Skip to content

Skip to table of contents

ਤੁਸੀਂ ਜ਼ਿੰਦਗੀ ਵਿਚ ਆਉਂਦੇ ਤੂਫ਼ਾਨਾਂ ਦਾ ਸਾਮ੍ਹਣਾ ਕਰ ਸਕਦੇ ਹੋ

ਤੁਸੀਂ ਜ਼ਿੰਦਗੀ ਵਿਚ ਆਉਂਦੇ ਤੂਫ਼ਾਨਾਂ ਦਾ ਸਾਮ੍ਹਣਾ ਕਰ ਸਕਦੇ ਹੋ

ਤੁਸੀਂ ਜ਼ਿੰਦਗੀ ਵਿਚ ਆਉਂਦੇ ਤੂਫ਼ਾਨਾਂ ਦਾ ਸਾਮ੍ਹਣਾ ਕਰ ਸਕਦੇ ਹੋ

ਇਨ੍ਹਾਂ ਮੁਸ਼ਕਲ ਸਮਿਆਂ ਵਿਚ ਬਹੁਤ ਲੋਕ ਆਪਣੀਆਂ ਜ਼ਿੰਦਗੀਆਂ ਵਿਚ ਤੂਫ਼ਾਨ ਵਰਗੀਆਂ ਬਿਪਤਾਵਾਂ ਨਾਲ ਜੂਝ ਰਹੇ ਹਨ। ਪਰ ਮਸੀਹੀ ਪਰਮੇਸ਼ੁਰ ਨਾਲ ਪ੍ਰੇਮ ਰੱਖ ਕੇ ਤੇ ਉਸ ਦੇ ਅਸੂਲਾਂ ਤੇ ਚੱਲ ਕੇ ਬਿਪਤਾਵਾਂ ਦਾ ਸਾਮ੍ਹਣਾ ਕਰਦੇ ਹਨ। ਕਿਸ ਤਰ੍ਹਾਂ? ਇਸ ਦਾ ਜਵਾਬ ਯਿਸੂ ਮਸੀਹ ਦੀ ਇਕ ਉਦਾਹਰਣ ਵਿਚ ਪਾਇਆ ਜਾਂਦਾ ਹੈ। ਉਸ ਨੇ ਆਪਣੇ ਆਗਿਆਕਾਰ ਚੇਲਿਆਂ ਦੀ ਤੁਲਨਾ ਇਕ “ਬੁੱਧਵਾਨ” ਬੰਦੇ ਨਾਲ ਕੀਤੀ “ਜਿਹ ਨੇ ਪੱਥਰ ਉੱਤੇ ਆਪਣਾ ਘਰ ਬਣਾਇਆ” ਸੀ। ਯਿਸੂ ਨੇ ਕਿਹਾ ਕਿ ਘਰ ਉੱਤੇ “ਮੀਂਹ ਵਰ੍ਹਿਆ ਅਤੇ ਹੜ੍ਹ ਆਏ ਅਤੇ ਅਨ੍ਹੇਰੀਆਂ ਵਗੀਆਂ ਅਰ ਉਸ ਘਰ ਨੂੰ ਧੱਕਾ ਮਾਰਿਆ ਪਰ ਉਹ ਨਾ ਡਿੱਗਿਆ ਕਿਉਂਕਿ ਉਹ ਦੀ ਨਿਉਂ ਪੱਥਰ ਉੱਤੇ ਧਰੀ ਹੋਈ ਸੀ।”—ਮੱਤੀ 7:24, 25.

ਧਿਆਨ ਦਿਓ ਕਿ ਇਸ ਉਦਾਹਰਣ ਵਿਚ ਭਾਵੇਂ ਬੰਦਾ ਬੁੱਧਵਾਨ ਸੀ, ਫਿਰ ਵੀ ਉਸ ਉੱਤੇ ਬਿਪਤਾਵਾਂ ਆਈਆਂ ਜਿਨ੍ਹਾਂ ਨੂੰ ਮੀਂਹ, ਹੜ੍ਹ ਤੇ ਹਨੇਰੀਆਂ ਦੁਆਰਾ ਦਰਸਾਇਆ ਗਿਆ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਉਸ ਦੇ ਚੇਲਿਆਂ ਦੀ ਜ਼ਿੰਦਗੀ ਫੁੱਲਾਂ ਦੀ ਸੇਜ ਹੋਵੇਗੀ, ਕੋਈ ਦੁੱਖ-ਦਰਦ ਉਨ੍ਹਾਂ ਦੇ ਨੇੜੇ ਵੀ ਨਹੀਂ ਆਵੇਗਾ। (ਜ਼ਬੂਰਾਂ ਦੀ ਪੋਥੀ 34:19; ਯਾਕੂਬ 4:13-15) ਪਰ ਉਸ ਨੇ ਇਹ ਜ਼ਰੂਰ ਕਿਹਾ ਸੀ ਕਿ ਪਰਮੇਸ਼ੁਰ ਦੇ ਭਗਤ ਮੰਦੇ ਹਾਲਾਤਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਰਹਿ ਸਕਦੇ ਹਨ।

ਯਿਸੂ ਨੇ ਇਹ ਕਹਿ ਕੇ ਆਪਣੀ ਉਦਾਹਰਣ ਸ਼ੁਰੂ ਕੀਤੀ: ‘ਸੋ ਹਰੇਕ ਜੋ ਮੇਰੇ ਏਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਚੱਲਦਾ ਹੈ ਉਹ ੳਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਹ ਨੇ ਪੱਥਰ ਉੱਤੇ ਆਪਣਾ ਘਰ ਬਣਾਇਆ।’ ਯਿਸੂ ਇੱਥੇ ਘਰ ਉਸਾਰਨ ਬਾਰੇ ਨਹੀਂ, ਸਗੋਂ ਜ਼ਿੰਦਗੀਆਂ ਉਸਾਰਨ ਬਾਰੇ ਗੱਲ ਕਰ ਰਿਹਾ ਸੀ। ਮਸੀਹ ਦੀਆਂ ਸਿੱਖਿਆਵਾਂ ਵੱਲ ਧਿਆਨ ਦੇਣ ਵਾਲੇ ਲੋਕ ਸਮਝਦਾਰੀ ਵਰਤ ਕੇ ਜ਼ਿੰਦਗੀ ਵਿਚ ਵਧੀਆ ਫ਼ੈਸਲੇ ਕਰਦੇ ਹਨ। ਉਹ ਮਸੀਹ ਦੀਆਂ ਚਟਾਨ ਵਾਂਗ ਪੱਕੀਆਂ ਸਿੱਖਿਆਵਾਂ ਦਾ ਗਿਆਨ ਲੈ ਕੇ ਇਨ੍ਹਾਂ ਉੱਤੇ ਚੱਲਦੇ ਹਨ। ਇਸ ਤਰ੍ਹਾਂ ਉਹ ਆਪਣੇ ਨਿਹਚਾ ਦੇ ਘਰ ਦੀ ਨੀਂਹ ਪੱਕੀ ਜਗ੍ਹਾ ਤੇ ਧਰਦੇ ਹਨ। ਦਿਲਚਸਪੀ ਦੀ ਗੱਲ ਹੈ ਕਿ ਇਹ ਪੱਕੀ ਚਟਾਨ ਜ਼ਮੀਨ ਦੀ ਉਪਰਲੀ ਤਹਿ ਤੇ ਹੀ ਨਹੀਂ ਪਾਈ ਜਾਂਦੀ। ਉਦਾਹਰਣ ਵਿਚ ਉਸ ਬੰਦੇ ਨੂੰ ਚਟਾਨ ਤਕ ਪਹੁੰਚਣ ਲਈ ‘ਡੂੰਘਾ ਪੁੱਟਣਾ’ ਪਿਆ ਸੀ। (ਲੂਕਾ 6:48) ਇਸੇ ਤਰ੍ਹਾਂ ਯਿਸੂ ਦੇ ਚੇਲੇ ਸਖ਼ਤ ਮਿਹਨਤ ਕਰ ਕੇ ਵਧੀਆ ਗੁਣ ਪੈਦਾ ਕਰਦੇ ਰਹਿੰਦੇ ਹਨ ਜਿਸ ਕਾਰਨ ਪਰਮੇਸ਼ੁਰ ਨਾਲ ਉਨ੍ਹਾਂ ਦੀ ਲਗਨ ਵਧਦੀ ਹੈ।—ਮੱਤੀ 5:5-7; 6:33.

ਪਰ ਜਦੋਂ ਯਿਸੂ ਦੇ ਚੇਲਿਆਂ ਉੱਤੇ ਤੂਫ਼ਾਨ ਵਰਗੀਆਂ ਬਿਪਤਾਵਾਂ ਆਉਂਦੀਆਂ ਹਨ ਜੋ ਉਨ੍ਹਾਂ ਦੀ ਮਸੀਹੀ ਨੀਂਹ ਦੀ ਪਕਿਆਈ ਨੂੰ ਪਰਖਦੀਆਂ ਹਨ, ਤਾਂ ਉਹ ਉਨ੍ਹਾਂ ਦਾ ਸਾਮ੍ਹਣਾ ਕਿੱਦਾਂ ਕਰਦੇ ਹਨ? ਮਸੀਹ ਦੀਆਂ ਸਿੱਖਿਆਵਾਂ ਪ੍ਰਤੀ ਆਗਿਆਕਾਰ ਰਹਿਣ ਦਾ ਉਨ੍ਹਾਂ ਦਾ ਪੱਕਾ ਇਰਾਦਾ ਅਤੇ ਵਧੀਆ ਗੁਣ ਉਨ੍ਹਾਂ ਨੂੰ ਤਾਕਤ ਬਖ਼ਸ਼ਦੇ ਹਨ। ਆਰਮਾਗੇਡਨ ਦੇ ਤੂਫ਼ਾਨ ਵਿਚ ਵੀ ਇਹੀ ਗੁਣ ਉਨ੍ਹਾਂ ਦੀ ਮਦਦ ਕਰਨਗੇ। (ਮੱਤੀ 5:10-12; ਪਰਕਾਸ਼ ਦੀ ਪੋਥੀ 16:15, 16) ਵਾਕਈ, ਮਸੀਹ ਦੀਆਂ ਸਿੱਖਿਆਵਾਂ ਤੇ ਚੱਲ ਕੇ ਕਈ ਭੈਣ-ਭਰਾ ਤੂਫ਼ਾਨ ਵਰਗੀਆਂ ਬਿਪਤਾਵਾਂ ਦਾ ਸਾਮ੍ਹਣਾ ਕਰਨ ਵਿਚ ਸਫ਼ਲ ਹੁੰਦੇ ਹਨ। ਤੁਸੀਂ ਵੀ ਹੋ ਸਕਦੇ ਹੋ।—1 ਪਤਰਸ 2:21-23.