ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਇਸ ਦਾ ਕੀ ਮਤਲਬ ਹੈ ਕਿ ਸੁਲੇਮਾਨ ਨੂੰ ‘ਹਜ਼ਾਰਾਂ ਵਿੱਚੋਂ ਇੱਕ ਆਦਮੀ ਲੱਭਾ ਪਰ ਇੱਕ ਵੀ ਤੀਵੀਂ ਏਹਨਾਂ ਸਾਰਿਆਂ ਵਿੱਚੋਂ ਨਹੀਂ ਲੱਭੀ’?—ਉਪਦੇਸ਼ਕ ਦੀ ਪੋਥੀ 7:28.
ਇਨ੍ਹਾਂ ਸ਼ਬਦਾਂ ਦਾ ਸਹੀ ਮਤਲਬ ਸਮਝਣ ਲਈ ਸਾਨੂੰ ਪਹਿਲਾਂ ਔਰਤਾਂ ਪ੍ਰਤੀ ਯਹੋਵਾਹ ਦਾ ਨਜ਼ਰੀਆ ਦੇਖਣਾ ਪਵੇਗਾ। ਬਾਈਬਲ ਵਿਚ ਰੂਥ ਨਾਂ ਦੀ ਔਰਤ ਨੂੰ “ਸਤਵੰਤੀ ਇਸਤ੍ਰੀ” ਕਿਹਾ ਗਿਆ ਹੈ। (ਰੂਥ 3:11) ਕਹਾਉਤਾਂ 31:10 ਵਿਚ ਲਿਖਿਆ ਹੈ ਕਿ ਇਕ ਚੰਗੀ ਤੀਵੀਂ “ਕਈ ਬਹੁਮੁਲੇ ਹੀਰਿਆਂ ਤੋਂ ਵੀ ਕੀਮਤੀ ਹੁੰਦੀ ਹੈ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਤਾਂ ਫਿਰ ਪ੍ਰਾਚੀਨ ਇਸਰਾਏਲ ਦੇ ਰਾਜਾ ਸੁਲੇਮਾਨ ਦੇ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ: ‘ਮੈਨੂੰ ਹਜ਼ਾਰਾਂ ਵਿੱਚੋਂ ਇਕ ਸੱਚਾ ਆਦਮੀ ਲੱਭਾ ਹੈ ਪਰ ਕਦੇ ਵੀ ਇਕ ਸੱਚੀ ਤੀਵੀਂ ਨਹੀਂ।’—ਮੌਫ਼ਟ।
ਉਪਦੇਸ਼ਕ ਦੀ ਪੋਥੀ 7:26 ਤੋਂ ਪਤਾ ਲੱਗਦਾ ਹੈ ਕਿ ਸੁਲੇਮਾਨ ਦੇ ਜ਼ਮਾਨੇ ਵਿਚ ਔਰਤਾਂ ਦਾ ਚਾਲ-ਚਲਣ ਬਹੁਤ ਵਿਗੜ ਚੁੱਕਾ ਸੀ। ਇਸ ਦੀ ਵਜ੍ਹਾ ਬਆਲ ਦੀ ਪੂਜਾ ਕਰਨ ਵਾਲੀਆਂ ਵਿਦੇਸ਼ੀ ਔਰਤਾਂ ਦੇ ਭੈੜੇ ਚਾਲ-ਚਲਣ ਦਾ ਅਸਰ ਹੋ ਸਕਦਾ ਹੈ। ਰਾਜਾ ਸੁਲੇਮਾਨ ਨੂੰ ਵੀ ਗ਼ਲਤ ਪਾਸੇ ਲਾਉਣ ਪਿੱਛੇ ਉਸ ਦੀਆਂ ਵਿਦੇਸ਼ੀ ਪਤਨੀਆਂ ਦਾ ਹੱਥ ਸੀ। ਬਾਈਬਲ ਕਹਿੰਦੀ ਹੈ ਕਿ “ਉਹ ਦੀਆਂ ਸੱਤ ਸੌ ਰਾਣੀਆਂ ਸਨ ਜਿਹੜੀਆਂ ਰਾਜ ਪੁੱਤ੍ਰੀਆਂ ਸਨ ਨਾਲੇ ਤਿੰਨ ਸੌ ਸੁਰੀਤਾਂ ਅਤੇ ਉਹ ਦੀਆਂ ਇਸਤ੍ਰੀਆਂ ਨੇ ਉਹ ਦਾ ਮਨ ਫੇਰ ਲਿਆ।” (1 ਰਾਜਿਆਂ 11:1-4) ਪਰ ਔਰਤਾਂ ਹੀ ਭੈੜੀਆਂ ਨਹੀਂ ਸਨ, ਬਲਕਿ ਆਦਮੀ ਵੀ ਗਿਰ ਚੁੱਕੇ ਸਨ। ਹਜ਼ਾਰਾਂ ਵਿੱਚੋਂ ਇਕ ਵੀ ਚੰਗਾ ਆਦਮੀ ਲੱਭਣਾ ਮੁਸ਼ਕਲ ਸੀ ਯਾਨੀ ਕਿ ਨਾਂਹ ਦੇ ਬਰਾਬਰ। ਸੁਲੇਮਾਨ ਇਸ ਸਿੱਟੇ ਤੇ ਪਹੁੰਚਿਆ: “ਵੇਖੋ, ਮੈਂ ਨਿਰਾ ਇਹੋ ਹੀ ਲੱਭਾ ਹੈ ਭਈ ਪਰਮੇਸ਼ੁਰ ਨੇ ਆਦਮੀ ਨੂੰ ਸਿੱਧਾ ਬਣਾਇਆ ਪਰ ਓਹਨਾਂ ਨੇ ਬਾਹਲੀਆਂ ਜੁਗਤਾਂ ਭਾਲੀਆਂ ਹਨ।” (ਉਪਦੇਸ਼ਕ ਦੀ ਪੋਥੀ 7:29) ਅਸਲ ਵਿਚ ਸੁਲੇਮਾਨ ਨੇ ਇਹ ਗੱਲ ਸਾਰੀ ਮਨੁੱਖਜਾਤੀ ਬਾਰੇ ਕਹੀ ਸੀ, ਨਾ ਕਿ ਉਹ ਇੱਥੇ ਤੀਵੀਆਂ ਨੂੰ ਆਦਮੀਆਂ ਨਾਲੋਂ ਨੀਵਾਂ ਦਿਖਾ ਰਿਹਾ ਸੀ। ਤਾਂ ਫਿਰ ਉਪਦੇਸ਼ਕ ਦੀ ਪੋਥੀ 7:28 ਵਿਚ ਪਾਏ ਜਾਂਦੇ ਸੁਲੇਮਾਨ ਦੇ ਸ਼ਬਦ ਉਸ ਦੇ ਜ਼ਮਾਨੇ ਦੇ ਲੋਕਾਂ ਦੇ ਮਾੜੇ ਆਚਰਣ ਵੱਲ ਸੰਕੇਤ ਕਰਦੇ ਹਨ।
ਇਸ ਆਇਤ ਦਾ ਇਕ ਹੋਰ ਵੀ ਮਤਲਬ ਹੋ ਸਕਦਾ ਹੈ। ਇਸ ਦਾ ਇਹ ਵੀ ਅਰਥ ਹੋ ਸਕਦਾ ਹੈ ਕਿ ਕਿਸੇ ਵੀ ਔਰਤ ਨੇ ਮੁਕੰਮਲ ਤੌਰ ਤੇ ਯਹੋਵਾਹ ਦੀ ਆਗਿਆਕਾਰੀ ਨਹੀਂ ਕੀਤੀ। ਪਰ ਯਿਸੂ ਮਸੀਹ ਅਜਿਹਾ ਇਕ ਆਦਮੀ ਸੀ ਜੋ ਯਹੋਵਾਹ ਦਾ ਪੂਰੀ ਤਰ੍ਹਾਂ ਆਗਿਆਕਾਰ ਰਿਹਾ।—ਰੋਮੀਆਂ 5:15-17.
[ਸਫ਼ਾ 31 ਉੱਤੇ ਤਸਵੀਰ]
‘ਹਜ਼ਾਰਾਂ ਵਿੱਚੋਂ ਇੱਕ ਆਦਮੀ’