Skip to content

Skip to table of contents

ਬਾਈਬਲ ਦੀ ਸਿੱਖਿਆ ਤੇ ਚੱਲਣ ਵਿਚ ਲੋਕਾਂ ਦੀ ਮਦਦ ਕਰੋ

ਬਾਈਬਲ ਦੀ ਸਿੱਖਿਆ ਤੇ ਚੱਲਣ ਵਿਚ ਲੋਕਾਂ ਦੀ ਮਦਦ ਕਰੋ

ਬਾਈਬਲ ਦੀ ਸਿੱਖਿਆ ਤੇ ਚੱਲਣ ਵਿਚ ਲੋਕਾਂ ਦੀ ਮਦਦ ਕਰੋ

“ਜੋ ਚੰਗੀ ਜਮੀਨ ਵਿੱਚ ਕਿਰਿਆ ਸੋ ਓਹ ਹਨ ਜਿਹੜੇ ਸੁਣ ਕੇ ਬਚਨ ਨੂੰ ਚੰਗੇ ਅਤੇ ਖਰੇ ਦਿਲ ਵਿੱਚ ਸਾਂਭੀ ਰੱਖਦੇ ਹਨ ਅਰ ਧੀਰਜ ਨਾਲ ਫਲ ਦਿੰਦੇ ਹਨ।”—ਲੂਕਾ 8:15.

1, 2. (ੳ) ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਕਿਸ ਮਕਸਦ ਨਾਲ ਤਿਆਰ ਕੀਤੀ ਗਈ ਹੈ? (ਅ) ਹਾਲ ਹੀ ਦੇ ਸਾਲਾਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਦੀ ਮਿਹਨਤ ਉੱਤੇ ਬਰਕਤ ਕਿਵੇਂ ਪਾਈ ਹੈ?

ਇਕ ਪਾਇਨੀਅਰ ਭੈਣ ਨੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? * ਕਿਤਾਬ ਬਾਰੇ ਕਿਹਾ: “ਇਹ ਵਾਕਈ ਲਾਜਵਾਬ ਕਿਤਾਬ ਹੈ। ਮੇਰੇ ਵਿਦਿਆਰਥੀਆਂ ਨੂੰ ਇਸ ਵਿੱਚੋਂ ਸਟੱਡੀ ਕਰ ਕੇ ਬੜਾ ਮਜ਼ਾ ਆਉਂਦਾ ਹੈ ਅਤੇ ਮੈਨੂੰ ਵੀ ਇਹ ਕਿਤਾਬ ਬਹੁਤ ਪਸੰਦ ਹੈ। ਇਸ ਦੀ ਮਦਦ ਨਾਲ ਮੈਂ ਕਈਆਂ ਨਾਲ ਦਰਵਾਜ਼ੇ ਤੇ ਖੜ੍ਹ ਕੇ ਹੀ ਸਟੱਡੀਆਂ ਸ਼ੁਰੂ ਕੀਤੀਆਂ ਹਨ।” ਇਸੇ ਕਿਤਾਬ ਬਾਰੇ ਇਕ ਬਜ਼ੁਰਗ ਭਰਾ ਨੇ ਕਿਹਾ: “ਪਿਛਲੇ 50 ਸਾਲਾਂ ਦੌਰਾਨ ਮੈਂ ਕਈ ਕਿਤਾਬਾਂ ਵਿੱਚੋਂ ਲੋਕਾਂ ਨੂੰ ਸਟੱਡੀ ਕਰਾ ਕੇ ਯਹੋਵਾਹ ਨੂੰ ਜਾਣਨ ਵਿਚ ਉਨ੍ਹਾਂ ਦੀ ਮਦਦ ਕੀਤੀ ਹੈ। ਪਰ ਇਹ ਕਿਤਾਬ ਬਾਕੀਆਂ ਨਾਲੋਂ ਵੱਖਰੀ ਹੈ। ਇਸ ਵਿਚ ਦਿੱਤੀਆਂ ਤਸਵੀਰਾਂ ਤੇ ਉਦਾਹਰਣਾਂ ਬਹੁਤ ਹੀ ਵਧੀਆ ਤੇ ਸਮਝਣ ਵਿਚ ਆਸਾਨ ਹਨ।” ਕੀ ਤੁਸੀਂ ਵੀ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਬਾਰੇ ਇਸੇ ਤਰ੍ਹਾਂ ਮਹਿਸੂਸ ਕਰਦੇ ਹੋ? ਇਹ ਕਿਤਾਬ ਤੁਹਾਡੀ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ ਤਾਂਕਿ ਤੁਸੀਂ ਯਿਸੂ ਦੇ ਇਸ ਹੁਕਮ ਦਾ ਪਾਲਣ ਕਰ ਸਕੋ: “ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ . . . ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।”—ਮੱਤੀ 28:19, 20.

2 ਅੱਜ ਯਹੋਵਾਹ ਦੇ ਲਗਭਗ 66 ਲੱਖ ਗਵਾਹ ਯਿਸੂ ਦੇ ਹੁਕਮ ਮੁਤਾਬਕ ਲੋਕਾਂ ਨੂੰ ਚੇਲੇ ਬਣਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੀ ਮਿਹਨਤ ਦੇਖ ਕੇ ਯਹੋਵਾਹ ਦਾ ਜੀਅ ਅਨੰਦ ਹੁੰਦਾ ਹੈ। (ਕਹਾਉਤਾਂ 27:11) ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਨੇ ਉਨ੍ਹਾਂ ਦੀ ਮਿਹਨਤ ਉੱਤੇ ਬਰਕਤ ਪਾਈ ਹੈ। ਮਿਸਾਲ ਲਈ, ਸਾਲ 2005 ਦੌਰਾਨ 235 ਦੇਸ਼ਾਂ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈ ਜਾ ਰਹੀ ਸੀ। ਉਸ ਸਾਲ 60,61,500 ਤੋਂ ਜ਼ਿਆਦਾ ਬਾਈਬਲ ਸਟੱਡੀਆਂ ਕਰਾਈਆਂ ਗਈਆਂ। ਨਤੀਜੇ ਵਜੋਂ, ਬਹੁਤ ਸਾਰੇ ਲੋਕਾਂ ਨੇ ਪਰਮੇਸ਼ੁਰ ਦਾ ਬਚਨ ਸੁਣ ਕੇ “ਉਹ ਨੂੰ ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ ਮੁੱਚੀਂ ਹੈ ਪਰਮੇਸ਼ੁਰ ਦਾ ਬਚਨ ਕਰਕੇ ਕਬੂਲ ਕੀਤਾ।” (1 ਥੱਸਲੁਨੀਕੀਆਂ 2:13) ਪਿਛਲੇ ਦੋ ਸਾਲਾਂ ਦੌਰਾਨ ਪੰਜ ਲੱਖ ਤੋਂ ਜ਼ਿਆਦਾ ਲੋਕਾਂ ਨੇ ਯਹੋਵਾਹ ਦੇ ਮਿਆਰਾਂ ਮੁਤਾਬਕ ਆਪਣੇ ਆਪ ਨੂੰ ਬਦਲਿਆ ਹੈ ਅਤੇ ਆਪਣੀ ਜ਼ਿੰਦਗੀ ਉਸ ਨੂੰ ਸਮਰਪਿਤ ਕੀਤੀ ਹੈ।

3. ਇਸ ਲੇਖ ਵਿਚ ਅਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੀ ਵਰਤੋਂ ਬਾਰੇ ਕਿਹੜੇ ਸਵਾਲਾਂ ਤੇ ਚਰਚਾ ਕਰਾਂਗੇ?

3 ਕੀ ਤੁਸੀਂ ਹਾਲ ਹੀ ਵਿਚ ਕਿਸੇ ਨਾਲ ਬਾਈਬਲ ਸਟੱਡੀ ਕਰਨ ਦੀ ਖ਼ੁਸ਼ੀ ਹਾਸਲ ਕੀਤੀ ਹੈ? ਦੁਨੀਆਂ ਭਰ ਵਿਚ ਅਜੇ ਵੀ “ਚੰਗੇ ਅਤੇ ਖਰੇ ਦਿਲ” ਵਾਲੇ ਲੋਕ ਹਨ ਜੋ ਪਰਮੇਸ਼ੁਰ ਦਾ ਬਚਨ ਸੁਣ ਕੇ ਇਸ ਨੂੰ ‘ਸਾਂਭੀ ਰੱਖਣਗੇ ਅਰ ਧੀਰਜ ਨਾਲ ਫਲ ਦੇਣਗੇ।’ (ਲੂਕਾ 8:11-15) ਸੋ ਆਓ ਆਪਾਂ ਦੇਖੀਏ ਕਿ ਅਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਨੂੰ ਚੇਲੇ ਬਣਾਉਣ ਲਈ ਕਿਵੇਂ ਵਰਤ ਸਕਦੇ ਹਾਂ। ਅਸੀਂ ਤਿੰਨ ਸਵਾਲਾਂ ਤੇ ਚਰਚਾ ਕਰਾਂਗੇ: (1) ਕਿਸੇ ਨਾਲ ਬਾਈਬਲ ਸਟੱਡੀ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ? (2) ਸਿਖਾਉਣ ਦੇ ਵਧੀਆ ਤਰੀਕੇ ਕੀ ਹਨ? (3) ਅਸੀਂ ਕਿਸੇ ਨੂੰ ਚੰਗੇ ਵਿਦਿਆਰਥੀ ਹੋਣ ਦੇ ਨਾਲ-ਨਾਲ ਬਾਈਬਲ ਦੇ ਚੰਗੇ ਸਿੱਖਿਅਕ ਬਣਨ ਵਿਚ ਕਿਵੇਂ ਮਦਦ ਦੇ ਸਕਦੇ ਹਾਂ?

ਕਿਸੇ ਨਾਲ ਬਾਈਬਲ ਸਟੱਡੀ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ?

4. ਕਈ ਲੋਕ ਬਾਈਬਲ ਸਟੱਡੀ ਕਰਨ ਤੋਂ ਕਿਉਂ ਡਰਦੇ ਹਨ ਅਤੇ ਅਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?

4 ਜੇ ਕੋਈ ਤੁਹਾਨੂੰ ਇੱਕੋ ਛਾਲ ਵਿਚ ਕਿਸੇ ਵੱਡੀ ਨਦੀ ਨੂੰ ਪਾਰ ਕਰਨ ਲਈ ਕਹੇ, ਤਾਂ ਤੁਸੀਂ ਸ਼ਾਇਦ ਘਬਰਾ ਜਾਓਗੇ। ਪਰ ਜੇ ਨਦੀ ਵਿਚ ਕੁਝ-ਕੁਝ ਫ਼ਾਸਲੇ ਤੇ ਪੈਰ ਰੱਖਣ ਲਈ ਪੱਥਰ ਰੱਖ ਦਿੱਤੇ ਜਾਣ, ਤਾਂ ਤੁਸੀਂ ਨਦੀ ਪਾਰ ਕਰਨ ਲਈ ਤਿਆਰ ਹੋ ਜਾਓਗੇ। ਇਸੇ ਤਰ੍ਹਾਂ, ਕਈ ਲੋਕ ਸ਼ਾਇਦ ਬਾਈਬਲ ਸਟੱਡੀ ਕਰਨ ਲਈ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢਣ ਦੇ ਖ਼ਿਆਲ ਤੋਂ ਘਬਰਾ ਜਾਣ। ਉਹ ਸ਼ਾਇਦ ਸੋਚਣ ਕਿ ਸਟੱਡੀ ਕਰਨ ਲਈ ਬਹੁਤ ਸਮਾਂ ਲਾਉਣਾ ਤੇ ਸਿਰ ਖਪਾਉਣਾ ਪਵੇਗਾ। ਇਨ੍ਹਾਂ ਲੋਕਾਂ ਦੀ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ? ਅਸੀਂ ਨਵੀਂ ਕਿਤਾਬ ਵਿੱਚੋਂ ਕਿਸੇ ਵਿਸ਼ੇ ਤੇ ਕੁਝ ਹੀ ਮਿੰਟਾਂ ਲਈ ਚਰਚਾ ਕਰ ਕੇ ਉਨ੍ਹਾਂ ਵਿਚ ਦਿਲਚਸਪੀ ਜਗਾ ਸਕਦੇ ਹਾਂ। ਜੇ ਹਰ ਵਾਰ ਅਸੀਂ ਚੰਗੀ ਤਿਆਰੀ ਕਰ ਕੇ ਉਨ੍ਹਾਂ ਨਾਲ ਚਰਚਾ ਕਰਾਂਗੇ, ਤਾਂ ਉਹ ਯਹੋਵਾਹ ਦੇ ਦੋਸਤ ਬਣਨ ਵੱਲ ਹੌਲੀ-ਹੌਲੀ ਕਦਮ ਵਧਾ ਸਕਣਗੇ।

5. ਸਾਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਕਿਉਂ ਪੜ੍ਹਨੀ ਚਾਹੀਦੀ ਹੈ?

5 ਪਰ ਨਵੀਂ ਕਿਤਾਬ ਵਿੱਚੋਂ ਦੂਸਰਿਆਂ ਨੂੰ ਸਿਖਾਉਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਆਪ ਇਸ ਕਿਤਾਬ ਤੋਂ ਚੰਗੀ ਤਰ੍ਹਾਂ ਵਾਕਫ਼ ਹੋਈਏ। ਕੀ ਤੁਸੀਂ ਇਹ ਪੂਰੀ ਕਿਤਾਬ ਪੜ੍ਹੀ ਹੈ? ਇਕ ਪਤੀ-ਪਤਨੀ ਜਦੋਂ ਛੁੱਟੀਆਂ ਤੇ ਗਏ, ਤਾਂ ਪੜ੍ਹਨ ਲਈ ਉਹ ਇਹ ਨਵੀਂ ਕਿਤਾਬ ਆਪਣੇ ਨਾਲ ਲੈ ਗਏ। ਉਹ ਸਮੁੰਦਰ ਕਿਨਾਰੇ ਆਰਾਮ ਕਰਦੇ ਸਮੇਂ ਇਸ ਨੂੰ ਪੜ੍ਹਦੇ ਸਨ। ਇਕ ਦਿਨ ਇਕ ਤੀਵੀਂ ਕੁਝ ਸਾਮਾਨ ਵੇਚਣ ਲਈ ਉਨ੍ਹਾਂ ਕੋਲ ਆਈ। ਅਚਾਨਕ ਉਸ ਦੀ ਨਜ਼ਰ ਇਸ ਕਿਤਾਬ ਤੇ ਪਈ। ਕਿਤਾਬ ਦਾ ਨਾਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੜ੍ਹ ਕੇ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਕੁਝ ਹੀ ਘੰਟੇ ਪਹਿਲਾਂ ਉਸ ਨੇ ਰੱਬ ਨੂੰ ਦੁਆ ਕਰ ਕੇ ਇਸੇ ਸਵਾਲ ਦਾ ਜਵਾਬ ਮੰਗਿਆ ਸੀ। ਉਸ ਦੀ ਦਿਲਚਸਪੀ ਦੇਖ ਕੇ ਇਸ ਪਤੀ-ਪਤਨੀ ਨੇ ਉਸ ਨੂੰ ਕਿਤਾਬ ਦੇ ਦਿੱਤੀ। ਕੀ ਇਸ ਤਜਰਬੇ ਤੋਂ ਅਸੀਂ ਕੁਝ ਸਿੱਖ ਸਕਦੇ ਹਾਂ? ਕੀ ਤੁਸੀਂ “ਸਮੇਂ ਨੂੰ ਲਾਭਦਾਇਕ” ਢੰਗ ਨਾਲ ਵਰਤ ਕੇ ਇਸ ਕਿਤਾਬ ਨੂੰ ਪੜ੍ਹਿਆ ਹੈ? (ਅਫ਼ਸੀਆਂ 5:15, 16) ਤੁਸੀਂ ਕਿਸੇ ਦੀ ਉਡੀਕ ਕਰਦੇ ਵੇਲੇ ਜਾਂ ਲੰਚ-ਬ੍ਰੇਕ ਦੌਰਾਨ ਇਹ ਕਿਤਾਬ ਪੜ੍ਹ ਸਕਦੇ ਹੋ। ਪਰ ਜੇ ਤੁਸੀਂ ਇਹ ਕਿਤਾਬ ਪੜ੍ਹ ਲਈ ਹੈ, ਤਾਂ ਇਸ ਨੂੰ ਦੁਬਾਰਾ ਪੜ੍ਹੋ। ਇਸ ਤਰ੍ਹਾਂ ਤੁਸੀਂ ਇਸ ਕਿਤਾਬ ਤੋਂ ਚੰਗੀ ਤਰ੍ਹਾਂ ਵਾਕਫ਼ ਹੋ ਜਾਓਗੇ ਤੇ ਦੂਸਰਿਆਂ ਨਾਲ ਇਸ ਵਿੱਚੋਂ ਗੱਲਬਾਤ ਕਰਨ ਲਈ ਤਿਆਰ ਹੋਵੋਗੇ।

6, 7. ਅਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿੱਚੋਂ ਸਟੱਡੀ ਕਿਵੇਂ ਸ਼ੁਰੂ ਕਰ ਸਕਦੇ ਹਾਂ?

6 ਲੋਕਾਂ ਨੂੰ ਇਹ ਕਿਤਾਬ ਦਿੰਦੇ ਵੇਲੇ ਸਫ਼ੇ 4, 5 ਤੇ 6 ਉੱਤੇ ਦਿੱਤੀਆਂ ਤਸਵੀਰਾਂ, ਬਾਈਬਲ ਦੀਆਂ ਆਇਤਾਂ ਅਤੇ ਸਵਾਲਾਂ ਨੂੰ ਵਰਤੋ। ਮਿਸਾਲ ਲਈ, ਤੁਸੀਂ ਲੋਕਾਂ ਨਾਲ ਇਸ ਤਰ੍ਹਾਂ ਗੱਲਬਾਤ ਸ਼ੁਰੂ ਕਰ ਸਕਦੇ ਹੋ: “ਅੱਜ ਮੁਸ਼ਕਲਾਂ ਨਾਲ ਘਿਰੇ ਇਨਸਾਨਾਂ ਨੂੰ ਅਜਿਹੀ ਸੇਧ ਕਿੱਥੋਂ ਮਿਲ ਸਕਦੀ ਹੈ ਜਿਸ ਉੱਤੇ ਉਹ ਭਰੋਸਾ ਰੱਖ ਸਕਣ?” ਉਨ੍ਹਾਂ ਦਾ ਜਵਾਬ ਸੁਣਨ ਤੋਂ ਬਾਅਦ 2 ਤਿਮੋਥਿਉਸ 3:16, 17 ਪੜ੍ਹੋ ਅਤੇ ਸਮਝਾਓ ਕਿ ਬਾਈਬਲ ਇਨਸਾਨਾਂ ਦੀਆਂ ਮੁਸ਼ਕਲਾਂ ਦਾ ਪੱਕਾ ਹੱਲ ਦੱਸਦੀ ਹੈ। ਫਿਰ ਉਨ੍ਹਾਂ ਦਾ ਧਿਆਨ ਸਫ਼ੇ 4 ਅਤੇ 5 ਵੱਲ ਖਿੱਚਦੇ ਹੋਏ ਪੁੱਛੋ: “ਇਸ ਸਫ਼ੇ ਤੇ ਦਿਖਾਏ ਗਏ ਹਾਲਾਤਾਂ ਵਿੱਚੋਂ ਤੁਹਾਨੂੰ ਕਿਹੜੀ ਸਮੱਸਿਆ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਹੈ?” ਜਦੋਂ ਉਹ ਕਿਸੇ ਇਕ ਤਸਵੀਰ ਵੱਲ ਇਸ਼ਾਰਾ ਕਰਦੇ ਹਨ, ਤਾਂ ਉਨ੍ਹਾਂ ਨੂੰ ਕਿਤਾਬ ਫੜਾ ਕੇ ਤਸਵੀਰ ਹੇਠਾਂ ਦਿੱਤੀ ਆਇਤ ਨੂੰ ਬਾਈਬਲ ਵਿੱਚੋਂ ਪੜ੍ਹ ਕੇ ਸੁਣਾਓ। ਇਸ ਤੋਂ ਬਾਅਦ ਸਫ਼ਾ 6 ਦੇ ਪੈਰੇ ਪੜ੍ਹੋ ਅਤੇ ਪੁੱਛੋ, “ਇਨ੍ਹਾਂ ਛੇ ਸਵਾਲਾਂ ਵਿੱਚੋਂ ਤੁਸੀਂ ਕਿਸ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਹੋ?” ਜਦੋਂ ਉਹ ਕੋਈ ਸਵਾਲ ਚੁਣਦੇ ਹਨ, ਤਾਂ ਉਨ੍ਹਾਂ ਨੂੰ ਕਿਤਾਬ ਦਾ ਉਹ ਅਧਿਆਇ ਦਿਖਾਓ ਜਿਸ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਨੂੰ ਕਿਤਾਬ ਦੇ ਕੇ ਕਹੋ ਕਿ ਤੁਸੀਂ ਅਗਲੀ ਵਾਰ ਆ ਕੇ ਉਨ੍ਹਾਂ ਨਾਲ ਇਸ ਸਵਾਲ ਤੇ ਚਰਚਾ ਕਰੋਗੇ। ਉਨ੍ਹਾਂ ਨੂੰ ਦੁਬਾਰਾ ਮਿਲਣ ਦਾ ਸਮਾਂ ਨਿਸ਼ਚਿਤ ਕਰੋ।

7 ਇੰਨਾ ਕੁਝ ਕਹਿਣ ਲਈ ਤੁਹਾਨੂੰ ਮਸੀਂ ਪੰਜ ਮਿੰਟ ਲੱਗਣਗੇ। ਪਰ ਇਨ੍ਹਾਂ ਕੁਝ ਮਿੰਟਾਂ ਦੀ ਗੱਲਬਾਤ ਤੋਂ ਤੁਸੀਂ ਬਹੁਤ ਕੁਝ ਹਾਸਲ ਕਰ ਲਿਆ ਹੋਵੇਗਾ। ਪਹਿਲੀ ਗੱਲ ਤਾਂ ਤੁਸੀਂ ਜਾਣ ਜਾਓਗੇ ਕਿ ਅਗਲਾ ਬੰਦਾ ਕਿਨ੍ਹਾਂ ਗੱਲਾਂ ਵਿਚ ਰੁਚੀ ਰੱਖਦਾ ਹੈ। ਇਸ ਤੋਂ ਇਲਾਵਾ, ਤੁਹਾਨੂੰ ਬਾਈਬਲ ਵਿੱਚੋਂ ਦੋ ਆਇਤਾਂ ਪੜ੍ਹ ਕੇ ਸੁਣਾਉਣ ਅਤੇ ਉਸ ਵਿਅਕਤੀ ਨੂੰ ਦੁਬਾਰਾ ਮਿਲਣ ਦਾ ਇੰਤਜ਼ਾਮ ਕਰਨ ਦਾ ਵੀ ਮੌਕਾ ਮਿਲ ਜਾਵੇਗਾ। ਨਾਲੇ ਕੀ ਪਤਾ ਇਸ ਛੋਟੀ ਜਿਹੀ ਗੱਲਬਾਤ ਤੋਂ ਕਿਸੇ ਉਦਾਸ ਦਿਲ ਨੂੰ ਆਸ਼ਾ ਤੇ ਦਿਲਾਸਾ ਮਿਲਿਆ ਹੋਵੇ? ਨਤੀਜੇ ਵਜੋਂ, ਉਹ ਵਿਅਕਤੀ ਆਪਣੇ ਰੁਝੇਵਿਆਂ ਦੇ ਬਾਵਜੂਦ ਸ਼ਾਇਦ ਤੁਹਾਡੇ ਨਾਲ ਅਗਲੀ ਵਾਰ ਫਿਰ ਗੱਲ ਕਰਨ ਲਈ ਤਿਆਰ ਹੋ ਜਾਵੇ। ਇਸ ਤਰ੍ਹਾਂ ਤੁਸੀਂ ਹੌਲੀ-ਹੌਲੀ ਉਸ ਦੀ ਉਸ ਰਾਹ ਤੇ ਚੱਲਣ ਵਿਚ ਮਦਦ ਕਰ ਸਕੋਗੇ ਜੋ “ਜੀਉਣ ਨੂੰ ਜਾਂਦਾ ਹੈ।” (ਮੱਤੀ 7:14) ਜਦੋਂ ਉਸ ਦੀ ਰੁਚੀ ਵਧ ਜਾਵੇ, ਤਾਂ ਤੁਸੀਂ ਸਟੱਡੀ ਦੀ ਮਿਆਦ ਵਧਾ ਸਕਦੇ ਹੋ। ਤੁਸੀਂ ਉਸ ਨੂੰ ਕਹਿ ਸਕਦੇ ਹੋ: ‘ਕਿਉਂ ਨਾ ਅਸੀਂ ਅੱਜ ਬੈਠ ਕੇ 10-15 ਮਿੰਟਾਂ ਲਈ ਸਟੱਡੀ ਕਰੀਏ?’

ਸਿਖਾਉਣ ਦੇ ਵਧੀਆ ਤਰੀਕੇ

8, 9. (ੳ) ਤੁਸੀਂ ਆਪਣੇ ਵਿਦਿਆਰਥੀਆਂ ਨੂੰ ਮੁਸ਼ਕਲਾਂ ਤੇ ਅਜ਼ਮਾਇਸ਼ਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਕਿਵੇਂ ਤਿਆਰ ਕਰ ਸਕਦੇ ਹੋ? (ਅ) ਅਸੀਂ ਕਿਸ ਚੀਜ਼ ਨਾਲ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ ਤਾਂਕਿ ਉਹ ਆਪਣੇ ਵਿਚ ਪੱਕੀ ਨਿਹਚਾ ਪੈਦਾ ਕਰ ਸਕਣ?

8 ਜਦੋਂ ਵਿਦਿਆਰਥੀ ਬਾਈਬਲ ਦੀ ਸਿੱਖਿਆ ਉੱਤੇ ਚੱਲਣ ਲੱਗ ਪੈਂਦਾ ਹੈ, ਤਾਂ ਹੋ ਸਕਦਾ ਹੈ ਕਿ ਉਸ ਨੂੰ ਕਈ ਮੁਸ਼ਕਲਾਂ ਆਉਣ। ਇਹ ਉਸ ਦੀ ਤਰੱਕੀ ਕਰਨ ਵਿਚ ਰੁਕਾਵਟ ਬਣ ਸਕਦੀਆਂ ਹਨ। ਪੌਲੁਸ ਰਸੂਲ ਨੇ ਕਿਹਾ ਸੀ ਕਿ “ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।” (2 ਤਿਮੋਥਿਉਸ 3:12) ਪੌਲੁਸ ਨੇ ਇਨ੍ਹਾਂ ਅਜ਼ਮਾਇਸ਼ਾਂ ਦੀ ਤੁਲਨਾ ਅੱਗ ਨਾਲ ਕੀਤੀ ਸੀ। ਅੱਗ ਲੱਕੜ ਤੇ ਘਾਹ-ਫੂਸ ਨੂੰ ਝੱਟ ਭਸਮ ਕਰ ਦਿੰਦੀ ਹੈ, ਪਰ ਸੋਨੇ, ਚਾਂਦੀ ਅਤੇ ਬਹੁਮੁੱਲੇ ਪੱਥਰਾਂ ਨੂੰ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਹੈ। (1 ਕੁਰਿੰਥੀਆਂ 3:10-13; 1 ਪਤਰਸ 1:6, 7) ਇਸੇ ਤਰ੍ਹਾਂ, ਆਪਣੇ ਵਿਦਿਆਰਥੀ ਵਿਚ ਅਜਿਹੇ ਪੱਕੇ ਗੁਣ ਪੈਦਾ ਕਰੋ ਕਿ ਉਹ ਅੱਗ ਰੂਪੀ ਅਜ਼ਮਾਇਸ਼ਾਂ ਦਾ ਡਟ ਕੇ ਮੁਕਾਬਲਾ ਕਰ ਸਕੇ।

9 ਬਾਈਬਲ ਦੇ ਇਕ ਲਿਖਾਰੀ ਨੇ ਕਿਹਾ ਸੀ ਕਿ ‘ਯਹੋਵਾਹ ਦੇ ਬਚਨ ਉਸ ਚਾਂਦੀ ਵਰਗੇ ਹਨ ਜਿਹੜੀ ਮਿੱਟੀ ਦੀ ਭੱਠੀ ਵਿੱਚ ਤਾਈ ਹੋਈ ਹੈ, ਅਤੇ ਸੱਤ ਵਾਰੀ ਨਿਰਮਲ ਕੀਤੀ ਹੋਈ ਹੈ।’ (ਜ਼ਬੂਰਾਂ ਦੀ ਪੋਥੀ 12:6) ਹਾਂ, ਬਾਈਬਲ ਦੀ ਅਨਮੋਲ ਸਿੱਖਿਆ ਨਾਲ ਅਸੀਂ ਵਿਦਿਆਰਥੀ ਦੀ ਮਦਦ ਕਰ ਸਕਦੇ ਹਾਂ ਤਾਂਕਿ ਉਹ ਆਪਣੇ ਵਿਚ ਪੱਕੀ ਨਿਹਚਾ ਪੈਦਾ ਕਰ ਸਕੇ। (ਜ਼ਬੂਰਾਂ ਦੀ ਪੋਥੀ 19:7-11; ਕਹਾਉਤਾਂ 2:1-6) ਇਸ ਤੋਂ ਇਲਾਵਾ, ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਸਾਨੂੰ ਦਿਖਾਉਂਦੀ ਹੈ ਕਿ ਅਸੀਂ ਬਾਈਬਲ ਦੀ ਸਹੀ ਵਰਤੋਂ ਕਿਵੇਂ ਕਰ ਸਕਦੇ ਹਾਂ।

10. ਤੁਸੀਂ ਆਪਣੇ ਵਿਦਿਆਰਥੀ ਦਾ ਧਿਆਨ ਬਾਈਬਲ ਵੱਲ ਕਿਵੇਂ ਖਿੱਚ ਸਕਦੇ ਹੋ?

10 ਸਟੱਡੀ ਕਰਦੇ ਸਮੇਂ ਵਿਦਿਆਰਥੀ ਦਾ ਧਿਆਨ ਬਾਈਬਲ ਦੀਆਂ ਆਇਤਾਂ ਵੱਲ ਖਿੱਚੋ। ਆਇਤਾਂ ਨੂੰ ਸਮਝਣ ਅਤੇ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਵਿਚ ਉਸ ਦੀ ਮਦਦ ਕਰੋ। ਉਸ ਨੂੰ ਇਹ ਨਾ ਦੱਸੋ ਕਿ ਉਸ ਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਚਾਹੀਦਾ, ਸਗੋਂ ਅਜਿਹੇ ਸਵਾਲ ਪੁੱਛੋ ਕਿ ਉਹ ਆਪ ਸੋਚਣ ਲਈ ਮਜਬੂਰ ਹੋ ਜਾਵੇ। ਇਸ ਗੱਲ ਵਿਚ ਅਸੀਂ ਯਿਸੂ ਦੀ ਰੀਸ ਕਰ ਸਕਦੇ ਹਾਂ। ਮਿਸਾਲ ਲਈ, ਜਦੋਂ ਬਿਵਸਥਾ ਦੇ ਇਕ ਮਾਹਰ ਨੇ ਸਦੀਪਕ ਜੀਵਨ ਬਾਰੇ ਯਿਸੂ ਨੂੰ ਸਵਾਲ ਕੀਤਾ, ਤਾਂ ਯਿਸੂ ਨੇ ਜਵਾਬ ਵਿਚ ਕਿਹਾ: “ਤੁਰੇਤ ਵਿੱਚ ਕੀ ਲਿਖਿਆ ਹੋਇਆ ਹੈ? ਤੂੰ ਕਿੱਕੁਰ ਪੜ੍ਹਦਾ ਹੈਂ?” ਉਸ ਬੰਦੇ ਨੇ ਪਵਿੱਤਰ ਸ਼ਾਸਤਰ ਵਿੱਚੋਂ ਸਹੀ ਜਵਾਬ ਦਿੱਤਾ। ਫਿਰ ਯਿਸੂ ਨੇ ਉਸ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਉਹ ਪਵਿੱਤਰ ਸ਼ਾਸਤਰ ਦੀ ਸਲਾਹ ਨੂੰ ਆਪਣੇ ਤੇ ਲਾਗੂ ਕਿਵੇਂ ਕਰ ਸਕਦਾ ਸੀ। (ਲੂਕਾ 10:25-37) ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿਚ ਕਈ ਸੌਖੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਵਰਤ ਕੇ ਤੁਸੀਂ ਆਪਣੇ ਵਿਦਿਆਰਥੀ ਦੀ ਇਹ ਸਮਝਣ ਵਿਚ ਮਦਦ ਕਰ ਸਕਦੇ ਹੋ ਕਿ ਉਸ ਨੂੰ ਬਾਈਬਲ ਦੇ ਅਸੂਲਾਂ ਤੇ ਚੱਲਣ ਦੀ ਲੋੜ ਕਿਉਂ ਹੈ।

11. ਹਰ ਸਟੱਡੀ ਦੌਰਾਨ ਵਿਦਿਆਰਥੀ ਨਾਲ ਕਿੰਨੇ ਪੈਰੇ ਪੜ੍ਹੇ ਜਾਣੇ ਚਾਹੀਦੇ ਹਨ?

11 ਯਿਸੂ ਨੇ ਔਖੀਆਂ ਗੱਲਾਂ ਨੂੰ ਆਸਾਨ ਤਰੀਕੇ ਨਾਲ ਸਮਝਾਇਆ ਸੀ। ਇਸੇ ਤਰ੍ਹਾਂ ਇਸ ਨਵੀਂ ਕਿਤਾਬ ਵਿਚ ਵੀ ਪਰਮੇਸ਼ੁਰ ਦੀਆਂ ਗੱਲਾਂ ਨੂੰ ਸੌਖੀ ਭਾਸ਼ਾ ਵਿਚ ਸਮਝਾਇਆ ਗਿਆ ਹੈ। (ਮੱਤੀ 7:28, 29) ਯਿਸੂ ਦੀ ਰੀਸ ਕਰਦਿਆਂ ਗੱਲ ਨੂੰ ਸਹੀ-ਸਹੀ, ਸਰਲ ਅਤੇ ਸਪੱਸ਼ਟ ਤਰੀਕੇ ਨਾਲ ਸਮਝਾਓ। ਹਰ ਵਿਦਿਆਰਥੀ ਨੂੰ ਉੱਨੇ ਕੁ ਪੈਰੇ ਪੜ੍ਹਾਓ ਜਿੰਨੇ ਕੁ ਉਹ ਆਸਾਨੀ ਨਾਲ ਸਮਝ ਸਕੇ। ਇਹ ਵਿਦਿਆਰਥੀ ਦੀ ਕਾਬਲੀਅਤ ਅਤੇ ਹਾਲਾਤਾਂ ਉੱਤੇ ਨਿਰਭਰ ਕਰੇਗਾ। ਯਿਸੂ ਆਪਣੇ ਚੇਲਿਆਂ ਨੂੰ ਸਮਝਦਾ ਸੀ ਅਤੇ ਕਦੇ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਸਮਝਣ ਦੀ ਯੋਗਤਾ ਤੋਂ ਵੱਧ ਜਾਣਕਾਰੀ ਨਹੀਂ ਦਿੰਦਾ ਸੀ।—ਯੂਹੰਨਾ 16:12.

12. ਕਿਤਾਬ ਦੇ ਅਖ਼ੀਰ ਵਿਚ ਦਿੱਤੀ ਜਾਣਕਾਰੀ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ?

12 ਨਵੀਂ ਕਿਤਾਬ ਦੇ ਅਖ਼ੀਰ ਵਿਚ 14 ਵਿਸ਼ਿਆਂ ਤੇ ਹੋਰ ਜਾਣਕਾਰੀ ਦਿੱਤੀ ਗਈ ਹੈ। ਹਰ ਵਿਦਿਆਰਥੀ ਦੀਆਂ ਲੋੜਾਂ ਨੂੰ ਦੇਖਦੇ ਹੋਏ ਤੁਸੀਂ ਆਪ ਫ਼ੈਸਲਾ ਕਰੋ ਕਿ ਇਸ ਜਾਣਕਾਰੀ ਨੂੰ ਕਿਵੇਂ ਵਰਤਿਆ ਜਾਵੇ। ਮਿਸਾਲ ਲਈ, ਜੇ ਵਿਦਿਆਰਥੀ ਆਪਣੇ ਪੁਰਾਣੇ ਵਿਸ਼ਵਾਸਾਂ ਕਾਰਨ ਕਿਸੇ ਗੱਲ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਪਾ ਰਿਹਾ ਹੈ ਜਾਂ ਉਸ ਦੇ ਮਨ ਵਿਚ ਅਜੇ ਵੀ ਸ਼ੱਕ ਹੈ, ਤਾਂ ਤੁਸੀਂ ਉਸ ਨੂੰ ਕਿਤਾਬ ਦੇ ਅਖ਼ੀਰ ਵਿਚ ਹੋਰ ਜਾਣਕਾਰੀ ਪੜ੍ਹਨ ਲਈ ਕਹਿ ਸਕਦੇ ਹੋ। ਪਰ ਜੇ ਵਿਦਿਆਰਥੀ ਲਈ ਆਪਣੇ ਆਪ ਇਹ ਜਾਣਕਾਰੀ ਸਮਝਣੀ ਔਖੀ ਹੈ, ਤਾਂ ਤੁਸੀਂ ਉਸ ਨਾਲ ਬੈਠ ਕੇ ਇਸ ਦੀ ਚਰਚਾ ਕਰ ਸਕਦੇ ਹੋ। ਇਸ ਵਿਚ ਕਈ ਅਹਿਮ ਵਿਸ਼ਿਆਂ ਤੇ ਚਰਚਾ ਕੀਤੀ ਗਈ ਹੈ, ਜਿਵੇਂ “ਕੀ ਇਨਸਾਨਾਂ ਅੰਦਰ ਆਤਮਾ ਹੈ?” ਅਤੇ “‘ਵੱਡੀ ਬਾਬੁਲ’ ਕੌਣ ਹੈ?” ਤੁਸੀਂ ਸ਼ਾਇਦ ਵਿਦਿਆਰਥੀ ਦੀ ਲੋੜ ਦੇਖਦਿਆਂ ਇਨ੍ਹਾਂ ਵਿਸ਼ਿਆਂ ਤੇ ਚਰਚਾ ਕਰਨੀ ਚਾਹੋਗੇ। ਇਸ ਜਾਣਕਾਰੀ ਵਿਚ ਸਵਾਲ ਨਹੀਂ ਦਿੱਤੇ ਗਏ ਹਨ, ਇਸ ਲਈ ਤੁਹਾਨੂੰ ਵਿਸ਼ੇ ਤੋਂ ਚੰਗੀ ਤਰ੍ਹਾਂ ਵਾਕਫ਼ ਹੋਣਾ ਪਵੇਗਾ ਤਾਂਕਿ ਤੁਸੀਂ ਆਪ ਸਵਾਲ ਬਣਾ ਸਕੋ।

13. ਨਿਹਚਾ ਪੱਕੀ ਕਰਨ ਲਈ ਪ੍ਰਾਰਥਨਾ ਕਰਨੀ ਕਿੰਨੀ ਕੁ ਜ਼ਰੂਰੀ ਹੈ?

13ਜ਼ਬੂਰ 127:1 ਵਿਚ ਲਿਖਿਆ ਹੈ: “ਜੇ ਕਰ ਯਹੋਵਾਹ ਹੀ ਘਰ ਨਾ ਬਣਾਵੇ, ਤਾਂ ਉਸ ਦੇ ਬਣਾਉਣ ਵਾਲੇ ਦੀ ਮਿਹਨਤ ਵਿਆਰਥ ਹੈ।” ਸੋ ਬਾਈਬਲ ਸਟੱਡੀ ਲਈ ਤਿਆਰੀ ਕਰਦੇ ਵੇਲੇ ਯਹੋਵਾਹ ਦੀ ਮਦਦ ਮੰਗੋ। ਵਿਦਿਆਰਥੀ ਨੂੰ ਸਟੱਡੀ ਕਰਾਉਣ ਤੋਂ ਪਹਿਲਾਂ ਤੇ ਬਾਅਦ ਵਿਚ ਪ੍ਰਾਰਥਨਾ ਕਰੋ। ਤੁਹਾਡੀਆਂ ਪ੍ਰਾਰਥਨਾਵਾਂ ਤੋਂ ਉਸ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਤੁਸੀਂ ਯਹੋਵਾਹ ਨੂੰ ਕਿੰਨਾ ਮੰਨਦੇ ਹੋ। ਵਿਦਿਆਰਥੀ ਨੂੰ ਵੀ ਉਤਸ਼ਾਹ ਦਿਓ ਕਿ ਉਹ ਯਹੋਵਾਹ ਦੇ ਬਚਨ ਨੂੰ ਸਮਝਣ ਅਤੇ ਇਸ ਤੇ ਚੱਲਣ ਦੀ ਤਾਕਤ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੇ। (ਯਾਕੂਬ 1:5) ਇੱਦਾਂ ਕਰਨ ਦੁਆਰਾ ਵਿਦਿਆਰਥੀ ਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲੇਗੀ ਅਤੇ ਯਹੋਵਾਹ ਵਿਚ ਉਸ ਦੀ ਨਿਹਚਾ ਪੱਕੀ ਹੋਵੇਗੀ।

ਬਾਈਬਲ ਦੇ ਚੰਗੇ ਸਿੱਖਿਅਕ ਬਣਨ ਵਿਚ ਉਨ੍ਹਾਂ ਦੀ ਮਦਦ ਕਰੋ

14. ਬਾਈਬਲ ਦੇ ਵਿਦਿਆਰਥੀਆਂ ਨੂੰ ਕੀ ਬਣਨ ਦੀ ਲੋੜ ਹੈ?

14 ਜੇ ਸਾਡੇ ਵਿਦਿਆਰਥੀਆਂ ਨੇ “ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ” ਕਰਨੀ ਹੈ ਜੋ ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਕੀਤਾ ਸੀ, ਤਾਂ ਉਨ੍ਹਾਂ ਨੂੰ ਵੀ ਇਕ ਦਿਨ ਬਾਈਬਲ ਦੇ ਸਿੱਖਿਅਕ ਬਣਨ ਦੀ ਲੋੜ ਹੈ। (ਮੱਤੀ 28:19, 20; ਰਸੂਲਾਂ ਦੇ ਕਰਤੱਬ 1:6-8) ਇਸ ਟੀਚੇ ਵੱਲ ਕਦਮ ਵਧਾਉਣ ਵਿਚ ਤੁਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹੋ?

15. ਸਾਨੂੰ ਆਪਣੇ ਵਿਦਿਆਰਥੀ ਨੂੰ ਸਭਾਵਾਂ ਵਿਚ ਆਉਣ ਦਾ ਸੱਦਾ ਕਿਉਂ ਦੇਣਾ ਚਾਹੀਦਾ ਹੈ?

15 ਪਹਿਲੀ ਸਟੱਡੀ ਤੋਂ ਹੀ ਵਿਦਿਆਰਥੀ ਨੂੰ ਆਪਣੇ ਨਾਲ ਸਭਾਵਾਂ ਵਿਚ ਆਉਣ ਦਾ ਸੱਦਾ ਦਿਓ। ਉਸ ਨੂੰ ਸਮਝਾਓ ਕਿ ਦੂਸਰਿਆਂ ਨੂੰ ਬਾਈਬਲ ਸਿਖਾਉਣ ਦੀ ਸਿਖਲਾਈ ਤੁਹਾਨੂੰ ਸਭਾਵਾਂ ਵਿਚ ਹੀ ਮਿਲਦੀ ਹੈ। ਸ਼ੁਰੂ ਦੇ ਕੁਝ ਹਫ਼ਤਿਆਂ ਦੌਰਾਨ, ਹਰ ਸਟੱਡੀ ਤੋਂ ਬਾਅਦ ਕੁਝ ਮਿੰਟਾਂ ਲਈ ਵਿਦਿਆਰਥੀ ਨੂੰ ਸਮਝਾਓ ਕਿ ਵੱਖ-ਵੱਖ ਸਭਾਵਾਂ ਤੇ ਸੰਮੇਲਨਾਂ ਵਿਚ ਕੀ-ਕੀ ਹੁੰਦਾ ਹੈ। ਜੋਸ਼ ਨਾਲ ਸਭਾਵਾਂ ਦੇ ਫ਼ਾਇਦੇ ਦੱਸੋ। (ਇਬਰਾਨੀਆਂ 10:24, 25) ਜਦੋਂ ਵਿਦਿਆਰਥੀ ਬਾਕਾਇਦਾ ਸਭਾਵਾਂ ਵਿਚ ਆਵੇਗਾ, ਤਾਂ ਉਹ ਬਾਈਬਲ ਸਿੱਖਿਅਕ ਬਣਨ ਵਿਚ ਤੇਜ਼ੀ ਨਾਲ ਤਰੱਕੀ ਕਰ ਸਕੇਗਾ।

16, 17. ਬਾਈਬਲ ਦਾ ਵਿਦਿਆਰਥੀ ਕਿਹੜੇ ਸੌਖੇ ਟੀਚੇ ਰੱਖ ਸਕਦਾ ਹੈ?

16 ਆਪਣੇ ਵਿਦਿਆਰਥੀ ਨੂੰ ਛੋਟੇ-ਛੋਟੇ ਟੀਚੇ ਰੱਖਣ ਦੀ ਸਲਾਹ ਦਿਓ। ਮਿਸਾਲ ਲਈ, ਉਸ ਨੂੰ ਪ੍ਰੇਰਣਾ ਦਿਓ ਕਿ ਉਹ ਜੋ ਕੁਝ ਸਿੱਖਦਾ ਹੈ ਉਸ ਨੂੰ ਕਿਸੇ ਦੋਸਤ ਜਾਂ ਰਿਸ਼ਤੇਦਾਰ ਨਾਲ ਸਾਂਝਾ ਕਰੇ। ਉਹ ਪੂਰੀ ਬਾਈਬਲ ਪੜ੍ਹਨ ਦਾ ਟੀਚਾ ਵੀ ਰੱਖ ਸਕਦਾ ਹੈ। ਜੇ ਬਾਈਬਲ ਪੜ੍ਹਨੀ ਉਸ ਦੀ ਆਦਤ ਬਣ ਜਾਵੇਗੀ, ਤਾਂ ਇਹ ਚੰਗੀ ਆਦਤ ਬਪਤਿਸਮਾ ਲੈਣ ਤੋਂ ਬਾਅਦ ਵੀ ਉਸ ਦੇ ਬਹੁਤ ਕੰਮ ਆਵੇਗੀ। ਇਸ ਤੋਂ ਇਲਾਵਾ ਉਹ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਹਰ ਅਧਿਆਇ ਵਿੱਚੋਂ ਇਕ ਸਵਾਲ ਦਾ ਜਵਾਬ ਦੇਣ ਲਈ ਬਾਈਬਲ ਦਾ ਇਕ ਹਵਾਲਾ ਯਾਦ ਕਰਨ ਦਾ ਟੀਚਾ ਰੱਖ ਸਕਦਾ ਹੈ। ਇੱਦਾਂ ਕਰਨ ਨਾਲ ਉਸ ਨੂੰ ਅਜਿਹਾ ਚੰਗਾ ਸਿੱਖਿਅਕ ਬਣਨ ਦੀ ਟ੍ਰੇਨਿੰਗ ਮਿਲੇਗੀ “ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।”—2 ਤਿਮੋਥਿਉਸ 2:15.

17 ਵਿਦਿਆਰਥੀ ਨੂੰ ਸਿਖਾਓ ਕਿ ਉਹ ਰਟੀਆਂ-ਰਟਾਈਆਂ ਆਇਤਾਂ ਦੁਹਰਾਉਣ ਜਾਂ ਉਨ੍ਹਾਂ ਦਾ ਸਾਰ ਦੇਣ ਦੀ ਬਜਾਇ ਦੂਸਰਿਆਂ ਦੇ ਸਵਾਲ ਦਾ ਜਵਾਬ ਦੇਣ ਲਈ ਬਾਈਬਲ ਵਿੱਚੋਂ ਢੁਕਵੀਂ ਆਇਤ ਪੜ੍ਹ ਕੇ ਸਮਝਾਏ। ਉਸ ਨੂੰ ਇਹ ਸਿਖਲਾਈ ਦੇਣ ਲਈ ਤੁਸੀਂ ਉਸ ਨਾਲ ਰੀਹਰਸਲ ਕਰ ਸਕਦੇ ਹੋ। ਤੁਸੀਂ ਰਿਸ਼ਤੇਦਾਰ ਜਾਂ ਸਹਿਕਰਮੀ ਬਣ ਕੇ ਉਸ ਨੂੰ ਪੁੱਛੋ ਕਿ ਉਹ ਕੋਈ ਗੱਲ ਕਿਉਂ ਮੰਨਦਾ ਹੈ ਅਤੇ ਫਿਰ ਉਹ ਤੁਹਾਨੂੰ ਬਾਈਬਲ ਵਿੱਚੋਂ ਜਵਾਬ ਦੇਣ ਦੀ ਕੋਸ਼ਿਸ਼ ਕਰੇਗਾ। ਤੁਸੀਂ ਉਸ ਨੂੰ “ਨਰਮਾਈ” ਅਤੇ ਆਦਰ ਨਾਲ ਜਵਾਬ ਦੇਣ ਦੀ ਵੀ ਸਿਖਲਾਈ ਦੇ ਸਕਦੇ ਹੋ।—1 ਪਤਰਸ 3:15.

18. ਜਦੋਂ ਵਿਦਿਆਰਥੀ ਨੂੰ ਕਲੀਸਿਯਾ ਨਾਲ ਮਿਲ ਕੇ ਪ੍ਰਚਾਰ ਕਰਨ ਦੀ ਇਜਾਜ਼ਤ ਮਿਲ ਜਾਂਦੀ ਹੈ, ਤਾਂ ਤੁਸੀਂ ਉਸ ਦੀ ਮਦਦ ਕਿਵੇਂ ਕਰ ਸਕਦੇ ਹੋ?

18 ਸਮਾਂ ਪਾ ਕੇ ਵਿਦਿਆਰਥੀ ਇਸ ਹੱਦ ਤਕ ਤਰੱਕੀ ਕਰ ਲਵੇਗਾ ਕਿ ਉਹ ਕਲੀਸਿਯਾ ਨਾਲ ਮਿਲ ਕੇ ਪ੍ਰਚਾਰ ਕਰਨਾ ਚਾਹੇਗਾ। ਉਸ ਨੂੰ ਸਮਝਾਓ ਕਿ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਾ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ। (2 ਕੁਰਿੰਥੀਆਂ 4:1, 7) ਜਦੋਂ ਕਲੀਸਿਯਾ ਦੇ ਬਜ਼ੁਰਗ ਉਸ ਨੂੰ ਕਲੀਸਿਯਾ ਨਾਲ ਮਿਲ ਕੇ ਸੇਵਕਾਈ ਕਰਨ ਦੀ ਇਜਾਜ਼ਤ ਦੇ ਦਿੰਦੇ ਹਨ, ਤਾਂ ਉਸ ਨੂੰ ਟ੍ਰੇਨਿੰਗ ਦੇਣ ਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ। ਉਸ ਨੂੰ ਲੋਕਾਂ ਨਾਲ ਸੌਖੇ ਤਰੀਕੇ ਨਾਲ ਗੱਲਬਾਤ ਸ਼ੁਰੂ ਕਰਨੀ ਸਿਖਾਓ। ਉਸ ਨਾਲ ਪ੍ਰਚਾਰ ਕਰਨ ਜਾਓ। ਘਰ-ਘਰ ਪ੍ਰਚਾਰ ਕਰਨ ਤੋਂ ਇਲਾਵਾ ਉਸ ਨੂੰ ਹੋਰ ਤਰੀਕਿਆਂ ਨਾਲ ਵੀ ਪ੍ਰਚਾਰ ਕਰਨਾ ਸਿਖਾਓ। ਜੇ ਕੋਈ ਵਿਅਕਤੀ ਬਾਈਬਲ ਦੇ ਸੰਦੇਸ਼ ਵਿਚ ਰੁਚੀ ਲੈਂਦਾ ਹੈ, ਤਾਂ ਵਿਦਿਆਰਥੀ ਨੂੰ ਸਿਖਾਓ ਕਿ ਉਹ ਉਸ ਵਿਅਕਤੀ ਨੂੰ ਦੁਬਾਰਾ ਮਿਲਣ ਅਤੇ ਉਸ ਦੀ ਰੁਚੀ ਨੂੰ ਵਧਾਉਣ ਦੀ ਕਿਵੇਂ ਤਿਆਰੀ ਕਰ ਸਕਦਾ ਹੈ। ਇਸ ਗੱਲ ਵਿਚ ਤੁਹਾਡੀ ਵਧੀਆ ਮਿਸਾਲ ਦਾ ਉਸ ਉੱਤੇ ਚੰਗਾ ਅਸਰ ਪਵੇਗਾ।—ਲੂਕਾ 6:40.

‘ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾ’

19, 20. ਸਾਡਾ ਕੀ ਟੀਚਾ ਹੋਣਾ ਚਾਹੀਦਾ ਹੈ ਅਤੇ ਕਿਉਂ?

19 ਇਸ ਵਿਚ ਕੋਈ ਸ਼ੱਕ ਨਹੀਂ ਕਿ “ਸਤ ਦੇ ਗਿਆਨ” ਤੇ ਚੱਲਣ ਵਿਚ ਦੂਸਰਿਆਂ ਦੀ ਮਦਦ ਕਰਨੀ ਬਹੁਤ ਮਿਹਨਤ ਦਾ ਕੰਮ ਹੈ। (1 ਤਿਮੋਥਿਉਸ 2:4) ਪਰ ਇਹ ਵੀ ਸੱਚ ਹੈ ਕਿ ਇਸ ਤੋਂ ਜੋ ਖ਼ੁਸ਼ੀ ਮਿਲਦੀ ਹੈ ਉਹ ਹੋਰ ਕਿਸੇ ਕੰਮ ਤੋਂ ਨਹੀਂ ਮਿਲ ਸਕਦੀ। (1 ਥੱਸਲੁਨੀਕੀਆਂ 2:19, 20) ਇਹ ਸਾਡੇ ਲਈ ਕਿੰਨੇ ਮਾਣ ਦੀ ਗੱਲ ਹੈ ਕਿ ਅਸੀਂ ਦੁਨੀਆਂ ਭਰ ਵਿਚ ਲੋਕਾਂ ਨੂੰ ਸਿਖਾਉਣ ਦਾ “ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ” ਹਾਂ!—1 ਕੁਰਿੰਥੀਆਂ 3:9.

20 ਯਹੋਵਾਹ ਜਲਦੀ ਹੀ ਯਿਸੂ ਮਸੀਹ ਅਤੇ ਤਾਕਤਵਰ ਫ਼ਰਿਸ਼ਤਿਆਂ ਰਾਹੀਂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ “ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ।” (2 ਥੱਸਲੁਨੀਕੀਆਂ 1:6-8) ਅੱਜ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿਚ ਹੈ। ਦੂਜਿਆਂ ਨੂੰ ਪਰਮੇਸ਼ੁਰ ਦਾ ਗਿਆਨ ਦੇ ਕੇ ਤੁਸੀਂ ‘ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾ’ ਸਕਦੇ ਹੋ। (1 ਤਿਮੋਥਿਉਸ 4:16) ਤਾਂ ਫਿਰ, ਕੀ ਤੁਸੀਂ ਘੱਟੋ-ਘੱਟ ਇਕ ਵਿਅਕਤੀ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿੱਚੋਂ ਸਟੱਡੀ ਕਰਾਉਣ ਦਾ ਟੀਚਾ ਰੱਖਿਆ ਹੈ? ਆਓ ਆਪਾਂ ਬਾਈਬਲ ਦੀ ਸਿੱਖਿਆ ਤੇ ਚੱਲਣ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰੀਏ ਤਾਂਕਿ ਉਹ ਆਉਣ ਵਾਲੇ ਨਾਸ਼ ਵਿੱਚੋਂ ਬਚ ਸਕਣ।

[ਫੁਟਨੋਟ]

^ ਪੈਰਾ 1 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

ਤੁਸੀਂ ਕੀ ਸਿੱਖਿਆ?

• ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਕਿਸ ਮਕਸਦ ਨਾਲ ਤਿਆਰ ਕੀਤੀ ਗਈ ਹੈ?

• ਤੁਸੀਂ ਇਸ ਨਵੀਂ ਕਿਤਾਬ ਵਿੱਚੋਂ ਬਾਈਬਲ ਸਟੱਡੀਆਂ ਕਿਵੇਂ ਸ਼ੁਰੂ ਕਰ ਸਕਦੇ ਹੋ?

• ਸਿਖਾਉਣ ਦੇ ਕਿਹੜੇ ਤਰੀਕੇ ਵਧੀਆ ਹਨ?

• ਬਾਈਬਲ ਸਿੱਖਿਅਕ ਬਣਨ ਵਿਚ ਤੁਸੀਂ ਵਿਦਿਆਰਥੀ ਦੀ  ਮਦਦ ਕਿਵੇਂ ਕਰ ਸਕਦੇ ਹੋ?

[ਸਵਾਲ]

[ਸਫ਼ਾ 26 ਉੱਤੇ ਤਸਵੀਰ]

ਕੀ ਤੁਸੀਂ ਦੂਸਰਿਆਂ ਨੂੰ ਸਿਖਾਉਣ ਲਈ ਇਹ ਕਿਤਾਬ ਵਰਤ ਰਹੇ ਹੋ?

[ਸਫ਼ਾ 27 ਉੱਤੇ ਤਸਵੀਰ]

ਦੂਸਰਿਆਂ ਨਾਲ ਕੁਝ ਮਿੰਟਾਂ ਲਈ ਬਾਈਬਲ ਵਿੱਚੋਂ ਚਰਚਾ ਕਰ ਕੇ ਅਸੀਂ ਉਨ੍ਹਾਂ ਦੀ ਰੁਚੀ ਜਗਾ ਸਕਦੇ ਹਾਂ

[ਸਫ਼ਾ 29 ਉੱਤੇ ਤਸਵੀਰ]

ਵਿਦਿਆਰਥੀ ਦਾ ਧਿਆਨ ਬਾਈਬਲ ਵੱਲ ਖਿੱਚਣ ਲਈ ਤੁਸੀਂ ਕੀ ਕਰ ਸਕਦੇ ਹੋ?

[ਸਫ਼ਾ 30 ਉੱਤੇ ਤਸਵੀਰ]

ਤਰੱਕੀ ਕਰਨ ਵਿਚ ਵਿਦਿਆਰਥੀ ਦੀ ਮਦਦ ਕਰੋ