ਆਦਮੀ ਤੇ ਔਰਤ ਇਕ ਦੂਸਰੇ ਲਈ ਬਣਾਏ ਗਏ
ਆਦਮੀ ਤੇ ਔਰਤ ਇਕ ਦੂਸਰੇ ਲਈ ਬਣਾਏ ਗਏ
ਆਦਮੀ ਤੇ ਔਰਤ ਨੇ ਹਮੇਸ਼ਾ ਇਕ-ਦੂਸਰੇ ਦਾ ਸਾਥ ਚਾਹਿਆ ਹੈ। ਯਹੋਵਾਹ ਪਰਮੇਸ਼ੁਰ ਨੇ ਹੀ ਇਹ ਚਾਹਤ ਉਨ੍ਹਾਂ ਦੇ ਦਿਲਾਂ ਵਿਚ ਪਾਈ ਹੈ। ਯਹੋਵਾਹ ਨੇ ਦੇਖਿਆ ਕਿ ਪਹਿਲੇ ਇਨਸਾਨ ਆਦਮ ਲਈ ਇਕੱਲਾ ਰਹਿਣਾ ਠੀਕ ਨਹੀਂ ਸੀ। ਇਸ ਲਈ, ਪਰਮੇਸ਼ੁਰ ਨੇ ਆਦਮੀ “ਲਈ ਉਹ ਦੇ ਵਾਂਙੁ ਇੱਕ ਸਹਾਇਕਣ” ਬਣਾਈ।
ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਗਹਿਰੀ ਨੀਂਦ ਸੁਲਾ ਕੇ ਉਸ ਦੀ ਇਕ ਪਸਲੀ ਕੱਢੀ। ਫਿਰ ਉਸ ਨੇ “ਉਸ ਪਸਲੀ ਤੋਂ . . . ਇੱਕ ਨਾਰੀ ਬਣਾਈ ਅਤੇ ਉਹ ਨੂੰ ਆਦਮੀ ਕੋਲ ਲੈ ਆਇਆ।” ਆਦਮ ਇਸ ਖੂਬਸੂਰਤ ਤੀਵੀਂ ਨੂੰ ਦੇਖ ਕੇ ਗਦ-ਗਦ ਹੋ ਗਿਆ ਅਤੇ ਕਹਿਣ ਲੱਗਾ: “ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਰ ਮੇਰੇ ਮਾਸ ਵਿੱਚੋਂ ਮਾਸ ਹੈ।” ਇਹ ਮੁਕੰਮਲ ਤੀਵੀਂ ਹੱਵਾਹ ਆਪਣੇ ਸੋਹਣੇ ਨੈਣ-ਨਕਸ਼ਾਂ, ਆਪਣੀ ਮੋਰਨੀ ਵਰਗੀ ਚਾਲ, ਸੁਰੀਲੀ ਆਵਾਜ਼ ਤੇ ਚੰਗੇ ਗੁਣਾਂ ਦੀ ਮਾਲਕਣ ਹੋਣ ਕਾਰਨ ਬਹੁਤ ਹੀ ਖੂਬਸੂਰਤ ਲੱਗਦੀ ਸੀ। ਅਤੇ ਮੁਕੰਮਲ ਆਦਮ ਵੀ ਚੰਗੀ ਡੀਲਡੌਲ ਵਾਲਾ ਤੇ ਸੋਹਣਾ-ਸੁਨੱਖਾ ਸੀ ਅਤੇ ਉਸ ਅੰਦਰ ਚੰਗੇ ਗੁਣ ਸਨ ਜਿਸ ਕਰਕੇ ਉਹ ਆਦਰ ਦੇ ਯੋਗ ਸੀ। ਉਹ ਦੋਵੇਂ ਇਕ ਦੂਸਰੇ ਲਈ ਬਣਾਏ ਗਏ ਸਨ। ਬਾਈਬਲ ਕਹਿੰਦੀ ਹੈ: “ਸੋ ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।”—ਉਤਪਤ 2:18-24.
ਪਰ, ਅੱਜ ਪਰਿਵਾਰਾਂ ਦੀ ਹਾਲਤ ਬਿਲਕੁਲ ਵੱਖਰੀ ਹੈ। ਅੱਜ ਪਰਿਵਾਰ ਟੁੱਟ ਕੇ ਬਿਖਰ ਰਹੇ ਹਨ। ਤੀਵੀਂ-ਆਦਮੀ ਇਕ-ਦੂਸਰੇ ਨੂੰ ਚੰਗਾ-ਮੰਦਾ ਕਹਿੰਦੇ ਤੇ ਇਕ-ਦੂਸਰੇ ਨੂੰ ਮਾਰਦੇ-ਕੁੱਟਦੇ ਵੀ ਹਨ। ਉਹ ਇਕ-ਦੂਸਰੇ ਦਾ ਭਲਾ ਕਰਨ ਦੀ ਬਜਾਇ ਬਹੁਤ ਖ਼ੁਦਗਰਜ਼ ਬਣ ਗਏ ਹਨ। ਅੱਜ ਤੀਵੀਂ-ਆਦਮੀ ਇਕ-ਦੂਸਰੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਹਨ ਜਿਸ ਕਾਰਨ ਫ਼ਸਾਦ ਖੜ੍ਹੇ ਹੋ ਜਾਂਦੇ ਹਨ। ਪਰ, ਇਹ ਯਹੋਵਾਹ ਦੀ ਇੱਛਾ ਦੇ ਬਿਲਕੁਲ ਉਲਟ ਹੈ। ਯਹੋਵਾਹ ਨੇ ਆਦਮੀ ਨੂੰ ਧਰਤੀ ਤੇ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਸੀ। ਅਤੇ ਤੀਵੀਂ ਨੇ ਇਹ ਜ਼ਿੰਮੇਵਾਰੀ ਨਿਭਾਉਣ ਵਿਚ ਆਦਮੀ ਦਾ ਸਾਥ ਦੇਣਾ ਸੀ। ਉਨ੍ਹਾਂ ਦੋਹਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਸੀ। ਮਨੁੱਖੀ ਇਤਿਹਾਸ ਦੇ ਸ਼ੁਰੂ ਤੋਂ ਯਹੋਵਾਹ ਦੇ ਵਫ਼ਾਦਾਰ ਸੇਵਕਾਂ, ਜਿਨ੍ਹਾਂ ਵਿਚ ਆਦਮੀ ਤੇ ਔਰਤਾਂ ਦੋਨੋਂ ਸ਼ਾਮਲ ਹਨ, ਨੇ ਯਹੋਵਾਹ ਵੱਲੋਂ ਸੌਂਪੀਆਂ ਗਈਆਂ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਖ਼ੁਸ਼ੀ ਮਿਲੀ ਹੈ। ਪਰ, ਇਹ ਜ਼ਿੰਮੇਵਾਰੀਆਂ ਜਾਂ ਫ਼ਰਜ਼ ਕੀ ਹਨ ਜੋ ਪਰਮੇਸ਼ੁਰ ਨੇ ਸਾਨੂੰ ਸੌਂਪੇ ਹਨ ਅਤੇ ਅਸੀਂ ਇਨ੍ਹਾਂ ਨੂੰ ਕਿਵੇਂ ਨਿਭਾ ਸਕਦੇ ਹਾਂ?
[ਸਫ਼ਾ 3 ਉੱਤੇ ਤਸਵੀਰ]
ਆਦਮੀ ਤੇ ਔਰਤ ਨੂੰ ਯਹੋਵਾਹ ਨੇ ਖ਼ਾਸ ਜ਼ਿੰਮੇਵਾਰੀਆਂ ਸੌਂਪੀਆਂ ਹਨ