Skip to content

Skip to table of contents

ਤੁਹਾਡੀਆਂ ਨਜ਼ਰਾਂ ਵਿਚ ਸਫ਼ਲ ਇਨਸਾਨ ਕੌਣ ਹੈ?

ਤੁਹਾਡੀਆਂ ਨਜ਼ਰਾਂ ਵਿਚ ਸਫ਼ਲ ਇਨਸਾਨ ਕੌਣ ਹੈ?

ਤੁਹਾਡੀਆਂ ਨਜ਼ਰਾਂ ਵਿਚ ਸਫ਼ਲ ਇਨਸਾਨ ਕੌਣ ਹੈ?

ਜੈਸੀ ਲਿਵਰਮੋਰ ਅਮਰੀਕਾ ਵਿਚ ਵਾਲ ਸਟ੍ਰੀਟ ਸ਼ੇਅਰ ਬਾਜ਼ਾਰ ਦਾ ਬਹੁਤ ਵੱਡਾ ਵਪਾਰੀ ਸੀ। ਉਹ ਕਾਰੋਬਾਰ ਚਲਾਉਣ ਵਿਚ ਮਾਹਰ ਸੀ। ਨਤੀਜੇ ਵਜੋਂ ਉਸ ਨੇ ਬਹੁਤ ਸਾਰਾ ਪੈਸਾ ਕਮਾਇਆ। ਉਹ ਵਧੀਆ ਤੋਂ ਵਧੀਆ ਡੀਜ਼ਾਈਨ ਦੇ ਸੂਟ ਪਹਿਨਦਾ ਸੀ ਅਤੇ 29 ਕਮਰਿਆਂ ਵਾਲੀ ਆਲੀਸ਼ਾਨ ਹਵੇਲੀ ਵਿਚ ਰਹਿੰਦਾ ਸੀ। ਉਸ ਕੋਲ ਰੋਲਸ-ਰੋਇਸ ਨਾਂ ਦੀ ਕਾਲੀ ਕਾਰ ਸੀ  ਜਿਸ ਨੂੰ ਚਲਾਉਣ ਲਈ ਉਸ ਨੇ ਡ੍ਰਾਈਵਰ ਰੱਖਿਆ ਹੋਇਆ ਸੀ।

ਡੇਵਿਡ * ਦੀ ਕਹਾਣੀ ਵੀ ਜੈਸੀ ਵਰਗੀ ਹੈ। ਡੇਵਿਡ ਇਕ ਵੱਡੀ ਕੰਪਨੀ ਦਾ ਵਾਈਸ ਪ੍ਰੈਜ਼ੀਡੈਂਟ ਸੀ, ਪਰ ਜਲਦੀ ਹੀ ਉਸ ਨੂੰ ਕੰਪਨੀ ਦੇ ਇਕ ਵੱਡੇ ਹਿੱਸੇ ਦੇ ਪ੍ਰੈਜ਼ੀਡੈਂਟ ਦੀ ਕੁਰਸੀ ਮਿਲਣ ਵਾਲੀ ਸੀ। ਧਨ-ਦੌਲਤ ਤੇ ਸ਼ੁਹਰਤ ਕਮਾਉਣਾ ਉਸ ਦੀ ਦਿਲੀ ਤਮੰਨਾ ਸੀ। ਪਰ ਉਸ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ। ਡੇਵਿਡ ਦੱਸਦਾ ਹੈ: “ਮੈਂ ਜਾਣਦਾ ਸੀ ਕਿ ਐਨਾ ਵੱਡਾ ਅਹੁਦਾ ਫਿਰ ਕਦੇ ਮੇਰੇ ਹੱਥ ਨਹੀਂ ਆਵੇਗਾ।” ਕੀ ਤੁਹਾਨੂੰ ਲੱਗਦਾ ਹੈ ਕਿ ਡੇਵਿਡ ਨੇ ਗ਼ਲਤ ਫ਼ੈਸਲਾ ਕੀਤਾ?

ਕਈ ਲੋਕ ਸੋਚਦੇ ਹਨ ਕਿ ਸਫ਼ਲਤਾ ਪਾਉਣ ਲਈ ਧਨ-ਦੌਲਤ ਅਤੇ ਸ਼ੁਹਰਤ ਹੋਣੀ ਜ਼ਰੂਰੀ ਹੈ। ਲੇਕਿਨ ਦੇਖਿਆ ਜਾਵੇ ਤਾਂ ਅਮੀਰ ਲੋਕ ਐਨਾ ਸੁਖੀ ਨਹੀਂ ਹੁੰਦੇ, ਆਮ ਤੌਰ ਤੇ ਉਨ੍ਹਾਂ ਦੀ ਜ਼ਿੰਦਗੀ ਖੋਖਲੀ ਤੇ ਸੁੰਨੀ ਹੁੰਦੀ ਹੈ। ਜੈਸੀ ਲਿਵਰਮੋਰ ਦਾ ਇਹੋ ਹਾਲ ਸੀ। ਧਨੀ ਹੋਣ ਦੇ ਬਾਵਜੂਦ ਨਿਰਾਸ਼ਾ, ਉਦਾਸੀ ਅਤੇ ਮਾਯੂਸੀ ਤੋਂ ਇਲਾਵਾ ਉਸ ਦੇ ਹੱਥ ਕੁਝ ਨਹੀਂ ਲੱਗਾ। ਕਈ ਵਾਰ ਉਹ ਦਾ ਵਿਆਹ ਟੁੱਟਾ ਅਤੇ ਉਸ ਦੇ ਪੁੱਤਰਾਂ ਨਾਲ ਉਸ ਦੇ ਰਿਸ਼ਤੇ ਵਿਚ ਦਰਾੜ ਪਈ ਹੋਈ ਸੀ। ਅਖ਼ੀਰ ਵਿਚ, ਜਦ ਉਸ ਦਾ ਜ਼ਿਆਦਾਤਰ ਪੈਸਾ ਬਰਬਾਦ ਹੋ ਚੁੱਕਾ, ਤਾਂ ਉਹ ਨਿਰਾਸ਼ਾ ਦੇ ਸਮੁੰਦਰ ਵਿਚ ਡੁੱਬਦਾ ਚਲਾ ਗਿਆ। ਇਕ ਦਿਨ ਉਹ ਇਕ ਸ਼ਾਨਦਾਰ ਹੋਟਲ ਦੇ ਬਾਰ ਵਿਚ ਬੈਠਾ ਆਪਣੀ ਜ਼ਿੰਦਗੀ ਬਾਰੇ ਸੋਚ-ਸੋਚ ਕੇ ਬਹੁਤ ਦੁਖੀ ਹੋਇਆ। ਉਸ ਨੇ ਇਕ ਪੈੱਗ ਭਰਾਇਆ ਅਤੇ ਆਪਣੀ ਜੇਬ ਵਿੱਚੋਂ ਕਾਪੀ ਕੱਢ ਕੇ ਆਪਣੀ ਪਤਨੀ ਨੂੰ ਇਕ ਚਿੱਠੀ ਲਿਖੀ। ਫਿਰ ਪੈੱਗ ਪੀ ਕੇ ਉਸ ਨੇ ਸਮਾਨ ਰੱਖਣ ਵਾਲੇ ਇਕ ਹਨੇਰੇ ਕਮਰੇ ਵਿਚ ਜਾ ਕੇ ਆਪਣੀ ਜਾਨ ਲੈ ਲਈ।

ਭਾਵੇਂ ਕਿ ਅਸੀਂ ਇਹ ਨਹੀਂ ਜਾਣਦੇ ਕਿ ਜੈਸੀ ਲਿਵਰਮੋਰ ਨੇ  ਆਪਣੀ ਜਾਨ ਕਿਉਂ ਲਈ, ਪਰ ਉਸ ਦੇ ਤਜਰਬੇ ਤੋਂ ਅਸੀਂ ਬਾਈਬਲ ਦੇ ਇਨ੍ਹਾਂ ਸ਼ਬਦਾਂ ਦੀ ਸੱਚਾਈ ਦੇਖ ਸਕਦੇ ਹਾਂ: ‘ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਉਨ੍ਹਾਂ ਨੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।’—1 ਤਿਮੋਥਿਉਸ 6:9, 10.

ਜੋ ਲੋਕ ਕਿਸੇ ਦੀ ਕਾਮਯਾਬੀ ਦਾ ਅੰਦਾਜ਼ਾ ਉਸ ਦੀ ਅਮੀਰੀ ਜਾਂ ਸ਼ੁਹਰਤ ਤੋਂ ਲਗਾਉਂਦੇ ਹਨ, ਕੀ ਉਹ ਗ਼ਲਤ ਹਨ? ਕੀ ਤੁਸੀਂ ਆਪਣੇ ਆਪ ਨੂੰ ਕਾਮਯਾਬ ਸਮਝਦੇ ਹੋ? ਜੇ ਹਾਂ, ਤਾਂ ਤੁਹਾਨੂੰ ਕਿਹੜੀ ਚੀਜ਼ ਨੇ ਕਾਮਯਾਬ ਬਣਾਇਆ? ਤੁਸੀਂ ਕਾਮਯਾਬੀ ਦਾ ਅੰਦਾਜ਼ਾ ਕਿਵੇਂ ਲਗਾਉਂਦੇ ਹੋ? ਅਗਲੇ ਲੇਖ ਵਿਚ ਉਸ ਵਧੀਆ ਸਲਾਹ ਉੱਤੇ ਚਰਚਾ ਕੀਤੀ ਗਈ ਹੈ ਜਿਸ ਨੂੰ ਲਾਗੂ ਕਰ ਕੇ ਲੱਖਾਂ ਲੋਕਾਂ ਨੇ ਸਫ਼ਲਤਾ ਪਾਈ ਹੈ। ਆਓ ਆਪਾਂ ਦੇਖੀਏ ਕਿ ਤੁਸੀਂ ਸਫ਼ਲ ਕਿਵੇਂ ਹੋ ਸਕਦੇ ਹੋ।

[ਫੁਟਨੋਟ]

^ ਪੈਰਾ 3 ਨਾਂ ਬਦਲਿਆ ਗਿਆ ਹੈ।