ਆਮੋਸ ਨਬੀ ਕੀ ਕੰਮ ਕਰਦਾ ਹੁੰਦਾ ਸੀ?
ਆਮੋਸ ਨਬੀ ਕੀ ਕੰਮ ਕਰਦਾ ਹੁੰਦਾ ਸੀ?
ਅੱਜ ਤੋਂ 2,800 ਕੁ ਸਾਲ ਪਹਿਲਾਂ ਵੱਛਿਆਂ ਦੀ ਪੂਜਾ ਕਰਨ ਵਾਲੇ ਜ਼ਾਲਮ ਅਮਸਯਾਹ ਜਾਜਕ ਨੇ ਆਮੋਸ ਨਬੀ ਨੂੰ ਹੁਕਮ ਦਿੱਤਾ ਸੀ ਕਿ ਉਹ ਇਸਰਾਏਲ ਵਿਚ ਭਵਿੱਖਬਾਣੀ ਕਰਨੀ ਬੰਦ ਕਰੇ। ਪਰ ਆਮੋਸ ਨੇ ਉਸ ਦਾ ਹੁਕਮ ਨਾ ਮੰਨਦਿਆਂ ਉੱਤਰ ਦਿੱਤਾ: “ਮੈਂ ਅਯਾਲੀ ਅਤੇ ਗੁੱਲਰਾਂ [ਅੰਜੀਰਾਂ] ਦਾ ਛਾਂਗਣ ਵਾਲਾ ਹਾਂ। ਅਤੇ ਯਹੋਵਾਹ ਨੇ ਮੈਨੂੰ ਇੱਜੜ ਦੇ ਪਿੱਛੇ ਜਾਂਦੇ ਨੂੰ ਲਿਆ ਅਤੇ ਯਹੋਵਾਹ ਨੇ ਮੈਨੂੰ ਆਖਿਆ, ਜਾਹ, ਮੇਰੀ ਪਰਜਾ ਇਸਰਾਏਲ ਕੋਲ ਅਗੰਮ ਵਾਚ!” (ਆਮੋਸ 7:14, 15) ਆਮੋਸ ਆਪੇ ਹੀ ਨਬੀ ਨਹੀਂ ਸੀ ਬਣਿਆ, ਸਗੋਂ ਯਹੋਵਾਹ ਨੇ ਉਸ ਨੂੰ ਨਬੀ ਬਣਾਇਆ ਸੀ। ਲੇਕਿਨ ਆਮੋਸ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ਉਹ ਗੁੱਲਰਾਂ ਦਾ “ਛਾਂਗਣ” ਵਾਲਾ ਸੀ?
“ਛਾਂਗਣ” ਲਈ ਇਬਰਾਨੀ ਸ਼ਬਦ ਦਾ ਅਨੁਵਾਦ ਹੋਰਨਾਂ ਬਾਈਬਲਾਂ ਵਿਚ ਇਸ ਤਰ੍ਹਾਂ ਕੀਤਾ ਗਿਆ ਹੈ, ‘ਰਾਖੀ ਕਰਨ ਵਾਲਾ’ ਅਤੇ “ਇਕੱਠਾ ਕਰਨ ਵਾਲਾ।” ਲੇਕਿਨ ਪੇੜ-ਪੌਦਿਆਂ ਦੀ ਇਕ ਕਿਤਾਬ ਦੇ ਮੁਤਾਬਕ ਇਸ ਸ਼ਬਦ ਦਾ ਸਹੀ ਤਰਜਮਾ “ਚੀਰੇ ਦੇਣ ਵਾਲਾ” ਹੋਣਾ ਚਾਹੀਦਾ ਹੈ ਕਿਉਂਕਿ ਮੱਧ ਪੂਰਬੀ ਦੇਸ਼ਾਂ ਵਿਚ ਅੰਜੀਰਾਂ ਦੀ ਕਾਸ਼ਤ ਕਰਨ ਵਾਲੇ ਲੋਕ ਅੰਜੀਰਾਂ ਦੇ ਫਲਾਂ ਨੂੰ ਚੀਰੇ ਦਿੰਦੇ ਹੁੰਦੇ ਸਨ। ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਇਸ ਸ਼ਬਦ ਦਾ ਸਹੀ ਤਰਜਮਾ ਕੀਤਾ ਗਿਆ ਹੈ।
ਪੁਰਾਣੇ ਜ਼ਮਾਨੇ ਵਿਚ ਮਿਸਰ ਤੇ ਸਾਈਪ੍ਰਸ ਵਿਚ ਕਿਸਾਨ ਅੰਜੀਰਾਂ ਨੂੰ ਚੀਰੇ ਦਿੰਦੇ ਹੁੰਦੇ ਸਨ। ਅੱਜ ਇਸਰਾਏਲ ਵਿਚ ਹੋਰਨਾਂ ਕਿਸਮਾਂ ਦੀਆਂ ਅੰਜੀਰਾਂ ਦੀ ਕਾਸ਼ਤ ਹੋਣ ਕਰਕੇ ਚੀਰੇ ਦੇਣ ਦਾ ਕੰਮ ਨਹੀਂ ਕੀਤਾ ਜਾਂਦਾ। ਪਰ, ਆਮੋਸ ਦੇ ਜ਼ਮਾਨੇ ਵਿਚ ਇਸਰਾਏਲ ਵਿਚ ਮਿਸਰੀ ਅੰਜੀਰਾਂ ਦੀਆਂ ਵੱਖ-ਵੱਖ ਕਿਸਮਾਂ ਦੀ ਪੈਦਾਵਾਰ ਹੁੰਦੀ ਸੀ। ਇਸ ਲਈ ਇਸਰਾਏਲੀ ਇਹ ਕੰਮ ਕਰਿਆ ਕਰਦੇ ਸਨ।
ਚੀਰੇ ਦੇਣ ਕਰਕੇ ਅੰਜੀਰ ਦਾ ਫਲ ਪਾਣੀ ਚੂਸ ਲੈਂਦਾ ਹੈ ਤੇ ਰਸਦਾਰ ਬਣ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਵਿਚ ਐਥਲੀਨ ਗੈਸ ਦੀ ਮਾਤਰਾ ਵੀ ਵਧ ਜਾਂਦੀ ਹੈ ਜਿਸ ਕਰਕੇ ਇਹ ਜਲਦੀ ਪਕਣ ਦੇ ਨਾਲ-ਨਾਲ ਵੱਡਾ ਤੇ ਮਿੱਠਾ ਹੋ ਜਾਂਦਾ ਹੈ। ਨਾਲੇ ਕੀੜੇ-ਮਕੌੜੇ ਵੀ ਫਲ ਨੂੰ ਖ਼ਰਾਬ ਨਹੀਂ ਕਰਦੇ ਕਿਉਂਕਿ ਇਹ ਜਲਦੀ ਪੱਕ ਜਾਂਦਾ ਹੈ।
ਅਯਾਲੀ ਤੇ ਅੰਜੀਰਾਂ ਨੂੰ ਚੀਰੇ ਦੇਣ ਵਾਲਾ ਹੋਣ ਦੇ ਬਾਵਜੂਦ ਆਮੋਸ ਆਪਣੇ ਦੁਸ਼ਮਣਾਂ ਤੋਂ ਡਰਿਆ ਨਹੀਂ ਸੀ, ਸਗੋਂ ਉਸ ਨੇ ਬਹਾਦਰੀ ਨਾਲ ਯਹੋਵਾਹ ਦੇ ਨਿਆਂ ਦਾ ਸੰਦੇਸ਼ ਇਸਰਾਏਲ ਨੂੰ ਸੁਣਾਇਆ। ਅੱਜ ਲੋਕ ਪਰਮੇਸ਼ੁਰ ਦੇ ਭਗਤਾਂ ਦੇ ਸੰਦੇਸ਼ ਨੂੰ ਪਸੰਦ ਨਹੀਂ ਕਰਦੇ ਹਨ। ਇਸ ਲਈ ਪਰਮੇਸ਼ੁਰ ਦੇ ਭਗਤਾਂ ਲਈ ਆਮੋਸ ਦਲੇਰੀ ਦੀ ਕਿੰਨੀ ਵਧੀਆ ਮਿਸਾਲ ਹੈ!—ਮੱਤੀ 5:11, 12; 10:22.