ਗਿਲਿਅਡ ਗ੍ਰੈਜੂਏਟਾਂ ਨੂੰ ਦਿਲ ਨੂੰ ਛੋਹ ਜਾਣ ਵਾਲੀ ਸਿੱਖਿਆ ਮਿਲੀ
ਗਿਲਿਅਡ ਗ੍ਰੈਜੂਏਟਾਂ ਨੂੰ ਦਿਲ ਨੂੰ ਛੋਹ ਜਾਣ ਵਾਲੀ ਸਿੱਖਿਆ ਮਿਲੀ
ਪੈਟਰਸਨ, ਨਿਊਯਾਰਕ ਵਿਚ ਵਾਚਟਾਵਰ ਸਿੱਖਿਆ ਕੇਂਦਰ ਵਿਖੇ 9 ਸਤੰਬਰ 2006 ਨੂੰ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 121ਵੀਂ ਕਲਾਸ ਗ੍ਰੈਜੂਏਟ ਹੋਈ। ਇਹ ਬਹੁਤ ਹੀ ਖ਼ੁਸ਼ੀ ਭਰਿਆ ਮੌਕਾ ਸੀ।
ਭਰਾ ਜੈਫਰੀ ਜੈਕਸਨ, ਜੋ ਕਿ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਹਨ, ਨੇ 56 ਗ੍ਰੈਜੂਏਟਾਂ ਅਤੇ ਵੱਖ-ਵੱਖ ਦੇਸ਼ਾਂ ਤੋਂ ਆਏ 6,366 ਲੋਕਾਂ ਦਾ ਸੁਆਗਤ ਕਰ ਕੇ ਪ੍ਰੋਗ੍ਰਾਮ ਨੂੰ ਸ਼ੁਰੂ ਕੀਤਾ। ਉਨ੍ਹਾਂ ਨੇ ਜ਼ਬੂਰਾਂ ਦੀ ਪੋਥੀ 86:11 ਦੇ ਹਵਾਲੇ ਉੱਤੇ ਗੱਲ ਕੀਤੀ ਜਿਸ ਵਿਚ ਲਿਖਿਆ ਹੈ: “ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਲਾ, ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ, ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾਂ।” ਭਰਾ ਜੈਕਸਨ ਨੇ ਇਸ ਆਇਤ ਦੀਆਂ ਤਿੰਨ ਖ਼ਾਸ ਗੱਲਾਂ ਵੱਲ ਧਿਆਨ ਖਿੱਚਿਆ। ਉਨ੍ਹਾਂ ਨੇ ਕਿਹਾ: “ਇਸ ਆਇਤ ਵਿਚ ਪਹਿਲਾਂ ਸਿਖਲਾਈ ਬਾਰੇ ਗੱਲ ਕੀਤੀ ਗਈ ਹੈ; ਫਿਰ ਇਸ ਉੱਤੇ ਚੱਲਣ ਦੀ ਅਤੇ ਤੀਜੀ ਗੱਲ ਹੈ ਕਿ ਸਾਨੂੰ ਇਸ ਤਰ੍ਹਾਂ ਕਰਨ ਲਈ ਕਿਹੜੀ ਚੀਜ਼ ਪ੍ਰੇਰਿਤ ਕਰਦੀ ਹੈ। ਇਹ ਤਿੰਨ ਗੱਲਾਂ ਖ਼ਾਸ ਕਰਕੇ ਤੁਹਾਡੇ ਲਈ, ਜੋ ਮਿਸ਼ਨਰੀ ਬਣ ਕੇ ਹੋਰਨਾਂ ਦੇਸ਼ਾਂ ਨੂੰ ਜਾ ਰਹੇ ਹੋ, ਬਹੁਤ ਅਹਿਮੀਅਤ ਰੱਖਦੀਆਂ ਹਨ।” ਫਿਰ ਭਰਾ ਜੈਕਸਨ ਨੇ ਅਗਲੇ ਭਾਸ਼ਣਾਂ ਅਤੇ ਇੰਟਰਵਿਊਆਂ ਬਾਰੇ ਦੱਸਿਆ ਜਿਨ੍ਹਾਂ ਵਿਚ ਇਨ੍ਹਾਂ ਤਿੰਨ ਗੱਲਾਂ ਉੱਤੇ ਜ਼ੋਰ ਦਿੱਤਾ ਜਾਵੇਗਾ।
ਦਿਲ ਨੂੰ ਛੋਹ ਜਾਣ ਵਾਲੀ ਸਿਖਲਾਈ
ਹੈੱਡ ਕੁਆਰਟਰ ਵਿਚ ਕੰਮ ਕਰਨ ਵਾਲੇ ਭਰਾ ਵਿਲੀਅਮ ਮੇਲਨਫੌਂਟ ਦੇ ਭਾਸ਼ਣ ਦਾ ਵਿਸ਼ਾ ਸੀ: “ਸਭ ਤੋਂ ਬਿਹਤਰੀਨ ਜ਼ਿੰਦਗੀ।” ਉਨ੍ਹਾਂ ਨੇ ਮਾਰਥਾ ਦੀ ਭੈਣ ਮਰਿਯਮ ਦੀ ਉਦਾਹਰਣ ਵੱਲ ਸਾਰਿਆਂ ਦਾ ਧਿਆਨ ਖਿੱਚਿਆ। ਇਕ ਵਾਰ ਜਦ ਯਿਸੂ ਉਨ੍ਹਾਂ ਦੇ ਘਰ ਗਿਆ ਸੀ, ਤਾਂ ਮਰਿਯਮ ਉਸ ਦੇ ਚਰਨਾਂ ਕੋਲ ਬੈਠ ਕੇ ਉਹ ਦੀਆਂ ਗੱਲਾਂ ਸੁਣਦੀ ਰਹੀ। ਇਸ ਤਰ੍ਹਾਂ ਉਸ ਨੇ ਪਰਮੇਸ਼ੁਰੀ ਗੱਲਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ। ਯਿਸੂ ਨੇ ਮਾਰਥਾ ਨੂੰ ਕਿਹਾ: “ਮਰਿਯਮ ਨੇ ਤਾਂ ਉਹ ਚੰਗਾ ਹਿੱਸਾ ਪਸਿੰਦ ਕੀਤਾ ਹੈ ਜੋ ਉਸ ਤੋਂ ਖੋਹਿਆ ਨਾ ਜਾਵੇਗਾ।” (ਲੂਕਾ 10:38-42) ਭਰਾ ਨੇ ਅੱਗੇ ਕਿਹਾ: “ਜ਼ਰਾ ਇਸ ਗੱਲ ਤੇ ਗੌਰ ਕਰੋ, ਮਰਿਯਮ ਹਮੇਸ਼ਾ-ਹਮੇਸ਼ਾ ਲਈ ਇਸ ਗੱਲ ਲਈ ਜਾਣੀ ਜਾਵੇਗੀ ਕਿ ਉਸ ਨੇ ਯਿਸੂ ਦੇ ਚਰਨੀਂ ਬੈਠ ਕੇ ਸਿੱਖਿਆ ਹਾਸਲ ਕੀਤੀ ਸੀ। ਹਾਂ, ਉਸ ਨੇ ਜ਼ਰੂਰੀ ਗੱਲਾਂ ਨੂੰ ਜ਼ਿੰਦਗੀ ਵਿਚ ਪਹਿਲ ਦਿੱਤੀ ਸੀ।” ਭਰਾ ਮੇਲਨਫੌਂਟ ਨੇ ਗ੍ਰੈਜੂਏਟਾਂ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਯਹੋਵਾਹ ਦੀ ਸੇਵਾ ਕਰਨ ਦਾ ਚੰਗਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ: “ਤੁਸੀਂ ਆਪਣੇ ਇਨ੍ਹਾਂ ਫ਼ੈਸਲਿਆਂ ਕਾਰਨ ਸਭ ਤੋਂ ਬਿਹਤਰੀਨ ਜ਼ਿੰਦਗੀ ਪਾਓਗੇ।”
ਫਿਰ ਪ੍ਰਬੰਧਕ ਸਭਾ ਦੇ ਮੈਂਬਰ ਭਰਾ ਐਂਟਨੀ ਮੌਰਿਸ ਨੇ ਇਸ ਵਿਸ਼ੇ ਉੱਤੇ ਗੱਲ ਕੀਤੀ: “ਪ੍ਰਭੁ ਯਿਸੂ ਮਸੀਹ ਨੂੰ ਪਹਿਨ ਲਓ” ਜੋ ਕਿ ਰੋਮੀਆਂ 13:14 ਤੋਂ ਲਿਆ ਗਿਆ ਸੀ। ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ? ‘ਪ੍ਰਭੁ ਯਿਸੂ ਮਸੀਹ ਨੂੰ ਪਹਿਨਣ’ ਦਾ ਮਤਲਬ ਹੈ ਉਸ ਦੀ ਰੀਸ ਕਰਨੀ ਯਾਨੀ ਉਸ ਦੇ ਚਾਲ-ਚਲਣ, ਸਲੀਕੇ ਤੇ ਸੁਭਾਅ ਦੀ ਰੀਸ ਕਰਨੀ। ਭਰਾ ਨੇ ਕਿਹਾ ਕਿ “ਯਿਸੂ ਲੋਕਾਂ ਨੂੰ ਸੱਚ-ਮੁੱਚ ਪਿਆਰ ਕਰਦਾ ਸੀ ਅਤੇ ਦਿਲੋਂ ਉਨ੍ਹਾਂ ਵਿਚ ਦਿਲਚਸਪੀ ਲੈਂਦਾ ਸੀ। ਇਸੇ ਲਈ ਲੋਕ ਉਸ ਵੱਲ ਖਿੱਚੇ ਜਾਂਦੇ ਸਨ।” ਫਿਰ ਭਾਸ਼ਣਕਾਰ ਨੇ ਦੱਸਿਆ ਕਿ ਗਿਲਿਅਡ ਦੇ ਕੋਰਸ ਦੌਰਾਨ ਭੈਣਾਂ-ਭਰਾਵਾਂ ਨੂੰ ਬਹੁਤ ਸਾਰੀ ਸਿਖਲਾਈ ਦਿੱਤੀ ਜਾਂਦੀ ਹੈ ਤਾਂਕਿ ਉਹ ਜਿਵੇਂ ਅਫ਼ਸੀਆਂ 3:18 ਵਿਚ ਕਿਹਾ ਗਿਆ ਹੈ, ‘ਗੱਲ ਨੂੰ ਚੰਗੀ ਤਰਾਂ ਸਮਝ ਸਕਣ ਭਈ ਕਿੰਨੀ ਹੀ ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ ਹੈ।’ ਪਰ ਉਨ੍ਹਾਂ ਨੇ ਭੈਣਾਂ-ਭਰਾਵਾਂ ਨੂੰ 19ਵੀਂ ਆਇਤ ਵਿਚ ਕਹੀ ਗਈ ਗੱਲ ਯਾਦ ਦਿਲਾਈ ਕਿ ਇਹ ਸਿਖਲਾਈ ਇਸ ਲਈ ਵੀ ਦਿੱਤੀ ਗਈ ਹੈ ਤਾਂਕਿ ਉਹ ‘ਮਸੀਹ ਦੇ ਪ੍ਰੇਮ ਨੂੰ ਜੋ ਗਿਆਨ ਤੋਂ ਪਰੇ ਹੈ ਚੰਗੀ ਤਰਾਂ ਜਾਣ ਸਕਣ।’ ਭਰਾ ਮੌਰਿਸ ਨੇ ਕਲਾਸ ਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ: “ਬਾਈਬਲ ਦਾ ਅਧਿਐਨ ਕਰਨ ਵੇਲੇ ਇਸ ਬਾਰੇ ਸੋਚੋ ਕਿ ਤੁਸੀਂ ਮਸੀਹ ਦੇ ਪਿਆਰ ਤੇ ਦਇਆ ਦੀ ਕਿਵੇਂ ਰੀਸ ਕਰ ਕੇ ‘ਪ੍ਰਭੁ ਯਿਸੂ ਮਸੀਹ ਨੂੰ ਪਹਿਨ’ ਸਕਦੇ ਹੋ।”
ਗਿਲਿਅਡ ਦੇ ਇੰਸਟ੍ਰਕਟਰਾਂ ਦੇ ਆਖ਼ਰੀ ਸ਼ਬਦ
ਅਗਲਾ ਭਾਸ਼ਣ ਗਿਲਿਅਡ ਦੇ ਇੰਸਟ੍ਰਕਟਰ ਵੈਲਸ ਲਿਵਰੈਂਸ ਨੇ ਦਿੱਤਾ ਸੀ ਅਤੇ ਉਨ੍ਹਾਂ ਦਾ ਵਿਸ਼ਾ ਕਹਾਉਤਾਂ 4:7 ਉੱਤੇ ਆਧਾਰਿਤ ਸੀ। ਉਨ੍ਹਾਂ ਨੇ ਕਿਹਾ ਕਿ ਭਾਵੇਂ ਪਰਮੇਸ਼ੁਰੀ ਬੁੱਧ ਹਾਸਲ ਕਰਨੀ ਸਭ ਤੋਂ ਜ਼ਰੂਰੀ ਹੈ, ਪਰ ਸਾਨੂੰ “ਸਮਝ” ਵੀ ਪ੍ਰਾਪਤ ਕਰਨੀ ਚਾਹੀਦੀ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਦੇਖਣਾ ਚਾਹੀਦਾ ਹੈ ਕਿ ਸਿੱਖੀਆਂ ਗੱਲਾਂ ਦਾ ਇਕ-ਦੂਜੇ ਨਾਲ ਕੀ ਸੰਬੰਧ ਹੈ। ਇਸ ਤਰ੍ਹਾਂ ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਮਝ ਪਾਵਾਂਗੇ। ਭਰਾ ਨੇ ਦਿਖਾਇਆ ਕਿ ਜਦ ਅਸੀਂ ਸਮਝ ਪ੍ਰਾਪਤ ਕਰਦੇ ਹਾਂ, ਤਾਂ ਅਸੀਂ ਖ਼ੁਸ਼ੀ ਪਾਉਂਦੇ ਹਾਂ। ਮਿਸਾਲ ਲਈ, ਨਹਮਯਾਹ ਦੇ ਜ਼ਮਾਨੇ ਵਿਚ ਲੇਵੀਆਂ ਨੇ ਲੋਕਾਂ ਨੂੰ “ਬਿਵਸਥਾ ਸਮਝਾਈ” ਸੀ। ਅਤੇ ਬਾਅਦ ਵਿਚ ਸਾਰੀ ਪਰਜਾ ‘ਵੱਡਾ ਅਨੰਦ ਕਰਨ ਲਈ ਚਲੀ ਗਈ ਕਿਉਂ ਜੋ ਓਹ ਏਹਨਾਂ ਗੱਲਾਂ ਨੂੰ ਜਿਹੜੀਆਂ ਉਨ੍ਹਾਂ ਨੂੰ ਦੱਸੀਆਂ ਗਈਆਂ ਸਮਝਦੇ ਸਨ।’ (ਨਹਮਯਾਹ 8:7, 8, 12) ਭਰਾ ਲਿਵਰੈਂਸ ਨੇ ਆਪਣਾ ਭਾਸ਼ਣ ਸਮਾਪਤ ਕਰਦੇ ਹੋਏ ਕਿਹਾ: “ਪਰਮੇਸ਼ੁਰ ਦੇ ਬਚਨ ਦੀ ਸਮਝ ਪ੍ਰਾਪਤ ਕਰਨ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ।”
ਗਿਲਿਅਡ ਦੇ ਇੰਸਟ੍ਰਕਟਰ ਮਾਰਕ ਨੂਮੇਰ ਦੇ ਭਾਸ਼ਣ ਦਾ ਵਿਸ਼ਾ ਸੀ: “ਤੁਹਾਡਾ ਦੁਸ਼ਮਣ ਅਸਲ ਵਿਚ ਕੌਣ ਹੈ?” ਜੰਗ ਵਿਚ ਬਹੁਤ ਸਾਰੇ ਸਿਪਾਹੀ ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ ਹਨ। ਪਰ ਇਨ੍ਹਾਂ ਵਿੱਚੋਂ ਬਹੁਤ ਸਾਰੇ ਉਨ੍ਹਾਂ ਗੋਲੀਆਂ ਨਾਲ ਮਾਰੇ ਜਾਂਦੇ ਹਨ ਜੋ ਉਨ੍ਹਾਂ ਦੇ ਆਪਣੇ ਸਾਥੀਆਂ ਦੀਆਂ ਬੰਦੂਕਾਂ ਤੋਂ ਨਿਕਲਦੀਆਂ ਹਨ। ਭਰਾ ਨੇ ਪੁੱਛਿਆ, “ਪਰ ਉਸ ਜੰਗ ਬਾਰੇ ਕੀ ਜੋ ਅਸੀਂ ਲੜ ਰਹੇ ਹਾਂ? ਜੇ ਧਿਆਨ ਨਾ ਰੱਖਿਆ ਜਾਵੇ, ਤਾਂ ਅਸੀਂ ਵੀ ਉਲਝਣ ਵਿਚ ਪੈ ਕੇ ਆਪਣੇ ਅਸਲੀ ਦੁਸ਼ਮਣ ਨੂੰ ਨਹੀਂ ਪਛਾਣ ਸਕਾਂਗੇ। ਨਤੀਜੇ ਵਜੋਂ ਅਸੀਂ ਆਪਣੇ ਹੀ ਸਾਥੀਆਂ ਨੂੰ ਜ਼ਖ਼ਮੀ ਕਰ ਦੇਵਾਂਗੇ।” ਈਰਖਾ ਕਈਆਂ ਨੂੰ ਉਲਝਣ ਵਿਚ ਪਾ ਦਿੰਦੀ ਹੈ। ਈਰਖਾ ਕਾਰਨ ਰਾਜਾ ਸ਼ਾਊਲ ਨੇ ਦਾਊਦ ਉੱਤੇ ਜਾਨਲੇਵਾ ਹਮਲਾ ਕੀਤਾ। ਉਹ ਭੁੱਲ ਗਿਆ ਸੀ ਕਿ ਦਾਊਦ ਵੀ ਉਸ ਵਾਂਗ ਯਹੋਵਾਹ ਦੀ ਭਗਤੀ ਕਰ ਰਿਹਾ ਸੀ ਅਤੇ ਅਸਲ ਵਿਚ ਫਲਿਸਤੀ ਉਸ ਦੇ ਦੁਸ਼ਮਣ ਸਨ। (1 ਸਮੂਏਲ 18:7-9; 23:27, 28) ਫਿਰ ਭਰਾ ਨੇ ਕਿਹਾ: “ਤੁਸੀਂ ਉਦੋਂ ਕੀ ਕਰੋਗੇ ਜੇ ਤੁਸੀਂ ਕਿਸੇ ਅਜਿਹੇ ਮਿਸ਼ਨਰੀ ਨਾਲ ਸੇਵਾ ਕਰ ਰਹੇ ਹੋ ਜੋ ਕਈ ਕੰਮਾਂ ਵਿਚ ਕੁਸ਼ਲ ਹੈ? ਕੀ ਤੁਸੀਂ ਚੁੱਭਵੀਆਂ ਗੱਲਾਂ ਕਹਿ ਕੇ ਉਸ ਨੂੰ ਜ਼ਖ਼ਮੀ ਕਰੋਗੇ ਜਾਂ ਇਹ ਸੋਚ ਕੇ ਸ਼ਾਂਤੀ ਬਣਾਈ ਰੱਖੋਗੇ ਕਿ ਜਿਨ੍ਹਾਂ ਗੱਲਾਂ ਵਿਚ ਤੁਸੀਂ ਮਾਹਰ ਨਹੀਂ ਹੋ, ਉਨ੍ਹਾਂ ਵਿਚ ਦੂਸਰੇ ਮਾਹਰ ਹੋ ਸਕਦੇ ਹਨ?” ਭਰਾ ਨੇ ਕਿਹਾ: “ਦੂਸਰਿਆਂ ਦੀਆਂ ਕਮਜ਼ੋਰੀਆਂ ਉੱਤੇ ਜ਼ਿਆਦਾ ਧਿਆਨ ਦੇਣ ਕਾਰਨ ਲੋਕ ਇਹ ਨਹੀਂ ਦੇਖ ਪਾਉਂਦੇ ਕਿ ਉਨ੍ਹਾਂ ਦਾ ਅਸਲੀ ਦੁਸ਼ਮਣ ਕੌਣ ਹੈ। ਆਪਣੇ ਅਸਲੀ ਦੁਸ਼ਮਣ ਸ਼ਤਾਨ ਵਿਰੁੱਧ ਲੜੋ ਨਾ ਕਿ ਆਪਣੇ ਭਰਾਵਾਂ ਵਿਰੁੱਧ।”
ਕੁਝ ਵਧੀਆ ਤਜਰਬੇ ਅਤੇ ਇੰਟਰਵਿਊਆਂ
ਅਗਲਾ ਭਾਸ਼ਣ ਗਿਲਿਅਡ ਦੇ ਇੰਸਟ੍ਰਕਟਰ ਲਾਰੈਂਸ ਬੋਵਨ ਨੇ ਦਿੱਤਾ ਸੀ ਅਤੇ ਉਨ੍ਹਾਂ ਦਾ ਵਿਸ਼ਾ ਸੀ: “ਪਰਚਾਰਕ ਦਾ ਕੰਮ ਕਰੋ।” ਇਸ ਭਾਸ਼ਣ ਵਿਚ ਇੰਟਰਵਿਊਆਂ ਅਤੇ ਤਜਰਬੇ ਵੀ ਸ਼ਾਮਲ ਸਨ। ਭਰਾ ਨੇ ਕਿਹਾ ਕਿ “ਗਿਲਿਅਡ ਸਕੂਲ ਵਿਚ ਸਿਖਲਾਈ ਲੈਣ ਵਾਲੇ ਮਿਸ਼ਨਰੀਆਂ ਦਾ ਮੁੱਖ ਕੰਮ ਪ੍ਰਚਾਰ ਕਰਨਾ ਹੈ ਅਤੇ ਇਸ ਕਲਾਸ ਦੇ ਭੈਣਾਂ-ਭਰਾਵਾਂ ਨੇ ਲੋਕਾਂ ਨੂੰ ਗਵਾਹੀ ਦੇਣ ਵਿਚ ਬੜੀ ਮਿਹਨਤ ਕੀਤੀ ਹੈ।” ਭਾਸ਼ਣ ਵਿਚ ਕੁਝ ਵਧੀਆ ਤਜਰਬਿਆਂ ਦਾ ਪ੍ਰਦਰਸ਼ਨ ਕਰ ਕੇ ਦਿਖਾਇਆ ਗਿਆ ਸੀ।
ਪ੍ਰੋਗ੍ਰਾਮ ਦੇ ਅਗਲੇ ਦੋ ਹਿੱਸੇ ਭਰਾ ਮਾਈਕਲ ਬਰਨੇਟ ਅਤੇ ਭਰਾ ਸਕੋਟ ਸ਼ੋਫਨਰ ਨੇ ਪੇਸ਼ ਕੀਤੇ। ਇਹ ਦੋਵੇਂ ਭਰਾ ਬੈਥਲ ਪਰਿਵਾਰ ਦੇ ਮੈਂਬਰ ਹਨ। ਉਨ੍ਹਾਂ ਨੇ ਆਸਟ੍ਰੇਲੀਆ, ਬਾਰਬੇਡੋਸ, ਕੋਰੀਆ ਅਤੇ ਯੂਗਾਂਡਾ ਤੋਂ ਆਏ ਬ੍ਰਾਂਚ ਕਮੇਟੀ ਮੈਂਬਰਾਂ ਦੀਆਂ ਇੰਟਰਵਿਊਆਂ ਲਈਆਂ। ਇਨ੍ਹਾਂ ਭਰਾਵਾਂ ਦੀਆਂ ਗੱਲਾਂ ਤੋਂ ਜ਼ਾਹਰ ਹੋਇਆ ਕਿ ਮਿਸ਼ਨਰੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ, ਉਨ੍ਹਾਂ ਦੇ ਰਹਿਣ ਦਾ ਇੰਤਜ਼ਾਮ ਅਤੇ ਸਿਹਤ ਸੰਬੰਧੀ ਮਾਮਲਿਆਂ ਦੀ ਦੇਖ-ਭਾਲ ਕਰਨ ਵਿਚ ਕਿੰਨੀ ਮਿਹਨਤ ਕੀਤੀ ਜਾਂਦੀ ਹੈ। ਇਨ੍ਹਾਂ ਭਰਾਵਾਂ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਜਿਹੜੇ ਮਿਸ਼ਨਰੀ ਨਵੇਂ ਦੇਸ਼ ਦੇ ਹਾਲਾਤਾਂ ਅਨੁਸਾਰ ਤਬਦੀਲੀਆਂ ਕਰਨ ਲਈ ਤਿਆਰ ਹੁੰਦੇ ਹਨ, ਉਹ ਆਪਣੇ ਕੰਮ ਵਿਚ ਕਾਮਯਾਬ ਹੁੰਦੇ ਹਨ।
ਉਤਸ਼ਾਹ ਭਰੀ ਸਮਾਪਤੀ
ਪ੍ਰੋਗ੍ਰਾਮ ਦਾ ਸਭ ਤੋਂ ਖ਼ਾਸ ਭਾਸ਼ਣ ਸੀ: “ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ।” ਇਹ ਭਾਸ਼ਣ ਲੰਬੇ ਸਮੇਂ ਤੋਂ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਸੇਵਾ ਕਰ ਰਹੇ ਭਰਾ ਜੌਨ ਬਾਰ ਨੇ ਪੇਸ਼ ਕੀਤਾ ਸੀ। ਉਨ੍ਹਾਂ ਨੇ ਪਰਕਾਸ਼ ਦੀ ਪੋਥੀ 14:6, 7 ਉੱਤੇ ਚਰਚਾ ਕੀਤੀ ਜਿੱਥੇ ਲਿਖਿਆ ਹੈ: “ਮੈਂ ਇੱਕ ਹੋਰ ਦੂਤ ਨੂੰ ਸਦੀਪਕਾਲ ਦੀ ਇੰਜੀਲ ਨਾਲ ਅਕਾਸ਼ ਵਿੱਚ ਉੱਡਦਿਆਂ ਡਿੱਠਾ ਭਈ ਧਰਤੀ ਦੇ ਵਾਸੀਆਂ ਨੂੰ ਅਤੇ ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ ਨੂੰ ਖੁਸ਼ ਖਬਰੀ ਸੁਣਾਵੇ। ਅਤੇ ਓਸ ਨੇ ਵੱਡੀ ਅਵਾਜ਼ ਨਾਲ ਆਖਿਆ ਭਈ ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਇਸ ਲਈ ਜੋ ਉਹ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ।”
ਭਰਾ ਬਾਰ ਨੇ ਵਿਦਿਆਰਥੀਆਂ ਨੂੰ ਇਸ ਦੂਤ ਦੀਆਂ ਤਿੰਨ ਗੱਲਾਂ ਵੱਲ ਖ਼ਾਸ ਧਿਆਨ ਦੇਣ ਲਈ ਕਿਹਾ। ਪਹਿਲੀ ਗੱਲ ਸੀ ਕਿ ਉਸ ਨੇ ਇਹ ਖ਼ੁਸ਼ ਖ਼ਬਰੀ ਸੁਣਾਉਣੀ ਸੀ ਕਿ ਮਸੀਹ ਹੁਣ ਪੂਰੇ ਇਖ਼ਤਿਆਰ ਨਾਲ ਰਾਜ ਕਰ ਰਿਹਾ ਹੈ। ਭਰਾ ਨੇ ਕਿਹਾ: “ਸਾਨੂੰ ਪੂਰਾ ਯਕੀਨ ਹੈ ਕਿ ਮਸੀਹ 1914 ਵਿਚ ਰਾਜਾ ਬਣਿਆ। ਇਸ ਲਈ ਇਹ ਖ਼ੁਸ਼ ਖ਼ਬਰੀ ਧਰਤੀ ਦੇ ਕੋਨੇ-ਕੋਨੇ ਤਕ ਫੈਲਾਉਣ ਦੀ ਲੋੜ ਹੈ।” ਦੂਜੀ ਗੱਲ ਹੈ ਕਿ ਦੂਤ ਨੇ ਕਿਹਾ: “ਪਰਮੇਸ਼ੁਰ ਤੋਂ ਡਰੋ।” ਭਰਾ ਬਾਰ ਨੇ ਸਮਝਾਇਆ ਕਿ ਕਲਾਸ ਦੇ ਵਿਦਿਆਰਥੀ ਲੋਕਾਂ ਦੀ ਮਦਦ ਕਰਨ ਤਾਂਕਿ ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਲਈ ਅਜਿਹਾ ਡਰ ਪੈਦਾ ਹੋਵੇ ਕਿ ਉਹ ਯਹੋਵਾਹ ਦੇ ਦਿਲ ਨੂੰ ਠੇਸ ਨਾ ਪਹੁੰਚਾਉਣ। ਤੀਸਰੀ ਗੱਲ ਹੈ ਦੂਤ ਨੇ ਹੁਕਮ ਦਿੱਤਾ ਕਿ ‘ਪਰਮੇਸ਼ੁਰ ਦੀ ਵਡਿਆਈ ਕਰੋ।’ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਗਈ ਸੀ: “ਕਦੀ ਨਾ ਭੁੱਲੋ ਕਿ ਅਸੀਂ ਯਹੋਵਾਹ ਦੀ ਸੇਵਾ ਆਪਣੀ ਵਡਿਆਈ ਕਰਾਉਣ ਲਈ ਨਹੀਂ ਬਲਕਿ ਯਹੋਵਾਹ ਦੀ ਵਡਿਆਈ ਕਰਨ ਲਈ ਕਰਦੇ ਹਾਂ।” ਫਿਰ ‘ਨਿਆਉਂ ਦੇ ਸਮੇਂ’ ਬਾਰੇ ਗੱਲ ਕਰਦੇ ਹੋਏ ਭਰਾ ਬਾਰ ਨੇ ਕਿਹਾ: “ਬਹੁਤ ਹੀ ਥੋੜ੍ਹਾ ਸਮਾਂ ਰਹਿ ਗਿਆ ਹੈ। ਨਿਆਉਂ ਦਾ ਸਮਾਂ ਬਹੁਤ ਨਜ਼ਦੀਕ ਹੈ। ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਕਦੀ ਯਹੋਵਾਹ ਬਾਰੇ ਨਹੀਂ ਸੁਣਿਆ। ਅੰਤ ਆਉਣ ਤੋਂ ਪਹਿਲਾ ਉਨ੍ਹਾਂ ਤਕ ਪਹੁੰਚਣਾ ਜ਼ਰੂਰੀ ਹੈ।”
ਭਰਾ ਬਾਰ ਦੇ ਇਨ੍ਹਾਂ ਜੋਸ਼ ਭਰੇ ਸ਼ਬਦਾਂ ਤੋਂ ਬਾਅਦ 56 ਗ੍ਰੈਜੂਏਟਾਂ ਨੂੰ ਡਿਪਲੋਮੇ ਦਿੱਤੇ ਗਏ ਸਨ ਅਤੇ ਉਨ੍ਹਾਂ ਨੂੰ ਧਰਤੀ ਦੇ ਕੋਨੇ-ਕੋਨੇ ਵਿਚ ਭੇਜਿਆ ਗਿਆ। ਇਸ ਪ੍ਰੋਗ੍ਰਾਮ ਨੂੰ ਸੁਣ ਕੇ ਗ੍ਰੈਜੂਏਟਾਂ ਅਤੇ ਸਾਰੇ ਹਾਜ਼ਰ ਲੋਕਾਂ ਦੇ ਦਿਲ ਖ਼ੁਸ਼ੀ ਤੇ ਉਤਸ਼ਾਹ ਨਾਲ ਭਰ ਗਏ।
[ਸਫ਼ਾ 17 ਉੱਤੇ ਡੱਬੀ]
ਕਲਾਸ ਦੇ ਅੰਕੜੇ
ਜਿੰਨੇ ਦੇਸ਼ਾਂ ਤੋਂ ਆਏ: 6
ਜਿੰਨੇ ਦੇਸ਼ਾਂ ਵਿਚ ਭੇਜੇ ਗਏ: 25
ਵਿਦਿਆਰਥੀਆਂ ਦੀ ਗਿਣਤੀ: 56
ਔਸਤਨ ਉਮਰ: 35.1
ਸੱਚਾਈ ਵਿਚ ਔਸਤਨ ਸਾਲ: 18.3
ਪੂਰਣ-ਕਾਲੀ ਸੇਵਾ ਵਿਚ ਔਸਤਨ ਸਾਲ: 13.9
[ਸਫ਼ਾ 18 ਉੱਤੇ ਤਸਵੀਰ]
ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋਈ 121ਵੀਂ ਕਲਾਸ
ਥੱਲੇ ਦਿੱਤੀ ਗਈ ਸੂਚੀ ਵਿਚ ਭੈਣਾਂ-ਭਰਾਵਾਂ ਦੇ ਨਾਂ ਅਗਲੀ ਲਾਈਨ ਤੋਂ ਪਿੱਛੇ ਵੱਲ ਅਤੇ ਹਰ ਲਾਈਨ ਵਿਚ ਖੱਬਿਓਂ ਸੱਜੇ ਦਿੱਤੇ ਗਏ ਹਨ।
(1) ਫਾਕਸ, ਵਾਈ.; ਕੁਨਿਕੀ, ਡੀ.; ਵਿਲਕਿਨਸਨ, ਐੱਸ.; ਕਾਵਾਮੋਟੋ, ਐੱਸ.; ਕੌਂਸੋਲੈਂਡੀ, ਜੀ.; ਮਾਏਨ, ਸੀ. (2) ਸੈਂਟੀਆਗੋ, ਐੱਨ.; ਕਲੈਂਸੀ, ਆਰ.; ਫਿਸ਼ਰ, ਐੱਮ.; ਡੇ ਅਬਰਾਊ, ਐੱਲ.; ਡੇਵਿਸ, ਈ. (3) ਹਵਾਂਗ, ਜੇ.; ਹੌਫ਼ਮਨ, ਡੀ.; ਰਿਜਵੇ, ਐੱਲ.; ਇਬਰਾਹੀਮ, ਜੇ.; ਡਾਬੇਲਸਟਾਈਨ, ਏ.; ਬਾਕਾਬਕ, ਐੱਮ. (4) ਪੀਟਰਜ਼, ਐੱਮ.; ਜੋਨਜ਼, ਸੀ.; ਫੋਰਡ, ਐੱਸ.; ਪਾਰਾ, ਐੱਸ.; ਰੋਥਰੋਕ, ਡੀ.; ਟੈਟਲੋਟ, ਐੱਮ.; ਪੇਰੇਜ਼, ਈ. (5) ਡੇ ਅਬਰਾਊ, ਐੱਫ਼.; ਕਾਵਾਮੋਟੋ, ਐੱਸ.; ਆਇਵਜ਼, ਐੱਸ.; ਬਰਡੋ, ਜੇ.; ਹਵਾਂਗ, ਜੇ.; ਵਿਲਕਿਨਸਨ, ਡੀ. (6) ਫਾਕਸ, ਏ.; ਬਾਕਾਬਕ, ਜੇ.; ਸਿਕੋਸਕੀ, ਪੀ.; ਫੋਰੀਏਰ, ਸੀ.; ਮਾਏਨ, ਐੱਸ.; ਕੌਂਸੋਲੈਂਡੀ, ਈ.; ਰਿਜਵੇ, ਡਬਲਯੂ. (7) ਪਾਰਾ, ਬੀ.; ਪੇਰੇਜ਼, ਬੀ.; ਟੈਟਲੋਟ, ਪੀ.; ਸੈਂਟੀਆਗੋ, ਐੱਮ.; ਇਬਰਾਹੀਮ, ਵਾਈ.; ਕੁਨਿਕੀ, ਸੀ. (8) ਬਰਡੋ, ਸੀ.; ਸਿਕੋਸਕੀ, ਬੀ.; ਆਇਵਜ਼, ਕੇ.; ਫੋਰਡ, ਏ.; ਰੋਥਰੋਕ, ਜੇ.; ਹੌਫ਼ਮਨ, ਡੀ.; ਡੇਵਿਸ, ਐੱਮ. (9) ਪੀਟਰਜ਼, ਸੀ.; ਡਾਬੇਲਸਟਾਈਨ, ਸੀ.; ਜੋਨਜ਼, ਕੇ.; ਕਲੈਂਸੀ, ਐੱਸ.; ਫਿਸ਼ਰ, ਜੇ.; ਫੋਰੀਏਰ, ਐੱਸ.