Skip to content

Skip to table of contents

ਬੱਚੇ ਦੇ ਸੱਚਾਈ ਛੱਡਣ ਦੇ ਬਾਵਜੂਦ ਆਪਣੀ ਨਿਹਚਾ ਮਜ਼ਬੂਤ ਰੱਖੋ

ਬੱਚੇ ਦੇ ਸੱਚਾਈ ਛੱਡਣ ਦੇ ਬਾਵਜੂਦ ਆਪਣੀ ਨਿਹਚਾ ਮਜ਼ਬੂਤ ਰੱਖੋ

ਬੱਚੇ ਦੇ ਸੱਚਾਈ ਛੱਡਣ ਦੇ ਬਾਵਜੂਦ ਆਪਣੀ ਨਿਹਚਾ ਮਜ਼ਬੂਤ ਰੱਖੋ

ਮਨਜੀਤ * ਨਾਂ ਦੀ ਇਕ ਮਸੀਹੀ ਭੈਣ ਨੇ ਆਪਣੇ ਬੇਟੇ ਨੂੰ ਯਹੋਵਾਹ ਦੀ ਸਿੱਖਿਆ ਦੇ ਕੇ ਪਾਲਣ ਦੀ ਕੋਸ਼ਿਸ਼ ਕੀਤੀ ਸੀ। ਪਰ ਜਦ ਉਹ 17-18 ਸਾਲਾਂ ਦਾ ਹੋਇਆ, ਤਦ ਉਸ ਨੇ ਯਹੋਵਾਹ ਤੋਂ ਮੂੰਹ ਮੋੜ ਲਿਆ ਅਤੇ ਉਹ ਘਰ ਛੱਡ ਕੇ ਚਲਾ ਗਿਆ। ਮਨਜੀਤ ਕਹਿੰਦੀ ਹੈ: “ਮੇਰੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਅਤੇ ਮੇਰੇ ਦਿਲ ਨੂੰ ਵੱਡੀ ਸੱਟ ਵੱਜੀ। ਮੈਨੂੰ ਪਤਾ ਨਾ ਲੱਗੇ ਕਿ ਮੈਂ ਕੀ ਕਰਾਂ। ਮੇਰੀ ਜ਼ਿੰਦਗੀ ਨਿਰਾਸ਼ਾ ਨਾਲ ਭਰ ਗਈ ਤੇ ਮੈਂ ਬਿਲਕੁਲ ਬੇਬੱਸ ਮਹਿਸੂਸ ਕਰਨ ਲੱਗ ਪਈ।”

ਸ਼ਾਇਦ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਹੋਇਆ ਹੋਵੇ। ਤੁਸੀਂ ਵੀ ਸ਼ਾਇਦ ਆਪਣੇ ਬੱਚਿਆਂ ਨੂੰ ਯਹੋਵਾਹ ਦੀ ਸਿੱਖਿਆ ਦੇ ਕੇ ਪਾਲਿਆ ਹੋਵੇ, ਪਰ ਵੱਡੇ ਹੋ ਕੇ ਉਨ੍ਹਾਂ ਨੇ ਯਹੋਵਾਹ ਦਾ ਲੜ ਛੱਡ ਦਿੱਤਾ। ਤੁਸੀਂ ਅਜਿਹਾ ਸਦਮਾ ਕਿਵੇਂ ਸਹਿ ਸਕਦੇ ਹੋ? ਯਹੋਵਾਹ ਦੀ ਸੇਵਾ ਵਿਚ ਤੁਸੀਂ ਕਿਵੇਂ ਦ੍ਰਿੜ੍ਹ ਰਹਿ ਸਕਦੇ ਹੋ?

ਯਹੋਵਾਹ ਦੇ ਪੁੱਤਰਾਂ ਨੇ ਵੀ ਉਸ ਤੋਂ ਮੂੰਹ ਫੇਰਿਆ ਸੀ

ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਯਹੋਵਾਹ ਨੂੰ ਸਾਡੇ ਦਰਦ ਦਾ ਪੂਰਾ ਅਹਿਸਾਸ ਹੈ। ਯਸਾਯਾਹ 49:15 ਵਿਚ ਅਸੀਂ ਪੜ੍ਹਦੇ ਹਾਂ: “ਭਲਾ, ਤੀਵੀਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸੱਕਦੀ, ਭਈ ਉਹ ਆਪਣੇ ਢਿੱਡ ਦੇ ਬਾਲ ਉੱਤੇ ਰਹਮ ਨਾ ਕਰੇ? ਏਹ ਭਾਵੇਂ ਭੁੱਲ ਜਾਣ ਪਰ ਮੈਂ ਤੈਨੂੰ ਨਹੀਂ ਭੁੱਲਾਂਗਾ।” ਜੀ ਹਾਂ, ਯਹੋਵਾਹ ਜਾਣਦਾ ਹੈ ਕਿ ਮਾਪਿਆਂ ਦੀਆਂ ਭਾਵਨਾਵਾਂ ਕਿਹੋ ਜਿਹੀਆਂ ਹੁੰਦੀਆਂ ਹਨ। ਜ਼ਰਾ ਕਲਪਨਾ ਕਰੋ ਕਿ ਯਹੋਵਾਹ ਨੂੰ ਕਿੰਨੀ ਖ਼ੁਸ਼ੀ ਹੋਈ ਹੋਣੀ ਜਦ ਉਸ ਦੇ ਸਾਰੇ ਸਵਰਗੀ ਪੁੱਤਰ ਉਸ ਦੀ ਉਸਤਤ ਅਤੇ ਸੇਵਾ ਕਰਦੇ ਹੁੰਦੇ ਸਨ। ਜਦ ਯਹੋਵਾਹ ਨੇ ਆਪਣੇ ਸੇਵਕ ਅੱਯੂਬ ਨਾਲ “ਵਾਵਰੋਲੇ ਵਿੱਚੋਂ” ਗੱਲ ਕੀਤੀ ਸੀ, ਤਦ ਉਸ ਨੇ ਉਨ੍ਹਾਂ ਖ਼ੁਸ਼ੀ ਭਰੇ ਸਮਿਆਂ ਬਾਰੇ ਦੱਸਿਆ ਜੋ ਉਸ ਨੇ ਆਪਣੇ ਸਾਰੇ ਸਵਰਗੀ ਪਰਿਵਾਰ ਨਾਲ ਗੁਜ਼ਾਰੇ ਸਨ। ਉਸ ਨੇ ਕਿਹਾ: “ਤੂੰ ਕਿੱਥੇ ਸੈਂ ਜਦ ਮੈਂ ਧਰਤੀ ਦੀ ਨੀਉਂ ਰੱਖੀ? . . . ਜਦ ਸਵੇਰ ਦੇ ਤਾਰੇ ਮਿਲ ਕੇ ਜੈਕਾਰੇ ਗਜਾਉਂਦੇ ਸਨ, ਅਤੇ ਪਰਮੇਸ਼ੁਰ ਦੇ ਸਾਰੇ ਪੁੱਤ੍ਰ ਨਾਰੇ ਮਾਰਦੇ ਸਨ?”—ਅੱਯੂਬ 38:1, 4, 7.

ਪਰ, ਸਮੇਂ ਦੇ ਬੀਤਣ ਨਾਲ ਯਹੋਵਾਹ ਦੇ ਇਕ ਸਵਰਗੀ ਪੁੱਤਰ ਨੇ ਉਸ ਤੋਂ ਮੂੰਹ ਮੋੜ ਲਿਆ। ਉਸ ਨੇ ਆਪਣੇ ਪਿਤਾ ਯਹੋਵਾਹ ਦਾ ਵਿਰੋਧ ਕਰ ਕੇ ਆਪਣੇ ਆਪ ਨੂੰ ਸ਼ਤਾਨ ਬਣਾ ਲਿਆ। ਫਿਰ ਯਹੋਵਾਹ ਨੇ ਆਪਣੇ ਪਹਿਲੇ ਮਨੁੱਖੀ ਪੁੱਤਰ ਆਦਮ ਅਤੇ ਉਸ ਦੀ ਪਤਨੀ ਨੂੰ ਸ਼ਤਾਨ ਦਾ ਸਾਥ ਦਿੰਦੇ ਦੇਖਿਆ। (ਉਤਪਤ 3:1-6; ਪਰਕਾਸ਼ ਦੀ ਪੋਥੀ 12:9) ਬਾਅਦ ਵਿਚ ਯਹੋਵਾਹ ਦੇ ਕਈ ਹੋਰਨਾਂ ਸਵਰਗੀ ਪੁੱਤਰਾਂ ਨੇ ਵੀ “ਆਪਣੇ ਅਸਲੀ ਠਿਕਾਣੇ ਨੂੰ ਛੱਡ” ਕੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕੀਤੀ।—ਯਹੂਦਾਹ 6.

ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਯਹੋਵਾਹ ਨੂੰ ਕਿੰਨਾ ਦੁੱਖ ਹੋਇਆ ਜਦ ਉਸ ਦੇ ਮੁਕੰਮਲ ਪੁੱਤਰਾਂ ਨੇ ਉਸ ਦੇ ਵਿਰੁੱਧ ਬਗਾਵਤ ਕੀਤੀ। ਪਰ ਬਾਈਬਲ ਇਹ ਜ਼ਰੂਰ ਕਹਿੰਦੀ ਹੈ ਕਿ “ਯਹੋਵਾਹ ਨੇ ਵੇਖਿਆ ਕਿ ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ। ਤਾਂ ਯਹੋਵਾਹ ਨੂੰ ਆਦਮੀ ਦੇ ਧਰਤੀ ਉੱਤੇ ਬਣਾਉਣ ਤੋਂ ਰੰਜ ਹੋਇਆ ਅਤੇ ਉਹ ਮਨ ਵਿੱਚ ਦੁਖੀ ਹੋਇਆ।” (ਉਤਪਤ 6:5, 6) ਜਦ ਯਹੋਵਾਹ ਦੀ ਚੁਣੀ ਹੋਈ ਕੌਮ ਇਸਰਾਏਲ ਨੇ ਬਗਾਵਤ ਕੀਤੀ, ਉਦੋਂ ਵੀ ਯਹੋਵਾਹ ਬਹੁਤ “ਉਦਾਸ” ਤੇ ਦੁਖੀ ਹੋਇਆ ਸੀ।—ਜ਼ਬੂਰਾਂ ਦੀ ਪੋਥੀ 78:40, 41.

ਵਾਕਈ, ਯਹੋਵਾਹ ਜਾਣਦਾ ਹੈ ਕਿ ਉਨ੍ਹਾਂ ਮਾਪਿਆਂ ਉੱਤੇ ਕੀ ਬੀਤਦੀ ਹੈ ਜਿਨ੍ਹਾਂ ਦੇ ਬੱਚੇ ਸੱਚਾਈ ਛੱਡ ਕੇ ਆਪਣੀ ਮਨ-ਮਰਜ਼ੀ ਕਰਨ ਲੱਗ ਪੈਂਦੇ ਹਨ। ਹਾਂ, ਯਹੋਵਾਹ ਇਨ੍ਹਾਂ ਮਾਪਿਆਂ ਨਾਲ ਪੂਰੀ ਹਮਦਰਦੀ ਰੱਖਦਾ ਹੈ। ਆਪਣੇ ਬਚਨ ਰਾਹੀਂ ਯਹੋਵਾਹ ਉਨ੍ਹਾਂ ਨੂੰ ਚੰਗੀ ਸਲਾਹ ਤੇ ਹੌਸਲਾ ਦਿੰਦਾ ਹੈ ਜਿਸ ਦੀ ਮਦਦ ਨਾਲ ਉਹ ਇਸ ਸਦਮੇ ਨੂੰ ਸਹਾਰ ਸਕਦੇ ਹਨ। ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਸਾਰੀ ਚਿੰਤਾ ਯਹੋਵਾਹ ਉੱਤੇ ਸੁੱਟ ਦੇਣ, ਨਿਮਰ ਬਣਨ ਅਤੇ ਸ਼ਤਾਨ ਦਾ ਸਾਮ੍ਹਣਾ ਕਰਨ। ਆਓ ਆਪਾਂ ਦੇਖੀਏ ਕਿ ਇਸ ਸਲਾਹ ਤੇ ਚੱਲ ਕੇ ਤੁਸੀਂ ਕਿਵੇਂ ਆਪਣੀ ਨਿਹਚਾ ਮਜ਼ਬੂਤ ਰੱਖ ਸਕਦੇ ਹੋ ਜੇ ਤੁਹਾਡਾ ਬੱਚਾ ਸੱਚਾਈ ਛੱਡ ਕੇ ਚਲਾ ਜਾਵੇ।

ਆਪਣੀ ਸਾਰੀ ਚਿੰਤਾ ਯਹੋਵਾਹ ਉੱਤੇ ਸੁੱਟੋ

ਯਹੋਵਾਹ ਜਾਣਦਾ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਲੱਗੀ ਰਹਿੰਦੀ ਹੈ। ਮਾਪੇ ਇਹੋ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਕਿਸੇ ਮੁਸੀਬਤ ਵਿਚ ਨਾ ਪੈ ਜਾਣ ਜਾਂ ਉਨ੍ਹਾਂ ਤੇ ਕੋਈ ਦੁੱਖ ਨਾ ਆਵੇ। ਪਤਰਸ ਰਸੂਲ ਸਮਝਾਉਂਦਾ ਹੈ ਕਿ ਅਸੀਂ ਇਸ ਦਾ ਅਤੇ ਹੋਰਨਾਂ ਚਿੰਤਾਵਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ। ਉਸ ਨੇ ਲਿਖਿਆ: “ਆਪਣੀ ਸਾਰੀ ਚਿੰਤਾ [ਯਹੋਵਾਹ] ਉੱਤੇ ਸੁੱਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:7) ਇਸ ਗੱਲ ਤੋਂ ਖ਼ਾਸ ਕਰਕੇ ਉਨ੍ਹਾਂ ਮਾਪਿਆਂ ਨੂੰ ਕਿਉਂ ਦਿਲਾਸਾ ਮਿਲਦਾ ਹੈ ਜਿਨ੍ਹਾਂ ਦੇ ਬੱਚਿਆਂ ਨੇ ਯਹੋਵਾਹ ਤੋਂ ਮੂੰਹ ਮੋੜ ਲਿਆ ਹੈ?

ਜਦ ਤੁਹਾਡਾ ਬੱਚਾ ਛੋਟਾ ਹੁੰਦਾ ਸੀ, ਤਾਂ ਤੁਸੀਂ ਹਮੇਸ਼ਾ ਉਸ ਨੂੰ ਖ਼ਤਰਿਆਂ ਤੋਂ ਬਚਾ ਕੇ ਰੱਖਦੇ ਸੀ ਤੇ ਉਹ ਤੁਹਾਡੀ ਗੱਲ ਸੁਣਦਾ ਸੀ। ਪਰ, ਜਿਉਂ-ਜਿਉਂ ਉਹ ਵੱਡਾ ਹੁੰਦਾ ਗਿਆ, ਤਿਉਂ-ਤਿਉਂ ਤੁਹਾਡਾ ਪ੍ਰਭਾਵ ਉਸ ਉੱਤੋਂ ਘੱਟਦਾ ਗਿਆ। ਲੇਕਿਨ ਉਸ ਵਾਸਤੇ ਤੁਹਾਡੀ ਚਿੰਤਾ ਨਹੀਂ ਘਟੀ। ਤੁਸੀਂ ਹਾਲੇ ਵੀ ਉਸ ਦਾ ਭਲਾ ਚਾਹੁੰਦੇ ਹੋ ਤੇ ਉਸ ਨੂੰ ਖ਼ਤਰਿਆਂ ਤੇ ਦੁੱਖਾਂ ਤੋਂ ਬਚਾ ਕੇ ਰੱਖਣਾ ਚਾਹੁੰਦੇ ਹੋ। ਇਸ ਲਈ ਸੰਭਵ ਹੈ ਕਿ ਉਸ ਵਾਸਤੇ ਤੁਹਾਡੀ ਚਿੰਤਾ ਅੱਗੇ ਨਾਲੋਂ ਵੀ ਵੱਧ ਗਈ ਹੈ।

ਜਦ ਤੁਹਾਡਾ ਬੱਚਾ ਯਹੋਵਾਹ ਤੋਂ ਦੂਰ ਹੋ ਜਾਂਦਾ ਹੈ ਅਤੇ ਆਪਣੇ ਆਪ ਤੇ ਦੁੱਖ ਲਿਆਉਂਦਾ ਹੈ, ਤਾਂ ਤੁਹਾਨੂੰ ਸ਼ਾਇਦ ਲੱਗੇ ਕਿ ਇਸ ਵਿਚ ਤੁਹਾਡਾ ਕੋਈ ਕਸੂਰ ਹੈ। ਮਨਜੀਤ, ਜਿਸ ਦਾ ਜ਼ਿਕਰ ਸ਼ੁਰੂ ਵਿਚ ਕੀਤਾ ਸੀ, ਨੇ ਬਿਲਕੁਲ ਇਸੇ ਤਰ੍ਹਾਂ ਮਹਿਸੂਸ ਕੀਤਾ। ਉਸ ਨੇ ਕਿਹਾ: “ਹਰ ਦਿਨ ਮੈਨੂੰ ਇਹੋ ਗੱਲ ਖਾਈ ਜਾ ਰਹੀ ਸੀ ਕਿ ਮੈਂ ਕੋਈ ਗ਼ਲਤੀ ਕੀਤੀ ਹੈ। ਮੈਂ ਆਪਣੇ ਆਪ ਨੂੰ ਕਸੂਰਵਾਰ ਸਮਝਦੀ ਸੀ। ਮੈਂ ਬੀਤੀਆਂ ਗੱਲਾਂ ਯਾਦ ਕਰ-ਕਰ ਕੇ ਇਹੀ ਸੋਚਦੀ ਰਹਿੰਦੀ ਸੀ ਕਿ ਮੈਂ ਆਪਣੇ ਬੱਚੇ ਦੀ ਪਰਵਰਿਸ਼ ਵਿਚ ਕੋਈ ਕਮੀ ਛੱਡ ਦਿੱਤੀ।” ਖ਼ਾਸ ਕਰਕੇ ਅਜਿਹੇ ਮੌਕਿਆਂ ਤੇ ਯਹੋਵਾਹ ਚਾਹੁੰਦਾ ਹੈ ਕਿ ਤੁਸੀਂ “ਆਪਣੀ ਸਾਰੀ ਚਿੰਤਾ ਓਸ ਉੱਤੇ ਸੁੱਟ ਛੱਡੋ।” ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਉਹ ਤੁਹਾਡੀ ਜ਼ਰੂਰ ਮਦਦ ਕਰੇਗਾ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।” (ਜ਼ਬੂਰਾਂ ਦੀ ਪੋਥੀ 55:22) ਇਸ ਤਰ੍ਹਾਂ ਕਰਨ ਨਾਲ ਮਨਜੀਤ ਨੂੰ ਬਹੁਤ ਹੀ ਹੌਸਲਾ ਮਿਲਿਆ। ਉਹ ਕਹਿੰਦੀ ਹੈ: “ਮੈਂ ਦਿਲ ਖੋਲ੍ਹ ਕੇ ਯਹੋਵਾਹ ਨਾਲ ਗੱਲ ਕੀਤੀ ਅਤੇ ਮੇਰੇ ਦਿਲ ਦਾ ਬੋਝ ਹਲਕਾ ਹੋਇਆ।”

ਭੁੱਲਣਹਾਰ ਹੋਣ ਕਰਕੇ ਤੁਸੀਂ ਵੀ ਸ਼ਾਇਦ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਕੁਝ ਗ਼ਲਤੀਆਂ ਕੀਤੀਆਂ ਹੋਣ। ਪਰ ਕੀ ਤੁਹਾਨੂੰ ਸਿਰਫ਼ ਆਪਣੀਆਂ ਗ਼ਲਤੀਆਂ ਬਾਰੇ ਹੀ ਸੋਚਣਾ ਚਾਹੀਦਾ ਹੈ? ਯਹੋਵਾਹ ਤਾਂ ਇਸ ਤਰ੍ਹਾਂ ਨਹੀਂ ਕਰਦਾ! ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?” (ਜ਼ਬੂਰਾਂ ਦੀ ਪੋਥੀ 130:3) ਜੇ ਤੁਸੀਂ ਹਰ ਕੰਮ ਸਹੀ ਵੀ ਕੀਤਾ ਹੁੰਦਾ ਤਾਂ ਵੀ ਤੁਹਾਡਾ ਬੱਚਾ ਆਪਣੀ ਮਰਜ਼ੀ ਨਾਲ ਯਹੋਵਾਹ ਨੂੰ ਛੱਡ ਸਕਦਾ ਸੀ। ਇਸ ਲਈ ਪ੍ਰਾਰਥਨਾ ਰਾਹੀਂ ਯਹੋਵਾਹ ਨਾਲ ਆਪਣੇ ਦਿਲ ਦੀ ਗੱਲ ਕਰੋ ਅਤੇ ਉਹ ਤੁਹਾਨੂੰ ਸਹਿਣ ਦੀ ਤਾਕਤ ਦੇਵੇਗਾ। ਨਾਲੇ ਜੇ ਤੁਸੀਂ ਖ਼ੁਦ ਯਹੋਵਾਹ ਦੀ ਸੇਵਾ ਵਿਚ ਦ੍ਰਿੜ੍ਹ ਰਹਿਣਾ ਚਾਹੁੰਦੇ ਹੋ ਅਤੇ ਸ਼ਤਾਨ ਦੇ ਫੰਦਿਆਂ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਹੋਰ ਵੀ ਕਰਨ ਦੀ ਲੋੜ ਹੈ। ਉਹ ਕੀ ਹੈ?

ਨਿਮਰ ਹੋਵੋ

ਪਤਰਸ ਨੇ ਲਿਖਿਆ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਭਈ ਉਹ ਤੁਹਾਨੂੰ ਵੇਲੇ ਸਿਰ ਉੱਚਿਆ ਕਰੇ।” (1 ਪਤਰਸ 5:6) ਜਦ ਬੱਚਾ ਸੱਚਾਈ ਛੱਡ ਕੇ ਚਲਾ ਜਾਂਦਾ ਹੈ, ਤਾਂ ਸਾਨੂੰ ਨੀਵਿਆਂ ਯਾਨੀ ਨਿਮਰ ਹੋਣ ਦੀ ਕਿਉਂ ਲੋੜ ਹੈ? ਦੁਖੀ ਹੋਣ ਜਾਂ ਦੋਸ਼ੀ ਮਹਿਸੂਸ ਕਰਨ ਤੋਂ ਇਲਾਵਾ ਤੁਸੀਂ ਸ਼ਾਇਦ ਆਪਣੇ ਬੱਚੇ ਦੇ ਗ਼ਲਤ ਕੰਮਾਂ ਕਾਰਨ ਸ਼ਰਮਿੰਦਗੀ ਵੀ ਮਹਿਸੂਸ ਕਰੋ। ਤੁਹਾਨੂੰ ਸ਼ਾਇਦ ਲੱਗੇ ਕਿ ਤੁਹਾਡੇ ਬੱਚੇ ਦੇ ਕੰਮਾਂ ਕਾਰਨ ਤੁਹਾਡੇ ਪਰਿਵਾਰ ਦੀ ਬਹੁਤ ਬਦਨਾਮੀ ਹੋਈ ਹੈ, ਖ਼ਾਸ ਕਰਕੇ ਜੇ ਉਸ ਨੂੰ ਕਲੀਸਿਯਾ ਵਿੱਚੋਂ ਛੇਕਿਆ ਗਿਆ ਹੈ। ਇਸ ਗੱਲ ਦਾ ਸ਼ਾਇਦ ਤੁਸੀਂ ਬਹੁਤ ਘਾਟਾ ਮਹਿਸੂਸ ਕਰਦੇ ਹੋ। ਇਸ ਲਈ ਸ਼ਾਇਦ ਤੁਹਾਨੂੰ ਮੀਟਿੰਗਾਂ ਵਿਚ ਜਾਣਾ ਔਖਾ ਲੱਗੇ।

ਅਜਿਹੇ ਹਾਲਾਤਾਂ ਵਿਚ ਤੁਹਾਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ। ਕਹਾਉਤਾਂ 18:1 ਵਿਚ ਇਹ ਚੇਤਾਵਨੀ ਦਿੱਤੀ ਗਈ ਹੈ: “ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ, ਉਹ ਸਾਰੀ ਖਰੀ ਬੁੱਧੀ ਦੇ ਵਿਰੁੱਧ ਚਿੜਦਾ ਹੈ।” ਦੁਖੀ ਹੋਣ ਦੇ ਬਾਵਜੂਦ ਮੀਟਿੰਗਾਂ ਵਿਚ ਹਾਜ਼ਰ ਹੋਣ ਨਾਲ ਤੁਹਾਨੂੰ ਹੌਸਲਾ ਤੇ ਚੰਗੀ ਸਲਾਹ ਮਿਲੇਗੀ। ਮਨਜੀਤ ਦੱਸਦੀ ਹੈ: “ਪਹਿਲਾਂ-ਪਹਿਲ ਤਾਂ ਮੈਂ ਕਿਸੇ ਨੂੰ ਵੀ ਨਹੀਂ ਮਿਲਣਾ ਚਾਹੁੰਦੀ ਸੀ। ਪਰ ਫਿਰ ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਦੀ ਸੇਵਾ ਵਿਚ ਮੈਨੂੰ ਢਿੱਲੀ ਨਹੀਂ ਪੈਣਾ ਚਾਹੀਦਾ। ਜੇ ਮੈਂ ਘਰ ਬੈਠੀ ਰਹਿੰਦੀ ਤਾਂ ਮੈਂ ਸਿਰਫ਼ ਆਪਣੀਆਂ ਸਮੱਸਿਆਵਾਂ ਬਾਰੇ ਹੀ ਸੋਚਦੀ ਰਹਿਣਾ ਸੀ। ਮੀਟਿੰਗਾਂ ਵਿਚ ਮੇਰਾ ਧਿਆਨ ਅਜਿਹੀਆਂ ਗੱਲਾਂ ਤੇ ਲੱਗਾ ਰਿਹਾ ਜਿਨ੍ਹਾਂ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ ਅਤੇ ਯਹੋਵਾਹ ਦੀ ਸੇਵਾ ਵਿਚ ਲੱਗੀ ਰਹਿਣ ਦੀ ਹਿੰਮਤ ਮਿਲੀ। ਮੈਂ ਬਹੁਤ ਹੀ ਖ਼ੁਸ਼ ਹਾਂ ਕਿ ਮੈਂ ਆਪਣੇ ਆਪ ਨੂੰ ਆਪਣੇ ਭੈਣਾਂ-ਭਰਾਵਾਂ ਤੋਂ ਅੱਡ ਨਹੀਂ ਕੀਤਾ ਅਤੇ ਮੈਂ ਉਨ੍ਹਾਂ ਦਾ ਪਿਆਰ ਤੇ ਸਹਾਰਾ ਪਾਇਆ।”—ਇਬਰਾਨੀਆਂ 10:24, 25.

ਇਹ ਵੀ ਯਾਦ ਰੱਖੋ ਕਿ ਇਕ ਮਸੀਹੀ ਵਜੋਂ ਪਰਿਵਾਰ ਦੇ ਹਰ ਜੀਅ ਨੂੰ “ਆਪਣਾ ਹੀ ਭਾਰ ਚੁੱਕਣਾ ਪਵੇਗਾ।” (ਗਲਾਤੀਆਂ 6:5) ਯਹੋਵਾਹ ਮਾਪਿਆਂ ਤੋਂ ਇਹੀ ਉਮੀਦ ਰੱਖਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਕਰਨ ਅਤੇ ਉਨ੍ਹਾਂ ਨੂੰ ਸਿੱਖਿਆ ਦੇਣ। ਅਤੇ ਉਹ ਬੱਚਿਆਂ ਤੋਂ ਉਮੀਦ ਰੱਖਦਾ ਹੈ ਕਿ ਉਹ ਆਪਣੇ ਮਾਪਿਆਂ ਦੇ ਆਖੇ ਲੱਗਣ ਅਤੇ ਉਨ੍ਹਾਂ ਦਾ ਆਦਰ ਕਰਨ। ਜੇ ਮਾਪੇ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ” ਬੱਚਿਆਂ ਦੀ ਪਾਲਣਾ ਕਰਨ ਦੀ ਪੂਰੀ ਕੋਸ਼ਿਸ਼ ਕਰਨ, ਤਾਂ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਚੰਗਾ ਨਾਂ ਕਮਾ ਸਕਣਗੇ। (ਅਫ਼ਸੀਆਂ 6:1-4) ਜੇ ਬੱਚਾ ਆਪਣੀ ਮਨ-ਮਰਜ਼ੀ ਕਰ ਕੇ ਮਾਪਿਆਂ ਦੀ ਸਲਾਹ ਨੂੰ ਠੁਕਰਾਉਂਦਾ ਹੈ, ਤਾਂ ਉਹ ਆਪਣਾ ਹੀ ਨਾਂ ਬਦਨਾਮ ਕਰਦਾ ਹੈ। ਕਹਾਉਤਾਂ 20:11 ਵਿਚ ਲਿਖਿਆ ਹੈ: “ਬੱਚਾ ਵੀ ਆਪਣੇ ਕੀਤੇ ਦੁਆਰਾ ਪ੍ਰਗਟ ਕਰਦਾ ਹੈ ਕਿ ਉਹ ਭਲਾ ਹੈ ਜਾਂ ਬੁਰਾ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਮਿਸਾਲ ਲਈ, ਸ਼ਤਾਨ ਦੀ ਬਗਾਵਤ ਕਾਰਨ ਉਨ੍ਹਾਂ ਲੋਕਾਂ ਦੀਆਂ ਨਜ਼ਰਾਂ ਵਿਚ ਯਹੋਵਾਹ ਦਾ ਨਾਂ ਬਦਨਾਮ ਨਹੀਂ ਹੋਇਆ ਜੋ ਉਸ ਬਾਰੇ ਸੱਚਾਈ ਜਾਣਦੇ ਸਨ।

ਸ਼ਤਾਨ ਦਾ ਸਾਮ੍ਹਣਾ ਕਰੋ

ਪਤਰਸ ਚੇਤਾਵਨੀ ਦਿੰਦਾ ਹੈ: ‘ਸੁਚੇਤ ਹੋਵੋ, ਜਾਗਦੇ ਰਹੋ! ਤੁਹਾਡਾ ਵਿਰੋਧੀ ਸ਼ਤਾਨ ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵੇ!’ (1 ਪਤਰਸ 5:8) ਇਕ ਸ਼ੇਰ ਵਾਂਗ ਸ਼ਤਾਨ ਅਕਸਰ ਜਵਾਨ ਤੇ ਨਦਾਨ ਲੋਕਾਂ ਦਾ ਸ਼ਿਕਾਰ ਕਰਦਾ ਹੈ। ਪੁਰਾਣੇ ਜ਼ਮਾਨੇ ਵਿਚ ਸ਼ੇਰ ਇਸਰਾਏਲ ਵਿਚ ਆਮ ਹੀ ਘੁੰਮਦੇ-ਫਿਰਦੇ ਹੁੰਦੇ ਸੀ ਅਤੇ ਉਨ੍ਹਾਂ ਤੋਂ ਦੂਸਰਿਆਂ ਪਾਲਤੂ ਜਾਨਵਰਾਂ ਨੂੰ ਖ਼ਤਰਾ ਹੁੰਦਾ ਸੀ। ਜੇ ਇਕ ਛੋਟਾ ਜਿਹਾ ਮੇਮਣਾ ਇੱਜੜ ਤੋਂ ਦੂਰ ਹੋ ਜਾਂਦਾ ਸੀ, ਤਾਂ ਸ਼ੇਰ ਆਸਾਨੀ ਨਾਲ ਉਸ ਦਾ ਸ਼ਿਕਾਰ ਕਰ ਸਕਦਾ ਸੀ। ਭੇਡ ਆਪਣੇ ਮੇਮਣੇ ਨੂੰ ਬਚਾਉਣ ਲਈ ਸ਼ਾਇਦ ਆਪਣੀ ਜਾਨ ਖ਼ਤਰੇ ਵਿਚ ਪਾ ਦੇਵੇ। ਪਰ, ਭੇਡ ਨੂੰ ਵੀ ਸ਼ੇਰ ਤੋਂ ਖ਼ਤਰਾ ਹੁੰਦਾ ਸੀ। ਇਸ ਲਈ ਇੱਜੜ ਦੀ ਦੇਖ-ਭਾਲ ਕਰਨ ਲਈ ਇਕ ਬਹਾਦਰ ਅਯਾਲੀ ਦੀ ਲੋੜ ਸੀ।—1 ਸਮੂਏਲ 17:34, 35.

ਭੇਡਾਂ ਵਰਗੇ ਲੋਕਾਂ ਨੂੰ “ਬੁਕਦੇ ਸ਼ੀਂਹ” ਤੋਂ ਬਚਾਉਣ ਲਈ ਯਹੋਵਾਹ ਨੇ ਕਲੀਸਿਯਾਵਾਂ ਵਿਚ ਅਯਾਲੀਆਂ ਯਾਨੀ ਬਜ਼ੁਰਗਾਂ ਦਾ ਪ੍ਰਬੰਧ ਕੀਤਾ ਹੈ ਜੋ “ਸਰਦਾਰ ਅਯਾਲੀ” ਯਿਸੂ ਮਸੀਹ ਦੀ ਨਿਗਰਾਨੀ ਅਧੀਨ ਇੱਜੜ ਦੀ ਰਾਖੀ ਕਰਦੇ ਹਨ। (1 ਪਤਰਸ 5:4) ਪਤਰਸ ਇਨ੍ਹਾਂ ਭਰਾਵਾਂ ਨੂੰ ਇਹ ਸਲਾਹ ਦਿੰਦਾ ਹੈ: “ਤੁਸੀਂ ਪਰਮੇਸ਼ੁਰ ਦੇ ਉਸ ਇੱਜੜ ਦੀ ਜੋ ਤੁਹਾਡੇ ਵਿੱਚ ਹੈ ਚਰਵਾਹੀ ਕਰੋ ਪਰ ਲਚਾਰੀ ਨਾਲ ਨਹੀਂ ਸਗੋਂ ਖੁਸ਼ੀ ਨਾਲ ਪਰਮੇਸ਼ੁਰ ਦੀ ਇੱਛਿਆ ਅਨੁਸਾਰ ਅਤੇ ਨਾ ਝੂਠੇ ਨਫ਼ੇ ਦੇ ਕਾਰਨ ਸਗੋਂ ਮਨ ਦੀ ਚਾਹ ਨਾਲ।” (1 ਪਤਰਸ 5:1, 2) ਮਾਪਿਓ, ਹੋ ਸਕਦਾ ਹੈ ਕਿ ਤੁਹਾਡੀ ਮਦਦ ਦੇ ਨਾਲ ਇਹ ਭਰਾ ਤੁਹਾਡੇ ਬੱਚੇ ਨੂੰ ਸਹੀ ਰਸਤੇ ਤੇ ਲਿਆ ਸਕਣ।

ਜੇ ਮਸੀਹੀ ਭਰਾਵਾਂ ਨੂੰ ਤੁਹਾਡੇ ਬੱਚੇ ਨੂੰ ਤਾੜਨਾ ਦੇਣੀ ਪਵੇ, ਤਾਂ ਹੋ ਸਕਦਾ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਤਾੜਨਾ ਤੋਂ ਬਚਾਉਣਾ ਚਾਹੋ। ਲੇਕਿਨ, ਇਸ ਤਰ੍ਹਾਂ ਕਰਨ ਨਾਲ ਤੁਸੀਂ ਵੱਡੀ ਗ਼ਲਤੀ ਕਰ ਰਹੇ ਹੋਵੋਗੇ। ਪਤਰਸ ਨੇ ਕਿਹਾ: ‘ਤੁਸੀਂ ਸ਼ਤਾਨ ਦਾ ਸਾਹਮਣਾ ਕਰੋ’ ਨਾ ਕਿ ਕਲੀਸਿਯਾ ਦੇ ਭਰਾਵਾਂ ਦਾ।—1 ਪਤਰਸ 5:9.

ਜਦ ਤਾੜਨਾ ਸਖ਼ਤ ਹੁੰਦੀ ਹੈ

ਜੇ ਤੁਹਾਡੇ ਬੱਚੇ ਨੇ ਬਪਤਿਸਮਾ ਲਿਆ ਹੈ ਅਤੇ ਉਹ ਆਪਣੀ ਗ਼ਲਤੀ ਨਹੀਂ ਮੰਨਦਾ, ਤਾਂ ਹੋ ਸਕਦਾ ਹੈ ਕਿ ਉਸ ਨੂੰ ਕਲੀਸਿਯਾ ਵਿੱਚੋਂ ਛੇਕਿਆ ਜਾਵੇ। ਜੇ ਇਸ ਤਰ੍ਹਾਂ ਹੋਵੇ ਤਾਂ ਉਸ ਨਾਲ ਸੰਬੰਧ ਰੱਖਣਾ ਉਸ ਦੀ ਉਮਰ ਤੇ ਹੋਰਨਾਂ ਹਲਾਤਾਂ ਉੱਤੇ ਨਿਰਭਰ ਹੋਵੇਗਾ।

ਜੇ ਤੁਹਾਡਾ ਬੱਚਾ ਨਾਬਾਲਗ ਹੈ ਅਤੇ ਘਰ ਰਹਿੰਦਾ ਹੋਵੇ, ਤਾਂ ਸੰਭਵ ਹੈ ਕਿ ਤੁਸੀਂ ਉਸ ਦੀ ਦੇਖ-ਭਾਲ ਕਰਦੇ ਰਹੋਗੇ। ਉਸ ਨੂੰ ਨੈਤਿਕ ਤੌਰ ਤੇ ਸਿਖਲਾਈ ਤੇ ਤਾੜਨਾ ਦੀ ਵੀ ਲੋੜ ਹੋਵੇਗੀ ਅਤੇ ਮਾਪਿਆਂ ਵਜੋਂ ਉਨ੍ਹਾਂ ਦੀ ਮਦਦ ਕਰਨੀ ਤੁਹਾਡੀ ਜ਼ਿੰਮੇਵਾਰੀ ਹੈ। (ਕਹਾਉਤਾਂ 1:8-18; 6:20-22; 29:17) ਤੁਸੀਂ ਸ਼ਾਇਦ ਉਸ ਨਾਲ ਬਾਈਬਲ ਸਟੱਡੀ ਕਰਨੀ ਚਾਹੋ ਜਿਸ ਦੌਰਾਨ ਉਹ ਚਰਚਾ ਵਿਚ ਪੂਰਾ ਹਿੱਸਾ ਲੈ ਸਕੇ। ਤੁਸੀਂ ਉਸ ਦਾ ਧਿਆਨ ਖ਼ਾਸ ਹਵਾਲਿਆਂ ਅਤੇ ਉਨ੍ਹਾਂ ਪ੍ਰਕਾਸ਼ਨਾਂ ਵੱਲ ਖਿੱਚ ਸਕਦੇ ਹੋ ਜੋ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਤਿਆਰ ਕੀਤੇ ਗਏ ਹਨ। (ਮੱਤੀ 24:45) ਤੁਸੀਂ ਆਪਣੇ ਬੱਚੇ ਨੂੰ ਮੀਟਿੰਗਾਂ ਵਿਚ ਵੀ ਲੈ ਕੇ ਜਾ ਸਕਦੇ ਹੋ ਅਤੇ ਉਸ ਨੂੰ ਆਪਣੇ ਨਾਲ ਬਿਠਾ ਸਕਦੇ ਹੋ। ਇਹ ਸਭ ਕੁਝ ਤੁਸੀਂ ਇਸ ਆਸ ਨਾਲ ਕਰਦੇ ਹੋ ਕਿ ਬਾਈਬਲ ਦੀ ਸਲਾਹ ਉਸ ਦੇ ਦਿਲ ਨੂੰ ਛੂਹ ਲਵੇ ਅਤੇ ਉਹ ਯਹੋਵਾਹ ਵੱਲ ਮੁੜ ਆਵੇ।

ਪਰ, ਜੇ ਬੱਚਾ ਵੱਡਾ ਹੈ ਅਤੇ ਘਰ ਨਹੀਂ ਰਹਿੰਦਾ ਤਾਂ ਗੱਲ ਵੱਖਰੀ ਹੈ। ਕੁਰਿੰਥੁਸ ਦੇ ਮਸੀਹੀਆਂ ਨੂੰ ਲਿਖਦੇ ਹੋਏ ਪੌਲੁਸ ਰਸੂਲ ਨੇ ਕਿਹਾ: “ਜੇ ਕੋਈ ਭਰਾ ਸਦਾ ਕੇ ਹਰਾਮਕਾਰ ਯਾ ਲੋਭੀ ਯਾ ਮੂਰਤੀ ਪੂਜਕ ਯਾ ਗਾਲਾਂ ਕੱਢਣ ਵਾਲਾ, ਸ਼ਰਾਬੀ ਅਥਵਾ ਲੁਟੇਰਾ ਹੋਵੇ ਤਾਂ ਉਹ ਦੀ ਸੰਗਤ ਨਾ ਕਰਨੀ ਸਗੋਂ ਇਹੋ ਜਿਹੇ ਨਾਲ ਰੋਟੀ ਵੀ ਨਾ ਖਾਣੀ।” (1 ਕੁਰਿੰਥੀਆਂ 5:11) ਭਾਵੇਂ ਕਿ ਕੁਝ ਪਰਿਵਾਰਕ ਮਾਮਲਿਆਂ ਸੰਬੰਧੀ ਮਸੀਹੀ ਮਾਪਿਆਂ ਨੂੰ ਕਲੀਸਿਯਾ ਵਿੱਚੋਂ ਛੇਕੇ ਗਏ ਬੱਚੇ ਨੂੰ ਮਿਲਣਾ ਪਵੇ, ਪਰ ਤੁਹਾਨੂੰ ਬੇਵਜ੍ਹਾ ਉਨ੍ਹਾਂ ਨੂੰ ਮਿਲਣਾ ਨਹੀਂ ਚਾਹੀਦਾ।

ਜਦ ਗ਼ਲਤੀ ਕਰਨ ਵਾਲੇ ਬੱਚੇ ਨੂੰ ਕਲੀਸਿਯਾ ਦੇ ਭਰਾਵਾਂ ਵੱਲੋਂ ਤਾੜਨਾ ਮਿਲੇ, ਤਾਂ ਇਹ ਠੀਕ ਨਹੀਂ ਹੋਵੇਗਾ ਜੇ ਮਾਪੇ ਉਸ ਤਾੜਨਾ ਨੂੰ ਠੁਕਰਾਉਣ ਜਾਂ ਭਰਾਵਾਂ ਦੇ ਫ਼ੈਸਲੇ ਨੂੰ ਜ਼ਰੂਰੀ ਨਾ ਸਮਝਣ। ਆਪਣੇ ਬੱਚੇ ਦਾ ਸਾਥ ਦੇ ਕੇ ਤੁਸੀਂ ਸ਼ਤਾਨ ਤੋਂ ਉਸ ਦੀ ਰਾਖੀ ਨਹੀਂ ਕਰ ਰਹੇ ਹੋਵੋਗੇ। ਦਰਅਸਲ, ਇਸ ਤਰ੍ਹਾਂ ਕਰਨ ਨਾਲ ਤੁਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਖ਼ਤਰੇ ਵਿਚ ਪਾ ਰਹੇ ਹੋਵੋਗੇ। ਪਰ ਦੂਸਰੇ ਪਾਸੇ, ਜੇ ਤੁਸੀਂ ਕਲੀਸਿਯਾ ਦੇ ਭਰਾਵਾਂ ਦਾ ਸਾਥ ਦੇਵੋਗੇ, ਤਾਂ ਤੁਸੀਂ “ਨਿਹਚਾ ਵਿੱਚ ਤਕੜੇ” ਰਹੋਗੇ ਅਤੇ ਸਭ ਤੋਂ ਬਿਹਤਰ ਤਰੀਕੇ ਨਾਲ ਆਪਣੇ ਬੱਚੇ ਦੀ ਮਦਦ ਕਰ ਰਹੇ ਹੋਵੋਗੇ।—1 ਪਤਰਸ 5:9.

ਯਹੋਵਾਹ ਤੁਹਾਨੂੰ ਸੰਭਾਲੇਗਾ

ਯਾਦ ਰੱਖੋ ਕਿ ਆਪਣੇ ਬੱਚੇ ਦੀ ਗ਼ਲਤੀ ਕਾਰਨ ਦੁਖੀ ਹੋਣ ਵਾਲੇ ਤੁਸੀਂ ਇਕੱਲੇ ਨਹੀਂ ਹੋ। ਹੋਰਨਾਂ ਮਾਪਿਆਂ ਨੇ ਵੀ ਅਜਿਹਾ ਦੁੱਖ ਸਹਾਰਿਆ ਹੈ। ਪਰ ਸਾਡੇ ਉੱਤੇ ਚਾਹੇ ਜਿਹੜੀ ਮਰਜ਼ੀ ਬਿਪਤਾ ਆਵੇ, ਯਹੋਵਾਹ ਸਾਨੂੰ ਸੰਭਾਲ ਸਕਦਾ ਹੈ।—ਜ਼ਬੂਰਾਂ ਦੀ ਪੋਥੀ 68:19.

ਪ੍ਰਾਰਥਨਾ ਰਾਹੀਂ ਯਹੋਵਾਹ ਉੱਤੇ ਆਪਣੀ ਚਿੰਤਾ ਸੁੱਟੋ। ਕਲੀਸਿਯਾ ਦੇ ਭੈਣਾਂ-ਭਰਾਵਾਂ ਤੋਂ ਦੂਰ ਨਾ ਹੋਵੇ ਸਗੋਂ ਉਨ੍ਹਾਂ ਨੂੰ ਮਿਲਦੇ ਰਹੋ। ਉਨ੍ਹਾਂ ਭਰਾਵਾਂ ਦਾ ਸਾਥ ਦੇਵੋ ਜੋ ਤੁਹਾਡੇ ਬੱਚੇ ਨੂੰ ਤਾੜਨਾ ਦਿੰਦੇ ਹਨ। ਇਸ ਤਰ੍ਹਾਂ ਤੁਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਰਹੋਗੇ। ਅਤੇ ਤੁਹਾਡੀ ਚੰਗੀ ਮਿਸਾਲ ਦੇਖ ਕੇ ਸ਼ਾਇਦ ਤੁਹਾਡਾ ਬੱਚਾ ਯਹੋਵਾਹ ਦੀ ਗੱਲ ਸੁਣਨ ਅਤੇ ਉਸ ਵੱਲ ਮੁੜਨ ਦਾ ਫ਼ੈਸਲਾ ਕਰੇ।—ਮਲਾਕੀ 3:6, 7.

[ਸਫ਼ਾ 18 ਉੱਤੇ ਤਸਵੀਰਾਂ]

ਪ੍ਰਾਰਥਨਾ ਕਰਨ ਰਾਹੀਂ ਅਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਤੋਂ ਹੌਸਲਾ ਪਾਓ

[ਫੁਟਨੋਟ]

^ ਪੈਰਾ 2 ਨਾਂ ਬਦਲਿਆ ਗਿਆ ਹੈ।