Skip to content

Skip to table of contents

ਤੁਸੀਂ ਸਫ਼ਲ ਕਿੱਦਾਂ ਹੋ ਸਕਦੇ ਹੋ?

ਤੁਸੀਂ ਸਫ਼ਲ ਕਿੱਦਾਂ ਹੋ ਸਕਦੇ ਹੋ?

ਤੁਸੀਂ ਸਫ਼ਲ ਕਿੱਦਾਂ ਹੋ ਸਕਦੇ ਹੋ?

ਜਿਵੇਂ ਮਾਪੇ ਆਪਣੇ ਬੱਚਿਆਂ ਦੀ ਦੇਖ-ਭਾਲ ਕਰਦੇ ਹਨ ਤੇ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੁੰਦੇ ਦੇਖਣਾ ਚਾਹੁੰਦੇ ਹਨ, ਉਸੇ ਤਰ੍ਹਾਂ ਸਾਡਾ ਸਵਰਗੀ ਪਿਤਾ ਯਹੋਵਾਹ ਸਾਡੀ ਦੇਖ-ਭਾਲ ਕਰਦਾ ਹੈ ਤੇ ਸਾਨੂੰ ਕਾਮਯਾਬ ਹੁੰਦੇ ਦੇਖਣਾ ਚਾਹੁੰਦਾ ਹੈ। ਉਹ ਸਾਡੇ ਨਾਲ ਪਿਆਰ ਕਰਦਾ ਹੈ ਜਿਸ ਕਰਕੇ ਉਹ ਸਾਨੂੰ ਸਫ਼ਲਤਾ ਪਾਉਣ ਬਾਰੇ ਕਾਫ਼ੀ ਕੁਝ ਦੱਸਦਾ ਹੈ। ਦਰਅਸਲ ਬਾਈਬਲ ਵਿਚ ਉਸ ਵਿਅਕਤੀ ਬਾਰੇ, ਜੋ ਯਹੋਵਾਹ ਦੀ ਸਲਾਹ ਉੱਤੇ ਚੱਲਦਾ ਹੈ, ਕਿਹਾ ਗਿਆ ਹੈ: “ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।”—ਜ਼ਬੂਰਾਂ ਦੀ ਪੋਥੀ 1:3.

ਜੇ ਇਹ ਗੱਲ ਸੱਚ ਹੈ, ਤਾਂ ਬਹੁਤ ਸਾਰੇ ਲੋਕ ਸਫ਼ਲ ਅਤੇ ਸੁਖੀ ਜ਼ਿੰਦਗੀ ਕਿਉਂ ਨਹੀਂ ਜੀ ਰਹੇ? ਇਸ ਸਵਾਲ ਦਾ ਜਵਾਬ ਸਾਨੂੰ ਉੱਪਰ ਦਿੱਤੇ ਗਏ ਜ਼ਬੂਰਾਂ ਦੀ ਪੋਥੀ ਦੇ ਹਵਾਲੇ ਵੱਲ ਹੋਰ ਧਿਆਨ ਦੇਣ ਨਾਲ ਮਿਲੇਗਾ। ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਆਪ ਸਫ਼ਲ ਕਿੱਦਾਂ ਹੋ ਸਕਦੇ ਹਾਂ।

“ਦੁਸ਼ਟਾਂ ਦੀ ਮੱਤ”

ਜ਼ਬੂਰਾਂ ਦਾ ਲਿਖਾਰੀ “ਦੁਸ਼ਟਾਂ ਦੀ ਮੱਤ” ਉੱਤੇ ਚੱਲਣ ਬਾਰੇ ਚੇਤਾਵਨੀ ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 1:1) ਸਭ ਤੋਂ ਵੱਡਾ “ਦੁਸ਼ਟ” ਸ਼ਤਾਨ ਹੈ। (ਮੱਤੀ 6:13, ਈਜ਼ੀ ਟੂ ਰੀਡ ਵਰਯਨ) ਬਾਈਬਲ ਸਾਨੂੰ ਦੱਸਦੀ ਹੈ ਕਿ ਸ਼ਤਾਨ ‘ਜਗਤ ਦਾ ਸਰਦਾਰ’ ਹੈ ਅਤੇ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (ਯੂਹੰਨਾ 16:11; 1 ਯੂਹੰਨਾ 5:19) ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਸ ਦੁਨੀਆਂ ਦੀ ਸਲਾਹ ਆਮ ਤੌਰ ਤੇ ਸ਼ਤਾਨ ਦੀ ਸੋਚਣੀ ਜ਼ਾਹਰ ਕਰਦੀ ਹੈ।

ਦੁਸ਼ਟ ਲੋਕ ਕਿਹੋ ਜਿਹੀ ਸਲਾਹ ਦਿੰਦੇ ਹਨ? ਆਮ ਤੌਰ ਤੇ ਦੁਸ਼ਟ ਲੋਕ ‘ਪਰਮੇਸ਼ੁਰ ਦਾ ਅਪਮਾਨ ਕਰਦੇ ਹਨ।’ (ਭਜਨ 10:13, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਲਈ ਉਨ੍ਹਾਂ ਦੀ ਸਲਾਹ ਪਰਮੇਸ਼ੁਰ ਨੂੰ ਨਜ਼ਰਅੰਦਾਜ਼ ਅਤੇ ਉਸ ਦਾ ਅਪਮਾਨ ਕਰਦੀ ਹੈ ਅਤੇ ਇਹ ਦੁਨੀਆਂ ਭਰ ਵਿਚ ਫੈਲੀ ਹੋਈ ਹੈ। ਅੱਜ-ਕੱਲ੍ਹ ਦੁਨੀਆਂ “ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ” ਕਰਨ ਦੀ ਹੱਲਾਸ਼ੇਰੀ ਦਿੰਦੀ ਹੈ। (1 ਯੂਹੰਨਾ 2:16) ਇਸ਼ਤਿਹਾਰਾਂ ਰਾਹੀਂ ਲੋਕਾਂ ਵਿਚ ਨਵੀਆਂ ਤੋਂ ਨਵੀਆਂ ਚੀਜ਼ਾਂ ਖ਼ਰੀਦਣ ਦੀ ਲਾਲਸਾ ਪੈਦਾ ਕੀਤੀ ਜਾ ਰਹੀ ਹੈ। ਦੁਨੀਆਂ ਭਰ ਵਿਚ ਕੰਪਨੀਆਂ ਹਰ ਸਾਲ ਇਸ਼ਤਿਹਾਰਾਂ ਤੇ 500 ਅਰਬ ਅਮਰੀਕੀ ਡਾਲਰ (22 ਹਜ਼ਾਰ 500 ਅਰਬ ਰੁਪਏ) ਖ਼ਰਚ ਕਰਦੀਆਂ ਹਨ ਤਾਂਕਿ ਲੋਕ ਉਨ੍ਹਾਂ ਦੀਆਂ ਚੀਜ਼ਾਂ ਖ਼ਰੀਦਣ ਭਾਵੇਂ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਵੀ ਨਹੀਂ ਹੁੰਦੀ। ਅਜਿਹੇ ਪ੍ਰਭਾਵਸ਼ਾਲੀ ਇਸ਼ਤਿਹਾਰਾਂ ਨੇ ਨਾ ਸਿਰਫ਼ ਲੋਕਾਂ ਨੂੰ ਜ਼ਿਆਦਾ ਚੀਜ਼ਾਂ ਖ਼ਰੀਦਣ ਲਈ ਮਜਬੂਰ ਕੀਤਾ ਹੈ, ਸਗੋਂ ਕਾਮਯਾਬੀ ਹਾਸਲ ਕਰਨ ਦੇ ਸੰਬੰਧ ਵਿਚ ਉਨ੍ਹਾਂ ਦੀ ਸੋਚਣੀ ਵੀ ਬਦਲ ਦਿੱਤੀ ਹੈ।

ਨਤੀਜੇ ਵਜੋਂ, ਭਾਵੇਂ ਕਿ ਹੁਣ ਲੋਕ ਉਹ ਚੀਜ਼ਾਂ ਖ਼ਰੀਦ ਸਕਦੇ ਹਨ ਜਿਨ੍ਹਾਂ ਬਾਰੇ ਉਹ ਕਈ ਸਾਲ ਪਹਿਲਾਂ ਸਿਰਫ਼ ਸੁਪਨੇ ਹੀ ਦੇਖਦੇ ਸਨ, ਫਿਰ ਵੀ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਹਾਸਲ ਕਰਨ ਦੀ ਉਨ੍ਹਾਂ ਦੀ ਲਾਲਸਾ ਘਟੀ ਨਹੀਂ। ਉਨ੍ਹਾਂ ਦੇ ਭਾਣੇ ਇਨ੍ਹਾਂ ਚੀਜ਼ਾਂ ਦੇ ਬਗੈਰ ਉਹ ਖ਼ੁਸ਼ ਜਾਂ ਸਫ਼ਲ ਹੋ ਹੀ ਨਹੀਂ ਸਕਦੇ। ਲੇਕਿਨ ਇਹ ਸੋਚਣੀ ਬਹੁਤ ਗ਼ਲਤ ਹੈ ਕਿਉਂਕਿ ਇਹ “ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ।”—1 ਯੂਹੰਨਾ 2:16.

ਸਾਡਾ ਸਿਰਜਣਹਾਰ ਜਾਣਦਾ ਹੈ ਕਿ ਅਸੀਂ ਸਫ਼ਲ ਅਤੇ ਸੁਖੀ ਜ਼ਿੰਦਗੀ ਕਿੱਦਾਂ ਪਾ ਸਕਦੇ ਹਾਂ। ਉਸ ਦੀ ਸਲਾਹ “ਦੁਸ਼ਟਾਂ ਦੀ ਮੱਤ” ਤੋਂ ਬਹੁਤ ਵੱਖਰੀ ਹੈ। ਜੇ ਅਸੀਂ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਕਰਨੀ ਚਾਹੁੰਦੇ ਹਾਂ, ਤਾਂ ਅਸੀਂ ਇਸ ਦੁਨੀਆਂ ਦੇ ਪਿੱਛੇ ਨਹੀਂ ਦੌੜ ਸਕਦੇ। ਹਾਂ, ਅਸੀਂ ਦੋ ਅਲੱਗ-ਅਲੱਗ ਰਸਤਿਆਂ ਤੇ ਨਹੀਂ ਚੱਲ ਸਕਦੇ। ਇਸ ਲਈ ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ: “ਆਪਣੇ ਆਪ ਨੂੰ ਇਸ ਦੁਨੀਆਂ ਦੇ ਲੋਕਾਂ ਵਰਗਾ ਨਾ ਬਣਾਓ।”—ਰੋਮੀਆਂ 12:2, ਈਜ਼ੀ ਟੂ ਰੀਡ।

ਦੁਨੀਆਂ ਦੇ ਪਿੱਛੇ ਨਾ ਲੱਗੋ

ਸ਼ਤਾਨ ਦੇ ਪ੍ਰਭਾਵ ਹੇਠਾਂ ਆਈ ਇਹ ਦੁਨੀਆਂ ਸਾਡਾ ਭਲਾ ਕਰਨ ਦਾ ਦਿਖਾਵਾ ਕਰਦੀ ਹੈ। ਇਸ ਲਈ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਯਾਦ ਰੱਖੋ ਕਿ ਸ਼ਤਾਨ ਨੇ ਆਪਣੀ ਸੁਆਰਥੀ ਇੱਛਾ ਨੂੰ ਪੂਰਾ ਕਰਨ ਲਈ ਪਹਿਲੀ ਔਰਤ ਹੱਵਾਹ ਨੂੰ ਧੋਖਾ ਦਿੱਤਾ ਸੀ। ਫਿਰ ਉਸ ਨੇ ਹੱਵਾਹ ਰਾਹੀਂ ਆਦਮ ਨੂੰ ਵੀ ਆਪਣੇ ਜਾਲ ਵਿਚ ਫਸਾਇਆ ਅਤੇ ਉਸ ਤੋਂ ਪਾਪ ਕਰਵਾਇਆ। ਅੱਜ ਸ਼ਤਾਨ ਸਾਨੂੰ ਵੀ ਹੋਰਨਾਂ ਮਨੁੱਖਾਂ ਰਾਹੀਂ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ।

ਡੇਵਿਡ ਦੀ ਹੀ ਉਦਾਹਰਣ ਲੈ ਲਓ ਜਿਸ ਦਾ ਪਹਿਲੇ ਲੇਖ ਵਿਚ ਜ਼ਿਕਰ ਕੀਤਾ ਗਿਆ ਸੀ। ਡੇਵਿਡ ਨੂੰ ਕੰਮ ਤੇ ਓਵਰ-ਟਾਈਮ ਕਰਨਾ ਪੈਂਦਾ ਸੀ ਅਤੇ ਬਿਜ਼ਨਿਸ ਦੇ ਸਿਲਸਿਲੇ ਵਿਚ ਕਾਫ਼ੀ ਦੌਰਾ ਕਰਨਾ ਪੈਂਦਾ ਸੀ। ਡੇਵਿਡ ਦੱਸਦਾ ਹੈ: “ਮੈਂ ਸੋਮਵਾਰ ਸੁਵਖਤੇ ਘਰੋਂ ਨਿਕਲ ਜਾਂਦਾ ਸੀ ਤੇ ਵੀਰਵਾਰ ਸ਼ਾਮ ਨੂੰ ਵਾਪਸ ਆਉਂਦਾ ਸੀ।” ਦੋਸਤ-ਮਿੱਤਰ, ਘਰ ਵਾਲੇ ਅਤੇ ਸਹਿਕਰਮੀ ਡੇਵਿਡ ਨੂੰ ਇਹੀ ਸਲਾਹ ਦਿੰਦੇ ਸਨ ਕਿ ‘ਪਰਿਵਾਰ ਦੀ ਖ਼ਾਤਰ ਇਹ ਸਭ ਕਰਨਾ ਜ਼ਰੂਰੀ ਸੀ।’ ਉਨ੍ਹਾਂ ਦੇ ਭਾਣੇ ਕਾਮਯਾਬੀ ਹਾਸਲ ਕਰਨ ਦਾ ਇਹੋ ਰਸਤਾ ਸੀ। ਇਸ ਲਈ ਉਹ ਡੇਵਿਡ ਦਾ ਹੌਸਲਾ ਵਧਾਉਣ ਲਈ ਕਹਿੰਦੇ ਸਨ ਕਿ ਉਸ ਨੂੰ ਇਹ ਕੰਮ ਸਿਰਫ਼ ਕੁਝ ਸਾਲਾਂ ਲਈ ਕਰਨਾ ਪਵੇਗਾ ਜਦ ਤਕ ਉਹ ਆਪਣੇ ਪੈਰਾਂ ਤੇ ਖੜ੍ਹਾ ਨਹੀਂ ਹੋ ਜਾਂਦਾ। ਡੇਵਿਡ ਅੱਗੇ ਕਹਿੰਦਾ ਹੈ: “ਸਾਰਿਆਂ ਦਾ ਇਹੋ ਕਹਿਣਾ ਸੀ ਕਿ ਇਸ ਵਿਚ ਹੀ ਪਰਿਵਾਰ ਦਾ ਭਲਾ ਹੈ ਕਿ ਮੈਂ ਜੀ-ਜਾਨ ਨਾਲ ਕੰਮ ਕਰਦਾ ਰਹਾਂ ਅਤੇ ਸਾਰਿਆਂ ਨੂੰ ਕੁਝ ਬਣ ਕੇ ਦਿਖਾਵਾਂ। ਭਾਵੇਂ ਆਪਣੇ ਪਰਿਵਾਰ ਨਾਲ ਮੈਂ ਬਹੁਤ ਘੱਟ ਸਮਾਂ ਗੁਜ਼ਾਰਦਾ ਸੀ, ਫਿਰ ਵੀ ਮੇਰੇ ਦੋਸਤ ਮੈਨੂੰ ਪੂਰਾ ਭਰੋਸਾ ਦਿਲਾਉਂਦੇ ਰਹੇ ਕਿ ਇਸ ਤਰ੍ਹਾਂ ਕਰ ਕੇ ਹੀ ਮੈਂ ਆਪਣੇ ਪਰਿਵਾਰ ਦੀਆਂ ਸਾਰੀਆਂ ਰੀਝਾਂ ਪੂਰੀਆਂ ਕਰ ਸਕਾਂਗਾ।” ਡੇਵਿਡ ਵਾਂਗ ਅਨੇਕ ਲੋਕ ਤਨ-ਮਨ ਲਾ ਕੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਕੀ ਲੋਕਾਂ ਦੀ ਅਜਿਹੀ ਸਲਾਹ ਸੱਚ-ਮੁੱਚ ਕਾਮਯਾਬੀ ਦਿਲਾਉਂਦੀ ਹੈ? ਪਰਿਵਾਰ ਨੂੰ ਅਸਲ ਵਿਚ ਕਿਸ ਚੀਜ਼ ਦੀ ਲੋੜ ਹੈ?

ਇਸ ਸਵਾਲ ਦਾ ਜਵਾਬ ਡੇਵਿਡ ਨੂੰ ਉਦੋਂ ਮਿਲਿਆ ਜਦ ਉਹ ਇਕ ਵਾਰ ਕੰਮ ਦੇ ਸਿਲਸਿਲੇ ਵਿਚ ਘਰੋਂ ਦੂਰ ਸੀ। ਡੇਵਿਡ ਦੱਸਦਾ ਹੈ: “ਮੈਂ ਆਪਣੀ ਲੜਕੀ ਐਂਜਲੀਕਾ ਨਾਲ ਫ਼ੋਨ ਤੇ ਗੱਲ ਕਰ ਰਿਹਾ ਸੀ ਜਦ ਉਸ ਨੇ ਮੈਨੂੰ ਪੁੱਛਿਆ, ‘ਡੈਡੀ ਜੀ ਤੁਸੀਂ ਸਾਡੇ ਨਾਲ ਘਰ ਕਿਉਂ ਨਹੀਂ ਰਹਿਣਾ ਚਾਹੁੰਦੇ?’ ਇਹ ਸੁਣ ਕੇ ਮੇਰਾ ਦਿਲ ਤੜਫ਼ ਉੱਠਿਆ।” ਉਸ ਦੀ ਲੜਕੀ ਦੀ ਇਸ ਗੱਲ ਨੇ ਉਸ ਨੂੰ ਕੰਮ ਤੋਂ ਅਸਤੀਫ਼ਾ ਦੇਣ ਦੀ ਹਿੰਮਤ ਦਿੱਤੀ। ਡੇਵਿਡ ਨੂੰ ਅਹਿਸਾਸ ਹੋਇਆ ਕਿ ਉਸ ਦੇ ਪਰਿਵਾਰ ਨੂੰ ਸਭ ਤੋਂ ਜ਼ਿਆਦਾ ਉਸ ਦੀ ਲੋੜ ਸੀ।

ਪਰਮੇਸ਼ੁਰ ਦੀ ਸਲਾਹ ਤੇ ਚੱਲਣ ਨਾਲ ਸਫ਼ਲਤਾ ਮਿਲਦੀ ਹੈ

ਤੁਸੀਂ ਸ਼ਤਾਨ ਦੀ ਦੁਨੀਆਂ ਦੀ ਸੋਚਣੀ ਤੋਂ ਕਿਵੇਂ ਦੂਰ ਰਹਿ ਸਕਦੇ ਹੋ? ਜ਼ਬੂਰਾਂ ਦਾ ਲਿਖਾਰੀ ਸਾਨੂੰ ਦੱਸਦਾ ਹੈ ਕਿ ਸਫ਼ਲਤਾ ਤੇ ਸੁਖ ਉਹ ਵਿਅਕਤੀ ਪਾਉਂਦਾ ਹੈ ਜੋ “ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ।”—ਜ਼ਬੂਰਾਂ ਦੀ ਪੋਥੀ 1:2.

ਜਦ ਯਹੋਵਾਹ ਨੇ ਯਹੋਸ਼ੁਆ ਨੂੰ ਇਸਰਾਏਲ ਕੌਮ ਦੇ ਆਗੂ ਵਜੋਂ ਨਿਯੁਕਤ ਕੀਤਾ ਸੀ, ਤਾਂ ਉਸ ਨੇ ਯਹੋਸ਼ੁਆ ਨੂੰ ਕਿਹਾ: ‘ਤੂੰ ਦਿਨ ਰਾਤ ਪਰਮੇਸ਼ੁਰ ਦੇ ਬਚਨ ਉੱਤੇ ਧਿਆਨ ਰੱਖ।’ ਜੀ ਹਾਂ, ਯਹੋਸ਼ੁਆ ਲਈ ਪਰਮੇਸ਼ੁਰ ਦਾ ਬਚਨ ਪੜ੍ਹਨਾ ਅਤੇ ਉਸ ਉੱਤੇ ਮਨਨ ਕਰਨਾ ਜ਼ਰੂਰੀ ਸੀ, ਪਰ ਇਸ ਦੇ ਨਾਲ-ਨਾਲ ਉਸ ਨੂੰ ‘ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਸੀ ਚੱਲਣ’ ਦੀ ਵੀ ਲੋੜ ਸੀ। ਸਿਰਫ਼ ਬਾਈਬਲ ਪੜ੍ਹਨ ਨਾਲ ਹੀ ਇਨਸਾਨ ਸਫ਼ਲ ਨਹੀਂ ਹੁੰਦਾ, ਉਸ ਦੀ ਸਲਾਹ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੀ ਲੋੜ ਹੈ। ਯਹੋਸ਼ੁਆ ਨੂੰ ਕਿਹਾ ਗਿਆ ਸੀ: “ਤੂੰ ਆਪਣੇ ਮਾਰਗ ਨੂੰ ਸੁਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ।”—ਯਹੋਸ਼ੁਆ 1:8.

ਕਲਪਨਾ ਕਰੋ ਕਿ ਇਕ ਛੋਟਾ ਜਿਹਾ ਬੱਚਾ ਆਪਣੇ ਡੈਡੀ ਦੀ ਗੋਦੀ ਵਿਚ ਬੈਠਾ ਆਪਣੀ ਮਨ-ਪਸੰਦ ਕਹਾਣੀ ਸੁਣ ਰਿਹਾ ਹੈ। ਭਾਵੇਂ ਉਹ ਹਜ਼ਾਰ ਵਾਰ ਇਹ ਕਹਾਣੀ ਪੜ੍ਹ ਚੁੱਕੇ ਹਨ, ਫਿਰ ਵੀ ਇਸ ਨੂੰ ਦੁਬਾਰਾ ਪੜ੍ਹ ਕੇ ਉਨ੍ਹਾਂ ਨੂੰ ਬਹੁਤ ਮਜ਼ਾ ਆਉਂਦਾ ਹੈ। ਇਸੇ ਤਰ੍ਹਾਂ ਜੋ ਵਿਅਕਤੀ ਪਰਮੇਸ਼ੁਰ ਦੇ ਬਚਨ ਨੂੰ ਰੋਜ਼ ਪੜ੍ਹਦਾ ਹੈ, ਉਹ ਇਸ ਨੂੰ ਵਾਰ-ਵਾਰ ਪੜ੍ਹਨ ਦਾ ਆਨੰਦ ਮਾਣਦਾ ਹੈ ਕਿਉਂਕਿ ਇਹ ਸਮਾਂ ਉਹ ਆਪਣੇ ਸਵਰਗੀ ਪਿਤਾ ਨਾਲ ਗੁਜ਼ਾਰਦਾ ਹੈ। ਯਹੋਵਾਹ ਦੀ ਸਲਾਹ ਅਤੇ ਮਾਰਗ-ਦਰਸ਼ਨ ਤੇ ਚੱਲਣ ਵਾਲਾ ਅਜਿਹਾ ਵਿਅਕਤੀ “ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।”—ਜ਼ਬੂਰਾਂ ਦੀ ਪੋਥੀ 1:3.

ਜ਼ਬੂਰਾਂ ਦਾ ਲਿਖਾਰੀ ਜਿਸ ਬਿਰਛ ਜਾਂ ਦਰਖ਼ਤ ਦੀ ਗੱਲ ਕਰ ਰਿਹਾ ਹੈ, ਉਹ ਆਪਣੇ ਆਪ ਹੀ ਨਹੀਂ ਉੱਗ ਪੈਂਦਾ। ਉਸ ਨੂੰ ਕਿਸਾਨ ਪਾਣੀ ਦੇ ਨੇੜੇ ਲਾ ਕੇ ਉਸ ਦੀ ਦੇਖ-ਭਾਲ ਕਰਦਾ ਹੈ। ਇਸੇ ਤਰ੍ਹਾਂ ਸਾਡਾ ਸਵਰਗੀ ਪਿਤਾ ਵੀ ਸਾਨੂੰ ਆਪਣੇ ਬਚਨ ਵਿਚ ਸਲਾਹ ਦੇ ਕੇ ਸਾਡੀ ਸੋਚਣੀ ਨੂੰ ਸੁਧਾਰਦਾ ਹੈ ਤੇ ਸਾਡੀ ਦੇਖ-ਭਾਲ ਕਰਦਾ ਹੈ। ਨਤੀਜੇ ਵਜੋਂ ਅਸੀਂ ਉਸ ਦੀ ਸੇਵਾ ਵਿਚ ਵਧਦੇ-ਫੁੱਲਦੇ ਹਾਂ ਅਤੇ ਆਪਣੇ ਵਿਚ ਚੰਗੇ ਗੁਣ ਪੈਦਾ ਕਰਦੇ ਹਾਂ।

ਲੇਕਿਨ, “ਦੁਸ਼ਟ ਅਜੇਹੇ ਨਹੀਂ” ਹਨ। ਭਾਵੇਂ ਸਾਨੂੰ ਲੱਗੇ ਕਿ ਦੁਸ਼ਟ ਲੋਕ ਸਫ਼ਲ ਹੋ ਰਹੇ ਹਨ, ਪਰ ਅਖ਼ੀਰ ਵਿਚ ਉਨ੍ਹਾਂ ਦਾ ਬੁਰਾ ਅੰਜਾਮ ਹੋਵੇਗਾ। ਉਹ “ਨਿਆਉਂ ਵਿੱਚ ਖੜੇ ਨਹੀਂ ਰਹਿਣਗੇ।” ਜੀ ਹਾਂ, “ਦੁਸ਼ਟਾਂ ਦਾ ਰਾਹ ਨਾਸ ਹੋ ਜਾਵੇਗਾ।”—ਜ਼ਬੂਰਾਂ ਦੀ ਪੋਥੀ 1:4-6.

ਇਸ ਲਈ ਦੁਨੀਆਂ ਪਿੱਛੇ ਲੱਗ ਕੇ ਆਪਣੇ ਟੀਚੇ ਨਾ ਰੱਖੋ। ਨਾ ਹੀ ਦੁਨੀਆਂ ਦੀਆਂ ਕਦਰਾਂ-ਕੀਮਤਾਂ ਅਪਣਾਓ। ਹੋ ਸਕਦਾ ਹੈ ਕਿ ਤੁਸੀਂ ਕਿਸੇ ਕੰਮ ਵਿਚ ਕੁਸ਼ਲ ਹੋਵੋ ਅਤੇ ਕਾਮਯਾਬੀ ਦੀਆਂ ਪੌੜੀਆਂ ਚੜ੍ਹਨ ਦੇ ਕਾਬਲ ਹੋਵੋ, ਪਰ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਦੁਨੀਆਂ ਤੁਹਾਨੂੰ ਤੁਹਾਡੀਆਂ ਕਾਬਲੀਅਤਾਂ ਕਾਰਨ ਆਪਣੀ ਮੁੱਠੀ ਵਿਚ ਨਾ ਕਰ ਲਵੇ। ਧਨ-ਦੌਲਤ ਪਿੱਛੇ ਭੱਜਣਾ ਫਜ਼ੂਲ ਹੈ ਕਿਉਂਕਿ ਅਜਿਹੀ ਦੌੜ ਤੁਹਾਨੂੰ ‘ਕੁਮਲਾ’ ਯਾਨੀ ਬਰਬਾਦ ਕਰ ਸਕਦੀ ਹੈ, ਜਦ ਕਿ ਪਰਮੇਸ਼ੁਰ ਨਾਲ ਰਿਸ਼ਤਾ ਜੋੜਨ ਨਾਲ ਤੁਸੀਂ ਕਾਮਯਾਬ ਅਤੇ ਖ਼ੁਸ਼ ਹੋਵੋਗੇ।

ਤੁਸੀਂ ਸਫ਼ਲ ਕਿੱਦਾਂ ਹੋ ਸਕਦੇ ਹੋ

ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਜੋ ਇਨਸਾਨ ਪਰਮੇਸ਼ੁਰ ਦੀ ਸਲਾਹ ਉੱਤੇ ਚੱਲਦਾ ਹੈ, ਉਹ ਹਰ ਕੰਮ ਵਿਚ ਸਫ਼ਲ ਹੁੰਦਾ ਹੈ? ਜ਼ਬੂਰਾਂ ਦਾ ਲਿਖਾਰੀ ਇਸ ਦੁਨੀਆਂ ਵਿਚ ਸਫ਼ਲਤਾ ਪਾਉਣ ਦੀ ਗੱਲ ਨਹੀਂ ਕਰ ਰਿਹਾ ਸੀ। ਪਰਮੇਸ਼ੁਰ ਦੇ ਭਗਤਾਂ ਦੀ ਕਾਮਯਾਬੀ ਉਸ ਦੀ ਮਰਜ਼ੀ ਪੂਰੀ ਕਰਨ ਉੱਤੇ ਨਿਰਭਰ ਹੈ। ਜੋ ਇਨਸਾਨ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਦਾ ਹੈ, ਉਹ ਹਮੇਸ਼ਾ ਸਫ਼ਲ ਹੁੰਦਾ ਹੈ। ਆਓ ਆਪਾਂ ਦੇਖੀਏ ਕਿ ਬਾਈਬਲ ਦੇ ਸਿਧਾਂਤਾਂ ਉੱਤੇ ਚੱਲ ਕੇ ਤੁਸੀਂ ਕਿੱਦਾਂ ਸਫ਼ਲ ਹੋ ਸਕਦੇ ਹੋ।

ਪਰਿਵਾਰ: ਬਾਈਬਲ ਪਤੀਆਂ ਨੂੰ ਤਾਕੀਦ ਕਰਦੀ ਹੈ ਕਿ ਉਹ “ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ” ਅਤੇ ਪਤਨੀ ਨੂੰ “ਆਪਣੇ ਪਤੀ ਦਾ ਮਾਨ” ਕਰਨਾ ਚਾਹੀਦਾ ਹੈ। (ਅਫ਼ਸੀਆਂ 5:28, 33) ਮਾਪਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਹੱਸਣ-ਖੇਡਣ ਅਤੇ ਸਮਾਂ ਗੁਜ਼ਾਰਨ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਿੰਦਗੀ ਬਾਰੇ ਜ਼ਰੂਰੀ ਗੱਲਾਂ ਸਿਖਾਉਣ ਦੀ ਵੀ ਲੋੜ ਹੈ। (ਬਿਵਸਥਾ ਸਾਰ 6:6, 7; ਉਪਦੇਸ਼ਕ ਦੀ ਪੋਥੀ 3:4) ਬਾਈਬਲ ਮਾਪਿਆਂ ਨੂੰ ਇਹ ਸਲਾਹ ਦਿੰਦੀ ਹੈ: “ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ।” ਜਦ ਇਹ ਸਲਾਹ ਲਾਗੂ ਕੀਤੀ ਜਾਂਦੀ ਹੈ, ਤਾਂ ਬੱਚਿਆਂ ਲਈ ‘ਆਪਣੇ ਮਾਪਿਆਂ ਦੇ ਆਗਿਆਕਾਰ ਰਹਿਣਾ ਅਤੇ ਉਨ੍ਹਾਂ ਦਾ ਆਦਰ ਕਰਨਾ’ ਆਸਾਨ ਹੋ ਜਾਂਦਾ ਹੈ। (ਅਫ਼ਸੀਆਂ 6:1-4) ਪਰਮੇਸ਼ੁਰ ਦੀ ਇਸ ਸਲਾਹ ਉੱਤੇ ਚੱਲ  ਕੇ  ਤੁਸੀਂ  ਤੇ ਤੁਹਾਡਾ ਪਰਿਵਾਰ ਸੁਖੀ ਜ਼ਿੰਦਗੀ ਦਾ ਆਨੰਦ ਮਾਣੋਗੇ।

ਦੋਸਤ: ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਚੰਗੇ ਦੋਸਤ ਹੋਣ। ਅਸੀਂ ਪਿਆਰ ਕਰਨਾ ਅਤੇ ਪਿਆਰ ਪਾਉਣਾ ਚਾਹੁੰਦੇ ਹਾਂ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਤੁਸੀਂ ਇੱਕ ਦੂਏ ਨੂੰ ਪਿਆਰ ਕਰੋ।” (ਯੂਹੰਨਾ 13:34, 35) ਅੱਜ ਯਿਸੂ ਦੇ ਚੇਲਿਆਂ ਵਿਚਕਾਰ ਸਾਨੂੰ ਅਜਿਹੇ ਦੋਸਤ ਮਿਲ ਸਕਦੇ ਹਨ ਜਿਨ੍ਹਾਂ ਨਾਲ ਅਸੀਂ ਦਿਲ ਖੋਲ੍ਹ ਕੇ ਆਪਣਾ ਦੁੱਖ-ਸੁਖ ਸਾਂਝਾ ਕਰ ਸਕਦੇ ਹਾਂ ਅਤੇ ਜਿਨ੍ਹਾਂ ਤੇ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ। (ਕਹਾਉਤਾਂ 18:24) ਸਭ ਤੋਂ ਵਧੀਆ ਗੱਲ ਇਹ ਹੈ ਕਿ ਜਦ ਅਸੀਂ ਬਾਈਬਲ ਦੇ ਅਸੂਲ ਲਾਗੂ ਕਰਦੇ ਹਾਂ, ਤਾਂ ਅਸੀਂ “ਪਰਮੇਸ਼ੁਰ ਦੇ ਨੇੜੇ” ਜਾਂਦੇ ਹਾਂ ਅਤੇ ਅਬਰਾਹਾਮ ਵਾਂਗ ਸਾਨੂੰ ‘ਪਰਮੇਸ਼ੁਰ ਦੇ ਮਿੱਤਰ’ ਬਣਨ ਦਾ ਸਨਮਾਨ ਮਿਲਦਾ ਹੈ।—ਯਾਕੂਬ 2:23; 4:8.

ਜੀਵਨ ਵਿਚ ਮਕਸਦ: ਅਸਲੀ ਸਫ਼ਲਤਾ ਪਾਉਣ ਵਾਲੇ ਲੋਕ ਬੇਮਕਸਦ ਜ਼ਿੰਦਗੀ ਜੀਉਣ ਦੀ ਬਜਾਇ ਮਕਸਦ ਭਰੀ ਜ਼ਿੰਦਗੀ ਜੀਉਂਦੇ ਹਨ। ਉਹ ਇਸ ਡਾਵਾਂ-ਡੋਲ ਦੁਨੀਆਂ ਉੱਤੇ ਆਸ ਨਹੀਂ ਲਾਈ ਰੱਖਦੇ। ਉਹ ਜ਼ਿੰਦਗੀ ਦੇ ਮਕਸਦ ਤੇ ਆਧਾਰਿਤ ਟੀਚੇ ਰੱਖ ਕੇ ਅਸਲੀ ਖ਼ੁਸ਼ੀ ਅਤੇ ਸੁਖ ਪਾਉਂਦੇ ਹਨ। ਜ਼ਿੰਦਗੀ ਦਾ ਮਕਸਦ ਆਖ਼ਰ ਹੈ ਕੀ? ਇਹੋ ਕਿ ਅਸੀਂ ‘ਪਰਮੇਸ਼ੁਰ ਕੋਲੋਂ ਡਰੀਏ ਅਤੇ ਉਹ ਦੀਆਂ ਆਗਿਆਂ ਨੂੰ ਮੰਨੀਏ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।’—ਉਪਦੇਸ਼ਕ ਦੀ ਪੋਥੀ 12:13.

ਉਮੀਦ: ਸਾਡਾ ਪਿਤਾ ਯਹੋਵਾਹ ਸਾਨੂੰ ਭਵਿੱਖ ਲਈ ਇਕ ਸ਼ਾਨਦਾਰ ਉਮੀਦ ਵੀ ਦਿੰਦਾ ਹੈ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਅਰਜ਼ ਕੀਤੀ ਕਿ ਉਹ “ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖਣ।” ਇਸ ਤਰ੍ਹਾਂ ਕਰਨ ਨਾਲ ਉਹ ‘ਅਗਾਹਾਂ ਲਈ ਇੱਕ ਚੰਗੀ ਨੀਂਹ ਆਪਣੇ ਲਈ ਧਰਨਗੇ ਭਈ ਓਹ ਉਸ ਜੀਵਨ ਨੂੰ ਫੜ ਲੈਣ ਜਿਹੜਾ ਅਸਲ ਜੀਵਨ ਹੈ।’ (1 ਤਿਮੋਥਿਉਸ 6:17-19) ਅਸਲ ਜੀਵਨ ਯਾਨੀ ਸਦਾ ਦਾ ਜੀਵਨ ਅਸੀਂ ਬਹੁਤ ਜਲਦ ਪਾਵਾਂਗੇ ਜਦ ਪਰਮੇਸ਼ੁਰ ਦਾ ਸਵਰਗੀ ਰਾਜ ਇਸ ਧਰਤੀ ਨੂੰ ਫਿਰਦੌਸ ਬਣਾ ਦੇਵੇਗਾ।—ਯਸਾਯਾਹ 35:1, 2.

ਬਾਈਬਲ ਸਿਧਾਂਤਾਂ ਨੂੰ ਲਾਗੂ ਕਰਨ ਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਨਹੀਂ ਕਰਨਾ ਪਵੇਗਾ, ਪਰ ਤੁਸੀਂ ਗ਼ਲਤ ਕਦਮ ਚੁੱਕਣ ਤੋਂ ਦੂਰ ਰਹਿ ਕੇ ਬੁਰੇ ਨਤੀਜਿਆਂ ਤੋਂ ਬਚ ਸਕਦੇ ਹੋ। ਡੇਵਿਡ ਵਾਂਗ, ਜਿਸ ਦਾ ਇਸ ਲੇਖ ਵਿਚ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਲੱਖਾਂ ਲੋਕਾਂ ਨੇ ਬਾਈਬਲ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦਾ ਫ਼ਾਇਦਾ ਦੇਖਿਆ ਹੈ। ਆਪਣੀ ਪਹਿਲੀ ਨੌਕਰੀ ਛੱਡ ਕੇ ਇਕ ਢੁਕਵੀਂ ਨੌਕਰੀ ਲੱਭਣ ਤੋਂ ਬਾਅਦ ਡੇਵਿਡ ਨੇ ਕਿਹਾ: “ਮੈਂ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕਰਦਾ ਹਾਂ ਕਿ ਮੈਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਗੂੜ੍ਹਾ ਰਿਸ਼ਤਾ ਰੱਖ ਸਕਿਆ ਹਾਂ ਅਤੇ ਕਲੀਸਿਯਾ ਵਿਚ ਨਿਗਾਹਬਾਨ ਵਜੋਂ ਸੇਵਾ ਕਰਨ ਦਾ ਮੈਨੂੰ ਸਨਮਾਨ ਮਿਲਿਆ ਹੈ।” ਜ਼ਬੂਰਾਂ ਦੇ ਲਿਖਾਰੀ ਦੀ ਗੱਲ ਕਿੰਨੀ ਸੱਚੀ ਹੈ ਕਿ ਪਰਮੇਸ਼ੁਰ ਦੀ ਸਲਾਹ ਉੱਤੇ ਚੱਲਣ ਵਾਲਾ ‘ਜੋ ਕੁਝ ਵੀ ਕਰੇ ਸਫ਼ਲ ਹੁੰਦਾ ਹੈ’!

[ਸਫ਼ਾ 6 ਉੱਤੇ ਚਾਰਟ]

ਸਫ਼ਲ ਹੋਣ ਦੇ ਪੰਜ ਤਰੀਕੇ

1 ਦੁਨੀਆਂ ਦੀਆਂ ਕਦਰਾਂ-ਕੀਮਤਾਂ ਨਾ ਅਪਣਾਓ।

ਜ਼ਬੂਰਾਂ ਦੀ ਪੋਥੀ 1:1; ਰੋਮੀਆਂ 12:2

2 ਹਰ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹੋ ਅਤੇ ਉਸ ਉੱਤੇ ਵਿਚਾਰ ਕਰੋ।

ਜ਼ਬੂਰਾਂ ਦੀ ਪੋਥੀ 1:2, 3

3 ਬਾਈਬਲ ਦੀ ਸਲਾਹ ਆਪਣੀ ਜ਼ਿੰਦਗੀ ਵਿਚ ਲਾਗੂ ਕਰੋ।

ਯਹੋਸ਼ੁਆ 1:7-9

4 ਪਰਮੇਸ਼ੁਰ ਨਾਲ ਨਾਤਾ ਜੋੜੋ।

ਯਾਕੂਬ 2:23; 4:8

5 ਪਰਮੇਸ਼ੁਰ ਕੋਲੋਂ ਡਰੋ ਅਤੇ ਉਸ ਦੇ ਹੁਕਮ  ਮੰਨੋ।

ਉਪਦੇਸ਼ਕ ਦੀ ਪੋਥੀ 12:13

[ਸਫ਼ਾ 7 ਉੱਤੇ ਤਸਵੀਰਾਂ]

ਕੀ ਤੁਸੀਂ ਸਫ਼ਲਤਾ ਦੇ ਰਾਹ ਉੱਤੇ ਚੱਲ ਰਹੇ ਹੋ?