ਸੌ ਸਾਲਾਂ ਤੋਂ ਉੱਪਰ ਉਮਰ ਫਿਰ ਵੀ ਮਕਸਦ-ਭਰੀ ਜ਼ਿੰਦਗੀ!
ਸੌ ਸਾਲਾਂ ਤੋਂ ਉੱਪਰ ਉਮਰ ਫਿਰ ਵੀ ਮਕਸਦ-ਭਰੀ ਜ਼ਿੰਦਗੀ!
ਸਵੀਡਨ ਵਿਚ ਰਹਿੰਦੀ ਏਲਿਨ ਨਾਂ ਦੀ ਇਕ ਔਰਤ ਉਨ੍ਹਾਂ 60 ਬਿਰਧ ਲੋਕਾਂ ਵਿੱਚੋਂ ਇਕ ਹੈ ਜਿਨ੍ਹਾਂ ਦੀ ਉਮਰ 105 ਸਾਲਾਂ ਦੀ ਜਾਂ ਇਸ ਤੋਂ ਜ਼ਿਆਦਾ ਹੈ। ਏਲਿਨ ਆਪ 105 ਸਾਲਾਂ ਦੀ ਹੈ। ਭਾਵੇਂ ਏਲਿਨ ਇਕ ਬਿਰਧ ਆਸ਼ਰਮ ਵਿਚ ਰਹਿੰਦੀ ਹੈ, ਫਿਰ ਵੀ ਚੰਗੀ ਸਿਹਤ ਹੋਣ ਕਰਕੇ ਉਹ ਯਹੋਵਾਹ ਦੀ ਸੇਵਾ ਕਰਨ ਵਿਚ ਰੁੱਝੀ ਰਹਿੰਦੀ ਹੈ। ਏਲਿਨ 60 ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰਦੀ ਆਈ ਹੈ।
ਪੌਲੁਸ ਰਸੂਲ ਦੇ ਨਮੂਨੇ ਤੇ ਚੱਲਦੇ ਹੋਏ ਉਹ ਦੂਸਰਿਆਂ ਨੂੰ ਪ੍ਰਚਾਰ ਕਰਦੀ ਹੈ। ਪੌਲੁਸ ਕੈਦ ਵਿਚ ਵੀ ਉਨ੍ਹਾਂ ਸਾਰਿਆਂ ਲੋਕਾਂ ਨੂੰ ਪ੍ਰਚਾਰ ਕਰਦਾ ਹੁੰਦਾ ਸੀ ਜੋ ਉਸ ਨੂੰ ਮਿਲਣ ਆਉਂਦੇ ਸਨ। (ਰਸੂਲਾਂ ਦੇ ਕਰਤੱਬ 28:16, 30, 31) ਇਸੇ ਤਰ੍ਹਾਂ ਏਲਿਨ ਵੀ ਹਰ ਮੌਕੇ ਦਾ ਫ਼ਾਇਦਾ ਉਠਾ ਕੇ ਸਫ਼ਾਈ ਕਰਨ ਵਾਲਿਆਂ, ਦੰਦਾਂ ਦੇ ਡਾਕਟਰਾਂ ਤੇ ਦੂਜੇ ਡਾਕਟਰਾਂ ਨੂੰ, ਨਾਈਆਂ ਨੂੰ, ਨਰਸਾਂ ਨੂੰ ਅਤੇ ਜਿਨ੍ਹਾਂ ਨੂੰ ਵੀ ਉਹ ਆਸ਼ਰਮ ਵਿਚ ਮਿਲਦੀ ਹੈ, ਪਰਮੇਸ਼ੁਰ ਦੇ ਰਾਜ ਬਾਰੇ ਦੱਸਦੀ ਹੈ। ਏਲਿਨ ਨੂੰ ਮਿਲਣ ਆਉਂਦੇ ਕਲੀਸਿਯਾ ਦੇ ਭੈਣ-ਭਰਾ ਕਦੇ-ਕਦੇ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਨਾਲ ਲੈ ਆਉਂਦੇ ਹਨ ਤਾਂਕਿ ਉਹ ਵੀ ਉਸ ਦੇ ਗਿਆਨ ਤੇ ਤਜਰਬੇ ਤੋਂ ਸਿੱਖ ਸਕਣ।
ਏਲਿਨ ਦੀ ਖ਼ੁਸ਼-ਮਿਜ਼ਾਜੀ ਦੇਖ ਕੇ ਕਲੀਸਿਯਾ ਵਿਚ ਸਾਰੇ ਜਣੇ ਉਸ ਨੂੰ ਬਹੁਤ ਪਸੰਦ ਕਰਦੇ ਹਨ। ਇਕ ਭਰਾ ਕਹਿੰਦਾ ਹੈ: “ਉਸ ਨੂੰ ਪਤਾ ਹੈ ਕਿ ਕਲੀਸਿਯਾ ਵਿਚ ਕੀ ਹੋ ਰਿਹਾ ਹੈ। ਉਸ ਨੂੰ ਸਾਰਿਆਂ ਬੱਚਿਆਂ ਦੇ ਨਾਂ ਪਤਾ ਹਨ ਤੇ ਉਨ੍ਹਾਂ ਭੈਣ-ਭਰਾਵਾਂ ਦੇ ਵੀ ਨਾਂ ਪਤਾ ਹਨ ਜੋ ਹਾਲ ਹੀ ਵਿਚ ਕਲੀਸਿਯਾ ਵਿਚ ਆਏ ਹਨ।” ਏਲਿਨ ਆਪਣੀ ਮਹਿਮਾਨਨਿਵਾਜ਼ੀ ਤੇ ਮਜ਼ਾਕੀਆ ਸੁਭਾਅ ਲਈ ਵੀ ਮਸ਼ਹੂਰ ਹੈ। ਏਲਿਨ ਖ਼ੁਸ਼-ਦਿਲ ਔਰਤ ਹੈ ਜੋ ਦੂਸਰਿਆਂ ਦਾ ਹੌਸਲਾ ਵਧਾਉਂਦੀ ਹੈ।
ਏਲਿਨ ਕਿਹੜੀ ਗੱਲ ਕਰਕੇ ਇੰਨੀ ਖ਼ੁਸ਼ ਰਹਿੰਦੀ ਹੈ? ਉਹ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਨਾਮਕ ਕਿਤਾਬ ਵਿੱਚੋਂ ਰੋਜ਼ਾਨਾ ਇਕ ਹਵਾਲਾ ਪੜ੍ਹਦੀ ਹੈ। ਉਹ ਮੈਗਨੀਫਾਈਂਗ ਗਲਾਸ ਦੀ ਮਦਦ ਨਾਲ ਰੋਜ਼ ਬਾਈਬਲ ਦਾ ਇਕ ਅਧਿਆਇ ਪੜ੍ਹਦੀ ਹੈ। ਇਸ ਤੋਂ ਇਲਾਵਾ, ਏਲਿਨ ਯਹੋਵਾਹ ਦੇ ਗਵਾਹਾਂ ਦੀਆਂ ਹਫ਼ਤਾਵਾਰ ਮੀਟਿੰਗਾਂ ਲਈ ਤਿਆਰੀ ਵੀ ਕਰਦੀ ਹੈ। ਭਾਵੇਂ ਉਹ ਆਪ ਮੀਟਿੰਗਾਂ ਵਿਚ ਹਾਜ਼ਰ ਨਹੀਂ ਹੋ ਸਕਦੀ ਫਿਰ ਵੀ ਉਹ ਰਿਕਾਰਡ ਕੀਤੀਆਂ ਮੀਟਿੰਗਾਂ ਦੀ ਟੇਪ ਘਰ ਬੈਠ ਕੇ ਸੁਣਦੀ ਹੈ। ਸਾਡੀ ਉਮਰ ਚਾਹੇ ਜਿੰਨੀ ਮਰਜ਼ੀ ਹੋਵੇ, ਅਸੀਂ ਬਾਕਾਇਦਾ ਬਾਈਬਲ ਅਤੇ ਬਾਈਬਲ-ਆਧਾਰਿਤ ਸਾਹਿੱਤ ਪੜ੍ਹ ਕੇ ਅਤੇ ਮੀਟਿੰਗਾਂ ਵਿਚ ਹਾਜ਼ਰ ਹੋ ਕੇ ਮਕਸਦ-ਭਰੀ ਜ਼ਿੰਦਗੀ ਦਾ ਪੂਰਾ ਆਨੰਦ ਮਾਣ ਸਕਦੇ ਹਾਂ।—ਜ਼ਬੂਰਾਂ ਦੀ ਪੋਥੀ 1:2; ਇਬਰਾਨੀਆਂ 10:24, 25.