿਉਹਾਰ ਨੂੰ ਕੀ ਹੋ ਰਿਹਾ ਹੈ?
ਕ੍ਰਿਸਮਸ ਦੇ ਤਿਉਹਾਰ ਨੂੰ ਕੀ ਹੋ ਰਿਹਾ ਹੈ?
ਦਸ ਸਾਲ ਪਹਿਲਾਂ ਦਸੰਬਰ ਵਿਚ ਯੂ. ਐੱਸ. ਨਿਊਜ਼ ਐਂਡ ਵਰਲਡ ਰਿਪੋਰਟ ਦੇ ਰਸਾਲੇ ਵਿਚ “ਕ੍ਰਿਸਮਸ ਦੀ ਤਲਾਸ਼” ਨਾਮਕ ਲੇਖ ਛਪਿਆ ਸੀ। ਇਸ ਲੇਖ ਵਿਚ ਇਸ ਗੱਲ ਵੱਲ ਧਿਆਨ ਦਿੱਤਾ ਗਿਆ ਸੀ ਕਿ ਕੀ ਕ੍ਰਿਸਮਸ ਲੋਕਾਂ ਨੂੰ ਮਸੀਹੀ ਧਰਮ ਨਾਲ ਜੋੜ ਰਿਹਾ ਹੈ ਅਤੇ ਕੀ ਉਨ੍ਹਾਂ ਦਾ ਰੁਝਾਨ ਖ਼ਰੀਦਾਰੀ ਵੱਲੋਂ ਘਟਾ ਰਿਹਾ ਹੈ? ਕੀ ਅੱਜ ਦੁਨੀਆਂ ਵੱਲ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਗੱਲ ਸੱਚ ਹੈ?
ਇਸ ਲੇਖ ਵਿਚ ਸਮਝਾਇਆ ਗਿਆ ਸੀ ਕਿ ਸਾਨੂੰ ਕਿਉਂ ਇਸ ਤਰ੍ਹਾਂ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਇਸ ਵਿਚ ਲਿਖਿਆ ਹੈ: ‘ਚੌਥੀ ਸਦੀ ਵਿਚ ਰੋਮੀ ਸਮਰਾਟ ਕਾਂਸਟੰਟੀਨ ਤੋਂ ਪਹਿਲਾਂ ਦੇ ਸਮੇਂ ਵਿਚ ਤਾਂ ਯਿਸੂ ਦਾ ਜਨਮ-ਦਿਨ ਮਨਾਉਣ ਦਾ ਜ਼ਿਕਰ ਤਕ ਨਹੀਂ ਆਉਂਦਾ।’ ਇਸ ਤੋਂ “ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕ ਯਿਸੂ ਦੀ ਜਨਮ ਤਾਰੀਖ਼ ਨਹੀਂ ਜਾਣਦੇ ਸਨ।” ਲੇਖ ਨੇ ਇਹ ਵੀ ਹਾਮੀ ਭਰੀ ਕਿ “ਇੰਜੀਲ ਦੇ ਲਿਖਾਰੀਆਂ ਨੇ ਸਾਲ ਤਕ ਦਾ ਜ਼ਿਕਰ ਨਹੀਂ ਕੀਤਾ ਜਦੋਂ ਯਿਸੂ ਦਾ ਜਨਮ ਹੋਇਆ ਸੀ, ਮਹੀਨੇ ਜਾਂ ਦਿਨ ਦੀ ਗੱਲ ਤਾਂ ਦੂਰ ਦੀ ਰਹੀ।” ਟੈਕਸਸ ਦੀ ਯੂਨੀਵਰਸਿਟੀ ਦੇ ਇਤਿਹਾਸਕਾਰਾਂ ਮੁਤਾਬਕ “ਪਹਿਲੀ ਸਦੀ ਦੇ ਮਸੀਹੀਆਂ ਨੂੰ ਯਿਸੂ ਦੇ ਜਨਮ ਦਿਹਾੜੇ ਵਿਚ ਕੋਈ ਦਿਲਚਸਪੀ ਨਹੀਂ ਸੀ।”
“ਅਨੁਮਾਨ ਦਾ ਵਿਸ਼ਾ” ਦੇ ਸਿਰਲੇਖ ਹੇਠ ਦੱਸਿਆ ਗਿਆ ਸੀ ਕਿ “ਚਰਚਾਂ ਨੇ ਕਿਉਂ 25 ਦਸੰਬਰ ਨੂੰ ਹੀ ਯਿਸੂ ਦਾ ਜਨਮ-ਦਿਨ ਠਹਿਰਾਇਆ।” ਇਹ ਕਹਿੰਦਾ ਹੈ: “ਇਹ ਗੱਲ ਆਮ ਮੰਨੀ ਜਾਂਦੀ ਹੈ ਕਿ ਈਸਾਈਆਂ ਨੇ ਜਾਣ-ਬੁੱਝ ਕੇ ਸੈਟਰਨ ਦੇਵਤੇ ਦੇ ਜਨਮ ਦਿਹਾੜੇ ਨੂੰ ਯਿਸੂ ਦੇ ਜਨਮ-ਦਿਨ ਵਿਚ ਬਦਲ ਦਿੱਤਾ ਅਤੇ ਝੂਠੇ ਦੇਵੀ-ਦੇਵਤਿਆਂ ਦੇ ਤਿਉਹਾਰਾਂ ਨੂੰ ਮਸੀਹੀਅਤ ਵਿਚ ਸ਼ਾਮਲ ਕਰ ਲਿਆ।” “ਕਿਉਂਕਿ ਪਹਿਲਾਂ ਹੀ ਕਾਫ਼ੀ ਲੋਕ ਦਸੰਬਰ ਦੇ ਅੰਤ ਵਿਚ ਤਿਉਹਾਰ ਮਨਾਇਆ ਕਰਦੇ ਸਨ, ਇਸ ਲਈ ਪਾਦਰੀਆਂ ਨੇ ਯਿਸੂ ਦਾ ਜਨਮ-ਦਿਨ ਵੀ ਦਸੰਬਰ ਦੇ ਅੰਤ ਵਿਚ ਮਨਾਉਣਾ ਸ਼ੁਰੂ ਕਰ ਦਿੱਤਾ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਨੂੰ ਮਨਾ ਸਕਣ।” ਫਿਰ 19ਵੀਂ ਸਦੀ ਦੇ ਅੱਧ ਵਿਚ ਕ੍ਰਿਸਮਸ ਤੇ ਤੋਹਫ਼ੇ ਲੈਣ-ਦੇਣ ਦਾ ਰਿਵਾਜ ਚੱਲ ਪਿਆ। ਕ੍ਰਿਸਮਸ ਤੇ ਤੋਹਫ਼ੇ ਲੈਣ-ਦੇਣ ਦੀ ਰੀਤ ਦਾ ਵਪਾਰ ਤੇ ਵੀ ਚੰਗਾ ਅਸਰ ਪਿਆ, ਇਸ ਲਈ ਵਪਾਰੀਆਂ ਨੇ ਵੀ ਇਸ ਦਿਨ ਦੀ ਮਸ਼ਹੂਰੀ ਕਰਨੀ ਸ਼ੁਰੂ ਕਰ ਦਿੱਤੀ।
ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਕ੍ਰਿਸਮਸ ਲੋਕਾਂ ਨੂੰ ਮਸੀਹ ਦੇ ਰਾਹ ਤੇ ਪਾਉਣ ਦੀ ਬਜਾਇ ਉਸ ਤੋਂ ਦੂਰ ਕਰ ਰਹੀ ਹੈ। ਅੱਜ ਕ੍ਰਿਸਮਸ ਇਕ ਵੱਡਾ ਵਪਾਰ ਬਣ ਚੁੱਕਾ ਹੈ। ਅਸਲ ਵਿਚ ਸੱਚੇ ਮਸੀਹੀਆਂ ਤੋਂ ਕਦੇ ਵੀ ਕ੍ਰਿਸਮਸ ਮਨਾਉਣ ਦੀ ਉਮੀਦ ਨਹੀਂ ਰੱਖੀ ਗਈ ਸੀ। ਬਾਈਬਲ ਯਿਸੂ ਮਸੀਹ ਦੀ ਕੁਰਬਾਨੀ ਉੱਤੇ ਜ਼ੋਰ ਦਿੰਦੀ ਹੈ ਜਿਸ ਰਾਹੀਂ ਲੋਕਾਂ ਨੂੰ ਮੁਕਤੀ ਮਿਲਣੀ ਹੈ। (ਮੱਤੀ 20:28) ਯਿਸੂ ਦੀ ਕੁਰਬਾਨੀ ਜ਼ਿਆਦਾ ਅਹਿਮੀਅਤ ਰੱਖਦੀ ਹੈ ਤੇ ਰੱਖਦੀ ਰਹੇਗੀ।