ਜੀਵਨ ਅਤੇ ਲੋਕਾਂ ਨਾਲ ਪਿਆਰ ਕਰਨ ਵਾਲਾ ਇਨਸਾਨ
ਜੀਵਨ ਅਤੇ ਲੋਕਾਂ ਨਾਲ ਪਿਆਰ ਕਰਨ ਵਾਲਾ ਇਨਸਾਨ
ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਭਰਾ ਡੈਨਿਏਲ ਸਿਡਲਿਕ 18 ਅਪ੍ਰੈਲ 2006 ਨੂੰ ਸਵਰਗਵਾਸ ਹੋ ਗਏ। ਉਹ 87 ਸਾਲਾਂ ਦੇ ਸਨ ਅਤੇ ਉਨ੍ਹਾਂ ਨੇ ਤਕਰੀਬਨ 60 ਸਾਲ ਬਰੁਕਲਿਨ, ਨਿਊਯਾਰਕ ਦੇ ਬੈਥਲ ਵਿਚ ਸੇਵਾ ਕੀਤੀ।
ਪਿਆਰ ਨਾਲ ਸਾਰੇ ਭਰਾ ਸਿਡਲਿਕ ਨੂੰ ਭਰਾ ਡੈਨ ਕਹਿ ਕੇ ਬੁਲਾਉਂਦੇ ਸਨ। ਭਰਾ ਸਿਡਲਿਕ 1946 ਵਿਚ ਬੈਥਲ ਆਏ ਸਨ। ਇਸ ਤੋਂ ਪਹਿਲਾਂ ਉਹ ਕੈਲੇਫ਼ੋਰਨੀਆ ਵਿਚ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰਦੇ ਸਨ। ਦੂਜੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਨੂੰ ਕੁਝ ਸਮਾਂ ਜੇਲ੍ਹ ਵਿਚ ਗੁਜ਼ਾਰਨਾ ਪਿਆ ਸੀ ਕਿਉਂਕਿ ਉਹ ਲੜਾਈ ਵਿਚ ਹਿੱਸਾ ਨਹੀਂ ਲੈਣਾ ਚਾਹੁੰਦੇ ਸਨ। ਉਸ ਸਮੇਂ ਦੌਰਾਨ ਭਰਾ ਸਿਡਲਿਕ ਨਾਲ ਹੋਏ ਤਜਰਬਿਆਂ ਬਾਰੇ ਤੁਸੀਂ ਉਨ੍ਹਾਂ ਦੀ ਜੀਵਨੀ “ਹੇ ਯਹੋਵਾਹ ਤੇਰਾ ਸਾਥ ਕਿੰਨਾ ਅਨਮੋਲ ਹੈ!” ਵਿਚ ਪੜ੍ਹ ਸਕਦੇ ਹੋ ਜੋ 1 ਜੂਨ 1985 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ ਦਿੱਤੀ ਗਈ ਸੀ।
ਭਰਾ ਸਿਡਲਿਕ ਨਿਮਰ ਤੇ ਦੋਸਤਾਨਾ ਸੁਭਾਅ ਦੇ ਮਾਲਕ ਸਨ ਜਿਸ ਕਰਕੇ ਸਭ ਉਨ੍ਹਾਂ ਵੱਲ ਖਿੱਚੇ ਜਾਂਦੇ ਸਨ। ਜਦ ਉਹ ਬੈਥਲ ਵਿਚ ਸਵੇਰ ਨੂੰ ਦਿਨ ਦੇ ਪਾਠ ਉੱਤੇ ਚਰਚਾ ਕਰਨ ਲੱਗਦੇ ਸਨ, ਤਾਂ ਉਹ ਹਮੇਸ਼ਾ ਆਪਣੀ ਗੱਲ-ਬਾਤ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਕਰਦੇ ਸਨ: “ਕਿੰਨੀ ਚੰਗੀ ਗੱਲ ਹੈ ਕਿ ਅਸੀਂ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਲਈ ਅੱਜ ਜ਼ਿੰਦਾ ਹਾਂ।” ਆਪਣੇ ਪਬਲਿਕ ਭਾਸ਼ਣਾਂ ਰਾਹੀਂ ਭਰਾ ਸਿਡਲਿਕ ਦੂਸਰਿਆਂ ਨੂੰ ਵੀ ਜੀਵਨ ਬਾਰੇ ਅਤੇ ਯਹੋਵਾਹ ਬਾਰੇ ਇਹੋ ਰਵੱਈਆ ਅਪਣਾਉਣ ਲਈ ਪ੍ਰੇਰਿਤ ਕਰਦੇ ਸਨ। ਉਨ੍ਹਾਂ ਦੇ ਕੁਝ ਭਾਸ਼ਣਾਂ ਦੇ ਵਿਸ਼ੇ ਸਨ: “ਧੰਨ ਉਹ ਲੋਕ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ,” “ਯਹੋਵਾਹ ਵਾਂਗ ਖ਼ੁਸ਼ ਰਹੋ,” “ਆਪਣੇ ਜੋਸ਼ ਨੂੰ ਬਰਕਰਾਰ ਰੱਖੋ” ਅਤੇ “ਬਿਹਤਰੀਨ ਸਮਾਂ ਆਉਣ ਵਾਲਾ ਹੈ।”
1970 ਵਿਚ ਭਰਾ ਸਿਡਲਿਕ ਨੇ ਇੰਗਲੈਂਡ ਤੋਂ ਆਈ ਮਾਰੀਨਾ ਹੋਡਸਨ ਨਾਲ ਵਿਆਹ ਕੀਤਾ। ਭੈਣ ਮਾਰੀਨਾ ਬਾਰੇ ਭਰਾ ਸਿਡਲਿਕ ਨੇ ਕਿਹਾ ਕਿ ਉਹ “ਰੱਬ ਤੋਂ ਇਕ ਬਰਕਤ” ਸੀ। ਉਨ੍ਹਾਂ ਨੇ ਇਕੱਠਿਆਂ 35 ਸਾਲ ਯਹੋਵਾਹ ਦੀ ਸੇਵਾ ਕੀਤੀ।
ਬੈਥਲ ਵਿਚ ਭਰਾ ਸਿਡਲਿਕ ਨੇ ਪ੍ਰਿੰਟਰੀ ਅਤੇ ਲੇਖ ਵਿਭਾਗ ਦੇ ਨਾਲ-ਨਾਲ ਹੋਰਨਾਂ ਵਿਭਾਗਾਂ ਵਿਚ ਵੀ ਕੰਮ ਕੀਤਾ। ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਦੇ ਰੇਡੀਓ ਸਟੇਸ਼ਨ (ਡਬਲਯੂ. ਬੀ. ਬੀ. ਆਰ.) ਤੇ ਵੀ ਕੰਮ ਕੀਤਾ। ਫਿਰ ਨਵੰਬਰ 1974 ਵਿਚ ਉਨ੍ਹਾਂ ਨੂੰ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੇ ਅਮਲਾ ਅਤੇ ਲਿਖਣ ਸਮਿਤੀਆਂ ਨਾਲ ਕੰਮ ਕੀਤਾ।
ਭਰਾ ਸਿਡਲਿਕ ਨੇ ਅਮਲਾ ਸਮਿਤੀ ਨਾਲ 30 ਤੋਂ ਜ਼ਿਆਦਾ ਸਾਲ ਕੰਮ ਕੀਤਾ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੇ ਜ਼ਾਹਰ ਕੀਤਾ ਕਿ ਉਹ ਲੋਕਾਂ ਨਾਲ ਕਿੰਨਾ ਪਿਆਰ ਕਰਦੇ ਸਨ। ਉਨ੍ਹਾਂ ਨੇ ਆਪਣੀ ਜੋਸ਼ੀਲੀ ਆਵਾਜ਼ ਨਾਲ ਭਰਾਵਾਂ ਨੂੰ ਉਤਸ਼ਾਹਿਤ ਕਰਦੇ ਹੋਏ ਹਮੇਸ਼ਾ ਯਹੋਵਾਹ ਦੀ ਭਗਤੀ ਕਰਨ ਦੇ ਸਨਮਾਨ ਬਾਰੇ ਯਾਦ ਦਿਲਾਇਆ। ਅਤੇ ਉਨ੍ਹਾਂ ਨੇ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੱਤਾ ਕਿ ਸੱਚੀ ਖ਼ੁਸ਼ੀ ਸਿਰਫ਼ ਯਹੋਵਾਹ ਨਾਲ ਸਾਡੇ ਰਿਸ਼ਤੇ ਅਤੇ ਜ਼ਿੰਦਗੀ ਬਾਰੇ ਸਾਡੇ ਰਵੱਈਏ ਉੱਤੇ ਨਿਰਭਰ ਕਰਦੀ ਹੈ, ਹੋਰ ਕਿਸੇ ਗੱਲ ਤੇ ਨਹੀਂ।
ਭਾਵੇਂ ਬੈਥਲ ਪਰਿਵਾਰ ਭਰਾ ਸਿਡਲਿਕ ਦੀ ਬਹੁਤ ਕਮੀ ਮਹਿਸੂਸ ਕਰਦਾ ਹੈ, ਫਿਰ ਵੀ ਜੀਵਨ ਅਤੇ ਲੋਕਾਂ ਨਾਲ ਪਿਆਰ ਕਰਨ ਵਾਲੇ ਇਨਸਾਨ ਵਜੋਂ ਉਨ੍ਹਾਂ ਦੀ ਮਿਸਾਲ ਬੈਥਲ ਪਰਿਵਾਰ ਨੂੰ ਉਤਸ਼ਾਹਿਤ ਕਰਦੀ ਰਹੇਗੀ। ਸਾਨੂੰ ਯਕੀਨ ਹੈ ਕਿ ਭਰਾ ਸਿਡਲਿਕ ਉਨ੍ਹਾਂ ਵਿਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਦਾ ਪਰਕਾਸ਼ ਦੀ ਪੋਥੀ 14:13 ਵਿਚ ਜ਼ਿਕਰ ਕੀਤਾ ਗਿਆ ਹੈ। ਇਸ ਆਇਤ ਵਿਚ ਲਿਖਿਆ ਹੈ: “ਧੰਨ ਓਹ ਮੁਰਦੇ ਜਿਹੜੇ ਏਦੋਂ ਅੱਗੇ ਪ੍ਰਭੁ ਵਿੱਚ ਹੋ ਕੇ ਮਰਨ। ਆਤਮਾ ਆਖਦਾ ਹੈ, ਹਾਂ, ਇਸ ਲਈ ਜੋ ਓਹਨਾਂ ਦੀਆਂ ਮਿਹਨਤਾਂ ਤੋਂ ਓਹਨਾਂ ਨੂੰ ਅਰਾਮ ਮਿਲੇਗਾ ਕਿਉਂ ਜੋ ਓਹਨਾਂ ਦੇ ਕੰਮ ਓਹਨਾਂ ਦੇ ਨਾਲ ਨਾਲ ਜਾਂਦੇ ਹਨ।”