ਲੋਕਾਂ ਨੂੰ ਸੱਚੀ ਭਗਤੀ ਦੇ ਰਾਹੇ ਪਾਉਣ ਵਾਲਾ ਨਬੀ ਸਮੂਏਲ
ਲੋਕਾਂ ਨੂੰ ਸੱਚੀ ਭਗਤੀ ਦੇ ਰਾਹੇ ਪਾਉਣ ਵਾਲਾ ਨਬੀ ਸਮੂਏਲ
ਜਦੋਂ ਇਸਰਾਏਲ ਦੀ ਪਰਜਾ ਨੇ ਸਮੂਏਲ ਨਬੀ ਨੂੰ ਇਕ ਪਾਤਸ਼ਾਹ ਚੁਣਨ ਲਈ ਕਿਹਾ, ਤਾਂ ਉਸ ਨੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਦਾ ਪਾਤਸ਼ਾਹ ਯਹੋਵਾਹ ਪਰਮੇਸ਼ੁਰ ਸੀ ਤੇ ਉਨ੍ਹਾਂ ਨੂੰ ਉਸ ਦਾ ਕਹਿਣਾ ਮੰਨਣਾ ਚਾਹੀਦਾ ਸੀ। ਸਮੂਏਲ ਨੇ ਉਨ੍ਹਾਂ ਮੁਹਰੇ ਆਪਣੇ ਆਪ ਨੂੰ ਰੱਬ ਦਾ ਨਬੀ ਸਾਬਤ ਕਰਨ ਲਈ ਯਹੋਵਾਹ ਅੱਗੇ ਬੇਨਤੀ ਕੀਤੀ ਕਿ ਉਹ ਇਕ ਤੂਫ਼ਾਨ ਲਿਆਵੇ। ਉਸ ਇਲਾਕੇ ਵਿਚ ਕਣਕਾਂ ਦੀ ਵਾਢੀ ਦੇ ਸਮੇਂ ਮੀਂਹ ਨਹੀਂ ਪੈਂਦੇ। ਪਰ ਪਰਮੇਸ਼ੁਰ ਨੇ ਬਦਲ ਗਰਜਾਏ ਤੇ ਮੀਂਹ ਵਰ੍ਹਾਇਆ। ਇਹ ਕ੍ਰਿਸ਼ਮਾ ਦੇਖ ਕੇ ਲੋਕ ਯਹੋਵਾਹ ਤੇ ਉਸ ਦੇ ਨਬੀ ਸਮੂਏਲ ਤੋਂ ਡਰਨ ਲੱਗ ਪਏ।—1 ਸਮੂਏਲ 12:11-19.
ਸਮੂਏਲ ਨਬੀ ਇਕ ਲੇਖਕ ਵੀ ਸੀ। ਉਸ ਨੇ ਆਪਣੀਆਂ ਪੋਥੀਆਂ ਵਿਚ 330 ਸਾਲਾਂ ਵਿਚ ਵਾਪਰੀਆਂ ਦਿਲਚਸਪ ਘਟਨਾਵਾਂ ਬਾਰੇ ਲਿਖਿਆ ਜਿਨ੍ਹਾਂ ਵਿਚ ਇਸਰਾਏਲ ਦੇ ਨਿਆਈਆਂ ਦੇ ਕਾਰਨਾਮੇ ਵੀ ਸ਼ਾਮਲ ਹਨ। ਮਿਸਾਲ ਲਈ ਉਸ ਨੇ ਦੁਨੀਆਂ ਦੇ ਸਭ ਤੋਂ ਤਾਕਤਵਰ ਬੰਦੇ ਸਮਸੂਨ ਦੀ ਕਹਾਣੀ ਲਿਖੀ ਜਿਸ ਦੀ ਜ਼ਿੰਦਗੀ ਤੇ ਕਈ ਕਵਿਤਾਵਾਂ ਲਿਖੀਆਂ ਗਈਆਂ, ਓਪੇਰਾ, ਨਾਟਕ ਤੇ ਫ਼ਿਲਮਾਂ ਬਣਾਈਆਂ ਗਈਆਂ ਹਨ। (ਨਿਆਈਆਂ, 13-16 ਅਧਿਆਇ) ਸਮੂਏਲ ਨੇ ਰੂਥ ਤੇ ਉਸ ਦੀ ਗ਼ਰੀਬ ਵਿਧਵਾ ਸੱਸ ਨਾਓਮੀ ਦੀ ਕਹਾਣੀ ਵੀ ਲਿਖੀ। ਇਹ ਸੱਚੀ ਅਤੇ ਲੋਕਪ੍ਰਿਯ ਕਹਾਣੀ ਦਾ ਅੰਤ ਬਹੁਤ ਦਿਲਚਸਪ ਹੈ।—ਰੂਥ 1-4 ਅਧਿਆਇ।
ਅਸੀਂ ਸਮੂਏਲ ਦੀਆਂ ਲਿਖਤਾਂ ਤੇ ਉਸ ਦੀ ਜ਼ਿੰਦਗੀ ਤੋਂ ਕੀ ਸਿੱਖ ਸਕਦੇ ਹਾਂ? ਉਸ ਨੇ ਯਹੋਵਾਹ ਦੀ ਭਗਤੀ ਕਰਦੇ ਹੋਏ ਜੋਸ਼ ਨਾਲ ਕਿਵੇਂ ਕੰਮ ਕੀਤਾ?
ਸਮੂਏਲ ਦਾ ਬਚਪਨ
ਸਮੂਏਲ ਦਾ ਪਿਤਾ ਅਲਕਾਨਾਹ ਯਹੋਵਾਹ ਦਾ ਭਗਤ ਸੀ ਤੇ ਉਹ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਕਰਦਾ ਸੀ। ਉਸ ਦੀ ਪਤਨੀ ਹੰਨਾਹ ਵੀ ਯਹੋਵਾਹ ਵਿਚ ਬਹੁਤ ਮਜ਼ਬੂਤ ਨਿਹਚਾ ਰੱਖਦੀ ਸੀ। ਪਰ ਹੰਨਾਹ ਬੇਔਲਾਦ ਸੀ, ਇਸ ਲਈ ਉਸ ਨੇ ਸ਼ੀਲੋਹ ਵਿਚ ਯਹੋਵਾਹ ਦੇ ਘਰ ਜਾ ਕੇ ਸੁੱਖਣਾ ਸੁੱਖੀ: “ਹੇ ਸੈਨਾਂ ਦੇ ਯਹੋਵਾਹ, ਜੇ ਤੂੰ ਆਪਣੀ ਟਹਿਲਣ ਦੇ ਦੁਖ ਵੱਲ ਧਿਆਨ ਕਰੇਂ ਅਤੇ ਮੈਨੂੰ ਚੇਤੇ ਕਰੇਂ ਅਤੇ ਆਪਣੀ ਟਹਿਲਣ ਨੂੰ ਨਾ ਭੁਲਾਵੇਂ ਅਤੇ ਆਪਣੀ ਟਹਿਲਣ ਨੂੰ ਪੁੱਤ੍ਰ ਦੇਵੇਂ ਤਾਂ ਮੈਂ ਉਹ ਯਹੋਵਾਹ ਨੂੰ ਜਿੰਨਾ ਚਿਰ ਉਹ ਜੀਉਂਦਾ ਰਹੇ ਦੇ ਦਿਆਂਗੀ ਅਤੇ ਉਹ ਦੇ ਸਿਰ ਉੱਤੇ ਉਸਤਰਾ ਕਦੀ ਨਾ ਫਿਰੇਗਾ।” (1 ਸਮੂਏਲ 1:1-11) ਇਸ ਦਾ ਮਤਲਬ ਸੀ ਕਿ ਉਸ ਨੇ ਆਪਣੇ ਮੁੰਡੇ ਨੂੰ ਯਹੋਵਾਹ ਦੀ ਸੇਵਾ ਲਈ ਅਰਪਣ ਕਰ ਦੇਣ ਦੀ ਸੁੱਖਣਾ ਸੁੱਖੀ ਸੀ।
ਹੰਨਾਹ ਆਪਣੇ ਮਨ ਵਿਚ ਹੀ ਬੇਨਤੀ ਕਰ ਰਹੀ ਸੀ। ਬਾਈਬਲ ਕਹਿੰਦੀ ਹੈ ਕਿ “ਨਿਰੇ ਉਹ ਦੇ ਬੁੱਲ੍ਹ ਹੀ ਪਏ ਹਿੱਲਦੇ ਸਨ।” ਪ੍ਰਧਾਨ ਜਾਜਕ ਏਲੀ ਨੂੰ ਲੱਗਾ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਇਸ ਕਰਕੇ ਉਸ ਨੇ ਉਸ ਨੂੰ ਝਿੜਕਿਆ। ਪਰ ਜਦ ਹੰਨਾਹ ਨੇ ਉਸ ਨੂੰ ਆਦਰ ਨਾਲ ਸਮਝਾਇਆ ਕਿ ਉਹ ਬਾਂਝ ਹੋਣ ਕਰਕੇ ਬਹੁਤ ਦੁਖੀ ਸੀ, ਤਾਂ ਏਲੀ ਨੇ ਕਿਹਾ: “ਸੁਖ ਸਾਂਦ ਨਾਲ ਜਾਹ ਅਤੇ ਇਸਰਾਏਲ ਦਾ ਪਰਮੇਸ਼ੁਰ ਤੇਰੀ ਅਰਜੋਈ ਪੂਰੀ ਕਰੇ ਜੋ ਤੈਂ ਉਸ ਤੋਂ ਮੰਗੀ ਹੈ।” ਯਹੋਵਾਹ ਨੇ ਉਸ ਦੀ ਬੇਨਤੀ ਸੁਣੀ ਤੇ “ਹੰਨਾਹ ਨੂੰ ਗਰਭ ਹੋਣ ਦੇ ਪਿੱਛੋਂ ਜਾਂ ਦਿਨ ਪੂਰੇ ਹੋਏ ਤਾਂ ਪੁੱਤ੍ਰ ਜਣੀ ਅਤੇ ਉਹ ਦਾ ਨਾਉਂ ਸਮੂਏਲ ਧਰਿਆ ਕਿਉਂ ਜੋ ਉਹ ਨੇ ਆਖਿਆ ਭਈ ਮੈਂ ਉਹ ਨੂੰ ਯਹੋਵਾਹ ਕੋਲੋਂ ਮੰਗ ਕੇ ਲਿਆ ਹੈ।”—1 ਸਮੂਏਲ 1:12-20.
ਸਮੂਏਲ ਨੂੰ ਯਹੋਵਾਹ ਦੀ ਸਿੱਖਿਆ ਅਰ ਮੱਤ ਦੇ ਕੇ ਪਾਲਿਆ ਗਿਆ ਸੀ। (ਅਫ਼ਸੀਆਂ 6:4) ਹੰਨਾਹ ਨੇ ਉਸ ਨੂੰ ਦੁੱਧ ਛੁਡਾਉਣ ਤੋਂ ਛੇਤੀ ਹੀ ਬਾਅਦ ਸ਼ੀਲੋਹ ਵਿਚ ਪਰਮੇਸ਼ੁਰ ਦੇ ਘਰ ਲਿਆਂਦਾ ਤੇ ਪ੍ਰਧਾਨ ਜਾਜਕ ਏਲੀ ਦੇ ਸਪੁਰਦ ਕਰ ਦਿੱਤਾ। ਉਸ ਦੀ ਦੇਖ-ਰੇਖ ਹੇਠ ਮੁੰਡਾ “ਯਹੋਵਾਹ ਦੀ ਸੇਵਾ ਕਰਦਾ ਰਿਹਾ।” ਖੀਵੀ ਹੋਈ ਹੰਨਾਹ ਨੇ ਗੀਤ ਗਾ ਕੇ ਪਰਮੇਸ਼ੁਰ ਦਾ ਸ਼ੁਕਰਗੁਜ਼ਾਰ ਕੀਤਾ। ਇਸ ਗੀਤ ਨੂੰ ਬਾਅਦ ਵਿਚ ਉਸ ਦੇ ਪੁੱਤਰ ਸਮੂਏਲ ਨੇ ਆਪਣੀ ਕਿਤਾਬ ਵਿਚ ਕਲਮਬੱਧ ਕੀਤਾ।—1 ਸਮੂਏਲ 2:1-11.
ਜੇ ਤੁਹਾਡੇ ਬੱਚੇ ਹਨ, ਤਾਂ ਕੀ ਤੁਸੀਂ ਆਪਣੇ ਬੱਚਿਆਂ ਨੂੰ ਜ਼ਿੰਦਗੀ ਭਰ ਯਹੋਵਾਹ ਦੀ ਸੇਵਾ ਕਰਨ ਦੀ ਹੱਲਾਸ਼ੇਰੀ ਦੇ ਰਹੇ ਹੋ? ਪੂਰੇ ਤਨ-ਮਨ ਨਾਲ ਯਹੋਵਾਹ ਦੀ ਸੇਵਾ ਕਰਨ ਨਾਲ ਹੀ ਜ਼ਿੰਦਗੀ ਸਫ਼ਲ ਹੁੰਦੀ ਹੈ।
ਸਮੂਏਲ ਨੂੰ ਯਹੋਵਾਹ ਦੇ ਘਰ ਰਹਿਣਾ ਪਸੰਦ ਆਇਆ। ਉਹ “ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ” ਅਤੇ “ਯਹੋਵਾਹ ਅਰ ਮਨੁੱਖਾਂ ਦੇ ਅੱਗੇ ਮੰਨਿਆ ਪਰਮੰਨਿਆ” ਗਿਆ। ਦੂਸਰੇ ਵੀ ਉਸ ਦੇ ਚੰਗੇ ਗੁਣ ਦੇਖ ਕੇ ਉਸ ਨਾਲ ਪਿਆਰ ਕਰਨ ਲੱਗ ਪਏ।—1 ਸਮੂਏਲ 2:21, 26.
ਪਰ ਏਲੀ ਦੇ ਆਪਣੇ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਨਿਕੰਮੇ ਸਨ ਤੇ ‘ਯਹੋਵਾਹ ਨੂੰ ਨਹੀਂ ਸਿਆਣਦੇ ਸਨ।’ ਉਹ ਵਿਭਚਾਰ ਕਰਦੇ ਸਨ ਤੇ ਯਹੋਵਾਹ ਦੇ ਘਰ ਭੇਟ ਕੀਤੀਆਂ ਬਲੀਆਂ ਦੇ ਵਧੀਆ-ਵਧੀਆ ਟੁਕੜੇ ਹੜੱਪ ਕਰ ਲੈਂਦੇ ਸਨ। ਪਰਮੇਸ਼ੁਰ ਇਕ ਨਬੀ ਭੇਜ ਕੇ ਪਹਿਲਾਂ ਹੀ ਏਲੀ ਨੂੰ ਉਸ ਦੀ ਗ਼ਲਤੀ ਦੀ ਸਜ਼ਾ ਸੁਣਾ ਚੁੱਕਾ 1 ਸਮੂਏਲ 2:12, 15-17, 22-25, 27, 30-34) ਯਹੋਵਾਹ ਨੇ ਬਾਅਦ ਵਿਚ ਸਮੂਏਲ ਰਾਹੀਂ ਸਜ਼ਾ ਦਾ ਇਕ ਹੋਰ ਸੰਦੇਸ਼ ਸੁਣਾਇਆ।
ਸੀ। ਪਰਮੇਸ਼ੁਰ ਨੇ ਏਲੀ ਨੂੰ ਦੱਸਿਆ ਕਿ ਇੱਕੋ ਦਿਨ ਉਸ ਦੇ ਦੋਵਾਂ ਪੁੱਤਰਾਂ ਦੀ ਮੌਤ ਹੋਵੇਗੀ। (ਨਬੀ ਵਜੋਂ ਸਮੂਏਲ ਦੀ ਸੇਵਾ
ਪਰਮੇਸ਼ੁਰ ਨੇ ਸਮੂਏਲ ਨੂੰ ਕਿਹਾ: “ਮੈਂ [ਏਲੀ] ਨੂੰ ਆਖਿਆ ਭਈ ਮੈਂ ਉਸ ਬੁਰਿਆਈ ਦੇ ਕਾਰਨ ਜਿਹ ਨੂੰ ਉਹ ਨੇ ਜਾਣ ਵੀ ਲਿਆ ਹੈ ਸਦੀਪਕ ਤੋੜੀ ਉਹ ਦੇ ਘਰ ਤੋਂ ਬਦਲਾ ਲਵਾਂਗਾ ਕਿਉਂ ਜੋ ਉਹ ਦੇ ਪੁੱਤ੍ਰਾਂ ਨੇ ਆਪਣੇ ਆਪ ਨੂੰ ਨੀਚ ਕੀਤਾ ਹੈ ਅਤੇ ਉਹ ਨੇ ਉਨ੍ਹਾਂ ਨੂੰ ਨਹੀਂ ਵਰਜਿਆ।” ਸਮੂਏਲ ਲਈ ਏਲੀ ਨੂੰ ਇਹ ਸਭ ਕੁਝ ਦੱਸਣਾ ਸੌਖਾ ਨਹੀਂ ਸੀ, ਪਰ ਏਲੀ ਨੇ ਖ਼ੁਦ ਹੀ ਉਸ ਨੂੰ ਕਿਹਾ ਕਿ ਉਹ ਕੋਈ ਗੱਲ ਨਾ ਲੁਕਾਵੇ। ਸੋ ਸਮੂਏਲ ਨੇ ਉਸ ਨੂੰ ਯਹੋਵਾਹ ਦਾ ਪੂਰਾ ਸੰਦੇਸ਼ ਸੁਣਾ ਦਿੱਤਾ। ਇਹ ਕਰਨ ਲਈ ਬਹਾਦਰੀ ਦੀ ਲੋੜ ਸੀ!—1 ਸਮੂਏਲ 3:10-18.
ਜਿੱਦਾਂ-ਜਿੱਦਾਂ ਸਮੂਏਲ ਵੱਡਾ ਹੁੰਦਾ ਗਿਆ, ਸਾਰੇ ਇਸਰਾਏਲ ਨੂੰ ਪਤਾ ਲੱਗ ਗਿਆ ਕਿ ਪਰਮੇਸ਼ੁਰ ਦਾ ਨਬੀ ਉਹੀ ਸੀ। (1 ਸਮੂਏਲ 3:19, 20) ਹਾਫ਼ਨੀ ਅਤੇ ਫ਼ੀਨਹਾਸ ਨੂੰ ਸਮੂਏਲ ਦੁਆਰਾ ਦੱਸੀ ਗਈ ਸਜ਼ਾ ਉਦੋਂ ਮਿਲੀ ਜਦੋਂ ਫਿਲਿਸਤੀਆਂ ਨੇ ਇਸਰਾਏਲ ਉੱਤੇ ਚੜ੍ਹਾਈ ਕਰ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਰਾਇਆ ਸੀ। ਉਹ ਦੋਵੇਂ ਲੜਾਈ ਵਿਚ ਮਾਰੇ ਗਏ ਤੇ ਫਿਲਿਸਤੀਆਂ ਨੇ ਯਹੋਵਾਹ ਦੇ ਨੇਮ ਦੇ ਸੰਦੂਕ ਤੇ ਕਬਜ਼ਾ ਕਰ ਲਿਆ। ਆਪਣੇ ਪੁੱਤਰਾਂ ਦੀ ਮੌਤ ਤੇ ਸੰਦੂਕ ਦੇ ਖੁੱਸ ਜਾਣ ਦੀ ਮਾੜੀ ਖ਼ਬਰ ਸੁਣ ਕੇ ਏਲੀ ਚੌਂਕੀ ਉੱਤੋਂ ਪਿੱਠ ਪਰਨੇ ਡਿੱਗ ਪਿਆ ਜਿਸ ਨਾਲ ਉਸ ਦੀ ਧੌਣ ਟੁੱਟ ਗਈ ਅਤੇ ਉਹ ਮਰ ਗਿਆ।—1 ਸਮੂਏਲ 4:1-18.
ਵੀਹ ਸਾਲ ਬਾਅਦ ਸਮੂਏਲ ਨੇ ਇਸਰਾਏਲੀਆਂ ਨੂੰ ਝੂਠੇ ਦੇਵੀ-ਦੇਵਤਿਆਂ ਦੀ ਪਾਠ-ਪੂਜਾ ਛੱਡ ਦੇਣ ਦੀ ਅਰਜ਼ ਕੀਤੀ। ਉਨ੍ਹਾਂ ਨੇ ਦੇਵੀ-ਦੇਵਤਿਆਂ ਦੀ ਪੂਜਾ ਕਰਨੀ ਤੇ ਵਰਤ ਰੱਖਣੇ ਛੱਡ ਦਿੱਤੇ ਤੇ ਆਪਣੇ ਪਾਪਾਂ ਦੀ ਮਾਫ਼ੀ ਮੰਗੀ। ਸਮੂਏਲ ਨੇ ਉਨ੍ਹਾਂ ਦੇ ਨਿਮਿਤ ਬੇਨਤੀ ਕੀਤੀ ਤੇ ਹੋਮ ਬਲੀ ਚੜ੍ਹਾਈ। ਇਸ ਦਾ ਨਤੀਜਾ ਕੀ ਨਿਕਲਿਆ? ਜਦੋਂ ਫਿਲਿਸਤੀਆਂ ਨੇ ਉਨ੍ਹਾਂ ਉੱਤੇ ਚੜ੍ਹਾਈ ਕੀਤੀ, ਪਰਮੇਸ਼ੁਰ ਨੇ ਫਿਲਿਸਤੀਆਂ ਨੂੰ ਬੌਂਦਲਾ ਦਿੱਤਾ ਜਿਸ ਕਰਕੇ ਇਸਰਾਏਲੀਆਂ ਨੇ ਉਨ੍ਹਾਂ ਨੂੰ ਹਰਾ ਦਿੱਤਾ। ਯਹੋਵਾਹ ਦੀ ਬਰਕਤ ਨਾਲ ਇਸਰਾਏਲੀਆਂ ਦੇ ਹਾਲਾਤ ਬਿਹਤਰ ਹੋ ਗਏ ਤੇ ਉਹ ਫਿਲਿਸਤੀਆਂ ਦੁਆਰਾ ਕਬਜ਼ਾ ਕੀਤੇ ਗਏ ਆਪਣੇ ਸ਼ਹਿਰ ਵਾਪਸ ਲੈ ਸਕੇ।—1 ਸਮੂਏਲ 7:3-14.
ਯਹੋਵਾਹ ਦੀ ਭਗਤੀ ਵਿਚ ਸਮੂਏਲ ਦਾ ਜੋਸ਼ ਵਾਕਈ ਕਾਬਲੇ-ਤਾਰੀਫ਼ ਹੈ। ਮਿਸਾਲ ਲਈ ਉਸ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਲੜਾਈ ਵਿਚ ਲੁੱਟੇ ਮਾਲ ਨਾਲ ਪਰਮੇਸ਼ੁਰ ਦੇ ਭਵਨ ਦਾ ਖ਼ਰਚਾ ਚਲਾਇਆ ਜਾਵੇ। ਉਸ ਨੇ ਪਸਾਹ ਦਾ ਤਿਉਹਾਰ ਵੀ ਮਨਾਇਆ ਅਤੇ ਲੇਵੀਆਂ ਨੂੰ ਦਰਬਾਨਾਂ ਦੀ ਜ਼ਿੰਮੇਵਾਰੀ ਸੌਂਪੀ। (1 ਇਤਹਾਸ 9:22; 26:27, 28; 2 ਇਤਹਾਸ 35:18) ਸਮੂਏਲ ਵਰ੍ਹੇ ਦੇ ਵਰ੍ਹੇ ਆਪਣੇ ਸ਼ਹਿਰ ਰਾਮਾਹ ਤੋਂ ਹੋਰ ਕਈਆਂ ਸ਼ਹਿਰਾਂ ਵਿਚ ਜਾ ਕੇ ਲੋਕਾਂ ਦਾ ਨਿਆਂ ਕਰਦਾ ਸੀ। ਲੋਕ ਜਾਣਦੇ ਸਨ ਕਿ ਉਸ ਨੇ ਕਦੇ ਵੱਢੀ ਨਹੀਂ ਲਈ ਸੀ ਤੇ ਉਹ ਨਿਰਪੱਖ ਬੰਦਾ ਸੀ। ਲੋਕ ਉਸ ਦੀ ਇੱਜ਼ਤ ਕਰਦੇ ਸਨ, ਇਸ ਲਈ ਉਹ ਉਨ੍ਹਾਂ ਦੀ ਮਦਦ ਕਰ ਸਕਦਾ ਸੀ। (1 ਸਮੂਏਲ 7:15-17; 9:6-14; 12:2-5) ਕੋਈ ਸ਼ੱਕ ਨਹੀਂ ਕਿ ਉਸ ਦੀ ਈਮਾਨਦਾਰੀ ਤੇ ਸ਼ਰਧਾ ਦੇਖ ਕੇ ਕਈ ਲੋਕ ਉਸ ਦੀ ਮਿਸਾਲ ਉੱਤੇ ਚੱਲਣ ਲਈ ਪ੍ਰੇਰਿਤ ਹੋਏ। ਕੀ ਤੁਸੀਂ ਸਮੂਏਲ ਦੀ ਮਿਸਾਲ ਤੋਂ ਪ੍ਰੇਰਿਤ ਹੁੰਦੇ ਹੋ?
ਇਸਰਾਏਲ ਨੇ ਪਾਤਸ਼ਾਹ ਚੁਣਨ ਲਈ ਕਿਹਾ
ਆਪਣੇ ਬੁਢਾਪੇ ਵਿਚ ਸਮੂਏਲ ਨੇ ਆਪਣੇ ਪੁੱਤਰਾਂ ਯੋਏਲ ਤੇ ਅਬਿੱਯਾਹ ਨੂੰ ਨਿਆਂਕਾਰ ਠਹਿਰਾਇਆ। ਪਰ ਉਹ “ਉਸ ਦੇ ਰਾਹ ਉੱਤੇ ਨਾ ਚੱਲੇ ਸਗੋਂ ਖੱਟੀ ਦੇ ਮਗਰ ਲੱਗਦੇ ਅਤੇ ਵੱਢੀ ਲੈਂਦੇ ਅਤੇ ਨਿਆਉਂ ਵਿੱਚ ਪੱਖ ਕਰਦੇ ਸਨ।” ਇਸ ਵਜ੍ਹਾ ਕਰਕੇ ਇਸਰਾਏਲ ਦੇ ਬਜ਼ੁਰਗਾਂ ਨੇ ਸਮੂਏਲ ਨੂੰ ਇਕ ਪਾਤਸ਼ਾਹ ਚੁਣਨ ਲਈ ਕਿਹਾ। (1 ਸਮੂਏਲ 8:1-5) ਸਮੂਏਲ ਦੀਆਂ ਨਜ਼ਰਾਂ ਵਿਚ ਇਹ ਗੱਲ ਮਾੜੀ ਸੀ। ਪਰ ਜਦੋਂ ਉਸ ਨੇ ਇਸ ਬਾਰੇ ਪ੍ਰਾਰਥਨਾ ਕੀਤੀ, ਤਾਂ ਯਹੋਵਾਹ ਨੇ ਉਸ ਨੂੰ ਕਿਹਾ: “ਉਨ੍ਹਾਂ ਨੇ ਤੈਨੂੰ ਨਹੀਂ ਤਿਆਗ ਦਿੱਤਾ ਸਗੋਂ ਮੈਨੂੰ ਤਿਆਗ ਦਿੱਤਾ ਹੈ ਜੋ ਮੈਂ ਉਨ੍ਹਾਂ ਉੱਤੇ ਰਾਜ ਨਾ ਕਰਾਂ।” (1 ਸਮੂਏਲ 8:6, 7) ਪਰਮੇਸ਼ੁਰ ਨੇ ਸਮੂਏਲ ਨੂੰ ਕਿਹਾ ਕਿ ਉਹ ਲੋਕਾਂ ਦੀ ਮੰਗ ਪੂਰੀ ਕਰੇ, ਪਰ ਉਨ੍ਹਾਂ ਨੂੰ ਖ਼ਬਰਦਾਰ ਕਰ ਦੇਵੇ ਕਿ ਉਨ੍ਹਾਂ ਨੂੰ ਪਾਤਸ਼ਾਹ ਦੇ ਹੱਕ ਪੂਰੇ ਕਰਨੇ ਪੈਣਗੇ। ਜਦੋਂ ਲੋਕਾਂ ਨੇ ਜ਼ਿੱਦ ਫੜ੍ਹ ਲਈ, ਤਾਂ ਯਹੋਵਾਹ ਦੇ ਕਹਿਣੇ ਤੇ ਸਮੂਏਲ ਨੇ ਸ਼ਾਊਲ ਨੂੰ ਪਾਤਸ਼ਾਹ ਬਣਾ ਦਿੱਤਾ।—1 ਸਮੂਏਲ 8:6-22; 9:15-17; 10:1.
1 ਸਮੂਏਲ 10:17-24; 11:11-15) ਸਮੂਏਲ ਨੇ ਉਨ੍ਹਾਂ ਨੂੰ ਇਸਰਾਏਲ ਦੇ ਇਤਿਹਾਸ ਦੀ ਕਥਾ ਸੁਣਾ ਕੇ ਪਾਤਸ਼ਾਹ ਤੇ ਪਰਜਾ ਦੋਵਾਂ ਨੂੰ ਯਹੋਵਾਹ ਦੇ ਆਖੇ ਲੱਗਣ ਦੀ ਅਰਜ਼ ਕੀਤੀ। ਪਹਿਲੇ ਪੈਰੇ ਵਿਚ ਜ਼ਿਕਰ ਕੀਤਾ ਕ੍ਰਿਸ਼ਮਾ ਕਰ ਕੇ ਪਰਮੇਸ਼ੁਰ ਨੇ ਸਮੂਏਲ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ। ਉਸ ਤੂਫ਼ਾਨ ਕਰਕੇ ਲੋਕਾਂ ਨੇ ਯਹੋਵਾਹ ਨੂੰ ਪਾਤਸ਼ਾਹ ਵਜੋਂ ਰੱਦ ਕਰਨ ਦੀ ਆਪਣੀ ਗ਼ਲਤੀ ਕਬੂਲ ਕੀਤੀ। ਜਦੋਂ ਉਨ੍ਹਾਂ ਨੇ ਸਮੂਏਲ ਨੂੰ ਉਨ੍ਹਾਂ ਦੇ ਨਿਮਿਤ ਬੇਨਤੀ ਕਰਨ ਲਈ ਕਿਹਾ, ਤਾਂ ਉਸ ਨੇ ਜਵਾਬ ਦਿੱਤਾ: “ਮੈਥੋਂ ਅਜਿਹਾ ਨਾ ਹੋਵੇ ਜੋ ਮੈਂ ਤੁਹਾਡੇ ਲਈ ਬੇਨਤੀ ਕਰਨੀ ਛੱਡ ਕੇ ਯਹੋਵਾਹ ਦਾ ਪਾਪੀ ਬਣਾਂ ਸਗੋਂ ਮੈਂ ਤੁਹਾਨੂੰ ਉਹ ਰਾਹ ਦੱਸਾਂਗਾ ਜੋ ਚੰਗਾ ਅਤੇ ਸਿੱਧਾ ਹੈ।” ਇਹ ਯਹੋਵਾਹ ਅਤੇ ਉਸ ਦੀ ਪਰਜਾ ਦੇ ਪ੍ਰਤੀ ਵਫ਼ਾਦਾਰੀ ਦੀ ਕਿੰਨੀ ਵਧੀਆ ਮਿਸਾਲ ਹੈ! (1 ਸਮੂਏਲ 12:6-24) ਕੀ ਤੁਸੀਂ ਵੀ ਪਰਮੇਸ਼ੁਰ ਦੇ ਪ੍ਰਬੰਧਾਂ ਦਾ ਸਮਰਥਨ ਕਰਦੇ ਹੋ ਤੇ ਆਪਣੇ ਭੈਣਾਂ-ਭਰਾਵਾਂ ਦੇ ਨਿਮਿਤ ਬੇਨਤੀ ਕਰਦੇ ਹੋ?
ਭਾਵੇਂ ਸਮੂਏਲ ਨੂੰ ਇਹ ਗੱਲ ਪਸੰਦ ਨਹੀਂ ਸੀ, ਫਿਰ ਵੀ ਉਸ ਨੇ ਇਸ ਪ੍ਰਬੰਧ ਦਾ ਸਮਰਥਨ ਕੀਤਾ। ਇਸਰਾਏਲੀਆਂ ਦੁਆਰਾ ਅੰਮੋਨੀਆਂ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਉਸ ਨੇ ਸਾਰੀ ਪਰਜਾ ਨੂੰ ਗਿਲਗਾਲ ਵਿਚ ਇਕੱਠਾ ਕਰ ਕੇ ਸ਼ਾਊਲ ਨੂੰ ਪਾਤਸ਼ਾਹ ਬਣਾਇਆ। (ਇਸਰਾਏਲ ਦੇ ਪਹਿਲੇ ਦੋ ਪਾਤਸ਼ਾਹ
ਸ਼ਾਊਲ ਬਹੁਤ ਹੀ ਹਲੀਮ ਬੰਦਾ ਸੀ ਜਿਸ ਕਰਕੇ ਪਰਮੇਸ਼ੁਰ ਨੇ ਉਸ ਨੂੰ ਪਸੰਦ ਕੀਤਾ। (1 ਸਮੂਏਲ 9:21; 11:6) ਪਰ ਸਮੇਂ ਦੇ ਬੀਤਣ ਨਾਲ ਉਹ ਪਰਮੇਸ਼ੁਰ ਨੂੰ ਭੁੱਲ ਗਿਆ ਤੇ ਆਪਣੀ ਮਰਜ਼ੀ ਕਰਨ ਲੱਗ ਪਿਆ। ਮਿਸਾਲ ਲਈ, ਇਕ ਵਾਰ ਸ਼ਾਊਲ ਨੇ ਬੇਸਬਰਾ ਹੋ ਕੇ ਖ਼ੁਦ ਹੀ ਹੋਮ ਬਲੀ ਚੜ੍ਹਾਈ ਜਦ ਕਿ ਉਸ ਨੂੰ ਹੁਕਮ ਅਨੁਸਾਰ ਸਮੂਏਲ ਨਬੀ ਦੀ ਉਡੀਕ ਕਰਨੀ ਚਾਹੀਦੀ ਸੀ। ਇਸ ਗੰਭੀਰ ਗ਼ਲਤੀ ਲਈ ਸਮੂਏਲ ਨੇ ਉਸ ਨੂੰ ਤਾੜਿਆ। (1 ਸਮੂਏਲ 13:10-14) ਜਦੋਂ ਸ਼ਾਊਲ ਨੇ ਯਹੋਵਾਹ ਦੇ ਹੁਕਮ ਅਨੁਸਾਰ ਰਾਜਾ ਅਗਾਗ ਨੂੰ ਮਾਰ ਦੇਣ ਦੀ ਬਜਾਇ ਜੀਉਂਦਾ ਛੱਡ ਦਿੱਤਾ, ਸਮੂਏਲ ਨੇ ਉਸ ਨੂੰ ਕਿਹਾ: “ਯਹੋਵਾਹ ਨੇ ਤੇਰਾ ਰਾਜ ਜੋ ਤੂੰ ਇਸਰਾਏਲ ਉੱਤੇ ਕਰਦਾ ਸੈਂ ਅੱਜ ਤੇਰੇ ਨਾਲੋਂ ਪਾੜ ਲਿਆ ਹੈ ਅਤੇ ਤੇਰੇ ਇੱਕ ਗੁਆਂਢੀ ਨੂੰ ਦੇ ਦਿੱਤਾ ਜੋ ਤੈਥੋਂ ਚੰਗਾ ਹੈ।” ਸਮੂਏਲ ਨੇ ਖ਼ੁਦ ਅਗਾਗ ਦੇ ਟੋਟੇ-ਟੋਟੇ ਕੀਤੇ ਪਰ ਸ਼ਾਊਲ ਦੀ ਗ਼ਲਤੀ ਕਰਕੇ ਉਸ ਦਾ ਮਨ ਬਹੁਤ ਦੁਖੀ ਹੋਇਆ।—1 ਸਮੂਏਲ 15:1-35.
ਅਖ਼ੀਰ ਵਿਚ ਯਹੋਵਾਹ ਨੇ ਸਮੂਏਲ ਨੂੰ ਕਿਹਾ: “ਕਦ ਤੋੜੀ ਤੂੰ ਸ਼ਾਊਲ ਉੱਤੇ ਸੋਗ ਕਰਦਾ ਰਹੇਂਗਾ ਭਾਵੇਂ ਮੈਂ ਉਹ ਨੂੰ ਇਸਰਾਏਲ ਦੇ ਰਾਜ ਉੱਤੋਂ ਰੱਦਿਆ?” ਫਿਰ ਯਹੋਵਾਹ ਨੇ ਸਮੂਏਲ ਨੂੰ ਬੈਤਲਹਮ ਦੇ ਰਹਿਣ ਵਾਲੇ ਯੱਸੀ ਦੇ ਪੁੱਤ੍ਰਾਂ ਵਿੱਚੋਂ ਇਕ ਨੂੰ ਪਾਤਸ਼ਾਹ ਵਜੋਂ ਮਸਹ ਕਰਨ ਲਈ ਘੱਲਿਆ। ਸਮੂਏਲ ਨੇ ਯੱਸੀ ਦੇ ਸਾਰੇ ਪੁੱਤਾਂ ਨੂੰ ਇਕ-ਇਕ ਕਰ ਕੇ ਦੇਖਿਆ। ਯਹੋਵਾਹ ਨੇ ਉਨ੍ਹਾਂ ਵਿੱਚੋਂ ਸਭ ਤੋਂ ਛੋਟੇ ਪੁੱਤਰ ਦਾਊਦ ਨੂੰ ਮਸਹ ਕਰਨ ਲਈ ਕਿਹਾ। ਉਸ ਦਿਨ ਸਮੂਏਲ ਨੇ ਇਕ ਵੱਡੀ ਗੱਲ ਸਿੱਖੀ: “ਯਹੋਵਾਹ ਜੋ ਮਨੁੱਖ ਵਾਂਙੁ ਨਹੀਂ ਵੇਖਦਾ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।”—1 ਸਮੂਏਲ 16:1-13.
ਜੇ ਸਮੂਏਲ ਸ਼ਾਊਲ ਦੀ ਅਣਆਗਿਆਕਾਰੀ ਤੋਂ ਇੰਨਾ ਦੁਖੀ ਹੋਇਆ ਸੀ, ਤਾਂ ਜ਼ਰਾ ਸੋਚੋ ਕਿ ਉਸ ਨੂੰ ਇਹ ਦੇਖ ਕੇ ਕਿੰਨੀ ਤਕਲੀਫ਼ ਹੋਈ ਹੋਣੀ ਕਿ ਈਰਖਾਲੂ ਸ਼ਾਊਲ ਦਾਊਦ ਦਾ ਕਤਲ ਕਰਨ ਤੇ ਤੁਲਿਆ ਹੋਇਆ ਸੀ! ਇਨ੍ਹਾਂ ਅਜ਼ਮਾਇਸ਼ਾਂ ਦੇ ਬਾਵਜੂਦ ਸਮੂਏਲ ਆਪਣੇ ਬੁਢਾਪੇ ਵਿਚ ਵੀ ਪੂਰਾ ਜ਼ੋਰ ਲਾ ਕੇ ਯਹੋਵਾਹ ਦੀ ਸੇਵਾ ਕਰਦਾ ਰਿਹਾ।—1 ਸਮੂਏਲ 19:18-20.
ਅਸੀਂ ਸਮੂਏਲ ਤੋਂ ਕੀ ਸਿੱਖ ਸਕਦੇ ਹਾਂ?
ਜਦੋਂ ਸਮੂਏਲ ਮਰਿਆ, ਤਾਂ ਇਸਰਾਏਲੀਆਂ ਨੇ ਇਕੱਠੇ ਹੋ ਕੇ ਉਸ ਹਲੀਮ ਤੇ ਦਲੇਰ ਨਬੀ ਦਾ ਸੋਗ ਮਨਾਇਆ ਜਿਸ ਨੇ ਬਹੁਤਿਆਂ ਉੱਤੇ ਚੰਗਾ ਅਸਰ ਪਾਇਆ ਸੀ। (1 ਸਮੂਏਲ 25:1) ਪਰ ਸਮੂਏਲ ਅਪੂਰਣ ਸੀ ਤੇ ਨਿਆਂ ਕਰਦਿਆਂ ਉਸ ਨੇ ਕਈ ਵਾਰ ਗ਼ਲਤੀਆਂ ਵੀ ਕੀਤੀਆਂ ਸਨ। ਪਰ ਆਪਣੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਸਮੂਏਲ ਨੇ ਪੂਰੇ ਦਿਲ ਨਾਲ ਯਹੋਵਾਹ ਦੀ ਭਗਤੀ ਕੀਤੀ ਤੇ ਇਹੀ ਕਰਨ ਵਿਚ ਦੂਜਿਆਂ ਦੀ ਮਦਦ ਕੀਤੀ।
ਸਾਡਾ ਜ਼ਮਾਨਾ ਸਮੂਏਲ ਦੇ ਜ਼ਮਾਨੇ ਤੋਂ ਬਹੁਤ ਵੱਖਰਾ ਹੈ, ਪਰ ਅਸੀਂ ਉਸ ਦੀ ਜ਼ਿੰਦਗੀ ਤੋਂ ਕਈ ਚੰਗੀਆਂ ਗੱਲਾਂ ਸਿੱਖ ਸਕਦੇ ਹਾਂ। ਸਭ ਤੋਂ ਚੰਗੀ ਗੱਲ ਇਹ ਹੈ ਕਿ ਸਮੂਏਲ ਨੇ ਯਹੋਵਾਹ ਦੀ ਭਗਤੀ ਕੀਤੀ ਤੇ ਦੂਸਰਿਆਂ ਦੀ ਵੀ ਯਹੋਵਾਹ ਦੀ ਭਗਤੀ ਕਰਨ ਵਿਚ ਮਦਦ ਕੀਤੀ। ਕੀ ਤੁਸੀਂ ਵੀ ਇਹੀ ਕਰ ਰਹੇ ਹੋ?
[ਸਫ਼ਾ 16 ਉੱਤੇ ਡੱਬੀ]
ਸਮੂਏਲ ਦੀ ਜ਼ਿੰਦਗੀ ਉੱਤੇ ਗੌਰ ਕਰੋ
• ਜਿਵੇਂ ਸਮੂਏਲ ਨੂੰ ਉਸ ਦੇ ਮਾਪਿਆਂ ਨੇ ਯਹੋਵਾਹ ਬਾਰੇ ਸਿਖਾਇਆ ਸੀ, ਤੁਸੀਂ ਵੀ ਯਹੋਵਾਹ ਦੀ ਸਿੱਖਿਆ ਅਰ ਮੱਤ ਦੇ ਕੇ ਆਪਣੇ ਬੱਚਿਆਂ ਦੀ ਪਾਲਣਾ ਕਰੋ।—ਅਫ਼ਸੀਆਂ 6:4.
• ਆਪਣੇ ਬੱਚਿਆਂ ਨੂੰ ਸਮੂਏਲ ਵਾਂਗ ਜ਼ਿੰਦਗੀ ਭਰ ਯਹੋਵਾਹ ਦੀ ਸੇਵਾ ਕਰਨ ਦਾ ਹੌਸਲਾ ਦਿਓ।
• ਸਮੂਏਲ ਦੀ ਸ਼ਰਧਾ ਕਰਕੇ ਸਾਰੇ ਉਸ ਨਾਲ ਪਿਆਰ ਕਰਦੇ ਸਨ; ਉਹ ਸਾਡੇ ਲਈ ਇਕ ਚੰਗੀ ਮਿਸਾਲ ਹੈ।
• ਜਿਵੇਂ ਸਮੂਏਲ ਨੇ ਯਹੋਵਾਹ ਦੀ ਭਗਤੀ ਕਰਦੇ ਹੋਏ ਜੋਸ਼ ਨਾਲ ਕੰਮ ਕੀਤਾ, ਸਾਨੂੰ ਵੀ ਇਵੇਂ ਕਰਨਾ ਚਾਹੀਦਾ ਹੈ।
[ਸਫ਼ਾ 15 ਉੱਤੇ ਤਸਵੀਰ]
ਸਮੂਏਲ ਨੇ ਯਹੋਵਾਹ ਦੀ ਭਗਤੀ ਕਰਦੇ ਹੋਏ ਜੋਸ਼ ਨਾਲ ਕੰਮ ਕੀਤਾ ਤੇ ਖ਼ੁਸ਼ੀ ਨਾਲ ਦੂਜਿਆਂ ਦੀ ਮਦਦ ਕੀਤੀ