Skip to content

Skip to table of contents

ਯਹੋਵਾਹ ਨਿਆਂ ਕਰੇਗਾ

ਯਹੋਵਾਹ ਨਿਆਂ ਕਰੇਗਾ

ਯਹੋਵਾਹ ਨਿਆਂ ਕਰੇਗਾ

“ਭਲਾ, ਪਰਮੇਸ਼ੁਰ ਆਪਣੇ ਚੁਣਿਆਂ ਹੋਇਆਂ ਦਾ ਬਦਲਾ ਲੈ ਨਾ ਦੇਵੇਗਾ ਜਿਹੜੇ ਰਾਤ ਦਿਨ ਉਹ ਦੀ ਦੁਹਾਈ ਦਿੰਦੇ ਹਨ?”—ਲੂਕਾ 18:7.

1. ਤੁਹਾਨੂੰ ਕਿਨ੍ਹਾਂ ਤੋਂ ਹੌਸਲਾ ਮਿਲਦਾ ਹੈ ਅਤੇ ਕਿਉਂ?

ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹ ਉਨ੍ਹਾਂ ਮਸੀਹੀਆਂ ਦੇ ਸਾਥ ਦਾ ਆਨੰਦ ਮਾਣਦੇ ਹਨ ਜਿਨ੍ਹਾਂ ਨੇ ਸਾਲਾਂ ਬੱਧੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ ਹੈ। ਕੀ ਤੁਸੀਂ ਇਨ੍ਹਾਂ ਵਿੱਚੋਂ ਕੁਝ ਭੈਣਾਂ-ਭਰਾਵਾਂ ਨੂੰ ਜਾਣਦੇ ਹੋ? ਸ਼ਾਇਦ ਤੁਸੀਂ ਕਿਸੇ ਬਿਰਧ ਭੈਣ ਨੂੰ ਜਾਣਦੇ ਹੋਵੋਗੇ ਜਿਸ ਨੇ ਬਹੁਤ ਸਾਲ ਪਹਿਲਾਂ ਬਪਤਿਸਮਾ ਲਿਆ ਸੀ ਅਤੇ ਜੋ ਹਮੇਸ਼ਾ ਸਭਾਵਾਂ ਵਿਚ ਆਉਂਦੀ ਹੈ। ਜਾਂ ਸ਼ਾਇਦ ਤੁਸੀਂ ਕਿਸੇ ਬੁੱਢੇ ਭਰਾ ਤੋਂ ਵਾਕਫ਼ ਹੋ ਜੋ ਹਰ ਹਫ਼ਤੇ ਪ੍ਰਚਾਰ ਕਰਨ ਜਾਂਦਾ ਹੈ ਤੇ ਦਹਾਕਿਆਂ ਤੋਂ ਇਸ ਤਰ੍ਹਾਂ ਕਰਦਾ ਆਇਆ ਹੈ। ਇਹ ਸੱਚ ਹੈ ਕਿ ਕਈ ਬਿਰਧ ਭੈਣ-ਭਰਾਵਾਂ ਨੇ ਸੋਚਿਆ ਸੀ ਕਿ ਆਰਮਾਗੇਡਨ ਉਨ੍ਹਾਂ ਦੀ ਜਵਾਨੀ ਵਿਚ ਹੀ ਆ ਜਾਵੇਗਾ, ਪਰ ਇੱਦਾਂ ਨਹੀਂ ਹੋਇਆ। ਫਿਰ ਵੀ ਯਹੋਵਾਹ ਦੇ ਵਾਅਦਿਆਂ ਵਿਚ ਉਨ੍ਹਾਂ ਦਾ ਭਰੋਸਾ ਅੱਜ ਵੀ ਪੱਕਾ ਹੈ ਤੇ ਉਹ ਆਪਣੀ ਨਿਹਚਾ ਵਿਚ ਕਮਜ਼ੋਰ ਨਹੀਂ ਹੋਏ ਹਨ। ਉਹ ਹਾਲੇ ਵੀ ‘ਅੰਤ ਤੋੜੀ ਸਹਿਣ’ ਲਈ ਤਿਆਰ ਹਨ। (ਮੱਤੀ 24:13) ਯਹੋਵਾਹ ਦੇ ਅਜਿਹੇ ਵਫ਼ਾਦਾਰ ਸੇਵਕਾਂ ਦੀ ਨਿਹਚਾ ਤੋਂ ਸਾਰੀ ਕਲੀਸਿਯਾ ਨੂੰ ਹੌਸਲਾ ਮਿਲਦਾ ਹੈ।—ਜ਼ਬੂਰਾਂ ਦੀ ਪੋਥੀ 147:11.

2. ਸਾਨੂੰ ਕਿਸ ਗੱਲ ਦਾ ਦੁੱਖ ਹੈ?

2 ਪਰ ਕਦੀ-ਕਦੀ ਅਸੀਂ ਇਸ ਦੇ ਉਲਟ ਦੇਖਦੇ ਹਾਂ। ਕਈ ਗਵਾਹ ਸਾਲਾਂ ਬੱਧੀ ਸੇਵਕਾਈ ਕਰਦੇ ਆਏ ਸਨ, ਪਰ ਹੁਣ ਯਹੋਵਾਹ ਉੱਤੇ ਉਨ੍ਹਾਂ ਦੀ ਨਿਹਚਾ ਕਮਜ਼ੋਰ ਹੋ ਗਈ ਹੈ ਅਤੇ ਉਹ ਕਲੀਸਿਯਾ ਨਾਲ ਸੰਗਤ ਕਰਨ ਤੋਂ ਹਟ ਗਏ ਹਨ। ਸਾਨੂੰ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਸਾਡੇ ਕਈ ਭੈਣ-ਭਰਾ ਯਹੋਵਾਹ ਨੂੰ ਛੱਡ ਗਏ ਹਨ। ਸਾਡੀ ਇਹ ਦਿਲੀ ਇੱਛਾ ਹੈ ਕਿ ਇੱਜੜ ਵਿਚ ਵਾਪਸ ਆਉਣ ਵਿਚ ਅਸੀਂ ਹਰ “ਗੁਆਚੀ ਹੋਈ ਭੇਡ” ਦੀ ਮਦਦ ਕਰੀਏ। (ਜ਼ਬੂਰਾਂ ਦੀ ਪੋਥੀ 119:176; ਰੋਮੀਆਂ 15:1) ਅਸੀਂ ਸ਼ਾਇਦ ਪੁੱਛੀਏ: ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿ ਕਈਆਂ ਦੀ ਨਿਹਚਾ ਮਜ਼ਬੂਤ ਰਹਿੰਦੀ ਹੈ, ਪਰ  ਦੂਸਰਿਆਂ ਦੀ ਕਮਜ਼ੋਰ ਪੈ ਜਾਂਦੀ ਹੈ? ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਡਾ ਵਿਸ਼ਵਾਸ ਪੱਕਾ ਰਹੇ ਕਿ “ਯਹੋਵਾਹ ਦਾ ਮਹਾਨ ਦਿਨ” ਨੇੜੇ ਹੈ? (ਸਫ਼ਨਯਾਹ 1:14) ਆਓ ਆਪਾਂ  ਲੂਕਾ ਦੀ ਇੰਜੀਲ ਵਿਚ ਇਕ ਦ੍ਰਿਸ਼ਟਾਂਤ ਉੱਤੇ ਗੌਰ ਕਰੀਏ।

‘ਮਨੁੱਖ ਦੇ ਪੁੱਤ੍ਰ ਦੇ ਆਉਣ’ ਦੇ ਸਮੇਂ ਵਿਚ ਰਹਿੰਦੇ ਲੋਕਾਂ ਲਈ ਚੇਤਾਵਨੀ

3. ਵਿਧਵਾ ਤੇ ਹਾਕਮ ਦੇ ਦ੍ਰਿਸ਼ਟਾਂਤ ਤੋਂ ਖ਼ਾਸ ਕਰਕੇ ਕਿਨ੍ਹਾਂ ਨੂੰ ਫ਼ਾਇਦਾ ਹੋਵੇਗਾ ਅਤੇ ਕਿਉਂ?

3 ਲੂਕਾ ਦੇ 18ਵੇਂ ਅਧਿਆਇ ਵਿਚ ਅਸੀਂ ਵਿਧਵਾ ਤੇ ਹਾਕਮ ਦਾ ਦ੍ਰਿਸ਼ਟਾਂਤ ਪੜ੍ਹਦੇ ਹਾਂ। ਪਿਛਲੇ ਲੇਖ ਵਿਚ ਅਸੀਂ ਇਕ ਬੰਦੇ ਦੇ ਦ੍ਰਿਸ਼ਟਾਂਤ ਵੱਲ ਧਿਆਨ ਦਿੱਤਾ ਸੀ ਜੋ ਨਿਧੜਕ ਹੋ ਕੇ ਮਦਦ ਲਈ ਆਪਣੇ ਮਿੱਤਰ ਨੂੰ ਬੇਨਤੀ ਕਰਦਾ ਰਿਹਾ। ਇਹ ਦੋਵੇਂ ਦ੍ਰਿਸ਼ਟਾਂਤ ਮਿਲਦੇ-ਜੁਲਦੇ ਹਨ। (ਲੂਕਾ 11:5-13) ਪਰ ਲੂਕਾ ਦੇ 17ਵੇਂ ਅਧਿਆਇ ਤੋਂ ਪਤਾ ਲੱਗਦਾ ਹੈ ਕਿ ਵਿਧਵਾ ਤੇ ਹਾਕਮ ਦਾ ਦ੍ਰਿਸ਼ਟਾਂਤ ਖ਼ਾਸ ਕਰਕੇ ਉਸ ਸਮੇਂ ਲਾਗੂ ਹੁੰਦਾ ਹੈ “ਜਦ ਮਨੁੱਖ ਦਾ ਪੁੱਤ੍ਰ” ਰਾਜਾ ਬਣ ਕੇ ਆਵੇਗਾ। ਇਹ ਸਮਾਂ 1914 ਵਿਚ ਸ਼ੁਰੂ ਹੋਇਆ ਸੀ।—ਲੂਕਾ 18:8. *

4. ਵਿਧਵਾ ਤੇ ਹਾਕਮ ਦਾ ਦ੍ਰਿਸ਼ਟਾਂਤ ਦੇਣ ਤੋਂ ਪਹਿਲਾਂ ਯਿਸੂ ਨੇ ਲੂਕਾ ਦੇ 18ਵੇਂ ਅਧਿਆਇ ਵਿਚ ਕੀ ਕਿਹਾ ਸੀ?

4 ਇਹ ਦ੍ਰਿਸ਼ਟਾਂਤ ਦੇਣ ਤੋਂ ਪਹਿਲਾਂ ਯਿਸੂ ਨੇ ਕਿਹਾ ਕਿ ਉਸ ਦੇ ਰਾਜਾ ਬਣਨ ਦਾ ਸਬੂਤ ਦੂਰ-ਦੂਰ ਤਕ ਨਜ਼ਰ ਆਵੇਗਾ “ਜਿਸ ਤਰਾਂ ਬਿਜਲੀ ਅਕਾਸ਼ ਦੇ ਹੇਠ ਦੇ ਇੱਕ ਪਾਸਿਓਂ ਲਿਸ਼ਕਦੀ ਤਾਂ ਅਕਾਸ਼ ਦੇ ਹੇਠ ਦੂਏ ਪਾਸੇ ਤੀਕੁਰ ਚਮਕਦੀ ਹੈ।” (ਲੂਕਾ 17:24; 21:10, 29-33) ਇਸ ਦੇ ਬਾਵਜੂਦ “ਓੜਕ ਦੇ ਸਮੇਂ” ਵਿਚ ਰਹਿੰਦੇ ਜ਼ਿਆਦਾਤਰ ਲੋਕ ਇਸ ਸਬੂਤ ਵੱਲ ਧਿਆਨ ਨਹੀਂ ਦੇਣਗੇ। (ਦਾਨੀਏਲ 12:4) ਕਿਉਂ ਨਹੀਂ? ਕਾਰਨ ਉਹੋ ਹੈ ਜਿਸ ਕਰਕੇ ਨੂਹ ਅਤੇ ਲੂਤ ਦੇ ਦਿਨਾਂ ਵਿਚ ਲੋਕਾਂ ਨੇ ਯਹੋਵਾਹ ਦੀਆਂ ਚੇਤਾਵਨੀਆਂ ਵੱਲ ਧਿਆਨ ਨਹੀਂ ਦਿੱਤਾ ਸੀ। ਉਸ ਸਮੇਂ ‘ਲੋਕ ਉਸ ਦਿਨ ਤੀਕੁਰ ਖਾਂਦੇ ਪੀਂਦੇ, ਮੁੱਲ ਲੈਂਦੇ, ਵੇਚਦੇ, ਬੀਜਦੇ ਅਤੇ ਘਰ ਬਣਾਉਂਦੇ ਸਨ ਜਦ ਤੀਕੁਰ ਸਭਨਾਂ ਦਾ ਨਾਸ’ ਨਹੀਂ ਹੋ ਗਿਆ। (ਲੂਕਾ 17:26-29) ਉਹ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਕਿਉਂਕਿ ਉਹ ਆਪਣੇ ਕੰਮਾਂ ਵਿਚ ਇੰਨੇ ਰੁੱਝੇ ਹੋਏ ਸਨ ਕਿ ਉਨ੍ਹਾਂ ਨੇ ਪਰਮੇਸ਼ੁਰ ਦੀ ਮਰਜ਼ੀ ਵੱਲ ਉੱਕਾ ਧਿਆਨ ਨਹੀਂ ਦਿੱਤਾ। (ਮੱਤੀ 24:39) ਇਸੇ ਤਰ੍ਹਾਂ ਅੱਜ ਲੋਕ ਆਪਣੇ ਕੰਮਾਂ ਵਿਚ ਇੰਨੇ ਰੁੱਝੇ ਹੋਏ ਹਨ ਕਿ ਉਹ ਇਸ ਸਬੂਤ ਵੱਲ ਕੋਈ ਧਿਆਨ ਨਹੀਂ ਦਿੰਦੇ ਕਿ ਦੁਨੀਆਂ ਦਾ ਅੰਤ ਨੇੜੇ ਹੈ।—ਲੂਕਾ 17:30.

5. (ੳ) ਯਿਸੂ ਨੇ ਕਿਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ ਅਤੇ ਕਿਉਂ? (ਅ) ਯਹੋਵਾਹ ਦੇ ਕੁਝ ਗਵਾਹਾਂ ਦੀ ਨਿਹਚਾ ਕਮਜ਼ੋਰ ਕਿਉਂ ਪੈ ਗਈ ਹੈ?

5 ਯਿਸੂ ਨੂੰ ਚਿੰਤਾ ਸੀ ਕਿ ਉਸ ਦੇ ਚੇਲਿਆਂ ਦਾ ਵੀ ਧਿਆਨ ਸ਼ਤਾਨ ਦੀ ਦੁਨੀਆਂ ਵੱਲ ਖਿੱਚਿਆ ਜਾਵੇਗਾ ਅਤੇ ਉਹ ‘ਪਿਛਾਹਾਂ ਮੁੜ’ ਜਾਣਗੇ। (ਲੂਕਾ 17:22, 31) ਯਹੋਵਾਹ ਦੇ ਕੁਝ ਗਵਾਹਾਂ ਨਾਲ ਇਸੇ ਤਰ੍ਹਾਂ ਹੋਇਆ ਹੈ। ਸਾਲਾਂ ਤੋਂ ਇਹ ਮਸੀਹੀ ਉਸ ਦਿਨ ਦੀ ਉਡੀਕ ਵਿਚ ਸਨ ਜਦ ਯਹੋਵਾਹ ਇਸ ਦੁਸ਼ਟ ਦੁਨੀਆਂ ਦਾ ਅੰਤ ਕਰੇਗਾ। ਪਰ ਜਦ ਆਰਮਾਗੇਡਨ ਉਸ ਸਮੇਂ ਨਹੀਂ ਆਇਆ ਜਦ ਉਨ੍ਹਾਂ ਨੇ ਸੋਚਿਆ ਸੀ, ਤਾਂ ਉਹ ਹਿੰਮਤ ਹਾਰ ਬੈਠੇ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਰਿਹਾ ਕਿ ਯਹੋਵਾਹ ਦਾ ਦਿਨ ਨੇੜੇ ਹੈ। ਹੌਲੀ-ਹੌਲੀ ਉਹ ਯਹੋਵਾਹ ਦੀ ਸੇਵਾ ਵਿਚ ਢਿੱਲੇ ਪੈ ਗਏ ਅਤੇ ਆਪੋ-ਆਪਣੇ ਕੰਮਾਂ ਵਿਚ ਲੱਗ ਗਏ। (ਲੂਕਾ 8:11, 13, 14) ਕਿੰਨੇ ਦੁੱਖ ਦੀ ਗੱਲ ਹੈ ਕਿ ਉਹ ਯਹੋਵਾਹ ਦਾ ਰਾਹ ਛੱਡ ਕੇ ‘ਪਿਛਾਹਾਂ ਮੁੜ’ ਗਏ!

‘ਸਦਾ ਪ੍ਰਾਰਥਨਾ ਵਿਚ ਲੱਗੇ ਰਹਿਣ’ ਦੀ ਲੋੜ

6-8. (ੳ) ਵਿਧਵਾ ਅਤੇ ਹਾਕਮ ਦਾ ਦ੍ਰਿਸ਼ਟਾਂਤ ਦੱਸੋ। (ਅ) ਇਹ ਦ੍ਰਿਸ਼ਟਾਂਤ ਦੇਣ ਤੋਂ ਬਾਅਦ ਯਿਸੂ ਨੇ ਕੀ ਕਿਹਾ ਸੀ?

6 ਅਸੀਂ ਕੀ ਕਰ ਸਕਦੇ ਹਾਂ ਤਾਂਕਿ ਯਹੋਵਾਹ ਦੇ ਵਾਅਦਿਆਂ ਵਿਚ ਸਾਡੀ ਨਿਹਚਾ ਕਮਜ਼ੋਰ ਨਾ ਹੋ ਜਾਵੇ? (ਇਬਰਾਨੀਆਂ 3:14) ਸ਼ਤਾਨ ਦੀ ਦੁਸ਼ਟ ਦੁਨੀਆਂ ਵੱਲ ਮੁੜਨ ਬਾਰੇ ਚੇਤਾਵਨੀ ਦੇਣ ਤੋਂ ਬਾਅਦ ਯਿਸੂ ਨੇ ਇਸ ਸਵਾਲ ਦਾ ਜਵਾਬ ਦਿੱਤਾ ਸੀ।

7 ਯਿਸੂ ਨੇ ਆਪਣੇ ਚੇਲਿਆਂ ਨੂੰ ‘ਇੱਕ ਦ੍ਰਿਸ਼ਟਾਂਤ ਦਿੱਤਾ ਜਿਸ ਨੇ ਸਦਾ ਪ੍ਰਾਰਥਨਾ ਵਿੱਚ ਲੱਗੇ ਰਹਿਣ ਅਤੇ ਸੁਸਤੀ ਨਾ ਕਰਨ’ ਉੱਤੇ ਜ਼ੋਰ ਦਿੱਤਾ। ਉਸ ਨੇ ਕਿਹਾ: “ਕਿਸੇ ਨਗਰ ਵਿੱਚ ਇੱਕ ਹਾਕਮ ਸੀ ਜਿਹ ਨੂੰ ਨਾ ਪਰਮੇਸ਼ੁਰ ਦਾ ਭੈ, ਨਾ ਮਨੁੱਖ ਦੀ ਪਰਵਾਹ ਸੀ ਅਰ ਉਸੇ ਨਗਰ ਵਿੱਚ ਇੱਕ ਵਿਧਵਾ ਸੀ ਅਤੇ ਉਹ ਉਸ ਦੇ ਕੋਲ ਇਹ ਕਹਿੰਦੀ ਆਉਂਦੀ ਸੀ ਜੋ ਮੇਰੇ ਵੈਰੀ ਤੋਂ ਮੇਰਾ ਬਦਲਾ ਲੈ ਦਿਹ। ਕਿੰਨਾਕੁ ਚਿਰ ਤਾਂ ਉਹ ਨੇ ਨਾ ਚਾਹਿਆ ਪਰ ਪਿੱਛੋਂ ਆਪਣੇ ਮਨ ਵਿੱਚ ਕਿਹਾ ਕਿ ਭਾਵੇਂ ਮੈਂ ਨਾ ਪਰਮੇਸ਼ੁਰ ਦਾ ਭੈ ਕਰਦਾ, ਨਾ ਮਨੁੱਖ ਦੀ ਪਰਵਾਹ ਰੱਖਦਾ ਹਾਂ ਤਾਂ ਭੀ ਇਸ ਲਈ ਜੋ ਇਹ ਵਿਧਵਾ ਮੈਨੂੰ ਜਿੱਚ ਕਰਦੀ ਹੈ ਮੈਂ ਉਹ ਦਾ ਬਦਲਾ ਲੈ ਦਿਆਂਗਾ ਅਜਿਹਾ ਨਾ ਹੋਵੇ ਜੋ ਉਹ ਘੜੀ ਮੁੜੀ ਆਣ ਕੇ ਮੇਰਾ ਸਿਰ ਖਾਵੇ।”

8 ਇਹ ਦ੍ਰਿਸ਼ਟਾਂਤ ਦੇ ਕੇ ਯਿਸੂ ਨੇ ਕਿਹਾ: “ਸੁਣੋ ਕਿ ਇਹ ਬੇਇਨਸਾਫ਼ ਹਾਕਮ ਕੀ ਕਹਿੰਦਾ ਹੈ। ਫੇਰ ਭਲਾ, ਪਰਮੇਸ਼ੁਰ ਆਪਣੇ ਚੁਣਿਆਂ ਹੋਇਆਂ ਦਾ ਬਦਲਾ ਲੈ ਨਾ ਦੇਵੇਗਾ ਜਿਹੜੇ ਰਾਤ ਦਿਨ ਉਹ ਦੀ ਦੁਹਾਈ ਦਿੰਦੇ ਹਨ ਭਾਵੇਂ ਉਹ ਚੋਖਾ ਚਿਰ ਉਨ੍ਹਾਂ ਦੀ ਜਰਦਾ ਹੈ? ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਸ਼ਤਾਬੀ ਉਨ੍ਹਾਂ ਦਾ ਬਦਲਾ ਲੈ ਦੇਵੇਗਾ। ਪਰ ਜਦ ਮਨੁੱਖ ਦਾ ਪੁੱਤ੍ਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ?”—ਲੂਕਾ 18:1-8.

“ਮੇਰਾ ਬਦਲਾ ਲੈ ਦਿਹ”

9. ਇਸ ਦ੍ਰਿਸ਼ਟਾਂਤ ਦਾ ਮੁੱਖ ਵਿਸ਼ਾ ਕੀ ਹੈ?

9 ਇਸ ਦ੍ਰਿਸ਼ਟਾਂਤ ਦਾ ਮੁੱਖ ਵਿਸ਼ਾ ਸਾਫ਼ ਹੈ। ਵਿਧਵਾ ਅਤੇ ਹਾਕਮ ਤੋਂ ਇਲਾਵਾ ਯਿਸੂ ਨੇ ਵੀ ਇਸ ਦਾ ਜ਼ਿਕਰ ਕੀਤਾ ਸੀ। ਵਿਧਵਾ ਨੇ ਬੇਨਤੀ ਕੀਤੀ: “ਮੇਰਾ ਬਦਲਾ ਲੈ ਦਿਹ।” ਹਾਕਮ ਨੇ ਕਿਹਾ: “ਮੈਂ ਉਹ ਦਾ ਬਦਲਾ ਲੈ ਦਿਆਂਗਾ।” ਯਿਸੂ ਨੇ ਪੁੱਛਿਆ: “ਭਲਾ, ਪਰਮੇਸ਼ੁਰ ਆਪਣੇ ਚੁਣਿਆਂ ਹੋਇਆਂ ਦਾ ਬਦਲਾ ਲੈ ਨਾ ਦੇਵੇਗਾ?” ਫਿਰ ਯਹੋਵਾਹ ਬਾਰੇ ਯਿਸੂ ਨੇ ਕਿਹਾ: “ਉਹ ਸ਼ਤਾਬੀ ਉਨ੍ਹਾਂ ਦਾ ਬਦਲਾ ਲੈ ਦੇਵੇਗਾ।” (ਲੂਕਾ 18:3, 5, 7, 8) ਪਰਮੇਸ਼ੁਰ ਕਦੋਂ “ਬਦਲਾ ਲੈ ਦੇਵੇਗਾ”?

10. (ੳ) ਪਹਿਲੀ ਸਦੀ ਵਿਚ ਯਹੋਵਾਹ ਨੇ ਬਦਲਾ ਕਦੋਂ ਲਿਆ ਸੀ? (ਅ) ਅੱਜ ਪਰਮੇਸ਼ੁਰ ਆਪਣੇ ਲੋਕਾਂ ਦਾ ਬਦਲਾ ਕਦੋਂ ਅਤੇ ਕਿਵੇਂ ਲਵੇਗਾ?

10 ਪਹਿਲੀ ਸਦੀ ਵਿਚ ਯਹੋਵਾਹ ਵੱਲੋਂ “ਵੱਟਾ ਲੈਣ ਦੇ ਦਿਨ” 70 ਈ. ਵਿਚ ਆਏ ਸਨ ਜਦ ਯਰੂਸ਼ਲਮ ਅਤੇ ਉਸ ਦੀ ਹੈਕਲ ਨੂੰ ਤਬਾਹ ਕੀਤਾ ਗਿਆ ਸੀ। (ਲੂਕਾ 21:22) ਅੱਜ “ਯਹੋਵਾਹ ਦਾ ਮਹਾਨ ਦਿਨ” ਉਹ ਦਿਨ ਹੋਵੇਗਾ ਜਦੋਂ ਯਹੋਵਾਹ ਆਪਣੇ ਲੋਕਾਂ ਦਾ ਬਦਲਾ ਲਵੇਗਾ ਯਾਨੀ ਉਨ੍ਹਾਂ ਨੂੰ ਇਨਸਾਫ਼ ਦੁਆਵੇਗਾ। (ਸਫ਼ਨਯਾਹ 1:14; ਮੱਤੀ 24:21) ਉਸ ਸਮੇਂ ਯਹੋਵਾਹ ਉਨ੍ਹਾਂ ਲੋਕਾਂ ਨੂੰ ਦੁੱਖ ਦੇਵੇਗਾ ਜਿਹੜੇ ਉਸ ਦੇ ਲੋਕਾਂ ਨੂੰ “ਦੁਖ ਦਿੰਦੇ ਹਨ,” ਪਰ “ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ” ਯਿਸੂ ਮਸੀਹ “ਓਹਨਾਂ ਨੂੰ ਬਦਲਾ ਦੇਵੇਗਾ।”—2 ਥੱਸਲੁਨੀਕੀਆਂ 1:6-8; ਰੋਮੀਆਂ 12:19.

11. ਯਹੋਵਾਹ ਆਪਣੇ ਲੋਕਾਂ ਦਾ “ਸ਼ਤਾਬੀ” ਬਦਲਾ ਕਿਵੇਂ ਲਵੇਗਾ?

11 ਪਰ ਇਸ ਦਾ ਕੀ ਮਤਲਬ ਹੈ ਕਿ ਯਹੋਵਾਹ “ਸ਼ਤਾਬੀ” ਯਾਨੀ ਤੇਜ਼ੀ ਨਾਲ ਆਪਣੇ ਲੋਕਾਂ ਦਾ ਬਦਲਾ ਲਵੇਗਾ? ਪਰਮੇਸ਼ੁਰ ਦੇ ਬਚਨ ਤੋਂ ਪਤਾ ਲੱਗਦਾ ਹੈ ਕਿ “ਭਾਵੇਂ [ਯਹੋਵਾਹ] ਚੋਖਾ ਚਿਰ [ਦੁਸ਼ਟ ਲੋਕਾਂ] ਦੀ ਜਰਦਾ ਹੈ,” ਪਰ ਉਹ ਐਨ ਸਹੀ ਸਮੇਂ ਤੇ ਬਦਲਾ ਲਵੇਗਾ। (ਲੂਕਾ 18:7, 8; 2 ਪਤਰਸ 3:9, 10) ਨੂਹ ਦੇ ਜ਼ਮਾਨੇ ਵਿਚ ਜਲ-ਪਰਲੋ ਆਉਣ ਨਾਲ ਬੁਰੇ ਲੋਕਾਂ ਦਾ ਝੱਟ ਅੰਤ ਹੋ ਗਿਆ ਸੀ। ਲੂਤ ਦੇ ਜ਼ਮਾਨੇ ਵਿਚ ਵੀ ਆਕਾਸ਼ੋਂ ਅੱਗ ਵਰਸਣ ਨਾਲ ਬੁਰੇ ਲੋਕ ਛੇਤੀ ਨਾਸ਼ ਹੋ ਗਏ ਸਨ। ਯਿਸੂ ਨੇ ਕਿਹਾ: “ਇਸੇ ਤਰਾਂ ਉਸ ਦਿਨ ਵੀ ਹੋਵੇਗਾ ਜਾਂ ਮਨੁੱਖ ਦਾ ਪੁੱਤ੍ਰ ਪਰਗਟ ਹੋਵੇਗਾ।” (ਲੂਕਾ 17:27-30) ਉਸ ਸਮੇਂ ਦੁਸ਼ਟ ਲੋਕਾਂ ਦਾ “ਅਚਾਣਕ ਨਾਸ ਹੋ ਜਾਵੇਗਾ।” (1 ਥੱਸਲੁਨੀਕੀਆਂ 5:2, 3) ਜੀ ਹਾਂ, ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸ਼ਤਾਨ ਦੀ ਦੁਨੀਆਂ ਨੂੰ ਐਨ ਸਹੀ ਸਮੇਂ ਤੇ ਖ਼ਤਮ ਕਰ ਕੇ ਜ਼ਰੂਰ ਇਨਸਾਫ਼ ਕਰੇਗਾ।

‘ਉਹ ਬਦਲਾ ਲੈ ਦੇਵੇਗਾ’

12, 13. (ੳ) ਵਿਧਵਾ ਅਤੇ ਹਾਕਮ ਦੇ ਦ੍ਰਿਸ਼ਟਾਂਤ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ? (ਅ) ਅਸੀਂ ਕਿਉਂ ਮੰਨ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ ਅਤੇ ਸਾਨੂੰ ਇਨਸਾਫ਼ ਦੁਆਵੇਗਾ?

12 ਵਿਧਵਾ ਅਤੇ ਹਾਕਮ ਦੇ ਦ੍ਰਿਸ਼ਟਾਂਤ ਵਿਚ ਯਿਸੂ ਨੇ ਹੋਰ ਕਈ ਜ਼ਰੂਰੀ ਗੱਲਾਂ ਉੱਤੇ ਵੀ ਜ਼ੋਰ ਦਿੱਤਾ ਸੀ। ਇਸ ਦ੍ਰਿਸ਼ਟਾਂਤ ਨੂੰ ਲਾਗੂ ਕਰਦੇ ਹੋਏ ਯਿਸੂ ਨੇ ਕਿਹਾ: “ਸੁਣੋ ਕਿ ਇਹ ਬੇਇਨਸਾਫ਼ ਹਾਕਮ ਕੀ ਕਹਿੰਦਾ ਹੈ। ਫੇਰ ਭਲਾ, ਪਰਮੇਸ਼ੁਰ ਆਪਣੇ ਚੁਣਿਆਂ ਹੋਇਆਂ ਦਾ ਬਦਲਾ ਲੈ ਨਾ ਦੇਵੇਗਾ?” ਇੱਥੇ ਯਿਸੂ ਯਹੋਵਾਹ ਦੀ ਤੁਲਨਾ ਉਸ ਹਾਕਮ ਨਾਲ ਨਹੀਂ ਕਰ ਰਿਹਾ ਸੀ ਅਤੇ ਨਾ ਹੀ ਯਹੋਵਾਹ ਆਪਣੇ ਲੋਕਾਂ ਨਾਲ ਉਸ ਹਾਕਮ ਵਾਂਗ ਪੇਸ਼ ਆਉਂਦਾ ਹੈ। ਇਸ ਦੀ ਬਜਾਇ ਯਿਸੂ ਨੇ ਸਮਝਾਇਆ ਕਿ ਯਹੋਵਾਹ ਉਸ ਹਾਕਮ ਦੇ ਬਿਲਕੁਲ ਉਲਟ ਹੈ। ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਉਸ ਹਾਕਮ ਤੋਂ ਵੱਖਰਾ ਹੈ?

13 ਦ੍ਰਿਸ਼ਟਾਂਤ ਵਿਚ ਹਾਕਮ “ਬੇਇਨਸਾਫ਼” ਹੈ ਜਦ ਕਿ “ਪਰਮੇਸ਼ੁਰ ਸੱਚਾ ਨਿਆਉਂਕਾਰ ਹੈ।” (ਜ਼ਬੂਰਾਂ ਦੀ ਪੋਥੀ 7:11; 33:5) ਹਾਕਮ ਨੂੰ ਉਸ ਵਿਧਵਾ ਵਿਚ ਕੋਈ ਦਿਲਚਸਪੀ ਨਹੀਂ ਸੀ, ਪਰ ਯਹੋਵਾਹ ਹਰ ਇਨਸਾਨ ਵਿਚ ਦਿਲਚਸਪੀ ਲੈਂਦਾ ਹੈ। (2 ਇਤਹਾਸ 6:29, 30) ਹਾਕਮ ਵਿਧਵਾ ਦੀ ਮਦਦ ਨਹੀਂ ਕਰਨੀ ਚਾਹੁੰਦਾ ਸੀ, ਪਰ ਯਹੋਵਾਹ ਆਪਣੇ ਸੇਵਕਾਂ ਦੀ ਮਦਦ ਕਰਨ ਲਈ ਸਿਰਫ਼ ਤਿਆਰ ਹੀ ਨਹੀਂ ਹੈ, ਬਲਕਿ ਉਹ ਉਨ੍ਹਾਂ ਦੀ ਮਦਦ ਕਰਨ ਲਈ ਉਤਾਵਲਾ ਵੀ ਹੈ। (ਯਸਾਯਾਹ 30:18, 19) ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਜੇ ਬੇਇਨਸਾਫ਼ ਹਾਕਮ ਨੇ ਉਸ ਵਿਧਵਾ ਦੀ ਬੇਨਤੀ ਸੁਣੀ ਅਤੇ ਉਸ ਨੂੰ ਇਨਸਾਫ਼ ਦੁਆਇਆ, ਤਾਂ ਯਹੋਵਾਹ ਆਪਣੇ ਲੋਕਾਂ ਦੀਆਂ ਦੁਆਵਾਂ ਸੁਣ ਕੇ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਦੁਆਵੇਗਾ!—ਕਹਾਉਤਾਂ 15:29.

14. ਸਾਨੂੰ ਪਰਮੇਸ਼ੁਰ ਦੇ ਨਿਆਂ ਕਰਨ ਦੇ ਦਿਨ ਦੇ ਆਉਣ ਬਾਰੇ ਸ਼ੱਕ ਕਿਉਂ ਨਹੀਂ ਕਰਨਾ ਚਾਹੀਦਾ?

14 ਇਸ ਲਈ ਪਰਮੇਸ਼ੁਰ ਦੇ ਨਿਆਂ ਕਰਨ ਦੇ ਦਿਨ ਦੇ ਆਉਣ ਬਾਰੇ ਸ਼ੱਕ ਕਰਨ ਵਾਲੇ ਲੋਕ ਵੱਡੀ ਗ਼ਲਤੀ ਕਰਦੇ ਹਨ। ਕਿਵੇਂ? ਇਹ ਨਾ ਮੰਨਦੇ ਹੋਏ ਕਿ “ਯਹੋਵਾਹ ਦਾ ਮਹਾਨ ਦਿਨ” ਨੇੜੇ ਹੈ, ਉਹ ਦਰਅਸਲ ਯਹੋਵਾਹ ਉੱਤੇ ਸ਼ੱਕ ਕਰਦੇ ਹਨ ਕਿ ਉਹ ਆਪਣੇ ਵਾਅਦੇ ਪੂਰੇ ਨਹੀਂ ਕਰੇਗਾ। ਪਰ ਕਿਸੇ ਕੋਲ ਪਰਮੇਸ਼ੁਰ ਦੀ ਵਫ਼ਾਦਾਰੀ ਉੱਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ। (ਅੱਯੂਬ 9:12) ਇਸ ਦੇ ਉਲਟ ਸਾਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ‘ਕੀ ਮੈਂ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਾਂਗਾ?’ ਇਹ ਦ੍ਰਿਸ਼ਟਾਂਤ ਦੇਣ ਤੋਂ ਬਾਅਦ ਯਿਸੂ ਨੇ ਇਸੇ ਵਿਸ਼ੇ ਉੱਤੇ ਗੱਲ ਕੀਤੀ ਸੀ।

“ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ?”

15. (ੳ) ਯਿਸੂ ਨੇ ਕਿਹੜਾ ਸਵਾਲ ਕੀਤਾ ਸੀ ਅਤੇ ਕਿਉਂ? (ਅ) ਸਾਨੂੰ ਆਪਣੇ ਆਪ ਤੋਂ ਕੀ ਪੁੱਛਣਾ ਚਾਹੀਦਾ ਹੈ?

15 ਯਿਸੂ ਨੇ ਇਕ ਦਿਲਚਸਪ ਸਵਾਲ ਕੀਤਾ: “ਜਦ ਮਨੁੱਖ ਦਾ ਪੁੱਤ੍ਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ?” ਜਾਂ ਜਿਵੇਂ ਇਕ ਹੋਰ ਤਰਜਮਾ ਕਹਿੰਦਾ ਹੈ, ‘ਕੀ ਉਹ ਧਰਤੀ ਉਤੇ ਇਹੋ ਜਿਹਾ ਵਿਸ਼ਵਾਸ ਦੇਖੇਗਾ?’ ਕਿਹੋ ਜਿਹਾ? ਜਿਹੋ ਜਿਹਾ ਉਸ ਵਿਧਵਾ ਦਾ ਸੀ। (ਲੂਕਾ 18:8) ਯਿਸੂ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਸੀ। ਉਸ ਨੇ ਇਹ ਸਵਾਲ ਇਸ ਲਈ ਪੁੱਛਿਆ ਤਾਂਕਿ ਉਸ ਦੇ ਚੇਲੇ ਆਪਣੀ ਨਿਹਚਾ ਬਾਰੇ ਸੋਚਣ। ਕੀ ਉਨ੍ਹਾਂ ਦੀ ਨਿਹਚਾ ਕਮਜ਼ੋਰ ਹੋ ਰਹੀ ਸੀ, ਤਾਂ ਜੋ ਉਹ ਵਾਪਸ ਦੁਨੀਆਂ ਵੱਲ ਮੁੜਨ ਦੇ ਖ਼ਤਰੇ ਵਿਚ ਸਨ? ਜਾਂ ਕੀ ਉਸ ਵਿਧਵਾ ਵਾਂਗ ਉਨ੍ਹਾਂ ਦੀ ਨਿਹਚਾ ਪੱਕੀ ਸੀ? ਅੱਜ ਸਾਨੂੰ ਵੀ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘“ਮਨੁੱਖ ਦਾ ਪੁੱਤ੍ਰ” ਮੇਰੇ ਦਿਲ ਵਿਚ ਕਿਹੋ ਜਿਹੀ ਨਿਹਚਾ ਦੇਖਦਾ ਹੈ?’

16. ਵਿਧਵਾ ਦੀ ਨਿਹਚਾ ਕਿਹੋ ਜਿਹੀ ਸੀ?

16 ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡਾ ਬਦਲਾ ਲਵੇ, ਤਾਂ ਸਾਨੂੰ ਉਸ ਵਿਧਵਾ ਵਾਂਗ ਕਰਨ ਦੀ ਲੋੜ ਹੈ। ਉਸ ਦੀ ਨਿਹਚਾ ਕਿਹੋ ਜਿਹੀ ਸੀ? “ਉਹ [ਹਾਕਮ] ਦੇ ਕੋਲ ਇਹ ਕਹਿੰਦੀ ਆਉਂਦੀ ਸੀ ਜੋ ਮੇਰੇ ਵੈਰੀ ਤੋਂ ਮੇਰਾ ਬਦਲਾ ਲੈ ਦਿਹ।” ਉਸ ਨੇ ਲਗਾਤਾਰ ਇਨਸਾਫ਼ ਲਈ ਬੇਨਤੀ ਕਰ ਕੇ ਆਪਣੀ ਪੱਕੀ ਨਿਹਚਾ ਦਾ ਸਬੂਤ ਦਿੱਤਾ। ਜੇ ਉਸ ਵਿਧਵਾ ਨੂੰ ਬੇਇਨਸਾਫ਼ ਹਾਕਮ ਤੋਂ ਇਨਸਾਫ਼ ਮਿਲ ਗਿਆ, ਤਾਂ ਅੱਜ ਅਸੀਂ ਯਕੀਨ ਰੱਖ ਸਕਦੇ ਹਨ ਕਿ ਸਾਨੂੰ ਯਹੋਵਾਹ ਤੋਂ ਇਨਸਾਫ਼ ਜ਼ਰੂਰ ਮਿਲੇਗਾ, ਚਾਹੇ ਸਾਨੂੰ ਆਪਣੀ ਉਮੀਦ ਨਾਲੋਂ ਵੱਧ ਸਮਾਂ ਉਡੀਕ ਕਰਨੀ ਪਵੇ। ਇਸ ਤੋਂ ਇਲਾਵਾ, “ਰਾਤ ਦਿਨ [ਯਹੋਵਾਹ] ਦੀ ਦੁਹਾਈ ਦਿੰਦੇ” ਰਹਿਣ ਨਾਲ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਦੇ ਵਾਅਦਿਆਂ ਉੱਤੇ ਪੱਕਾ ਭਰੋਸਾ ਰੱਖਦੇ ਹਾਂ। (ਲੂਕਾ 18:7) ਜੇ ਅਸੀਂ ਇਨਸਾਫ਼ ਲਈ ਪ੍ਰਾਰਥਨਾ ਕਰਨੀ ਛੱਡ ਦੇਈਏ, ਤਾਂ ਇਸ ਤੋਂ ਪਤਾ ਲੱਗੇਗਾ ਕਿ ਅਸੀਂ ਮੰਨਣਾ ਛੱਡ ਦਿੱਤਾ ਕਿ ਯਹੋਵਾਹ ਆਪਣੇ ਲੋਕਾਂ ਲਈ ਕੁਝ ਕਰੇਗਾ।

17. ਪ੍ਰਾਰਥਨਾ ਵਿਚ ਲੱਗੇ ਰਹਿਣ ਲਈ ਕਿਹੜੇ ਕੁਝ ਕਾਰਨ ਹਨ ਅਤੇ ਸਾਨੂੰ ਨਿਹਚਾ ਕਿਉਂ ਰੱਖਣੀ ਚਾਹੀਦੀ ਹੈ ਕਿ ਯਹੋਵਾਹ ਦਾ ਨਿਆਂ ਕਰਨ ਦਾ ਦਿਨ ਜ਼ਰੂਰ ਆਵੇਗਾ?

17 ਉਸ ਵਿਧਵਾ ਦੇ ਹਾਲਾਤਾਂ ਤੋਂ ਅਸੀਂ ਹੋਰ ਵੀ ਕਈ ਕਾਰਨ ਦੇਖ ਸਕਦੇ ਹਾਂ ਕਿ ਸਾਨੂੰ ਪ੍ਰਾਰਥਨਾ ਵਿਚ ਕਿਉਂ ਲੱਗੇ ਰਹਿਣਾ ਚਾਹੀਦਾ ਹੈ। ਉਸ ਦੇ ਹਾਲਾਤ ਸਾਡੇ ਹਾਲਾਤਾਂ ਨਾਲੋਂ ਕਿਵੇਂ ਵੱਖਰੇ ਸਨ? ਭਾਵੇਂ ਵਿਧਵਾ ਨੂੰ ਹੌਸਲਾ ਦੇਣ ਵਾਲਾ ਕੋਈ ਨਹੀਂ ਸੀ, ਫਿਰ ਵੀ ਉਹ ਹਾਕਮ ਦੇ ਕੋਲ ਜਾਂਦੀ ਰਹੀ। ਪਰ ਪਰਮੇਸ਼ੁਰ ਦਾ ਬਚਨ ਸਾਨੂੰ ਹੌਸਲਾ ਦਿੰਦਾ ਹੈ ਕਿ “ਪ੍ਰਾਰਥਨਾ ਲਗਾਤਾਰ ਕਰਦੇ ਰਹੋ।” (ਰੋਮੀਆਂ 12:12) ਵਿਧਵਾ ਨੂੰ ਕਿਸੇ ਨੇ ਕੋਈ ਗਾਰੰਟੀ ਨਹੀਂ ਸੀ ਦਿੱਤੀ ਕਿ ਉਸ ਦੀ ਸੁਣੀ ਜਾਵੇਗੀ, ਪਰ ਯਹੋਵਾਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਇਨਸਾਫ਼ ਜ਼ਰੂਰ ਕਰੇਗਾ। ਆਪਣੇ ਨਬੀ ਰਾਹੀਂ ਯਹੋਵਾਹ ਨੇ ਕਿਹਾ: “ਭਾਵੇਂ ਉਹ ਠਹਿਰਿਆ ਰਹੇ, ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।” (ਹਬੱਕੂਕ 2:3; ਜ਼ਬੂਰਾਂ ਦੀ ਪੋਥੀ 97:10) ਵਿਧਵਾ ਦਾ ਕੋਈ ਮਦਦਗਾਰ ਨਹੀਂ ਸੀ ਜੋ ਉਸ ਦੀ ਸਿਫਾਰਸ਼ ਕਰੇ, ਪਰ ਸਾਡਾ ਸ਼ਕਤੀਸ਼ਾਲੀ ਮਦਦਗਾਰ ਯਿਸੂ “ਪਰਮੇਸ਼ੁਰ ਦੇ ਸੱਜੇ ਪਾਸੇ ਹੈ ਅਤੇ ਸਾਡੇ ਲਈ ਸਫ਼ਾਰਸ਼ ਵੀ ਕਰਦਾ ਹੈ।” (ਰੋਮੀਆਂ 8:34; ਇਬਰਾਨੀਆਂ 7:25) ਇਸ ਲਈ ਜੇ ਵਿਧਵਾ ਆਪਣੇ ਹਾਲਾਤਾਂ ਦੇ ਬਾਵਜੂਦ ਇਨਸਾਫ਼ ਲਈ ਹਾਕਮ ਅੱਗੇ ਬੇਨਤੀ ਕਰਦੀ ਰਹੀ, ਤਾਂ ਕਿੰਨਾ ਜ਼ਰੂਰੀ ਹੈ ਕਿ ਅਸੀਂ ਪੱਕੀ ਨਿਹਚਾ ਰੱਖੀਏ ਕਿ ਯਹੋਵਾਹ ਦਾ ਨਿਆਂ ਕਰਨ ਦਾ ਦਿਨ ਜ਼ਰੂਰ ਆਵੇਗਾ!

18. ਪ੍ਰਾਰਥਨਾ ਕਰਨ ਨਾਲ ਅਸੀਂ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਸਾਡੀ ਨਿਹਚਾ ਮਜ਼ਬੂਤ ਰਹੇਗੀ ਅਤੇ ਪਰਮੇਸ਼ੁਰ ਸਾਡਾ ਬਦਲਾ ਜ਼ਰੂਰ ਲਵੇਗਾ?

18 ਵਿਧਵਾ ਅਤੇ ਹਾਕਮ ਦੇ ਦ੍ਰਿਸ਼ਟਾਂਤ ਤੋਂ ਅਸੀਂ ਸਿੱਖਦੇ ਹਾਂ ਕਿ ਪ੍ਰਾਰਥਨਾ ਕਰਨ ਅਤੇ ਨਿਹਚਾ ਰੱਖਣ ਵਿਚ ਗੂੜ੍ਹਾ ਸੰਬੰਧ ਹੈ ਤੇ ਪ੍ਰਾਰਥਨਾ ਕਰਦੇ ਰਹਿਣ ਨਾਲ ਅਸੀਂ ਉਨ੍ਹਾਂ ਚੀਜ਼ਾਂ ਤੋਂ ਬਚੇ ਰਹਾਂਗੇ ਜੋ ਸਾਡੀ ਨਿਹਚਾ ਨੂੰ ਕਮਜ਼ੋਰ ਕਰ ਸਕਦੀਆਂ ਹਨ। ਪਰ ਆਦਤ ਅਨੁਸਾਰ ਬਿਨਾਂ ਸੋਚੇ-ਸਮਝੇ ਦਿਖਾਵੇ ਲਈ ਪ੍ਰਾਰਥਨਾ ਕਰਨ ਨਾਲ ਸਾਡੀ ਨਿਹਚਾ ਪੱਕੀ ਨਹੀਂ ਹੋਵੇਗੀ। (ਮੱਤੀ 6:7, 8) ਜਦ ਅਸੀਂ ਇਸ ਗੱਲ ਨੂੰ ਮਨ ਵਿਚ ਰੱਖ ਕੇ ਪ੍ਰਾਰਥਨਾ ਕਰਦੇ ਹਾਂ ਕਿ ਸਾਨੂੰ ਪਰਮੇਸ਼ੁਰ ਦੀ ਮਦਦ ਦੀ ਸਖ਼ਤ ਜ਼ਰੂਰਤ ਹੈ, ਤਾਂ ਅਸੀਂ ਪਰਮੇਸ਼ੁਰ ਦੇ ਨਜ਼ਦੀਕ ਹੋਵਾਂਗੇ ਅਤੇ ਸਾਡੀ ਨਿਹਚਾ ਮਜ਼ਬੂਤ ਹੋਵੇਗੀ। ਯਾਦ ਰੱਖੋ ਕਿ ਮੁਕਤੀ ਪਾਉਣ ਲਈ ਨਿਹਚਾ ਲਾਜ਼ਮੀ ਹੈ, ਇਸੇ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ “ਸਦਾ ਪ੍ਰਾਰਥਨਾ ਵਿੱਚ  ਲੱਗਿਆ ਰਹਿਣਾ ਅਤੇ ਸੁਸਤੀ ਨਹੀਂ ਕਰਨੀ।” (ਲੂਕਾ 18:1; 2 ਥੱਸਲੁਨੀਕੀਆਂ 3:13) ਇਹ ਸੱਚ ਹੈ ਕਿ ‘ਯਹੋਵਾਹ ਦੇ ਮਹਾਨ ਦਿਨ’ ਦਾ ਆਉਣਾ ਸਾਡੀਆਂ ਪ੍ਰਾਰਥਨਾਵਾਂ ਉੱਤੇ ਨਿਰਭਰ ਨਹੀਂ ਕਰਦਾ। ਇਹ ਦਿਨ ਤਾਂ ਆਵੇਗਾ ਹੀ ਚਾਹੇ ਅਸੀਂ ਪ੍ਰਾਰਥਨਾ ਕਰੀਏ ਜਾਂ ਨਾ। ਪਰ ਲਗਾਤਾਰ ਪ੍ਰਾਰਥਨਾ ਕਰ ਕੇ ਅਤੇ ਆਪਣੀ ਨਿਹਚਾ ਮਜ਼ਬੂਤ ਰੱਖ ਕੇ ਅਸੀਂ ਪੱਕਾ ਕਰ ਸਕਦੇ ਹਾਂ ਕਿ ਪਰਮੇਸ਼ੁਰ ਸਾਡਾ ਬਦਲਾ ਲਵੇਗਾ ਅਤੇ  ਅਸੀਂ ਆਰਮਾਗੇਡਨ ਦੀ ਲੜਾਈ ਵਿੱਚੋਂ ਬਚਾਏ ਜਾਵਾਂਗੇ।

19. ਅਸੀਂ ਕਿਵੇਂ ਸਾਬਤ ਕਰ ਸਕਦੇ ਹਾਂ ਕਿ ਸਾਨੂੰ ਯਕੀਨ ਹੈ ਕਿ ਪਰਮੇਸ਼ੁਰ ਆਪਣੇ ਲੋਕਾਂ ਨੂੰ ‘ਬਦਲਾ ਲੈ ਦੇਵੇਗਾ’?

19 ਤਾਂ ਫਿਰ ਯਿਸੂ ਦੇ ਇਸ ਸਵਾਲ ਦਾ ਕੀ ਜਵਾਬ ਹੈ ਕਿ “ਜਦ ਮਨੁੱਖ ਦਾ ਪੁੱਤ੍ਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ?” ਅਸੀਂ ਕਿੰਨੇ ਖ਼ੁਸ਼ ਹਾਂ ਕਿ ਸੰਸਾਰ ਭਰ ਵਿਚ ਯਹੋਵਾਹ ਦੇ ਲੱਖਾਂ ਵਫ਼ਾਦਾਰ ਸੇਵਕ ਆਪਣੀਆਂ ਪ੍ਰਾਰਥਨਾਵਾਂ, ਧੀਰਜ ਅਤੇ ਮਿਹਨਤ ਨਾਲ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਨ। ਇਸ ਤਰ੍ਹਾਂ ਉਹ ਯਿਸੂ ਦੇ ਸਵਾਲ ਦਾ ਜਵਾਬ ਹਾਂ ਵਿਚ ਦੇ ਰਹੇ ਹਨ। ਜੀ ਹਾਂ, ਸ਼ਤਾਨ ਦੀ ਦੁਨੀਆਂ ਵਿਚ ਸਾਨੂੰ ਭਾਵੇਂ ਬਹੁਤ ਸਾਰੀਆਂ ਬੇਇਨਸਾਫ਼ੀਆਂ ਸਹਿਣੀਆਂ ਪੈਣ, ਪਰ ਅਸੀਂ ਪੱਕਾ ਯਕੀਨ ਰੱਖਦੇ ਹਾਂ ਕਿ  ਪਰਮੇਸ਼ੁਰ ‘ਆਪਣੇ ਚੁਣਿਆਂ ਹੋਇਆਂ ਦਾ ਬਦਲਾ ਲੈ ਦੇਵੇਗਾ।’

[ਫੁਟਨੋਟ]

^ ਪੈਰਾ 3 ਇਸ ਦ੍ਰਿਸ਼ਟਾਂਤ ਨੂੰ ਪੂਰੀ ਤਰ੍ਹਾਂ ਸਮਝਣ ਲਈ ਲੂਕਾ 17:22-33 ਪੜ੍ਹੋ। ਧਿਆਨ ਦਿਓ ਕਿ ਲੂਕਾ 17:22, 24, 30 ਵਿਚ “ਮਨੁੱਖ ਦੇ ਪੁੱਤ੍ਰ” ਦੇ ਜ਼ਿਕਰ ਦਾ ਲੂਕਾ 18:8 ਵਿਚ ਪੁੱਛੇ ਸਵਾਲ ਨਾਲ ਕੀ ਸੰਬੰਧ ਹੈ।

ਕੀ ਤੁਹਾਨੂੰ ਯਾਦ ਹੈ?

• ਕੁਝ ਮਸੀਹੀਆਂ ਦੀ ਨਿਹਚਾ ਕਮਜ਼ੋਰ ਕਿਉਂ ਹੋ ਗਈ ਹੈ?

• ਅਸੀਂ ਪੱਕੀ ਨਿਹਚਾ ਕਿਉਂ ਰੱਖ ਸਕਦੇ ਹਾਂ ਕਿ ਯਹੋਵਾਹ ਦਾ ਨਿਆਂ ਕਰਨ ਦਾ ਦਿਨ ਜ਼ਰੂਰ ਆਵੇਗਾ?

• ਪ੍ਰਾਰਥਨਾ ਵਿਚ ਲੱਗੇ ਰਹਿਣ ਦੇ ਕੁਝ ਕਾਰਨ ਕੀ ਹਨ?

• ਲਗਾਤਾਰ ਪ੍ਰਾਰਥਨਾ ਕਰਨ ਨਾਲ ਸਾਡੀ ਨਿਹਚਾ ਪੱਕੀ ਕਿਵੇਂ ਰਹੇਗੀ?

[ਸਵਾਲ]

[ਸਫ਼ਾ 26 ਉੱਤੇ ਤਸਵੀਰ]

ਵਿਧਵਾ ਅਤੇ ਹਾਕਮ ਦੇ ਦ੍ਰਿਸ਼ਟਾਂਤ ਵਿਚ ਕਿਹੜੀ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ?

[ਸਫ਼ਾ 29 ਉੱਤੇ ਤਸਵੀਰਾਂ]

ਅੱਜ ਲੱਖਾਂ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਆਪਣੇ ਸੇਵਕਾਂ ਨੂੰ ‘ਬਦਲਾ ਲੈ ਦੇਵੇਗਾ’