ਕੀ ਮੈਂ ਸਿਰਫ਼ ਦੂਸਰਿਆਂ ਤੋਂ ਸੱਚ ਬੋਲਣ ਦੀ ਉਮੀਦ ਰੱਖਦਾ ਹਾਂ?
ਕੀ ਮੈਂ ਸਿਰਫ਼ ਦੂਸਰਿਆਂ ਤੋਂ ਸੱਚ ਬੋਲਣ ਦੀ ਉਮੀਦ ਰੱਖਦਾ ਹਾਂ?
“ਮੈਨੂੰ ਝੂਠ ਤੋਂ ਸਖ਼ਤ ਨਫ਼ਰਤ ਹੈ।” ਸ਼ਾਇਦ ਤੁਸੀਂ ਵੀ ਇਸ 16 ਸਾਲਾਂ ਦੀ ਲੜਕੀ ਵਾਂਗ ਮਹਿਸੂਸ ਕਰਦੇ ਹੋ। ਅਸੀਂ ਸਾਰੇ ਇਹੋ ਉਮੀਦ ਰੱਖਦੇ ਹਾਂ ਕਿ ਜਦ ਸਾਨੂੰ ਕੋਈ ਗੱਲ ਦੱਸੀ ਜਾਂਦੀ ਹੈ ਜਾਂ ਸਾਨੂੰ ਪੜ੍ਹਨ ਲਈ ਕੁਝ ਦਿੱਤਾ ਜਾਂਦਾ ਹੈ, ਤਾਂ ਇਹ ਸੱਚ ਹੋਵੇ। ਪਰ ਕੀ ਅਸੀਂ ਦੂਸਰਿਆਂ ਨੂੰ ਕੋਈ ਗੱਲ ਦੱਸਦੇ ਸਮੇਂ ਸੱਚ ਬੋਲਦੇ ਹਾਂ?
ਜਰਮਨੀ ਵਿਚ ਝੂਠ ਬੋਲਣ ਬਾਰੇ ਇਕ ਸਰਵੇਖਣ ਕੀਤਾ ਗਿਆ। ਇਸ ਵਿਚ ਕਈਆਂ ਲੋਕਾਂ ਨੇ ਕਿਹਾ ਕਿ “ਛੋਟੀਆਂ-ਮੋਟੀਆਂ ਗੱਲਾਂ ਵਿਚ ਝੂਠ ਬੋਲਣਾ ਗ਼ਲਤ ਨਹੀਂ ਹੈ। ਆਪਣੇ ਆਪ ਨੂੰ ਜਾਂ ਦੂਸਰਿਆਂ ਨੂੰ ਨੁਕਸਾਨ ਤੋਂ ਬਚਾਉਣ ਲਈ ਕਈ ਵਾਰ ਇਸ ਤਰ੍ਹਾਂ ਕਰਨਾ ਹੀ ਪੈਂਦਾ ਹੈ। ਝੂਠ ਬੋਲਣਾ ਇਸ ਲਈ ਵੀ ਜ਼ਰੂਰੀ ਹੈ ਤਾਂਕਿ ਲੋਕਾਂ ਦੀ ਆਪਸ ਵਿਚ ਬਣੀ ਰਹੇ।” ਇਕ ਪੱਤਰਕਾਰ ਨੇ ਲਿਖਿਆ: “ਜੇ ਲੋਕ ਹਮੇਸ਼ਾ ਸੱਚ ਹੀ ਬੋਲਣ ਤਾਂ ਬਹੁਤ ਹੀ ਵਧੀਆ ਗੱਲ ਹੋਵੇਗੀ, ਪਰ ਮਿਰਚ-ਮਸਾਲਾ ਲਾ ਕੇ ਗੱਲ ਕਰਨ ਦਾ ਮਜ਼ਾ ਹੀ ਕੁਝ ਹੋਰ ਹੈ।”
ਕੀ ਇੱਦਾਂ ਹੋ ਸਕਦਾ ਹੈ ਕਿ ਅਸੀਂ ਦੂਸਰਿਆਂ ਤੋਂ ਹਮੇਸ਼ਾ ਸੱਚ ਬੋਲਣ ਦੀ ਉਮੀਦ ਰੱਖਦੇ ਹਾਂ, ਪਰ ਆਪ ਸੋਚਦੇ ਹਾਂ ਕਿ ਅਸੀਂ ਕਿਸੇ ਚੰਗੇ ਕਾਰਨ ਕਰਕੇ ਝੂਠ ਬੋਲ ਸਕਦੇ ਹਾਂ? ਕੀ ਸਾਡੇ ਸੱਚ ਬੋਲਣ ਜਾਂ ਨਾ ਬੋਲਣ ਨਾਲ ਕੋਈ ਫ਼ਰਕ ਪੈਂਦਾ ਹੈ? ਝੂਠ ਬੋਲਣ ਦੇ ਕੀ ਨਤੀਜੇ ਨਿਕਲਦੇ ਹਨ?
ਝੂਠ ਬੋਲਣ ਦਾ ਨੁਕਸਾਨ
ਜ਼ਰਾ ਸੋਚੋ ਕਿ ਝੂਠ ਬੋਲਣ ਕਾਰਨ ਕਿੰਨਾ ਨੁਕਸਾਨ ਹੋ ਸਕਦਾ ਹੈ। ਝੂਠ ਬੋਲਣ ਨਾਲ ਪਤੀ-ਪਤਨੀ ਜਾਂ ਪਰਿਵਾਰ ਦੇ ਮੈਂਬਰਾਂ ਦਾ ਇਕ-ਦੂਜੇ ਤੋਂ ਭਰੋਸਾ ਉੱਠ ਜਾਂਦਾ ਹੈ। ਚੁਗ਼ਲੀ ਕਰ ਕੇ ਅਸੀਂ ਚੰਗੇ-ਭਲੇ ਇਨਸਾਨ ਨੂੰ ਬਦਨਾਮ ਕਰ ਸਕਦੇ ਹਾਂ। ਕਾਮਿਆਂ ਦੀ ਬੇਈਮਾਨੀ ਕਾਰਨ ਬਿਜ਼ਨਿਸ ਵਿਚ ਜ਼ਿਆਦਾ ਪੈਸਾ ਲਾਉਣਾ ਪੈਂਦਾ ਹੈ ਅਤੇ ਚੀਜ਼ਾਂ ਮਹਿੰਗੇ ਭਾਅ ਤੇ ਵੇਚੀਆਂ ਜਾਂਦੀ ਹਨ। ਟੈਕਸ ਫਾਰਮਾਂ ਵਿਚ ਗ਼ਲਤ ਜਾਣਕਾਰੀ ਭਰ ਕੇ ਲੋਕ ਸਰਕਾਰ ਨੂੰ ਧੋਖਾ ਦਿੰਦੇ ਹਨ ਜਿਸ ਦੇ ਨਤੀਜੇ ਵਜੋਂ ਜਨਤਾ ਲਈ ਆਮ ਸਹੂਲਤਾਂ ਮੁਹੱਈਆ ਕਰਾਉਣ ਲਈ ਪੈਸਾ ਨਹੀਂ ਬਚਦਾ। ਜਦ ਖੋਜਕਾਰ ਜਾਣਕਾਰੀ ਵਿਚ ਆਪਣੇ ਕੋਲੋਂ ਗੱਲਾਂ ਜੋੜ ਕੇ ਦੱਸਦੇ ਹਨ, ਤਾਂ ਉਨ੍ਹਾਂ ਦਾ ਆਪਣਾ ਕੈਰੀਅਰ ਤਾਂ ਜਾਂਦਾ ਲੱਗਦਾ ਹੀ ਹੈ, ਪਰ ਉਹ ਜਿਨ੍ਹਾਂ ਸੰਸਥਾਵਾਂ ਲਈ ਕੰਮ ਕਰਦੇ ਹਨ, ਉਨ੍ਹਾਂ ਦਾ ਨਾਂ ਵੀ ਬਦਨਾਮ ਕਰਦੇ ਹਨ। ਝੱਟ ਅਮੀਰ ਬਣਨ ਦੀਆਂ ਬੇਈਮਾਨੀ ਭਰੀਆਂ ਸਕੀਮਾਂ ਦੀ ਆੜ ਵਿਚ ਭੋਲੇ-ਭਾਲੇ ਲੋਕਾਂ ਦੀ ਜ਼ਿੰਦਗੀ ਭਰ ਦੀ ਪੂੰਜੀ ਲੁੱਟ ਲਈ ਜਾਂਦੀ ਹੈ। ਤਾਂ ਫਿਰ, ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਨੂੰ “ਝੂਠੀ ਜੀਭ” ਅਤੇ “ਝੂਠਾ ਗਵਾਹ ਜਿਹੜਾ ਝੂਠ ਮਾਰਦਾ ਹੈ” ਘਿਣਾਉਣੇ ਕਿਉਂ ਲੱਗਦੇ ਹਨ।—ਕਹਾਉਤਾਂ 6:16-19.
ਇਸ ਗੱਲ ਨਾਲ ਤੁਸੀਂ ਜ਼ਰੂਰ ਸਹਿਮਤ ਹੋਵੋਗੇ ਕਿ ਝੂਠ ਬੋਲਣ ਵਾਲਾ ਸਿਰਫ਼ ਇਕ-ਦੋ ਬੰਦਿਆਂ ਦਾ ਨੁਕਸਾਨ ਨਹੀਂ ਕਰਦਾ, ਸਗੋਂ ਉਹ ਪੂਰੇ ਸਮਾਜ ਦਾ ਨੁਕਸਾਨ ਕਰਦਾ ਹੈ। ਤਾਂ ਫਿਰ ਲੋਕ ਜਾਣ-ਬੁੱਝ ਕੇ ਝੂਠ ਕਿਉਂ ਬੋਲਦੇ ਹਨ? ਜੇ ਅਸੀਂ ਅਣਜਾਣੇ ਵਿਚ ਕਿਸੇ ਨੂੰ ਗ਼ਲਤ ਜਾਣਕਾਰੀ ਦੇ ਦੇਈਏ, ਤਾਂ ਕੀ ਇਹ ਝੂਠ ਹੈ? ਅਗਲੇ ਲੇਖ ਵਿਚ ਇਨ੍ਹਾਂ ਅਤੇ ਹੋਰਨਾਂ ਸਵਾਲਾਂ ਦੇ ਵੀ ਜਵਾਬ ਦਿੱਤੇ ਜਾਣਗੇ।
[ਸਫ਼ਾ 3 ਉੱਤੇ ਤਸਵੀਰ]
ਝੂਠ ਬੋਲਣ ਨਾਲ ਪਤੀ-ਪਤਨੀ ਦਾ ਇਕ-ਦੂਜੇ ਤੋਂ ਭਰੋਸਾ ਉੱਠ ਜਾਂਦਾ ਹੈ