Skip to content

Skip to table of contents

ਅਫ਼ਰੀਕੀ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ

ਅਫ਼ਰੀਕੀ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ

ਅਫ਼ਰੀਕੀ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ

ਬਹੁਤ ਸਮੇਂ ਤੋਂ ਯੂਰਪ ਅਤੇ ਉੱਤਰੀ ਅਮਰੀਕਾ ਦੇ ਨੇਕਦਿਲ ਲੋਕਾਂ ਦਾ ਸੁਪਨਾ ਸੀ ਕਿ ਅਫ਼ਰੀਕੀ ਲੋਕਾਂ ਨੂੰ ਵੀ ਆਪੋ-ਆਪਣੀ ਮਾਂ-ਬੋਲੀ ਵਿਚ ਬਾਈਬਲ ਪੜ੍ਹਨ ਨੂੰ ਮਿਲੇ। ਇਹ ਸੁਪਨਾ ਪੂਰਾ ਕਰਨ ਲਈ ਕਈ ਮਿਸ਼ਨਰੀ ਅਫ਼ਰੀਕੀ ਭਾਸ਼ਾਵਾਂ ਸਿੱਖਣ ਲਈ ਅਫ਼ਰੀਕਾ ਜਾ ਪਹੁੰਚੇ। ਕਈਆਂ ਨੇ ਸਥਾਨਕ ਲੋਕਾਂ ਦੀ ਮਾਂ-ਬੋਲੀ ਦੀ ਲਿਪੀ ਵੀ ਬਣਾਈ ਤੇ ਉਸ ਤੋਂ ਬਾਅਦ ਡਿਕਸ਼ਨਰੀਆਂ ਤਿਆਰ ਕੀਤੀਆਂ। ਫਿਰ ਉਨ੍ਹਾਂ ਨੇ ਵੱਖਰੀਆਂ-ਵੱਖਰੀਆਂ ਅਫ਼ਰੀਕੀ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ ਕਰਨਾ ਸ਼ੁਰੂ ਕੀਤਾ। ਇਹ ਕੰਮ ਕੋਈ ਖੇਡ ਨਹੀਂ ਸੀ। ਦ ਕੇਮਬ੍ਰਿਜ ਹਿਸਟਰੀ ਆਫ਼ ਦ ਬਾਈਬਲ ਨਾਮਕ ਕਿਤਾਬ ਕਹਿੰਦੀ ਹੈ ਕਿ “ਅਨੁਵਾਦਕਾਂ ਨੂੰ ਮੂਲ ਤੇ ਸੌਖੀਆਂ ਤੋਂ ਸੌਖੀਆਂ ਮਸੀਹੀ ਸਿੱਖਿਆਵਾਂ ਦਾ ਅਨੁਵਾਦ ਕਰਨ ਲਈ ਲਫ਼ਜ਼ ਲੱਭਣ ਵਿਚ ਕਈ-ਕਈ ਸਾਲ ਲੱਗ ਜਾਂਦੇ ਸਨ।”

ਇਕ ਸਮੇਂ ਟਸਵਾਨੀ ਭਾਸ਼ਾ ਲਿਖੀ ਨਹੀਂ ਸਿਰਫ਼ ਬੋਲੀ ਜਾਂਦੀ ਸੀ। ਲੇਕਿਨ ਅਫ਼ਰੀਕਾ ਦੀਆਂ ਬਿਨਾਂ ਲਿਪੀ ਵਾਲੀਆਂ ਭਾਸ਼ਾਵਾਂ ਵਿੱਚੋਂ ਇਸੇ ਬੋਲੀ ਦੇ ਲੋਕਾਂ ਨੂੰ 1857 ਵਿਚ ਸਭ ਤੋਂ ਪਹਿਲਾਂ ਪੂਰੀ ਬਾਈਬਲ ਮਿਲੀ। * ਇਹ ਬਾਈਬਲ ਵੱਖ-ਵੱਖ ਹਿੱਸਿਆਂ ਵਿਚ ਛਾਪੀ ਤੇ ਜਿਲਦਬੱਧ ਕੀਤੀ ਗਈ ਸੀ, ਨਾ ਕਿ ਇੱਕੋ ਕਿਤਾਬ ਦੇ ਰੂਪ ਵਿਚ। ਸਮੇਂ ਦੇ ਬੀਤਣ ਨਾਲ, ਹੋਰਨਾਂ ਅਫ਼ਰੀਕੀ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ ਕੀਤਾ ਜਾਣ ਲੱਗ ਪਿਆ। ਇਨ੍ਹਾਂ ਅਫ਼ਰੀਕੀ ਬਾਈਬਲਾਂ ਦੇ ਇਬਰਾਨੀ (ਪੁਰਾਣੇ ਨੇਮ) ਤੇ ਯੂਨਾਨੀ ਹਿੱਸੇ (ਨਵੇਂ ਨੇਮ) ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਪਾਇਆ ਗਿਆ ਸੀ। ਲੇਕਿਨ ਬਾਅਦ ਵਿਚ ਇਨ੍ਹਾਂ ਅਨੁਵਾਦਾਂ ਨੂੰ ਸੋਧਣ ਵਾਲਿਆਂ ਅਤੇ ਨਵੇਂ ਅਨੁਵਾਦਕਾਂ ਨੇ ਬਾਈਬਲ ਦੇ ਲੇਖਕ ਯਹੋਵਾਹ ਦਾ ਪਵਿੱਤਰ ਨਾਂ ਕੱਢ ਕੇ ਉਸ ਦਾ ਨਿਰਾਦਰ ਕੀਤਾ। ਉਨ੍ਹਾਂ ਨੇ ਇਹ ਕਿਉਂ ਕੀਤਾ? ਯਹੂਦੀ ਲੋਕਾਂ ਨੂੰ ਯਹੋਵਾਹ ਦਾ ਨਾਂ ਵਰਤਣ ਬਾਰੇ ਵਹਿਮ ਸੀ ਅਤੇ ਉਹ ਇਸ ਨਾਂ ਦੀ ਬਜਾਇ ਪਰਮੇਸ਼ੁਰ ਜਾਂ ਪ੍ਰਭੂ ਲਿਖ ਦਿੰਦੇ ਸਨ। ਇਨ੍ਹਾਂ ਅਨੁਵਾਦਕਾਂ ਨੇ ਵੀ ਉਨ੍ਹਾਂ ਦੀ ਰੀਸ ਕੀਤੀ। ਹੁਣ ਅਸੀਂ ਦੇਖ ਸਕਦੇ ਹਾਂ ਕਿ ਅਫ਼ਰੀਕਾ ਵਿਚ ਪਰਮੇਸ਼ੁਰ ਦੇ ਪ੍ਰੇਮੀਆਂ ਲਈ ਬਾਈਬਲ ਦੇ ਨਵੇਂ ਅਨੁਵਾਦ ਦੀ ਕਿਉਂ ਲੋੜ ਪਈ ਜਿਸ ਵਿਚ ਯਹੋਵਾਹ ਦਾ ਨਾਂ ਹੋਵੇ।

1980 ਦੇ ਦਹਾਕੇ ਤੋਂ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਨੇ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਦਾ ਮੁੱਖ ਅਫ਼ਰੀਕੀ ਭਾਸ਼ਾਵਾਂ ਵਿਚ ਤਰਜਮਾ ਕਰਨ ਤੇ ਜ਼ੋਰ ਦਿੱਤਾ ਹੈ। ਨਤੀਜੇ ਵਜੋਂ, ਅਫ਼ਰੀਕਾ ਵਿਚ ਲੱਖਾਂ ਹੀ ਬਾਈਬਲ ਦੇ ਪ੍ਰੇਮੀ ਹੁਣ ਨਿਊ ਵਰਲਡ ਟ੍ਰਾਂਸਲੇਸ਼ਨ ਆਪਣੀ ਮਾਂ-ਬੋਲੀ ਵਿਚ ਪੜ੍ਹ ਸਕਦੇ ਹਨ। ਹੁਣ ਤਕ ਪੂਰੀ ਨਿਊ ਵਰਲਡ ਟ੍ਰਾਂਸਲੇਸ਼ਨ ਜਾਂ ਸਿਰਫ਼ ਦ ਕ੍ਰਿਸਚੀਅਨ ਗ੍ਰੀਕ ਸਕ੍ਰਿਪਚਰਸ 17 ਅਫ਼ਰੀਕੀ ਬੋਲੀਆਂ ਵਿਚ ਉਪਲਬਧ ਹੈ।

ਪਰਮੇਸ਼ੁਰ ਦੇ ਮਹਾਨ ਨਾਂ ਯਹੋਵਾਹ ਉੱਤੇ ਜ਼ੋਰ ਦੇਣ ਵਾਲੀ ਨਿਊ ਵਰਲਡ ਟ੍ਰਾਂਸਲੇਸ਼ਨ ਬਾਈਬਲ ਨੂੰ ਪਾ ਕੇ ਅਫ਼ਰੀਕੀ ਭਾਸ਼ਾਵਾਂ ਵਿਚ ਬਾਈਬਲ ਪੜ੍ਹਨ ਵਾਲੇ ਲੋਕ ਬਹੁਤ ਹੀ ਖ਼ੁਸ਼ ਹੋਏ। ਮਿਸਾਲ ਲਈ, ਜਦੋਂ ਯਿਸੂ ਨਾਸਰਤ ਸ਼ਹਿਰ ਦੇ ਸਭਾ-ਘਰ ਵਿਚ ਉਪਦੇਸ਼ ਦੇਣ ਲਈ ਖੜ੍ਹਾ ਹੋਇਆ ਸੀ, ਤਾਂ ਉਸ ਨੇ ਲੋਕਾਂ ਨੂੰ ਆਪਣੇ ਕੰਮ ਬਾਰੇ ਦੱਸਣ ਲਈ ਯਸਾਯਾਹ ਦੀ ਪੋਥੀ ਵਿੱਚੋਂ ਉਹ ਹਿੱਸਾ ਪੜ੍ਹਿਆ ਜਿੱਥੇ ਉਸ ਦੇ ਪਿਤਾ ਦਾ ਨਾਂ ਦਿੱਤਾ ਗਿਆ ਹੈ। (ਯਸਾਯਾਹ 61:1, 2) ਯਿਸੂ ਨੇ ਉਸ ਵੇਲੇ ਜੋ ਪੜ੍ਹਿਆ, ਉਹ ਨਿਊ ਵਰਲਡ ਟ੍ਰਾਂਸਲੇਸ਼ਨ ਅਨੁਸਾਰ ਲੂਕਾ ਦੀ ਇੰਜੀਲ ਵਿਚ ਇਸ ਤਰ੍ਹਾਂ ਲਿਖਿਆ ਹੈ: ‘ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹ ਨੇ ਮੈਨੂੰ ਮਸਹ ਕੀਤਾ ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ। ਓਸ ਮੈਨੂੰ ਘੱਲਿਆ ਹੈ ਕਿ ਬੰਧੂਆਂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪਰਚਾਰ ਕਰਾਂ, ਤੇ ਕੁਚਲਿਆਂ ਹੋਇਆਂ ਨੂੰ ਛੁਡਾਵਾਂ, ਅਤੇ ਯਹੋਵਾਹ ਦੀ ਮਨਜ਼ੂਰੀ ਦੇ ਵਰ੍ਹੇ ਦਾ ਪਰਚਾਰ ਕਰਾਂ।’—ਲੂਕਾ 4:18, 19.

ਅਗਸਤ 2005 ਵਿਚ ਅਫ਼ਰੀਕੀ ਭਾਸ਼ਾਵਾਂ ਵਿਚ ਬਾਈਬਲ ਦੇ ਪ੍ਰਕਾਸ਼ਨ ਦੇ ਖੇਤਰ ਵਿਚ ਯਹੋਵਾਹ ਦੇ ਗਵਾਹ ਇਕ ਕਦਮ ਹੋਰ ਅੱਗੇ ਵਧੇ। ਇਸ ਮਹੀਨੇ ਦੱਖਣੀ ਅਫ਼ਰੀਕਾ ਵਿਚ ਯਹੋਵਾਹ ਦੇ ਗਵਾਹਾਂ ਦੀ ਬ੍ਰਾਂਚ ਵਿਚ ਅਫ਼ਰੀਕੀ ਭਾਸ਼ਾਵਾਂ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਬਾਈਬਲ ਦੀਆਂ 76,000 ਕਾਪੀਆਂ ਛਾਪੀਆਂ ਤੇ ਜਿਲਦਬੱਧ ਕੀਤੀਆਂ ਗਈਆਂ। ਇਨ੍ਹਾਂ ਵਿਚ ਸ਼ੋਨਾ ਭਾਸ਼ਾ ਵਿਚ 30,000 ਬਾਈਬਲਾਂ ਸਨ। ਸ਼ੋਨਾ ਭਾਸ਼ਾ ਵਿਚ ਬਾਈਬਲ ਜ਼ਿਮਬਾਬਵੇ ਵਿਚ ਯਹੋਵਾਹ ਦੇ ਗਵਾਹਾਂ ਦੇ “ਪਰਮੇਸ਼ੁਰ ਦਾ ਕਹਿਣਾ ਮੰਨੋ” ਜ਼ਿਲ੍ਹਾ ਸੰਮੇਲਨ ਵਿਚ ਰਿਲੀਸ ਕੀਤੀ ਗਈ ਸੀ।

ਉਸ ਮਹੀਨੇ ਦੱਖਣੀ ਅਫ਼ਰੀਕਾ ਦੀ ਬ੍ਰਾਂਚ ਦੇਖਣ ਆਏ ਲੋਕ ਉਹ ਦਿਨ ਕਦੇ ਨਹੀਂ ਭੁੱਲਣਗੇ ਜਦੋਂ ਉਨ੍ਹਾਂ ਨੇ ਦੂਸਰੀਆਂ ਅਫ਼ਰੀਕੀ ਭਾਸ਼ਾਵਾਂ ਵਿਚ ਨਵੀਆਂ ਅਨੁਵਾਦ ਕੀਤੀਆਂ ਗਈਆਂ ਬਾਈਬਲਾਂ ਬਣਦੀਆਂ ਦੇਖੀਆਂ। ਬੈਥਲ ਦੇ ਬਾਈਂਡਰੀ ਸੈਕਸ਼ਨ ਵਿਚ ਕੰਮ ਰਹੇ ਨਹਾਨਲਾਹ ਨਾਂ ਦੇ ਇਕ ਭਰਾ ਨੇ ਕਿਹਾ: “ਮੈਨੂੰ ਬਹੁਤ ਖ਼ੁਸ਼ੀ ਹੈ ਕਿ ਮੈਂ ਸ਼ੋਨਾ ਅਤੇ ਦੂਸਰੀਆਂ ਅਫ਼ਰੀਕੀ ਭਾਸ਼ਾਵਾਂ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਤਿਆਰ ਕਰਨ ਵਿਚ ਹਿੱਸਾ ਲੈ ਸਕਿਆ।” ਵਾਕਈ ਉਸ ਦੇ ਜਜ਼ਬਾਤ ਦੱਖਣੀ ਅਫ਼ਰੀਕਾ ਦੇ ਪੂਰੇ ਬੈਥਲ ਪਰਿਵਾਰ ਦੇ ਜਜ਼ਬਾਤ ਹਨ।

ਪਹਿਲਾਂ ਦੂਸਰੇ ਦੇਸ਼ਾਂ ਤੋਂ ਬਾਈਬਲਾਂ ਮੰਗਵਾਈਆਂ ਜਾਂਦੀਆਂ ਸਨ ਜਿਸ ਤੇ ਬਹੁਤ ਖ਼ਰਚਾ ਆਉਂਦਾ ਸੀ। ਪਰ ਹੁਣ ਅਫ਼ਰੀਕਾ ਦੇ ਲੋਕਾਂ ਨੂੰ ਨਵੀਆਂ ਬਾਈਬਲਾਂ ਜਲਦੀ ਹੀ ਮਿਲ ਜਾਂਦੀਆਂ ਹਨ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਅਫ਼ਰੀਕੀ ਲੋਕਾਂ ਕੋਲ ਹੁਣ ਬਾਈਬਲ ਦਾ ਸਹੀ ਅਨੁਵਾਦ ਹੈ ਜਿਸ ਵਿਚ ਇਸ ਦੇ ਮਹਾਨ ਲੇਖਕ ਦਾ ਪਵਿੱਤਰ ਨਾਂ ਯਹੋਵਾਹ ਪਰਮੇਸ਼ੁਰ ਪਾਇਆ ਜਾਂਦਾ ਹੈ।

[ਫੁਟਨੋਟ]

^ ਪੈਰਾ 3 1835 ਤਕ ਬਾਈਬਲ ਮੈਡਾਗਾਸਕਰ ਦੀ ਮੈਲਾਗਾਸੀ ਭਾਸ਼ਾ ਵਿਚ ਅਤੇ 1840 ਤਕ ਇਥੋਪੀਆ ਦੀ ਐਮਹੈਰਿਕ ਭਾਸ਼ਾ ਵਿਚ ਅਨੁਵਾਦ ਕੀਤੀ ਜਾ ਚੁੱਕੀ ਸੀ। ਇਨ੍ਹਾਂ ਭਾਸ਼ਾਵਾਂ ਦੀ ਲਿਪੀ ਬਾਈਬਲ ਦਾ ਤਰਜਮਾ ਕੀਤੇ ਜਾਣ ਤੋਂ ਕਾਫ਼ੀ ਚਿਰ ਪਹਿਲਾਂ ਹੀ ਮੌਜੂਦ ਸੀ।

[ਸਫ਼ਾ 12 ਉੱਤੇ ਤਸਵੀਰ]

1840 ਵਿਚ ਪ੍ਰਕਾਸ਼ਿਤ ਟਸਵਾਨੀ ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ

[ਕ੍ਰੈਡਿਟ ਲਾਈਨ]

Harold Strange Library of African Studies

[ਸਫ਼ਾ 13 ਉੱਤੇ ਤਸਵੀਰ]

ਦੱਖਣੀ ਅਫ਼ਰੀਕਾ ਦੀ ਬ੍ਰਾਂਚ ਵਿਚ ਨਵੀਆਂ ਬਾਈਬਲਾਂ ਬਣਦੀਆਂ ਦੇਖਦੇ ਹੋਏ ਸਵਾਜ਼ੀਲੈਂਡ ਦੇ ਲੋਕ