Skip to content

Skip to table of contents

ਯਹੋਵਾਹ “ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ” ਦਿੰਦਾ ਹੈ

ਯਹੋਵਾਹ “ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ” ਦਿੰਦਾ ਹੈ

ਯਹੋਵਾਹ “ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ” ਦਿੰਦਾ ਹੈ

“ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ!”—ਲੂਕਾ 11:13.

1. ਸਾਨੂੰ ਖ਼ਾਸ ਕਰਕੇ ਕਿਨ੍ਹਾਂ ਸਮਿਆਂ ਤੇ ਪਵਿੱਤਰ ਆਤਮਾ ਦੀ ਲੋੜ ਪੈਂਦੀ ਹੈ?

‘ਇਸ ਮੁਸ਼ਕਲ ਨੂੰ ਸਹਿਣ ਦੀ ਮੇਰੇ ਵਿਚ ਤਾਕਤ ਨਹੀਂ। ਸਿਰਫ਼ ਪਵਿੱਤਰ ਆਤਮਾ ਦੀ ਮਦਦ ਨਾਲ ਹੀ ਮੈਂ ਇਸ ਨੂੰ ਸਹਿ ਸਕਾਂਗਾ!’ ਮੁਸ਼ਕਲ ਘੜੀ ਵਿੱਚੋਂ ਲੰਘਦੇ ਸਮੇਂ ਕਈ ਮਸੀਹੀਆਂ ਨੇ ਅਜਿਹਾ ਮਹਿਸੂਸ ਕੀਤਾ ਹੈ। ਕੀ ਤੁਸੀਂ ਕਦੀ ਇਸ ਤਰ੍ਹਾਂ ਮਹਿਸੂਸ ਕੀਤਾ ਹੈ? ਸ਼ਾਇਦ ਤੁਸੀਂ ਉਸ ਸਮੇਂ ਇਹੋ ਜਿਹੇ ਸ਼ਬਦ ਕਹੇ ਹੋਣਗੇ ਜਦ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਕਿਸੇ ਗੰਭੀਰ ਬੀਮਾਰੀ ਦੇ ਸ਼ਿਕਾਰ ਹੋ ਗਏ ਹੋ। ਜਾਂ ਸ਼ਾਇਦ ਜਦ ਤੁਹਾਡਾ ਜੀਵਨ-ਸਾਥੀ ਮੌਤ ਦੀ ਗੂੜ੍ਹੀ ਨੀਂਦ ਸੌਂ ਗਿਆ। ਜਾਂ ਸ਼ਾਇਦ ਜਦ ਤੁਹਾਡੀ ਜ਼ਿੰਦਗੀ ਵਿਚ ਨਿਰਾਸ਼ਾ ਦੇ ਕਾਲੇ ਬੱਦਲ ਛਾਂ ਗਏ। ਅਜਿਹੇ ਦੁੱਖ ਭਰੇ ਸਮਿਆਂ ਤੇ ਤੁਹਾਨੂੰ ਸ਼ਾਇਦ ਲੱਗਾ ਹੋਵੇ ਕਿ ਯਹੋਵਾਹ ਦੀ ਪਵਿੱਤਰ ਆਤਮਾ ਨੇ ਹੀ ਤੁਹਾਨੂੰ ਸਦਮਾ ਸਹਿਣ ਦੀ “ਮਹਾ-ਸ਼ਕਤੀ” ਦਿੱਤੀ।—2 ਕੁਰਿੰਥੀਆਂ 4:7-9, ਪਵਿੱਤਰ ਬਾਈਬਲ ਨਵਾਂ ਅਨੁਵਾਦ; ਜ਼ਬੂਰਾਂ ਦੀ ਪੋਥੀ 40:1, 2.

2. (ੳ) ਯਿਸੂ ਦੇ ਚੇਲਿਆਂ ਨੂੰ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? (ਅ) ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?

2 ਯਿਸੂ ਦੇ ਚੇਲਿਆਂ ਵਜੋਂ ਸਾਨੂੰ ਸ਼ਤਾਨ ਦੀ ਇਸ ਦੁਨੀਆਂ ਦੇ ਬੁਰੇ ਅਸਰਾਂ ਅਤੇ ਵਿਰੋਧ ਦਾ ਸਾਮ੍ਹਣਾ ਕਰਨਾ ਪੈਂਦਾ ਹੈ। (1 ਯੂਹੰਨਾ 5:19) ਇਸ ਤੋਂ ਇਲਾਵਾ ਸ਼ਤਾਨ ਯਿਸੂ ਦੇ ਚੇਲਿਆਂ ਉੱਤੇ ਹਮਲੇ ਕਰਦਾ ਹੈ ਕਿਉਂ ਜੋ ਉਹ “ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਸਾਖੀ ਭਰਦੇ ਹਨ।” (ਪਰਕਾਸ਼ ਦੀ ਪੋਥੀ 12:12, 17) ਤਾਂ ਫਿਰ ਹੈਰਾਨੀ ਦੀ ਗੱਲ ਨਹੀਂ ਕਿ ਸਾਨੂੰ ਪਹਿਲਾਂ ਨਾਲੋਂ ਹੁਣ ਪਵਿੱਤਰ ਆਤਮਾ ਦੀ ਕਿਤੇ ਜ਼ਿਆਦਾ ਜ਼ਰੂਰਤ ਹੈ। ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਨੂੰ ਪਰਮੇਸ਼ੁਰ ਦੀ ਪਵਿੱਤਰ ਆਤਮਾ ਮਿਲਦੀ ਰਹੇ? ਅਸੀਂ ਯਕੀਨ ਕਿਉਂ ਰੱਖ ਸਕਦੇ ਹਾਂ ਕਿ ਮੁਸ਼ਕਲਾਂ ਦੌਰਾਨ ਯਹੋਵਾਹ ਸਾਨੂੰ ਤਾਕਤ ਦੇਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ? ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਯਿਸੂ ਦੇ ਦੋ ਦ੍ਰਿਸ਼ਟਾਂਤਾਂ ਤੋਂ ਮਿਲਦੇ ਹਨ।

ਲਗਾਤਾਰ ਪ੍ਰਾਰਥਨਾ ਕਰਦੇ ਰਹੋ

3, 4. ਯਿਸੂ ਨੇ ਕਿਹੜਾ ਦ੍ਰਿਸ਼ਟਾਂਤ ਦਿੱਤਾ ਸੀ ਅਤੇ ਇਸ ਦ੍ਰਿਸ਼ਟਾਂਤ ਦਾ ਪ੍ਰਾਰਥਨਾ ਕਰਨ ਨਾਲ ਕੀ ਤਅੱਲਕ ਹੈ?

3 ਯਿਸੂ ਦੇ ਇਕ ਚੇਲੇ ਨੇ ਉਸ ਤੋਂ ਫ਼ਰਮਾਇਸ਼ ਕੀਤੀ: “ਪ੍ਰਭੁ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਲ।” (ਲੂਕਾ 11:1) ਜਵਾਬ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਦੋ ਦ੍ਰਿਸ਼ਟਾਂਤ ਦਿੱਤੇ। ਪਹਿਲਾ ਦ੍ਰਿਸ਼ਟਾਂਤ ਉਸ ਬੰਦੇ ਬਾਰੇ ਹੈ ਜਿਸ ਦੇ ਘਰ ਮਹਿਮਾਨ ਆਉਂਦਾ ਹੈ ਅਤੇ ਦੂਜਾ ਇਕ ਪਿਤਾ ਬਾਰੇ ਹੈ ਜਿਸ ਨੇ ਆਪਣੇ ਪੁੱਤਰ ਦੀ ਬੇਨਤੀ ਸੁਣੀ। ਆਓ ਆਪਾਂ ਵਾਰੀ-ਵਾਰੀ ਇਨ੍ਹਾਂ ਦੋਹਾਂ ਦ੍ਰਿਸ਼ਟਾਂਤਾਂ ਵੱਲ ਧਿਆਨ ਦੇਈਏ।

4 ਯਿਸੂ ਨੇ ਕਿਹਾ: “ਤੁਹਾਡੇ ਵਿੱਚੋਂ ਕੌਣ ਹੈ ਜਿਹ ਦਾ ਇੱਕ ਮਿੱਤਰ ਹੋਵੇ ਅਤੇ ਅੱਧੀ ਰਾਤ ਨੂੰ ਉਹ ਦੇ ਕੋਲ ਜਾ ਕੇ ਉਹ ਨੂੰ ਕਹੇ, ਮਿੱਤ੍ਰਾ ਤਿੰਨ ਰੋਟੀਆਂ ਮੈਨੂੰ ਉਧਾਰੀਆਂ ਦਿਹ ਕਿਉਂ ਜੋ ਮੇਰਾ ਇੱਕ ਮਿੱਤਰ ਪੈਂਡਾ ਕਰ ਕੇ ਮੇਰੇ ਕੋਲ ਆਇਆ ਹੈ ਅਤੇ ਮੇਰੇ ਕੋਲ ਕੁਝ ਨਹੀਂ ਜੋ ਉਹ ਦੇ ਅੱਗੇ ਰੱਖਾਂ ਅਰ ਉਹ ਅੰਦਰੋਂ ਉੱਤਰ ਦੇਵੇ ਭਈ ਮੈਨੂੰ ਔਖਾ ਨਾ ਕਰ, ਹੁਣ ਬੂਹਾ ਵੱਜਿਆ ਹੋਇਆ ਹੈ ਅਤੇ ਮੇਰੇ ਲੜਕੇ ਬਾਲੇ ਮੇਰੇ ਨਾਲ ਸੁੱਤੇ ਪਏ ਹਨ, ਮੈਂ ਉੱਠ ਕੇ ਤੈਨੂੰ ਦੇ ਨਹੀਂ ਸੱਕਦਾ। ਮੈਂ ਤੁਹਾਨੂੰ ਆਖਦਾ ਹਾਂ ਕਿ ਭਾਵੇਂ ਉਹ ਉਸ ਦਾ ਮਿੱਤਰ ਹੋਣ ਦੇ ਕਾਰਨ ਉੱਠ ਕੇ ਉਹ ਨੂੰ ਨਾ ਦੇਵੇ ਪਰ ਉਹ ਦੇ ਢੀਠਪੁਣੇ ਦੇ ਕਾਰਨ ਉੱਠੇਗਾ ਅਤੇ ਜਿੰਨੀਆਂ ਦੀ ਲੋੜ ਹੋਵੇਗੀ ਉਹ ਨੂੰ ਦੇਵੇਗਾ।” ਫਿਰ ਯਿਸੂ ਨੇ ਸਮਝਾਇਆ ਕਿ ਇਸ ਦ੍ਰਿਸ਼ਟਾਂਤ ਦਾ ਪ੍ਰਾਰਥਨਾ ਕਰਨ ਨਾਲ ਕੀ ਤਅੱਲਕ ਹੈ। ਉਸ ਨੇ ਕਿਹਾ: “ਮੈਂ ਤੁਹਾਨੂੰ ਆਖਦਾ ਹਾਂ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ ਕਿਉਂਕਿ ਹਰੇਕ ਜਿਹੜਾ ਮੰਗਦਾ ਹੈ ਉਹ ਲੈਂਦਾ ਹੈ ਅਤੇ ਜਿਹੜਾ ਢੂੰਡਦਾ ਹੈ ਉਹ ਨੂੰ ਲੱਭਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ ਉਹ ਦੇ ਲਈ ਖੋਲ੍ਹਿਆ ਜਾਵੇਗਾ।”—ਲੂਕਾ 11:5-10.

5. ਯਿਸੂ ਦੇ ਦ੍ਰਿਸ਼ਟਾਂਤ ਤੋਂ ਅਸੀਂ ਪ੍ਰਾਰਥਨਾ ਵਿਚ ਲੱਗੇ ਰਹਿਣ ਬਾਰੇ ਕੀ ਸਿੱਖਦੇ ਹਾਂ?

5 ਇਸ ਦ੍ਰਿਸ਼ਟਾਂਤ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਪ੍ਰਾਰਥਨਾ ਕਰਨ ਵਿਚ ਲੱਗੇ ਰਹਿਣਾ ਚਾਹੀਦਾ ਹੈ। ਯਿਸੂ ਨੇ ਕਿਹਾ ਕਿ ਉਸ ਬੰਦੇ ਦੇ “ਢੀਠਪੁਣੇ ਦੇ ਕਾਰਨ” ਉਸ ਦਾ ਦੋਸਤ ਉਸ ਦੀ ਲੋੜ ਪੂਰੀ ਕਰ ਦਿੰਦਾ ਹੈ। (ਲੂਕਾ 11:8) ਇਸ ਆਇਤ ਵਿਚ “ਢੀਠਪੁਣੇ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੈ “ਬੇਸ਼ਰਮੀ।” ਬੇਸ਼ਰਮੀ ਨੂੰ ਅਕਸਰ ਬੁਰਾ ਗੁਣ ਸਮਝਿਆ ਜਾਂਦਾ ਹੈ, ਪਰ ਜਦ ਅਸੀਂ ਕਿਸੇ ਚੰਗੇ ਉਦੇਸ਼ ਲਈ ਬੇਸ਼ਰਮ ਹੋ ਕੇ ਕੁਝ ਮੰਗਦੇ ਹਾਂ, ਤਾਂ ਇਸ ਵਿਚ ਕੋਈ ਬੁਰਾਈ ਨਹੀਂ। ਇਸ ਦ੍ਰਿਸ਼ਟਾਂਤ ਵਿਚ ਆਪਣੇ ਦੋਸਤ ਤੋਂ ਮਦਦ ਮੰਗਣ ਵਾਲੇ ਬੰਦੇ ਬਾਰੇ ਇਹੀ ਗੱਲ ਕਹੀ ਜਾ ਸਕਦੀ ਹੈ। ਉਸ ਨੂੰ ਉਹ ਚੀਜ਼ ਮੰਗਣ ਵਿਚ ਕੋਈ ਸ਼ਰਮ ਨਹੀਂ ਆਈ ਜਿਸ ਦੀ ਉਸ ਨੂੰ ਸਖ਼ਤ ਜ਼ਰੂਰਤ ਸੀ। ਸਾਨੂੰ ਵੀ ਇਸ ਬੰਦੇ ਵਾਂਗ ਨਿਧੜਕ ਹੋ ਕੇ ਯਹੋਵਾਹ ਤੋਂ ਪਵਿੱਤਰ ਆਤਮਾ ਮੰਗਦੇ ਰਹਿਣਾ ਚਾਹੀਦਾ ਹੈ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਲਗਾਤਾਰ ਮੰਗਦੇ, ਢੂੰਡਦੇ ਅਤੇ ਖੜਕਾਉਂਦੇ ਰਹੀਏ। ਉਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ “ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ।”

6. ਯਿਸੂ ਦੇ ਜ਼ਮਾਨੇ ਵਿਚ ਮਹਿਮਾਨਾਂ ਦੀ ਖਾਤਰਦਾਰੀ ਕਰਨੀ ਕਿੰਨੀ ਕੁ ਜ਼ਰੂਰੀ ਸਮਝੀ ਜਾਂਦੀ ਸੀ?

6 ਪਵਿੱਤਰ ਆਤਮਾ ਲਈ ਲਗਾਤਾਰ ਪ੍ਰਾਰਥਨਾ ਕਰਨ ਦੀ ਲੋੜ ਤੋਂ ਇਲਾਵਾ ਯਿਸੂ ਨੇ ਇਹ ਵੀ ਸਮਝਾਇਆ ਕਿ ਸਾਨੂੰ ਇਸ ਤਰ੍ਹਾਂ ਕਿਉਂ ਕਰਨਾ ਚਾਹੀਦਾ ਹੈ। ਇਹ ਗੱਲ ਸਮਝਣ ਲਈ ਸਾਨੂੰ ਪਹਿਲਾਂ ਇਹ ਪਤਾ ਕਰਨ ਦੀ ਲੋੜ ਹੈ ਕਿ ਯਿਸੂ ਦੇ ਸੁਣਨ ਵਾਲੇ ਪਰਾਹੁਣਚਾਰੀ ਕਰਨ ਬਾਰੇ ਕੀ ਸੋਚਦੇ ਸਨ। ਬਾਈਬਲ ਵਿਚ ਕਈ ਹਵਾਲੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਖ਼ਾਸ ਕਰਕੇ ਪਰਮੇਸ਼ੁਰ ਦੇ ਸੇਵਕ ਪਰਾਹੁਣਚਾਰੀ ਕਰਨ ਦੇ ਰਿਵਾਜ ਨੂੰ ਗੰਭੀਰਤਾ ਨਾਲ ਲੈਂਦੇ ਸਨ। (ਉਤਪਤ 18:2-5; ਇਬਰਾਨੀਆਂ 13:2) ਮਹਿਮਾਨਾਂ ਦੀ ਖਾਤਰਦਾਰੀ ਨਾ ਕਰਨੀ ਬਹੁਤ ਬੁਰੀ ਗੱਲ ਮੰਨੀ ਜਾਂਦੀ ਸੀ। (ਲੂਕਾ 7:36-38, 44-46) ਇਸ ਗੱਲ ਨੂੰ ਮਨ ਵਿਚ ਰੱਖਦੇ ਹੋਏ ਆਓ ਆਪਾਂ ਯਿਸੂ ਦੀ ਕਹਾਣੀ ਵੱਲ ਦੁਬਾਰਾ ਧਿਆਨ ਦੇਈਏ।

7. ਇਸ ਕਹਾਣੀ ਵਿਚ ਬੰਦੇ ਨੇ ਆਪਣੇ ਮਿੱਤਰ ਨੂੰ ਬੇਸ਼ਰਮ ਹੋ ਕੇ ਰਾਤ ਨੂੰ ਕਿਉਂ ਜਗਾਇਆ?

7 ਇਸ ਕਹਾਣੀ ਵਿਚ ਬੰਦੇ ਦੇ ਘਰ ਅੱਧੀ ਰਾਤ ਨੂੰ ਪਰਾਹੁਣਾ ਆ ਜਾਂਦਾ ਹੈ। ਉਹ ਆਪਣੇ ਮਹਿਮਾਨ ਨੂੰ ਰੋਟੀ ਖੁਆਉਣੀ ਚਾਹੁੰਦਾ ਹੈ, ਪਰ ਉਸ ਕੋਲ “ਕੁਝ ਨਹੀਂ ਜੋ ਉਹ ਦੇ ਅੱਗੇ” ਰੱਖੇ। ਜੇ ਪਰਾਹੁਣੇ ਨੂੰ ਭੁੱਖੇ ਪੇਟ ਸੌਣਾ ਪਿਆ, ਤਾਂ ਇਹ ਮੇਜ਼ਬਾਨ ਲਈ ਸ਼ਰਮ ਦੀ ਗੱਲ ਹੋਣੀ ਸੀ। ਇਸ ਲਈ ਉਹ ਆਪਣੇ ਮਿੱਤਰ ਦੇ ਘਰ ਜਾਂਦਾ ਹੈ ਅਤੇ ਬੇਸ਼ਰਮੀ ਨਾਲ ਉਸ ਨੂੰ ਜਗਾਉਂਦਾ ਹੈ। ਉਹ ਕਹਿੰਦਾ ਹੈ: “ਮਿੱਤ੍ਰਾ ਤਿੰਨ ਰੋਟੀਆਂ ਮੈਨੂੰ ਉਧਾਰੀਆਂ ਦਿਹ।” ਜਿੰਨਾ ਚਿਰ ਉਸ ਨੂੰ ਰੋਟੀ ਨਹੀਂ ਮਿਲੀ, ਉੱਨਾ ਚਿਰ ਉਹ ਆਪਣੇ ਮਿੱਤਰ ਦੀਆਂ ਮਿੰਨਤਾਂ ਕਰਦਾ ਰਿਹਾ ਕਿਉਂਕਿ ਰੋਟੀਆਂ ਦੇ ਬਗੈਰ ਉਹ ਘਰ ਆਏ ਮਹਿਮਾਨ ਦੀ ਸਹੀ ਤਰੀਕੇ ਨਾਲ ਖਾਤਰਦਾਰੀ ਨਹੀਂ ਕਰ ਸਕਦਾ ਸੀ।

ਜਿੰਨੀ ਲੋੜ, ਉੱਨੇ ਤਰਲੇ

8. ਪਵਿੱਤਰ ਆਤਮਾ ਲਈ ਪ੍ਰਾਰਥਨਾ ਕਰਦੇ ਰਹਿਣ ਲਈ ਕਿਹੜੀ ਗੱਲ ਸਾਨੂੰ ਪ੍ਰੇਰੇਗੀ?

8 ਇਸ ਦ੍ਰਿਸ਼ਟਾਂਤ ਅਨੁਸਾਰ ਸਾਨੂੰ ਪ੍ਰਾਰਥਨਾ ਵਿਚ ਕਿਉਂ ਲੱਗੇ ਰਹਿਣਾ ਚਾਹੀਦਾ ਹੈ? ਕਹਾਣੀ ਵਿਚ ਉਹ ਬੰਦਾ ਰੋਟੀ ਇਸ ਲਈ ਮੰਗਦਾ ਰਿਹਾ ਕਿਉਂਕਿ ਰੋਟੀ ਤੋਂ ਬਿਨਾਂ ਉਹ ਪਰਾਹੁਣਚਾਰੀ ਕਰਨ ਦਾ ਫ਼ਰਜ਼ ਪੂਰਾ ਨਹੀਂ ਕਰ ਸਕਦਾ ਸੀ। (ਯਸਾਯਾਹ 58:5-7) ਇਸੇ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਤੋਂ ਬਿਨਾਂ ਅਸੀਂ ਆਪਣੀ ਸੇਵਕਾਈ ਪੂਰੀ ਨਹੀਂ ਕਰ ਸਕਦੇ, ਇਸ ਲਈ ਅਸੀਂ ਪਵਿੱਤਰ ਆਤਮਾ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਰਹਿੰਦੇ ਹਾਂ। (ਜ਼ਕਰਯਾਹ 4:6) ਇਸ ਤੋਂ ਬਿਨਾਂ ਅਸੀਂ ਪਰਮੇਸ਼ੁਰ ਦੇ ਕੰਮ ਕਰਨ ਵਿਚ ਸਫ਼ਲ ਨਹੀਂ ਹੋ ਸਕਦੇ। (ਮੱਤੀ 26:41) ਇਸ ਦ੍ਰਿਸ਼ਟਾਂਤ ਤੋਂ ਅਸੀਂ ਕਿਹੜਾ ਜ਼ਰੂਰੀ ਸਬਕ ਸਿੱਖਦੇ ਹਾਂ? ਜੇ ਅਸੀਂ ਪਰਮੇਸ਼ੁਰ ਦੀ ਆਤਮਾ ਦੀ ਜ਼ਰੂਰਤ ਨੂੰ ਪਛਾਣਾਂਗੇ, ਤਾਂ ਅਸੀਂ ਇਸ ਲਈ ਪ੍ਰਾਰਥਨਾ ਕਰਦੇ ਰਹਾਂਗੇ।

9, 10. (ੳ) ਮਿਸਾਲ ਦੇ ਕੇ ਸਮਝਾਓ ਕਿ ਸਾਨੂੰ ਪਰਮੇਸ਼ੁਰ ਦੀ ਪਵਿੱਤਰ ਆਤਮਾ ਕਿਉਂ ਮੰਗਦੇ ਰਹਿਣਾ ਚਾਹੀਦਾ ਹੈ। (ਅ) ਸਾਨੂੰ ਆਪਣੇ ਆਪ ਤੋਂ ਕਿਹੜਾ ਸਵਾਲ ਪੁੱਛਣਾ ਚਾਹੀਦਾ ਹੈ ਅਤੇ ਕਿਉਂ?

9 ਆਓ ਆਪਾਂ ਇਸ ਦ੍ਰਿਸ਼ਟਾਂਤ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਇਕ ਮਿਸਾਲ ਤੇ ਗੌਰ ਕਰੀਏ। ਮੰਨ ਲਓ ਕਿ ਅੱਧੀ ਰਾਤ ਨੂੰ ਤੁਹਾਡੇ ਪਰਿਵਾਰ ਵਿਚ ਕੋਈ ਬੀਮਾਰ ਹੋ ਜਾਂਦਾ ਹੈ। ਕੀ ਤੁਸੀਂ ਡਾਕਟਰ ਨੂੰ ਜਗਾ ਕੇ ਉਸ ਦੀ ਮਦਦ ਮੰਗੋਗੇ? ਜੇ ਕੋਈ ਛੋਟੀ-ਮੋਟੀ ਗੱਲ ਹੋਵੇ, ਤਾਂ ਸ਼ਾਇਦ ਤੁਸੀਂ ਡਾਕਟਰ ਨੂੰ ਨਾ ਜਗਾਓ। ਪਰ ਫ਼ਰਜ਼ ਕਰੋ ਕਿ ਪਰਿਵਾਰ ਦੇ ਕਿਸੇ ਜੀਅ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ। ਹੁਣ ਤੁਸੀਂ ਡਾਕਟਰ ਨੂੰ ਜਗਾਉਣ ਤੋਂ ਬਿਲਕੁਲ ਨਹੀਂ ਝਿਜਕੋਗੇ। ਕਿਉਂ ਨਹੀਂ? ਕਿਉਂਕਿ ਇਹ ਇਕ ਐਮਰਜੈਂਸੀ ਹੈ। ਤੁਸੀਂ ਜਾਣਦੇ ਹੋ ਕਿ ਡਾਕਟਰ ਦੀ ਸਖ਼ਤ ਜ਼ਰੂਰਤ ਹੈ। ਜੇ ਤੁਸੀਂ ਡਾਕਟਰ ਨਾ ਬੁਲਾਇਆ, ਤਾਂ ਤੁਹਾਡੇ ਘਰ ਦਾ ਜੀਅ ਮਰ ਵੀ ਸਕਦਾ ਹੈ। ਕਿਹਾ ਜਾ ਸਕਦਾ ਹੈ ਕਿ ਅਸੀਂ ਹਰ ਵਕਤ ਐਮਰਜੈਂਸੀ ਦਾ ਸਾਮ੍ਹਣਾ ਕਰਦੇ ਹਨ। ਸ਼ਤਾਨ “ਬੁਕਦੇ ਸ਼ੀਂਹ” ਵਾਂਗ ਸਾਨੂੰ ਪਾੜ ਖਾਣਾ ਚਾਹੁੰਦਾ ਹੈ। (1 ਪਤਰਸ 5:8) ਉਸ ਤੋਂ ਬਚਣ ਲਈ ਸਾਨੂੰ ਪਰਮੇਸ਼ੁਰ ਦੀ ਆਤਮਾ ਦੀ ਸਖ਼ਤ ਜ਼ਰੂਰਤ ਹੈ। ਜੇ ਅਸੀਂ ਪਰਮੇਸ਼ੁਰ ਦੀ ਮਦਦ ਨਾ ਮੰਗੀਏ, ਤਾਂ ਸਾਡੀ ਜਾਨ ਜਾ ਸਕਦੀ ਹੈ। ਇਸ ਕਰਕੇ ਅਸੀਂ ਨਿਧੜਕ ਹੋ ਕੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਮੰਗਦੇ ਹਾਂ। (ਅਫ਼ਸੀਆਂ 3:14-16) ਸਿਰਫ਼ ਇਸ ਤਰ੍ਹਾਂ ਕਰਨ ਨਾਲ ਸਾਨੂੰ ‘ਅੰਤ ਤੋੜੀ ਸਹਿਣ’ ਦੀ ਤਾਕਤ ਮਿਲੇਗੀ।—ਮੱਤੀ 10:22; 24:13.

10 ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਮੇਂ-ਸਮੇਂ ਤੇ ਆਪਣੇ ਆਪ ਤੋਂ ਪੁੱਛੀਏ: ‘ਕੀ ਮੈਂ ਪ੍ਰਾਰਥਨਾ ਕਰਨ ਵਿਚ ਲੱਗਾ ਰਹਿੰਦਾ ਹਾਂ?’ ਜੇ ਅਸੀਂ ਯਾਦ ਰੱਖਾਂਗੇ ਕਿ ਸਾਨੂੰ ਪਰਮੇਸ਼ੁਰ ਦੀ ਮਦਦ ਦੀ ਜ਼ਰੂਰਤ ਹੈ, ਤਾਂ ਅਸੀਂ ਪਵਿੱਤਰ ਆਤਮਾ ਲਈ ਬੇਨਤੀ ਕਰਦੇ ਰਹਾਂਗੇ।

ਅਸੀਂ ਪੂਰੇ ਭਰੋਸੇ ਨਾਲ ਪ੍ਰਾਰਥਨਾ ਕਿਉਂ ਕਰ ਸਕਦੇ ਹਾਂ?

11. ਪਿਤਾ ਅਤੇ ਪੁੱਤਰ ਦਾ ਦ੍ਰਿਸ਼ਟਾਂਤ ਦੇਣ ਤੋਂ ਬਾਅਦ ਯਿਸੂ ਨੇ ਪ੍ਰਾਰਥਨਾ ਕਰਨ ਬਾਰੇ ਕੀ ਕਿਹਾ?

11 ਉੱਪਰ ਦੱਸੇ ਦ੍ਰਿਸ਼ਟਾਂਤ ਵਿਚ ਅਸੀਂ ਪ੍ਰਾਰਥਨਾ ਕਰਨ ਵਾਲੇ ਦੇ ਸੁਭਾਅ ਬਾਰੇ ਸਿੱਖਿਆ। ਹੁਣ ਅਗਲੇ ਦ੍ਰਿਸ਼ਟਾਂਤ ਵਿਚ ਅਸੀਂ ਪ੍ਰਾਰਥਨਾ ਸੁਣਨ ਵਾਲੇ ਯਾਨੀ ਯਹੋਵਾਹ ਪਰਮੇਸ਼ੁਰ ਦੇ  ਸੁਭਾਅ ਵੱਲ ਧਿਆਨ ਦੇਵਾਂਗੇ। ਯਿਸੂ ਨੇ ਕਿਹਾ: “ਤੁਹਾਡੇ ਵਿੱਚੋਂ ਉਹ ਕਿਹੜਾ ਪਿਉ ਹੈ ਕਿ ਜੇ ਉਹ ਦਾ ਪੁੱਤ੍ਰ ਮਛੀ ਮੰਗੇ ਤਾਂ ਉਹ ਨੂੰ ਮਛੀ ਦੇ ਥਾਂ ਸੱਪ ਦੇਵੇਗਾ? ਯਾ ਜੇ ਆਂਡਾ ਮੰਗੇ ਤਾਂ ਉਹ ਨੂੰ ਬਿੱਛੂ ਦੇਵੇਗਾ?” ਫਿਰ ਯਿਸੂ ਨੇ ਪ੍ਰਾਰਥਨਾ ਕਰਨ ਬਾਰੇ ਕਿਹਾ: “ਸੋ ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ!”—ਲੂਕਾ 11:11-13.

12. ਪਿਤਾ ਅਤੇ ਪੁੱਤਰ ਦੇ ਦ੍ਰਿਸ਼ਟਾਂਤ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਨ ਲਈ ਤਿਆਰ ਹੈ?

12 ਇਹ ਮਿਸਾਲ ਦੇ ਕੇ ਯਿਸੂ ਨੇ ਦਿਖਾਇਆ ਕਿ ਯਹੋਵਾਹ ਉਨ੍ਹਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜੋ ਉਸ ਨੂੰ ਪ੍ਰਾਰਥਨਾ ਕਰਦੇ ਹਨ। (ਲੂਕਾ 10:22) ਇਕ ਗੱਲ ਨੋਟ ਕਰੋ। ਯਹੋਵਾਹ ਪਹਿਲੇ ਦ੍ਰਿਸ਼ਟਾਂਤ ਵਿਚ ਉਸ ਬੰਦੇ ਵਰਗਾ ਨਹੀਂ ਹੈ ਜੋ ਆਪਣੇ ਮਿੱਤਰ ਦੀ ਮਦਦ ਕਰਨ ਲਈ ਤਿਆਰ ਨਹੀਂ ਸੀ। ਇਸ ਦੇ ਉਲਟ ਯਹੋਵਾਹ ਇਕ ਪਿਆਰੇ ਪਿਤਾ ਵਰਗਾ ਹੈ ਜੋ ਆਪਣੇ ਬੱਚੇ ਦੀ ਹਰ ਲੋੜ ਪੂਰੀ ਕਰਨ ਲਈ ਤਿਆਰ ਹੈ। (ਜ਼ਬੂਰਾਂ ਦੀ ਪੋਥੀ 50:15) ਯਿਸੂ ਨੇ ਇਕ ਇਨਸਾਨੀ ਪਿਤਾ ਦੀ ਮਿਸਾਲ ਦੇ ਕੇ ਯਹੋਵਾਹ ਦੇ ਸੁਭਾਅ ਬਾਰੇ ਸਾਨੂੰ ਸਮਝਾਇਆ। ਜੇ ਪਾਪੀ ਇਨਸਾਨ ‘ਬੁਰਾ ਹੋ ਕੇ’ ਆਪਣੇ ਪੁੱਤਰ ਨੂੰ ਚੰਗੀਆਂ ਦਾਤਾਂ ਦਿੰਦਾ ਹੈ, ਤਾਂ ਅਸੀਂ ਪੂਰੀ ਉਮੀਦ ਰੱਖ ਸਕਦੇ ਹਾਂ ਕਿ ਸਾਡਾ ਦਿਆਲੂ ਪਿਤਾ ਯਹੋਵਾਹ ਆਪਣੇ ਸੇਵਕਾਂ ਨੂੰ ਪਵਿੱਤਰ ਆਤਮਾ ਜ਼ਰੂਰ ਦੇਵੇਗਾ!—ਯਾਕੂਬ 1:17.

13. ਯਹੋਵਾਹ ਅੱਗੇ ਦੁਆ ਕਰਦੇ ਸਮੇਂ ਅਸੀਂ ਕਿਸ ਗੱਲ ਦਾ ਯਕੀਨ ਰੱਖ ਸਕਦੇ ਹਾਂ?

13 ਇਸ ਦ੍ਰਿਸ਼ਟਾਂਤ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ? ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਜਦ ਅਸੀਂ ਆਪਣੇ ਪਿਤਾ ਯਹੋਵਾਹ ਤੋਂ ਪਵਿੱਤਰ ਆਤਮਾ ਮੰਗਦੇ ਹਾਂ, ਤਾਂ ਉਹ ਇਸ ਨੂੰ ਦੇਣ ਲਈ ਤਿਆਰ-ਬਰ-ਤਿਆਰ ਹੁੰਦਾ ਹੈ। (1 ਯੂਹੰਨਾ 5:14) ਜਦ ਅਸੀਂ ਉਸ ਅੱਗੇ ਵਾਰ-ਵਾਰ ਦੁਆ ਕਰਦੇ ਹਾਂ, ਤਾਂ ਉਹ ਸਾਨੂੰ ਕਦੀ ਨਹੀਂ ਕਹੇਗਾ: “ਮੈਨੂੰ ਔਖਾ ਨਾ ਕਰ, ਹੁਣ ਬੂਹਾ ਵੱਜਿਆ ਹੋਇਆ ਹੈ।” (ਲੂਕਾ 11:7) ਇਸ ਦੇ ਉਲਟ ਯਿਸੂ ਨੇ ਕਿਹਾ: “ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।” (ਲੂਕਾ 11:9, 10) ਜੀ ਹਾਂ, ਯਹੋਵਾਹ ‘ਸਾਡੀ ਪੁਕਾਰ ਦੇ ਵੇਲੇ ਸਾਨੂੰ ਉੱਤਰ ਦੇਵੇਗਾ!’—ਜ਼ਬੂਰਾਂ ਦੀ ਪੋਥੀ 20:9; 145:18.

14. (ੳ) ਕੁਝ ਲੋਕ ਅਜ਼ਮਾਇਸ਼ਾਂ ਬਾਰੇ ਗ਼ਲਤੀ ਨਾਲ ਕੀ ਸੋਚਦੇ ਹਨ? (ਅ) ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਸਮੇਂ ਅਸੀਂ ਪੂਰੇ ਭਰੋਸੇ ਨਾਲ ਯਹੋਵਾਹ ਨੂੰ ਕਿਉਂ ਪ੍ਰਾਰਥਨਾ ਕਰ ਸਕਦੇ ਹਾਂ?

14 ਪਿਤਾ ਅਤੇ ਪੁੱਤਰ ਬਾਰੇ ਯਿਸੂ ਦਾ ਦ੍ਰਿਸ਼ਟਾਂਤ ਇਸ ਗੱਲ ਤੇ ਵੀ ਜ਼ੋਰ ਦਿੰਦਾ ਹੈ ਕਿ ਯਹੋਵਾਹ ਕਿਸੇ ਇਨਸਾਨੀ ਪਿਤਾ ਨਾਲੋਂ ਕਿਤੇ ਵੱਧ ਚੰਗਾ ਪਿਤਾ ਹੈ। ਇਸ ਲਈ ਸਾਨੂੰ ਕਦੀ ਨਹੀਂ ਮਹਿਸੂਸ ਕਰਨਾ ਚਾਹੀਦਾ ਕਿ ਸਾਡੇ ਉੱਤੇ ਅਜ਼ਮਾਇਸ਼ਾਂ ਇਸ ਲਈ ਆ ਰਹੀਆਂ ਹਨ ਕਿਉਂਕਿ ਯਹੋਵਾਹ ਸਾਡੇ ਨਾਲ ਨਾਰਾਜ਼ ਹੈ। ਸਾਡਾ ਵੈਰੀ ਸ਼ਤਾਨ ਚਾਹੁੰਦਾ ਹੈ ਕਿ ਅਸੀਂ ਇਸ ਤਰ੍ਹਾਂ ਸੋਚੀਏ। (ਅੱਯੂਬ 4:1, 7, 8; ਯੂਹੰਨਾ 8:44) ਬਾਈਬਲ ਵਿਚ ਇਹ ਕਿਤੇ ਨਹੀਂ ਲਿਖਿਆ ਕਿ ਯਹੋਵਾਹ ਸਾਡੇ ਉੱਤੇ ਦੁੱਖ ਲਿਆਉਂਦਾ ਹੈ ਤੇ ਨਾ ਹੀ ਸਾਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਹੈ। ਯਹੋਵਾਹ ‘ਬਦੀਆਂ ਨਾਲ ਕਿਸੇ ਨੂੰ ਨਹੀਂ ਪਰਤਾਉਂਦਾ।’ (ਯਾਕੂਬ 1:13) ਉਹ ਸਾਨੂੰ ਅਜ਼ਮਾਇਸ਼ਾਂ ਤੇ ਪਰੀਖਿਆਵਾਂ ਦੇ ਰੂਪ ਵਿਚ ਸੱਪ ਤੇ ਬਿੱਛੂ ਨਹੀਂ ਦਿੰਦਾ। ਸਾਡਾ ਪਿਤਾ “ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਵਸਤਾਂ” ਦਿੰਦਾ ਹੈ। (ਮੱਤੀ 7:11; ਲੂਕਾ 11:13) ਜੇ ਅਸੀਂ ਚੇਤੇ ਰੱਖੀਏ ਕਿ ਯਹੋਵਾਹ ਸਾਡਾ ਭਲਾ ਚਾਹੁੰਦਾ ਹੈ ਅਤੇ ਹਰ ਵਕਤ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ, ਤਾਂ ਅਸੀਂ ਉਸ ਨੂੰ ਪੂਰੇ ਭਰੋਸੇ ਨਾਲ ਪ੍ਰਾਰਥਨਾ ਕਰਾਂਗੇ। ਫਿਰ ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਕਹਿ ਸਕਾਂਗੇ: “ਪਰਮੇਸ਼ੁਰ ਨੇ ਸੱਚ ਮੁੱਚ ਸੁਣਿਆ ਹੈ, ਉਹ ਨੇ ਮੇਰੀ ਪ੍ਰਾਰਥਨਾ ਦੀ ਅਵਾਜ਼ ਵੱਲ ਕੰਨ ਲਾਇਆ ਹੈ।”—ਜ਼ਬੂਰਾਂ ਦੀ ਪੋਥੀ 10:17; 66:19.

ਪਵਿੱਤਰ ਆਤਮਾ ਸਾਡੀ ਮਦਦ ਕਿਵੇਂ ਕਰਦੀ ਹੈ?

15. (ੳ) ਯਿਸੂ ਨੇ ਪਵਿੱਤਰ ਆਤਮਾ ਬਾਰੇ ਕੀ ਵਾਅਦਾ ਕੀਤਾ ਸੀ? (ਅ) ਪਵਿੱਤਰ ਆਤਮਾ ਕਿਸ ਖ਼ਾਸ ਤਰੀਕੇ ਨਾਲ ਸਾਡੀ ਮਦਦ ਕਰਦੀ ਹੈ?

15 ਆਪਣੀ ਮੌਤ ਤੋਂ ਕੁਝ ਸਮੇਂ ਪਹਿਲਾਂ ਯਿਸੂ ਨੇ ਇਨ੍ਹਾਂ ਦ੍ਰਿਸ਼ਟਾਂਤਾਂ ਦੇ ਮੁੱਖ ਮੁੱਦੇ ਨੂੰ ਦੁਹਰਾਇਆ ਸੀ। ਪਵਿੱਤਰ ਆਤਮਾ ਬਾਰੇ ਗੱਲ ਕਰਦੇ ਹੋਏ ਉਸ ਨੇ ਆਪਣੇ ਰਸੂਲਾਂ ਨੂੰ ਕਿਹਾ: “ਮੈਂ ਆਪਣੇ ਪਿਤਾ ਤੋਂ ਮੰਗਾਂਗਾ ਅਰ ਉਹ ਤੁਹਾਨੂੰ ਦੂਜਾ ਸਹਾਇਕ ਬਖ਼ਸ਼ੇਗਾ ਭਈ ਉਹ ਸਦਾ ਤੁਹਾਡੇ ਸੰਗ ਰਹੇ।” (ਯੂਹੰਨਾ 14:16) ਸੋ ਯਿਸੂ ਨੇ ਵਾਅਦਾ ਕੀਤਾ ਕਿ ਆਉਣ ਵਾਲੇ ਸਮਿਆਂ ਵਿਚ ਪਵਿੱਤਰ ਆਤਮਾ ਇਕ ਸਹਾਇਕ ਵਜੋਂ ਉਸ ਦੇ ਚੇਲਿਆਂ ਨਾਲ ਹੋਵੇਗੀ ਤੇ ਇਹ ਗੱਲ ਸਾਡੇ ਸਮੇਂ ਵਿਚ ਵੀ ਸੱਚ ਸਾਬਤ ਹੋਈ ਹੈ। ਅੱਜ ਇਹ ਆਤਮਾ ਕਿਸ ਖ਼ਾਸ ਤਰੀਕੇ ਨਾਲ ਸਾਡੀ ਮਦਦ ਕਰਦੀ ਹੈ? ਪਵਿੱਤਰ ਆਤਮਾ ਸਾਨੂੰ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਲਾਂ ਸਹਿਣ ਦੀ ਤਾਕਤ ਦਿੰਦੀ ਹੈ। ਕਿਸ ਤਰ੍ਹਾਂ? ਪੌਲੁਸ ਨੇ ਖ਼ੁਦ ਕਈ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਸੀ। ਉਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਚਿੱਠੀ ਵਿਚ ਦੱਸਿਆ ਕਿ ਪਰਮੇਸ਼ੁਰ ਦੀ ਆਤਮਾ ਨੇ ਉਸ ਦੀ ਕਿਵੇਂ ਸਹਾਇਤਾ ਕੀਤੀ। ਆਓ ਆਪਾਂ ਸੰਖੇਪ ਵਿਚ ਦੇਖੀਏ ਕਿ ਉਸ ਨੇ ਕੀ ਲਿਖਿਆ ਸੀ।

16. ਸਾਡੀ ਹਾਲਤ ਪੌਲੁਸ ਵਰਗੀ ਕਿਵੇਂ ਹੋ ਸਕਦੀ ਹੈ?

16 ਪਹਿਲਾਂ ਪੌਲੁਸ ਨੇ ਆਪਣੇ ਭੈਣਾਂ-ਭਰਾਵਾਂ ਨੂੰ ਦੱਸਿਆ ਕਿ ਉਸ ਦੇ “ਸਰੀਰ ਵਿੱਚ ਇੱਕ ਕੰਡਾ” ਸੀ ਯਾਨੀ ਉਹ ਕੋਈ ਦੁੱਖ ਸਹਿ ਰਿਹਾ ਸੀ। ਫਿਰ ਉਸ ਨੇ ਕਿਹਾ: “ਮੈਂ ਪ੍ਰਭੁ [ਯਹੋਵਾਹ] ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਭਈ ਇਹ ਮੈਥੋਂ ਦੂਰ ਹੋ ਜਾਵੇ।” (2 ਕੁਰਿੰਥੀਆਂ 12:7, 8) ਭਾਵੇਂ ਪੌਲੁਸ ਨੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਕਿ ਇਹ ਦੁੱਖ ਉਸ ਤੋਂ ਦੂਰ ਕੀਤਾ ਜਾਵੇ, ਪਰ ਇਸ ਤਰ੍ਹਾਂ ਨਹੀਂ ਹੋਇਆ। ਸ਼ਾਇਦ ਅੱਜ ਤੁਸੀਂ ਵੀ ਪੌਲੁਸ ਵਾਂਗ ਕੋਈ ਦੁੱਖ ਸਹਿ ਰਹੇ ਹੋ। ਸ਼ਾਇਦ ਤੁਸੀਂ ਵੀ ਪੂਰੇ ਭਰੋਸੇ ਨਾਲ ਯਹੋਵਾਹ ਨੂੰ ਕਈ ਵਾਰ ਬੇਨਤੀ ਕੀਤੀ ਹੈ ਕਿ ਉਹ ਤੁਹਾਡੇ ਤੋਂ ਇਹ ਦੁੱਖ ਦੂਰ ਕਰ ਦੇਵੇ। ਪਰ ਤੁਹਾਡੇ ਵਾਰ-ਵਾਰ ਪ੍ਰਾਰਥਨਾ ਕਰਨ ਦੇ ਬਾਵਜੂਦ ਤੁਹਾਡਾ ਦੁੱਖ ਦੂਰ ਨਹੀਂ ਹੋਇਆ। ਕੀ ਇਸ ਦਾ ਮਤਲਬ ਹੈ ਕਿ ਯਹੋਵਾਹ ਨੇ ਤੁਹਾਡੀਆਂ ਪ੍ਰਾਰਥਨਾਵਾਂ ਨਹੀਂ ਸੁਣੀਆਂ ਅਤੇ ਉਸ ਦੀ ਆਤਮਾ ਤੁਹਾਡੀ ਮਦਦ ਨਹੀਂ ਕਰ ਰਹੀ? ਬਿਲਕੁਲ ਨਹੀਂ! (ਜ਼ਬੂਰਾਂ ਦੀ ਪੋਥੀ 10:1, 17) ਦੇਖੋ ਕਿ ਪੌਲੁਸ ਰਸੂਲ ਨੇ ਅੱਗੇ ਕੀ ਕਿਹਾ।

17. ਯਹੋਵਾਹ ਨੇ ਪੌਲੁਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੱਤਾ ਸੀ?

17 ਪੌਲੁਸ ਦੀਆਂ ਪ੍ਰਾਰਥਨਾਵਾਂ ਦੇ ਜਵਾਬ ਵਿਚ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ।” ਪੌਲੁਸ ਨੇ ਕਿਹਾ: “ਇਸ ਲਈ ਮੈਂ ਆਪਣੀਆਂ ਨਿਰਬਲਤਾਈਆਂ ਉੱਤੇ ਅੱਤ ਅਨੰਦ ਨਾਲ ਅਭਮਾਨ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਸਾਯਾ ਕਰੇ।” (2 ਕੁਰਿੰਥੀਆਂ 12:9; ਜ਼ਬੂਰਾਂ ਦੀ ਪੋਥੀ 147:5) ਪੌਲੁਸ ਨੇ ਦੇਖਿਆ ਕਿ ਮਸੀਹ ਰਾਹੀਂ ਪਰਮੇਸ਼ੁਰ ਦਾ ਸਾਇਆ ਉਸ ਉੱਤੇ ਸੀ। ਅੱਜ ਯਹੋਵਾਹ ਵੀ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਇਸੇ ਤਰ੍ਹਾਂ ਦਿੰਦਾ ਹੈ। ਯਹੋਵਾਹ ਦਾ ਆਪਣੇ ਭਗਤਾਂ ਉੱਤੇ ਸਾਇਆ ਹੈ ਅਤੇ ਉਹ ਉਨ੍ਹਾਂ ਦੀ ਰੱਖਿਆ ਕਰਦਾ ਹੈ।

18. ਸਾਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਕਿੱਥੋਂ ਮਿਲ ਸਕਦੀ ਹੈ?

18 ਸਿਰ ਤੇ ਛੱਤ ਹੋਣ ਦਾ ਇਹ ਮਤਲਬ ਨਹੀਂ ਕਿ ਬਾਹਰ ਮੀਂਹ ਨਹੀਂ ਪਵੇਗਾ ਜਾਂ ਹਵਾ ਨਹੀਂ ਵਗੇਗੀ, ਪਰ ਸਾਨੂੰ ਉਨ੍ਹਾਂ ਚੀਜ਼ਾਂ ਤੋਂ ਕੁਝ ਹੱਦ ਤਕ ਸੁਰੱਖਿਆ ਜ਼ਰੂਰ ਮਿਲ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਉੱਤੇ “ਮਸੀਹ ਦੀ ਸਮਰੱਥਾ” ਦਾ ਸਾਇਆ ਹੋਣ ਦਾ ਇਹ ਮਤਲਬ ਨਹੀਂ ਕਿ ਸਾਡੇ ਉੱਤੇ ਮੁਸ਼ਕਲਾਂ ਤੇ ਮੁਸੀਬਤਾਂ ਨਹੀਂ ਆਉਣਗੀਆਂ। ਪਰ ਇਹ ਸਾਇਆ ਸਾਡੀ ਨਿਹਚਾ ਦੀ ਰਾਖੀ ਕਰਦਾ ਹੈ ਤਾਂਕਿ ਇਸ ਦੁਨੀਆਂ ਦੇ ਨੁਕਸਾਨਦੇਹ ਅਸਰਾਂ ਅਤੇ ਸ਼ਤਾਨ ਦੇ ਹਮਲਿਆਂ ਦੇ ਬਾਵਜੂਦ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿ ਸਕੀਏ। (ਪਰਕਾਸ਼ ਦੀ ਪੋਥੀ 7:9, 15, 16) ਇਸ ਲਈ ਜੇ ਤੁਹਾਡੀ ਕੋਈ ਮੁਸ਼ਕਲ ‘ਤੁਹਾਥੋਂ ਦੂਰ’ ਨਹੀਂ ਹੋ ਰਹੀ, ਤਾਂ ਤੁਸੀਂ ਪੱਕਾ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੀ ਮੁਸ਼ਕਲ ਨੂੰ ਸਮਝਦਾ ਹੈ ਅਤੇ ਉਸ ਨੇ “ਤੁਹਾਡੀ ਦੁਹਾਈ ਦੀ ਅਵਾਜ਼” ਸੁਣੀ ਹੈ। (ਯਸਾਯਾਹ 30:19; 2 ਕੁਰਿੰਥੀਆਂ 1:3, 4) ਪੌਲੁਸ ਨੇ ਲਿਖਿਆ: “ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ ਭਈ ਤੁਸੀਂ ਝੱਲ ਸੱਕੋ।”—1 ਕੁਰਿੰਥੀਆਂ 10:13; ਫ਼ਿਲਿੱਪੀਆਂ 4:6, 7.

19. ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ?

19 ਇਹ ਸੱਚ ਹੈ ਕਿ ਅਸੀਂ ਇਨ੍ਹਾਂ “ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ” ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1) ਫਿਰ ਵੀ ਪਰਮੇਸ਼ੁਰ ਦੇ ਸੇਵਕ ਇਨ੍ਹਾਂ ਸਮਿਆਂ ਵਿਚ ਵਫ਼ਾਦਾਰ ਰਹਿ ਸਕਦੇ ਹਨ। ਕਿਵੇਂ? ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਸਾਡੀ ਰੱਖਿਆ ਹੁੰਦੀ ਹੈ ਜਿਸ ਕਰਕੇ ਅਸੀਂ ਹਰ ਦੁੱਖ ਸਹਿ ਸਕਦੇ ਹਾਂ। ਯਾਦ ਰੱਖੋ ਕਿ ਯਹੋਵਾਹ ਉਨ੍ਹਾਂ ਦੀ ਸੁਣਦਾ ਹੈ ਜੋ ਪੂਰੇ ਭਰੋਸੇ ਨਾਲ ਉਸ ਤੋਂ ਪਵਿੱਤਰ ਆਤਮਾ ਮੰਗਦੇ ਹਨ। ਇਸ ਲਈ ਆਓ ਆਪਾਂ ਹਰ ਰੋਜ਼ ਪਰਮੇਸ਼ੁਰ ਨੂੰ ਪਵਿੱਤਰ ਆਤਮਾ ਲਈ ਬੇਨਤੀ ਕਰਦੇ ਰਹੀਏ।—ਜ਼ਬੂਰਾਂ ਦੀ ਪੋਥੀ 34:6; 1 ਯੂਹੰਨਾ 5:14, 15.

ਤੁਸੀਂ ਕੀ ਜਵਾਬ ਦਿਓਗੇ?

• ਪਰਮੇਸ਼ੁਰ ਦੀ ਪਵਿੱਤਰ ਆਤਮਾ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

• ਅਸੀਂ ਪੂਰਾ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਯਹੋਵਾਹ ਪਵਿੱਤਰ ਆਤਮਾ ਲਈ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ?

• ਪਵਿੱਤਰ ਆਤਮਾ ਅਜ਼ਮਾਇਸ਼ਾਂ ਸਹਿਣ ਵਿਚ ਸਾਡੀ ਮਦਦ ਕਿਵੇਂ ਕਰਦੀ ਹੈ?

[ਸਵਾਲ]

[ਸਫ਼ਾ 21 ਉੱਤੇ ਤਸਵੀਰ]

ਆਪਣੇ ਮਿੱਤਰ ਤੋਂ ਬੇਸ਼ਰਮੀ ਨਾਲ ਰੋਟੀਆਂ ਮੰਗਣ ਵਾਲੇ ਬੰਦੇ ਤੋਂ ਅਸੀਂ ਕੀ ਸਿੱਖਦੇ ਹਾਂ?

[ਸਫ਼ਾ 22 ਉੱਤੇ ਤਸਵੀਰ]

ਕੀ ਤੁਸੀਂ ਲਗਾਤਾਰ ਪਰਮੇਸ਼ੁਰ ਦੀ ਪਵਿੱਤਰ ਆਤਮਾ ਮੰਗਦੇ ਹੋ?

[ਸਫ਼ਾ 23 ਉੱਤੇ ਤਸਵੀਰ]

ਪਿਤਾ ਅਤੇ ਪੁੱਤਰ ਦੇ ਦ੍ਰਿਸ਼ਟਾਂਤ ਤੋਂ ਯਹੋਵਾਹ ਬਾਰੇ ਅਸੀਂ ਕੀ ਸਿੱਖਦੇ ਹਾਂ?