Skip to content

Skip to table of contents

ਯਸਾਯਾਹ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ

ਯਸਾਯਾਹ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ

ਯਹੋਵਾਹ ਦਾ ਬਚਨ ਜੀਉਂਦਾ ਹੈ

ਯਸਾਯਾਹ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ​—ਦੂਜਾ ਭਾਗ

ਯਸਾਯਾਹ ਵਫ਼ਾਦਾਰੀ ਨਾਲ ਆਪਣਾ ਨਬੀ ਦਾ ਕੰਮ ਕਰਦਾ ਰਿਹਾ। ਇਸਰਾਏਲ ਦੇ ਦਸ-ਗੋਤੀ ਰਾਜ ਬਾਰੇ ਉਸ ਦੀਆਂ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਸਨ। ਫਿਰ ਉਸ ਨੇ ਯਰੂਸ਼ਲਮ ਬਾਰੇ ਹੋਰ ਭਵਿੱਖਬਾਣੀਆਂ ਕੀਤੀਆਂ।

ਯਸਾਯਾਹ ਨੇ ਯਰੂਸ਼ਲਮ ਦੀ ਤਬਾਹੀ ਦੀ ਤੇ ਉਸ ਦੇ ਵਾਸੀਆਂ ਨੂੰ ਬੰਦੀ ਬਣਾ ਕੇ ਦੂਸਰੇ ਦੇਸ਼ ਲਿਜਾਏ ਜਾਣ ਦੀ ਭਵਿੱਖਬਾਣੀ ਕੀਤੀ। ਲੇਕਿਨ ਯਰੂਸ਼ਲਮ ਨੇ ਹਮੇਸ਼ਾ ਲਈ ਵਿਰਾਨ ਨਹੀਂ ਰਹਿਣਾ ਸੀ, ਕੁਝ ਸਮੇਂ ਬਾਅਦ ਉਸ ਵਿਚ ਸੱਚੇ ਪਰਮੇਸ਼ੁਰ ਦੀ ਭਗਤੀ ਫਿਰ ਤੋਂ ਕੀਤੀ ਜਾਣੀ ਸੀ। ਇਹ ਮੁੱਖ ਗੱਲਾਂ ਯਸਾਯਾਹ 36:1–66:24 ਵਿਚ ਸਾਫ਼ ਤੌਰ ਤੇ ਦੱਸੀਆਂ ਗਈਆਂ ਹਨ। * ਯਸਾਯਾਹ ਦੀ ਪੋਥੀ ਦੇ ਇਨ੍ਹਾਂ ਅਧਿਆਵਾਂ ਤੇ ਧਿਆਨ ਨਾਲ ਗੌਰ ਕਰ ਕੇ ਸਾਨੂੰ ਲਾਭ ਹੁੰਦਾ ਹੈ ਕਿਉਂਕਿ ਇਨ੍ਹਾਂ ਵਿਚ ਬਹੁਤ ਸਾਰੀਆਂ ਭਵਿੱਖਬਾਣੀਆਂ ਸਾਡੇ ਸਮੇਂ ਵਿਚ ਪੂਰੀਆਂ ਹੋ ਰਹੀਆਂ ਹਨ ਜਾਂ ਭਵਿੱਖ ਵਿਚ ਪੂਰੀਆਂ ਹੋਣਗੀਆਂ। ਇਨ੍ਹਾਂ ਅਧਿਆਵਾਂ ਵਿਚ ਮਸੀਹ ਬਾਰੇ ਦਿਲਚਸਪ ਭਵਿੱਖਬਾਣੀਆਂ ਵੀ ਦਰਜ ਹਨ।

“ਵੇਖ, ਓਹ ਦਿਨ ਆਉਂਦੇ ਹਨ”

(ਯਸਾਯਾਹ 36:1–39:8)

ਹਿਜ਼ਕੀਯਾਹ ਬਾਦਸ਼ਾਹ ਦੇ ਰਾਜ ਦੇ 14ਵੇਂ ਵਰ੍ਹੇ (732 ਈ. ਪੂ.) ਵਿਚ ਅੱਸ਼ੂਰੀ ਫ਼ੌਜਾਂ ਨੇ ਯਹੂਦਾਹ ਤੇ ਧਾਵਾ ਬੋਲ ਦਿੱਤਾ। ਯਹੋਵਾਹ ਨੇ ਇਸਰਾਏਲੀਆਂ ਨੂੰ ਦੁਸ਼ਮਣ ਫ਼ੌਜਾਂ ਦੇ ਹੱਥੋਂ ਬਚਾਉਣ ਦਾ ਵਾਅਦਾ ਕੀਤਾ। ਯਹੋਵਾਹ ਦੇ ਇੱਕੋ ਦੂਤ ਨੇ ਅੱਸ਼ੂਰ ਦੇ 1,85,000 ਸਿਪਾਹੀਆਂ ਨੂੰ ਰਾਤੋ-ਰਾਤ ਮਾਰ ਕੇ ਅੱਸ਼ੂਰੀਆਂ ਦੀ ਯਹੂਦਾਹ ਤੇ ਹਮਲਾ ਕਰਨ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ।

ਹਿਜ਼ਕੀਯਾਹ ਨੇ ਬੀਮਾਰ ਹੋਣ ਤੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਯਹੋਵਾਹ ਨੇ ਉਸ ਦੀ ਦੁਹਾਈ ਸੁਣੀ ਤੇ ਉਸ ਨੂੰ ਮੁੜ ਕੇ ਤੰਦਰੁਸਤੀ ਬਖ਼ਸ਼ੀ। ਨਾਲੇ ਯਹੋਵਾਹ ਨੇ ਉਸ ਦੀ ਜ਼ਿੰਦਗੀ 15 ਸਾਲ ਹੋਰ ਵਧਾ ਦਿੱਤੀ। ਜਦੋਂ ਬਾਬਲ ਦੇ ਬਾਦਸ਼ਾਹ ਨੂੰ ਪਤਾ ਲੱਗਾ ਕਿ ਹਿਜ਼ਕੀਯਾਹ ਚੰਗਾ ਹੋ ਗਿਆ ਸੀ, ਤਾਂ ਉਸ ਨੇ ਉਸ ਨੂੰ ਵਧਾਈਆਂ ਦੇਣ ਲਈ ਆਪਣੇ ਬੰਦੇ ਘੱਲੇ। ਹਿਜ਼ਕੀਯਾਹ ਨੇ ਉਨ੍ਹਾਂ ਨੂੰ ਆਪਣੇ ਸਾਰੇ ਖ਼ਜ਼ਾਨੇ ਦਿਖਾ ਕੇ ਵੱਡੀ ਭੁੱਲ ਕੀਤੀ। ਇਸ ਤੇ ਯਸਾਯਾਹ ਨੇ ਹਿਜ਼ਕੀਯਾਹ ਨੂੰ ਯਹੋਵਾਹ ਦਾ ਪੈਗਾਮ ਸੁਣਾਇਆ: “ਵੇਖ, ਓਹ ਦਿਨ ਆਉਂਦੇ ਹਨ ਜਦ ਸਭ ਕੁਝ ਜੋ ਤੇਰੇ ਮਹਿਲ ਵਿੱਚ ਹੈ ਅਰ ਜੋ ਕੁਝ ਤੇਰੇ ਪਿਉ ਦਾਦਿਆਂ ਨੇ ਅੱਜ ਦੇ ਦਿਨ ਤਾਈਂ ਇਕੱਠਾ ਕੀਤਾ ਹੈ ਬਾਬਲ ਨੂੰ ਲੈ ਜਾਇਆ ਜਾਵੇਗਾ।” (ਯਸਾਯਾਹ 39:5, 6) ਇਹ ਭਵਿੱਖਬਾਣੀ ਸੌ ਸਾਲਾਂ ਬਾਅਦ ਪੂਰੀ ਹੋਈ।

ਕੁਝ ਸਵਾਲਾਂ ਦੇ ਜਵਾਬ:

38:8—ਪਰਛਾਵਾਂ ਕਿਸ ਚੀਜ਼ ਤੋਂ ਲਹਿ ਗਿਆ ਸੀ? ਅੱਠਵੀਂ ਸਦੀ ਈ. ਪੂ ਵਿਚ ਮਿਸਰ ਅਤੇ ਬਾਬਲ ਵਿਚ ਧੁੱਪ ਘੜੀਆਂ ਵਰਤੀਆਂ ਜਾਂਦੀਆਂ ਸਨ। ਹੋ ਸਕਦਾ ਹੈ ਕਿ ਹਿਜ਼ਕੀਯਾਹ ਦੇ ਪਿਤਾ ਆਹਾਜ਼ ਨੇ ਅਜਿਹੀ ਇਕ ਧੁੱਪ ਘੜੀ ਆਪਣੇ ਮਹਿਲ ਵਿਚ ਲਗਵਾਈ ਹੋਵੇ। ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ “ਧੁੱਪ ਘੜੀ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਦਾ ਅਰਥ ਅਸਲ ਵਿਚ “ਪੌੜੀਆਂ” ਹੈ। ਸੋ ਇਹ ਵੀ ਹੋ ਸਕਦਾ ਹੈ ਕਿ ਮਹਿਲ ਦੇ ਅੰਦਰ ਪੌੜੀਆਂ ਸਨ ਅਤੇ ਪੌੜੀਆਂ ਦੇ ਲਾਗੇ ਥੰਮ੍ਹ ਸੀ ਜਿਸ ਦਾ ਪਰਛਾਵਾਂ ਪੌੜੀਆਂ ਤੇ ਪੈਂਦਾ ਸੀ। ਪਰਛਾਵੇਂ ਤੋਂ ਸਮੇਂ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ।

ਸਾਡੇ ਲਈ ਸਬਕ:

36:2, 3, 22. ਭਾਵੇਂ ਸ਼ਬਨਾ ਨੂੰ ਮੁਖ਼ਤਿਆਰ ਦੇ ਅਹੁਦੇ ਤੋਂ ਲਾਹ ਕੇ ਇਹ ਅਹੁਦਾ ਕਿਸੇ ਹੋਰ ਨੂੰ ਦਿੱਤਾ ਗਿਆ ਸੀ, ਫਿਰ ਵੀ ਸ਼ਬਨਾ ਨੂੰ ਰਾਜੇ ਦੇ ਦਰਬਾਰ ਵਿਚ ਮੁਨੀਮ (ਸੈਕਟਰੀ) ਵਜੋਂ ਰੱਖਿਆ ਗਿਆ ਸੀ। (ਯਸਾਯਾਹ 22:15, 19) ਯਹੋਵਾਹ ਦੇ ਸੰਗਠਨ ਵਿਚ ਜੇ ਕਿਸੇ ਕਾਰਨ ਸਾਡੇ ਤੋਂ ਜ਼ਿੰਮੇਵਾਰੀਆਂ ਲੈ ਲਈਆਂ ਜਾਂਦੀਆਂ ਹਨ, ਤਾਂ ਵੀ ਸਾਨੂੰ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੀ ਭਗਤੀ ਕਰਦੇ ਰਹਿਣਾ ਚਾਹੀਦਾ ਹੈ।

37:1, 14, 15; 38:1, 2. ਦੁੱਖ ਦੀ ਘੜੀ ਵਿਚ ਸਾਨੂੰ ਯਹੋਵਾਹ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਤੇ ਉਸ ਉੱਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ।

37:15-20; 38:2, 3. ਅੱਸ਼ੂਰੀਆਂ ਵੱਲੋਂ ਹਮਲੇ ਦੀ ਧਮਕੀ ਮਿਲਣ ਤੇ ਹਿਜ਼ਕੀਯਾਹ ਨੂੰ ਇਹੋ ਚਿੰਤਾ ਸੀ ਕਿ ਯਰੂਸ਼ਲਮ ਦਾ ਨਾਸ਼ ਹੋਣ ਤੇ ਯਹੋਵਾਹ ਦੇ ਨਾਂ ਦੀ ਬਦਨਾਮੀ ਹੋਵੇਗੀ। ਜਦ ਉਸ ਨੂੰ ਪਤਾ ਲੱਗਾ ਕਿ ਉਸ ਦੀ ਬੀਮਾਰੀ ਉਸ ਦੀ ਜਾਨ ਲੈ ਲਵੇਗੀ, ਤਾਂ ਉਹ ਸੋਚਾਂ ਵਿਚ ਪੈ ਗਿਆ ਕਿ ਜੇ ਉਹ ਰਾਜ ਦਾ ਵਾਰਸ ਪੈਦਾ ਕੀਤੇ ਬਿਨਾਂ ਮਰ ਗਿਆ, ਤਾਂ ਦਾਊਦ ਦੇ ਵੰਸ਼ ਦਾ ਅੰਤ ਹੋ ਜਾਵੇਗਾ। ਉਸ ਨੂੰ ਇਹ ਵੀ ਚਿੰਤਾ ਸੀ ਕਿ ਅੱਸ਼ੂਰੀਆਂ ਦੇ ਖ਼ਿਲਾਫ਼ ਲੜਨ ਲਈ ਅਗਵਾਈ ਕੌਣ ਕਰੇਗਾ। ਹਿਜ਼ਕੀਯਾਹ ਵਾਂਗ ਸਾਡੇ ਲਈ ਆਪਣੀ ਮੁਕਤੀ ਨਾਲੋਂ ਇਹ ਦੋ ਗੱਲਾਂ ਜ਼ਿਆਦਾ ਅਹਿਮੀਅਤ ਰੱਖਦੀਆਂ ਹਨ ਕਿ ਯਹੋਵਾਹ ਦਾ ਨਾਂ ਰੌਸ਼ਨ ਹੋਵੇ ਤੇ ਉਸ ਦਾ ਮਕਸਦ ਪੂਰਾ ਹੋਵੇ।

38:9-20. ਹਿਜ਼ਕੀਯਾਹ ਦੇ ਇਸ ਗੀਤ ਤੋਂ ਸਾਨੂੰ ਇਹ ਸਬਕ ਮਿਲਦਾ ਹੈ ਕਿ ਯਹੋਵਾਹ ਦੇ ਗੁਣ ਗਾਉਣ ਨਾਲੋਂ ਜ਼ਿੰਦਗੀ ਵਿਚ ਹੋਰ ਕੋਈ ਵੱਡੀ ਗੱਲ ਨਹੀਂ ਹੈ।

“ਉਹ ਉਸਾਰਿਆ ਜਾਵੇਗਾ”

(ਯਸਾਯਾਹ 40:1–59:21)

ਯਸਾਯਾਹ ਨੇ ਯਰੂਸ਼ਲਮ ਦੀ ਬਰਬਾਦੀ ਤੇ ਇਸਰਾਏਲੀਆਂ ਨੂੰ ਗ਼ੁਲਾਮ ਬਣਾ ਕੇ ਬਾਬਲ ਲਿਜਾਏ ਜਾਣ ਦੀ ਭਵਿੱਖਬਾਣੀ ਕਰਨ ਤੋਂ ਤੁਰੰਤ ਬਾਅਦ ਇਹ ਵੀ ਕਿਹਾ ਕਿ ਯਰੂਸ਼ਲਮ ਸ਼ਹਿਰ ਮੁੜ ਕੇ ਉਸਾਰਿਆ ਜਾਵੇਗਾ। (ਯਸਾਯਾਹ 40:1, 2) ਯਸਾਯਾਹ 44:28 ਵਿਚ ਲਿਖਿਆ ਹੈ: “ਉਹ [ਯਰੂਸ਼ਲਮ ਸ਼ਹਿਰ] ਉਸਾਰਿਆ ਜਾਵੇਗਾ।” ਬਾਬਲੀ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦਾ ਨਿਰਾਦਰ ਹੋਣਾ ਸੀ। (ਯਸਾਯਾਹ 46:1) ਬਾਬਲ ਦਾ ਨਾਸ ਕੀਤਾ ਜਾਣਾ ਸੀ। ਇਹ ਭਵਿੱਖਬਾਣੀਆਂ ਦੋ ਸਦੀਆਂ ਬਾਅਦ ਪੂਰੀਆਂ ਹੋਈਆਂ।

ਯਹੋਵਾਹ ਨੇ ਆਪਣੇ ਸੇਵਕ ਨੂੰ “ਕੌਮਾਂ” ਲਈ ਜੋਤ ਬਣਾਇਆ। (ਯਸਾਯਾਹ 49:6) ਬਾਬਲੀ “ਅਕਾਸ਼” ਯਾਨੀ ਉਸ ਦੀ ਹਕੂਮਤ ‘ਧੂੰਏਂ ਵਾਂਙੁ ਅਲੋਪ ਹੋ ਜਾਵੇਗੀ’ ਅਤੇ ਉਸ ਦੇ ਵਾਸੀ “ਮੱਛਰਾਂ ਵਾਂਙੁ ਮਰ ਜਾਣਗੇ।” ਪਰ ‘ਸੀਯੋਨ ਦੀ ਧੀ ਆਪਣੀ ਗਰਦਨ ਦੇ ਬੰਨ੍ਹ ਆਪ ਤੋਂ ਖੋਲ੍ਹ ਸੁੱਟੇਗੀ।’ (ਯਸਾਯਾਹ 51:6; 52:2) ਯਹੋਵਾਹ ਨੇ ਉਸ ਦੀ ਗੱਲ ਸੁਣਨ ਵਾਲਿਆਂ ਨੂੰ ਕਿਹਾ: “ਮੈਂ ਤੁਹਾਡੇ ਨਾਲ ਇੱਕ ਅਨੰਤ ਨੇਮ ਬੰਨ੍ਹਾਂਗਾ, ਅਰਥਾਤ ਦਾਊਦ ਦੀਆਂ ਸੱਚੀਆਂ ਦਿਆਲਗੀਆਂ ਦਾ।” (ਯਸਾਯਾਹ 55:3) ਯਹੋਵਾਹ ਦੇ ਉੱਚੇ ਮਿਆਰਾਂ ਅਨੁਸਾਰ ਜ਼ਿੰਦਗੀ ਬਤੀਤ ਕਰਨ ਕਰਕੇ ਇਨਸਾਨ “ਯਹੋਵਾਹ ਵਿੱਚ ਮਗਨ” ਜਾਂ ਖ਼ੁਸ਼ ਰਹਿੰਦੇ ਹਨ। (ਯਸਾਯਾਹ 58:14) ਪਰ ਦੂਜੇ ਪਾਸੇ, ਉਨ੍ਹਾਂ ਦੀਆਂ ਗ਼ਲਤੀਆਂ ਕਾਰਨ ‘ਉਨ੍ਹਾਂ ਵਿੱਚ ਅਤੇ ਉਨ੍ਹਾਂ ਦੇ ਪਰਮੇਸ਼ੁਰ ਵਿੱਚ ਜੁਦਾਈ’ ਪੈ ਜਾਂਦੀ ਹੈ।—ਯਸਾਯਾਹ 59:2.

ਕੁਝ ਸਵਾਲਾਂ ਦੇ ਜਵਾਬ:

40:27, 28—ਇਸਰਾਏਲ ਨੇ ਇਸ ਤਰ੍ਹਾਂ ਕਿਉਂ ਕਿਹਾ ਸੀ ਕਿ “ਮੇਰਾ ਰਾਹ ਯਹੋਵਾਹ ਤੋਂ ਲੁਕਿਆ ਹੋਇਆ ਹੈ, ਅਤੇ ਮੇਰਾ ਇਨਸਾਫ਼ ਮੇਰੇ ਪਰਮੇਸ਼ੁਰ ਵੱਲੋਂ ਛੱਡਿਆ ਗਿਆ ਹੈ”? ਬਾਬਲ ਵਿਚ ਰਹਿੰਦੇ ਦੁੱਖਾਂ ਦੇ ਮਾਰੇ ਕੁਝ ਯਹੂਦੀਆਂ ਨੂੰ ਸ਼ਾਇਦ ਲੱਗਾ ਕਿ ਯਹੋਵਾਹ ਉਨ੍ਹਾਂ ਦੀ ਪਰਵਾਹ ਨਹੀਂ ਕਰਦਾ। ਲੇਕਿਨ ਉਨ੍ਹਾਂ ਨੂੰ ਯਾਦ ਕਰਾਇਆ ਗਿਆ ਕਿ ਧਰਤੀ ਦਾ ਸਿਰਜਣਹਾਰ ਉਨ੍ਹਾਂ ਨੂੰ ਦੁੱਖਾਂ ਤੋਂ ਛੁਟਕਾਰਾ ਦੇਣ ਲਈ ਹਮੇਸ਼ਾ ਤਿਆਰ ਸੀ ਅਤੇ ਉਹ ਕਦੇ ਥੱਕਦਾ ਨਹੀਂ।

43:18-21—ਗ਼ੁਲਾਮੀ ਤੋਂ ਆਜ਼ਾਦ ਹੋ ਕੇ ਵਾਪਸ ਮੁੜ ਰਹੇ ਇਸਰਾਏਲੀਆਂ ਨੂੰ ਕਿਉਂ ਕਿਹਾ ਗਿਆ ਕਿ ਉਹ ‘ਪੁਰਾਣੀਆਂ ਗੱਲਾਂ ਨੂੰ ਨਾ ਸੋਚਣ’? ਇਸ ਦਾ ਮਤਲਬ ਇਹ ਨਹੀਂ ਸੀ ਕਿ ਇਸਰਾਏਲੀ ਇਹ ਗੱਲ ਭੁੱਲ ਜਾਣ ਕਿ ਯਹੋਵਾਹ ਨੇ ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਬਚਾਇਆ ਸੀ। ਯਹੋਵਾਹ ਚਾਹੁੰਦਾ ਸੀ ਕਿ ਉਹ ਉਸ ਦੇ ਇਕ ‘ਨਵੇਂ ਕੰਮ’ ਕਰਕੇ ਉਸ ਦੀ ਮਹਿਮਾ ਕਰਨ, ਜਿਵੇਂ ਉਹ ਉਨ੍ਹਾਂ ਨੂੰ ਉਜਾੜ ਵਿੱਚੋਂ ਦੀ ਸਿੱਧਾ ਬਾਬਲ ਤੋਂ ਯਰੂਸ਼ਲਮ ਲੈ ਜਾਵੇਗਾ ਤੇ ਰਾਹ ਵਿਚ ਉਨ੍ਹਾਂ ਦੀ ਰੱਖਿਆ ਕਰੇਗਾ। “ਵੱਡੀ ਬਿਪਤਾ” ਵਿੱਚੋਂ ਬਚ ਨਿਕਲਣ ਵਾਲੀ “ਵੱਡੀ ਭੀੜ” ਕੋਲ ਵੀ ਯਹੋਵਾਹ ਦੀ ਵਡਿਆਈ ਕਰਨ ਲਈ ਨਵੇਂ ਤੇ ਨਿੱਜੀ ਕਾਰਨ ਹੋਣਗੇ।​—ਪਰਕਾਸ਼ ਦੀ ਪੋਥੀ 7:9, 14.

49:6—ਮਸੀਹਾ “ਕੌਮਾਂ ਲਈ ਜੋਤ” ਕਿਉਂ ਮੰਨਿਆਂ ਜਾਂਦਾ ਹੈ ਜਦ ਕਿ ਉਸ ਨੇ ਸਿਰਫ਼ ਇਸਰਾਏਲੀਆਂ ਨਾਲ ਹੀ ਖ਼ੁਸ਼ ਖ਼ਬਰੀ ਸਾਂਝੀ ਕੀਤੀ ਸੀ? ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਯਿਸੂ ਦੀ ਮੌਤ ਤੋਂ ਬਾਅਦ ਕੀ ਹੋਇਆ ਸੀ। ਬਾਈਬਲ ਯਸਾਯਾਹ 49:6 ਨੂੰ ਉਸ ਦੇ ਚੇਲਿਆਂ ਤੇ ਲਾਗੂ ਕਰਦੀ ਹੈ ਜਿਨ੍ਹਾਂ ਨੇ ਉਸ ਤੋਂ ਬਾਅਦ ਖ਼ੁਸ਼ ਖ਼ਬਰੀ ਦਾ ਸਾਰੀ ਦੁਨੀਆਂ ਵਿਚ ਪ੍ਰਚਾਰ ਕਰਨਾ ਸੀ। (ਰਸੂਲਾਂ ਦੇ ਕਰਤੱਬ 13:46, 47) ਅੱਜ ਯਹੋਵਾਹ ਦੇ ਹੋਰ ਬਹੁਤ ਸਾਰੇ ਭਗਤਾਂ ਦੀ ਮਦਦ ਨਾਲ ਮਸਹ ਕੀਤੇ ਹੋਏ ਮਸੀਹੀ “ਧਰਤੀ ਦੇ ਬੰਨੇ ਤੀਕੁਰ” ਸੱਚੇ ਗਿਆਨ ਦਾ ਚਾਨਣ ਫੈਲਾ ਰਹੇ ਹਨ।​—ਮੱਤੀ 24:14; 28:19, 20.

53:10—ਇਸ ਆਇਤ ਦਾ ਕੀ ਮਤਲਬ ਹੈ ਕਿ ਯਹੋਵਾਹ ਨੇ ਆਪਣੇ ਪੁੱਤਰ ਨੂੰ ਕੁਚਲਿਆ ਜਾਂਦਾ ਦੇਖਿਆ ਤੇ ਇਹ ਉਸ ਨੂੰ ਭਾਇਆ? ਯਹੋਵਾਹ ਦਿਆਲੂ ਤੇ ਹਮਦਰਦ ਪਰਮੇਸ਼ੁਰ ਹੈ, ਇਸ ਲਈ ਉਸ ਨੂੰ ਆਪਣੇ ਪਿਆਰੇ ਪੁੱਤਰ ਨੂੰ ਕੁਚਲਿਆ ਜਾਂਦਾ ਦੇਖ ਕੇ ਬਹੁਤ ਦੁੱਖ ਹੋਇਆ ਹੋਣਾ। ਫਿਰ ਵੀ ਉਸ ਨੂੰ ਇਸ ਗੱਲ ਦੀ ਖ਼ੁਸ਼ੀ ਸੀ ਕਿ ਯਿਸੂ ਉਸ ਦਾ ਵਫ਼ਾਦਾਰ ਰਹੇਗਾ ਤੇ ਉਸ ਦੀ ਕੁਰਬਾਨੀ ਸਦਕਾ ਮਨੁੱਖਜਾਤੀ ਨੂੰ ਬਹੁਤ ਬਰਕਤਾਂ ਮਿਲਣਗੀਆਂ।​—ਕਹਾਉਤਾਂ 27:11; ਯਸਾਯਾਹ 63:9.

53:11—ਉਹ ਗਿਆਨ ਕੀ ਹੈ ਜਿਸ ਰਾਹੀਂ ਮਸੀਹ “ਬਹੁਤਿਆਂ ਨੂੰ ਧਰਮੀ ਠਹਿਰਾਵੇਗਾ”? ਇਹ ਉਹ ਗਿਆਨ ਹੈ ਜੋ ਯਿਸੂ ਨੇ ਧਰਤੀ ਉੱਤੇ ਇਨਸਾਨ ਦੇ ਰੂਪ ਵਿਚ ਰਹਿੰਦਿਆਂ ਅਤੇ ਮੌਤ ਤਕ ਦੁੱਖ ਸਹਿੰਦਿਆਂ ਪਾਇਆ। (ਇਬਰਾਨੀਆਂ 4:15) ਯਿਸੂ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਇਨਸਾਨਾਂ ਲਈ ਛੁਟਕਾਰੇ ਦਾ ਰਾਹ ਖੋਲ੍ਹਿਆ। ਇਸ ਕੁਰਬਾਨੀ ਸਦਕਾ ਮਸਹ ਕੀਤੇ ਹੋਏ ਮਸੀਹੀ ਤੇ ਵੱਡੀ ਭੀੜ ਯਹੋਵਾਹ ਦੀਆਂ ਨਜ਼ਰਾਂ ਵਿਚ ਧਰਮੀ ਠਹਿਰ ਸਕਦੇ ਹਨ।​—ਰੋਮੀਆਂ 5:19; ਯਾਕੂਬ 2:23, 25.

56:6—ਇਹ “ਓਪਰੇ” ਕੌਣ ਹਨ ਅਤੇ ਇਹ ਕਿਵੇਂ “[ਯਹੋਵਾਹ ਦੇ] ਨਾਮ [“ਨੇਮ,” ਪਵਿੱਤਰ ਬਾਈਬਲ ਨਵਾਂ ਅਨੁਵਾਦ] ਨੂੰ ਫੜੀ” ਰੱਖਦੇ ਹਨ? “ਓਪਰੇ” ਯਿਸੂ ਦੀਆਂ ‘ਹੋਰ ਭੇਡਾਂ’ ਹਨ। (ਯੂਹੰਨਾ 10:16) “ਓਪਰੇ” ਇਸ ਅਰਥ ਵਿਚ ਨਵੇਂ ਨੇਮ ਨੂੰ ਫੜੀ ਰੱਖਦੇ ਹਨ ਕਿ ਉਹ ਇਸ ਦੇ ਸਾਰੇ ਕਾਨੂੰਨਾਂ ਦੀ ਪਾਲਣਾ ਕਰਦੇ ਹਨ ਅਤੇ ਨੇਮ ਦੇ ਆਧਾਰ ਤੇ ਕੀਤੇ ਗਏ ਸਾਰੇ ਪ੍ਰਬੰਧਾਂ ਦਾ ਸਮਰਥਨ ਕਰਦੇ ਹਨ। ਇਸ ਤੋਂ ਇਲਾਵਾ ਜੋ ਸਿੱਖਿਆ ਮਸਹ ਕੀਤੇ ਮਸੀਹੀ ਲੈਂਦੇ ਹਨ, ਉਹੀ ਸਿੱਖਿਆ “ਓਪਰੇ” ਲੈਂਦੇ ਹਨ ਅਤੇ ਉਹ ਪ੍ਰਚਾਰ ਤੇ ਚੇਲੇ ਬਣਾਉਣ ਦੇ ਕੰਮ ਵਿਚ ਮਸਹ ਕੀਤੇ ਹੋਇਆਂ ਦਾ ਸਾਥ ਦਿੰਦੇ ਹਨ।

ਸਾਡੇ ਲਈ ਸਬਕ:

40:10-14, 26, 28. ਯਹੋਵਾਹ ਸਰਬਸ਼ਕਤੀਮਾਨ, ਸਰਬ-ਬੁੱਧੀਮਾਨ ਤੇ ਨਰਮ-ਦਿਲ ਪਰਮੇਸ਼ੁਰ ਹੈ। ਹਰ ਗੱਲ ਵਿਚ ਯਹੋਵਾਹ ਦੀ ਸਮਝ ਇਨਸਾਨਾਂ ਦੀ ਸਮਝ ਨਾਲੋਂ ਉੱਤਮ ਹੈ।

40:17, 23; 41:29; 44:9; 59:4. ਰਾਜਨੀਤਿਕ ਸੰਬੰਧ ਜੋੜਨੇ ਅਤੇ ਬੇਜਾਨ ਮੂਰਤੀਆਂ ਉੱਤੇ ਭਰੋਸਾ ਰੱਖਣਾ “ਫੋਕਟ” ਜਾਂ ਵਿਅਰਥ ਹੈ।

42:18, 19; 43:8. ਪਰਮੇਸ਼ੁਰ ਦੇ ਬਚਨ ਬਾਈਬਲ ਨੂੰ ਨਾ ਪੜ੍ਹਨਾ ਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਵੱਲੋਂ ਮਿਲੀ ਸਲਾਹ ਤੇ ਨਾ ਚੱਲਣਾ ਆਪਣੇ ਆਪ ਨੂੰ ਰੂਹਾਨੀ ਤੌਰ ਤੇ ਅੰਨ੍ਹੇ ਅਤੇ ਬੋਲੇ ਕਰਨ ਦੇ ਬਰਾਬਰ ਹੈ।—ਮੱਤੀ 24:45.

43:25. ਯਹੋਵਾਹ ਆਪਣੇ ਨਾਂ ਦੀ ਖ਼ਾਤਰ ਸਾਡੇ ਪਾਪਾਂ ਨੂੰ ਮਿਟਾਉਂਦਾ ਹੈ। ਇਸ ਲਈ ਸਾਡੇ ਵਾਸਤੇ ਪਾਪ ਤੇ ਮੌਤ ਤੋਂ ਛੁਟਕਾਰਾ ਪਾਉਣ ਨਾਲੋਂ ਅਤੇ ਸਦਾ ਦੀ ਜ਼ਿੰਦਗੀ ਪਾਉਣ ਨਾਲੋਂ ਇਹ ਗੱਲ ਅਤਿ ਜ਼ਰੂਰੀ ਹੈ ਕਿ ਯਹੋਵਾਹ ਦਾ ਨਾਂ ਉੱਚਾ ਹੋਵੇ।

44:8. ਯਹੋਵਾਹ ਜੋ ਚਟਾਨ ਵਰਗਾ ਸਥਿਰ ਤੇ ਪੱਕਾ ਹੈ, ਸਾਡੀ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਹੈ। ਇਸ ਲਈ ਸਾਨੂੰ ਉਸ ਬਾਰੇ ਗਵਾਹੀ ਦਿੰਦਿਆਂ ਕਦੇ ਡਰਨਾ ਨਹੀਂ ਚਾਹੀਦਾ!​—2 ਸਮੂਏਲ 22:31, 32.

44:18-20. ਬੁੱਤ-ਪੂਜਾ ਕਰਨ ਵਾਲੇ ਵਿਅਕਤੀ ਦਾ ਦਿਲ ਯਹੋਵਾਹ ਤੋਂ ਦੂਰ ਹੋ ਚੁੱਕਾ ਹੁੰਦਾ ਹੈ। ਭਗਤੀ ਦੇ ਮਾਮਲੇ ਵਿਚ ਸਾਡੇ ਦਿਲ ਵਿਚ ਯਹੋਵਾਹ ਤੋਂ ਬਿਨਾਂ ਹੋਰ ਕੋਈ ਨਹੀਂ ਹੋਣਾ ਚਾਹੀਦਾ।

46:10, 11. ਯਹੋਵਾਹ ਆਪਣੀ “ਸਲਾਹ ਕਾਇਮ” ਰੱਖਣ ਯਾਨੀ ਆਪਣੇ ਮਕਸਦ ਪੂਰੇ ਕਰਨ ਦੇ ਸਮਰਥ ਹੈ। ਇਹ ਪੱਕਾ ਸਬੂਤ ਹੈ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।

48:17, 18; 57:19-21. ਜੇਕਰ ਅਸੀਂ ਮੁਕਤੀ ਲਈ ਯਹੋਵਾਹ ਤੇ ਭਰੋਸਾ ਰੱਖਾਂਗੇ, ਉਸ ਦੇ ਨਜ਼ਦੀਕ ਜਾਵਾਂਗੇ ਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਾਂਗੇ, ਤਾਂ ਸਾਡੀ ਸ਼ਾਂਤੀ ਨਦੀ ਦੇ ਪਾਣੀਆਂ ਵਾਂਗ ਭਰਪੂਰ ਹੋਵੇਗੀ ਤੇ ਸਾਡੇ ਧਰਮੀ ਕੰਮ ਸਮੁੰਦਰ ਦੀਆਂ ਲਹਿਰਾਂ ਵਾਂਗ ਬਹੁਤ ਹੋਣਗੇ। ਪਰਮੇਸ਼ੁਰ ਦੇ ਬਚਨ ਤੋਂ ਮੂੰਹ ਫੇਰਨ ਵਾਲੇ “ਉੱਛਲਦੇ ਸਮੁੰਦਰ ਵਾਂਙੁ ਹਨ।” ਅਜਿਹੇ ਲੋਕਾਂ ਨੂੰ ਮਨ ਦੀ ਸ਼ਾਂਤੀ ਨਹੀਂ ਹੈ।

52:5, 6. ਬਾਬਲੀਆਂ ਨੇ ਇਹ ਸਿੱਟਾ ਕੱਢਣ ਦੀ ਗ਼ਲਤੀ ਕੀਤੀ ਸੀ ਕਿ ਸੱਚਾ ਪਰਮੇਸ਼ੁਰ ਯਹੋਵਾਹ ਕਮਜ਼ੋਰ ਸੀ। ਉਹ ਇਸਰਾਏਲੀਆਂ ਦੀ ਗ਼ੁਲਾਮੀ ਦਾ ਕਾਰਨ ਨਹੀਂ ਸਮਝ ਪਾਏ ਕਿ ਯਹੋਵਾਹ ਆਪਣੀ ਪਰਜਾ ਨਾਲ ਨਾਰਾਜ਼ ਸੀ। ਜਦੋਂ ਦੂਸਰਿਆਂ ਤੇ ਮੁਸੀਬਤਾਂ ਆਉਂਦੀਆਂ ਹਨ, ਤਾਂ ਸਾਨੂੰ ਝੱਟ ਉਨ੍ਹਾਂ ਦੀਆਂ ਮੁਸੀਬਤਾਂ ਦੀ ਵਜ੍ਹਾ ਸੋਚਣ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ।

52:7-9; 55:12, 13. ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਖ਼ੁਸ਼ੀ-ਖ਼ੁਸ਼ੀ ਹਿੱਸਾ ਲੈਣ ਦੇ ਸਾਡੇ ਕੋਲ ਤਿੰਨ ਕਾਰਨ ਹਨ। ਸੱਚਾਈ ਦੀ ਭਾਲ ਕਰ ਰਹੇ ਹਲੀਮ ਲੋਕਾਂ ਨੂੰ ਸਾਡੇ ਪੈਰ ਫੱਬਦੇ ਹਨ। ਅਸੀਂ ਯਹੋਵਾਹ ਨੂੰ “ਅੱਖੋਂ ਅੱਖੀਂ” ਦੇਖਦੇ ਹਾਂ ਯਾਨੀ ਕਿ ਉਸ ਨਾਲ ਸਾਡਾ ਗੂੜ੍ਹਾ ਰਿਸ਼ਤਾ ਹੈ। ਸਾਨੂੰ ਰੂਹਾਨੀ ਤੌਰ ਤੇ ਬਰਕਤਾਂ ਮਿਲਦੀਆਂ ਹਨ।

52:11, 12. “ਯਹੋਵਾਹ ਦੇ ਭਾਂਡੇ” ਚੁੱਕਣ ਮਤਲਬ ਕਿ ਅੱਜ ਉਸ ਦੀ ਭਗਤੀ ਵਿਚ ਜ਼ਿੰਮੇਵਾਰੀਆਂ ਚੁੱਕਣ ਦੇ ਕਾਬਲ ਬਣਨ ਲਈ ਸਾਨੂੰ ਅਧਿਆਤਮਿਕ ਅਤੇ ਨੈਤਿਕ ਤੌਰ ਤੇ ਸ਼ੁੱਧ ਹੋਣਾ ਚਾਹੀਦਾ ਹੈ।

58:1-14. ਯਹੋਵਾਹ ਦੀਆਂ ਨਜ਼ਰਾਂ ਵਿਚ ਦਿਖਾਵੇ ਲਈ ਕੀਤੀ ਭਗਤੀ ਅਤੇ ਚੰਗੇ ਕੰਮਾਂ ਦਾ ਕੋਈ ਮੁੱਲ ਨਹੀਂ। ਪਰਮੇਸ਼ੁਰ ਦੇ ਭਗਤਾਂ ਨੂੰ ਚਾਹੀਦਾ ਹੈ ਕਿ ਉਹ ਸੱਚੇ ਦਿਲੋਂ ਉਸ ਦੀ ਭਗਤੀ ਕਰਨ ਤੇ ਆਪਸ ਵਿਚ ਇਕ ਦੂਜੇ ਨਾਲ ਪਿਆਰ ਰੱਖਣ।​—ਯੂਹੰਨਾ 13:35; 2 ਪਤਰਸ 3:11.

59:15ਅ-19. ਯਹੋਵਾਹ ਧਰਤੀ ਤੇ ਹੋ ਰਹੇ ਸਾਰੇ ਕੰਮ ਦੇਖਦਾ ਹੈ ਤੇ ਉਹ ਨਿਯਤ ਸਮੇਂ ਤੇ ਕਦਮ ਚੁੱਕੇਗਾ।

ਉਹ “ਸੁਹੱਪਣ ਦਾ ਮੁਕਟ” ਹੋਵੇਗਾ

(ਯਸਾਯਾਹ 60:1–66:24)

ਯਸਾਯਾਹ 60:1 ਵਿਚ ਪਹਿਲਾਂ ਦੱਸਿਆ ਗਿਆ ਸੀ ਕਿ ਪੁਰਾਣੇ ਜ਼ਮਾਨੇ ਵਿਚ ਹੀ ਨਹੀਂ ਸਗੋਂ ਸਾਡੇ ਜ਼ਮਾਨੇ ਵਿਚ ਵੀ ਸੱਚੀ ਭਗਤੀ ਮੁੜ ਕੇ ਸਥਾਪਿਤ ਕੀਤੀ ਜਾਵੇਗੀ। ਉਸ ਵਿਚ ਲਿਖਿਆ ਹੈ: “ਉੱਠ, ਚਮਕ, ਤੇਰਾ ਚਾਨਣ ਜੋ ਆ ਗਿਆ ਹੈ, ਅਤੇ ਯਹੋਵਾਹ ਦਾ ਪਰਤਾਪ ਜੋ ਤੇਰੇ ਉੱਤੇ ਚਮਕਿਆ ਹੈ।” ਸੀਯੋਨ “ਯਹੋਵਾਹ ਦੇ ਹੱਥ ਵਿੱਚ ਇੱਕ ਸੁਹੱਪਣ ਦਾ ਮੁਕਟ” ਹੋਵੇਗਾ।​—ਯਸਾਯਾਹ 62:3.

ਯਸਾਯਾਹ ਨੇ ਉਨ੍ਹਾਂ ਗ਼ੁਲਾਮ ਇਸਰਾਏਲੀਆਂ ਲਈ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਜੋ ਬਾਬਲ ਵਿਚ ਤੋਬਾ ਕਰਨਗੇ। (ਯਸਾਯਾਹ 63:15–64:12) ਸੱਚੇ ਤੇ ਝੂਠੇ ਭਗਤਾਂ ਵਿਚਕਾਰ ਫ਼ਰਕ ਦੱਸਣ ਤੋਂ ਬਾਅਦ, ਯਸਾਯਾਹ ਨਬੀ ਨੇ ਕਿਹਾ ਕਿ ਯਹੋਵਾਹ ਉਨ੍ਹਾਂ ਤੇ ਬਰਕਤਾਂ ਵਰਸਾਵੇਗਾ ਜੋ ਉਸ ਦੀ ਸੱਚੀ ਭਗਤੀ ਕਰਨਗੇ।​—ਯਸਾਯਾਹ 65:1–66:24.

ਕੁਝ ਸਵਾਲਾਂ ਦੇ ਜਵਾਬ:

61:8, 9—“ਅਨੰਤ ਨੇਮ” ਕੀ ਹੈ ਅਤੇ “ਸੰਤਾਨ” ਕੌਣ ਹੈ? ਇਹ ਨਵਾਂ ਨੇਮ ਹੈ ਜੋ ਯਹੋਵਾਹ ਨੇ ਮਸਹ ਕੀਤੇ ਹੋਏ ਮਸੀਹੀਆਂ ਨਾਲ ਬੰਨ੍ਹਿਆ ਹੈ। “ਸੰਤਾਨ” ਲੱਖਾਂ ਹੀ ‘ਹੋਰ ਭੇਡਾਂ’ ਹਨ ਜੋ ਇਨ੍ਹਾਂ ਦਾ ਸੰਦੇਸ਼ ਸੁਣਦੀਆਂ ਹਨ।​—ਯੂਹੰਨਾ 10:16.

63:5—ਯਹੋਵਾਹ ਦਾ ਗੁੱਸਾ ਉਸ ਨੂੰ ਕਿਵੇਂ ਸੰਭਾਲਦਾ ਹੈ? ਯਹੋਵਾਹ ਦਾ ਗੁੱਸਾ ਹਮੇਸ਼ਾ ਜਾਇਜ਼ ਹੁੰਦਾ ਹੈ ਅਤੇ ਉਹ ਆਪਣੇ ਗੁੱਸੇ ਨੂੰ ਕਾਬੂ ਵਿਚ ਰੱਖਦਾ ਹੈ। ਯਹੋਵਾਹ ਦਾ ਗੁੱਸਾ ਉਸ ਨੂੰ ਪਾਪੀਆਂ ਨੂੰ ਸਜ਼ਾ ਦੇਣ ਵਾਸਤੇ ਪ੍ਰੇਰਦਾ ਹੈ।

ਸਾਡੇ ਲਈ ਸਬਕ:

64:6. ਪਾਪੀ ਇਨਸਾਨ ਆਪਣੇ ਆਪ ਨੂੰ ਨਹੀਂ ਬਚਾ ਸਕਦੇ। ਆਪਣੇ ਪਾਪਾਂ ਦੇ ਪ੍ਰਾਸਚਿਤ ਲਈ ਅਸੀਂ ਭਾਵੇਂ ਜਿੰਨੇ ਮਰਜ਼ੀ ਧਰਮੀ ਕੰਮ ਕਰੀਏ, ਫਿਰ ਵੀ ਇਹ ਕੰਮ ਮੈਲੇ ਕੱਪੜਿਆਂ ਜਿੰਨੇ ਵਿਅਰਥ ਹਨ।​—ਰੋਮੀਆਂ 3:23, 24.

65:13, 14. ਯਹੋਵਾਹ ਆਪਣੇ ਵਫ਼ਾਦਾਰ ਭਗਤਾਂ ਦੀਆਂ ਰੂਹਾਨੀ ਲੋੜਾਂ ਪੂਰੀਆਂ ਕਰਨ ਵਿਚ ਕੋਈ ਕਸਰ ਨਹੀਂ ਛੱਡਦਾ।

66:3-5. ਯਹੋਵਾਹ ਪਖੰਡ ਤੋਂ ਨਫ਼ਰਤ ਕਰਦਾ ਹੈ।

“ਬਾਗ ਬਾਗ ਹੋਵੋ”

ਬਾਬਲ ਦੀ ਗ਼ੁਲਾਮੀ ਵਿਚ ਰਹਿ ਰਹੇ ਵਫ਼ਾਦਾਰ ਯਹੂਦੀ ਇਹ ਜਾਣ ਕੇ ਕਿੰਨੇ ਖ਼ੁਸ਼ ਹੋਏ ਹੋਣਗੇ ਕਿ ਯਹੋਵਾਹ ਸੱਚੀ ਭਗਤੀ ਦੁਬਾਰਾ ਸ਼ੁਰੂ ਕਰੇਗਾ! ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹਾ: “ਜੁੱਗੋ ਜੁੱਗ ਖੁਸ਼ੀ ਮਨਾਓ ਅਤੇ ਬਾਗ ਬਾਗ ਹੋਵੋ, ਵੇਖੋ ਤਾਂ, ਮੈਂ ਯਰੂਸ਼ਲਮ ਲਈ ਅਨੰਦਤਾ, ਅਤੇ ਉਸ ਦੀ ਪਰਜਾ ਲਈ ਖੁਸ਼ੀ ਉਤਪੰਨ ਕਰਦਾ ਹਾਂ।”​—ਯਸਾਯਾਹ 65:18.

ਅੱਜ ਅਸੀਂ ਵੀ ਅਜਿਹੇ ਸਮੇਂ ਵਿਚ ਜੀ ਰਹੇ ਹਾਂ। ਚਾਰੇ ਪਾਸੇ ਹਨੇਰਾ ਛਾਇਆ ਹੋਇਆ ਹੈ। (ਯਸਾਯਾਹ 60:2) ਜੀ ਹਾਂ, ਅਸੀਂ ‘ਭੈੜੇ ਸਮਿਆਂ’ ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1) ਇਸੇ ਲਈ ਯਸਾਯਾਹ ਦੀ ਪੋਥੀ ਵਿਚ ਯਹੋਵਾਹ ਵੱਲੋਂ ਮੁਕਤੀ ਦਾ ਸੰਦੇਸ਼ ਪੜ੍ਹ ਕੇ ਸਾਨੂੰ ਬਹੁਤ ਹੌਸਲਾ ਮਿਲਦਾ ਹੈ।​—ਇਬਰਾਨੀਆਂ 4:12.

[ਫੁਟਨੋਟ]

[ਸਫ਼ਾ 8 ਉੱਤੇ ਤਸਵੀਰ]

ਕੀ ਤੁਹਾਨੂੰ ਪਤਾ ਕਿ ਹਿਜ਼ਕੀਯਾਹ ਨੇ ਅੱਸ਼ੂਰੀਆਂ ਦੇ ਹੱਥੋਂ ਬਚਾਏ ਜਾਣ ਲਈ ਯਹੋਵਾਹ ਅੱਗੇ ਪ੍ਰਾਰਥਨਾ ਕਿਉਂ ਕੀਤੀ ਸੀ?

[ਸਫ਼ਾ 11 ਉੱਤੇ ਤਸਵੀਰ]

“ਜਿਹੜਾ ਖੁਸ਼ ਖਬਰੀ ਲੈ ਆਉਂਦਾ ਹੈ, ਉਹ ਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਬਦੇ ਹਨ!”